. |
|
ਇਸ਼ਟ
(2)
ਲੇਖ ਦੇ ਪਹਿਲੇ ਭਾਗ ਵਿੱਚ ਅਸੀਂ ਬਹੁ-ਇਸ਼ਟ ਪੂਜਾਵਾਦ ( polytheism),
ਇਸ ਨਾਲ ਸੰਬੰਧਿਤ ਤੱਥਾਂ ਅਤੇ ਇਸ ਅਮਾਨਵੀ ਪਰੰਪਰਾ ਕਾਰਣ ਮਾਨਵਤਾ ਲਈ ਨਿਕਲਦੇ ਘਾਤਿਕ ਨਤੀਜਿਆਂ
ਬਾਰੇ ਸੰਖੇਪ ਵਿਚਾਰ ਕੀਤੀ ਹੈ। ਇਸ ਭਾਗ ਵਿੱਚ ਇੱਕ ਇਸ਼ਟ-ਭਗਤੀ ਅਰਥਾਤ ਅਦ੍ਵੈਤਵਾਦ (Monotheism)
ਦੇ ਸਿੱਧਾਂਤ ਉੱਤੇ ਵਿਚਾਰ ਕੀਤੀ ਜਾਵੇ ਗੀ।
ਇਕ-ਈਸ਼ਵਰਵਾਦ ਦੇ ਫ਼ਲਸਫ਼ੇ ਨੂੰ ਵਿਚਾਰਨ ਤੋਂ ਪਹਿਲਾਂ ਇੱਕ ਹੋਰ ਵਿਆਪਕ
ਵਾਦ/ਮੱਤ ( ism)
ਦੀ ਸੰਖੇਪ ਜਾਣਕਾਰੀ ਦੇ ਦੇਣਾ ਵੀ ਜ਼ਰੂਰੀ ਹੈ। ਇਸ ਵਾਦ ਨੂੰ ਭਾਂਜਵਾਦ, ਪਲਾਇਨਵਾਦ (escapism)
ਜਾਂ, ਜਟਕੀ ਬੋਲੀ ਵਿੱਚ, ਭਗੌੜਾਵਾਦ ਕਿਹਾ ਜਾਂਦਾ ਹੈ। ਪੁਜਾਰੀਆਂ ਤੇ ਸ਼ਾਸਕਾਂ ਦੇ ਜ਼ੁਲਮ ਅਤੇ
ਸੰਸਾਰਕ ਦੁੱਖਾਂ-ਕਲੇਸ਼ਾਂ ਨੂੰ ਨਾ ਬਰਦਾਸ਼ਤ ਕਰ ਸਕਣ ਵਾਲੇ ਆਤਮਿਕ ਪੱਖੋਂ ਕਮਜ਼ੋਰ ਜੋ ਮਨੁੱਖ,
ਦੁੱਖਾਂ ਤੋਂ ਮੁਕਤੀ ਤੇ ਸੁੱਖਾਂ ਦੀ ਭਾਲ ਵਿੱਚ, ਗ੍ਰਹਿਸਥ ਤੇ ਕਿਰਤੀ ਜੀਵਨ ਤਿਆਗ ਕੇ ਮਨੁੱਖਾ
ਸਮਾਜ ਤੋਂ ਭਗੌੜੇ ਹੋ ਜਾਂਦੇ ਸਨ/ਹਨ, ਉਨ੍ਹਾਂ ਨੂੰ ਭਾਂਜਵਾਦੀ ਕਿਹਾ ਜਾਂਦਾ ਹੈ। ਜੈਨ ਮਤਿ, ਬੁੱਧ
ਮਤਿ ਅਤੇ ਯੋਗ ਮਤਿ ਭਾਂਜਵਾਦ ਦੇ ਪ੍ਰਮਾਣ ਹਨ। ਇਹ ਤਿੰਨੋਂ ਮਤਿ ਇਤਿਹਾਸਿਕ ਹਨ: ਜੈਨ ਮਤਿ ਦੇ
ਸੰਸਥਾਪਕ ਰਸਭਦੇਵ ਜਾਂ ਰਿਸ਼ਭਦੇਵ (ਇਸ ਮਹਾਂਪੁਰਖ ਦੇ ਜੀਵਨ-ਕਾਲ ਬਾਰੇ ਸਹੀ ਜਾਣਕਾਰੀ ਦੇਣੀ ਸੰਭਵ
ਨਹੀਂ!), ਬੋਧ ਧਰਮ ਦੇ ਮੋਢੀ ਮਹਾਤਮਾ ਬੁੱਧ (5ਵੀਂ-6ਵੀਂ
ਸਦੀ ਬੀ: ਸੀ: ), ਅਤੇ ਯੋਗੀ ਸੰਪਰਦਾਇ ਦੇ ਬਾਨੀ ਮਹਾਂਯੋਗੀ ਪਤੰਜਲੀ (ਚੌਥੀ-ਪੰਜਵੀਂ ਸਦੀ ਈਸਵੀ)
ਨੂੰ ਮੰਨਿਆਂ ਜਾਂਦਾ ਹੈ। ਪਹਿਲੇ ਦੋਨੋਂ ਮਤਿ ਪ੍ਰਭੂ ਅਤੇ ਉਸ ਦੀ ਪ੍ਰਭੁਤਾ ਵਿੱਚ ਵਿਸ਼ਵਾਸ ਨਹੀਂ
ਰੱਖਦੇ। ਇਨ੍ਹਾਂ ਮੱਤਾਂ ਵਿੱਚ ਬਹੁ-ਇਸ਼ਟ ਪੂਜਾਵਾਦ ਵਾਲੇ ਲਗ ਪਗ ਸਾਰੇ ਲੱਛਣ ਸਨ/ਹਨ। ਪਰੰਤੂ,
ਜਿੱਥੇ ਅਨੇਕ-ਇਸ਼ਟ ਪੂਜਾਵਾਦ ਵਿੱਚ ਇੱਕ ਅਦੁੱਤੀ ਈਸ਼ਵਰ ਨੂੰ ਨਜ਼ਰਅੰਦਾਜ਼ ਕਰਕੇ ਕਾਲਪਨਿਕ
ਦੇਵੀ-ਦੇਵਤਿਆਂ, ਅਵਤਾਰਾਂ ਅਤੇ ਪੈਗ਼ੰਬਰਾਂ ਆਦਿ ਦੀ ਪੂਜਾ-ਭਗਤੀ ਕੀਤੀ/ਕਰਵਾਈ ਜਾਂਦੀ ਹੈ, ਉਥੇ
ਇਨ੍ਹਾਂ ਮੱਤਾਂ ਦੇ ਬਾਨੀਆਂ ਨੂੰ ਹੀ ਇਸ਼ਟ ਮੰਨ ਕੇ ਉਨ੍ਹਾਂ ਦੀ ਪੂਜਾ-ਭਗਤੀ ਕੀਤੀ ਜਾਂਦੀ ਹੈ।
ਇਨ੍ਹਾਂ ਮੱਤਾਂ ਦੇ ਆਪਣੇ ਧਰਮ-ਗ੍ਰੰਥ, ਆਪਣੇ ਧਾਰਮਿਕ ਨਿਯਮ ਅਤੇ ਧਰਮ-ਕਰਮ (ਸੰਸਾਰਕ ਮਰਯਾਦਾਵਾਂ),
ਧਰਮ-ਰੰਗ, ਧਰਮ-ਭੇਖ, ਧਰਮ-ਚਿੰਨ੍ਹ ਤੇ ਵਹਿਮ-ਭਰਮ ਹਨ। ਇਸ ਤਰ੍ਹਾਂ ਇਹ ਤਿੰਨੋਂ ਮਤਿ ਵੀ ਮਰਯਾਦਿਤ
ਸੰਸਾਰਕ ਧਰਮਾਂ ਵਿੱਚ ਗਿਣੇ ਜਾ ਸਕਦੇ ਹਨ।
(ਨੋਟ:- ਇਥੇ ਯਹੂਦੀ ਮਤ ਤੇ ਈਸਾਈ ਧਰਮ ਦਾ ਵਰਣਨ ਨਹੀਂ ਕੀਤਾ ਗਿਆ।
ਕਿਉਂਕਿ, ਇਹ ਦੋਵੇਂ ਮੱਤ ਨਿਰਗੁਣ ਭਗਤੀ ਕਾਲ ਤਕ ਭਾਰਤ ਵਿੱਚ ਨਹੀਂ ਜਾਣੇ ਜਾਂਦੇ ਸਨ। ਇਨ੍ਹਾਂ ਦਾ
ਜ਼ਿਕਰ ਵੀ ਗੁਰਬਾਣੀ ਵਿੱਚ ਨਹੀਂ ਹੈ। ਹਾਂ, ਇੱਕ ਤੁਕ,
ਸਹਸ ਅਠਾਰਹ ਕਹਨਿ ਕਤੇਬਾ
ਅਸੁਲੂ ਇਕੁ ਧਾਤੁ॥ , ਵਿੱਚ ਇਨ੍ਹਾਂ ਦੇ
ਧਰਮ-ਗ੍ਰੰਥਾਂ ਦਾ ਜ਼ਿਕਰ ਜ਼ਰੂਰ ਹੈ। ਕਤੇਬਾ: ਧਰਮ-ਗ੍ਰੰਥ। ਇਹ ਗ੍ਰੰਥ ਹਨ:-
1. Tohra or Torot
ਤੋਹਰਾ ਜਾਂ ਤੌਰੇਤ, ਬਾਈਬਲ ਦਾ ਪਹਿਲਾ ਭਾਗ
Old Testament,
2. Zabur
ਜ਼ਬੂਰ, 3. Bible
ਇੰਜੀਲ New Testament
ਅਤੇ
4. ਕੁਰਾਨ।)
ਭਾਰਤ ਦੇ ਸਾਰੇ ਪ੍ਰਾਚੀਨ ਧਰਮ-ਗ੍ਰੰਥ ਦ੍ਵੈਤਵਾਦੀ ਸਨ/ਹਨ, ਸਿਵਾਏ
ਵੇਦਾਂਤ ਸ਼ਾਸਤ੍ਰ ਦੇ। ਵੇਦਾਂਤ ਸ਼ਾਸਤ੍ਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸਾਰੀ ਸ੍ਰਿਸ਼ਟੀ ਦਾ
ਚਾਲਕ ਅਤੇ ਜੀਵਾਂ ਦਾ ਸਿਰਜਨਹਾਰ, ਪਾਲਨਹਾਰ ਤੇ ਬਿਨਾਸਨਹਾਰ ਕੇਵਲ ਕਰਤਾਰ ਹੀ ਹੈ; ਅਤੇ ਉਸ ਦੀ
ਕੁਦਰਤ (ਸ਼ਕਤੀ) ਵਿੱਚ ਉਸ ਦਾ ਕੋਈ ਦੂਜਾ ਭਾਈਵਾਲ ਨਹੀਂ ਹੈ। ਸੋ, ਅਦ੍ਵੈਤਵਾਦ ਅਥਵਾ ਇੱਕ
ਈਸ਼ਵਰ-ਭਗਤੀ ਦੇ ਫ਼ਲਸਫ਼ੇ ਦਾ ਮੁੱਢ ਵੇਦਾਂਤ-ਦਰਸ਼ਨ ਨਾਲ ਬੱਝਾ ਕਿਹਾ ਜਾ ਸਕਦਾ ਹੈ। ਪਰੰਤੂ
ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਇਸ ਗ੍ਰੰਥ ਦਾ ਗਿਆਨ ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀ। ਦ੍ਵੈਤਵਾਦੀ
ਪੰਡਿਤ ਪੁਜਾਰੀ, ਜੋ ਇਸ ਦੇ ਸਿੱਧਾਂਤਾਂ ਨੂੰ ਸਮਝ ਸਕਦੇ ਸਨ, ਨੇ ਆਪਣੇ ਸਵਾਰਥ ਲਈ ਵੇਦਾਂਤ ਸ਼ਾਸਤ੍ਰ
ਵਿਚਲੇ ਆਤਮ-ਗਿਆਨ ਉੱਤੇ ਪਰਦਾ ਪਾਈ ਰੱਖਿਆ। ਇਸ ਤਰ੍ਹਾਂ, ਵੇਦਾਂਤ ਦੀ ਗਿਆਨ-ਲੋਅ ਆਮ ਲੋਕਾਂ ਤਕ
ਪਹੁੰਚ ਹੀ ਨਹੀਂ ਸਕੀ, ਜਾਂ ਇਉਂ ਕਹਿ ਲਵੋ ਕਿ, ਪਹੁੰਚਣ ਦਿੱਤੀ ਹੀ ਨਹੀਂ ਗਈ!
ਸੰਸਾਰ-ਮੰਚ ਉੱਤੇ ਹਜ਼ਰਤ ਮੁਹੰਮਦ ( 570-622
ਈ: ) ਦੇ ਪ੍ਰਵੇਸ਼ ਕਰਨ ਨਾਲ ਇਸਲਾਮ ਨਾਮ ਦਾ ਮਜ਼੍ਹਬ ਹੋਂਦ ਵਿੱਚ ਆਇਆ। ਇਸਲਾਮ ਦੇ ਮੁੱਢਲੇ
ਉਸੂਲ ਵੇਦਾਂਤ ਵਾਲੇ ਹੀ ਹਨ, ਜਿਵੇਂ:- ਤੌਹੀਦ
تو حِيد:
ਇੱਕ ਅੱਲਾ ਵਿੱਚ ਯਕੀਨ, ਵਾਹਦਅਨੀਯਤ
واحدانيّت:
ਅੱਲਾ ਨੂੰ ਲਾਸਾਨੀ ਜਾਨਣਾ, ਉਸ ਦੀ ਕੁਦਰਤ (ਸ਼ਕਤੀ) ਵਿੱਚ ਕਿਸੇ ਨੂੰ ਸ਼ਰੀਕ ਨਾ ਮੰਨਣਾ ਅਤੇ ਇੱਕ
ਅੱਲਾ ਦੀ ਹੀ ਇਬਾਦਤ ਕਰਨਾ ਹਨ। ਇਸਲਾਮ ਵਿੱਚ ਬੁੱਤ-ਪਰਸਤੀ (ਮੂਰਤੀ-ਪੂਜਾ) ਦੀ ਵੀ ਸਖ਼ਤ ਮਨਾਹੀ ਹੈ।
ਇਨ੍ਹਾਂ ਤੱਥਾਂ ਦੇ ਆਧਾਰ `ਤੇ ਇਸਲਾਮ ਨੂੰ
ਅਦ੍ਵੈਤਵਾਦੀ (Monotheistic)
ਮੱਤ ਕਿਹਾ ਜਾਂਦਾ ਹੈ। ਪਰੰਤੂ ਇਸ ਮਜ਼੍ਹਬ ਵਿੱਚ ਦ੍ਵੈਤਵਾਦ ਵਾਲੇ ਲੱਛਣ ਵੀ ਦਿਖਾਈ ਦਿੰਦੇ ਹਨ,
ਜਿਵੇਂ: ਮਿਥਿਹਾਸ ਅਤੇ ਇਸ ਵਿੱਚ ਵਿਸ਼ਵਾਸ, ਫ਼ਰਿਸ਼ਤੇ/ਮਲਿਕ, ਜਨੱਤ/ਬਹਿਸ਼ਤ
جّنت
, / بہِشت
(ਸਵਰਗ), ਫ਼ਿਰਦੋਸ/ਬਾਗ਼ ਏ ਬਹਿਸ਼ਤفِردوس
, باغِ بہِشت, ਜਹਨੱਮ/ਦੋਜ਼ਖ਼
جہننّم , دوزخ
(ਨਰਕ), ਕਯਾਮਤ قِیامَت
(ਪਰਲੋ) ਅਤੇ ਪੈਗ਼ੰਬਰپَیغمَبر
……ਵਗ਼ੈਰਾ ਵਗ਼ੈਰਾ। ਇਸ ਤੋਂ ਬਿਨਾਂ ਮੁਸਲਮਾਨਾਂ ਦੇ ਆਪਣੇ ਨਵੇਕਲੇ ਧਰਮ-ਕਰਮ/ਮਜ਼੍ਹਬੀ ਰਸਮਾਂ (rituals)
ਤੇ ਵਹਿਮ-ਭਰਮ ਵੀ ਹਨ। (ਨੋਟ:-ਮੁਸਲਮਾਨੀ ਸ਼ਰਅ
شرع
(ਮਜ਼੍ਹਬੀ ਰਸਮਾਂ/ਮਰਯਾਦਾ) ਦਾ ਵੇਰਵਾ ਕੁਰਾਨ ਮਜੀਦ
قُرّآن
ਅਤੇ ਹਦੀਸحدیث
ਵਿੱਚ ਦੇਖਿਆ ਜਾ ਸਕਦਾ ਹੈ!) ਸੋ, ਇਸ ਮਜ਼੍ਹਬ ਨੂੰ ਵੀ ਨਿਰੋਲ ਅਦ੍ਵੈਤਵਾਦੀ ਮਜ਼੍ਹਬ ਨਹੀਂ ਕਿਹਾ ਜਾ
ਸਕਦਾ!
ਮੁਸਲਮਾਨਾਂ ਨੇ ਆਪਣੇ ਮਜ਼੍ਹਬ ਅਤੇ ਮਜ਼੍ਹਬ ਦੇ ਨਾਮ ਉੱਤੇ ਰਾਜ ਫ਼ੈਲਾਉਣ ਲਈ
ਪੜੋਸੀ ਮੁਲਕਾਂ ਵਿੱਚ ਵੱਸਦੀ ਰਬ ਦੀ ਮਾਸੂਮ ਰਈਅਤ ਉੱਤੇ ਅਕਹਿ ਜ਼ੁਲਮ ਕੀਤੇ। ਹਜ਼ਰਤ ਮੁਹੰਮਦ ਦੇ
ਜਾਨਸ਼ੀਨ ਖ਼ਲੀਫ਼ੇ (ਖ਼ਲੀਫ਼ਾ ਵਜੀਦ) ਦੇ ਹੁਕਮਾਧੀਨ, ਮੁਸਲਮਾਨਾਂ ਨੇ ਭਾਰਤ ਉੱਤੇ ਪਹਿਲਾ ਹਮਲਾ ਅੱਠਵੀਂ
ਸਦੀ ਦੇ ਪਹਿਲੇ ਦਹਾਕੇ ਵਿੱਚ ਕੀਤਾ। ਇਹ ਹਮਲਾ ਭਾਵੇਂ ਅਸਫ਼ਲ ਰਿਹਾ, ਪਰ ਉਨ੍ਹਾਂ ਨੂੰ ਭਾਰਤ ਦੇ
ਮਾੜੇ ਹਾਲਾਤ ਤੋਂ ਇਹ ਅੰਦਾਜ਼ਾ ਹੋ ਗਿਆ ਸੀ ਕਿ ਇੱਥੋਂ ਦੇ ਆਪਸ ਵਿੱਚ ਲੜ ਰਹੇ ਅਯਾਸ਼ ਰਾਜਿਆਂ ਨੂੰ
ਜਿੱਤਣਾ ਅਤੇ ਅਨੇਕ ਇਸ਼ਟ-ਪੂਜਾਵਾਦ ਤੇ ਵਰਣਾਂ ਕਾਰਣ ਵੰਡੇ ਹੋਏ, ਭੇਡਾਂ ਬਣ ਚੁੱਕੇ, ਭਾਰਤੀਆਂ ਨੂੰ
ਦਹਿਸ਼ਤ ਨਾਲ ਦਬਾ ਕੇ ਉਨ੍ਹਾਂ ਉੱਤੇ ਰਾਜ ਕਰਨਾ ਮੁਸ਼ਕਿਲ ਨਹੀਂ ਸੀ! ਸੋ, ਮੁਸਲਮਾਨ ਧਾੜਵੀ ਰਾਜਿਆਂ
ਦਾ ਭਾਰਤ ਉੱਤੇ ਹਮਲਿਆਂ ਤੇ ਰਾਜ ਅਤੇ ਭਾਰਤੀਆਂ ਉੱਤੇ ਅੱਤਿਆਚਾਰਾਂ ਦਾ ਸਿਲਸਿਲਾ ਔਰੰਗਜ਼ੇਬ ਦੇ ਰਾਜ
ਦੇ ਅੰਤ ( 1707
ਈ: ) ਤਕ ਜਾਰੀ ਰਿਹਾ। ਸੋ, 708
ਈ: ਤੋਂ 1707
ਈ: ਤੀਕ, ਪੂਰਾ ਇੱਕ ਮਿੱਲੇਨੀਯਮ (ਇਕ ਹਜ਼ਾਰ ਸਾਲ) ਸੋਨੇ ਦੀ ਚਿੜੀ ਕਹੀ ਜਾਂਦੀ ਭਾਰਤ ਮਾਤਾ ਦੀ
ਹਾਲਤ ਉਸ ਅਮੀਰ ਸੁੰਦਰ ਨਾਰੀ ਵਰਗੀ ਰਹੀ ਜਿਸ ਦਾ ਤਨ ਤੇ ਧਨ ਲੁੱਟਣ ਲਈ ਕਈ ਵੰਸ਼ਾਂ ਦੇ ਮੁਸਲਮਾਨ
ਧਾੜਵੀ ਰਾਜੇ ਉਸ ਦੇ ਸੁੰਦਰ ਤਨ ਨੂੰ ਨੋਚਦੇ ਤੇ ਉਸ ਦੀ ਦੌਲਤ ਨੂੰ ਲੁੱਟ ਲੁੱਟ ਕੇ ਖਾਂਦੇ ਰਹੇ! ਇਸ
ਸਮੇਂ ਦੌਰਾਨ ਮੁਸਲਮਾਨਾਂ ਨੇ, ਮਜ਼੍ਹਬ ਦੇ ਨਾਮ `ਤੇ, ਭਾਰਤੀ ਜਨਤਾ ਉੱਤੇ ਜੋ ਜ਼ੁਲਮ ਕੀਤੇ, ਉਨ੍ਹਾਂ
ਦਾ ਜ਼ਿਕਰ ਕਰਦਿਆਂ ਕਲਮ ਵੀ ਕੰਬਦੀ ਹੈ! ਉਨ੍ਹਾਂ ਅਕਹਿ ਅੱਤਿਆਚਾਰਾਂ ਦਾ ਸੰਖੇਪ ਵੇਰਵਾ: ਭਾਰਤੀ
ਧਰਮ-ਸਥਾਨਾਂ (ਮੰਦਿਰਾਂ, ਮੱਠਾਂ ਆਦਿ) ਦੀ ਤਬਾਹੀ, ਮੂਰਤੀਆਂ ਦੀ ਭੰਨ-ਤੋੜ, ਧਰਮ-ਗ੍ਰੰਥਾਂ ਦੀ
ਬਰਬਾਦੀ, ਕਤਲੋ ਗ਼ਾਰਤ, ਖ਼ੂਨ-ਖ਼ਰਾਬਾ, ਲੁੱਟ-ਖਸੁਟ, ਅਬਲਾ ਔਰਤਾਂ ਨਾਲ ਵਹਿਸ਼ੀਆਨਾ ਵਰਤਾਓ ਅਤੇ ਬੇਬਸ
ਮਰਦਾਂ, ਔਰਤਾਂ, ਲੜਕੀਆਂ ਤੇ ਮਾਸੂਮ ਬੱਚੇ/ਬੱਚੀਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦੇ ਗ਼ੁਲਾਮ
ਸਰੀਰਾਂ ਦੀ ਤਜਾਰਤ ……! ! ! ਉਪਰੋਕਤ ਇਤਿਹਾਸਿਕ ਤੱਥਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਕੀਤਾ ਮਿਲਦਾ
ਹੈ।
ਇਸਲਾਮ ਦੇ ਮਚਾਏ ਭਾਂਬੜਾਂ ਵਿੱਚੋਂ, ਰੱਬ ਦੀ ਰਹਿਮਤ ਨਾਲ, ਇੱਕ ਹੋਰ ਮੱਤ
ਹੋਂਦ ਵਿੱਚ ਆਇਆ, ਜਿਸ ਨੂੰ ਸੂਫ਼ੀ ਮੱਤ ਕਿਹਾ ਜਾਂਦਾ ਹੈ। ਸੂਫ਼ੀਆਂ ਨੇ ਇੱਕ ਅੱਲਾ ਦਾ ਪੱਲਾ
ਤਾਂ ਫੜਿਆ ਪਰ, ਬਹੁਤੇ ਸੂਫ਼ੀ ਇਸਲਾਮ ਤੋਂ ਪੂਰੀ ਤਰ੍ਹਾਂ ਮੂੰਹ ਨਾ ਮੋੜ ਸਕੇ। ਇਨ੍ਹਾਂ ਹਾਲਾਤਾਂ
ਵਿੱਚ ਪੰਜਾਬ ਦੀ ਧਰਤੀ ਉੱਤੇ ਬਾਬਾ ਸ਼ੈਖ਼ ਫ਼ਰੀਦ ਜੀ ( 1173-1266
ਈ: ) ਦਾ ਆਗਮਨ ਹੋਇਆ। ਬਾਬਾ ਫ਼ਰੀਦ ਜੀ ਦੇ ਆਉਣ ਨਾਲ ਪੰਜਾਬ ਵਿੱਚ ਨਿਰੋਲ ਇੱਕ ਇਸ਼ਟ-ਭਗਤੀ (ਵਾਹਦਤ)
ਦਾ ਆਗ਼ਾਜ਼ ਹੋਇਆ। ਇੱਕ ਈਸ਼ਵਰ-ਭਗਤੀ ਮਾਰਗ ਦੇ ਸਰਵਪ੍ਰਥਮ ਮਾਰਗੀ (ਰਾਹੀ), ਪੈਰੋਕਾਰ ਤੇ ਪਥ-ਪ੍ਰਦਰਸ਼ਕ
ਬਾਬਾ ਸ਼ੈਖ਼ ਫ਼ਰੀਦ ਜੀ ਹਨ। ਬਾਬਾ ਫ਼ਰੀਦ ਜੀ ਨੇ ਬਹੁ ਇਸ਼ਟ-ਪੂਜਾਵਾਦ ਵਾਲੇ ਸਾਰੇ ਆਡੰਬਰਾਂ ਨੂੰ ਆਪਣੇ
ਫ਼ਕੀਰੀ ਜੀਵਨ `ਚੋਂ ਛੰਡ ਕੇ ਬਾਹਰ ਕੱਢਿਆ ਤੇ ਤਨੋਂ-ਮਨੋਂ ਇਸ਼ਕ ਹਕੀਕੀ/ਵਾਹਦਤ ਦੇ ਸਿੱਧਾਂਤ ਨੂੰ
ਅਪਣਾਇਆ। ਉਨ੍ਹਾਂ ਨੇ ਆਪ ਇੱਕ ਅੱਲਾ ਦਾ ਪੱਲਾ ਫੜਿਆ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਸਿਰਫ਼ ਅਲਹ ਦੇ
ਹੀ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਇਸ ਕਥਨ ਦੀ ਪੁਸ਼ਟੀ ਗੁਰਬਾਣੀ-ਗ੍ਰੰਥ ਵਿੱਚ ਸੰਕਲਿਤ ਬਾਬਾ ਫ਼ਰੀਦ
ਜੀ ਦੀ ਬਾਣੀ ਤੋਂ ਹੁੰਦੀ ਹੈ:
ਤੇਰੀ ਪਨਹ ਖੁਦਾਇ ਤੂ ਬਖਸੰਦਗੀ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ॥
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ॥ …;
…ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ ……
ਬਾਬਾ ਫ਼ਰੀਦ ਜੀ ਤੋਂ ਬਾਅਦ,
18ਵੀਂ
ਸਦੀ ਦੇ ਪਹਿਲੇ ਦਹਾਕੇ ਤਕ ਤਕਰੀਬਨ 500
ਸਾਲ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਆਤਮ-ਗਿਆਨੀ ਮਹਾਂਪੁਰਖ ਹੋਏ ਜਿਨ੍ਹਾਂ ਨੇ, ਆਪਣਾ
ਨਿਸ਼ਚਾ ਇੱਕ ਅਕਾਲ ਪੁਰਖ ਉੱਤੇ ਕੇਂਦ੍ਰਿਤ ਕਰਦਿਆਂ, ਨਿਧੜਕ ਹੋ ਕੇ ਮਾਨਸ-ਖਾਣੇ ਜ਼ਾਲਿਮ ਰਜਿਆਂ ਤੇ
ਮੁਰਦਾਰ-ਖ਼ੋਰ ਲੋਟੂ ਪੁਜਾਰੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਮਾਨਵਵਾਦੀ ਪਵਿੱਤਰ ਆਵਾਜ਼ ਨੂੰ
ਉਨ੍ਹਾਂ ਨੇ ਮਾਨਵਤਾ ਦੇ ਸਦੀਵੀ ਭਲੇ ਲਈ ਸਥਾਨਕ ਲੋਕ-ਬੋਲੀਆਂ ਵਿੱਚ ਕਲਮ-ਬੱਧ ਵੀ ਕਰ ਦਿੱਤਾ।
ਗੁਰੂ ਨਾਨਕ ਦੇਵ ਜੀ (1469-1539
ਈ: ) ਨੇ ਦੇਸ ਦੇ ਕੋਨੇ ਕੋਨੇ ਵਿੱਚੋਂ ਇਨ੍ਹਾਂ, ਨਿਰੋਲ
ਰੱਬੀ ਰੰਗ ਵਿੱਚ ਰੰਗੀਆਂ, ਕਲਮ-ਬੱਧ ਕਾਵਿ-ਰਚਨਾਵਾਂ ਨੂੰ ਇਕੱਤਰ ਕਰਕੇ ਇੱਕ "ਪੋਥੀ" ਦਾ
ਰੂਪ ਦਿੱਤਾ। "ਪੋਥੀ", ਜਿਸ ਨੂੰ ਹੁਣ ਗੁਰੂ ਗ੍ਰੰਥ ਕਿਹਾ ਜਾਂਦਾ ਹੈ, ਵਿੱਚ
ਸੰਕਲਿਤ ਕਾਵਿ-ਰਚਨਾ ਨੂੰ ਬਾਣੀ ਜਾਂ ਗੁਰਬਾਣੀ ਕਹਿੰਦੇ ਹਨ। ਅਤੇ, ਗੁਰਬਾਣੀ ਤੋਂ
ਮਿਲਦੀ ਮਤਿ ਨੂੰ ਗੁਰਮਤਿ ਕਿਹਾ ਜਾਂਦਾ ਹੈ।
ਗੁਰਮਤਿ ਅਤੇ ਸੰਸਾਰ ਦੇ ਬਾਕੀ ਫ਼ਲਸਫ਼ਿਆਂ ਵਿੱਚ ਮੂਲ ਅੰਤਰ ਇਹ ਹੈ ਕਿ
ਗੁਰਮਤਿ, ਸੱਚ ਵਿੱਚ
ਵਿਸ਼ਵਾਸ ਕਰਨ ਦੇ ਸਿੱਧਾਂਤ ਨੂੰ ਦ੍ਰਿੜਾਉਂਦੀ ਹੈ! ਸੱਚ ਵਿੱਚ ਵਿਸ਼ਵਾਸ ਕਰਨ ਲਈ ਬਿਬੇਕ ਅਤੇ ਗਿਆਨ
ਦੀ ਲੋੜ ਹੈ! ! ਸੋ, ਗੁਰਮਤਿ ਬਿਬੇਕ ਅਤੇ ਗਿਆਨ ਦਾ ਮਾਰਗ ਹੈ।
ਪਰੰਤੂ ਇਸ ਦੇ ਉਲਟ,
ਦੁਨੀਆ ਦੇ ਦੂਸਰੇ ਦ੍ਵੈਤਵਾਦੀ ਫ਼ਲਸਫ਼ੇ, ਵਿਸ਼ਵਾਸ ਨੂੰ ਸੱਚ ਮੰਨਣ `ਤੇ ਜ਼ੋਰ ਦਿੰਦੇ ਹਨ। ਵਿਸ਼ਵਾਸ ਨੂੰ
ਸੱਚ ਮੰਨਣ ਦਾ ਆਧਾਰ ਮਿਥਿਆ (ਝੂਠ) ਹੈ। ਜਿੱਥੇ ਝੂਠ ਹੈ, ਉਥੇ ਅਗਿਆਨਤਾ ਤੇ ਅੰਧਵਿਸ਼ਵਾਸ ਹੈ; ਅਤੇ
ਜਿੱਥੇ ਅਗਿਆਨਤਾ ਤੇ ਅੰਧਵਿਸ਼ਵਾਸ ਦਾ ਅਨ੍ਹੇਰਾ ਹੈ, ਉਥੇ ਪਾਪ ਅਤੇ ਭ੍ਰਸ਼ਟਾਚਾਰ ਦਾ ਬੋਲ-ਬਾਲਾ
ਹੋਵੇਗਾ! !
ਕਬੀਰਾ ਜਹਾ ਗਿਅਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਗੁਰਬਾਣੀ-ਗ੍ਰੰਥ ਅਤੇ
ਦੁਨੀਆ ਦੇ ਬਾਕੀ ਧਰਮ-ਗ੍ਰੰਥਾਂ ਵਿੱਚ ਵੱਡਾ ਫ਼ਰਕ ਇਹ ਹੈ ਕਿ, ਬਾਕੀ ਗ੍ਰੰਥਾਂ ਵਿੱਚ ਮਿਥਿਹਾਸ
ਭਾਰੂ ਹੈ ਅਤੇ ਮਿਥਿਹਾਸਿ ਦੇ ਭਰਮ-ਜਾਲ ਨੇ ਚਾਰ-ਚੁਫੇਰੇ ਅੰਧਵਿਸ਼ਵਾਸ ਦਾ
ਅੰਧੇਰਾ ਕੀਤਾ ਹੋਇਆ ਹੈ। ਪਰ, ਗੁਰਬਾਣੀ-ਗ੍ਰੰਥ ਵਿੱਚ ਮਿਥਿਹਾਸ ਦਾ ਪੂਰਣ ਅਭਾਵ ਹੈ! ! ਅਤੇ
ਮਿਥਿਹਾਸ ਦੇ ਫੈਲੇ ਹੋਏ ਭਰਮ-ਜਾਲ ਤੋਂ ਬਾਹਰ ਦੇਖਣ ਲਈ ਗਿਆਨ-ਅੰਜਨ ਦੀ ਦਾਤ ਦੀ ਬਖ਼ਸ਼ਿਸ਼ ਵੀ ਕੀਤੀ
ਗਈ ਹੈ! !
ਗਿਆਨ ਅੰਜਨ ਗੁਰੁ ਦੀਆ ਅਗਿਆਨ ਅੰਧੇਰ ਬਿਨਾਸ॥
ਗੁਰਮਤਿ ਬਹੁ ਇਸ਼ਟ ਪੂਜਾਵਾਦ ਦੇ ਸਾਰੇ ਅੰਸ਼ਾਂ {ਮਿਥਿਹਾਸ,
ਦੇਵੀ-ਦੇਵਤੇ, ਇਨ੍ਹਾਂ ਦੀਆਂ ਅਲੌਕਿਕ ਸ਼ਕਤੀਆਂ, ਕਾਲਪਨਿਕ ਮੂਰਤੀਆਂ, ਮੂਰਤੀ-ਪੂਜਾ, ਧਰਮ-ਸਥਾਨ
(ਮੰਦਿਰ, ਮਸਜਿਦ ਤੇ ਮਠ ਆਦਿ), ਨਰਕ-ਸ੍ਵਰਗ, ਪੈਗ਼ੰਬਰ, ਅਵਤਾਰ, ਵਹਿਮ-ਭਰਮ, ਭੇਖ-ਚਿੰਨ੍ਹ,
ਰੰਗ-ਰੂਪ, ਜਾਤ-ਪਾਤ, ਸੰਸਾਰਕ ਮਰਯਾਦਾਵਾਂ ਅਤੇ ਪੁਜਾਰੀ ਵਿਵਸਥਾ ਆਦਿ} ਨੂੰ ਮਾਣਤਾ ਨਹੀਂ ਦਿੰਦੀ।
ਗੁਰਬਾਣੀ ਵਿੱਚ ਉਕਤ ਸਾਰਿਆਂ ਨੂੰ ਗਿਆਨ ਤੇ ਬਿਬੇਕ ਨਾਲ ਮੂਲੋਂ ਹੀ ਨਕਾਰਿਆ ਗਿਆ ਹੈ।
ਸੋ, ਅੱਜ ਦੇ ਯੁਗ ਵਿੱਚ ਗੁਰਮਤਿ ਹੀ ਇੱਕ ਅਜਿਹਾ ਫ਼ਲਸਫ਼ਾ ਹੈ ਜਿਸ ਨੂੰ ਪੂਰਨ
ਇੱਕ ਇਸ਼ਟਵਾਦੀ ਜਾਂ ਅਦ੍ਵੈਤਵਾਦੀ ( Monotheistic)
ਫ਼ਲਸਫ਼ਾ ਕਿਹਾ ਜਾ ਸਕਦਾ ਹੈ।
ਚਲਦਾ……
ਗੁਰਇੰਦਰ ਸਿੰਘ ਪਾਲ
ਮਈ
8, 2016.
|
. |