.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕਰਤਾਰਪੁਰ ਦੇ ਦਰਸ਼ਨ


ਇਹ ਠੀਕ ਹੈ ਮੈਂ ਇਸ ਤੋਂ ਪਹਿਲ਼ਾਂ ਦੋ ਵਾਰ ਲਾਹੌਰ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰ ਚੁੱਕਿਆ ਸੀ। ਅੱਜ ਕਲ੍ਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੱਡਿਆਂ ਮੁਲਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਰਤਾਪੁਰ, ਏਮਨਾਬਾਦ ਤੇ ਸੱਚਾ ਸੌਦਾ ਗੁਰਦੁਆਰਿਆਂ ਦੇ ਦਰਸ਼ਨ ਅਸੀਂ ਕਰ ਸਕਦੇ ਹਾਂ। ਇਕ ਵਾਰ ਪ੍ਰਿੰਸੀਪਲ ਜਗਜੀਤ ਸਿੰਘ ਸਿਦਕੀ ਥਾਈਲੈਂਡ ਆਏ ਸਨ ਤੇ ਉਹਨਾਂ ਨੇ ਕਿਹਾ ਮੈਂ ਚਹੁੰਦਾ ਹਾਂ ਕਿ ਇਕ ਐਸਾ ਅਸਥਾਨ ਕਾਇਮ ਕੀਤਾ ਜਾਏ ਜਿੱਥੇ ਕੇਵਲ ਕਰਤਾਰਪੁਰ ਦੀ ਧਰਤੀ ਵਾਲਾ ਮਾਹੌਲ ਹੋਵੇ। ਉਹਨਾਂ ਨੇ ਕਿਹਾ ਉਹ ਕਿਸ ਤਰ੍ਹਾਂ ਦਾ ਨਜ਼ਾਰਾ ਹੋਏਗਾ ਜਦੋਂ ਗੁਰੂ ਨਾਨਕ ਸਾਹਿਬ ਜੀ ਆਪ ਹੱਲ਼ ਵਹੁੰਦੇ ਹੋਣਗੇ ਹੱਥੀਂ ਪਸ਼ੂਆਂ ਜੋਗਾ ਚਾਰ ਵੱਢ ਕਿ ਲਿਆਉਂਦੇ ਹੋਣਗੇ ਤੇ ਸ਼ਾਮ ਨੂੰ ਧਰਮਸਾਲ ਦੀ ਹਾਜ਼ਰੀ ਭਰਦੇ ਹੋਣਗੇ। ਮੈਂ ਜਦੋਂ ਵੀ ਕਰਤਾਰਪੁਰ ਦੀ ਧਰਤੀ ਦਾ ਨਾਂ ਸੁਣਦਾ ਹਾਂ ਤਾਂ ਮੇਰੇ ਮਨ ਵਿਚੋਂ ਇਸ ਅਸਥਾਨ ਦੇ ਦਰਸ਼ਨਾਂ ਲਈ ਇਕ ਚੀਸ ਉੱਠਦੀ ਹੈ। ਮੇਰੇ ਮਨ ਵਿਚ ਹਮੇਸ਼ਾਂ ਤਾਂਘ ਹੀ ਰਹੀ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾਣ।
90 ਸਾਲਾਂ ਦੇ ਨਜ਼ਦੀਕ ਪਹੁੰਚੇ ਹੋਏ ਮੇਰੇ ਮਾਤਾ ਜੀ ਦਸਦੇ ਸਨ ਕਿ ਕਰਤਾਰਪੁਰ ਸਾਥੌਂ ਕੋਈ ਬਹੁਤੀ ਦੂਰ ਨਹੀਂ ਸੀ। ਮੇਰੇ ਮਾਤਾ ਜੀ ਦਾ ਪੇਕਾ ਪਿੰਡ ਦਾਤੇ ਵਾਲ ਤਲਵੰਡੀ ਸੀ ਜੋ ਨਾਰੋਵਾਲ ਤਹਿਸੀਲ ਵਿਚ ਸੀ ਤੇ ਕਰਤਾਰਪੁਰ ਤੋਂ ਕੋਈ ਬਹੁਤੀ ਦੂਰ ਨਹੀਂ ਸੀ। ਉਹ ਦਸਦੇ ਸਨ ਕਿ ਮੇਰੇ ਮਾਤਾ ਪਿਤਾ ਕਈ ਵਾਰੀ ਕਰਤਾਰਪੁਰ ਦੀ ਮੱਸਿਆ ਤੇ ਸਾਨੂੰ ਲੈ ਕੇ ਆਉਂਦੇ ਹੁੰਦੇ ਸਨ ਤੇ ਅਸੀਂ ਦੀਵਾਨ ਦੀ ਹਾਜ਼ਰੀ ਭਰਦੇ ਸਾਂ। ਪਕਿਸਤਾਨ ਬਣਨ ਤੋਂ ਪਹਿਲਾਂ ਬੜੀ ਰੌਣਕ ਹੁੰਦੀ ਸੀ। ਇੰਜ ਮੇਰੇ ਮਨ ਵਿਚ ਕਰਤਾਰਪੁਰ ਦੀ ਧਰਤੀ ਨੂੰ ਦੇਖਣ ਦੀ ਬਹੁਤ ਵੱਡੀ ਇੱਛਾ ਸੀ। ਜੱਥੇ ਨੂੰ ਦੱਸਿਆ ਗਿਆ ਕਿ ਸਵੇਰੇ ਸਾਰਾ ਜੱਥਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਏਗਾ। ਇਹ ਵੀ ਸੁਣਨ ਵਿਚ ਆਇਆ ਕਿ ਜੇ ਕਿਸੇ ਨੇ ਵਾਪਸ ਭਾਰਤ ਅੱਜ ਜਾਣਾ ਹੈ ਤਾਂ ਉਹ ਵਾਪਸ ਵੀ ਜਾ ਸਕਦਾ ਹੈ। ਉਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਏਗਾ। ਮੇਰਾ ਖਿਆਲ ਹੈ ਕਿ ਥੋੜੀਆਂ ਜੇਹੀਆਂ ਸੰਗਤਾਂ ਵਾਪਸ ਵੀ ਆ ਗਈਆਂ ਸਨ ਤੇ ਉਹ ਕਰਤਾਰਪੁਰ ਦੇ ਦਰਸ਼ਨ ਨਹੀਂ ਕਰਨ ਗਏ। ਕਰਤਾਰਪੁਰ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਕਈ ਹੋਰ ਮਸਲਿਆਂ ਤੇ ਵਿਚਾਰਾਂ ਕਰਦਿਆਂ ਸੌਣ ਦੀ ਤਿਆਰੀ ਕਰਨ ਲੱਗ ਪਏ। ਰਾਤ ਦੇ 12 ਵਜੇ ਦਾ ਸਮਾਂ ਹੋ ਗਿਆ ਸੀ।
ਸਵੇਰੇ ਅਸੀਂ ਚਾਰ ਵਜੇ ਹੀ ਉੱਠ ਪਏ ਸੀ। ਸਭ ਤੋਂ ਪਹਿਲਾਂ ਇਸ਼ਨਾਨ ਕਰ ਲਿਆ। ਹਰ ਮੰਜ਼ਿਲ ਤੇ ਬਾਥਰੂਮ ਆਦਿ ਬਣੇ ਹੋਏ ਸਨ। ਕੁਝ ਵੀਰ ਬਾਹਰ ਲੱਗੀਆਂ ਹੋਈਆਂ ਟੂਟੀਆਂ ਤੇ ਇਸ਼ਨਾਨ ਕਰ ਰਹੇ ਸਨ। ਪੁਲੀਸ ਵਲੋਂ ਅਵਾਜ਼ ਆਈ ਕਿ ਚਲੋ ਭਈ ਤਿਆਰ ਹੋ ਜਾਓ ਬਾਹਰ ਗੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਅਸੀਂ ਸਮਾਨ ਤਾਂ ਚੁਕਣਾ ਕੋਈ ਨਹੀਂ ਸੀ ਸਿਰਫ ਪਾਣੀ ਵਾਲੀਆਂ ਬੋਤਲਾਂ ਹੀ ਚੁੱਕੀਆਂ ਹੋਈਆਂ ਸਨ। ਅਸੀਂ ਆਪਣੀ ਵੈਨ ਵਿਚ ਬੈਠ ਗਏ। ਹੋਰ ਯਾਤਰੂ ਵੀ ਆਪੋ ਆਪਣੀਆਂ ਗੱਡੀਆਂ ਵਿਚ ਬੈਠ ਗਏ। ਥੋੜੇ ਸਮੇਂ ਵਿਚ ਹੀ ਸਾਡੀਆਂ ਗੱਡੀਆਂ ਗੁਰਦੁਆਰਾ ਡੇਹਰਾ ਸਾਹਿਬ ਦੇ ਅੱਗੇ ਜਾ ਕੇ ਖੜੀਆਂ ਹੋ ਗਈਆਂ। ਪੰਜਾਬ ਪੁਲੀਸ ਆਪਣੇ ਹਿਸਾਬ ਨਾਲ ਗੱਡੀਆਂ ਨੂੰ ਤਰਤੀਬ ਦੇ ਰਹੀ ਸੀ। ਇਸ ਵਾਰੀ ਸਾਡੀ ਵੈਨ ਵਿਚ ਪਾਕਿਸਤਾਨੀ ਇਕ ਅਫਸਰ ਆਣ ਕੇ ਬੈਠ ਗਿਆ ਤੇ ਉਹ ਕਹਿਣ ਲੱਗਾ, ਕਿ “ਪੰਜਾ ਸਾਹਿਬ ਤੋਂ ਆਉਂਦਿਆਂ ਇਸ ਡ੍ਰਾਈਵਰ ਨੇ ਗੱਡੀ ਨੂੰ ਬਹੁਤ ਤੇਜ਼ ਚਲਾਇਆ ਹੈ ਇਸ ਲਈ ਮੈਂ ਗੱਡੀ ਵਿਚ ਬੈਠ ਕੇ ਤੁਹਡੇ ਨਾਲ ਚੱਲਣਾ ਹੈ”। ਇਹ ਅਫਸਰ ਵਾਹਗਾ ਸਰਹੱਦ ਤੋਂ ਹੀ ਸਾਡੇ ਕਾਫਲੇ ਨਾਲ ਚੱਲ ਰਿਹਾ ਸੀ।
ਪੁਲੀਸ ਦੀਆਂ ਗੱਡੀਆਂ ਨੇ ਡਰਾਉਣੀਆਂ ਜੇਹੀਆਂ ਅਵਾਜ਼ਾ ਕੱਢੀਆਂ, ਚੁਫੇਰੇ ਅੜਾਹਟ ਜੇਹਾ ਪੈਂਦਾ ਮਹਿਸੂਸ ਹੋਇਆਂ। ਪਾਕਿਸਤਾਨੀ ਭੈਣ ਭਰਾ ਬਹੁਤ ਉਤਸੁਕਤਾ ਨਾਲ ਦੇਖ ਰਹੇ ਸਨ। ਪੁਲੀਸ ਮੈਨ ਆਪਣੀ ਬਣਦੀ ਜ਼ਿੰਮੇਵਾਰੀ ਨਾਲ ਸਾਰੀ ਆਵਾਜਾਈ ਨੂੰ ਰੋਕ ਕੇ ਕੇਵਲ ਸਾਨੂੰ ਤੋਰ ਰਹੇ ਸਨ। ਸਾਡਾ ਕਾਫਲਾ ਤੁਰਦਾ ਹੋਇਆ ਇਕ ਫਾਟਕ ਤੇ ਰੁੱਕ ਗਿਆ। ਸੜਕ ਦੇ ਇਕ ਪਾਸੇ ਦੇਸੀ ਖਰਬੂਜ਼ਿਆਂ ਦੀ ਰੇਹੜੀ ਲੱਗੀ ਹੋਈ ਸੀ। ਵੀਰ ਦੇਵਿਂਦਰ ਸਿੰਘ ਜੀ ਗੱਡੀ ਵਿਚ ਬੈਠੇ ਅਫਸਰ ਨੂੰ ਕਹਿਣ ਲੱਗੇ, ਕਿ “ਅਸੀਂ ਉਸ ਰੇਹੜੀ ਤੋਂ ਖਰਬੂਜ਼ੇ ਲੈ ਲਈਏ”। ਉਹ ਅਫਸਰ ਕਹਿਣ ਲੱਗਾ, ਕਿ “ਕਰਤਾਰਪੁਰ ਤੁਹਾਡਾ ਲਈ ਬਹੁਤ ਵਧੀਆਂ ਲੰਗਰ ਤਿਆਰ ਕੀਤਾ ਹੋਇਆ ਹੈ”। ਜਨੀ ਕਿ ਇਸ ਅਫਸਰ ਨੇ ਟਾਲ਼ ਦਿੱਤਾ। ਏੰਨੇ ਚਿਰ ਨੂੰ ਇਕ ਹੋਰ ਅਫਸਰ ਆਇਆ ਤੇ ਅਸੀਂ ਉਸ ਨੂੰ ਕਿਹਾ, ਕਿ “ਭਾਈ ਅੋਹ ਖਰਬੂਜ਼ੇ ਈ ਲਿਆ ਦੇ”। ਉਹ ਬਹੁਤ ਹੀ ਅਪਣੱਤ ਨਾਲ ਕਹਿੰਦਾ, “ਇਹ ਖਰਬੂਜ਼ੇ ਤਾਂ ਕੁਝ ਵੀ ਨਹੀਂ ਹਨ ਤੁਸੀਂ ਦੇਖਿਓ ਕਰਤਾਰਪੁਰ ਤਾਂ ਇਸ ਤੋਂ ਵੀ ਵਧੀਆਂ ਤੁਹਾਡੇ ਵਾਸਤੇ ਪ੍ਰਬੰਧ ਕੀਤਾ ਹੋਇਆ ਹੈ। ਆਹ ਦੋ ਕੁ ਘੰਟਿਆਂ ਦੀ ਵਾਟ ਹੈ ਅਸੀਂ ਕਰਤਰਪੁਰ ਗਏ ਕਿ ਗਏ”। ਏੰਨੀ ਗੱਲ ਕਹਿ ਉਹ ਪਾਕਿਸਤਾਨੀ ਵੀਰ ਗੱਡੀ ਵਿਚੋਂ ਉੱਤਰ ਗਿਆ। ਸਾਡੇ ਨਾਲ ਜਾ ਰਿਹਾ ਅਫਸਰ ਬਹੁਤ ਹਾਸੇ ਜੇਹੇ ਨਾਲ ਕਹਿਣ ਲੱਗਾ, ਕਿ “ਭਾਈ ਮੈਂ ਤਾਂ ਮਿੱਠੀਆਂ ਗੋਲੀਆਂ ਹੀ ਦਿੱਤੀਆਂ ਸਨ ਉਹ ਪੂਰਾ ਕੈਪਸੂਲ ਹੀ ਤੁਹਾਨੂੰ ਦੇ ਗਿਆ ਜੇ”, ਸਭ ਦਾ ਹਾਸਾ ਨਿਕਲ ਗਿਆ। ਅਸਲ ਵਿਚ ਸੁਰੱਖਿਆ ਕਾਰਨਾਂ ਕਰਕੇ ਸਾਨੂੰ ਗੱਡੀ ਵਿਚੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਸੀ। ਜੇ ਗੱਡੀਆਂ ਵਿਚੋਂ ਨਿਕਲਣ ਦੀ ਆਗਿਆ ਹੁੰਦੀ ਤਾਂ ਫਿਰ ਇਹਨਾਂ ਨੂੰ ਇਕੱਠੇ ਕਰਦਿਆਂ ਹੀ ਸਮਾਂ ਬਰਬਾਦ ਹੋ ਜਾਣਾ ਸੀ।
ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਰਾਜਾਸਾਂਸੀ, ਕੁਕੜਾਵਾਲਾ, ਅਜਨਾਲਾ, ਰਾਮਦਾਸ ਤੇ ਡੇਹਰਾ ਬਾਬਾ ਨਾਨਕ ਆਉਂਦਾ ਹੈ ਕੁਝ ਏਸੇ ਤਰ੍ਹਾਂ ਹੀ ਲਾਹੌਰ ਤੋਂ ਕਰਤਰਾਪੁਰ ਨੂੰ ਜਾਣ ਲਈ ਵੀ ਨਾਰੋਵਾਲ ਤੇ ਸਿਆਲਕੋਟ ਵਾਲੀ ਸੜਕ ਵੀ ਜਾਂਦੀ ਹੈ। ਜਨੀ ਕਿ ਇਹ ਦੋ ਸੜਕਾਂ ਓਧਰੋਂ ਓਧਰੀ ਥੋੜੀ ਵਿੱਥ ‘ਤੇ ਨਾਲ ਨਾਲ ਹੀ ਚਲਦੀਆਂ ਹਨ ਪਰ ਦਿੱਸਦੀਆਂ ਨਹੀਂ ਹਨ। ਕਿਤੇ ਕਿਤੇ ਸੜਕ ਬਹੁਤ ਵਧੀਆ ਸੀ ਤੇ ਕਿਤੇ ਕਿਤੇ ਅਜੇ ਸੜਕ ਤਿਆਰੀ ਵਿਚ ਸੀ। ਰਸਤੇ ਵਿਚ ਬਹੁਤ ਸਾਰੀਆਂ ਨਹਿਰਾਂ ਦਾ ਪਾਣੀ ਵੱਗਦਾ ਦੇਖਿਆ। ਜਿਸ ਤਰ੍ਹਾਂ ਬਾਰਡਰ ਦੇ ਕੰਢੇ ਤੇ ਭਾਰਤ ਵਲ ਧੁੱਸੀ ਬਣੀ ਹੋਈ ਤੇ ਮੋਰਚੇ ਬਣੇ ਹੋਏ ਹਨ ਏਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਵੀ ਧੁਸੀ ਵਿਚ ਮੋਰਚੇ ਦੂਰੋਂ ਬਣੇ ਹੋਏ ਦਿਖਾਈ ਦੇਂਦੇ ਸਨ। ਕੁਝ ਲੋਕ ਬੱਕਰੀਆਂ ਚਾਰਦੇ ਹੋਏ, ਕਿਤੇ ਕਿਤੇ ਟ੍ਰੈਕਟਰ ਚਲਦਾ ਜਾਂ ਪੱਸ਼ੂ ਚਰਦੇ ਦਿਖਾਈ ਦੇ ਰਹੇ ਸਨ। ਖੇਤਾਂ ਵਿਚ ਟਾਹਲੀਆਂ ਕਿੱਕਰਾਂ ਅੰਬਾਂ ਦੇ ਦਰੱਖਤ ਦਿਖਾਈ ਦੇ ਰਹੇ ਸਨ। ਸੜਕ ਮਾੜੀ ਹੋਣ ਕਰਕੇ ਮਿੱਥੇ ਸਮੇਂ ਨਾਲੋਂ ਕੁਝ ਵੱਧ ਸਮਾਂ ਲੱਗ ਗਿਆ। ਕਈ ਵਾਰੀ ਤਾਂ ਘਰਾਂ ਦੇ ਕੋਲੋਂ ਖਹਿ ਕੇ ਗੱਡੀਆਂ ਲੰਘਦੀਆਂ ਸਨ। ਹੂਟਰਾਂ ਵਾਲੀਆਂ ਗੱਡੀਆਂ ਦੀ ਅਵਾਜ਼ ਸੁਣ ਕੇ ਕੁਦਰਤੀ ਲੋਕ ਉਚੇਚੇ ਤੌਰ ਤੇ ਦੇਖਦੇ ਸਨ।
ਪੰਜਾਬ ਦੀ ਵੰਡ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਨਾਰੋਵਾਲ ਤੇ ਸਿਆਲਕੋਟ ਨੂੰ ਰੇਲ ਗੱਡੀ ਜਾਂਦੀ ਸੀ। ਇਹ ਰੇਲਵੇ ਲਾਈਨ ਅੰਗਰੇਜ਼ਾਂ ਨੇ ਬਣਾਈ ਸੀ। ਅੰਮ੍ਰਿਤਸਰ ਵਲੋਂ ਜਾਂਦੀ ਰੇਲਵੇ ਲਾਈਨ ਤੇ ਲੋਕਾਂ ਨੇ ਪਾਥੀਆਂ ਪੱਥੀਆਂ ਹੋਈਆਂ ਸਨ। ਜਿੱਥੇ ਛਾਂਵ ਵਾਲੇ ਦਰੱਖਤ ਸਨ ਲੋਕਾਂ ਨੇ ਰੇਲਵੇ ਲਾਈਨ ਨਾਲ ਪਸ਼ੂ ਬੱਧੇ ਹੋਏ ਸਨ। ਰੇਲਵੇ ਪਟੜੀ ਮੀਂਹਾਂ ਦੇ ਪਾਣੀ ਨਾਲ ਆਪਣੀ ਹੋਂਦ ਗਵਾ ਰਹੀ ਸੀ ਤੇ ਕਈ ਥਾਂਈ ਰਲਵੇ ਪਟੜੀ ਨੂੰ ਘਾਹ-ਕਾਈ ਤੇ ਸਰਕੜੇ ਆਦਿ ਨੇ ਢੱਕਿਆ ਹੋਇਆ ਸੀ। ਡੇਹਰਾ ਬਾਬਾ ਨਾਨਕ ਰੇਲਵੇ ਸ਼ਟੇਸ਼ਨ ਤੋਂ ਅੱਗੋਂ ਰੇਲਵੇ ਪਟੜੀ ਬੰਦ ਕੀਤੀ ਹੋਈ ਹੈ। ਏਸੇ ਤਰ੍ਹਾਂ ਹੀ ਪਾਕਿਸਤਾਨ ਵਿਚਲੀ ਰੇਲਵੇ ਪਟੜੀ ਵੀ ਵੈਰਾਨ ਪਈ ਹੋਈ ਹੈ। ਰੇਲਵੇ ਪਟੜੀ ਦਸ ਰਹੀ ਸੀ ਕਿ ਮੇਰੇ ਉੱਤੋਂ ਦੀ ਗੱਡੀ ਵਿਚ ਬੈਠ ਕੇ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਕਿੰਨੇ ਵਿਦਵਾਨ ਅੰਮ੍ਰਿਤਸਰ ਆਏ ਸਨ। ਕਿੰਨੇ ਉਹ ਬਜ਼ੁਰਗ ਅਜੇ ਜ਼ਿਉਂਦੇ ਹੋਣਗੇ ਜਿਹੜੀ ਇਸ ਪਟੱੜੀ ਤੇ ਅੰਮ੍ਰਿਤਸਰ ਨੂੰ ਆਏ ਹੋਣਗੇ ਜਾਂ ਅੰਮ੍ਰਿਤਸਰ ਤੋਂ ਗਏ ਹੋਣਗੇ। ਰੇਲਵੇ ਪਟੜੀ ਪੁਰਾਣੀਆਂ ਯਾਦਾਂ ਸੰਭਾਲ਼ੀ ਬੈਠੀ ਹੈ। ਪੈਂਡਾ ਤਹਿ ਕਰਦਿਆਂ ਦੁਪਹਿਰ ਦੇ ਢਾਈ ਵਜੇ ਨਾਲ ਗੁਰਦੁਆਰਾ ਕਰਤਾਰਪੁਰ ਪਾਹੁੰਚ ਗਏ ਸੀ। ਇਸ ਅਸਥਾਨ ਬਾਰੇ ਭਾਈ ਗੁਰਦਾਸ ਜੀ ਨੇ ਵਾਰਾਂ ਵਿਚ ਲਿਖਿਆ ਹੈ—
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨ ਗੁਰ ਅੰਗਦੁ ਸਿਰਿ ਉਪਰਿ ਧਾਰਾ।
ਪੁਤਰੀ ਕਉਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ।…

ਲਾਹੌਰ ਤੋਂ ਕਰੀਬ 100 ਕਿਲੋਮੀਟਰ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ (ਨਾਰੋਵਾਲ) ਦਰਿਆ ਰਾਵੀ ਦੇ ਕਿਨਾਰੇ, ਖੇਤਾਂ ਵਿਚ ਸਥਿਤ ਹੈ। ਡੇਹਰਾ ਬਾਬਾ ਨਾਨਕ ਭਾਰਤ ਦੀ ਸਰਹੱਦ ਵੀ ਏਥੇ ਨਜ਼ਰੀਂ ਪੈਂਦੀ ਹੈ। ਜਿਸ ਤਰ੍ਹਾਂ ਸੰਗਤਾਂ ਡੇਹਰਾ ਬਾਬਾ ਨਾਨਕ ਤੋਂ ਖਲੋ ਕੇ ਕਰਤਾਰਪੁਰ ਦੇ ਦਰਸ਼ਨ ਕਰਦੀਆਂ ਹਨ ਏਸੇ ਤਰ੍ਹਾਂ ਕਰਤਾਰਪੁਰ ਤੋਂ ਡੇਹਰਾ ਬਾਬਾ ਦੇ ਰੁੱਖ ਆਦਕ ਦਿਸਦੇ ਹਨ। ਏਥੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਫੇਰੀਆਂ ਉਪਰੰਤ ਸੰਸਾਰਿਕ ਲਿਬਾਸ ਪਹਨਿਆ ਤੇ ਹੱਥੀਂ ਖੇਤੀਬਾੜੀ ਕੀਤੀ। ਭਾਈ ਗੁਰਦਾਸ ਜੀ ਅਨੁਸਾਰ ਸਵੇਰੇ ਸ਼ਾਮ ਸੰਗਤ ਇੱਕਤਰ ਹੁੰਦੀ ‘ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ’ ਗੁਰਬਾਣੀ ਪੜ੍ਹੀ ਵੀਚਾਰੀ ਜਾਂਦੀ। ਅੱਜ ਵੀ ਏਥੇ ਉਹ ਖੂਹ ਮੌਜੂਦ ਹੈ ਜਿਸ ਤੋਂ ਗੁਰੂ ਨਾਨਕ ਸਾਹਿਬ ਜੀ ਆਪਣੀ ਖੇਤੀ ਨੂੰ ਪਾਣੀ ਲਾਇਆ ਕਰਦੇ ਸਨ। 1971 ਦੀ ਲੜਾਈ ਸਮੇਂ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਫ਼ੌਜ ਵੱਲੋਂ ਹਵਾਈ ਜਹਾਜ਼ ਰਾਹੀਂ ਸੁੱਟਿਆ ਗੋਲਾ ਇਸ ਖੂਹ ਵਿਚ ਡਿੱਗਾ ਸੀ, ਜਿਸ ਕਾਰਨ ਖੂਹ ਦਾ ਕਾਫੀ ਨੁਕਸਾਨ ਹੋਇਆ ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਚ ਗਈ ਸੀ। ਰਾਵੀ ਦਰਿਆ ਦੀ ਮਾਰ ਕਾਰਨ ਅੱਜ ਏਥੇ ਪਿੰਡ ਨਹੀਂ ਰਿਹਾ ਤੇ ਰਾਵੀ ਭਾਰਤ ਵਾਲੇ ਪਾਸੇ ਜ਼ਿਆਦਾ ਚਲੀ ਗਈ ਹੈ। ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਪਟਿਆਲਾ ਨੇ ਲੱਖਾਂ ਰੁਪਏ ਖਰਚ ਕਰਕੇ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਵਿਚ ਸਹਿਯੋਗ ਦਿੱਤਾ। 1995 ਵਿਚ ਪਾਕਿਸਤਾਨ ਸਰਕਾਰ ਦੁਆਰਾ ਵੀ ਮੁਰੰਮਤ ਕਰਵਾਈ ਗਈ ਅਤੇ ਵਿਦੇਸ਼ ਦੀਆਂ ਸੰਗਤਾਂ ਦੁਆਰਾ ਕਾਰ ਸੇਵਾ ਰਾਹੀਂ ਵੀ ਸੰਭਾਲ ਕੀਤੀ ਗਈ ਹੈ, ਸੰਗਤਾਂ ਦੇ ਠਹਿਰਣ ਲਈ ਕੁੱਝ ਕਮਰੇ ਅਤੇ ਲੰਗਰ ਹਾਲ ਅਤੇ ਬਾਥਰੂਮ ਵੀ ਬਣਾਏ ਗਏ ਹਨ। ਗੁਰਦੁਆਰਾ ਸਾਹਿਬ ਦੇ ਨਾਮ ਜ਼ਮੀਨ ਹੈ ਜਿਸ ਤੇ ਅੱਜ ਵੀ ਖੇਤੀ ਹੁੰਦੀ ਹੈ। ਕਈ ਖੇਤਾਂ ਵਿਚ ਫ਼ਲ਼ਾਂ ਦੇ ਬਾਗ ਲੱਗੇ ਹੋਏ ਸਨ। ਸਾਰੀ ਜ਼ਮੀਨ ਵਾਹੀ ਯੋਗ ਹੈ। ਖੇਤੀ ਦੇ ਸਾਰੇ ਸੰਦ ਮੌਜੂਦ ਸਨ। ਬਹੁਤ ਹੀ ਰਮਣੀਕ ਜਗ੍ਹਾ ਹੈ। ਪੂਰਬੀ ਪੰਜਾਬ ਦੇ ਦੂਰੋਂ ਸਫੈਦਿਆਂ ਦੇ ਦਰੱਖਤ ਦਿਸਦੇ ਹਨ। ਜੇ ਦੇਖਿਆ ਜਾਏ ਤਾਂ ਮੇਰਾ ਪਿੰਡ ਕਰਤਾਰਪੁਰ ਤੋਂ ਵੱਧ ਤੋਂ ਵੱਧ ਪੰਦਰਾਂ ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਡੇਹਰਾ ਬਾਬਾ ਨਾਨਕ ਸਾਡੇ ਪਿੰਡੋਂ 8-10 ਕਿਲੋਮੀਟਰ ਹੀ ਹੈ ਤੇ ਤਿੰਨ ਕੁ ਕਿਲੋਮੀਟਰ ਹੀ ਅਗਾਂਹ ਕਰਤਾਰਪੁਰ ਹੋਣਾ ਹੈ। ਅਸੀਂ ਆਪਸ ਵਿਚ ਹਾਸਾ ਮਖੋਲ ਕਰ ਰਹੇ ਸੀ ਕਿ ਆਪਾਂ ਏੱਥੋਂ ਹੀ ਆਪਣਿਆਂ ਪਿੰਡਾਂ ਨੂੰ ਚਾਲੇ ਪਾ ਦਈਏ ਸਮਾਨ ਇਕ ਜਣਾ ਜਾ ਕੇ ਫਿਰ ਲੈ ਆਏ। ਇਹ ਸਾਰੀਆਂ ਗੱਲਾਂ ਹਾਸੇ ਵਿਚ ਹੀ ਕਰ ਰਹੇ ਸੀ ਪਰ ਅਜੇਹਾ ਹੋ ਨਹੀਂ ਸਕਦਾ ਕਿਉਂ ਕਿ ਦੋਵੇਂ ਮੁਲਕ ਗੈਰ ਕੁਦਰਤੀ ਵੰਡ ਦੇ ਸ਼ਿਕਾਰ ਹੋਏ ਹਨ। ਕਾਗ਼ਜ਼ੀ ਕਾਰਵਾਈ ਤੋਂ ਬਿਨਾ ਏੱਧਰੋਂ ਓਧਰ ਤੇ ਓਧਰੋਂ ਏਧਰ ਆਉਣਾ ਜਾਣਾ ਗੈਰ ਕਾਨੂੰਨੀ ਹੈ। ਰਾਵੀ ਦਰਿਆ ਪੰਜਾਂ ਦਰਿਆਵਾਂ ਦੇ ਵਿਚਕਾਰ ਚੱਲਦਾ ਹੈ। ਰਾਵੀ ਦਰਿਆ ਐਸਾ ਹੈ ਕਦੇ ਪੂਰਬੀ ਪੰਜਾਬ ਵਲ ਚਲਾ ਜਾਂਦਾ ਹੈ ਤੇ ਕਦੇ ਪੱਛਮੀ ਪੰਜਾਬ ਨੂੰ ਮੋੜਾ ਖਾ ਜਾਂਦਾ ਹੈ। ਕਰਤਾਰਪੁਰ ਕਦੇ ਇਹ ਘੁੱਗ ਵੱਸਦਾ ਸ਼ਹਿਰ ਹੋਏਗਾ ਪਰ ਅੱਜ ਕੇਵਲ ਗੁਰਦੁਆਰਾ ਹੀ ਦਿਸਦਾ ਹੈ ਹੋਰ ਕੋਈ ਸ਼ਹਿਰ ਨੇੜੇ ਨਹੀਂ ਹੈ। ਭਾਈ ਲਹਿਣਾ ਜੀ ਦਾ ਮਿਲਾਪ ਵੀ ਏਸੇ ਥਾਂ ਗੁਰੂ ਨਾਨਕ ਸਾਹਿਬ ਜੀ ਨਾਲ ਹੋਇਆ। ਗੁਰੂ ਪੁੱਤਰ ਬਾਬਾ ਲਖਮੀ ਦਾਸ ਅਤੇ ਸ੍ਰੀ ਚੰਦ ਗੁਰੂ ਉਪਦੇਸ਼ ਨੂੰ ਨਾ ਕਮਾ ਸਕੇ ਅਤੇ ਭਾਈ ਲਹਿਣਾ ਜੀ ਹਰ ਪਰਖ ਵਿਚ ਖਰੇ ਉੱਤਰ ਜਾਣ ‘ਤੇ ‘ਗੁਰਗੱਦੀ’ ਦੀ ਜ਼ਿੰਮੇਵਾਰੀ’ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸੌਂਪ ਦਿੱਤੀ। ਗੁਰੂ ਨਾਨਕ ਸਾਹਿਬ ਜੀ ਏਸੇ ਅਸਥਾਨ ਤੇ ਹੀ ਜੋਤੀ-ਜੋਤ ਸਮਾਏ ਸਨ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੁਆਰਾ ਦੀਵਾਨ ਸਜਾਇਆ ਗਿਆ। ਗੁਰਬਾਣੀ ਕੀਰਤਨ ਹੋਇਆ ਅਤੇ ਭਾਈ ਤਰਸੇਮ ਸਿੰਘ ਜੀ ਨੇ ਏਥੋਂ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਸੰਗਤਾਂ ਨੇ ਵਾਪਸੀ ਲਈ ਚਾਲੇ ਪਾਏ ਸਨ। ਵਾਕਿਆ ਹੀ ਲੰਗਰ ਵਿਚ ਮਿੱਠੇ ਅੰਬ, ਹਦਵਾਣੇ, ਕੜੀ ਚਉਲ ਅਤੇ ਹੋਰ ਕਈ ਪਦਾਰਥ ਬਣਾਏ ਹੋਏ ਸਨ। ਸਭ ਤੋਂ ਪਹਿਲਾਂ ਮਿੱਠੇ ਜਲ ਦੀ ਛਬੀਲ ਲੱਗੀ ਹੋਈ ਸੀ। ਇਹ ਸਾਰੀ ਸੇਵਾ ਮੁਸਲਮਾਨ ਵੀਰ ਹੀ ਨਿਭਾ ਰਹੇ ਸਨ। ਕਰਤਾਰਪੁਰ ਦਾ ਆਲਾ ਦੁਆਲ਼ਾ ਬਹੁਤ ਹੀ ਹਰਿਅਵਲ ਵਾਲਾ ਸੀ।




.