ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਹਸਨ ਅਬਦਾਲ ਤੋਂ ਰਵਾਨਗੀ
ਮਨੁੱਖ ਦੀ ਮਾਨਸਿਕ ਅਵਸਥਾ ਇਸ
ਤਰ੍ਹਾਂ ਦੀ ਹੈ ਕਿ ਇਹ ਜਿੱਥੇ ਵੀ ਰਾਤ ਰਹਿੰਦਾ ਹੈ ਉਸ ਨਾਲ ਮੋਹ ਜੇਹਾ ਪਾ ਲੈਂਦਾ ਹੈ। ਥੋੜੀ
ਕੀਤਿਆਂ ਜਿੱਥੇ ਸੁਖ ਮਿਲਦਾ ਹੋਵੇ ਉਸ ਥਾਂ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ। ਅਸੀਂ ਤਾਂ ਯਤਾਰੂ
ਸੀ ਫਿਰ ਵੀ ਇੰਝ ਲੱਗਦਾ ਸੀ ਕਿ ਕੁੱਝ ਦਿਨ ਹੋਰ ਏੱਥੇ ਰਹੀਏ। ਪਹਿਲਾਂ ਸਮਾਨ ਰੱਖਣਾ ਔਖਾ ਹੁੰਦਾ ਹੈ
ਫਿਰ ਸਮਾਨ ਚੁੱਕਣ ਲੱਗਿਆਂ ਔਖ ਜੇਹੀ ਮਹਿਸੂਸ ਹੁੰਦੀ ਹੈ। ਬੜੇ ਚਿਰ ਦੀ ਤਮੰਨਾ ਸੀ ਕਿ ਇਸ ਇਤਿਹਾਸਕ
ਅਸਥਾਨ ਦੇ ਦਰਸ਼ਨ ਕਰਕੇ ਪੱਥਰ ਵਿੱਚ ਪੰਜਾ ਲੱਗਣ ਵਾਲੀ ਸਾਖੀ ਦੇ ਸਿਧਾਂਤਿਕ ਪੱਖ ਨੂੰ ਸਮਝਿਆ ਜਾਏ।
ਸਮਾਂ ਥੋੜਾ ਹੋਣ ਕਰਕੇ ਬਹੁਤੀਆਂ ਜਾਣਕਾਰੀਆਂ ਪ੍ਰਾਪਤ ਨਹੀਂ ਹੋ ਸਕੀਆਂ ਫਿਰ ਵੀ ਜਿੰਨਾਂ ਹੋ ਸਕਿਆ
ਸਮਝਣ ਦਾ ਯਤਨ ਕੀਤਾ ਹੈ। ਮਿਲਣ ਵਾਲੇ ਵੀਰਾਂ ਦੀ ਬੜੀ ਵੱਡੀ ਭਾਵਨਾ ਸੀ ਕਿ ਖੁਲ੍ਹ ਕੇ ਵਿਚਾਰਾਂ
ਕੀਤੀਆਂ ਜਾਣ ਫਿਰ ਪਤਾ ਨਹੀਂ ਕਦੋਂ ਸਮਾਂ ਮਿਲੇਗਾ।
ਬਾਹਰੋਂ ਆਏ ਨੌਜਵਾਨ ਵੀਰਾਂ ਲਈ ਵਿਚਾਰਾਂ ਕਰਨ ਦਾ ਵਕਤ ਬਹੁਤ ਘੱਟ ਸੀ। ਉਹਨਾਂ ਦੇ ਸਵਾਲ ਮੁਕਣ ਦਾ
ਨਾਂ ਨਹੀਂ ਲੈ ਰਹੇ ਸਨ। ਦੂਸਰੇ ਪਾਸੇ ਪੰਜਾ ਸਾਹਿਬ ਨੂੰ ਛੱਡਣ ਦਾ ਸਮਾਂ ਵੀ ਨਜ਼ਦੀਕ ਆਈ ਜਾ ਰਿਹਾ
ਸੀ। ਪੁਰਾਣੀਆਂ ਯਾਦਾਂ ਵਿਚੋਂ ਮੈਨੂੰ ਕੇਵਲ ਓਸੇ ਗੇਟ ਦਾ ਹੀ ਚੇਤਾ ਰਿਹਾ ਸੀ ਜਿਸ ਰਾਂਹੀਂ ਅਸੀਂ
ਅੰਦਰ ਪ੍ਰਵੇਸ਼ ਹੋਏ ਸੀ। ਬਾਕੀ ਸਾਰਾ ਦਿਮਾਗ ਦੀ ਚਿੱਪ ਵਿਚੋਂ ਵਿਸਰ ਚੁੱਕਿਆ ਸੀ। ਬਜ਼ਾਰ ਜਾਣ ਦੀ
ਆਗਿਆ ਨਹੀਂ ਸੀ। ਪ੍ਰਸ਼ਾਸ਼ਨ ਵਲੋਂ ਬਹੁਤ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਗੇਟ
ਸਾਹਮਣੇ ਆਲ੍ਹਾ ਅਫ਼ਸਰ ਬੈਠੇ ਹੋਏ ਸਨ। ਇੰਜ ਲੱਗਦਾ ਸੀ ਜਿਵੇਂ ਇਹਨਾਂ ਨੇ ਇਹ ਆਰਜ਼ੀ ਦਫ਼ਤਰ ਬਣਾਇਆ
ਹੋਵੇ। ਗੁਰਦੁਆਰਾ ਸਾਹਿਬ ਤੋਂ ਜਾਣ ਦਾ ਬਿਗਲ ਵੱਜਿਆ, ਅਵਾਜ਼ ਆਈ ਚਲੋ ਬਈ ਆਪੋ ਆਪਣਾ ਸਮਾਨ ਲਓ ਤੇ
ਗੇਟ `ਤੇ ਆ ਜਾਓ। ਸਿੰਧ, ਪੇਸ਼ਾਵਰ, ਲਾਹੌਰ ਹੋਰ ਸ਼ੀਹਰਾਂ ਅਤੇ ਸਥਾਨਿਕ ਵੀਰਾਂ ਨਾਲ ਵਿਚਾਰਾਂ
ਕਰਦਿਆਂ ਅਸੀਂ ਵੀ ਗੇਟ ਵਲ ਨੂੰ ਖਿਸਕਣਾ ਸ਼ੁਰੂ ਕੀਤਾ। ਜਿਹੜਾ ਜਿਹੜਾ ਗਰੁੱਪ ਇਕੱਠਾ ਹੋਈ ਜਾਂਦਾ ਸੀ
ਉਸ ਨੂੰ ਉਸ ਦੀ ਗੱਡੀ ਵਿੱਚ ਪ੍ਰਸ਼ਾਸ਼ਨ ਬੈਠਾਈ ਜਾ ਰਿਹਾ ਸੀ। ਬਜ਼ਾਰ ਬੰਦ ਹੋਣ ਦੇ ਬਾਵਜੂਦ ਵੀ
ਪਾਕਿਸਤਾਨੀ ਵੀਰਾਂ ਨੇ ਸਾਨੂੰ ਕੁੱਝ ਪਾਣੀ ਦੀਆਂ ਬੋਤਲਾਂ ਲਿਆ ਦਿੱਤੀਆਂ। ਥੋੜੇ ਸਮੇਂ ਦੀ ਫੇਰੀ
ਹੋਣ ਕਰਕੇ ਕਈ ਜਾਣਕਾਰੀਆਂ ਰਹਿ ਗਈਆਂ ਹਨ। ਵਿਸ਼ੇਸ਼ ਗੱਲ ਕੇ ਬਿਨਾਂ ਸ਼ਨਾਖਤੀ ਕਾਰਡ ਦੇ ਗੁਰਦੁਆਰੇ
ਵਿੱਚ ਕਿਸੇ ਨੂੰ ਆਉਣ ਦੀ ਆਗਿਆ ਨਹੀਂ ਸੀ ਜੋ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਲਈ ਜ਼ਰੂਰੀ
ਸੀ।
ਯਾਤਰੂਆਂ ਦੇ ਤੁਰਨ ਦਾ ਸਮਾਂ ੧੦. ੩੦ ਦਾ ਸੀ ਪਰ ੧੧. ੧੫ ਵਜੇ ਜੱਥੇ ਨੇ ਰਵਾਨਗੀ ਲੈਣੀ ਸ਼ੁਰੂ ਕਰ
ਦਿੱਤੀ। ਜੂੰ ਦੀ ਚਾਲ ਨਾਲ ਗੱਡੀਆਂ ਅੱਗੇ ਵੱਧ ਰਹੀਆਂ ਸਨ ਕਿਉਂਕਿ ਪਿੱਛੇ ਅਜੇ ਯਾਤਰੂ ਸਵਾਰ ਹੋ
ਰਹੇ ਸਨ। ਪੁਲੀਸ ਦਾ ਜਮਘਟਾ ਜੇਹਾ ਮਹਿਸੂਸ ਕੀਤਾ। ਲਾਲ ਬੱਤੀਆਂ ਵਾਲੀਆਂ ਗੱਡੀਆਂ ਨੇ ਮੋਟੀ ਤੇ
ਬਰੀਕ ਅਵਾਜ਼ ਵਿੱਚ ਚੀਕਣਾ ਸ਼ੁਰੂ ਕੀਤਾ। ਆਮ ਲੋਕਾਂ ਲਈ ਇਹ ਡਰਾਉਣੀਆਂ ਜੇਹੀਆਂ ਅਵਾਜ਼ਾਂ ਸਨ ਜਿਸ ਨੂੰ
ਸੁਣ ਕੇ ਲੋਕ ਸੜਕ ਤੋਂ ਪਾਸੇ ਹੋਈ ਜਾ ਰਹੇ ਸਨ ਤੇ ਸਾਨੂੰ ਰਾਹ ਮਿਲਣਾ ਸ਼ੂਰੂ ਹੋ ਗਿਆ। ਲੋਕ ਹੱਥ
ਹਿਲਾ ਕੇ ਪਿਆਰ ਦੇ ਰਹੇ ਸਨ। ਕਈ ਦੁਕਾਨਾਂ ਦੇ ਅੰਦਰ ਬੈਠੇ ਹੋਏ ਪਰ ਹੂਟਰ ਦੀ ਅਵਾਜ਼ ਸੁਣ ਕੇ ਇੱਕ
ਦਮ ਦੁਕਾਨ ਤੋਂ ਬਾਹਰ ਆ ਕੇ ਪਿਆਰ ਨਾਲ ਹੱਥ ਉੱਚਾ ਕਰਕੇ ਅਪਣਤ ਜ਼ਾਹਰ ਕਰ ਰਹੇ ਸੀ। ਹਸਨ ਅਬਦਾਲ ਤੋਂ
ਲਾਹੌਰ ਦਾ ਰਸਤਾ ਤਕਰੀਬਨ ੪੦੦ ਕਿਲੋਮੀਟਰ ਦਾ ਹੈ। ਇਹ ਉਹ ਹੀ ਸੜਕ ਹੈ ਜਿਸ ਨੂੰ ਹਾਈਵੇ ਆਖਦੇ ਹਨ।
ਇਸ ਦੇ ਇਲਾਵਾ ਇੱਕ ਹੋਰ ਪਹਿਲੀ ਜੀ. ਟੀ. ਰੋਡ ਜੋ ਪਿਸ਼ਾਵਰ ਤੋਂ ਕਲਕੱਤੇ ਤਕ ਜਾਂਦੀ ਹੈ ਤੇ ਉਸ ਸੜਕ
ਨੂੰ ਸ਼ੇਰਸ਼ਾਹ ਸੂਰੀ ਮਾਰਗ ਆਖਦੇ ਹਨ। ਸਾਡੀ ਗੱਡੀ ਵਾਲਾ ਵਾਹਵਾ ਤੇਜ਼ ਡ੍ਰਾਈਵਰ ਸੀ। ਇਹ ਆਪਣੀ ਮਰਜ਼ੀ
ਨਾਲ ਕਈ ਵਾਰੀ ਗੱਡੀ ਅੱਗੇ ਵੀ ਕੱਢ ਲੈਂਦਾ ਸੀ। ਮਾਰੋ ਮਾਰ ਕਰਦੀਆਂ ਗੱਡੀਆਂ ਸੁਰੱਖਿਆ ਦਸਤਿਆਂ ਨਾਲ
ਭੱਜੀਆਂ ਜਾ ਰਹੀਆਂ ਸਨ। ਦਰੱਖਤ ਪਿੱਛੇ ਨੂੰ ਭੱਜੇ ਜਾਂਦੇ ਦਿਖਾਈ ਦੇ ਰਹੇ ਸਨ। ਜ਼ਿਆਦਾ ਜਾਗਦਿਆਂ ਹੀ
ਸਫਰ ਦਾ ਅਨੰਦ ਲਿਆ ਪਰ ਥਕੇਵਾਂ ਕਰਕੇ ਕਿਤੇ ਅੱਖ ਵੀ ਲੱਗ ਜਾਂਦੀ ਸੀ। ਚੱਲ ਰਹੇ ਸਫਰ ਵਿਚੋਂ
ਗੁਰਜੰਟ ਸਿੰਘ ਨੇ ਡ੍ਰਾਈਵਰ ਨੂੰ ਕਿਹਾ ਕਿ ਭਾਈ ਗੱਡੀ ਤੇਰੀ ਕੰਬਦੀ ਹੋਈ ਮਹਿਸੂਸ ਹੋ ਰਹੀ ਹੈ। ਉਹ
ਅੱਗੋਂ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਸੜਕ ਹੀ ਏਦਾਂ ਦੀ ਆ ਗਈ ਹੈ। ਅਸਲ ਵਿੱਚ ਸਾਡੀ ਗੱਡੀ ਦਾ
ਮਗਰਲਾ ਇੱਕ ਟਾਇਰ ਪੰਕਚਰ ਹੋ ਗਿਆ ਸੀ। ਡ੍ਰਾਈਵਰ ਨੂੰ ਪਤਾ ਸੀ ਕਿ ਥੋੜੇ ਚਿਰ ਵਿੱਚ ਸਾਡਾ ਪੜਾਅ ਆ
ਜਾਣਾ ਹੈ ਓੱਥੋਂ ਫਿਰ ਪੰਕਚਰ ਲਵਾ ਲਵਾਂਗੇ। ਮੇਰਾ ਕਰਕੇ ਸਾਰਾ ਕਾਫਲਾ ਕਿਉਂ ਰੁਕੇ?
ਰਸਤੇ ਵਿੱਚ ਪੌਣੇ ਕੁ ਚਾਰ ਵਜੇ ਠਹਿਰਾਓ ਕੀਤਾ। ਭੁੱਖ ਪੂਰੀ ਚਮਕੀ ਹੋਈ ਸੀ। ਏੱਥੇ ਵੀ ਕਲ੍ਹ ਵਾਲੀ
ਸਮੱਸਿਆ ਸੀ। ਆਪੋ ਆਪਣੀ ਲੋੜ ਅਨੁਸਾਰ ਚਾਹ ਕਾਫ਼ੀ, ਬਿਸਕੁਟ, ਕੇਕ ਜਾਂ ਸਬਵੇਅ, ਕੇ. ਐਫ. ਸੀ. ਆਦਿ
ਤੋਂ ਕੁੱਝ ਨਾ ਕੁੱਝ ਲੋਕ ਖਾ ਪੀ ਰਹੇ ਸਨ। ਗੱਡੀਆਂ `ਤੇ ਸਵਾਰ ਹੋਣ ਲਈ ਆਏ ਤਾਂ ਸਾਡੀ ਗੱਡੀ ਵਾਲਾ
ਪੰਕਚਰ ਲਵਾ ਰਿਹਾ ਸੀ। ਅਸੀਂ ਥੋੜਾ ਚਿਰ ਉਸ ਦਾ ਇੰਤਜ਼ਾਰ ਕੀਤਾ। ਉਹ ਜਲਦੀ ਹੀ ਆਪਣਾ ਕੰਮ ਮੁਕਾ ਕੇ
ਜਾਣ ਵਾਲੀ ਕਤਾਰ ਵਿੱਚ ਲੱਗ ਗਿਆ। ਚਲਦਿਆਂ ਚਲਦਿਆਂ ਸ਼ਾਮ ਪੈ ਗਈ ਤਾਂ ਕਲ੍ਹ ਵਾਂਗ ਸਭ ਨੇ ਮਿਲ ਕੇ
ਰਹਿਰਾਸ ਦਾ ਪਾਠ ਕੀਤਾ। ਅਰਦਾਸ ਹੋਈ ਤੇ ਫਿਰ ਭਾਈ ਧੂੰਦਾ ਜੀ ਨੇ ਲਗਾਤਾਰ ਕਈ ਸ਼ਬਦਾਂ ਦੀ ਧਾਰਨਾ
ਦੁਆਰਾ ਬੜਾ ਵਧੀਆ ਰੰਗ ਬਨ੍ਹਿਆ। ਸਾਰੀ ਸੰਗਤ ਬਹੁਤ ਖੁਸ਼ ਹੋਈ। ਇੱਕ ਬੱਚੀ ਨੇ ਪ੍ਰਸ਼ਾਦ ਦੇ ਰੂਪ
ਵਿੱਚ ਕੁੱਝ ਮਿੱਠਾ ਵੰਡਿਆ। ਵਿਚਾਰਾਂ ਕਰਦਿਆਂ ਕਰਦਿਆਂ ਲਾਹੌਰ ਦੀਆਂ ਬੱਤੀਆਂ ਜੱਗਦੀਆਂ ਹੋਈਆਂ ਨਜ਼ਰ
ਆਉਣ ਲੱਗ ਪਈਆਂ। ਹਾਈਵੇ ਨੂੰ ਅਸੀਂ ਛੱਡ ਚੁਕੇ ਸੀ। ਲਿੰਕ ਸੜਕ ਕਿਤੇ ਕਿਤੇ ਖਰਾਬ ਜੇਹੀ ਸੀ।
ਗੱਡੀਆਂ ਹੌਲ਼ੀ ਹੋਈਆਂ ਲੋਕਾਂ ਨੇ ਹੱਥ ਖੜੇ ਕਰਕੇ ਪਿਆਰ ਦਾ ਪ੍ਰਗਟਾਅ ਕੀਤਾ। ਸ਼ਹਿਰ ਦੀ ਚਹਿਲ ਪਹਿਲ
ਸ਼ੁਰੂ ਹੋ ਗਈ। ਵਲ਼ ਵਲੇਵੇਂ ਖਾਂਦਿਆਂ ਸਾਡਾ ਜੱਥਾ ਰਾਤ ਦੇ ਨੌਂ ਕੁ ਵਜੇ ਗੁਰਦੁਆਰਾ ਡੇਰਾ ਸਾਹਿਬ
ਲਾਹੌਰ ਪਹੁੰਚ ਗਿਆ। ਏੱਥੇ ਗੁਰਦੁਆਰਾ ਸਾਹਿਬ ਵਿੱਚ ਰਹਿਣ ਦਾ ਥੋੜਾ ਪ੍ਰਬੰਧ ਸੀ ਬਾਕੀ ਕਈ ਹੋਰ
ਥਾਂਵਾਂ ਤੇ ਜੱਥੇ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ। ਕੁੱਝ ਕੁ ਨੂੰ ਹੋਟਲਾਂ ਵਿੱਚ ਵੀ
ਠੀਹਰਾਇਆ ਗਿਆ ਸੀ। ਸਾਡੀ ਰਹਾਇਸ਼ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ, ਨੌ ਲੱਖਾ ਬਾਜ਼ਾਰ (ਨਖਾਸ
ਚੌਂਕ ਵੀ ਕਿਹਾ ਜਾਂਦਾ ਹੈ) ਵਿਖੇ ਸੀ। ਸਾਡਾ ਸਿੰਘ ਸਿੰਘਣੀਆਂ ਗੁਰਦੁਆਰਾ ਵਿਖੇ ਹੀ ਪ੍ਰਬੰਧ ਕੀਤਾ
ਗਿਆ ਸੀ। ਏੱਥੇ ਹੋਰ ਵੀ ਸੰਗਤ ਦੇ ਠਹਿਰਨ ਦਾ ਪ੍ਰਬੰਧ ਸੀ। ਗਰਮੀ ਦਾ ਮੌਸਮ ਹੋਣ ਕਰਕੇ ਕਈਆਂ ਨੇ
ਬਾਹਰ ਹੀ ਗੱਦੇ ਲਗਾ ਲਏ ਸਨ। ਏੱਥੇ ਸਾਰਾ ਦਿਨ ਇੱਕ ਘੰਟਾ ਬਿਜਲੀ ਆਉਂਦੀ ਹੈ ਤੇ ਇੱਕ ਘੰਟਾ ਬੰਦ
ਰਹਿੰਦੀ ਹੈ। ਰਾਤ ਨੂੰ ਗਿਆਰਾਂ ਵਜੇ ਬਿਜਲੀ ਆਉਂਦੀ ਹੈ ਤੇ ਚਾਰ ਕੁ ਵਜੇ ਬੰਦ ਹੋ ਜਾਦੀ ਹੈ। ਸਾਨੂੰ
ਕਮਰਾ ਮਿਲ ਗਿਆ ਅਸੀਂ ਆਪਣਾ ਸਮਾਨ ਰੱਖਿਆ ਤੇ ਇਸ਼ਨਾਨ ਕੀਤਾ। ਏੱਥੇ ਹਰ ਮੰਜ਼ਿਲ `ਤੇ ਤਿੰਨ ਗੁਸਲਖਾਨੇ
ਇੱਕ ਪਾਸੇ ਤੇ ਦੂਜੇ ਪਾਸੇ ਤਿੰਨ ਪਾਖਾਨੇ ਸਨ। ਕਦੇ ਕਦੇ ਸੰਗਤ ਜਾਣ ਕਰਕੇ ਸਫ਼ਾਈ ਆਦਿਕ ਦੀ ਘਾਟ
ਮਹਿਸੂਸ ਹੁੰਦੀ ਸੀ। ਭਾਂਵੇ ਔਕਾਫ਼ ਬੋਰਡ ਅਤੇ ਪਾਕਿਸਤਾਨ ਕਮੇਟੀ ਵਲੋਂ ਪੂਰਾ ਪੂਰਾ ਧਿਆਨ ਰੱਖਿਆ ਜਾ
ਰਿਹਾ ਸੀ ਪਰ ਫਿਰ ਵੀ ਏਡੇ ਵੱਡੇ ਇੰਤਜ਼ਾਮ ਵਿੱਚ ਕਈ ਕਮੀਆਂ ਰਹਿ ਜਾਣੀਆਂ ਸਭਾਵਿਕ ਹਨ। ਸਭ ਤੋਂ
ਪਹਿਲਾਂ ਸਵੇਰੇ ਇਸ ਅਸਥਾਨ ਦੇ ਹੀ ਦਰਸ਼ਨ ਕੀਤੇ ਗਏ ਸਨ।
ਸੰਨ ੧੭੪੬ ਵਿੱਚ ਜਦੋਂ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਇੱਕ ਕਿਸਮ ਦੀ ਕਸਮ ਹੀ
ਖਾਧੀ ਹੋਈ ਸੀ ਕਿ ਮੈਂ ਕੋਈ ਸਿੱਖ ਜਿਉਂਦਾ ਨਹੀਂ ਰਹਿਣ ਦੇਣਾ। ਉਸ ਦੇ ਹੁਕਮ ਅਨੁਸਾਰ ਇਨਾਮ ਪ੍ਰਾਪਤ
ਕਰਨ ਲਈ ਸਿੰਘ ਸਿੰਘਣੀਆਂ ਨੂੰ ਗ੍ਰਿਫ਼ਤਾਰ ਕਰਕੇ ਏੱਥੇ ਲਿਆਂਦਾ ਜਾਂਦਾ ਸੀ। ਸਰਕਾਰੀ ਅਧੀਨਗੀ ਕਬੂਲਣ
ਲਈ ਕਿਹਾ ਜਾਂਦਾ ਸੀ। ਸਰਕਾਰੀ ਅਹਿਲਕਾਰਾਂ ਵਲੋਂ ਹਰ ਹਰਬਾ ਵਰਤਦਿਆਂ ਪੂਰਾ ਤਸ਼ੱਦਦ ਕੀਤਾ ਜਾਦਾ ਸੀ।
ਆਖੀਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ। ਏੱਥੇ ਹੀ ਬੱਚਿਆਂ ਦੇ ਟੋਟੇ-ਟੋਟੇ ਕਰ ਤੇ ਫਿਰ ਉਹਨਾਂ
ਟੁਕੜਿਆਂ ਦਾ ਹਾਰ ਬਣਾ ਕੇ ਬੀਬੀਆਂ ਦੇ ਗਲ਼ਾਂ ਵਿੱਚ ਪਾਏ ਗਏ। ਅਸਮਾਨ ਵਿੱਚ ਬੱਚੇ ਨੂੰ ਉੱਚਾ ਸੁੱਟ
ਕੇ ਥੱਲੇ ਨੇਜੇ ਵਿੱਚ ਪਰੋਇਆ ਜਾਂਦਾ। ਸਵਾ-ਸਵਾ ਮਣ ਅਨਾਜ ਪੀਹਣ ਲਈ ਦਿੱਤਾ ਜਾਂਦਾ। ਭਾਈ ਸੁਬੇਗ
ਸਿੰਘ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ਤੇ ਚਾੜ੍ਹ ਕੇ ਏੱਥੇ ਸ਼ਹੀਦ ਕੀਤਾ ਗਿਆ ਸੀ। ਦੋ ਖੂਹ, ਪੁਰਾਣੀ
ਉਖਲ਼ੀ ਅਤੇ ਇੱਕ ਚੱਕੀ ਦਾ ਹਿੱਸਾ ਅੱਜ ਵੀ ਮੌਜੂਦ ਹੈ। ਜੋ ਅਸੀਂ ਅਰਦਾਸ ਵਿੱਚ ਪਹਿਰਾ ਪੜ੍ਹਦੇ ਹਾਂ,
”ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ
ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੌ
ਵਾਹਿਗੁਰੂ”। ਸਿੱਖੀ ਦੀ ਸ਼ਹੀਦੀ ਵਾਲੀ ਦਾਸਤਾਂ ਦਾ ਇਹ ਇਤਿਹਾਸ ਏੱਥੇ ਹੀ ਸਿਰਜਿਆ ਗਿਆ ਸੀ। ਬਲਗਣ
ਸਾਹਿਬ ਦੀਆਂ ਬੜੀਆਂ ਭਾਵਪੂਰਤ ਸਤਰਾਂ ਹਨ—
ਅਮਰ ਰਹਿੰਦੀਆਂ ਜੱਗ ‘ਤੇ ਉਹ ਕੌਮਾਂ ਬੀਰ ਜਿੱਦ੍ਹੇ ਕਦੇ ਘਾਲਣਾ ਘਾਲਦੇ ਨੇ।
ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿੱਦ੍ਹੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ।
ਇਹ ਮੀਰ ਮੰਨੁੰ ਦੀ ਜੇਹਲ ਸੀ। ਏੱਥੇ ਦੋ ਲੱਖ ਤੋਂ ਵੱਧ ਸਿੱਖ ਸ਼ਹੀਦ ਕੀਤੇ ਗਏ ਸਨ। ਮੀਰ ਮੰਨੂ ਦੇ
ਬਾਰੇ ਸਿੱਖਾਂ ਵਿੱਚ ਇਹ ਅਖਾਣ ਮਸ਼ਹੂਰ ਸੀ—
ਮੰਨੂ ਹੈ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਸਾਨੂੰ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।
ਇਸ ਜਗ੍ਹਾ ਮਸੀਤ ਦੀ ਮਾਲਕੀ ਬਾਰੇ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਕਈ ਵਾਰੀ ਤਕਰਾਰ ਹੋਇਆ, ਮੁਕਦਮੇ
ਚਲੇ, ਹੇਠਲੀ ਅਦਾਲਤ ਨੇ ਇਸ ਦਾ ਫੈਸਲਾ ਮੁਸਲਮਾਨਾਂ ਦੇ ਹੱਕ ਵਿੱਚ ਦੇ ਦਿੱਤਾ। ਇਹ ਲੰਬੀ ਅਦਾਲਤੀ
ਲੜਾਈ ਲੜੀ ਗਈ। ਅਖੀਰ ਪਕਿਸਤਾਨ ਦੀ ਸਰਕਾਰ ਨੇ ਦਬਾ ਪਾ ਕੇ ਇਹ ਜਗ੍ਹਾ ਸਿੱਖਾਂ ਨੂੰ ਦੇ ਦਿੱਤੀ ਗਈ।
ਇਹ ਇਤਿਹਾਸਕ ਥਾਂਵਾਂ ਦੇਖ ਕੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਉਹਨਾਂ ਸ਼ਹੀਦ ਸਿੰਘ ਸਿੰਘਣੀਆਂ ਦੇ
ਸਿੱਖੀ ਨਾਲ ਨਿਭਾਏ ਪਿਆਰ ਅੱਗੇ ਕੋਈ ਢੁੱਕਵੇਂ ਸ਼ਬਦ ਨਹੀਂ ਮਿਲਦੇ ਕਿ ਜਿੰਨ੍ਹਾਂ ਨਾਲ ਉਹਨਾਂ ਨੂੰ
ਅਸੀਂ ਸ਼ਰਧਾਜਲੀ ਭੇਟ ਕਰ ਸਕੀਏ। ਇਹਨਾਂ ਕੌਮ ਦੇ ਯੋਧਿਆਂ ਅੱਗੇ ਵਾਕ ਵੀ ਛੋਟੇ ਪੈ ਜਾਂਦੇ ਹਨ। ਚੌਂਕ
ਤੋਂ ਬਜ਼ਾਰ ਵਿੱਚ ਜਦੋਂ ਅਸੀਂ ਪੈਦਲ ਜਾ ਰਹੇ ਸੀ ਤਾਂ ਇੱਕ ਬਜ਼ੁਰਗ ਕੰਮ ਛੱਡ ਕੇ ਛੇਤੀ ਨਾਲ ਉੱਠ
ਖਲੋਤਾ ਤੇ ਦੋਵੇਂ ਹੱਥ ਉਤਾਂਹ ਕਰਕੇ, ਖੁਸ਼ ਹੋ ਕੇ ਬੋਲਿਆ, “ਸਰਦਾਰੋ! ਤੁਸੀਂ ਬਹੁਤ ਸੋਹਣੇ ਲਗਦੇ
ਓ, ਅੱਲਾ, ਤੁਹਾਡੀਆਂ ਸਰਦਾਰੀਆਂ ਸਲਾਮਤ ਰੱਖੇ ਆਉਂਦੇ ਰਿਹਾ ਕਰੋ। ਆਓ ਤੂਹਾਨੂੰ ਲੱਸੀ ਪਿਲ਼ਾਈਏ”।
ਅਸੀਂ ਉਹਨਾਂ ਦਾ ਦੂਰੋਂ ਧੰਨਵਾਦ ਕਰਕੇ ਅੱਗੇ ਲੰਘ ਕੇ ਆਪਣੀ ਵੈਨ ਵਿੱਚ ਸਵਾਰ ਹੋ ਕੇ ਗੁਰਦੁਆਰਾ
ਡੇਰਾ ਸਾਹਿਬ ਨੂੰ ਚੱਲ ਪਏ। ਇਸ ਬਜ਼ਾਰ ਨੂੰ ਲੋਹਾ ਬਜ਼ਾਰ ਵੀ ਕਿਹਾ ਜਾਂਦਾ ਹੈ। ਲੋਹੇ ਦੀਆਂ ਵੱਡੀਆਂ
ਪਲੇਟਾਂ ਵਿਚੋਂ ਲੋੜ ਅਨੁਸਾਰ ਕਟਾਈ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ ਰਾਤ ਦੇਰ ਤੱਕ ਵੀ
ਕੰਮ ਚਲਦਾ ਰਹਿੰਦਾ ਹੈ।
ਗੁਰਦੁਆਰਾ ਡੇਹਰਾ ਸਾਹਿਬ ਵਿਖੇ ਬਹੁਤ ਰੋਣਕ ਸੀ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਪਾਤਸ਼ਾਹ
ਜੀ ਦੀ ਸ਼ਹੀਦੀ ੧੬ ਜੂਨ ਨੂੰ ਆਉਂਦੀ ਹੈ। ਭਾਂਵੇ ਮੈਂ ਇਸ ਅਸਥਾਨ ਤੇ ਤੀਜੀ ਵਾਰੀ ਆਇਆ ਸੀ ਪਰ ੩੫
ਸਾਲ ਪੁਰਾਣੀਆਂ ਕਈ ਯਾਦਾਂ ਅਜੇ ਵੀ ਤਰੋ ਤਾਜ਼ਾ ਸਨ ਤੇ ਕਈ ਵਿਸਰ ਚੁਕੀਆਂ ਸਨ। ਬਹੁਤ ਕੁੱਝ ਦੇਖਣ
ਨਾਲ ਨਵਾਂ ਪਤਾ ਲੱਗਿਆ। ਇਸ ਤੋਂ ਪਹਿਲਾਂ ਮੈਂ ਮਹਾਂਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਨਹੀਂ ਗਿਆ
ਸੀ। ਇਸ ਵਾਰੀ ਗੁਰਦੁਆਰਾ ਡੇਹਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਬਣੀ ਸਮਾਧ ਨੂੰ ਦੇਖ ਕੇ ਮਹਾਂਰਾਜਾ
ਰਣਜੀਤ ਸਿੰਘ ਦੇ ਰਾਜ ਦੀਆਂ ਸ਼ਾਮਾਂ ਯਾਦ ਆ ਰਹੀਆਂ ਸਨ।
ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਨੇੜੇ ਮੀਨਾਰ-ਏ-ਪਾਕਿਸਤਾਨ ਹੈ। ਏੱਥੇ ਬੈਠ ਕੇ ਪਾਕਿਸਤਾਨ ਦੇ
ਆਗੂਆਂ ਨੇ ਭਾਰਤ ਨਾਲੋਂ ਵੱਖਰੇ ਮੁਲਕ ਦੀ ਮੰਗ ਨੂੰ ਪੱਕਿਆ ਕੀਤਾ ਸੀ। ਵੱਖਰੇ ਮੁਲਕ ਦੀ ਸੋਚ ਸਭ
ਤੋਂ ਪਹਿਲਾਂ ਭਾਵ ਪਾਕਿਸਤਾਨ ਦੀ ਸੋਚ ਸਰ ਮੁਹੰਮਦ ਇਕਬਾਲ ਨੂੰ ਆਈ ਸੀ ਤੇ ਇਸ ‘ਤੇ ਜ਼ਿਆਦਾ ਕੰਮ
ਮਿਸਟਰ ਅਲੀ ਜਨਾਹ ਨੇ ਕੀਤਾ ਸੀ। ਮੀਨਾਰੇ-ਏ-ਪਾਕਿਸਤਾਨ ਦੇ ਆਲੇ ਦੁਆਲੇ ਪਾਰਕ ਬਣੀ ਹੋਈ ਹੈ।
ਸੈਲਾਨੀਆਂ ਦੀ ਆਮਦ ਨੂੰ ਮੁੱਖ ਰੱਖਦਿਆਂ ਇਸ ਪਾਰਕ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਸਕਦਾ ਹੈ। ਇਹ
ਖੂਬ ਰੌਣਕਾਂ ਵਾਲਾ ਇਲਾਕਾ ਹੈ। ਲੋਕਾਂ ਦੀ ਅਵਾਜਾਈ ਬਹੁਤ ਜ਼ਿਆਦਾ ਹੈ। ਗੁਰਦੁਆਰਾ ਡੇਹਰਾ ਸਾਹਿਬ ਦੇ
ਗੇਟ ਨੂੰ ਰੋਕਾਂ ਲਗਾ ਕੇ ਬਹੁਤ ਤੰਗ ਕੀਤਾ ਹੋਇਆ ਸੀ। ਗੁਰਦੁਆਰੇ ਦੇ ਬਾਹਰਲੇ ਗੇਟ ਤੇ ਸੁਰੱਖਿਆ ਦੇ
ਬਹੁਤ ਪੁਖਤਾ ਪ੍ਰਬੰਧ ਸਨ। ਆਏ ਯਾਤਰੂਆਂ ਤੇ ਨਿਗਾਹ ਜ਼ਰੂਰ ਰੱਖੀ ਜਾਂਦੀ ਸੀ ਪਰ ਕਿਹਾ ਕਿਸੇ ਨੂੰ
ਕੁੱਝ ਨਹੀਂ ਕਿਹਾ ਜਾਂਦਾ ਸੀ।
ਗੁਰਦੁਆਰਾ ਡੇਹਰਾ ਸਾਹਿਬ ਦੇ ਬਿਲਕੁਲ ਸਾਹਮਣੇ ਮਹਾਂਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਹੈ। ਤੇ ਅਗਲੇ
ਪਾਸੇ ਜਾਮਾ ਮਸਜਦ ਹੈ। ਫੁਰਨਿਆਂ ਦੀ ਦੁਨੀਆਂ ਵਿਚੋਂ ਬਾਹਰ ਨਿਕਲਦਆਂ ਅਸੀਂ ਗੁਰਦੁਆਰਾ ਸਾਹਿਬ ਵਿੱਚ
ਦਾਖਲ ਹੋ ਗਏ। ਅੱਗੇ ਪਾਕਿਸਤਾਨੀ ਨੌਜਵਾਨ ਵੀਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ
ਬਹੁਤ ਹੀ ਗਰਮ ਜੋਸ਼ੀ ਨਾਲ ਸਾਡਾ ਸੁਆਗਤ ਕੀਤਾ। ਭਾਈ ਮਨਿੰਦਰ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ
ਕਮੇਟੀ ਲਗ-ਪਗ ਸਾਡੇ ਨਾਲ ਹੀ ਰਹੇ ਸਨ। ਭਾਂਵੇ ਉਹਨਾਂ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ ਪਰ
ਫਿਰ ਵੀ ਉਹਨਾਂ ਨੇ ਸਾਨੂੰ ਪੂਰਾ ਸਮਾਂ ਦਿੱਤਾ। ਗੁਰਦੁਆਰਾ ਸਾਹਿਬ ਦੇ ਅੰਦਰ ਮਹਾਂਰਾਜ ਰਣਜੀਤ ਸਿੰਘ
ਦੀ ਸਮਾਧ ਵਲ ਨੂੰ ਜਾਂਦਿਆਂ ਤੇ ਲੰਗਰ ਹਾਲ ਦੀ ਦੀਵਾਰ ਦੇ ਨਾਲ ਸਿੱਖੀ ਲਹਿਰ ਦਾ ਇੱਕ ਬਹੁਤ ਵੱਡਾ
ਫਲੈਕਸ ਸਾਡੀਆਂ ਫੋਟੋਆਂ ਸਮੇਤ ਲੱਗਾ ਹੋਇਆ ਸੀ। ਸਾਡੇ ਆਉਣ ਦਾ ਉਹਨਾਂ ਨੂੰ ਬਹੁਤ ਵੱਡਾ ਚਾਅ ਸੀ।
ਬਹੁਤ ਸਾਰੇ ਨੌਜਵਾਨ ਸਾਡੇ ਨਾਲ ਹੀ ਰਹੇ ਸਨ। ਠੰਡੇ ਮਿੱਠੇ ਜਲ ਦੀ ਛਬੀਲ ਲੱਗੀ ਹੋਈ ਸੀ ਤੇ ਨਾਲ ਹੀ
ਤਾਜ਼ਾ ਗੰਨੇ ਦਾ ਰਸ ਮਿਲ ਰਿਹਾ ਸੀ। ਕੋਈ ਮਿੱਠਾ ਜਲ ਤੇ ਕੋਈ ਗੰਨੇ ਦੀ ਰੋਹ ਛੱਕ ਰਿਹਾ ਸੀ। ਦੀਵਾਨ
ਹਾਲ ਬਹੁਤ ਛੱੋਟਾ ਸੀ ਪਰ ਸੰਗਤ ਜ਼ਿਆਦਾ ਸੀ ਜਿੱਥੇ ਕਿਸੇ ਨੂੰ ਜਗ੍ਹਾ ਮਿਲ ਰਹੀ ਓੱਥੇ ਹੀ ਬੈਠ ਕੇ
ਗੁਰਬਾਣੀ ਸਰਵਣ ਕਰ ਰਿਹਾ ਸੀ। ਅਖੰਡਪਾਠ ਦੀ ਸਮਾਪਤੀ ਹੋਣ ਵਾਲੀ ਸੀ। ਅਸੀਂ ਲੰਗਰ ਵਿਚੋਂ ਚਾਹ ਛੱਕ
ਕੇ ਦਰਬਾਰ ਹਾਲ ਆ ਗਏ। ਇੱਕ ਅਖੰਡਪਾਠ ਦਰਬਾਰ ਹਾਲ ਵਿੱਚ ਤੇ ਦੂਜਾ ਉਸ ਅਸਥਾਨ ਤੇ ਹੋ ਰਿਹਾ ਸੀ
ਜਿੱਥੇ ਗੁਰੂ ਸਾਹਿਬ ਜੀ ਨੂੰ ਰਾਵੀ ਦਰਿਆ ਵਿੱਚ ਰੋੜ ਕੇ ਸ਼ਹੀਦ ਕੀਤਾ ਸੀ। ਅਜੇਹਿਆਂ ਸਮਿਆਂ ਤੇ
ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਉਪਦੇਸ਼ ਦੇਣਾ ਦਾ ਯਤਨ ਕਰਨਾ ਚਾਹੀਦਾ ਹੈ ਪਰ ਸੰਗਤ ਵਿੱਚ
ਕੇਵਲ ਰਸਮੀ ਅਖੰਡਪਾਠ ਨੂੰ ਹੀ ਤਰਜੀਹ ਮਿਲਦੀ ਜਾਪਦੀ ਹੈ। ਇਸ ਲਈ ਨਾਂਵੇਂ ਪਾਤਸ਼ਾਹ ਦੇ ਸਲੋਕਾਂ ਦਾ
ਪਾਠ ਸੁਣ ਕੇ ਸੰਗਤ ਜ਼ਿਆਦਾ ਤੁਰਨੀ ਸ਼ੂਰੂ ਹੋ ਜਾਂਦੀ ਹੈ। ਸੰਗਤ ਪਾਸ ਓਨਾ ਕੁ ਹੀ ਸਮਾਂ ਹੁੰਦਾ ਹੈ
ਭਾਂਵੇ ਕਥਾ ਸਰਵਣ ਕਰਾ ਲਓ ਜਾਂ ਅਖੰਡਪਾਠ ਸਰਵਣ ਕਰਾ ਲਓ। ਚਾਹੀਦਾ ਤਾਂ ਇਹ ਹੈ ਕਿ ਅਜੇਹਿਆਂ ਸਮਿਆਂ
ਦਾ ਭਰਪੂਰ ਫਾਇਦਾ ਲੈਂਦਿਆਂ ਹੋਇਆਂ ਵੱਧ ਤੋਂ ਸਮਾਜਿਕ ਬੁਰਾਈਆਂ ਧਰਮ ਵਿੱਚ ਆਏ ਅੰਧਵਿਸ਼ਵਾਸ,
ਕਰਮ-ਕਾਂਡ ਵਰਗੀਆਂ ਬਿਮਾਰੀਆਂ ਦੀ ਜਾਣਕਾਰੀ ਦਿੱਤੀ ਜਾਏ। ਪਾਠੀ ਸਿੰਘ ਵੀ ਭਾਵੇਂ ਕਿਸੇ ਨੂੰ ਪਾਠ
ਸਣਾਉਣ ਜਾਂ ਚੁੱਪ ਗੜੁੱਪ ਕਰੀ ਜਾਣ ਪਰ ਅਜੇਹਿਆਂ ਸਮਿਆਂ ਤੇ ਲੋੜ ਨਾਲੋਂ ਜ਼ਿਆਦਾ ਲਮਕਾਅ ਕੇ ਪਾਠ
ਪੜ੍ਹਦਿਆਂ ਸਾਰਾ ਸਮਾਂ ਏਸੇ ਵਿੱਚ ਹੀ ਲੰਘਾ ਦੇਂਦੇ ਹਨ। ਰਹਿੰਦੀ ਕਸਰ ਅਰਦਾਸ ਕਰਦਿਆਂ ਕੱਢ ਦੇਂਦੇ
ਹਨ। ਏੰਨੀ ਲੰਬੀ ਅਰਦਾਸ ਕਰਦੇ ਹਨ ਕਿ ਸਾਰੀ ਸੰਗਤ ਦਿਲੋਂ ਮਹਿਸੂਸ ਤਾਂ ਕਰਦੀ ਹੈ ਪਰ ਉਭਾਸਰ ਕੇ
ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਹੁੰਦਾ। ਲੋਕਸੋਚਦੇ ਹਨ ਕਿ ਕਿਤੇ ਸਾਥੋਂ ਧਰਮ ਦੀ ਅਵੱਗਿਆ ਨਾ ਹੋ
ਜਾਏ। ਏਦਾਂ ਕਹੀਏ ਕੇ ਬੁਰਾ ਕੋਈ ਬਣਨਾ ਨਹੀਂ ਚਾਹੁੰਦਾ ਪਰ ਅੰਦਰੋਂ ਸਾਰੇ ਦੁੱਖੀ ਹੁੰਦੇ ਹਨ। ਕਈ
ਵਾਰੀ ਤਾਂ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਅਸੀਂ ਅਸਲੀਅਤ ਤੋਂ ਬਹੁਤ ਦੂਰ ਜਾ ਰਹੇ ਹਾਂ। ਲਗ-ਪਗ ਦੋ
ਪਾਠਾਂ ਦੀ ਸਮਾਪਤੀ ਉਪਰੰਤ ਅਰਦਾਸ ਹੁਕਮਨਾਮਾ ਸਾਰੀ ਧਰਮ ਦੀ ਪ੍ਰਕਿਰਿਆ ਕਰਦਿਆਂ ਇੱਕ ਘੰਟੇ ਤੋਂ
ਵੱਧ ਸਮਾਂ ਲੱਗ ਗਿਆ। ਦੇਸ, ਵਿਦੇਸ਼ ਤੇ ਪਾਕਿਸਤਾਨ ਦੀਆਂ ਸੰਗਤਾਂ ਨਾਲ ਗੁਰਦੁਆਰਾ ਭਰਿਆ ਹੋਇਆ ਸੀ।
ਅਖੰਡ ਪਾਠ ਦੀ ਸਮਾਪਤੀ ਉਪਰੰਤ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਗੁਰਮਤਿ ਦੀਆਂ ਵਿਚਾਰਾਂ ਕਰਦਿਆਂ
ਸ਼ਹੀਦੀ ਦੇ ਮਹੱਤਵ ਨੂੰ ਸੰਗਤਾਂ ਸਾਹਮਣੇ ਰੱਖਿਆ। ਦਰ ਪੇਸ਼ ਚਣੌਤੀਆਂ ਤੋਂ ਜਾਣੂ ਕਰਾਉਣ ਦਾ ਯਤਨ
ਕੀਤਾ। ਫਿਰ ਮੈਨੂੰ ਗੁਰਮਤਿ ਵਿਚਾਂਰਾਂ ਕਰਨ ਦਾ ਸਮਾਂ ਦਿੱਤਾ ਗਿਆ ਤੇ ਮੈਂ ਨਾਨਕਸ਼ਾਹੀ ਕੈਲੰਡਰ
ਸਬੰਧੀ ਵਿਚਾਰਾਂ ਰੱਖੀਆਂ। ਭਾਈ ਤਰਸੇਮ ਸਿੰਘ ਜੀ ਹੁਰਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਪੰਥਕ
ਮਸਲਿਆਂ ਦੀ ਗੱਲ ਕੀਤੀ। ਗੁਰੁਦਆਰਾ ਡੇਹਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਕਾਰ ਸੇਵਾ ਅਰੰਭ
ਕੀਤੀ ਗਈ। ਏੱਥੇ ਭਾਈ ਪਰਮਜੀਤ ਸਿੰਘ ਜੀ ਸਰਨਾ ਔਕਾਫ ਬੋਰਡ ਦੇ ਨੁਮਾਇੰਦੇ ਅਤੇ ਪੱਛਮੀ ਪੰਜਾਬ ਦੇ
ਵਜ਼ੀਰ ਨੇ ਵੀ ਹਾਜ਼ਰੀ ਭਰੀ। ਜੈਕਾਰਿਆਂ ਦੀ ਗੂੰਜ ਵਿੱਚ ਕਾਰ ਸੇਵਾ ਅਰੰਭ ਕੀਤੀ ਗਈ। ਗੁਰਦੁਆਰਾ
ਸਾਹਿਬ ਦੀ ਸਰਾਂ ਬਣਾਉਣ ਲਈ ਵੀ ਪਾਕਿਸਤਾਨ ਸਰਕਾਰ ਵਲੋਂ ਜ਼ਮੀਨ ਫਰੀ ਦੇਣ ਦੀ ਵਿਚਾਰ ਸੰਗਤਾਂ ਨੂੰ
ਦੱਸੀ ਗਈ। ਅਗਲਿਆਂ ਸਾਲਾਂ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੀ ਨਵੀਂ ਇਮਾਰਤ ਤਿਆਰ ਹੋ ਜਾਏਗੀ। ਹੁਣ
ਸਾਡੇ ਪਾਸ ਅੱਧਾ ਦਿਨ ਬੱਚਿਆ ਸੀ ਜਿਸ ਵਿੱਚ ਅਸੀਂ ਮਹਰਾਜਾ ਰਣਜੀਤ ਸਿੰਘ ਦਾ ਕਿਲ੍ਹਾ, ਚੂਨਾ ਮੰਡੀ
ਵਿਖੇ ਗੁਰੂ ਰਾਮਦਾਸ ਜੀ ਦਾ ਘਰ ਦੇਖਣ ਦਾ ਪ੍ਰੋਗਰਾਮ ਬਣਾਇਆ।