. |
|
ਸ਼ਹੀਦਾਂ ਦੀਆਂ ਬਰਸੀਆਂ
ਸਤਿਕਾਰ, ਸਤਿਕਾਰ , ਸਤਿਕਾਰ ਪਰ ਸਾਡੀ ਕੌਮ ਕਿਸ ਚੀਜ਼ ਨੂੰ ਸਤਿਕਾਰ ਮੰਨ ਰਹੀ ਹੈ ਸਮਝ ਨਹੀਂ ਆਉਂਦਾ
। ਅੱਜ ਇੱਕ ਰੁਝਾਨ ਹੈ ਮੌਜੂਦਾ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਿੱਖਾਂ ਦੀਆਂ ‘ਬਰਸੀਆਂ’
ਮਨਾਉਣੀਆਂ। ਪਹਿਲਾਂ ਤਾਂ ਬਰਸੀ ਸ਼ਬਦ ਹੀ ਗੁਰਮਤਿ ਤੋਂ ਬਾਹਰ ਦਾ ਹੈ । ਫਿਰ ਗੁਰੂ ਗਰੰਥ ਸਾਹਿਬ ਦੀ
ਹਜ਼ੂਰੀ ਵਿੱਚ ਸ਼ਹੀਦਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲਗਾਕੇ ਕਿਹੜਾ ਸਤਿਕਾਰ ਤੇ ਕਿਹੜੀ ਮਰਿਯਾਦਾ
ਪਾਲੀ ਜਾਂਦੀ ਹੈ, ਪਤਾ ਨਹੀਂ । ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵੱਡ ਆਕਾਰੀ ਤਸਵੀਰਾਂ ਲਗਾਕੇ
ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ । 12-14 ਸਾਲ ਤੋਂ ਸੁਰਤ ਸੰਭਲਣ ਤੋਂ ਵੇਖ ਰਹੀ
ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੋਲਕ ਦੇ ਨਾਲ ਇਹ ਤਸਵੀਰਾਂ ਰੱਖ ਕੇ ਕਿਸਨੂੰ ਮੱਥਾ ਟੇਕਿਆ
ਜਾ ਰਿਹਾ ਹੈ ਗੁਰੂ ਨੂੰ ਜਾਂ ਫੋਟੋ ਨੂੰ ? ਕੀ ਅਸੀਂ ਗੁਰੂ ਨੂੰ ਭੁੱਲ ਗਏ ? ਕੀ ਅਸੀਂ ਬੰਦੇ ਜਾਂ
ਫੋਟੋ ਦੇ ਪੁਜਾਰੀ ਹੋ ਗਏ ਹਾਂ? ਕੀ ਇਹ ਕਿਸੇ ਸਾਧ ਦੇ ਡੇਰੇ ਨਾਲੋਂ ਘੱਟ ਹੈ? ਸਾਧਾਂ ਨੂੰ ਰੋਜ਼
ਕੋਸਦੇ ਹਾਂ ਪਿੱਟਦੇ ਹਾਂ ਕਿ ਉਹ ਸਾਧਾਂ ਦੀਆਂ ਫੋਟੋਆਂ ਨੂੰ ਮੱਥੇ ਟਿਕਵਾਉਂਦੇ ਹਨ ਪਰ ਇਧਰ ਵੇਖਕੇ
ਚੱਪ ਕਿਉਂ ਹੋ ਜਾਂਦੇ ਹਾਂ? ਕੀ ਇੱਥੇ ਗੁਰੂ ਦਾ ਸਤਿਕਾਰ ਕੋਈ ਅਹਿਮੀਅਤ ਨਹੀਂ ਰੱਖਦਾ?
ਜਦੋਂ ਗੁਰਮਤਿ ਵਿੱਚ ਮੂਰਤੀ/ਫੋਟੋ ਦੀ ਮਨਾਹੀ ਹੈ ਫਿਰ ਇਹਨਾਂ ਸਮਾਗਮਾਂ ਵਿੱਚ ਇਹ ਪਖੰਡ ਕਿਉਂ
ਹੁੰਦੇ ਹਨ? ਸ਼ਹੀਦਾਂ ਦੀ ਯਾਦ ਮਨਾਓ ਜ਼ਰੂਰ ਮਨਾਓ ਪਰ ਕੌਮ ਦਾ ਪੈਸਾ ਤੇ ਸਿਧਾਂਤ ਨਾ ਉਜਾੜੋ । ਇਹਨਾਂ
ਸਮਾਗਮਾਂ ਵਿੱਚ ਆਪਣੇ ਆਪ ਨੂੰ ਕੌਮੀ ਜਾਂ ਪੰਥਕ ਕਹਾਉਣ ਵਾਲੇ ਸਭ ਦੇਖੇ ਜਾ ਸਕਦੇ ਹਨ । ਢਾਡੀ,
ਕਵੀਸ਼ਰ ਜੋ ਕਿਲ-ਕਿਲ ਕੇ ਕੌਮ ਨੂੰ ਜੋਸ਼ ਦਵਾਉਣ ਦਾ ਕੰਮ ਕਰਦੇ ਜਾਪਦੇ ਹਨ, ਗੁਰੂ ਦੀ ਤੌਹੀਨ ਵੇਲੇ
ਚੁੱਪ ਹੋ ਜਾਂਦੇ ਹਨ। ਮਨਘੜਤ ਯੱਬਲੀਆਂ ਮਾਰਕੇ ਪੈਸਾ ਟਕਾ ਲੈ ਕੇ ਰਾਹ ਪੈਂਦੇ ਹਨ । ਜਿਸ ਗੁਰੂ ਦੇ
ਨਾਮ ਤੇ ਖਾਂਦੇ ਹਨ ਉਸ ਦੇ ਸਤਿਕਾਰ ਵੇਲੇ ਅੱਖਾਂ ਮੀਟ ਲੈਂਦੇ ਹਨ । ਸਤਿਕਾਰ ਕਮੇਟੀਆਂ ਸੌਂ ਜਾਦੀਆਂ
ਹਨ। ਲੰਮੇ ਚੋਲੇ ਤੇ ਨੀਲੀਆਂ –ਪੀਲੀਆਂ ਗੋਲ ਪੱਗਾਂ ਵਾਲੇ ਇਸ ਬਾਰੇ ਕਦੇ ਨਹੀਂ ਬੋਲਦੇ । ਕੀ ਸਿਰਫ
ਲੰਮੇ –ਚੌੜੇ ਭਾਸ਼ਣ ਝਾੜਨੇ ਤੇ ਲੰਗਰ ਛੱਕ ਲੈਣਾ ਹੀ ਕਾਫੀ ਹੈ? ਉਸੇ ਭਾਸ਼ਣ ਵਿੱਚ ਗੁਰੂ ਗ੍ਰੰਥ
ਸਾਹਿਬ ਦੇ ਸਤਿਕਾਰ ਹਿੱਤ ਦੋ ਲਫਜ਼ ਕਿਉਂ ਨਹੀਂ ਨਿਕਲਦੇ । ਸ਼ੱਕ ਨਹੀਂ ਅਸਲੀਅਤ ਹੀ ਹੈ ਕਿ ਜਾਂ ਤਾਂ
ਵੋਟ ਦੀ ਰਾਜਨੀਤੀ ਤੇ ਦੂਜਾ ਉਸ ਪਰਿਵਾਰ ਨੂੰ ਦਿਖਾਉਣਾ ਕਿ ਸਾਨੂੰ ਤੁਹਾਡੇ ਨਾਲ ਕਿੰਨੀ ਹਮਦਰਦੀ ਹੈ
ਕਿੰਨਾ ਪਿਆਰ ਹੈ ਤੁਹਾਡੇ ਸ਼ਹੀਦ ਹੋਏ ਸਿੰਘ ਨਾਲ , ਕਿੰਨੀ ਇੱਜ਼ਤ ਕਰਦੇ ਹਾਂ ।
ਵਿਦੇਸ਼ਾਂ ਵਿੱਚੋਂ ਵੀ ਇਹਨਾਂ ਬਰਸੀਆ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਜਾਦਾਂ ਹੈ ਤੇ ਡਕਾਰਿਆ ਜਾਦਾਂ
ਹੈ । ਨਾਮ ਦੇ ਮਸ਼ਹੂਰ ਸਿੰਘਾਂ ਦੇ ਨਾਂ ਤੇ ਪੈਸਾ ਹੜੱਪਿਆ ਜਾਦਾਂ ਹੈ । ਵਿਦੇਸ਼ਾਂ ਦੇ ਗੁਰਦੁਵਾਰੇ
ਵੀ ਸ਼ਹੀਦਾਂ ਦੇ ਨਾਂ ਤੇ ਧੰਦਾ ਕਰਦੇ ਹਨ । ਲੋਕਾਂ ਦੇ ਘਰਾਂ ਵਿੱਚ ਅਖੰਡ ਪਾਠ ਕਰਕੇ ਤੇ ਪੈਸਾ
ਸ਼ਹੀਦਾਂ ਦੇ ਪਰਿਵਾਰਾਂ ਨੂੰ ਭੇਜਣ ਦਾ ਪਖੰਡ ਕਰਕੇ ਤੇ ਪੈਸੇ ਬਨਾਉਣ ਦਾ ਧੰਦਾ ਚੱਲਦਾ ਰਿਹਾ ਹੈ ।
ਜੇ ਅਸੀਂ ਸ਼ਹੀਦਾਂ ਦੀ ਯਾਦ ਤਾਜ਼ਾ ਰੱਖਣੀ ਹੈ ਤਾਂ ਸਹਿਜ ਪਾਠ ਕਰਕੇ ਸਾਰੇ ਹੀ ਸਿੰਘ-ਸਿੰਘਣੀਆਂ ਨੂੰ
ਇਕੱਠਿਆਂ ਹੀ ਚੇਤੇ ਕਿਉਂ ਨਾ ਕਰ ਲਈਏ । ਕਈ ਪਰਿਵਾਰਾਂ ਦਾ ਸਿਰਫ ਇੰਨਾਂ ਹੀ ਕਸੂਰ ਸੀ ਕਿ ਉਹ
ਸਿੱਖ ਸਨ ਤੇ ਉਹ ਕਿੱਥੇ ਖਪਾਏ ਗਏ ਪਤਾ ਨਹੀਂ । ਆਪਣੇ ਜੀਆਂ ਦੀਆਂ ਲਾਸ਼ਾਂ ਤੱਕ ਨਸੀਬ ਨਹੀਂ ਹੋਈਆਂ
। ਦੂਜੇ ਪਾਸੇ ਇੱਕ-ਇੱਕ ਦੇ ਨਾਮ ਤੇ ਬਰਸੀਆਂ , ਸਮਾਗਮ ਹੁੰਦੇ ਹਨ । ਵਰਤਮਾਨ ਤੇ ਪੁਰਾਤਨ ਸ਼ਹੀਦ
ਵੱਖਰੇ ਹੋ ਗਏ ਹਨ, ਅੱਡ –ਅੱਡ ਜਥੇਬੰਦੀਆਂ ਦੇ ਸ਼ਹੀਦ ਵੀ ਅੱਡ-ਅੱਡ ਹਨ । ਅਖੰਡ ਕੀਰਤਨੀ ਜੱਥੇ ਦੇ
ਸ਼ਹੀਦ ਹੋਰ, ਟਕਸਾਲ ਦੇ ਹੋਰ । ਪਰ ਜਿਹੜੇ ਸਿੱਖ, ਬੱਚੇ, ਬੀਬੀਆਂ ਕਿਸੇ ਜਥੇਬੰਦੀ ਨਾਲ ਸਬੰਧ ਨਾ
ਹੁੰਦਿਆਂ ਵੀ ਮਾਰੇ ਗਏ, ਬਲਾਤਕਾਰ ਹੋਏ, ਉਹ ਕਿਸਦੇ ਸ਼ਹੀਦ ਹੋਣਗੇ ? ਗੁਰੂ ਦੀ ਹਜ਼ੂਰੀ ਵਿੱਚ
ਵੱਡੀਆਂ-ਵੱਡੀਆਂ ਤਸਵੀਰਾਂ ਲਾਕੇ ਅਸੀਂ ਕੁਰਬਾਨੀਆਂ ਦਾ ਮੁੱਲ ਵੱਟਦੇ ਹਾਂ । ਸ਼ਹੀਦ, ਵਿਦਵਾਨ ਕਿੰਨਾ
ਵੱਡਾ ਵੀ ਹੋਵੇ ਪਰ ਗੁਰਬਾਣੀ ਦੇ ਸਿਧਾਂਤ ਤੋਂ ਉੱਪਰ ਨਹੀਂ। ਅਸੀਂ ਵੱਡੇ –ਵੱਡੇ ਪਖੰਡ ਕਰਦੇ ਹਾਂ,
ਤੇ ਗੁਰੂ ਨਾਨਕ ਦਾ ਸਿਧਾਂਤ ਬਿਲਕੁਲ ਛੱਡ ਚੁੱਕੇ ਹਾਂ । ਸ਼ਹੀਦਾਂ ਦੀ ਆੜ ਵਿੱਚ ਚੌਧਰ ਅਤੇ ਪੈਸੇ ਦਾ
ਚੁੱਪ ਗੜੁੱਪ ਧੰਦਾ ਹੈ ।
ਗੁਰੂ ਦਾ ਵਾਸਤਾ ਹੈ ਬ੍ਰਾਹਮਣ ਵਾਂਗ, ਆਮ ਤੇ ਖਾਸ ਸਿੱਖ, ਸ਼ਹੀਦ ਬਨਾਉਣੇ ਛੱਡ ਦਿਓ ਨਹੀਂ ਤਾਂ ਸਾਡੇ
ਬੱਚੇ ਪੁੱਛਣਗੇ ਕਿ “ਗੁਰ ਮੂਰਤਿ ਗੁਰ ਸ਼ਬਦ ਹੈ, ਸਾਧ ਸੰਗਤਿ ਵਿਚਿ ਪਰਗਟੀ ਆਇਆ”॥ (ਵਾਰ- 24:
25)
ਗੁਰਬਾਣੀ ਤਾਂ ਮੂਰਤੀ ਪੂਜਾ ਤੋਂ ਰੋਕਦੀ ਹੈ ਪਰ ਆਹ ਕੀ ਕਰਦੇ ਹੋ ?
ਪਲਵਿੰਦਰ ਕੌਰ ਮਾਨੋਚਾਹਲ
ਵਰਨਨ, ਬੀ.ਸੀ
|
. |