ਪਉੜੀ 26
ਨੋਟ :
ਅਮੁਲ - ਨਿਰਾਲਾ,
ਅੰਦਾਜ਼ੇ ਤੋਂ ਬਾਹਰ ਅਖੁੱਟ ਖ਼ਜ਼ਾਨਾ, ਜਿਸਦੀ ਕਿਸੇ ਵੀ ਤਰ੍ਹਾਂ ਕੀਮਤ ਦਿੱਤੀ ਨਾ ਜਾ ਸਕੇ।
ਅਮੁਲ ਗੁਣ ਅਮੁਲ ਵਾਪਾਰ ॥
ਵਾਪਾਰ:
ਸੱਚ ਨਾਲ ਤੁਰਨ
ਦੀ ਜਾਚ।
ਵਿਰਲਾ ਮਨ ਜਿਉਂ-ਜਿਉਂ ਰੱਬੀ ਰਜ਼ਾ ਅਧੀਨ ਸਚਿਆਰ ਬਣਨ ਲਈ ਸਤਿਗੁਰ ਦੀ ਮੱਤ
ਲੈਂਦਾ ਹੈ ਤਾਂ ਹੋਰ ਸੂਝ ਵਧਦੀ ਹੈ ਕਿ ਰੱਬੀ ਗੁਣ ਅਮੁਲ ਹਨ। ਇਨ੍ਹਾਂ ਦੀ ਕੋਈ ਕੀਮਤ ਪਾਕੇ ਕਿੱਥੋਂ
ਖਰੀਦ ਨਹੀਂ ਸਕਦਾ ਬਲਕਿ ਆਪਣੀ ਵਿਚਾਰਧਾਰਾ ਨੂੰ ਸੱਚ ਨਾਲ ਤੁਰਨ ਦੀ ਜਾਚ (ਵਾਪਾਰ) ਸਿਖਾਉਣੀ ਹੈ।
ਅਮੁਲ ਵਾਪਾਰੀਏ ਅਮੁਲ ਭੰਡਾਰ ॥
ਚੰਗੇ ਗੁਣਾਂ ਦਾ ਅਖੁਟ (ਅਮੁਲ) ਭੰਡਾਰ ਸਤਿਗੁਰ, ਰੱਬ ਜੀ ਕੋਲ ਹੈ। ਇਹ
ਵਪਾਰ ਕਰਨ ਵਾਲੇ ਮਨ ਦੇ ਅਨੇਕਾਂ ਵੇਗ, ਖਿਆਲ, ਖੰਡ (ਵਾਪਾਰੀਏ) ਇਸੀ ਭੰਡਾਰ ’ਚੋਂ ਗੁਣ ਲੈਂਦੇ ਹਨ।
ਅਮੁਲ ਆਵਹਿ ਅਮੁਲ ਲੈ ਜਾਹਿ ॥
ਅਨੇਕਾਂ ਖਿਆਲ, ਵੇਗ ਅਤੇ ਭਾਉ ਸਤਿਗੁਰ ਦੀ ਮੱਤ ਰਾਹੀਂ ਉਪਜਦੇ ਹਨ ਅਤੇ
ਬੇਸ਼ਕੀਮਤੀ ਗੁਣ ਲੈ ਕੇ ਰੱਬੀ ਇਕਮਿਕਤਾ ਦੇ ਮਾਰਗ ’ਤੇ ਦ੍ਰਿੜ੍ਹਤਾ ਨਾਲ ਤੁਰ ਪੈਂਦੇ ਹਨ (ਲੈ
ਜਾਹਿ)। ਭਾਵ ਮਨ ਵਿਚ ਉਠਣ ਵਾਲੇ ਖਿਆਲ ਸੱਚ ਦੇ ਸੁਨੇਹੇ ਦੀ ਕਸੋਟੀ ਤੇ ਅੰਦਰ ਹੀ ਪਰਖੇ ਜਾਂਦੇ ਹਨ।
ਅਮੁਲ ਭਾਇ ਅਮੁਲਾ ਸਮਾਹਿ ॥
ਸਮਾਹਿ:
ਸਮਰਪਣ ਕਰਕੇ
ਆਪਣੇ ਤੋਂ ਵੱਡੇ (ਰੱਬ, ਸਤਿਗੁਰ) ਵਿਚ ਸਮਾ ਜਾਣਾ।
ਵਿਰਲੇ ਮਨ ਵਿਚ ਸੱਚ ਦੀ ਜੀਵਨ ਜਾਚ ਲੈਣ ਲਈ ਖਿੱਚ ਬਣਦੀ ਹੈ ਕਿਉਂਕਿ ਜੀਵਨ
ਵਿਚ ਆਉਣ ਵਾਲੀ ਮਧੁਰਤਾ ਦਾ ਅਹਿਸਾਸ ਹੁੰਦਾ ਹੈ।
ਅਮੁਲੁ ਧਰਮੁ ਅਮੁਲੁ ਦੀਬਾਣੁ ॥
ਵਿਰਲਾ ਮਨ ਸੱਚ ਧਰਮ ਦੀ ਟੇਕ ਬਣਾਈ ਰੱਖਦਾ ਹੈ ਭਾਵ ਨਿੰਦਾ, ਚੁਗਲੀ,
ਜ਼ੋਰ-ਜ਼ਬਰ ਜੈਸੇ ਕੂੜ ਛਡਕੇ ਨਿਰਮਲ ਕਰਮ ਦਾ ਜੀਵਨ ਜਿਊਂਦਾ ਹੈ ਤਾਂਹੀ ਤਾਂ ਅੰਤਰ ਆਤਮੇ ਵਿਚ ਟਿਕਾਉ
ਪ੍ਰਾਪਤ ਕਰਦਾ ਹੈ।
ਅਮੁਲੁ ਤੁਲੁ ਅਮੁਲੁ ਪਰਵਾਣੁ ॥
ਧਰਮ ਦੀ ਤੁਲਾ ਅਤੇ ਉਸ ਰਾਹੀਂ ਹੋਣ ਵਾਲੇ ਫੈਸਲੇ ਕੇਵਲ ਸੱਚ ਦੇ ਨਿਯਮਾਂ
’ਤੇ ਆਧਾਰਿਤ ਹਨ ਜੋਕਿ ਅੰਤਰਆਤਮਾ ਵਿਚ ਪਰਵਾਣ ਹੁੰਦੇ ਹਨ ਭਾਵ ਸ਼ਾਂਤ ਚਿੱਤ ਬਣਾਈ ਰੱਖਦੇ ਹਨ।
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
ਨੀਸਾਣੁ:
ਰੱਬੀ ਇਕਮਿਕਤਾ
ਵਲ ਵਧਣ ਦੇ ਚਿਨ੍ਹ (ਨਿਸਾਣ)
ਵਿਰਲਾ ਮਨ ਸੱਚ ਦੀ ਸਿਖਿਆਵਾਂ ਦੀ ਕੀਮਤੀ ਦਾਤ (ਬਖਸੀਸ) ਨੂੰ ਹੀ ਕੇਵਲ
ਜੀਵਨ ਮਾਰਗ ਲਈ ਪਦਚਿਨ੍ਹਾਂ (ਨੀਸਾਣੁ) ਦੇ ਤੌਰ ਤੇ ਇਸਤੇਮਾਲ ਕਰਦਾ ਹੈ।
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
ਵਿਰਲਾ ਮਨ ਆਪਣੀ ਸੋਚ ਨੂੰ ਬੇਝਿਝਕ ਜ਼ਮੀਰ ਦੀ ਆਵਾਜ਼ ਦੇ ਅਨੁਕੂਲ ਬਣਾਈ
ਜਾਂਦਾ ਹੈ।
ਅਮੁਲੋ ਅਮੁਲੁ ਆਖਿਆ ਨ ਜਾਇ ॥
ਵਿਰਲਾ ਮਨ ਭੁੱਲਕੇ ਵੀ ਜੀਵਨ ਚਰਿਆ ਵਿਚ ਰੱਬੀ ਗੁਣਾਂ ਦੀ ਵਰਤੋਂ ਤੋਂ
ਅਣਗਹਿਲੀ ਨਹੀਂ ਕਰਦਾ।
ਆਖਿ ਆਖਿ ਰਹੇ ਲਿਵ ਲਾਇ ॥
ਆਖਿ ਆਖਿ:
ਰੱਬੀ ਸੁਨੇਹਾ
ਦ੍ਰਿੜ ਕਰਨਾ, ਲਿਵ ਲਾਇ: ਰੱਬੀ
ਸੁਨੇਹੇ ਨਾਲ ਇਕਮਿਕ ਹੋਣਾ।
ਵਿਰਲਾ ਮਨ ਸਤਿਗੁਰ ਦੀ ਮੱਤ ਰਾਹੀਂ ਰੋਮ-ਰੋਮ ਅਤੇ ਹਰੇਕ ਅੰਗ ਨੂੰ ਰੱਬੀ
ਸੁਨੇਹਾ ਦ੍ਰਿੜ੍ਹਾਉਂਦਾ ਹੈ, ਤਾਂਕਿ ਸੰਪੂਰਨ ਤੌਰ ਤੇ ਨਿਜਘਰ ਦੇ ਰੱਬੀ ਸੁਨੇਹੇ ਨਾਲ ਇਕਮਿਕ ਹੋ
ਸਕੇ (ਲਿਵ ਲਾਏ)।
ਆਖਹਿ ਵੇਦ ਪਾਠ ਪੁਰਾਣ ॥
ਆਖਹਿ:
ਵਿਰਲੇ ਮਨ ਨੂੰ
ਸਤਿਗੁਰ ਰਾਹੀਂ ਅਨੇਕਾਂ ਖਿਆਲ ਆਖੇ ਜਾਂਦੇ ਹਨ, ਵੇਦ ਪਾਠ ਪੁਰਾਣ: ਸਤਿਗੁਰ ਦੀ ਮੱਤ।
ਵਿਰਲਾ ਮਨ ਅੰਤਰ ਆਤਮੇ ਵਿਚੋਂ ਪ੍ਰਾਪਤ ਸਤਿਗੁਰ ਦੀ ਮੱਤ (ਵੇਦ, ਪਾਠ,
ਪੁਰਾਣ) ਲੈ ਕੇ ਹਰੇਕ ਇੰਦਰੇ, ਗਿਆਨ-ਇੰਦਰਿਆਂ ਅਤੇ ਰੋਮ-ਰੋਮ ਨੂੰ ਦਿੰਦਾ ਹੈ (ਆਖਦਾ ਹੈ)।
ਆਖਹਿ ਪੜੇ ਕਰਹਿ ਵਖਿਆਣ ॥
ਵਿਰਲਾ ਮਨ ਸਤਿਗੁਰ ਦੀ ਮੱਤ ਅਧੀਨ ਨਿਜਘਰ ’ਚੋਂ ਆਏ ਰੱਬੀ ਸੁਨੇਹੇ (ਵੇਦ
ਪੁਰਾਣ) ਨੂੰ ਅਨੇਕਾਂ ਖਿਆਲਾਂ ਨੂੰ ਅਪਣਾਉਣ ਲਈ ਉੱਦਮ (ਵਖਿਆਣ) ਕਰਦਾ ਹੈ। ਨਤੀਜਤਨ, ਖਿਆਲ ਰੱਬੀ
ਸੁਨੇਹੇ ਅਨੁਸਾਰ ਹੀ ਢਲਦੇ ਜਾਂਦੇ ਹਨ।
ਆਖਹਿ ਬਰਮੇ ਆਖਹਿ ਇੰਦ ॥
ਬਰਮੇ - ਚੰਗੇ ਗੁਣਾਂ ਦੀ ਉਤਪਤੀ ਵਾਲੇ ਖਿਆਲ, ਭਾਉ, ਵੇਗ। ਇੰਦ -
ਇੰਦ੍ਰੀਆਂ ਰੋਮ-ਰੋਮ, ਅੰਗ-ਅੰਗ ਨੂੰ ਕਾਬੂ ਕਰਨ ਵਾਲੇ ਖਿਆਲ, ਵੇਗ, ਭਾਉ।
ਵਿਰਲਾ ਮਨ ਵਿਕਾਰੀ ਮਤ ਤੋਂ ਸੁਚੇਤ ਰਹਿੰਦਿਆਂ (ਇੰਦ) ਸਤਿਗੁਰ ਦੀ ਮੱਤ
ਰਾਹੀਂ ਚੰਗੇ ਗੁਣਾਂ ਦੀ ਸਿਰਜਣਾ ਕਰਨ ਵਾਲੇ ਖਿਆਲਾਂ ਨੂੰ ਸਾਰੇ ਅੰਗਾਂ ਨੂੰ ਵਰਤਾਉਂਦਾ ਹੈ।
ਆਖਹਿ ਗੋਪੀ ਤੈ ਗੋਵਿੰਦ ॥
ਗੋਵਿੰਦ:
ਇਸ ਦਾ ਸੰਧੀਛੇਦ
ਇਸ ਤਰ੍ਹਾਂ ਹੈ - ਗੋ +ਵਿੰਦ।
ਗੋ:
ਹਿਰਦੇ ਦੀ ਧਰਤੀ।
ਵਿੰਦ - ਲੱਭਣਾ (ਗਿਆਨ ਪ੍ਰਾਪਤ ਕਰਨਾ)।
ਗੋਵਿੰਦ:
ਹਿਰਦੇ ਰੂਪੀ
ਧਰਤੀ ਤੋਂ ਰੱਬ ਜੀ ਨੂੰ ਲੱਭਣ ਦਾ ਨਜ਼ਰੀਆ ਦੇਣ ਵਾਲਾ ਸਤਿਗੁਰ ਦੀ ਮੱਤ ਦਾ ਤੱਤ ਗਿਆਨ।
ਗੋਪਾਲ:
ਹਿਰਦੇ ਰੂਪੀ
ਧਰਤੀ ਨੂੰ ਪਾਲਣ ਲਈ ਤੱਤ ਗਿਆਨ ਰੂਪੀ ਦੁੱਧ ਨੂੰ ਵੰਡਣ ਵਾਲਾ ਗੋਵਿੰਦ ਹੀ ਗੋਪਾਲ ਹੈ।
ਗੋਪੀ:
(ਗਵਾਲਨ) ਜੋ ਦੁੱਧ
ਲਿਆਂਦੀ-ਲਿਜਾਂਦੀ ਹੈ ਭਾਵ ਸਮਝਾਂਗੇ ਕਿ ਸਰੀਰ ਦੀਆਂ ਨਿੱਕੀਆਂ-ਨਿੱਕੀਆਂ ਨਾੜੀਆਂ, ਜਿਨ੍ਹਾਂ ਰਾਹੀਂ
ਬਿਬੇਕ ਬੁੱਧ (ਦੁੱਧ) ਰੋਮ-ਰੋਮ ਨੂੰ ਦਿੱਤੀ ਜਾਂਦੀ ਹੈ।
ਸਤਿਗੁਰ ਦੀ ਮੱਤ ਦੀ ਅਗਵਾਈ ਹੇਠ ਵਿਰਲੇ ਮਨ ਅੰਦਰ ਚੰਗੇ-ਚੰਗੇ ਖਿਆਲ ਉਪਜਦੇ
ਹਨ, ਜੋ ਰੋਮ-ਰੋਮ ਅਤੇ ਹਰੇਕ ਅੰਗ ਨੂੰ ਤੱਤ ਗਿਆਨ ਰੂਪੀ ਦੁੱਧ ਦਿੰਦੇ ਹਨ। ਇਸ ਤਰ੍ਹਾਂ ਵਿਰਲਾ ਮਨ
ਅਤੇ ਇੰਦਰੇ, ਗਿਆਨ-ਇੰਦਰੇ ਸਵਸਥ ਅਤੇ ਸਵਛ ਹੁੰਦੇ ਜਾਂਦੇ ਹਨ।
ਆਖਹਿ ਈਸਰ ਆਖਹਿ ਸਿਧ ॥
ਈਸਰ:
ਈਸ਼ਵਰ, ਮਾਲਕ।
ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਮੇਰੇ ਹਿਰਦੇ ਰੂਪੀ ਧਰਤੀ ਦਾ ਮਾਲਕ
ਸਤਿਗੁਰ ਦੀ ਮੱਤ ਦਾ ਤੱਤ ਗਿਆਨ ਹੀ ਹੈ ਅਤੇ ਅਨੇਕਾਂ ਚੰਗੇ-ਚੰਗੇ ਖਿਆਲ ਰੂਪੀ ਸਿੱਧ ਇਸੀ ਰਾਹੀਂ
ਪ੍ਰਾਪਤ ਹੰੁਦੇ ਹਨ।
ਆਖਹਿ ਕੇਤੇ ਕੀਤੇ ਬੁਧ ॥
ਵਿਰਲਾ ਮਨ ਹਰੇਕ ਖਿਆਲ ਨੂੰ ਸਤਿਗੁਰ ਦੀ ਮਤ ਮੁਤਾਬਕ ਬੁਧੀ ਵਿਚ ਦ੍ਰਿੜ
ਕਰਦਾ ਜਾਂਦਾ ਹੈ।
ਆਖਹਿ ਦਾਨਵ ਆਖਹਿ ਦੇਵ ॥
ਸਤਿਗੁਰ ਦੀ ਮੱਤ ਅਧੀਨ ਪ੍ਰਾਪਤ ਚੰਗੇ ਖਿਆਲਾਂ (ਦੇਵ) ਨਾਲ ਜਿਊਣ ਸਦਕਾ
ਦਾਨਵ ਰੂਪੀ ਖਿਆਲ ਵੀ ਸੋਧੇ ਜਾਂਦੇ ਹਨ।
ਆਖਹਿ ਸੁਰਿ ਨਰ ਮੁਨਿ ਜਨ ਸੇਵ ॥
ਵਿਰਲਾ ਮਨ ਤੱਤ ਗਿਆਨ ਰਾਹੀਂ ਵੀਰਤਾ (ਜੋਧੇ, ਸੂਰਮੇ) ਅਤੇ ਅਡੋਲਤਾ ਵਾਲੇ
(ਜਿਨ੍ਹਾਂ ਖਿਆਲਾਂ ਨਾਲ ਮਨ ਵਿਆਕੁਲ ਨਾ ਹੋਵੇ) ਖਿਆਲਾਂ ਨੂੰ ਮਹਿਸੂਸ ਕਰਦਾ ਹੈ ਅਤੇ ਉਨ੍ਹਾਂ ਨੂੰ
ਸੇਂਵਦਾ ਹੈ ਭਾਵ ਉਨ੍ਹਾਂ ਦੇ ਮਾਰਗ ’ਤੇ ਤੁਰਦਾ ਹੈ, ਸੁਭਾਅ ’ਚ ਦ੍ਰਿੜ੍ਹ ਕਰਦਾ ਹੈ।
ਕੇਤੇ ਆਖਹਿ ਆਖਣਿ ਪਾਹਿ ॥
ਅਨੇਕਾਂ ਖਿਆਲ (ਖੰਡ, ਵੇਗ) ਸਤਿਗੁਰ ਦੀ ਮੱਤ ਰਾਹੀਂ ਉਪਜਦੇ ਹਨ (ਆਖੇ
ਜਾਂਦੇ ਹਨ) ਤੇ ਹਰੇਕ ਅੰਗ ਅਤੇ ਰੋਮ-ਰੋਮ ਉਨ੍ਹਾਂ ਨੂੰ ਆਪਣੇ ਭਾਂਡੇ ’ਚ ਪੁਆਉਂਦੇ ਹਨ ਭਾਵ ਪ੍ਰਾਪਤ
ਕਰਦੇ ਹਨ।
ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
ਸਤਿਗੁਰ ਦੀ ਮੱਤ ਰਾਹੀਂ ਕਿੰਨੇ ਹੀ ਚੰਗੇ ਖਿਆਲ ਸਮਝ ਆਂਦੇ (ਕਹਿ ਕਹਿ) ਹਨ,
ਜਿਨ੍ਹਾਂ ਨੂੰ ਧਾਰਨ ਕਰ ਕੇ ਵਿਰਲਾ ਮਨ ਵਿਕਾਰਾਂ ਦੀ ਸੋਚਣੀ ਤੋਂ ਉੱਪਰ ਉਠਦਾ ਜਾਂਦਾ ਹੈ (ਉਠਿ ਉਠਿ
ਜਾਹਿ) ਭਾਵ ਮੰਦੇ ਖਿਆਲ ਉਠਿ-ਉਠਿ ਕੇ ਚਲੇ ਜਾਂਦੇ ਹਨ।
ਏਤੇ ਕੀਤੇ ਹੋਰਿ ਕਰੇਹਿ ॥
ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਉੱਦਮ (ਸ਼੍ਰਮ) ਕੀਤਿਆਂ ਅਨੇਕਾਂ ਹੀ
ਚੰਗੇ ਗੁਣ, ਖਿਆਲਾਂ ਅਤੇ ਉਸ ਮੁਤਾਬਕ ਦ੍ਰਿੜ੍ਹ ਕੀਤੇ ਸੁਭਾਅ ਨਾਲ ਹਿਰਦੇ ਰੂਪੀ ਧਰਤੀ ਦੀ ਨਵੀਂ
ਸਿਰਜਣਾ ਹੰੁਦੀ ਹੈ।
ਤਾ ਆਖਿ ਨ ਸਕਹਿ ਕੇਈ ਕੇਇ ॥
ਵਿਰਲਾ ਮਨ ਇਹ ਸਭ ਕੁਝ ਮਹਿਸੂਸ ਕਰਕੇ ਆਖਦਾ ਹੈ ਕਿ ਮਨ ਦੀ ਮੱਤ ਨਾਲ ਸਾਰੇ,
ਬੇਅੰਤ, ਚੰਗੇ-ਚੰਗੇ ਖਿਆਲ ਆਖੇ ਨਹੀਂ ਜਾ ਸਕਦੇ ਅਤੇ ਨਾ ਹੀ ਸਮਝਾਏ ਜਾ ਸਕਦੇ। ਚੰਗੇ ਗੁਣਾਂ ਦੇ
ਸੁਭਾਅ ਵਾਲੇ ਮਨ ਨੂੰ ਕੁਮੱਤ ਦੇ ਖਿਆਲ ਨਹੀਂ ਆਉਂਦੇ, ਭਾਵ ਕੋਈ ਵੀ ਉਸ ਨੂੰ ਕੁਮੱਤ ਦੇ ਖਿਆਲ ਨਹੀਂ
ਦੇ (ਆਖ) ਸਕਦਾ ਕਿਉਂਕਿ ਉਹ ਕੁਮਤ ਦੀ ਸੁਣਦਾ ਹੀ ਨਹੀਂ ਹੈ।
ਜੇਵਡੁ ਭਾਵੈ ਤੇਵਡੁ ਹੋਇ ॥
ਵਿਰਲੇ ਮਨ ਨੂੰ ਸੋਝੀ ਹੋ ਜਾਂਦੀ ਹੈ ਕਿ ਨਿਜ ਘਰ ਤੋਂ ਜੈਸੇ ਰੱਬ (ਵੱਡੇ)
ਨੂੰ ਉਹ ਪਸੰਦ ਕਰਦਾ ਹੈ ਉਸਦੇ ਖਿਆਲਾਂ, ਖੰਡਾਂ, ਰੋਮ-ਰੋਮ ਅਤੇ ਇੰਦਰੇ, ਗਿਆਨ-ਇੰਦਰੇ ਦੀ ਸ੍ਰਿਸ਼ਟੀ
ਵੀ ਵੈਸੀ ਹੀ ਬਣਦੀ ਜਾਂਦੀ ਹੈ।
ਨਾਨਕ ਜਾਣੈ ਸਾਚਾ ਸੋਇ ॥
ਵਿਰਲੇ ਮਨ ਨੂੰ ਦ੍ਰਿੜ ਕਰਾਉਣ ਲਈ ਨਾਨਕ ਜੀ ਆਖਦੇ ਹਨ ਕਿ ਨਿਜਘਰ ਤੋਂ
ਮਿਲਦਾ (ਕਰਮ) ਸਤਿਗੁਰ ਦਾ ਤੱਤ ਗਿਆਨ ਨਾਲ ਜੁੜੋ ਤਾਂ ਹੀ ਵਿਸਮਾਦਿਤ ਅਵਸਥਾ ਪ੍ਰਾਪਤ ਹੁੰਦੀ ਹੈ।
ਜੇ ਕੋ ਆਖੈ ਬੋਲੁਵਿਗਾੜੁ ॥
ਵਿਰਲਾ ਮਨ ਰਜ਼ਾ ਤੋਂ ਉਲਟ ਜੀਊਣ (ਆਖੈ ਬੋਲੁਵਿਗਾੜੁ) ਤੋਂ ਸੰਕੋਚ ਕਰਦਾ ਹੈ
ਕਿਉਂਕਿ ਇੰਜ ਪ੍ਰੀਤ ਟੁਟਦੀ ਹੈ।
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥26॥
ਲਿਖੀਐ:
ਜੀਵਨ ਜਿਊਣਾ,ਗਾਵਾਰਾ
ਗਾਵਾਰੁ:ਮੂਰਖਤਾਈ।
ਵਿਰਲੇ ਮਨ ਨੂੰ ਸਮਝ ਪੈ ਜਾਂਦੀ ਹੈ, ਅਹਿਸਾਸ ਹੋ ਜਾਂਦਾ ਹੈ ਕਿ ਮਨ ਕੀ ਮੱਤ
ਰਾਹੀਂ ਜੀਵਨ ਜਿਊਣਾ, ਮੂਰਖਤਾਈ ਦਾ ਕੰਮ ਹੈ। ਉਤੱਮ ਤਾਂ ਇਹੀ ਹੈ ਕਿ ਸਤਿਗੁਰ ਦੀ ਮੱਤ ਅਨੁਸਾਰ
ਜੀਵੋ।
ਵੀਰ ਭੁਪਿੰਦਰ ਸਿੰਘ