. |
|
ਅਕਾਲੀ?
ਵਾਕਿਆ ਇਹ ਸੰਨ ੧੯੫੩ ਦੀਆਂ
ਗਰਮੀਆਂ ਦੀ ਰੁੱਤ ਦਾ ਹੈ। ਮੇਰੇ ਭਾਈਆ ਜੀ, ਸੰਤ ਬਾਬਾ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ
ਪ੍ਰੇਰਨਾ ਅਤੇ ਪਹੁੰਚ ਸਦਕਾ, ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਅਧੀਨ, ਗੁਰਦੁਆਰਾ ਟਾਹਲੀ
ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਉਪਰ ਆ ਲੱਗੇ। ਇਹ ਗੁਰਦੁਆਰਾ ਸ਼ਹਿਰ ਦੀ ਕੋਤਵਾਲ਼ੀ ਅਤੇ ਕੱਪੜੇ ਦੇ
ਵਾਪਾਰ ਦੇ ਬਾਜ਼ਾਰ, ਕਟੜਾ ਜੈਮਲ ਸਿੰਘ ਦੇ ਨੇੜੇ ਹੈ। ਰਿਹਾਇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਵਾੜੇ
ਬਣੇ ਉਸ ਸਮੇ ਸਟਾਫ਼ ਦੇ ਕੁਆਰਟਰਾਂ ਵਿਚੋਂ ਇੱਕ ਵਿੱਚ ਪ੍ਰਾਪਤ ਹੋਈ। ਇਹ ਕੁਆਰਟਰਜ਼ ਸ੍ਰੀ ਅਕਾਲ ਤਖ਼ਤ
ਸਾਹਿਬ ਜੀ ਦੀ ਪੁਰਾਣੀ ਬਿਲਡਿੰਗ ਅਤੇ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਸ਼ਹੀਦ ਜੀ ਦੀ ਯਾਦ ਵਿੱਚ ਬਣੇ
ਗੁਰਦੁਆਰਾ ਸਾਹਿਬ ਦੇ ਵਿਚਕਾਰ ਪੈਣ ਵਾਲੇ ਭੀੜੇ ਜਿਹੇ ਝੂਠੇ ਬਾਜ਼ਾਰ ਦੇ ਦਰਮਿਆਨ, ਸ੍ਰੀ ਅਕਾਲ ਤਖ਼ਤ
ਸਾਹਿਬ ਵਾਲ਼ੇ ਪਾਸੇ ਹੁੰਦੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਦਾ ਇੱਕ ਛੋਟਾ ਜਿਹਾ
ਦਰਵਾਜ਼ਾ ਇਹਨਾਂ ਕੁਆਰਟਰਾਂ ਵੱਲ ਖੁਲ੍ਹਦਾ ਹੁੰਦਾ ਸੀ। ਇੱਕ ਦਰਵਾਜ਼ਾ ਬਾਜ਼ਾਰ ਵੱਲ ਹੁੰਦਾ ਸੀ। ਇਸ
ਬਾਜ਼ਾਰ ਵਾਲ਼ੇ ਦਰਵਾਜ਼ੇ ਤੋਂ ਨਿਕਲਦਿਆ ਹੀ ਖੱਬੇ ਹੱਥ ਪ੍ਰਿੰਟਿੰਗ ਪ੍ਰੈਸ ਹੁੰਦੀ ਸੀ। ਸੱਜੇ ਹੱਥ
ਪਹਿਲੀ ਹੀ ਦੁਕਾਨ ਫੋਟੋਆਂ ਦੀ ਹੁੰਦੀ ਸੀ। ਬਹੁਤਾ ਸਮਾ ਹਰ ਰੋਜ ਮੈਂ ਉਸ ਦੁਕਾਨ ਦੇ ਸਾਹਮਣੇ ਖਲੋ
ਕੇ ਫੋਟੋਆਂ ਨੂੰ ਵੇਖਦਾ ਰਹਿੰਦਾ ਸਾਂ। ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ
ਜੀ, ਬਾਬਾ ਦੀਪ ਸਿੰਘ ਜੀ, ਅਕਾਲੀ ਫੂਲਾ ਸਿੰਘ ਜੀ, ਸ. ਹਰੀ ਸਿੰਘ ਨਲੂਆ ਜੀ, ਮਹਾਂਰਾਜਾ ਰਣਜੀਤ
ਸਿੰਘ ਜੀ ਆਦਿ ਯੋਧਿਆਂ ਦੀਆਂ ਫੋਟੋ ਮੈਨੂੰ ਬਹੁਤ ਖਿੱਚ ਪਾਉਂਦੀਆਂ ਸਨ। ਜਦੋਂ ਵੀ ਮੈਨੂੰ ਕੋਈ ਪੈਸਾ
ਖ਼ਰਚਣ ਲਈ ਮਿਲ਼ਨਾ ਮੈਂ ਭੱਜ ਕੇ ਉਹਨਾਂ ਫੋਟੋਆਂ ਵਿਚੋਂ ਕੋਈ ਇੱਕ ਫੋਟੋ ਖਰੀਦ ਕੇ ਕਮਰੇ ਦੀ ਕੰਧ ਉਪਰ
ਟੰਗ ਲੈਣੀ। ਇਹਨਾਂ ਫੋਟੋਆਂ ਨੂੰ ਵੇਖ ਵੇਖ ਮੇਰਾ ਮਨ ਨਹੀਂ ਸੀ ਰੱਜਦਾ ਹੁੰਦਾ।
ਇਸ ਦੁਕਾਨ ਤੋਂ ਅੱਗੇ ਭੀੜਾ ਜਿਹਾ ਬਾਜ਼ਾਰ ਗੁਰਦੁਆਰਾ ਥੜ੍ਹਾ ਸਾਹਿਬ ਜੀ ਦੇ ਦੁਆਲੇ ਦੀ ਹੋ ਕੇ,
ਖੱਬੇ ਹੱਥ ਬਾਬਾ ਨੈਣਾ ਸਿੰਘ ਜੀ ਦੀ ਸਮਾਧ ਤੋਂ ਲੰਘ ਕੇ, ਬਾਜ਼ਾਰ ਮਾਈ ਸੇਵਾ ਵਿੱਚ ਜਾ ਕੇ ਅਭੇਦ ਹੋ
ਜਾਂਦਾ ਸੀ। ਇਹ ਓਹੀ ਮਾਈ ਸੇਵਾਂ ਬਾਜ਼ਾਰ ਹੈ ਜਿਸ ਬਾਰੇ ਇੱਕ ਪ੍ਰਸਿਧ ਪੰਜਾਬੀ ਲੇਖਕ ਨੇ ਇੱਕ ਵਾਰ
ਲਿਖਿਆ ਸੀ ਕਿ ਇਹ ਬਾਜ਼ਾਰ ਕਈ ਪੰਜਾਬੀ ਲੇਖਕਾਂ ਦਾ ‘ਕਬਰਸਤਾਨ’ ਹੈ। ਉਸ ਦਾ ਮਤਲਬ ਸ਼ਾਇਦ ਇਹ ਹੋਵੇ
ਕਿ ਇਸ ਬਾਜ਼ਾਰ ਵਿਚਲੇ ਪੰਜਾਬੀ ਦੇ ਪ੍ਰਕਾਸ਼ਕਾਂ ਵਿਚੋਂ ਕੁੱਝ ਪ੍ਰਕਾਸ਼ਕ, ਨਵੇਂ ਉਭਰਦੇ ਕੁੱਝ ਪੰਜਾਬੀ
ਲੇਖਕਾਂ ਪਾਸੋਂ, ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਖਰੜੇ ਅਤੇ ਉਹਨਾਂ ਨੂੰ ਛਾਪਣ ਦਾ ਖ਼ਰਚ ਲੈ ਕੇ
ਵੀ ਕਿਤਾਬਾਂ ਨਾ ਛਾਪਣੀਆਂ ਤੇ ਨਾ ਹੀ ਉਹਨਾਂ ਦੇ ਪੈਸੇ ਤੇ ਖਰੜੇ ਮੋੜਨੇ। ਇਸ ਬਾਰੇ ਕੈਨੇਡਾ ਰਹਿਣ
ਵਾਲ਼ੇ ਪੰਜਾਬੀ ਲੇਖਕ ‘ਮੋਮੀ’ ਜੀ ਨੇ ਲਿਖਿਆ ਹੈ ਕਿ ਪ੍ਰਕਾਸ਼ਕਾਂ ਨੇ ਉਹਨਾਂ ਦੀ ਇੱਕ ਕਿਤਾਬ ਦਾ
ਖਰੜਾ ਨਾ ਛਾਪਿਆ ਹੈ, ਨਾ ਲਏ ਪੈਸੇ ਮੋੜੇ ਹਨ ਤੇ ਨਾ ਹੀ ਖਰੜਾ ਵਾਪਸ ਕੀਤਾ ਹੈ। ਉਹਨਾਂ ਪ੍ਰਕਾਸ਼ਕ
ਦਾ ਨਾਂ ਨਹੀਂ ਲਿਖਿਆ। ਮੇਰੀ ਚੌਥੀ ਕਿਤਾਬ ‘ਬਾਤਾਂ ਬੀਤੇ ਦੀਆਂ’ ਛਾਪਣ ਸਮੇ ‘ਭਾਈ ਚਤਰ ਸਿੰਘ ਜੀਵਨ
ਸਿੰਘ ਪੁਸਤਕਾਂ ਵਾਲ਼ੇ’ ਫਰਮ ਦੇ ਮਾਲਕ ਸ. ਹਰਭਜਨ ਸਿੰਘ ਜੀ ਨੇ ਛਪਵਾਈ ਸ਼ੁਰੂ ਕਰਨ ਤੋਂ ਪਹਿਲਾਂ
ਆਖਿਆ, “ਇਕ ਲੱਖ ਦਸ ਹਜ਼ਾਰ ਰੁਪਏ ਪਹਿਲਾਂ ਸਾਡੇ ਹੱਥ ਤੇ ਰੱਖੋ ਤੇ ਛਪਾਈ ਦਾ ਕੰਮ ਫਿਰ ਸ਼ੁਰੂ
ਹੋਵੇਗਾ। “ਮੇਰੇ ਇਹ ਆਖਣ ਤੇ ਕਿ ਮੈਂ ਕਿਤੇ ਭੱਜ ਚੱਲਿਆ ਹਾਂ, ਤੁਸੀਂ ਕੰਮ ਸ਼ੁਰੂ ਕਰੋ; ਪੈਸੇ
ਤੁਹਾਨੂੰ ਮਿਲ਼ ਜਾਣਗੇ। “ਮੈਨੂੰ ਇਸ ਗੱਲ ਦਾ ਫਿਕਰ ਸੀ ਕਿ ਖਰੜਾ ਤੇ ਪੈਸੇ ਦੇ ਕੇ ਮਗਰੋਂ ਉਹਨਾਂ ਦੇ
ਮਗਰ ਮਗਰ ਨਾ ਫਿਰਨਾ ਪਵੇ। ਇਸ ਦੇ ਉਤਰ ਵਿੱਚ ਉਹਨਾਂ ਨੇ ਆਖਿਆ ਕਿ ਬਾਹਰ ਵਾਲੇ ਲਿਖਾਰੀ ਕਿਤਾਬ
ਛਪਵਾ ਲੈਂਦੇ ਹਨ ਤੇ ਪੈਸੇ ਦੇਣ ਵੇਲ਼ੇ ਫ਼ੋਨ ਚੁੱਕਣੋ ਹੀ ਹਟ ਜਾਂਦੇ ਹਨ। ਇਹ ਦੋਹਾਂ ਧਿਰਾਂ ਦੇ
ਵਿਚਾਰ ਹਨ।
ਇਸ ਪਹਿਲੇ ਭੀੜੇ ਬਾਜ਼ਾਰ ਦਾ ਨਾਂ ਸ਼ਾਇਦ ਥੜ੍ਹਾ ਸਾਹਿਬ ਬਾਜ਼ਾਰ ਹੋਵੇ, ਜਿਥੋਂ ਇਹ ਮਾਈ ਸੇਵਾਂ ਬਾਜ਼ਾਰ
ਵਿੱਚ ਜਾ ਕੇ ਮਿਲ਼ਦਾ ਸੀ, ਉਸ ਥਾਂ ਦੀ ਖੱਬੀ ਨੁੱਕਰੇ, ਬੁਰਜ ਗਿਆਨੀਆਂ ਨਾਮੀ ਕਿਲ੍ਹੇ ਵਰਗੀ ਵਿਸ਼ਾਲ
ਬਿਲਡਿੰਗ ਹੁੰਦੀ ਸੀ, ਜੋ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਸਮੇ, ਸ੍ਰੀ ਹਰਿਮੰਦਰ ਸਾਹਿਬ ਦੇ
ਗ੍ਰੰਥੀ, ਭਾਈ ਸੰਤ ਸਿੰਘ ਜੀ ਦੇ ਵੇਲ਼ੇ ਬਣੀ ਸੀ ਅਤੇ ਇਸ ਸਮੇ ਉਸ ਪਰਵਾਰ ਦੀ ਮਲਕੀਅਤ ਸੀ। ਇਹ ਭਾਈ
ਸਾਹਿਬ ਜੀ, ਜੋ ਖ਼ੁਦ ਬਹੁਤ ਵੱਡੇ ਗੁਰਮਤਿ ਦੇ ਵਿਦਵਾਨ ਸਨ, ‘ਗੁਰ ਪਰਤਾਪ ਸੂਰਜ ਗ੍ਰੰਥ’ ਦੇ ਕਰਤਾ,
ਪ੍ਰਸਿਧ ਸਿੱਖ ਵਿਦਵਾਨ ਭਾਈ ਸੰਤੋਖ ਸਿੰਘ ਜੀ ਦੇ ਵਿੱਦਿਆ ਗੁਰੂ ਸਨ ਤੇ ਸ੍ਰੀ ਹਰਿਮੰਦਰ ਸਾਹਿਬ ਜੀ
ਦੇ ਗ੍ਰੰਥੀ ਦੀ ਸੇਵਾ ਦੇ ਨਾਲ਼ ਨਾਲ਼ ਖ਼ਾਲਸਾ ਸਰਕਾਰ ਵੱਲੋਂ ਸ਼ਹਿਰ ਦੇ ਪ੍ਰਬੰਧਕ ਵੀ ਹੁੰਦੇ ਸਨ।
ਇਹਨਾਂ ਦਾ ਨਾਂ ਪੰਜਾਬ ਵੱਡੇ ਸਿੱਖ ਘਰਾਣਿਆਂ ਵਿੱਚ ਆਉਂਦਾ ਹੈ। ਕਿਸੇ ਅੰਗ੍ਰੇਜ਼ ਵਿਦਵਾਨ ਵੱਲੋਂ
ਲਿਖੀ ਗਈ ਕਿਤਾਬ ‘ਦ ਚੀਫ਼ਜ਼ ਆਫ਼ ਪੰਜਾਬ’ ਵਿੱਚ ਵੀ ਇਸ ਘਰਾਣੇ ਦਾ ਜ਼ਿਕਰ ਆਉਂਦਾ ਹੈ। ਖਾਲਸਾ ਦਰਬਾਰ
ਵਿੱਚ ਧੜੇਬੰਦੀ ਅਤੇ ਫੁੱਟ ਦੌਰਾਨ, ਇਸ ਗਿਆਨੀ ਸੰਤ ਸਿੰਘ ਜੀ ਦੇ ਪੁੱਤਰ ਗਿਆਨੀ ਗੁਰਮੁਖ ਸਿੰਘ
ਨੂੰ, ਹੀਰਾ ਸਿੰਘ ਡੋਗਰੇ ਦੇ ਪ੍ਰਧਾਨ ਮੰਤਰੀ ਦੀ ਗੱਦੀ ਉਪਰ ਕਬਜ਼ਾ ਕਰ ਲੈਣ ਪਿੱਛੋਂ, ਸੰਧਾਵਾਲ਼ੀਆਂ
ਦਾ ਸਾਥ ਦੇਣ ਦੇ ਜੁਰਮ ਵਿਚ, ਹੀਰਾ ਸਿੰਘ ਦੇ ਹੁਕਮ ਨਾਲ਼, ਤਸੀਹੇ ਦੇ ਕੇ ਮਰਵਾਇਆ ਗਿਆ ਸੀ।
ਇਸ ਬੁਰਜ ਗਿਆਨੀਆਂ ਦੀ ਨੁੱਕਰ ਵਿੱਚ ਨੱਥਾ ਸਿੰਘ ਹਲਵਾਈ ਦੀ ਦੁਕਾਨ ਹੁੰਦੀ ਸੀ। ਓਥੋਂ ਹੀ ਮੈਂ ਚਾਹ
ਵਾਸਤੇ ਦੁਧ ਲਿਆਇਆ ਕਰਦਾ ਸਾਂ। ਇੱਕ ਦਿਨ ਉਸ ਹਲਵਾਈ ਨੂੰ ਰੋਟੀ ਖਾਂਦਿਆਂ ਵੇਖ ਕੇ ਹੀ ਮੈਨੂੰ ਪਤਾ
ਲੱਗਾ ਕਿ ਹਲਵਾਈ ਵੀ ਰੋਟੀ ਖਾਂਦੇ ਹਨ। ਪਹਿਲਾਂ ਮੈਂ ਏਹੀ ਸਮਝਦਾ ਹੁੰਦਾ ਸੀ ਕਿ ਰੋਟੀ ਓਹੋ ਲੋਕ ਹੀ
ਖਾਂਦੇ ਹਨ ਜਿਨ੍ਹਾਂ ਨੂੰ ਮਿਠਿਆਈ ਖਾਣ ਨੂੰ ਨਾ ਮਿਲਦੀ ਹੋਵੇ।
ਇਹਨਾਂ ਫੋਟੋਆਂ ਨੂੰ ਵੇਖ ਕੇ ਆਨੰਦ ਮਾਣਨ ਤੋਂ ਇਲਾਵਾ ਮੇਰਾ ਇੱਕ ਹੋਰ ਮਨ ਪ੍ਰਚਾਵਾ ਇਹ ਵੀ ਹੁੰਦਾ
ਸੀ ਕਿ ਬਾਜ਼ਾਰ ਮਾਈ ਸੇਵਾਂ ਵਿਚਲੀਆਂ ਕਿਤਾਬਾਂ ਦੀਆਂ ਦੁਕਾਨਾਂ ਦੇ ਥੜ੍ਹਿਆਂ ਉਪਰ ਸਜੀਆਂ, ਪੰਜਾਬੀ
ਦੀਆਂ ਕਿਤਾਬਾਂ ਦੇ ਸਿਰਲੇਖ ਪੜ੍ਹਦਾ ਰਹਿੰਦਾ ਸਾਂ। ਉਹਨਾਂ ਵਿਚੋਂ ਕੁੱਝ ਸਿਰਲੇਖ ਅਜੇ ਵੀ ਯਾਦ ਹਨ;
ਜਿਵੇਂ, ਅਸਲੀ ਤੇ ਵੱਡੀ ਭਾਈ ਬਾਲੇ ਵਾਲ਼ੀ ਜਨਮ ਸਾਖੀ, ਬਾਬਾ ਫੂਲਾ ਸਿੰਘ ਅਕਾਲੀ, ਕਾਦਰ ਯਾਰ ਦਾ
ਲਿਖਿਆ ਸ. ਹਰੀ ਸਿੰਘ ਨਲੂਆ ਦਾ ਕਿੱਸਾ, ਕਿੱਸਾ ਪੂਰਨ ਭਗਤ, ਅਸਲੀ ਤੇ ਵੱਡੀ ਹੀਰ ਵਾਰਿਸ ਸ਼ਾਹ,
ਦੁਖੀਏ ਮਾਂ ਪੁੱਤ, ਸਿੱਖ ਰਾਜ ਕਿਵੇਂ ਬਣਿਆਂ, ਸਿੱਖ ਰਾਜ ਕਿਵੇਂ ਗਿਆ, ਜੰਗ ਚਮਕੌਰ ਆਦਿ; ਇਸ
ਕਿੱਸੇ ਨੂੰ ਵੇਖ ਕੇ ਤਾਂ ਮੈਂ ਰਹਿ ਨਾ ਸਕਿਆ ਤੇ ਖ਼ਰੀਦ ਹੀ ਲਿਆ। ਇਸ ਗੱਲ ਦਾ ਅਤੇ ਹੋਰ ਉਸ ਸਮੇ ਦਾ
ਜ਼ਿਕਰ ਮੈਂ ਆਪਣੀ ਚੌਥੀ ਤੇ ਵਡੇਰੀ ਕਿਤਾਬ ‘ਬਾਤਾਂ ਬੀਤੇ ਦੀਆਂ’ ਵਿੱਚ ਕਰ ਚੁੱਕਾ ਹਾਂ।
ਇਕ ਦੋ ਹੋਰ ਮੇਰੇ ਮਨ ਪਰਚਾਵੇ ਵੀ ਹੁੰਦੇ ਸਨ: ਸ੍ਰੀ ਅਕਾਲ ਤਖ਼ਤ ਸਾਹਿਬ ਉਪਰ, ਗੁਰੂ ਸਾਹਿਬਾਨ ਅਤੇ
ਸ਼ਹੀਦ ਸਿੰਘਾਂ ਦੇ ਕੁੱਝ ਸ਼ਸਤਰ ਜੋ ਸੰਭਾਲ਼ ਕੇ ਰੱਖੇ ਹੋਏ ਹਨ, ਹਰੇਕ ਸ਼ਾਮ ਨੂੰ ਰਹਰਾਸਿ ਸਾਹਿਬ ਜੀ
ਦੇ ਪਾਠ ਉਪ੍ਰੰਤ, ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਸਨ/ਹਨ। ਉਹਨਾਂ ਦੇ ਦਰਸ਼ਨ ਮੈਂ ਬੜੀ
ਸ਼ਰਧਾ ਅਤੇ ਉਤਸ਼ਾਹ ਸਹਿਤ ਕਰਿਆ ਕਰਦਾ ਸਾਂ। ਫਿਰ ਹਰੇਕ ਸੰਗ੍ਰਾਂਦ, ਮੱਸਿਆ, ਗੁਰਪੁਰਬਾਂ ਆਦਿ ਦੇ
ਸਬੰਧ ਵਿੱਚ ਸਜਣ ਵਾਲ਼ੇ ਦੀਵਾਨਾਂ ਵਿੱਚ ਢਾਡੀ ਜਥੇ, ਕਵੀਸ਼ਰੀ ਜਥੇ, ਕਵੀ, ਪ੍ਰਚਾਰਕ ਆਦਿ ਵੱਲੋਂ
ਸੁਣਾਏ ਜਾਂਦੇ ਪ੍ਰਸੰਗਾਂ ਨੂੰ ਵੀ ਸ਼ੌਕ ਨਾਲ਼ ਸੁਣਿਆਂ ਕਰਦਾ ਸਾਂ। ਗੁਰਪੁਰਬਾਂ ਸਮੇ ਨਿਕਲਣ ਵਾਲ਼ੇ
ਜਲੂਸ ਵਿੱਚ ਗਤਕੇ ਦੀਆਂ ਖੇਡਾਂ ਨੂੰ ਬੜੇ ਸ਼ੋਕ ਨਾਲ਼ ਵੇਖਿਆ ਕਰਦਾ ਸਾਂ ਤੇ ਖ਼ੁਦ ਵੀ ਸਿੱਖਣਾ
ਚਾਹੁੰਦਾ ਸਾਂ ਪਰ ਭਾਈਆ ਜੀ, ਜੋ ਕਿ ਖ਼ੁਦ ਵੀ ਗਤਕੇ ਦੇ ਖਿਡਾਰੀ ਸਨ, ਮੇਰਾ ਇਹ ਸ਼ੌਕ ਪੂਰਾ ਕਿਉਂ
ਨਹੀਂ ਕੀਤਾ! ਉਹ ਮੈਨੂੰ ਗੁਰੂ ਘਰ ਦੇ ਕੀਰਤਨੀਏ ਰਾਗੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ ਤੇ ਸ਼ਾਇਦ
ਉਹਨਾਂ ਦਾ ਇਹ ਖਿਆਲ ਹੋਵੇ ਕਿ ਹੋਰ ਹੋਰ ਕੰਮਾਂ ਵਿੱਚ ਪੈ ਕੇ ਮੇਰੇ ਰਾਗੀ ਬਣਨ ਵਿੱਚ ਰੁਕਾਵਟ ਪੈ
ਜਾਵੇ! ਉਹ ਖ਼ੁਦ ਰਾਗੀ ਬਣਨਾ ਚਾਹੁੰਦੇ ਸਨ ਪਰ ਹਾਲਾਤ ਅਜਿਹੇ ਸਨ ਕਿ ਬਣ ਨਾ ਸਕੇ। ਉਹ ਆਪਣਾ ਅਧੂਰਾ
ਸ਼ੌਕ ਮੇਰੇ ਰਾਹੀਂ ਪਰੂਾ ਹੋਇਆ ਵੇਖਣਾ ਚਾਹੁੰਦੇ ਸਨ।
ਇਉਂ ਖਿਆਲੀ ਦੁਨੀਆ ਵਿੱਚ ਵਿਚਰਦਿਆਂ ਮੈਨੂੰ ਨਿਹੰਗ ਸਿੰਘਾਂ ਦਾ ਲਿਬਾਸ, ਸ਼ਸਤਰ ਬਸਤਰ ਧਾਰਨ ਕਰਕੇ,
“ਅਕਾਲ, ਅਕਾਲ” ਦੇ ਜੈਕਾਰੇ ਛੱਡਦੇ ਹੋਏ, ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲ਼ੇ ਫਿਰਦਿਆਂ ਨੂੰ ਵੇਖ
ਕੇ, ਉਹਨਾਂ ਵਰਗੇ ਬਸਤਰ ਸ਼ਸਤਰ ਸਜਾਉਣ ਦਾ ਬੜਾ ਸ਼ੌਕ ਹੁੰਦਾ ਸੀ ਪਰ ਉਹਨੀਂ ਦਿਨੀਂ ਮੇਰੇ ਪਾਸ ਸਿਰ
ਦੀ ਇੱਕ ਪੱਗ, ਗਲ਼ ਇੱਕ ਝੱਗਾ ਤੇ ਦੋ ਕਛਹਿਰੇ, ਇੱਕ ਤੇੜ ਹੋਣਾ ਤੇ ਦੂਜਾ ਨਹਾ ਕੇ ਸੁੱਕਣੇ ਪਾਇਆ
ਹੋਇਆ ਹੋਣਾ। ਜੁੱਤੀ ਤੇ ਪਜਾਮੇ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਆਈ ਕਿ ਇਹਨਾਂ ਦੀ ਵੀ ਲੋੜ ਹੈ। ਜੇ
ਕਦੇ ਪਹਿਲਾ ਝੱਗਾ ਪਾਟਣ ਤੋਂ ਪਹਿਲਾਂ ਦੂਜਾ ਮਿਲ਼ ਜਾਣਾ ਤਾਂ ਉਹ ਧੋ ਕੇ ਸੁੱਕਣਾ ਪਾਇਆ ਹੋਇਆ ਹੀ
ਸਾਂਭਣੋਂ ਭੁੱਲ ਜਾਣਾ ਤੇ ਕਿਸੇ ਹੋਰ ਦੇ ਹੱਥ ਆ ਕੇ ਮੁੜ ਨਾ ਲਭਣਾ। ਇਕੋ ਝੱਗਾ ਹੋਣ ਕਰਕੇ, ਉਸ ਨੂੰ
ਧੋ ਕੇ ਸੁੱਕਣਾ ਪਾਉਣ ਸਮੇ, ਉਸ ਦੇ ਸੁੱਕਣ ਦੀ ਉਡੀਕ ਵਿੱਚ ਨੰਗੇ ਪਿੰਡੇ ਬੈਠੇ ਰਹਿਣਾ। ਇਸ ਕਰਕੇ
ਉਸ ਦਾ ਗਵਾਚ ਜਾਣ ਤੋਂ ਬਚਾ ਰਹਿਣਾ।
ਇਹਨਾਂ ਕੁਆਰਟਰਾਂ ਦੇ ਨਾਲ ਇੱਕ ਵਿਸ਼ਾਲ ਖੂਹ ਹੁੰਦਾ ਸੀ। ਉਸ ਦਾ ਪਾਣੀ ਬਹੁਤ ਡੂੰਘਾ ਹੁੰਦਾ ਸੀ ਤੇ
ਖੂਹ ਦੀ ਮਣ ਅਤੇ ਪਾਣੀ ਦੇ ਵਿਚਕਾਰ ਜਿਹੇ ਇੱਕ ਦਰਵਾਜ਼ਾ ਖੁਲ੍ਹਦਾ ਹੁੰਦਾ ਸੀ ਜਿਸ ਤੱਕ ਤਖ਼ਤ ਸਾਹਿਬ
ਦੀ ਬਿਲਡਿੰਗ ਦੇ ਅੰਦਰੋਂ ਅੰਦਰ ਪਉੜੀਆਂ ਜਾਂਦੀਆਂ ਸਨ। ਓਥੇ ਇੱਕ ਭੋਰਾ ਹੁੰਦਾ ਸੀ। ਗਰਮੀਆਂ ਦੇ
ਮੌਸਮ ਵਿੱਚ ਖੂਹ ਦੇ ਪਾਣੀ ਨੂੰ ਛੋਹ ਕੇ ਆਉਣ ਵਾਲ਼ੀ ਠੰਡੀ ਹਵਾ ਇਸ ਦਰਵਾਜ਼ੇ ਰਾਹੀਂ ਭੋਰੇ ਵਿੱਚ
ਪਹੁੰਚਦੀ ਹੁੰਦੀ ਸੀ ਤੇ ਕਈ ਵਾਰ ਬਹੁਤੀ ਗਰਮੀ ਸਮੇ ਕੋਈ ਨਾ ਕੋਈ ਸਟਾਫ਼ ਮੈਂਬਰ ਦੁਪਹਿਰ ਸਮੇ ਇਸ
ਭੋਰੇ ਵਿੱਚ ਆਰਾਮ ਕਰਨ ਵੀ ਉਤਰ ਜਾਇਆ ਕਰਦਾ ਸੀ। ਇਸ ਖੂਹ ਵਿੱਚ ਲੱਗੇ ਨਲ਼ਕੇ ਤੋਂ ਇੱਕ ਤਾਂ ਸਟਾਫ਼
ਮੈਂਬਰ ਆਪਣੇ ਘਰਾਂ ਵਾਸਤੇ ਪਾਣੀ ਵਰਤਦੇ ਸਨ ਤੇ ਦੂਜਾ ਕਾਰਜ ਇਸ ਖੂਹ ਤੋਂ ਇਹ ਲਿਆ ਜਾਂਦਾ ਸੀ ਕਿ
ਗਰਮੀਆਂ ਦੇ ਦਿਨੀਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਮਹਣੇ ਦਾ ਦਾਲਾਨ ਦੁਪਹਿਰ ਸਮੇ ਠੰਡਾ ਕਰਨ ਲਈ
ਇਸ ਦਾ ਪਾਣੀ ਵਰਤਿਆ ਜਾਂਦਾ ਸੀ। ਇਸ ਦਾ ਢੋਲ, ਝਵੱਕਲੀ ਕੋਠਿਆਂ ਦੀ ਪਹਿਲੀ ਮਨਜ਼ਲ ਦੇ ਬਰਾਬਰ ਉਪਰ
ਹੁੰਦੇ ਸਨ ਤੇ ਥੱਲੇ ਜ਼ਮੀਨ ਉਪਰ ਇੱਕ ਕੱਟਾ ਜੋ ਕੇ ਇਸ ਦਾ ਪਾਣੀ ਕਢਿਆ ਜਾਂਦਾ ਸੀ। ਉਹ ਕੱਟਾ ਇੱਕ
ਬੰਦਾ ਪਤਾ ਨਹੀਂ ਕਿਥੋਂ ਲੈ ਕੇ ਆਉਂਦਾ ਸੀ; ਉਸ ਬਾਰੇ ਉਸ ਸਮੇ ਇਹ ਜਾਨਣ ਦਾ ਖਿਆਲ ਹੀ ਨਹੀਂ ਸੀ
ਕਦੀ ਆਇਆ ਤੇ ਕਾਰਜ ਪੂਰਾ ਕਰਨ ਉਪ੍ਰੰਤ ਉਹ ਫਿਰ ਉਸ ਕੱਟੇ ਨੂੰ ਲੈ ਜਾਇਆ ਕਰਦਾ ਸੀ। ਖੂਹ ਦਾ ਪਾਣੀ
ਇੱਕ ਉਚੇ ਥਾਂ ਬਣੇ ਚੁਬੱਚੇ ਵਿੱਚ ਪੈਂਦਾ ਸੀ ਓਥੋਂ ਪਤਾ ਨਹੀਂ ਕਿਧਰ ਦੀ ਹੋ ਕੇ ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਅੱਗੇ ਜਾ ਕੇ, ਜ਼ਮੀਨ ਵਿਚੋਂ ਬਣੀ ਹੋਈ ਇੱਕ ਵਡੇਰੀ ਨਾਲ ਵਿਚੋਂ ਉਛਲ ਕੇ ਨਿਕਲਦਾ ਸੀ ਜਿਸ
ਅੱਗੇ ਵੱਡਾ ਟੱਬ ਰਖ ਕੇ ਉਸ ਵਿੱਚ ਪਾਣੀ ਪਾ ਕੇ ਫਿਰ ਬਾਲਟੀਆਂ ਰਾਹੀਂ, ਪ੍ਰੇਮੀ ਤੇ ਨਾਲ਼ ਹੀ ਮੇਰੇ
ਵਰਗੇ ਵੇਹਲੇ ਛੋਹਰ ਵੀ ਉਸ ਫ਼ਰਸ਼ ਉਪਰ ਡੋਹਲ ਕੇ ਉਸ ਨੂੰ ਠੰਡਾ ਕਰਿਆ ਕਰਦੇ ਸਨ। ਇਸ ਸੇਵਾ ਤੋਂ ਬਾਅਦ
ਫਿਰ ਸੇਵਾ ਕਰਨ ਵਾਲ਼ਿਆਂ ਨੂੰ ਦੁਧ ਪਾਣੀ ਤੇ ਖੰਡ ਮਿਲਾ ਕੇ ਸ਼ਰਬਤ ਜਾਂ ਮਿੱਠਾ ਪਾਣੀ ਵਰਤਾਇਆ ਜਾਂਦਾ
ਸੀ। ਅਸੀਂ ਪਿੰਡਾਂ ਵਿੱਚ ਉਸ ਨੂੰ ਸ਼ਰਬਤ ਆਖਿਆ ਕਰਦੇ ਸਾਂ। ਏਥੇ ਆ ਕੇ ਪਤਾ ਲੱਗਾ ਕਿ ਸ਼ਹਿਰੀਏ ਉਸ
ਨੂੰ ਕੱਚੀ ਲੱਸੀ ਆਖਦੇ ਹਨ। ਅਸੀਂ ਪਿੰਡਾਂ ਵਿੱਚ ਮਿਠੇ ਤੋਂ ਬਿਨਾ ਦੁਧ ਪਾਣੀ ਰਲਾਏ ਨੂੰ, ਜਿਸ
ਵਿੱਚ ਮਿੱਠਾ ਨਾ ਪਾਇਆ ਹੋਵੇ, ਕੱਚੀ ਲੱਸੀ ਆਖਿਆ ਕਰਦੇ ਸਾਂ।
ਜੂਨ ੧੯੮੪ ਦੇ ਨਤੀਜੇ ਵਜੋਂ ਇਹ ਸਾਰਾ ਕੁੱਝ ਢਹਿ ਗਿਆ ਹੈ। ਪੁਰਾਣੇ ਕੁਆਰਟਰਾਂ ਦੀ ਥਾਂ ਤੇ ਦੋ
ਛੱਤੇ ਬ੍ਰਾਂਡੇ ਬਣ ਗਏ ਹਨ ਜਿਥੇ ਅਖੰਡਪਾਠ ਹੁੰਦੇ ਹਨ। ਤਖ਼ਤ ਸਾਹਿਬ ਦੀ ਨਵੀਂ ਬਿਲਡਿੰਗ ਦੇ ਥੱਲੇ
ਹੀ ਉਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਹੱਥੀਂ ਲਾਇਆ ‘ਅਕਾਲ ਸਰ’ ਨਾਮੀ ਖੂਹ ਵੀ ਦੱਬ ਦਿਤਾ
ਗਿਆ ਹੈ।
ਸਾਡੇ ਬੀਬੀ ਜੀ ਤੇ ਮੇਰੇ ਛੋਟੇ ਭੈਣ ਭਰਾ ਤਾਂ ਪਿੰਡ ਵਿੱਚ ਹੀ ਰਹੇ ਪਰ ਮੈਨੂੰ ਭਾਈਆ ਜੀ ਆਪਣੇ ਨਾਲ਼
ਅੰਮ੍ਰਿਤਸਰ ਵਿੱਚ ਲੈ ਆਏ ਤਾਂ ਕਿ ਗੁਰਬਾਣੀ ਦੇ ਚਾਰ ਅੱਖਰ ਮੇਰੇ ਢਿਡ ਵਿੱਚ ਪੈ ਜਾਣ ਕਿਉਂਕਿ
ਸਕੂਲੇ ਤਾਂ ਮੈਂ ਪੜ੍ਹ ਨਹੀਂ ਸੀ ਸਕਿਆ। ਮੇਰਾ ਹਾਣੀ ਤੇ ਕੋਈ ਏਥੇ ਹੁੰਦਾ ਨਹੀਂ ਸੀ ਜਿਸ ਨਾਲ਼ ਬਚਪਨ
ਵਿੱਚ ਖੇਡਿਆ ਜਾ ਸਕੇ; ਇਸ ਲਈ ਦਸ ਯਾਰਾਂ ਸਾਲ ਦੀ ਉਪਰ ਵਿੱਚ ਆਪਣੇ ਸਰੀਰ ਦੀ ਖਰਮਸਤੀ ਦੀ ਪ੍ਰੇਰਨਾ
ਦੇ ਕਾਰਨ ਖੂਹ ਦੇ ਉਪਰਲੇ ਬੈੜ ਵਿੱਚ ਲੱਤਾਂ ਫਸਾ ਕੇ, ਆਪਣੇ ਹੱਥ ਛੱਡ ਕੇ ਖੂਹ ਵਿੱਚ ਲਮਕਿਆ ਕਰਦਾ
ਸਾਂ ਤੇ ਇਹੋ ਜਿਹੀਆਂ ਕੁੱਝ ਹੋਰ ਸਰੀਰਕ ‘ਕਸਰਤਾਂ’ ਕਰਿਆ ਕਰਦਾ ਸਾਂ। ਸਵੇਰੇ ਤਾਂ ਭਾਈਆ ਜੀ
ਗੁਰਦੁਆਰਾ ਸਾਹਿਬ ਵਿਖੇ ਆਪਣੇ ਨਾਲ਼ ਖੜ ਕੇ, ਲੜੀਵਾਰ ਸੈਂਚੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪਾਠ ਦੇ ਦਸ ਪੰਨਿਆਂ ਦੀ ਰੋਜ਼ ਸੰਸਥਾ ਦੇ ਕੇ, ਉਸ ਨੂੰ ਪੰਜ ਵਾਰੀਂ ਦੁਹਰਾਉਣ ਦਾ ਹੁਕਮ ਦਿਆ ਕਰਦੇ
ਸਨ ਪਰ ਬਹੁਤ ਵਾਰੀਂ, ਜਦੋਂ ਵੀ ਦਾ ਲੱਗੇ, ਮੈ ਇਸ ਜਰੂਰੀ ਕਾਰਜ ਕਰਨ ਵਿੱਚ ਖੁੰਝਾਈ ਹੀ ਮਾਰ ਜਾਇਆ
ਕਰਦਾ ਸਾਂ। ਸੈਂਚੀਆਂ ਤੋਂ ਸੰਥਿਆ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਪੋਥੀਆਂ ਪੰਜ ਗ੍ਰੰਥੀ, ਬਾਈ
ਵਾਰਾਂ ਤੇ ਭਗਤ ਬਾਣੀ ਦੀ ਸੰਥਿਆ ਭਾਈਆ ਜੀ ਨੇ ਪਿੰਡ ਰਹਿੰਦਿਆਂ ਹੀ ਕਰਾ ਦਿਤੀ ਸੀ। ਦਿਨ ਵੇਲ਼ੇ ਮੈਂ
ਗਿਆਨੀ ਕਰਤਾਰ ਸਿੰਘ ਕਲਾਸਵਾਲ਼ੀਏ ਦੇ, ਬੈਂਤਾਂ ਵਿੱਚ ਲਿਖੇ ਸਿੱਖ ਇਤਿਹਾਸ ਦੇ ਕਿੱਸਿਆਂ ਨੂੰ ਜਰੂਰ
ਪੜ੍ਹਿਆ ਕਰਦਾ ਸਾਂ। ਗਿਆਨੀ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ
ਸਿੰਘ ਦੇ ਰਾਜ ਦੇ ਖਾਤਮੇ ਤੱਕ ਦੇ, ਗਿਆਨੀ ਗਿਆਨ ਸਿੰਘ ਦੁਆਰਾ ‘ਪੰਥ ਪ੍ਰਕਾਸ਼’ ਵਿੱਚ ਲਿਖੇ ਗਏ
ਇਤਿਹਾਸ ਨੂੰ, ਪੇਂਡੂ ਲੋਕਾਂ ਦੇ ਪਧਰ ਦੇ ਕਿੱਸਿਆਂ ਦੇ ਰੂਪ ਵਿਚ, ਪੰਜਾਬੀ ਕਵਿਤਾ ਦਾ ਬੈਂਤ ਛੰਦ
ਵਰਤ ਕੇ ਲਿਖਿਆ ਸੀ, ਜਿਵੇਂ ਬਾਅਦ ਵਿੱਚ ਕਰਨਲ ਨਰਿੰਦਰ ਪਾਲ ਸਿੰਘ ਨੇ ਇਸ ਸਾਰੇ ਇਤਿਹਾਸ ਨੂੰ ਚਾਰ
ਭਾਗਾਂ ਵਿੱਚ ਨਾਵਲੀ ਰੂਪ ਵਿੱਚ ਲਿਖ ਕੇ ਮੌਜੂਦਾ ਪਾਠਕਾਂ ਦੇ ਹਾਣ ਦਾ ਬਣਾਇਆ ਹੈ। ਇਸ ਦੇ ਚਾਰ ਭਾਗ
ਹੁੰਦੇ ਸਨ। ਪਹਿਲਾ ਬਾਬਾ ਬੰਦਾ ਸਿੰਘ ਬਹਾਦਰ, ਦੂਜਾ ਤੱਤ ਖਾਲਸਾ, ਤੀਜਾ ਜੌਹਰ ਖ਼ਾਲਸਾ ਅਤੇ ਚੌਥਾ
ਰਾਜ ਖ਼ਾਲਸਾ। ਇਸ ਤਰ੍ਹਾਂ ਬਹੁਤ ਸਮਾ ਪਿੱਛੋਂ ਕਰਨਲ ਨਰਿੰਦਰ ਪਾਲ ਸਿੰਘ ਜੀ ਨੇ ਵੀ ਚਾਰ ਭਾਗਾਂ
ਵਿੱਚ ਖੰਨਿਅਹੁੰ ਤਿਖੀ, ਵਾਲਹੁੰ ਨਿਕੀ, ਏਤ ਮਾਰਗ ਜਾਣਾ ਅਤੇ ਇੱਕ ਸਰਕਾਰ ਬਾਝੋਂ ਦੇ ਨਾਮ ਹੇਠ,
ਗੁਰੂ ਸਾਹਿਬਾਨ ਤੋਂ ਪਿੱਛੋਂ ਅਤੇ ਸਤਲੁਜ ਕਿਨਾਰੇ ਦੇ ਸਿੱਖ ਅੰਗ੍ਰੇਜ਼ ਜੰਗਾਂ ਤੱਕ ਦੇ ਸਿੱਖ
ਇਤਿਹਾਸ ਨੂੰ ਕਲਮਬੰਦ ਕੀਤਾ ਹੈ। ਇਹਨਾਂ ਨਾਵਲਾਂ ਵਿੱਚ ਕਰਨਲ ਸਾਹਿਬ ਨੇ ਇੱਕ ਕਾਲਪਨਿਕ ਮਾਹਲ
ਘਰਾਣੇ ਨੂੰ ਕੇਂਦਰ ਵਿੱਚ ਰੱਖ ਕੇ, ਗਲਪ ਦੇ ਰੂਪ ਵਿੱਚ ਸਿੱਖ ਇਤਿਹਿਾਸ ਦੀ ਕਮਾਲ ਦੀ ਪੇਸ਼ਕਾਰੀ
ਕੀਤੀ ਹੈ।
ਮੇਰੇ ਰੋਜ਼ਾਨਾ ਦੇ ਰੁਝੇਵਿਆਂ ਵਿਚੋਂ ਸਭ ਤੋਂ ਮਨ ਪਸੰਦ ਰੁਝੇਂਵਾ, ਹਰ ਰੋਜ਼ ਸ਼ਾਮ ਨੂੰ ਗੁਰਦੁਆਰਾ
ਮੰਜੀ ਸਾਹਿਬ ਵਿਖੇ ਹੋਣ ਵਾਲ਼ੀ, ‘ਪੰਥ ਪ੍ਰਕਾਸ਼’ ਗ੍ਰੰਥ ਦੀ ਕਥਾ ਸੁਣਨੀ ਹੁੰਦਾ ਸੀ। ਇਸ ਕਥਾ ਨੂੰ
ਮੈਂ ਕਦੀ ਨਹੀਂ ਸਾਂ ਖੁੰਝਾਇਆ ਕਰਦਾ। ਕਥਾ ਤੋਂ ਪਿੱਛੋਂ ਫਿਰ ਭਾਈਆ ਜੀ ਮੇਰੇ ਪਾਸੋਂ ਇਸ ਕਥਾ ਦਾ
ਸਾਰ ਵੀ ਹਰ ਰੋਜ਼ ਸੁਣਿਆ ਕਰਦੇ ਸਨ। ਮੇਰੇ ਪਾਸੋਂ ਕਥਾ ਸੁਣਨ ਪਿੱਛੇ ਸ਼ਾਇਦ ਉਹਨਾਂ ਦਾ ਇਹ ਵਿਚਾਰ
ਹੋਵੇ ਕਿ ਮੈਂ ਕਿਤੇ ਕਥਾ ਦਾ ਬਹਾਨਾ ਲਾ ਕੇ ਹੋਰ ਪਾਸੇ ਹੀ ਨਾ ਅਵਾਰਾਗਰਦੀ ਕਰਦਾ ਫਿਰਦਾ ਹੋਵਾਂ!
ਇਹ ਮੇਰਾ ਹੀ ਵਿਚਾਰ ਹੈ ਉਹਨਾਂ ਨੇ ਕਦੇ ਆਪਣੇ ਮੂੰਹੋਂ ਇਹ ਸ਼ੰਕਾ ਨਹੀਂ ਸੀ ਪਰਗਟ ਕੀਤੀ। ਇਹ ਕਥਾ
ਸ੍ਰੀ ਦਰਬਾਰ ਸਾਹਿਬ ਦੇ ਉਸ ਸਮੇ ਦੇ ਬੜੀ ਚੜ੍ਹਦੀਕਲਾ ਵਾਲ਼ੇ ਗ੍ਰੰਥੀ, ਸਿੰਘ ਸਾਹਿਬ ਗਿਆਨੀ ਅੱਛਰ
ਸਿੰਘ ਜੀ ਕਰਿਆ ਕਰਦੇ ਸਨ; ਬਾਅਦ ਵਿੱਚ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਸੇਵਾ ਵੀ
ਨਿਭਾਉਂਦੇ ਰਹੇ। ਉਹਨਾਂ ਦੀ ਅਗਵਾਈ ਹੇਠ ਹੀ ਪੰਜਾਂ ਪਿਆਰਿਆਂ ਨੇ, ੧੯੬੦ ਵਿਚ, ਅਕਾਲੀ ਆਗੂਆਂ:
ਮਾਸਟਰ ਤਾਰਾ ਸਿੰਘ ਜੀ, ਸੰਤ ਫ਼ਤਿਹ ਸਿੰਘ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ
ਸਾਰੇ ਮੈਂਬਰਾਂ ਨੂੰ, ਅਰਦਾਸ ਭੰਗ ਕਰਨ ਦਾ ਦੋਸ਼ ਸਾਬਤ ਕਰਕੇ ਤਨਖ਼ਾਹ ਲਾਈ ਸੀ।
ਪਿੰਡ ਵਿਚਲੀ ਸ਼ਾਮ ਪੈਂਦਿਆਂ ਹੀ ਹਨੇਰਾ ਹੋ ਜਾਣ ਵਾਲ਼ੇ ਵਾਤਾਵਰਣ ਵਿਚੋਂ ਸ਼ਹਿਰ ਆ ਗਿਆ, ਜਿਥੇ ਜਗਮਗ
ਜਗਮਗ ਕਰਦੇ ਬਿਜਲੀ ਦੇ ਲਾਟੂ, ਟਿਊਬਾਂ ਆਦਿ ਸਦਕਾ ਰਾਤ ਤੇ ਦਿਨ ਵਿਚਲੇ ਫਰਕ ਦਾ ਹੀ ਪਤਾ ਨਹੀਂ ਸੀ
ਲੱਗਦਾ। ਇਹਨੀਂ ਦਿਨੀ ਜਦੋਂ ਕਦੀ ਬੜੇ ਉਤਸ਼ਾਹ ਨਾਲ਼ ਪਿੰਡ ਜਾਣਾ ਤਾਂ ਦਿਨ ਤਾਂ ਹਾਣੀਆਂ ਨਾਲ਼ ਡੰਗਰ
ਚਾਰਦਿਆਂ ਜਾਂ ਗੁੱਲੀ ਡੰਡਾ ਖੇਡਦਿਆਂ ਖ਼ੁਸ਼ੀ ਵਿੱਚ ਲੰਘ ਜਾਣਾ ਪਰ ਤਕਾਲ਼ਾਂ ਪੈਂਦਿਆਂ ਹੀ ਹਨੇਰਾ ਹੋ
ਜਾਣ ਤੇ ਮਨ ਉਪਰ ਸੋਗ ਛਾ ਜਾਣਾ। ਸ੍ਰੀ ਦਰਬਾਰ ਸਾਹਿਬ ਦੇ ਰਾਤ ਭਰ ਚੱਲ ਰਹੇ ਰੌਣਕ ਮੇਲੇ ਦਾ ਮਨ
ਉਪਰ ਏਨਾ ਚੰਗਾ ਅਸਰ ਹੋਣਾ ਕਿ ਰਾਤ ਰਾਤ ਭਰ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿੱਚ ਘੁੰਮੀ
ਜਾਣਾ। ਰਾਤ ਦੇ ਯਾਰਾਂ ਕੁ ਵਜੇ ਤੱਕ ਤਾਂ ਦਰਬਾਰ ਸਾਹਿਬ ਦੇ ਕਾਰਜ ਕਰਮ ਹੀ ਸਮਾਪਤ ਹੋਣੇ ਤੇ ਫਿਰ
ਅਧੀ ਕੁ ਰਾਤ ਦੇ ਸਮੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਨੇ ਸੁਖਮਨੀ ਸਾਹਿਬ ਦਾ ਪਾਠ
ਸ਼ੁਰੂ ਕਰ ਦੇਣਾ। ਸ੍ਰੀ ਦਰਬਾਰ ਅੰਦਰ ਡੇਢ ਵਜੇ ਕੀਰਤਨ ਸ਼ੁਰੂ ਹੋ ਜਾਣਾ ਤੇ ਤਿੰਨ ਵਜੇ ‘ਆਸਾ ਕੀ
ਵਾਰ’ ਦਾ ਕੀਰਤਨ ਸ਼ੁਰੂ ਹੋ ਜਾਂਦਾ ਸੀ ਤੇ ਪੰਜ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ,
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਹੋਣਾ ਆਦਿ ਤਕਰੀਬਨ ਸਾਰੀ
ਰਾਤ ਹੀ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਧਾਰਮਿਕ ਸਰਗਰਮੀਆਂ ਚੱਲਦੀਆਂ ਰਹਿਣੀਆਂ ਤੇ ਮੈਂ ਵੀ
ਰਾਤ ਭਰ ਜਾਗਦੇ ਰਹਿਣਾ। ਜਿਵੇਂ ਸੋਚਦਾ ਹੁੰਦਾ ਸੀ ਕਿ ਸਿਰਫ ਭੁੱਖ ਲੱਗਣ ਕਰਕੇ ਹੀ ਰੋਟੀ ਖਾਈਦੀ ਹੈ
ਤੇ ਜੇ ਨਾ ਲੱਗੇ ਤਾਂ ਨਹੀਂ; ਏਸੇ ਤਰ੍ਹਾਂ ਉਹਨੀਂ ਦਿਨੀਂ ਸੋਚਦਾ ਹੁੰਦਾ ਸੀ ਕਿ ਜੇ ਨੀਂਦ ਨਹੀਂ
ਆਉਂਦੀ ਤਾਂ ਸੌਣਾ ਕਾਹਦੇ ਲਈ ਹੈ! ਰਾਤ ਜਾਗਦੇ ਰਹਿਣ ਕਰਕੇ, ਮੇਰਾ ਸਵੇਰੇ ਦਿਨ ਚੜ੍ਹੇ ਸੌਂ ਜਾਣਾ
ਭਾਈਆ ਜੀ ਨੂੰ ਭੌਂਦਾ ਨਹੀਂ ਸੀ ਹੁੰਦਾ ਤੇ ਉਹ ਮੇਰੇ ਤੇ ਇਸ ਗੱਲੋਂ ਨਾਰਾਜ਼ ਰਹਿੰਦੇ ਸਨ। ਉਹਨਾਂ
ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਹੁੰਦੀ ਕਿ ਮੈਂ ਰਾਤ ਭਰ ਜਾਗਦਾ ਤੇ ਪਰਕਰਮਾਂ ਵਿੱਚ ਭਾਉਂਦਾ
ਰਹਿੰਦਾ ਹਾਂ। ਉਹ ਮੈਨੂੰ ਕੋਸਦੇ ਰਹਿੰਦੇ ਸਨ ਕਿ ਮੈਂ ਸਵੇਰੇ ਸਮੇ ਸਿਰ ਉਠ ਕੇ ਨਹਾਉਂਦਾ ਨਹੀਂ ਤੇ
ਦਿਨ ਚੜ੍ਹੇ ਤੱਕ ਸੁੱਤਾ ਰਹਿੰਦਾ ਹਾਂ; ਨਿੱਤਨੇਮ ਕਰਦਾ ਵੀ ਹਾਂ ਕਿ ਨਹੀਂ!
ਇਤਿਹਾਸ ਦੀ ਕਥਾ, ਇਤਿਹਾਸ ਦੇ ਗ੍ਰੰਥ, ਇਤਿਹਾਸਕ ਵਿਅਕਤੀਆਂ ਦੀਆਂ ਫੋਟੋ, ਦੀਵਾਨਾਂ ਵਿੱਚ ਸੁਣੇ
ਸੂਰਮਿਆਂ ਦੇ ਪਰਸੰਗ ਆਦਿ ਵਾਲ਼ੇ ਵਾਤਾਵਰਣ ਵਿੱਚ ਵਿਚਰਦਿਆਂ, ਮੇਰੇ ਮਨ ਉਪਰ ਸਿੰਘਾਂ ਦੇ ਸੂਰਮਗਤੀ
ਵਾਲ਼ੇ ਪੱਖ ਦਾ ਏਨਾ ਅਸਰ ਸੀ ਕਿ ਇੱਕ ਦਿਨ ਮੈਂ ਆਪਣੇ ਕਮਰੇ ਦੀ ਅੰਦਰਲੀ ਕੰਧ ਉਪਰ, ਲੋਹੇ ਦੀ
ਸੀਖ ਨਾਲ਼ ਆਪਣਾ ਨਾਂ ‘ਭਾਈ ਸੰਤੋਖ ਸਿੰਘ ਅਕਾਲੀ’ ਉਕਰ ਦਿਤਾ। ਬਚਪਨ ਵਿੱਚ ਜਦੋਂ ਅਸੀਂ ਅੱਖਰ
ਲਿਖਣ ਦੇ ਕਾਬਲ ਹੋ ਜਾਈਏ ਤਾਂ ਆਪਣਾ ਨਾਂ ਲਿਖਿਆ ਵੇਖ ਕੇ ਤੇ ਜਾਂ ਖ਼ੁਦ ਲਿਖਣ ਵਿੱਚ ਖ਼ੁਸੀ ਮਹਿਸੂਸ
ਕਰਦੇ ਹਾਂ। ਜਦੋਂ ਭਾਈਆ ਜੀ ਦੀ ਨਿਗਾਹ ਮੇਰੇ ਵੱਲੋਂ ਲਿਖੇ ਗਏ ਇਹਨਾਂ ਚਾਰ ਅੱਖਰਾਂ ਵਾਲ਼ੇ ਵਾਕ ਉਪਰ
ਪਈ ਤਾਂ ਉਹਨਾਂ ਨੇ ਚੁਪ ਚਾਪ ਬਾਹਰ ਜਾ ਕੇ ਵੇਹੜੇ ਵਿਚਲੇ ਕੁੱਝ ਸਿੰਘਾਂ ਨੂੰ ਸੱਦ ਲਿਆ ਤੇ ਮੇਰੇ
ਵੱਲੋਂ ਲਿਖੇ ਗਏ ਮੇਰੇ ਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਆਖਿਆ, “ਵੇਖੋ, ਇਸ ਵਡੇ ਅਕਾਲੀ
ਵੱਲ। ਨਾ ਇਹ ਅੰਮ੍ਰਿਤ ਵੇਲੇ ਉਠਦਾ, ਨਾ ਵੇਲ਼ੇ ਸਿਰ ਨਹਾਉਂਦਾ ਤੇ ਨਿਤਨੇਮ ਵੀ ਪਤਾ ਨਹੀਂ ਕਦੋਂ
ਕਰਦਾ, ਤੇ ਕਰਦਾ ਵੀ ਆ ਕਿ ਨਹੀਂ ਪਰ ਆਪਣੇ ਨਾਂ ਦੇ ਅੱਗੇ ਸਿਰਫ ਭਾਈ ਲਿਖ ਕੇ ਹੀ ਨਹੀਂ ਰੁਕਿਆ
ਸਗੋਂ ਹੋਰ ਅੱਗੇ ਵਧ ਕੇ, ਉਸ ਦੇ ਨਾਲ਼ ਅਕਾਲੀ ਵੀ ਲਿਖ ਲਿਆ!” ਸਿੰਘ ਕੁੱਝ ਆਖ ਕੇ, ਜੋ ਮੈਨੂੰ
ਹੁਣ ਯਾਦ ਨਹੀਂ ਤੇ ਮੁਸਕਰਾ ਕੇ ਚਲੇ ਗਏ।
ਜੂਨ ੧੯੮੪ ਤੋਂ ਪਿੱਛੋਂ ਏਥੇ ਸਾਰਾ ਕੁੱਝ ਹੀ ਉਥਲ ਪੁਥਲ ਹੋ ਚੁੱਕਾ ਹੈ।
ਸੰਤੋਖ ਸਿੰਘ ੩੦. ੪. ੨੦੧੬
|
. |