ਗੁਰਦੁਆਰਾ ਪੰਜਾ ਸਾਹਿਬ
ਡਾ. ਕਿਰਪਾਲ ਸਿੰਘ ਜੀ 'ਜਨਮ ਸਾਖੀ ਪ੍ਰੰਪਰਾ' ਪੁਸਤਕ
ਵਿਚ ਲਿਖਦੇ ਹਨ ਕਿ ਸਿੱਖ ਇਤਿਹਾਸ ਦੀ ਵਿਅਖਿਆ ਦੋ ਤਰ੍ਹਾਂ ਨਾਲ ਹੋਈ ਹੈ। ਇਕ ਬ੍ਰਹਮਣੀ ਕਰਮ-ਕਾਂਡ
ਤੇ ਦੂਜਾ ਮੁਸਲਮਾਨੀ ਕਰਾਮਾਤੀ ਕਥਾ ਕਹਾਣੀਆਂ ਅਨੁਸਾਰ ਕੀਤੀ ਗਈ ਹੈ। ਗੁਰੂਆਂ ਦੇ ਜੀਵਨ ਨੂੰ ਸਮਝਣ
ਲਈ ਸਾਨੂੰ ਗੁਰਬਾਣੀ ਸਿਧਾਂਤ ਸਾਹਮਣੇ ਰੱਖਣਾ ਪਏਗਾ ਤਾਂ ਹੀ ਅਸੀਂ ਗੁਰੂਆਂ ਦੇ ਇਤਿਹਾਸ ਨਾਲ ਇਨਸਾਫ਼
ਕਰ ਸਕਦੇ ਹਾਂ। ਦੂਸਰਾ ਜਿੰਨਾਂ ਨੇ ਪਹਿਲਾਂ ਸਿੱਖ ਇਤਿਹਾਸ ਲਿਖਿਆ ਹੈ ਉਹ ਜ਼ਿਆਦਾ ਬ੍ਰਹਾਮਣੀ
ਪਿਉਂਦੇ ਵਾਲੇ ਜਾਂ ਬਾਹਰੋਂ ਆਏ ਹੀ ਲੇਖਕ ਸਨ। ਏਹੀ ਕਾਰਨ ਹੈ ਕਿ ਬਹੁਤੀ ਥਾਂਈਂ ਇਤਿਹਾਸ ਵਿਚ ਗੁਰੂ
ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੂੰ ਬ੍ਰਹਾਮਣੀ ਗਲੇਫ਼ ਚੜ੍ਹਿਆ ਹੋਇਆ ਮਿਲਦਾ ਹੈ। ਗੁਰੂ ਨਾਨਕ
ਸਾਹਿਬ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਗੈਰ ਕੁਦਰਤੀ ਸਾਖੀਆਂ ਜੋੜੀਆਂ ਹੋਈਆਂ ਹਨ। ਇਹਨਾਂ
ਸਾਰੀਆਂ ਸਾਖੀਆਂ ਵਿਚਲੇ ਸਿਧਾਂਤ ਨੂੰ ਸਮਝਣ ਦੀ ਜ਼ਰੂਰਤ ਹੈ।
ਵਿਦਿਆ ਦੀ ਘਾਟ ਕਰਕੇ ਪਹਿਲਾਂ ਉਸ ਮਨੁੱਖ ਨੂੰ ਮਹਾਨ
ਗਿਣਿਆ ਜਾਂਦਾ ਸੀ ਜਿਹੜਾ ਕੋਈ ਕਰਾਮਾਤ ਕਰਕੇ ਦਿਖਾਉਂਦਾ ਸੀ। ਅਸਲ ਵਿਚ ਕਰਾਮਾਤ ਦੇਖੀ ਕਿਸੇ ਨਹੀਂ
ਹੈ ਕੇਵਲ ਸੁਣੀ ਸੁਣਾਈਆਂ ਗੱਲਾਂ ਨੂੰ ਮੰਨਿਆ ਗਿਆ ਹੈ। ਭਾਵ ਜਾਦੂਗਰ ਵਰਗੀਆਂ ਘਟਨਾਵਾਂ ਨੂੰ ਲੋਕ
ਕਰਾਮਾਤ ਸਮਝਦੇ ਸਨ। ਆਮ ਲੋਕ ਮਦਾਰੀਪੁਣੇ ਵਿਚ ਯਕੀਨ ਰੱਖਦੇ ਸਨ। ਅੱਜ ਵੀ ਅਜੇਹੀ ਬਿਮਾਰੀ ਦੇਖਣ
ਸੁਣਨ ਨੂੰ ਮਿਲ ਜਾਂਦੀ ਹੈ। ਜਿਹੜੀਆਂ ਜਿਹੜੀਆਂ ਕਰਾਮਾਤਾਂ ਅਸੀਂ ਦੂਸਰੇ ਧਰਮਾਂ ਦੇ ਰਹਿਬਰਾਂ ਨਾਲ
ਜੁੜੀਆਂ ਹੋਈਆਂ ਸੁਣਦੇ ਸੀ ਉਹ ਸਾਰੀਆਂ ਕਰਾਮਾਤਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਜੋੜ ਲਈਆਂ।
ਅਸੀਂ ਵੀ ਇਹੀ ਸਾਬਤ ਕਰਨਾ ਚਹੁੰਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਘੱਟ ਕਰਾਮਾਤੀ ਨਹੀਂ ਹਨ।
ਪੰਜਾ ਸਾਹਿਬ ਦੀ ਸਾਖੀ ਵੀ ਏਸੇ ਸੰਦਰਭ ਵਿਚ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥ
ਨਾਲ ਪਹਾੜ ਰੋਕ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਦੀ ਕਰਾਮਾਤ ਨਾਲ ਧਰਤੀ ਨੂੰ ਸੋਧਣ ਚੜ੍ਹੇ
ਸਨ। ਜੇ ਸਰੀਰਕ ਤਲ਼ 'ਤੇ ਕੋਈ ਕਰਾਮਾਤ ਵਰਤਣੀ ਹੁੰਦੀ ਤਾਂ ਗੁਰੂ ਸਾਹਿਬ ਜੀ ਨੇ ਘਰੇ ਬੈਠ ਕੇ ਹੀ
ਸਾਰਿਆਂ ਦਾ ਸੁਧਾਰ ਕਰ ਦੇਣਾ ਸੀ।
ਜ਼ਿਲ੍ਹਾ ਅਟਕ ਦਾ ਇਕ ਨਗਰ ਜਿਸ ਦਾ ਨਾਂ ਹਸਨ ਅਬਦਾਲ ਹੈ,
ਏੱਥੇ ਹੀ ਗੁਰਦੁਆਰਾ ਪੰਜਾ ਸਾਹਿਬ ਹੈ। ਡਾ, ਹਰਜਿੰਦਰ ਸਿੰਘ ਜੀ ਦਿਲਗੀਰ ਦੇ ਕਥਨ ਅਨੁਸਾਰ ਹਸਨ
ਅਬਦਾਲ ਕਿਸੇ ਸਮੇਂ ਬੋਧੀਆਂ ਦਾ ਮਸ਼ਹੂਰ ਪ੍ਰਚਾਰ ਕੇਂਦਰ ਹੋਇਆ ਕਰਦਾ ਸੀ। ਅੱਜ ਵੀ ਉਸ ਇਲਾਕੇ ਵਿਚ
ਬੋਧੀਆਂ ਦੇ ਸਤੂਪਾਂ ਦੇ ਖੰਡਰ ਨਜ਼ਰ ਆਉਂਦੇ ਹਨ। ਹਸਨ ਇਕ ਗੁੱਜਰ ਜਾਤੀ ਨਾਲ ਸਬੰਧ ਰੱਖਦਾ ਸੀ। ਮਹਾਨ
ਕੋਸ਼ ਵਿਚ ਲਿਖਿਆ ਹੈ ਕਿ ਮੁਸਲਮਾਨ ਫ਼ਕੀਰਾਂ ਦੇ ਗੌਸ਼, ਕੁਤਬ, ਵਲੀ, ਅਬਦਾਲ ਤੇ ਕਲੰਦਰ ਪੰਜ ਦਰਜੇ
ਮੰਨੇ ਗਏ ਹਨ। ਆਤਮ ਵਿਦਿਆ ਦੁਆਰ ਸੰਕਲਪਾਂ ਵਿਕਲਪਾਂ ਨੂੰ ਮਾਰਨ ਵਾਲਾ ਅਬਦਾਲ ਅਖਵਾਉਂਦਾ ਹੈ। ਇਸ
ਨਗਰ ਦਾ ਨਾਂ ਹਸਨ ਤੋਂ ਹਸਨ ਅਬਦਾਲ ਹੀ ਪ੍ਰਸਿੱਧ ਹੋ ਹਿਆ। ਦਿਲਗੀਰ ਜੀ ਦੇ ਕਥਨ ਅਨੁਸਾਰ ਜਦੋਂ
ਗੁਰੂ ਨਾਨਕ ਸਾਹਿਬ ਜੀ ਏੱਥੇ ਆਏ ਸਨ ਤਾਂ ਹਸਨ ਓਦੋਂ ਜਿਉਂਦਾ ਸੀ। ਇਹ ਨਗਰ ਇਕ ਪਹਾੜੀ ਦੇ ਪੈਰਾਂ
ਵਿਚ ਵੱਸਿਆ ਹੋਇਆ ਹੈ। ਇਸ ਪਹਾੜੀ ਦੀ ਟੀਸੀ 'ਤੇ ਵਲੀ ਕੰਧਾਰੀ ਨਾਂ ਦਾ ਇਕ ਫ਼ਕੀਰ ਰਹਿੰਦਾ ਹੈ ਜੋ
ਬਹੁਤ ਹੰਕਾਰੀ ਸੀ। ਜ਼ਮੀਨੀ ਤਲ਼ ਤੋਂ ਕੋਈ ਢਾਈ ਕੁ ਕਿਲੋਮੀਟਰ ਦੇ ਫਾਸਲੇ ਤੇ ਇਹ ਥਾਂ ਪੈਂਦੀ ਹੈ।
ਹਸਨ ਅਬਦਾਲ ਵਿਖੇ ਹਸਨ ਨੇ ਇਕ ਸਰਾਂ ਬਣਾਈ ਹੋਈ ਸੀ।
ਯਾਤਰੂ ਇਸ ਵਿਚ ਹੀ ਠਹਿਰਦੇ ਸਨ। ਹੁਣ ਤੱਕ ਦੀਆਂ ਜਿਹੜੀਆਂ ਸਾਖੀਆਂ ਸੁਣਦੇ ਆਏ ਹਾਂ ਉਸ ਅਨੁਸਾਰ
ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਜਦੋਂ ਹਸਨ ਅਬਦਾਲ ਆਏ ਤਾਂ ਏਸੇ ਸਰਾਂ ਵਿਚ ਹੀ ਠਹਿਰੇ
ਸਨ। ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਗਿਆਂ ਕਿ ਇਸ ਪਿੰਡ ਦੀ ਪਹਾੜੀ 'ਤੇ ਵਲੀ ਕੰਧਾਰੀ ਨਾਂ ਦਾ
ਫਕੀਰ ਰਹਿੰਦਾ ਹੈ। ਪਾਣੀ ਉੱਤੇ ਆਪਣੀ ਮਾਲਕੀ ਰੱਖਦਾ ਹੈ। ਪਿੰਡ ਵਾਲਿਆਂ ਨੂੰ ਉਹ ਖੰਘਣ ਵੀ ਨਹੀਂ
ਦੇਂਦਾ ਹੈ। ਨਗਰ ਨਿਵਾਸੀਆਂਆਂ ਨੇ ਦੱਸਿਆ ਕਿ ਸਾਨੂੰ ਪਾਣੀ ਦੇਣ ਤੋਂ ਬਹੁਤ ਤੰਗ ਕਰਦਾ ਹੈ, ਇਸ ਲਈ
ਸਾਨੂੰ ਪਾਣੀ ਦੀ ਬਹੁਤ ਦਿੱਕਤ ਰਹਿੰਦੀ ਹੈ। ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤਾਂ ਗੁਰੂ ਸਾਹਿਬ
ਜੀ ਕਹਿਣ ਲੱਗੇ ਕਿ ''ਮਰਦਾਨਿਆਂ ਜਾ ਵਲੀ ਕੰਧਾਰੀ ਕੋਲੋਂ ਪਾਣੀ ਪੀ ਆ''। ਕੰਧਾਰੀ ਨੂੰ ਪਤਾ ਲੱਗਾ
ਕਿ ਮਰਦਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਆਏ ਹਨ ਤਾਂ ਵਲੀ ਕੰਧਾਰੀ ਬਹੁਤ ਕ੍ਰੋਧ ਵਿਚ ਆਇਆ ਤੇ
ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਸਾਖੀ ਨੂੰ ਭਾਵਕ ਬਣਾਉਂਦਿਆਂ ਫਿਰ ਲਿਖਿਆ ਮਿਲਦਾ ਹੈ ਕਿ ਭਾਈ
ਮਰਦਾਨੇ ਨੂੰ ਦੂਜੀ ਵਾਰੀ ਫਿਰ ਗੁਰੂ ਸਾਹਿਬ ਜੀ ਨੇ ਭੇਜਿਆ। ਵਲੀ ਕੰਧਾਰੀ ਨੇ ਪਾਣੀ ਦੇਣ ਤੋਂ ਫਿਰ
ਸਾਫ਼ ਇਨਕਾਰ ਕਰ ਦਿੱਤਾ ਤੇ ਭਾਈ ਮਰਦਾਨਾ ਬਿਨਾ ਪਾਣੀ ਪੀਤਿਆਂ ਵਾਪਸ ਆ ਗਿਆ। ਗੁਰੂ ਸਾਹਿਬ ਜੀ ਨੂੰ
ਭਾਈ ਮਰਦਾਨਾ ਜੀ ਨੇ ਇਹ ਸਾਰੀ ਵਿਥਿਆ ਸੁਣਾਈ। ਸਾਰੀ ਗੱਲਬਾਤ ਸੁਣ ਕੇ ਗੁਰੂ ਸਾਹਿਬ ਜੀ ਨੇ ਮਰਦਾਨੇ
ਨੂੰ ਕਿਹਾ ਕਿ ਮਰਦਾਨਿਆਂ ਇਸ ਥਾਂ ਤੋਂ ਇਕ ਪੱਥਰ ਪੁੱਟ ਪਾਣੀ ਆਪਣੇ ਆਪ ਨਿਕਲ ਆਏਗਾ। ਮਰਦਾਨੇ ਨੇ
ਹੁਕਮ ਮੰਨ ਕੇ ਪੱਥਰ ਪੁੱਟਿਆ ਤਾਂ ਠੰਡੇ ਪਾਣੀ ਦਾ ਚਸ਼ਮਾ ਫੁੱਟ ਪਿਆ। ਲੋਕ ਧੰਨ ਨਿੰਰਕਾਰ ਕਹਿੰਦੇ
ਹੋਏ ਜਲ ਛੱਕ ਰਹੇ ਸਨ। ਸਾਰਾ ਨਗਰ ਇਕੱਠਾ ਹੋਇਆ ਸੀ ਤੇ ਲੋਕ ਬਹੁਤ ਖੁਸ਼ ਸਨ। ਕਹਿੰਦੇ ਨੇ ਵਲੀ
ਕੰਧਾਰੀ ਦੇ ਚਸ਼ਮੇ ਦਾ ਸਾਰਾ ਪਾਣੀ ਥੱਲੇ ਵਲ ਨੂੰ ਖਿੱਚਿਆ ਗਿਆ। ਪਾਣੀ ਵਾਲਾ ਚਸ਼ਮਾ ਸੁੱਕਾ ਤੇ ਏੰਨਾ
ਇਕੱਠ ਦੇਖ ਕੇ ਵਲੀ ਕੋਲੋਂ ਬਰਦਾਸ਼ਤ ਨਾ ਹੋ ਸਕਿਆ ਤੇ ਉਹ ਬਹੁਤ ਕ੍ਰੋਧ ਵਿਚ ਆ ਗਿਆ। ਉਸ ਨੇ ਕ੍ਰੋਧ
ਵਿਚ ਆ ਕੇ ਪਹਾੜੀ ਤੋਂ ਇਕ ਭਾਰਾ ਜੇਹਾ ਪੱਥਰ ਜ਼ਮੀਨ ਵਲ ਪੂਰੇ ਜ਼ੋਰ ਨਾਲ ਰੇੜ ਦਿੱਤਾ। ਪੱਥਰ ਰਿੜਦਾ
ਰਿੜਦਾ ਥੱਲੇ ਨੂੰ ਆ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਪੰਜਾ ਲਗਾ ਕਿ ਇਸ ਪੱਥਰ ਨੂੰ
ਰੋਕ ਲਿਆ। ਦੰਦ ਕਥਾ ਹੈ ਕਿ ਇਹ ਪੰਜਾ ਓਦੋਂ ਦਾ ਹੀ ਲੱਗਿਆ ਹੋਇਆ ਹੈ। ਆਮ ਸਾਡਾ ਭਾਈਚਾਰਾ ਇਸ ਗੱਲ
ਨੂੰ ਮੰਨ ਕੇ ਚਲਦਾ ਹੈ ਇਹ ਪੰਜੇ ਦਾ ਨਿਸ਼ਾਨ ਪੱਥਰ ਵਿਚ ਪੰਜਾ ਖੁੱਭਣ ਕਰਕੇ ਹੀ ਲੱਗਿਆ ਹੋਇਆ ਹੈ।
ਫਿਰ ਇਹ ਵੀ ਧਾਰਨਾ ਬਣਾਈ ਹੋਈ ਹੈ ਕਿ ਇਸ ਪੰਜੇ ਵਾਲੇ ਨਿਸ਼ਾਨ 'ਤੇ ਜਿਹੜਾ ਹੀ ਪੰਜਾ ਲਗਾਏਗਾ ਓਸੇ
ਦਾ ਹੀ ਪੰਜਾ ਫਿੱਟ ਹੋ ਜਾਂਦਾ ਹੈ। ਇਹ ਵੀ ਕਿਹਾ ਸੁਣਿਆਂ ਹੈ ਗਿਆ ਹੈ ਕਿ ਪੱਥਰ 'ਤੇ ਪੰਜਾ ਲਗਾ ਕੇ
ਜੋ ਮੰਗੋਗੇ ਉਹ ਮਿਲ ਜਾਂਦਾ ਹੈ। ਏਦਾਂ ਦੀਆਂ ਕਈ ਗੈਰ ਕੁਦਰਤੀ ਕਾਲਪਨਿਕ ਗੱਲਾਂ ਜੋੜੀਆਂ ਹੋਈਆਂ
ਹਨ।
ਅਸਲ ਸਾਖੀ ਵਲ ਨੂੰ ਮੁੜਦੇ ਹਾਂ, ਤਾਂ ਪ੍ਰਤੀਤ ਹੁੰਦਾ ਹੈ
ਕਿ ਗੁਰੂ ਸਾਹਿਬ ਜੀ ਨੇ ਵਿਚਾਰਾਂ ਕਰਕੇ ਵਲੀ ਕੰਧਾਰੀ ਕੋਲੋਂ ਪਾਣੀ ਦੇ ਮਸਲਾ ਦਾ ਹੱਲ ਕਰਾਇਆ,
ਲੋਕਾਂ ਦੀਆਂ ਲੋੜਾਂ ਸਮਝਾਈਆਂ ਤੇ ਉਸ ਨੂੰ ਖ਼ਲਕਤ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਵਲੀ ਕੰਧਾਰੀ
ਹੰਕਾਰ ਦੀ ਟੀਸੀ ਤੋਂ ਥੱਲੇ ਉਤਰਿਆ, ਸਿੱਖੀ ਸਮਝੀ ਤੇ ਦੁਨੀਆਂ ਦੀ ਸੇਵਾ ਵਿਚ ਲੱਗ ਗਿਆ।
ਪੰਜੇ ਨਾਲ ਪਹਾੜ ਰੋਕਣ ਵਾਲੀ ਘਟਨਾ ਦਾ ਕਿਸੇ ਵੀ ਜਨਮ
ਸਾਖੀ ਵਿਚ ਜ਼ਿਕਰ ਨਹੀਂ ਆਉਂਦਾ। ਇਸ ਸਾਖੀ ਦੀ ਵਿਚਾਰ ਚਰਚਾ ਕਰੀਏ ਤਾਂ ਪਤਾ ਲਗਦਾ ਹੈ ਕਿ ਦੁਨੀਆਂ
ਦੀ ਸਭਿਅਤਾਵਾਂ ਦਾ ਵਿਕਾਸ ਪਾਣੀਆਂ ਦਿਆਂ ਕਿਨਾਰਿਆਂ ਤੇ ਹੋਇਆ ਹੈ। ਏਹੀ ਕਾਰਨ ਹੈ ਕਿ ਦੁਨੀਆਂ
ਦੀਆਂ ਜ਼ਿਆਦਾਤਰ ਪੁਰਾਣੀਆਂ ਸਭਿਅਤਾਵਾਂ ਦਰਿਆਵਾਂ ਦਿਆਂ ਕਿਨਾਰਿਆਂ ਤੇ ਮਿਲਦੀਆਂ ਹਨ। ਜਿਹੜੇ ਸ਼ਹਿਰ
ਮੈਦਾਨੀ ਇਲਾਕਿਆਂ ਵਿਚ ਵੱਸੇ ਹੋਏ ਹਨ ਓੱਥੇ ਪਹਿਲਾਂ ਪਾਣੀ ਦਾ ਪਹਿਲਾਂ ਪ੍ਰਬੰਧ ਕੀਤਾ ਗਿਆ ਹੈ ਤਾਂ
ਜਾ ਕੇ ਸ਼ਹਿਰਾਂ ਦਾ ਨਿਰਮਾਣ ਹੋਇਆ। ਜੇ ਮਹਾਤਮਾ ਬੁੱਧ ਦੇ ਪ੍ਰਚਾਰ ਨੂੰ ਦੇਖਦੇ ਹਾਂ ਤਾਂ ਏੱਥੇ
ਬੋਧੀ ਪਰਚਾਰਕ ਆਏ ਹਨ। ਕੁਦਰਤੀ ਗੱਲ ਹੈ ਕਿ ਏੱਥੇ ਆਮ ਵਸੋਂ ਹੋਏਗੀ ਤੇ ਉਹ ਪਾਣੀ ਦੁਆਰਾ ਆਪਣੀਆਂ
ਲੋੜਾਂ ਵੀ ਪੂਰੀਆਂ ਕਰਦੇ ਹੋਣਗੇ। ਇਹ ਤੇ ਹੋ ਨਹੀਂ ਸਕਦਾ ਕਿ ਪਾਣੀ ਤੋਂ ਬਿਨਾ ਲੋਕ ਰਹਿੰਦੇ
ਹੋਣਗੇ। ਦੂਸਰਾ ਪਾਣੀ ਦੇ ਕਬਜ਼ੇ ਦੀਆਂ ਆਮ ਗੱਲਾਂ ਹਨ। ਧਾਕੜ ਲੋਕ ਪਾਣੀਆਂ ਤੇ ਆਪਣਾ ਕਬਜ਼ਾ ਜਮਾ ਕੇ
ਰੱਖਦੇ ਹਨ। ਪੰਜਾਬ ਵਿਚ ਅੱਜ ਵੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਪੰਜਾਬ ਦਾ ਪਾਣੀ ਬਿਨਾ
ਮੁਆਮਲਾ (ਟੈਕਸ) ਦਿੱਤਿਆਂ ਅੱਜ ਵੀ ਰਾਜਿਸਤਾਨ ਤੇ ਹਰਿਆਣੇ ਨੂੰ ਬਿਨਾ ਰੋਕ ਟੋਕ ਦੇ ਜਾ ਰਿਹਾ ਹੈ।
ਸਿਆਣੇ ਕਹਿੰਦੇ ਹਨ ਤੀਜੇ ਸੰਸਾਰ ਯੁੱਧ ਦੀ ਸ਼ੁਰੂਆਤ
ਪਾਣੀਆਂ ਦੇ ਕਬਜ਼ੇ ਲਈ ਹੋਏਗੀ। ਪਹਾੜਾਂ ਵਿਚ ਵੀ ਨਗਰ ਓੱਥੇ ਹੀ ਵੱਸੇ ਹਨ ਜਿੱਥੇ ਪਾਣੀਆਂ ਦੇ ਚਸ਼ਮੇ
ਹਨ। ਇਸ ਪਹਾੜੀ ਦੇ ਪੈਰਾਂ ਥੱਲੇ ਜਿਹੜਾ ਚਸ਼ਮਾ ਚਲਦਾ ਹੋਏਗਾ ਵਲੀ ਕੰਧਾਰੀ ਨੇ ਇਸ ਕੁਦਰਤੀ ਸੋਮੇ
'ਤੇ ਆਪਣਾ ਕਬਜ਼ਾ ਕੀਤਾ ਹੋਵੇਗਾ ਜਾਂ ਉਸ ਦੀ ਪੱਕੀ ਮਾਲਕੀ ਹੋਵੇਗੀ। ਉਹ ਲੋਕਾਂ ਨੂੰ ਪਾਣੀ ਨਾ ਲੈਣ
ਦੇਂਦਾ ਹੋਵੇਗਾ। ਵਲੀ ਕੰਧਾਰੀ ਨੂੰ ਜਦੋਂ ਪਤਾ ਲੱਗਾ ਕਿ ਲੋਕਾਂ ਨੇ ਪਾਣੀ ਮਸਲਾ ਹੱਲ ਕਰ ਲਿਆ ਹੈ
ਤਾਂ ਕੁਦਰਤੀ ਗੱਲ ਹੈ ਕਿ ਵਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਹੋਏਗਾ। ਗੁੱਸੇ ਵਿਚ ਆ ਕੇ ਉਸ ਨੇ
ਪੱਥਰ ਰੇੜਿਆ ਤੇ ਉਸ ਪੱਥਰ ਨੂੰ ਗੁਰੂ ਸਾਹਿਬ ਜੀ ਨੇ ਸਹਿਜੇ ਹੀ ਰੋਕ ਲਿਆ। ਗੱਲ ਤੁਰੀ ਗੁਰੂ ਸਾਹਿਬ
ਜੀ ਨੇ ਪੰਜੇ ਨਾਲ ਪੱਥਰ ਰੋਕ ਲਿਆ ਤੇ ਇਸ ਪੱਥਰ ਵਿਚ ਗੁਰੂ ਸਾਹਿਬ ਜੀ ਦਾ ਪੰਜਾ ਲੱਗ ਗਿਆ ਹੈ।
ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ ਜ਼ਰਾ ਇਤਿਹਾਸ ਵਲ
ਦੇਖੀਏ ਤਾਂ ਗੁਰੂ ਸਾਹਿਬ ਜੀ ਨੇ ਕਿਰਸਾਨੀ ਦੀ ਸੰਭਾਲ ਲਈ ਛੇਹਰਟੇ ਭਾਵ ਛੇ ਮਾਲ੍ਹਾਂ ਵਾਲੇ ਖੂਹ
ਲਗਾ ਦਿੱਤੇ ਸਨ। ਪਾਣੀ ਸਬੰਧੀ ਪੂਰਾ ਵਿਚਾਰ ਵਟਾਂਦਰਾ ਕੀਤਾ ਤਾਂ ਵਲੀ ਕੰਧਾਰੀ ਨੂੰ ਆਪਣੀ ਗਲਤੀ ਦਾ
ਅਹਿਸਾਸ ਹੋਇਆ ਆਪਣੇ ਹੰਕਾਰ ਦਾ ਤਿਆਗ ਕੀਤਾ।
ਡਾ. ਦਿਲਗੀਰ ਦੇ ਕਥਨ ਅਨੁਸਾਰ ਸੰਨ ੧੮੩੫ ਨੂੰ ਜਰਮਨੀ ਦਾ
ਇਕ ਯਾਤਰੀ ਬੈਰਨ ਚਾਰਲਸ ਹਿਊਗਲ ਇਸ ਜਗ੍ਹਾ ਤੋਂ ਲੰਘਿਆ ਸੀ। ੨੭ ਦਿੰਸਬਰ ੧੮੩੫ ਨੂੰ ਪੰਜੇ ਵਾਲਾ
ਪੱਥਰ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਿਆ ਹੋਇਆ ਸੀ।
ਇਸ ਘਟਨਾ ਨੂੰ ਯਾਦਗਰੀ ਬਣਾਉਣ ਲਈ ਮਹਾਂਰਾਜਾ ਰਣਜੀਤ
ਸਿੰਘ ਜੀ ਨੇ ਇਕ ਪੱਥਰ 'ਤੇ ਪੰਜਾ ਉਕਰਾ ਕੇ ਚਸ਼ਮੇ ਦੇ ਨੇੜੇ ਰੱਖ ਦਿੱਤਾ ਸੀ ਤੇ ਗੁਰਦੁਆਰੇ ਦੀ
ਸੇਵਾ ਕਰਾਈ। ਇਕਬਾਲ ਕੈਸਰ ਜੀ ਨੇ ਏੱਥੋਂ ਦੇ ਇਤਿਹਾਸ ਸਬੰਧੀ ਲਿਖਿਆ ਹੈ ਕਿ ਬਹੁਤ ਚਿਰ ਇਹ ਅਸਥਾਨ
ਇੰਜ ਹੀ ਪਿਆ ਰਿਹਾ। ਹੌਲ਼ੀ ਹੌਲ਼ੀ ਸੰਗਤ ਜੁੜਨ ਲੱਗੀ ਤੇ ਕੱਚਾ ਦਰਬਾਰ ਸਾਹਿਬ ਉਸਾਰਿਆ ਗਿਆ। ਖਾਲਸਾ
ਰਾਜ ਸਮੇਂ ਜਦੋਂ ਪਿਸ਼ਾਵਰ ਫਤਹ ਹੋਇਆ ਤਾਂ ਸ੍ਰ. ਹਰੀ ਸਿੰਘ ਜੀ ਨਲ੍ਹਵਾ ਨੇ ਇਕ ਸੁੰਦਰ ਇਮਾਰਤ ਤੇ
ਸਰੋਵਰ ਦੀ ਸੇਵਾ ਕਰਾਈ। ਪਿਸ਼ਾਵਰ ਦੀ ਵਾਪਸੀ ਤੋਂ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਗੁਰਦੁਆਰਾ
ਪੰਜਾ ਸਾਹਿਬ ਦੇ ਦਰਸ਼ਨਾ ਲਈ ਆਏ ਸਨ।
ਪੰਜਾ ਸਾਹਿਬ ਗੁਰਦੁਆਰਾ ਸਬੰਧੀ ਪ੍ਰਿੰਸੀਪਲ ਸੁਜਾਨ
ਸਿੰਘ ਨੇ ਸਾਹਿੱਤਿਕ ਰੰਗ ਦੇ ਕੇ ਬੜਾ ਕਮਾਲ ਦਾ ਲਿਖਿਆ ਹੈ ਕਿ ਇਸ ਇਲਾਕੇ ਦੀ ਪ੍ਰੰਪਰਾ ਹੈ ਕਿ
ਏੱਥੋਂ ਦੇ ਲੋਕ ਬਜ਼ੁਰਗਾਂ ਦੇ ਯਾਦਗਰ ਵਜੋਂ ਪੰਜੇ ਉਕਰਾ ਕੇ ਰੱਖਦੇ ਹਨ। ਉਹ ਲਿਖਦੇ ਹਨ ਕਿ ਨਗਰ
ਨਿਵਾਸੀਆਂ ਨੂੰ ਪਾਣੀ ਦੀ ਸਖਤ ਜ਼ਰੂਰਤ ਸੀ। ਕਈ ਵਾਰੀ ਗਰਮੀਆਂ ਨੂੰ ਚਸ਼ਮਿਆਂ ਦਾ ਪਾਣੀ ਸੁੱਕ ਜਾਂਦਾ
ਹੈ ਜਾਂ ਘੱਟ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਸੋਂਘੇ ਹੁੰਦੇ ਸਨ ਜੋ ਆਪਣੀ ਸੂੰਘਣ ਸ਼ਕਤੀ ਨਾਲ ਜ਼ਮੀਨ
ਥੱਲੇ ਪਾਣੀ ਦੀ ਮਿਕਦਾਰ ਖਾਰਾ-ਮਿੱਠਾ ਆਦਿਕ ਦੀ ਸਹੀ ਸਹੀ ਜਾਣਕਾਰੀ ਰੱਖਦੇ ਸਨ। ਗੁਰੂ ਸਾਹਿਬ ਜੀ
ਜ਼ਿੰਮੀਦਾਰੇ ਨਾਲ ਸਬੰਧ ਰੱਖਦੇ ਸਨ ਇਸ ਲਈ ਉਹਨਾਂ ਨੂੰ ਪਾਣੀ ਸਬੰਧੀ ਪੂਰੀ ਪੂਰੀ ਜਾਣਕਾਰੀ ਸੀ। ਨਗਰ
ਨਿਵਾਸੀਆਂ ਵਲੋਂ ਪਾਣੀ ਦੀ ਕਿਲਤ ਦੱਸੀ ਜਾਣ ਕਰਕੇ ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ ਕਿ
ਮਰਦਾਨਿਆਂ ਇਸ ਥਾਂ ਤੋਂ ਥੋੜੀ ਖੁਦਾਈ ਕੀਤਿਆਂ ਹੀ ਪਾਣੀ ਪ੍ਰਾਪਤ ਹੋ ਸਕਦਾ ਹੈ। ਨਗਰ ਨਿਵਾਸੀਆਂ ਦੀ
ਸਹਾਇਤਾ ਨਾਲ ਜਦੋਂ ਖੁਦਾਈ ਕੀਤੀ ਤਾਂ ਪਾਣੀ ਦਾ ਚਸ਼ਮਾ ਫੁੱਟ ਪਿਆ। ਨਗਰ ਨਿਵਾਸੀ ਬਹੁਤ ਖੁਸ਼ ਹੋਏ।
ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਉਹਨਾਂ ਨੇ ਪੱਥਰ 'ਤੇ ਪੰਜਾ ਲਗਾ ਕੇ ਰੱਖ ਲਿਆ। ਇਸ ਇਲਾਕੇ ਵਿਚ
ਬਜ਼ੁਰਗਾਂ ਦੀ ਯਾਦ ਵਜੋਂ ਹੱਥਾਂ ਦੇ ਨਿਸ਼ਾਨ ਸਾਂਭਣ ਦੀ ਰਵਾਇਤ ਹੈ। ਇਹ ਪੰਜਾ ਗੁਰੂ ਜੀ ਦੀ ਯਾਦ ਵਿਚ
ਬਣਾਇਆ ਗਿਆ ਸੀ। ਸਤਿਗੁਰੂ ਜੀ ਨੇ ਆਮ ਲੋਕਾਂ ਦੇ ਪਾਣੀ ਦੀ ਸਮੱਸਿਆ ਹੱਲ ਕੀਤੀ ਤੇ ਉਹਨਾਂ ਦੀ ਯਾਦ
ਵਿਚ ਪੰਜੇ ਦਾ ਨਿਸ਼ਾਨ ਖੁਦਵਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਤਿਹਾਸ ਦੇ ਪੰਨਿਆਂ ਨੂੰ ਸੰਭਾਲ਼ ਕੇ
ਰੱਖਿਆ ਹੋਇਆ ਹੈ।
ਭਾਂਵੇਂ ਮੈਂ ੧੯੭੯ ਵਿਚ ਗਿਆ ਸੀ ਪਰ ਮੈਨੂੰ ਪੂਰੀ ਪਛਾਣ
ਨਹੀਂ ਰਹੀ ਸੀ। ਇਸ ਵਾਰੀ ਬਹੁਤ ਬਰੀਕੀ ਨਾਲ ਸਿੱਖੀ ਲਹਿਰ ਦੀ ਟੀਮ ਨੇ ਵੀ ਪੱਥਰ 'ਤੇ ਉੱਕਰੇ ਹੋਏ
ਪੰਜੇ ਨੂੰ ਦੇਖਿਆ। ਜਿੱਥੋਂ ਚਸ਼ਮਾ ਫੁੱਟ ਰਿਹਾ ਹੈ ਪੰਜਾ ਬਿਲਕੁਲ ਉਸ ਅਸਥਾਨ ਉਕਰਿਆ ਹੋਇਆ ਹੈ।
ਸਰੋਵਰ ਅਤੇ ਪਉੜੀਆਂ ਬਾਅਦ ਵਿਚ ਪੱਥਰ ਤੋੜ ਕੇ ਨਵੀਂ ਥਾਂ 'ਤੇ ਬਣਾਏ ਗਏ ਹਨ। ਜਿਹੜੀ ਅਸੀਂ ਪੰਜੇ
ਵਾਲੀ ਮਨੋ ਕਲਪਤ ਤਸਵੀਰ ਦੇਖਦੇ ਹਾਂ ਉਸ ਵਿਚ ਤੇ ਜਿੱਥੇ ਜ਼ਮੀਨੀ ਤਲ਼ 'ਤੇ ਪੱਥਰ 'ਤੇ ਪੰਜਾ ਲੱਗਾ
ਹੋਇਆ ਹੈ ਇਨਾਂ ਦੋਹਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦ ਗਹੁ ਕਰਕੇ ਦੇਖਿਆ ਜਾਵੇ ਤਾਂ ਸਮਝ
ਪੈਂਦੀ ਹੈ ਕਿ ਸੈਣੀ ਹਥੌੜੇ ਨਾਲ ਤਰਾਸ਼ ਕੇ ਪੰਜਾ ਖੁਦਵਾਇਆ ਗਿਆ ਹੈ। ਇਹ ਛੋਟਾ ਜੇਹਾ ਪੱਥਰ ਨਹੀਂ
ਬਲ ਕੇ ਪਹਾੜੀ ਦੇ ਥੱਲੇ ਵਾਲਾ ਹਿੱਸਾ ਹੀ ਹੈ। ਇਹ ਪੰਜਾ ਸਾਫ਼ ਦਿਖਾਈ ਦੇਂਦਾ ਹੈ। ਗੁਰਦੁਆਰਾ ਸਾਹਿਬ
ਦੀ ਇਮਾਰਤ ਵੱਗ ਰਹੇ ਪਾਣੀ ਦੇ ਊਪਰ ਹੀ ਬਣਾਈ ਗਈ ਹੈ। ਇਹ ਇਮਾਰਤ ਵੀ ਕਈ ਵਾਰੀ ਬਣਾਈ ਗਈ ਹੈ।
ਏੱਥੋਂ ਨਿਕਲ ਰਿਹਾ ਪਾਣੀ ਖੇਤਾਂ ਨੂੰ ਜਾਂਦਾ ਹੈ। ਮਹਾਂਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ
ਦੇ ਨਾਂ ਜਗੀਰ ਲਗਾਈ ਸੀ ਤੇ ਪਾਣੀ ਨਾਲ ਚੱਲਣ ਵਾਲੀਆਂ ਪਣ ਚੱਕੀਆਂ ਵੀ ਸਥਾਪਿਤ ਕੀਤੀਆਂ ਸਨ।
ਸਥਾਨਿਕ ਲੋਕਾਂ ਨੇ ਦੱਸਿਆ ਕਿ ਇਹ ਥਾਂ ਪਹਾੜੀਆਂ ਵਿਚ ਹੋਣ ਕਰਕੇ ਦੋ ਹੋਰ ਵੀ ਪਾਣੀ ਦੇ ਚਸ਼ਮੇ
ਮੌਜੂਦ ਹਨ। ਇਸ ਅਸਥਾਨ 'ਤੇ ਸਕੂਲ ਚੱਲ ਰਿਹਾ ਹੈ। ਸੰਗਤਾਂ ਦੇ ਸੁਖ ਲਈ ਸਰਾਵਾਂ ਬਹੁਤ ਸੋਹਣੀਆਂ
ਬਣਾਈਆਂ ਹੋਈਆਂ ਹਨ। ਏੱਥੇ ਵਿਸਾਖੀ ਨੂੰ ਤਿੰਨ ਦਿਨ ਦਾ ਜੋੜ ਮੇਲਾ ਹੁੰਦਾ ਹੈ। ਸਿੰਧੀ ਵੀਰ ਬਹੁਤ
ਜ਼ਿਆਦਾ ਆਉਂਦੇ ਹਨ।
ਇਸ ਗੁਰਦੁਆਰੇ ਦਾ ਪ੍ਰਬੰਧ ਵੀ ਮਹੰਤਾਂ ਕੋਲ ਰਿਹਾ ਹੈ।
ਇਹ ਤਾਂ ਅਸੀਂ ਵਿਚਾਰ ਲਿਆ ਹੈ ਕਿ ਬਹੁਤੀ ਥਾਂਈ ਮਹੰਤ ਆਪਣੀਆਂ ਮਨ ਮਰਜ਼ੀਆਂ ਕਰ ਰਹੇ ਸਨ।
ਗੁਰਦੁਆਰਿਆਂ ਦਾ ਪ੍ਰਬੰਧ ਸੰਗਤ ਨੂੰ ਦੇਣ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ। ਗੁਰਦੁਆਰਾ ਪੰਜਾ
ਸਹਿਬ ਦਾ ਪ੍ਰਬੰਧ ਲੈਣ ਲਈ ੧੮ ਨਵੰਬਰ ੧੯੨੦ ਨੂੰ ਇਕ ਜੱਥਾ ਸ੍ਰ. ਕਰਤਾਰ ਸਿੰਘ ਝੱਬਰ ਦੀ ਅਗਵਾਈ
ਹੇਠ ਪਹੁੰਚਿਆ, ਸਥਾਨਿਕ ਮੁਸਲਮਾਨਾਂ ਨੇ ਜੱਥੇ ਦਾ ਸਾਥ ਦਿੱਤਾ ਤੇ ਇਸ ਦਾ ਪ੍ਰਬੰਧ ਹਾਸਲ ਕੀਤਾ।
ਹਸਨ ਅਬਦਾਲ ਵਿਖੇ ਇਕ ਹੋਰ ਵੀ ਬਹੁਤ ਵੱਡੀ ਘਟਨਾ ਸਬੰਧ
ਰੱਖਦੀ ਹੈ। ਗੁਰਦੁਆਰਾ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਹੋਇਆ ਸੀ। ਇਸ ਮੋਰਚੇ ਸਮੇਂ ੩ ਅਕਤੂਬਰ
੧੯੨੨ ਨੂੰ ਬੰਦੀ ਸਿੰਘਾਂ ਅਟਕ ਜੇਲ੍ਹ ਵਿਚ ਬੰਦ ਕਰਨ ਵਾਸਤੇ ਰੇਲ ਗੱਡੀ ਰਾਂਹੀ ਜਾ ਰਹੇ ਸਨ। ਪੰਜਾ
ਸਾਹਿਬ ਦੀ ਸੰਗਤ ਨੂੰ ਪਤਾ ਲੱਗਾ ਕਿ ਸਿੰਘਾਂ ਨੂੰ ਅਟਕ ਦੀ ਜੇਲ੍ਹ ਵਿਚ ਲਿਜਾਇਆ ਜਾ ਰਿਹਾ ਹੈ ਤੇ
ਉਹ ਭੁੱਖੇ ਭਾਣੇ ਹਨ ਇਸ ਲਈ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਣਾ ਚਾਹੀਦਾ ਹੈ। ਰੇਲਵੇ ਸ਼ਟੇਸ਼ਨ ਦੇ
ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਭੁੱਖੇ ਸਿੰਘਾਂ ਨੂੰ ਅਸੀਂ ਲੰਗਰ ਛਕਾਉਣਾ ਚਾਹੁੰਦੇ ਹਾਂ
ਕਿਰਪਾ ਕਰਕੇ ਰੇਲ ਨੂੰ ਏੱਥੇ ਰੁਕਣ ਦੀ ਆਗਿਆ ਦਿੱਤੀ ਜਾਏ। ਪਰ ਅੰਗਰੇਜ਼ੀ ਹਕੂਮਤ ਦੀ ਮਨਸ਼ਾ ਅਨੁਸਾਰ
ਇਹ ਬੇਨਤੀ ਮੰਨੀ ਨਾ ਗਈ। ਅੱਜ ਦੀ ਸਰਕਾਰ ਨੇ ਵੀ ਤਾਂ ਏਦਾਂ ਹੀ ਕਰਨਾ ਸੀ। ਸਿੰਘਾਂ ਦਾ ਸਿਰੜ ਦੇਖੋ
ਸੰਗਤ ਸਮੇਤ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਰੇਲਵੇ ਲਾਈਨ ਤੇ ਲੰਮੇ ਪੈ ਗਏ। ਚੀਕਾਂ ਮਾਰਦੀ
ਧੂੰਆਂ ਛੱਡਦੀ ਗੱਡੀ ਅੱਗੇ ਵੱਧ ਰਹੀ ਸੀ। ਰੇਲਵੇ ਲਾਈਨ ਤੇ ਲੰਬੇ ਪਏ ਭਾਈ ਪ੍ਰਤਾਪ ਸਿੰਘ ਤੇ ਭਾਈ
ਕਰਮ ਸਿੰਘ ਨੂੰ ਕੁਚਲਦੀ ਹੋਈ ਰੇਲ ਗੱਡੀ ਰੁਕ ਗਈ। ਹੋਰ ਬਹੁਤ ਸਾਰੇ ਵੀਰਾਂ ਨੂੰ ਸੱਟਾਂ ਲੱਗੀਆਂ ਪਰ
ਇਹ ਦੋ ਸਿੰਘ ਸ਼ਹੀਦੀ ਜਾਮ ਪੀ ਗਏ। ਗੱਡੀ ਰੋਕ ਕੇ ਬੰਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਗਿਆ। ਐਸੇ
ਮਾਹੌਲ ਵਿਚ ਪ੍ਰਸ਼ਾਦਾ ਕਿਸ ਨੇ ਛੱਕਿਆ ਹੋਏਗਾ? ਜ਼ਰਾ ਕੁ ਅੱਜ ਧਿਆਨ ਨਾਲ ਦੇਖੀਏ ਤਾਂ ਸਿੱਖੀ ਕਿੱਥੇ
ਆ ਕੇ ਖੜੀ ਹੋ ਗਈ ਹੈ। ਸਿੱਖੀ ਨੇ ਵੱਖ ਵੱਖ ਜੱਥੇਬੰਦੀਆਂ ਦੇ ਰੂਪ ਧਾਰਨ ਕਰ ਲਏ ਹਨ। ਹੁਣ ਤਾਂ
ਸਿੱਖੀ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਦਾ ਜਿਹੜਾ ਨਸ਼ਿਆਂ ਦਾ ਨਾਂ ਲੱਗਦਾ ਹੈ ਉਸ ਅਨੁਸਾਰ ਤਾਂ
ਕਰਬਾਨੀ ਵਾਲਾ ਅਕਾਲੀ ਦਲ਼ ਗਵਾਚ ਚੁੱਕਿਆ ਹੈ।
ਮਹਾਂਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦੀ
ਸਦੀਵ ਕਾਲ ਯਾਦਗਰ ਬਣਾਉਂਦਿਆਂ ਸੈਣੀ ਹਥੌੜੇ ਨਾਲ ਪੰਜਾ ਖੁਦਵਾਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ
ਉਸ ਸਮੇਂ ਪਾਣੀ ਦੀ ਸਮੱਸਿਆ ਦਾ ਹੱਲ ਕਰਾਇਆ ਸੀ। ਇਹ ਵੀ ਹੋ ਸਕਦਾ ਹੈ ਕਿ ਗੁਰੂ ਸਾਹਿਬ ਜੀ ਨੇ
ਨਵਾਂ ਚਸ਼ਮਾ ਖੁਦਵਾਇਆ ਹੋਵੇ। ਗੁਰੂ ਸਾਹਿਬ ਜੀ ਦੀ ਮਹਾਨਤਾ ਹੈ ਕਿ ਏੱਥੇ ਗੁਰੂ ਸਾਹਿਬ ਜੀ ਨੇ
ਸਥਾਨਿਕ ਲੋੜਾਂ ਨੂੰ ਦੇਖਦਿਆਂ ਉਹਨਾਂ ਦੀਆਂ ਪਾਣੀ ਵਾਲੀਆਂ ਲੋੜਾਂ ਦਾ ਹੱਲ ਕੀਤਾ। ਮੁੱਖ ਨੁਕਤਿਆਂ
ਨੂੰ ਨਾ ਸਮਝਦਿਆਂ ਅਸਾਂ ਹੋਰ ਦੀਆਂ ਹੋਰ ਹੀ ਮਨੋਕਲਪਤ ਕਹਾਣੀਆਂ ਜੋੜ ਲਈਆਂ ਹਨ। ਗੁਰਬਾਣੀ ਨੇ
ਮਨੁੱਖੀ ਹਿਰਦੇ ਨੂੰ ਪੱਥਰ ਆਖਿਆ ਹੈ-
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ
ਸਤਿਗੁਰ ਪਾਸਿ॥
ਓਥੈ ਸਚੁ ਵਰਤਦਾ ਕੂੜਿਆਰਾ ਚਿਤ
ਉਦਾਸਿ॥
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ
ਜਾਇ ਬਹਹਿ ਕੂੜਿਆਰਾ ਪਾਸਿ॥
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ
ਕੋ ਨਿਰਜਾਸਿ॥
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ
ਸਿਖ ਬੈਠੇ ਸਤਿਗੁਰ ਪਾਸਿ॥੨੬॥
ਪੰਨਾ ੩੧੪
ਅੱਖਰੀਂ ਅਰਥ--ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ
(ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ। ਓਥੇ (ਸਤਿਗੁਰੂ ਦੀ ਸੰਗਤ ਵਿਚ
ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ।
(ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ
ਪਾਸ ਹੀ ਜਾ ਬਹਿੰਦੇ ਹਨ। ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ
ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)। ਝੂਠੇ ਝੂਠਿਆਂ ਵਿਚ ਹੀ
ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ।੨੬।
ਪੱਥਰ ਦਿੱਲ ਵਲੀ ਕੰਧਾਰੀ ਦੇ ਹਿਰਦੇ ਵਿਚ ਗਿਆਨ ਦਾ ਪੰਜਾ
ਲਗਾ ਕੇ ਉਸ ਨੂੰ ਪ੍ਰਚਾਰਕ ਥਾਪਿਆ।