ਪਉੜੀ 25
ਬਹੁਤਾ ਕਰਮੁ ਲਿਖਿਆ ਨਾ ਜਾਇ ॥
ਰੱਬੀ ਬਖਸ਼ਿਸ਼ਾਂ ਨੂੰ ਕੇਵਲ ਕਲਮਬੰਦ ਕਰ ਦੇਣਾ ਜਾਂ ਬਿਆਨ ਕਰੀ ਜਾਣਾ ਹੀ
ਜੀਵਨ ਮਨੋਰਥ ਨਹੀਂ ਹੈ ਬਲਕਿ ਆਪਣੇ ਜੀਵਨ ਵਿਚ ਸਤਿਗੁਰ ਦੀ ਮੱਤ ਸੁਣ-ਮਨ ਕੇ ਅਮਲੀ ਤੌਰ ਤੇ
ਹੰਢਾਉਣਾ ਹੀ ਅਸਲ ਮਨੋਰਥ ਹੈ। ਮਨ ਕੀ ਮੱਤ ਨਾਲ ਵਿਕਾਰਾਂ ਦਾ ਲੇਖਾ ਲਿਖਦੇ ਹਾਂ। ਪਰ ਸਤਿਗੁਰ ਦੀ
ਮੱਤ ਰਾਹੀਂ ਗੁਣਾਂ (ਬਹੁਤਾ ਕਰਮ) ਦਾ ਲੇਖਾ ਲਿਖਣਾ ਜਦੋਂ ਆ ਜਾਂਦਾ ਹੈ ਫਿਰ ਵਿਕਾਰੀ ਲੇਖਾ ਮਿਟ
ਜਾਂਦਾ ਹੈ ਪਰ ਰੱਬ ਜੀ ਦਾ ਲੇਖਾ ਮਿਟਦਾ (ਨਾ ਜਾਇ) ਨਹੀਂ। ਸਦੀਵੀ ਰੱਬੀ ਇਕਮਿਕਤਾ ਦੀ ਅਵਸਥਾ ਬਣਦੀ
ਜਾਂਦੀ ਹੈ।
ਵਡਾ ਦਾਤਾ ਤਿਲੁ ਨ ਤਮਾਇ ॥
ਰੱਬੀ ਗੁਣਾਂ ਨੂੰ ਅਮਲੀ ਤੌਰ ਤੇ ਹੰਢਾਉਣ ਵਾਲਾ ਵਿਰਲਾ ਮਨ ਆਪਣੇ ਅੰਦਰ ਹੀ
ਪ੍ਰਫੁਲਤਾ ਮਹਿਸੂਸ ਕਰਦਾ ਹੈ ਕਿਉਂਕਿ ਦਿਖਾਵੇ ਕਰਕੇ ਵਾਹ-ਵਾਹ ਦੀ ਭੁੱਖ (ਤਮਾ) ਰਹਿੰਦੀ ਹੀ ਨਹੀਂ।
ਕੇਤੇ ਮੰਗਹਿ ਜੋਧ ਅਪਾਰ ॥
ਵਿਰਲਾ ਮਨ ਜੋਧਿਆਂ ਵਾਲੇ ਬੇਅੰਤ ਚੰਗੇ ਗੁਣ ਮੰਗਦਾ ਹੈ ਜਿਨ੍ਹਾ ਸਦਕਾ
ਜੰਮਾਂ ਵਿਕਾਰਾਂ ਨਾਲ ਟਾਕਰਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਸਕੇ।
ਕੇਤਿਆ ਗਣਤ ਨਹੀ ਵੀਚਾਰੁ ॥
ਵਿਰਲੇ ਮਨ ਨੂੰ ਹੋਰ ਵਧੇਰੇ ਦ੍ਰਿੜ ਹੁੰਦਾ ਹੈ ਕਿ ਰੱਬੀ ਗੁਣ ਬੇਅੰਤ ਹਨ
ਅਤੇ ਇਨ੍ਹਾਂ ਨੂੰ ਲੈਣ ਦਾ ਮੋਕਾ ਨਾ ਗਵਾ।
ਕੇਤੇ ਖਪਿ ਤੁਟਹਿ ਵੇਕਾਰ ॥
ਜੋਧਿਆਂ ਵਾਲੇ ਬੇਅੰਤ ਚੰਗੇ ਗੁਣ ਵਿਰਲੇ ਮਨ ਨੂੰ ਪ੍ਰਾਪਤ ਹੁੰਦੇ ਹਨ।
ਉਨ੍ਹਾਂ ਗੁਣਾਂ ਨਾਲ ਵਿਕਾਰੀ ਖਿਆਲ, ਭਾਉ, ਸੁਭਾ ਖਪ-ਖਪ ਕੇ ਟੁੱਟਦੇ ਜਾਂਦੇ ਹਨ।
ਕੇਤੇ ਲੈ ਲੈ ਮੁਕਰੁ ਪਾਹਿ ॥
ਵਿਰਲਾ ਮਨ ਸਤਿਗੁਰ ਦੀ ਮੱਤ ਲੈਕੇ ਵਿਕਾਰੀ, ਸੁਭਾਉ ਤੋਂ ਮੁਨਕਰ ਹੋਈ ਜਾਂਦਾ
ਹੈ। ਭਾਵ ਕਿੱਥੋਂ ਵੀ ਕਿਸੀ ਤੋਂ ਵੀ ਕਦੀ ਵੀ ਮਨ ਕੀ ਮੱਤ ਦੇ ਖਿਆਲ ਨਹੀਂ ਲੈਂਦਾ।
ਕੇਤੇ ਮੂਰਖ ਖਾਹੀ ਖਾਹਿ ॥
ਵਿਰਲਾ ਮਨ ਰੱਬੀ ਗਿਆਨ ਸਦਕਾ ਮੰਦੇ, ਮੂਰਖਾਂ ਵਾਲੇ ਮਨਮਤੀ ਖਿਆਲਾਂ ਨੂੰ
ਚਬਕੇ ਖਾਣ ਦਾ ਬਲ ਪ੍ਰਾਪਤ ਕਰ ਲੈਂਦਾ ਹੈ।
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਰੱਬ ਜੀ ਤੋਂ ਵਿਛੜਨ ਦੇ ਖਿਆਲ ਉਪਜਣਾ
ਹੀ ਦੁਖ ਹੈ। ਵਿਛੋੜੇ ਦਾ ਅਹਿਸਾਸ ਕਰਾਉਣ ਵਾਲੀ ਮੱਤ ਅਤੇ ਸੱਚੇ ਨਾਮ (ਸਤਿਗੁਰ ਦੇ ਤੱਤ ਗਿਆਨ) ਦੀ
ਭੁੱਖ ਦਾ ਸੱਦਾ (ਆਵਾਜ਼) ਸੁਣਨਾ, ਇਹ ਰੱਬੀ ਦਾਤ ਹੈ। ਰੱਬ ਤੋਂ ਵਿਛੋੜੇ ਦੇ ਦੁੱਖ ਨੂੰ ਮਹਿਸੂਸ
ਕਰਨਾ ਅਤੇ ਸੱਚੇ ਨਾਮ ਦੀ ਭੁੱਖ ਮਹਿਸੂਸ ਕਰਨ ਵਾਲੀ ਮੱਤ ਹੀ ਤੇਰਾ ਸੱਦਾ ਹੈ ਅਤੇ ਉਸ ਦੁੱਖ ਤੋਂ
ਛੁੱਟਣ ਲਈ ਸੱਚੇ ਦੇ ਨਾਮਣੇ ਦੀ ਭੁੱਖ ਲੱਗ ਜਾਵੇ ਇਹੀ ਦਾਤ ਹੈ।
ਬੰਦਿ ਖਲਾਸੀ ਭਾਣੈ ਹੋਇ ॥
ਖਲਾਸੀ:
ਮੁਕਤੀ।
ਵਿਰਲੇ ਮਨ ਨੂੰ ਦ੍ਰਿੜ ਹੁੰਦਾ ਜਾਂਦਾ ਹੈ ਕਿ ਨਿਜਘਰ ਤੋਂ ਪ੍ਰਾਪਤ ਸਤਿਗੁਰ
ਦੀ ਮੱਤ ਅਧੀਨ ਜੀਵੋ ਤਾਂ ਵਿਕਾਰਾਂ ਤੋਂ ਮੁਕਤੀ ਹੁੰਦੀ ਹੈ। ਮਨ ਕੀ ਮੱਤ ਵਾਲੇ ਵਿਕਾਰੀ ਫੁਰਨੇ
ਉਠਦੇ ਹੀ ਨਹੀਂ।
ਹੋਰੁ ਆਖਿ ਨ ਸਕੈ ਕੋਇ ॥
ਵਿਰਲੇ ਮਨ ਨੂੰ ਜਿਉਂ-ਜਿਉਂ ਸਤਿਗੁਰ ਦੀ ਮੱਤ ਰਾਹੀਂ ਰੱਬੀ ਚੰਗੇ ਗੁਣ
ਦ੍ਰਿੜ ਹੁੰਦੇ ਹਨ ਤਾਂ ਵਿਕਾਰੀ ਮੱਤ (ਹੋਰੁ) ਕੁਝ ਵੀ ਆਖ ਹੀ ਨਹੀਂ ਸਕਦੀ। ਭਾਵ ਵਿਰਲਾ ਮਨ ਕੇਵਲ
ਸਤਿਗੁਰ ਦੀ ਮੱਤ ਨੂੰ ਸੁਣਦਾ ਹੈ।
ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥
ਜੇ ਕਰ ਵਿਰਲੇ ਮਨ ਨੂੰ ਕੋਈ ਮੰਦੇ ਖਿਆਲ ਆਖਣ ਦਾ ਜਤਨ ਕਰੇ ਤਾਂ ਸੂਰਮੇ
ਜੋਧਿਆਂ ਵਾਲੀ ਬਿਬੇਕ ਬੁਧ ਕਾਰਨ ਉਨ੍ਹਾਂ ਮੰਦੇ ਖਿਆਲਾਂ, ਵਿਕਾਰਾਂ ਜੰਮਾਂ ਨੂੰ ਮੂੰਹ ਦੀ ਖਾਣੀ
ਪੈਂਦੀ ਹੈ ਭਾਵ ਹਾਰਨਾ ਪੈਂਦਾ ਹੈ।
ਆਪੇ ਜਾਣੈ ਆਪੇ ਦੇਇ ॥
ਆਪੇ ਜਾਣੈ:
ਜਦੋਂ ਜਾਚਨਾ
ਕਰਕੇ ਸਤਿਗੁਰ ਦੀ ਮੱਤ ਦਾ ਤੱਤ ਗਿਆਨ ਜਾਣਨਾ ਚਾਹੁੰਦਾ ਹੈ।
ਆਪੇ ਦੇਇ:
ਸਤਿਗੁਰ ਦੀ
ਮੱਤ ਲੈਣ ਲਈ ਆਪਾ ਦੇਣਾ ਪੈਂਦਾ ਹੈ, ਮਨ ਕੀ ਮੱਤ ਸਮਰਪਣ ਕਰਨੀ ਪੈਂਦੀ ਹੈ।
ਵਿਰਲਾ ਮਨ ਜਿਉਂ-ਜਿਉਂ ਆਪਣੇ ਕੂੜ ਵਾਲੇ ਖਿਆਲਾਂ ਦੀ ਪੜਚੋਲ ਕਰਦਾ ਹੈ ਤਾਂ
ਸਚਿਆਰ ਹੋਣ ਲਈ ਆਪਾ ਸਮਰਪਣ ਕਰਕੇ ਬਿਬੇਕ ਬੁਧ ਮੰਗਦਾ ਹੈ।
ਆਖਹਿ ਸਿ ਭਿ ਕੇਈ ਕੇਇ ॥
ਵਿਰਲਾ ਮਨ ਹੈਰਾਨ ਹੁੰਦਾ ਹੈ ਕਿ ਮਨ ਕੀ ਮੱਤ (ਆਪਾ) ਸਮਰਪਣ ਕਰਨ ਤੇ ਸੁਰਤ,
ਮੱਤ, ਬੁਧ, ਰੋਮ-ਰੋਮ, ਇੰਦ੍ਰੀਆਂ ਅਤੇ ਗਿਆਨ ਇੰਦ੍ਰੀਆਂ ਸਾਰੇ ਸਮਰਪਣ ਕਰਕੇ ਨਿਜਘਰ ਦਾ ਸੁਨੇਹਾ
ਮੰਨ ਲੈਂਦੇ ਹਨ। ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ
ਭਜਹਿ ਗੋੁਬਿੰਦੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1364)
ਜਿਸ ਨੋ ਬਖਸੇ ਸਿਫਤਿ ਸਾਲਾਹ ॥
ਵਿਰਲਾ ਮਨ ਵਿਸਮਾਦਿਤ ਹੁੰਦਾ ਹੈ ਕਿ ਜਿਉਂ-ਜਿਉਂ ਸਮਰਪਣ ਕਰੋ ਤਾਂ ਨਿਜਘਰ
ਤੋਂ ਸਤਿਗੁਰ ਦੀ ਮੱਤ ਦੀ ਬਿਬੇਕ ਬੁਧ ਦੀ ਬਖ਼ਸ਼ਿਸ਼ ਮਿਲਦੀ ਜਾਂਦੀ ਹੈ।
ਨਾਨਕ ਪਾਤਿਸਾਹੀ ਪਾਤਿਸਾਹੁ ॥25॥
ਨਾਨਕ ਜੀ ਆਖਦੇ ਹਨ ਕਿ ਕੂੜੀ ਮੱਤ ਛੱਡ ਕੇ ਸਤਿਗੁਰ ਦੀ ਮੱਤ ਅੱਗੇ ਸਮਰਪਣ
ਕਰੋ ਤਾਂ ਨਿਜਘਰ ਦੇ ਖਜ਼ਾਨੇ ’ਚ ਰਲਾ ਲਿਆ ਜਾਂਦਾ ਹੈ ਅਤੇ ਪਾਤਸ਼ਾਹ ਦੇ ਖ਼ਜ਼ਾਨੇ ’ਚ ਹਿੱਸੇਦਾਰ ਬਣ ਕੇ
ਪਾਤਸ਼ਾਹ ਹੋ ਜਾਈਦਾ ਹੈ। ਰੱਬੀ ਗੁਣਾਂ ਦੀ ਪ੍ਰਾਪਤੀ ਹੀ ਪਾਤਸ਼ਾਹੀ ਹੈ।
ਵੀਰ ਭੁਪਿੰਦਰ ਸਿੰਘ