ਪਉੜੀ 27
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਸੋ ਦਰੁ:
ਅੰਤਰ ਆਤਮਾ ਜਾਂ
ਨਿਜਘਰ ਵਿਚ ਰੱਬ ਜੀ ਰਹਿੰਦੇ ਹਨ ਉਹੀ ਰੱਬੀ ਦਰ (ਸੋ ਦਰੁ) ਕਹਿਲਾਉਂਦਾ ਹੈ ਤੇ ਉੱਥੋਂ ਹੀ ਲਗਾਤਾਰ
ਸੱਚ ਦਾ ਫੁਰਮਾਨ ਮਿਲਦਾ ਹੈ। ਉਸੀ ਫੁਰਮਾਨ ਅਨੁਸਾਰ ਜੀਵਨ ਜੀਵੋ ਤਾਂ ਰੱਬੀ ਗੁਣਾਂ ਦੀ ਸੰਭਾਲ
ਹੁੰਦੀ ਹੈ।
ਸੋ ਘਰੁ:
ਅੰਤਰ ਆਤਮੇ ਤੋਂ
(ਨਿਜਘਰ ਤੋਂ) ਪ੍ਰਾਪਤ ਚੰਗੇ ਗੁਣਾਂ ਦੀ ਸ੍ਰਿਸ਼ਟੀ ਨੂੰ ਵਿਰਲਾ ਮਨ ਸੰਭਾਲ ਕੇ ਅਮਲੀ ਤੌਰ ਤੇ ਜਿਊ
ਕੇ ਵਿਸਮਾਦਤ ਹੁੰਦਾ ਹੈ।
ਅੰਤਰ ਆਤਮੇ ਵਿਚ ਰੱਬ ਜੀ ਵਸਦੇ ਹਨ, ਉਸ ਘਰ ਵਿਚ ਮਨੁੱਖ ਦਾ ਮਨ ਅਪੜਕੇ
ਰੱਬੀ ਗੁਣਾ ਦੀ ਸੰਭਾਲ ਕਰਦਾ ਹੈ।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
ਨਾਦ:
ਨਿਜਘਰ (ਅੰਤਰ
ਆਤਮੇ) ਦਾ ਸੁਨੇਹਾ ਅਤੇ ਉਸਦੀ ਧੁੰਨ ’ਚ ਮਗਨ ਜੀਵਨ।
ਵਾਵਣਹਾਰੇ:
ਅਸੰਖ ਚੰਗੇ
ਗੁਣ ਸਤਿਗੁਰ ਦੀ ਮੱਤ ਅਨੁਸਾਰ ਹੀ ਉਪਜਦੇ ਹਨ ਜੋ ਅੰਤਰਆਤਮਾ ਵਿਚ ਸੱਚ ਦਾ ਨਾਦ ਵਜਾਉਂਦੇ ਹਨ। ਨਹੀਂ
ਤਾਂ ਅਵਗੁਣਾ ਨਾਲ ਸਾਡੇ ਮਨ ਦੀ ਵੀਣਾ ਦੇ ਤਾਰ ਟੁਟ ਹੀ ਜਾਂਦੇ ਹਨ। ਜੀਵਨ ਬੇਸੁਰਾ ਹੋ ਜਾਂਦਾ ਹੈ।
ਅਰਥ:
ਵਿਸਮਾਦਤ ਵਿਰਲਾ ਮਨ
ਮਹਿਸੂਸ ਕਰਦਾ ਹੈ ਕਿ ਅਸੰਖ ਚੰਗੇ ਗੁਣ ਹੀ ਹਨ ਜਿਨ੍ਹਾਂ ਦਾ ਸਦਕਾ ਅੰਤਰ ਆਤਮੇ (ਨਿਜਘਰ) ਵਿਚ ਨਾਦ
ਵਜਦਾ ਹੈ।
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
ਰਾਗ:
ਚੰਗੇ ਗੁਣਾਂ ਦੀ
ਪ੍ਰਾਪਤੀ ਦਾ ਕਿਰਦਾਰ ਹੀ ਹੈ ਜਿਸ ਵਿਚੋਂ ਮਧੁਰਤਾ (ਅਸੰਖ ਰਾਗ, ਸੰਗੀਤ) ਉਤਪੰਨ ਹੁੰਦੀ ਹੈ।
ਪਰੀ:
ਛੋਟੇ ਤੋਂ ਛੋਟੇ
ਚੰਗੇ ਖਿਆਲ ਨੂੰ ਅਮਲੀ ਜੀਵਨ ਵਿਚ ਜਿਊਣਾ।
ਗਾਵਣਹਾਰੇ:
ਸਾਡਾ
ਰੋਮ-ਰੋਮ ਜੋ ਰੱਬੀ ਗੁਣਾਂ ਨੂੰ ਗਾਉਂਦਾ ਹੈ। ਵਿਰਲਾ ਮਨ ਵਿਸਮਾਦਤ ਹੁੰਦਾ ਹੈ ਕਿ ਜੀਵਨ ਵਿਚ
ਸਤਿਗੁਰ ਦੀ ਮੱਤ ਰਾਹੀਂ ਚੰਗੇ ਗੁਣਾਂ ਨੂੰ ਜਿਊਣ ਨਾਲ ਰਾਗ, ਪਰੀਆਂ ਭਾਵ ਨਿੱਕੇ-ਨਿੱਕੇ ਚੰਗੇ
ਖਿਆਲਾਂ ਦੇ ਫੁਰਨੇ ਉਠਦੇ ਹਨ ਅਤੇ ਫਿਰ ਉਸਨੂੰ ਜੀਊਂਦੇ ਹਨ।
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਹਿ:
ਰੱਬੀ ਨਿਯਮਾਵਲੀ
ਵਿਚ ਚਲਦੇ ਰਹਿਣ ਦੀ ਤੀਬਰ ਤਾਂਘ। ਨਿਜਘਰ, ਅੰਤਰ-ਆਤਮੇ ਤੋਂ ਜੋ ਵੀ ਚੰਗੇ ਖਿਆਲ ਜਾਂ ਭਾਉ, ਉਪਜਦੇ
ਹਨ ਉਹ ਰੱਬ ਜੀ ਦੇ ਹੁਕਮ ਜਾਂ ਰਜ਼ਾ ਨੂੰ ਗਾਉਣ ਨਾਲ ਭਾਵ ਨਿਯਮਾਵਲੀ ’ਚ ਤੁਰਦੇ ਰਹਿਣ ਕਰਕੇ ਹੀ
ਹੁੰਦੇ ਹਨ। ਹੋਰ ਕੋਈ ਹਸਤੀ ਨਹੀਂ ਜਿਸ ਅਧੀਨ ਰਹਿਣਾ ਜ਼ਰੂਰੀ ਹੋਵੇ। ਵਿਰਲੇ ਮਨ ਲਈ ਨਿਜਘਰ,
ਅੰਤਰ-ਆਤਮਾ ’ਚ ਵਸਦੇ ਰੱਬ ਦੀ ਰਜ਼ਾ ਵਿਚ ਤੁਰਨਾ ਹੀ ‘ਗਾਵਹਿ’ ਕਹਿਲਾਉਂਦਾ ਹੈ। ਪਉਣ: ਹੁਲਾਰੇ।
ਬੈਸੰਤਰੁ: ਤ੍ਰਿਸ਼ਨਾ
ਨੂੰ ਸਾੜਨ ਵਾਲੀ ਅੱਗ, ਸੰਤੋਖ ਦੇ ਭੋਜਨ ਨੂੰ ਪਚਾਉਣ ਦੀ ਬਿਬੇਕ ਬੁਧ ਵਾਲੀ ਤਪਸ਼। ਧਰਮ: ਰੱਬੀ
ਗੁਣ, ਰੱਬੀ ਨਿਜ਼ਾਮ, ਰੱਬੀ ਨਿਆਂ।
ਵਿਰਲਾ ਮਨ ਲਗਾਤਾਰ ਵਗਦੇ ਰੱਬੀ ਗੁਣਾ ਦੇ ਹੁਲਾਰਿਆਂ ਨੂੰ ਮਹਿਸੂਸ ਕਰਦਾ ਹੈ
ਜਿਸ ਕਰਕੇ ਉਸਨੂੰ ਅਉਗੁਣਾ ਨੂੰ ਸਾੜਨ ਦੀ ਚਾਚ ਆ ਜਾਂਦੀ ਹੈ ਜਿਸਦਾ ਸਦਕਾ ਹੁਣ ਸੰਤੋਖ ਦੇ ਨਿਰਮਲ
ਜਲ ਵਰਗੀ ਸ਼ੀਤਲਤਾ ਮਾਣਦਾ ਹੈ।
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
ਚਿਤੁ ਗੁਪਤੁ:
ਮਨ ਵਿਚ
ਉੱਠਦੇ ਗੁਪਤ ਖਿਆਲਾਂ ਦਾ ਸੁਭਾ ਬਾਹਰ ਪ੍ਰਗਟ ਹੋ ਜਾਣਾ ਤਾਂ ਗੁਪਤ ਖਿਆਲ ਪ੍ਰਗਟ ਹੋ ਜਾਂਦਾ ਹੈ।
ਧਰਮੁ:
(ਧਰਮ ਰਾਇ, ਧਰਮ
ਰਾਜ) ਨਿਜਘਰ ਅੰਤਰ ਆਤਮੇ ਵਿਚੋਂ ਨਾਲੋ ਨਾਲ ਨਿਬੇੜਾ, ਪੜਚੋਲ ਰੱਬੀ ਧਰਮ ਅਨੁਸਾਰ ਹੁੰਦਾ ਹੈ ਚਿਤ
ਵਿੱਚੋਂ ਉੱਠਦੇ ਖਿਆਲਾਂ ਅਤੇ ਉਨ੍ਹਾਂ ਦਾ ਨਾਲੋਂ ਨਾਲ ਨਿਬੇੜਾ ਹੋਣ ਦੀ ਅਵਸਥਾ ਵਾਲਾ ਗੁਣ ਨਿਜਘਰ
ਅੰਤਰ ਆਤਮੇ ‘ਸੋ ਦਰੁ’ ਹੀ ਹੁੰਦਾ ਹੈ।
ਵਿਰਲਾ ਮਨ ਆਪਣੇ ਅੰਦਰ ਉਠਦੇ ਹਰੇਕ ਖਿਆਲ ਬਾਰੇ ਸੁਚੇਤ ਰਹਿੰਦਾ ਹੈ ਅਤੇ
ਪਹਿਲੋਂ ਸੱਚ ਦੀ ਕਸੌਟੀ ਤੇ ਪਰਖ ਕੇ ਤਾਂ ਅਮਲੀ ਜੀਵਨ ਵਿਚ ਵਰਤਦਾ ਹੈ।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
ਈਸਰੁ:
ਈਸ਼ਵਰ, ਉਸਾਰੂ
ਖਿਆਲ।
ਬਰਮਾ
: ਚੰਗੇ ਗੁਣਾਂ ਦੀ
ਉਤਪਤੀ।
ਦੇਵੀ:
ਵਿਕਾਰਾਂ ਦੇ ਭਵਜਲ
ਤੋਂ ਪਾਰ ਹੋਣ ਲਈ ਬਿਬੇਕ ਬੁਧ।
ਵਿਰਲੇ ਮਨ ਅੰਦਰ ਉਪਜੇ ਉਸਾਰੂ ਖਿਆਲ ਅਤੇ ਉਨ੍ਹਾਂ ਰਾਹੀਂ ਧਰਮੀ ਚੰਗੇ
ਗੁਣਾਂ ਦੀ ਉਤਪਤੀ ਅਤੇ ਬਿਬੇਕ ਬੁੱਧੀ ਵਾਲੀ ਮੱਤ ਇਹੋ ਸਾਰੇ ਰੱਬ ਜੀ ਦੇ ਦਰ ’ਤੇ ਸੋਭਦੇ ਹਨ। ਭਾਵ
ਇਹ ਗੁਣ ਲੈਣਾ ਹੀ ਸਚਿਆਰ ਹੋਣਾ ਹੈ ਅਤੇ ਨਿਜਘਰ ਵਿਚ ਜਾਣ ਲਈ ਕੂੜ (ਖੋਟ) ਤੋਂ ਛੁਟਕਾਰਾ ਹੈ।
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਇੰਦਰ:
ਜੋ ਸਾਰੀਆਂ
ਇੰਦ੍ਰੀਆਂ ਨੂੰ ਆਪਣੇ ਵੱਸ ਕਰਕੇ ਚਲਦਾ ਹੈ।
ਸਵਰਗ:
ਨਿਜ ਦਾ ਵਰਗ, ਸਵੈ
ਦਾ ਵਰਗ, ਇੰਦਾਸਣਿ।
ਦੇਵਤਿਆ:
ਚੰਗੇ ਗੁਣ।
ਭਾਵ ਰੱਬੀ ਗੁਣਾਂ ਦੇ ਆਸਨ (ਇੰਦਾਸਣ) ’ਤੇ ਮਨ ਟਿਕ ਗਿਆ ਹੈ ਅਤੇ ਹੁਣ ਸਾਰੇ
ਇੰਦ੍ਰੇ-ਗਿਆਨ ਇੰਦੇ੍ਰ ਰੱਬੀ ਰਜ਼ਾ ਅਨੁਸਾਰ ਤੁਰਦੇ ਹਨ।
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
ਸਿਧ ਸਮਾਧੀ:
ਸਤਿਗੁਰ ਦੀ
ਮੱਤ ਦੁਆਰਾ ਨਿਰੰਤਰ ਸਧਿਆ ਜੀਵਨ।
ਵਿਰਲੇ ਮਨ ਨੂੰ ਪ੍ਰਾਪਤ ਇਕਸੁਰਤਾ ਵਾਲੇ ਗੁਣ, ਸੁਰਤ, ਮੱਤ, ਮਨ, ਬੁੱਧ ਨੂੰ
ਸਾਧ (ਸਿੱਧ) ਕੇ ਰੱਬੀ ਰਜ਼ਾ ਅਨੁਸਾਰ ਇਕਮਿਕ ਰਹਿਣ ਦੀ ਵਿਚਾਰ ਅਧੀਨ ਕੰਮ ਕਰਦੇ ਹਨ ਭਾਵ ਤੁਹਾਨੂੰ
ਗਾਉਂਦੇ ਹਨ।
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
ਜਤੀ:
ਸੰਜਮ। ਸਤੀ: ਈਮਾਨਦਾਰੀ। ਵੀਰ
ਕਰਾਰੇ: ਮਜ਼ਬੂਤ।
ਵਿਰਲਾ ਮਨ ਸੰਜਮ, ਈਮਾਨਦਾਰੀ ਅਤੇ ਸੰਤੋਖੀ ਜੈਸੇ ਮਜਬੂਤ ਖਿਆਲਾਂ (ਵੀਰ
ਕਰਾਰੇ) ਦਾ ਧਾਰਨੀ ਹੋ ਜਾਂਦਾ ਹੈ।
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
ਪੰਡਿਤ ਪੜਨਿ:
ਸੱਚੀ-ਸੁੱਚੀ
ਮੱਤ ਪ੍ਰਾਪਤ ਕਰਨਾ। ਰਖੀਸਰ: ਰੱਬੀ
ਮੱਤ ਨੂੰ ਰੱਖਣ ਵਾਲਾ (ਸੰਭਾਲ ਲੈਣ ਵਾਲਾ)। ਜੁਗੁ
ਜੁਗੁ:
ਰੋਮ-ਰੋਮ। ਵੇਦਾ: ਸੱਚ
ਦਾ ਗਿਆਨ।
ਵਿਰਲਾ ਮਨ ਸੱਚੀ-ਸੁੱਚੀ ਮੱਤ ਨੂੰ ਅਪਣਾਅ ਕੇ ਈਸ਼ਵਰੀ ਗੁਣਾਂ ਦੀ ਸੰਭਾਲ
ਕਰਦਿਆਂ ਇਨ੍ਹਾਂ ਉੱਤਮ ਦਾਤਾਂ (ਵੇਦ) ਨੂੰ ਰੋਮ-ਰੋਮ ’ਚ ਮਾਣਦਾ ਹੈ।
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
ਮੋਹਣੀਆਂ:
ਚੰਗੇ ਗੁਣਾਂ
ਦੀ ਬਿਰਤੀਆਂ, ਸੁਰਗ, ਚੰਗੇ ਗੁਣਾਂ ਨੂੰ ਪਸੰਦ ਕਰਕੇ ਮਾਣਨਾ।
ਸੁਰਗਾ:
ਸ੍ਵਰਗ। ਮੱਛ: ਦਰਮਿਆਨ। ਪਇਆਲੇ:
ਮਨ ਦੇ ਡੂੰਘੇ ਲੁਕੇ-ਛਿਪੇ, ਪਾਤਾਲੀ ਮੰਦੇ ਖਿਆਲ।
ਐਸੀ ਸੋਹਣੀ ਬਿਰਤੀਆਂ-ਸੁਰਤੀਆਂ ’ਚ ਮੋਹਿਆ ਮਨ ਆਤਮਕ ਚੈਨ (ਭਾਵ ਸ੍ਵਰਗ)
ਮਾਣ ਰਿਹਾ ਹੈ ਅਤੇ ਪਾਤਾਲੀ ਮੰਦੇ ਖਿਆਲਾਂ ਤੋਂ ਸੁਚੇਤ ਰਹਿੰਦਾ ਹੈ।
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਰਤਨ:
ਸਤਿਗੁਰ ਦੀ ਮੱਤ
ਅਠਸਠਿ (ਅਠ+ਸਠਿ):
ਅਠ
- 2 ਪੈਰ + 2 ਗੋਡੇ + 2 ਬਾਹਵਾਂ + 1 ਛਾਤੀ + 1 ਸਿਰ (ਖੋਪੜੀ)। ਸਠਿ - ਸਠਿਆਪਨ (ਸੱਚ ਤੋਂ
ਥਿੜਕਿਆ ਮਨ)। ਸਤਿਗੁਰ ਦੀ ਮੱਤ ਨਾਲ ਆਪਣੇ ਅੰਦਰ ਦੇ ਅੱਠੇ ਨੂੰ ਸੰਵਾਰਨਾ। ਮਨ ਨੇ ਜੋ ਦੁਰਬਲ ਦੇਹ
ਬਣਾਈ ਹੋਈ ਹੈ ਉਸਨੂੰ ਦੁਰਲਭ ਦੇਹ ਵਿਚ ਤਬਦੀਲ ਕਰ ਦੇਣਾ। ਤੀਰਥ: ਖਿਆਲਾਂ
ਦੀ ਪਵਿਤ੍ਰਤਾ (ਦੁਰਮਤ ਤੋਂ ਸੁਮਤ ਪ੍ਰਾਪਤੀ)
ਵਿਰਲਾ ਮਨ ਕੀਮਤੀ ਸਤਿਗੁਰ ਦੀ ਮੱਤ ਪ੍ਰਾਪਤ ਕਰਕੇ ਵਿਕਾਰਾਂ ਤੋਂ ਮੁਕਤ
ਅਰੋਗ ਹੋਣਾ ਸਿੱਖ ਜਾਂਦਾ ਹੈ, ਜਿਸ ਸਦਕਾ ਆਤਮਕ ਪਵਿਤ੍ਰਤਾ ਪ੍ਰਾਪਤ ਕਰਦਾ ਹੈ। ਇਹੋ ਅਠਸਠਿ ਤੀਰਥ
ਇਸ਼ਨਾਨ ਕਹਿਲਾਉਂਦਾ ਹੈ।
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
ਜੋਧ:
ਯੋਧਾ (ਵਿਕਾਰਾਂ
ਨਾਲ ਲੜਨ ਵਾਲਾ)। ਮਹਾਬਲ:
ਬਲਵਾਨ। ਸੂਰਾ: ਨਿਰਭੈ
ਹੋ ਕੇ ਵਿਕਾਰਾਂ ਦਾ ਮੁਕਾਬਲਾ ਕਰਨ ਵਾਲਾ। ਖਾਣੀ
ਚਾਰੇ: ਕਾਇਨਾਤ ਵਿਚੋਂ ਚੰਗੇ ਗੁਣ ਹਾਸਲ ਕਰਨੇ।
ਵਿਰਲਾ ਮਨ ਵਿਕਾਰੀ ਮੱਤ ’ਤੇ ਕਾਬੂ ਪਾਉਣ ਲਈ ਯੋਧਿਆਂ ਵਾਲਾ ਬਲ ਲੈ ਕੇ,
ਸੂਰਮਿਆਂ ਵਾਂਗੂੰ ਵਿਕਾਰਾਂ ਦਾ ਮੁਕਾਬਲਾ ਕਰਦਾ ਹੈ ਅਤੇ ਕਾਇਨਾਤ ’ਚੋਂ ਹਰੇਕ ਉਸਾਰੂ ਚੰਗੇ ਗੁਣਾਂ
ਨਾਲ ਸਾਂਝ ਬਣਾਉਂਦਾ ਹੈ।
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਖੰਡ:
ਨਿੱਕੇ-ਨਿੱਕੇ ਚੰਗੇ
ਖ਼ਿਆਲ। ਮੰਡਲ: ਨਿੱਕੇ-ਨਿੱਕੇ
ਖ਼ਿਆਲਾਂ ਦਾ ਸਮੂਹ। ਵਰਭੰਡ: ਮੰਡਲਾਂ
ਦਾ ਸਮੂਹ, ਕਿਰਦਾਰ, ਸ਼ਖ਼ਸੀਅਤ, ਜੀਵਨੀ।
ਅਨੇਕਾਂ ਚੰਗੇ ਗੁਣਾਂ ਰਾਹੀਂ ਬਣਿਆ ਸੁਭਾ ਹੀ ਵਿਰਲੇ ਮਨ ਦਾ ਕਿਰਦਾਰ ਘੜਦਾ
ਹੈ ਅਤੇ ਫਿਰ ਅਮਲੀ ਜੀਵਨੀ ਵਿਚ ਨਿਰਮਲਤਾ ਆਉਂਦੀ ਜਾਂਦੀ ਹੈ।
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਤੁਧੁ ਭਾਵਨਿ:
ਜੋ ਵਿਰਲਾ
ਮਨ ਸਤਿਗੁਰ ਦੀ ਮੱਤ ਨੂੰ ਪਿਆਰ ਨਾਲ ਪਸੰਦ ਕਰਦਾ ਹੈ। ਰਤੇ: ਸਤਿਗੁਰ
ਦੀ ਮੱਤ ਨੂੰ ਪਿਆਰ ਨਾਲ ਪਸੰਦ ਕਰਨ ਸਦਕੇ ਤੱਤ ਗਿਆਨ ਹਾਸਲ ਕਰਦਾ ਹੈ ਤੇ ਉਸ ਨਾਲ ਇੱਕਮਿਕ ਰਹਿੰਦਾ
ਹੈ।
ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਹਰੇਕ ਇੰਦਰਾ, ਗਿਆਨ ਇੰਦਰਾ, ਰੋਮ-ਰੋਮ,
ਰੱਬੀ ਰਜ਼ਾ ’ਚ ਤਦ ਹੀ ਤੁਰਦਾ ਹੈ, ਜਦ ਸਤਿਗੁਰ ਦੀ ਮੱਤ ਨੂੰ ਪਸੰਦ ਕਰਦਾ ਹੈ। ਨਿਜਘਰ ਤੋਂ ਰੱਬੀ
ਸੁਨੇਹੇ ਨੂੰ ਪਿਆਰ ਨਾਲ ਲੈਣ ਸਦਕਾ ਹੀ ਭਾਵ ਰੱਬੀ ਰਜ਼ਾ ਨਾਲ ਇਕਮਿਕ ਹੋ ਜਾਂਦਾ ਹੈ। ਹਰੇਕ ਅੰਗ,
ਰੋਮ-ਰੋਮ ਬਿਬੇਕ ਬੁੱਧੀ ਅਧੀਨ ਗੁਣਾਂ ਦੇ ਰਸ ਨਾਲ ਭਰ ਜਾਂਦਾ ਹੈ ਭਾਵ ਭਗਤ ਅਵਸਥਾ ਵਿਚ ਆ ਜਾਂਦਾ
ਹੈ।
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਵਿਰਲਾ ਮਨ ਵਿਸਮਾਦਿਤ ਹੋ ਕੇ ਕਹਿੰਦਾ ਹੈ ਕਿ ਚੰਗੇ ਗੁਣਾਂ ਨੂੰ ਪ੍ਰਾਪਤ
ਕਰਨ ਦੀ ਕੋਈ ਹੱਦ ਬੰਦੀ ਨਹੀਂ ਹੁੰਦੀ।
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਨਿਜਘਰ ਵਿਚ ਸਦੀਵੀ ਸੱਚਾ ਰੱਬ ਹੈ, ਉਹੋ
ਸੱਚਾ ਸਾਹਿਬ ਹੈ, ਉਸੀ ਦੇ ਨਿਯਮ ਅਧੀਨ ਪ੍ਰਾਪਤ ਹੋਈ ਚੰਗੇ ਗੁਣਾਂ ਦੀ ਸ੍ਰਿਸ਼ਟੀ ਵੀ ਸੱਚੀ ਹੈ।
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੱਬ ਜੀ ਦਾ ਨਾਮਣਾ, ਨਿਆ, ਰਜ਼ਾ ਸੱਚ ਹੈ। ਸੱਚ ਹੀ ਸਦੀਵੀ ਰਹਿੰਦਾ ਹੈ (ਓੜਕ
ਸੱਚ ਰਹੀ, ) ਰੱਬ ਜੀ ਦੇ ਨਾਮਣੇ ਅਧੀਨ ਹੀ ਵਿਰਲੇ ਮਨ ਨੂੰ ਚੰਗੇ ਗੁਣਾਂ ਦੀ ਸ੍ਰਿਸ਼ਟੀ ਪ੍ਰਾਪਤ ਹੋਈ
ਹੈ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਵਿਰਲੇ ਮਨ ਅੰਦਰ ਅਨੇਕਾਂ ਰੰਗਾਂ (ਭਾਂਤੀ, ਕਨਿਦਸ) ਦੇ ਗੁਣਾਂ ਦੀ ਉਸਾਰੀ
ਹੁੰਦੀ ਹੈ। ਸਤਿਗੁਰ ਦੀ ਮੱਤ ਤੋਂ ਪ੍ਰਾਪਤ ਤੱਤ ਗਿਆਨ ਸਦਕਾ ਇਹ ਸੋਝੀ ਵੀ ਹੋ ਜਾਂਦੀ ਹੈ ਕਿ ਕਿਨਾਂ
ਕਾਰਨਾਂ ਕਰਕੇ ਭਰਮ ਜਾਲ (ਮਾਇਆ) ਵਿਚ ਫਸ ਜਾਈਦਾ ਹੈ।
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਵਿਰਲਾ ਮਨ ਨਿਮਰਤਾ ’ਚ ਮਹਿਸੂਸ ਕਰਦਾ ਹੈ ਕਿ ਸਾਰੇ ਚੰਗੇ ਗੁਣਾਂ ਦੀ ਰਚਨਾ
ਰੱਬੀ ਦਾਤ, ਸਤਿਗੁਰ ਦੀ ਮੱਤ ਰਾਹੀਂ ਮਿਲੀ ਹੈ। ਇਹੀ ਰੱਬ ਜੀ ਦੀ ਵਡਿਆਈ ਹੈ। ਇਹੀ ਤਾਣ, ਦਾਤ
ਨਿਸਾਣ ਵਿਰਲਾ ਮਨ ਗਾਉਂਦਾ ਹੈ (ਗਾਵੈ ਕੋ)।
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਵਿਰਲਾ ਮਨ ਰੱਬੀ ਨਿਯਮਾਂ ਨੂੰ ਸਮਝਦਾ ਜਾਂਦਾ ਹੈ ਇਸੇ ਸਦਕਾ ਉਸਦੇ ਹਰੇਕ
ਖਿਆਲ (ਖੰਡ) ਨੂੰ ਰੱਬੀ ਰਜ਼ਾ ਹੀ ਭਾਉਂਦੀ ਹੈ, ਉਹ ਉਸੀ ਅਨੁਸਾਰ ਕਾਰ ਕਮਾਉਂਦਾ ਹੈ। ਮਨ ਕੀ ਮੱਤ ਦਾ
ਹੁਕਮ ਧਾਰਨ ਨਹੀਂ ਕਰਦਾ, ਭਾਵ ਮਨ ਕੀ ਮੱਤ ਅਧੀਨ ਨਹੀ ਤੁਰਦਾ।
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥27॥
ਵਿਰਲਾ ਮਨ ਨਿਜਘਰ, ਰੱਬੀ ਦਰਬਾਰ ਦੇ ਗੁਣਾਂ ਭਾਵ ਰਜ਼ਾ ਨੂੰ ਅਪਣਾਉਦਾ ਹੈ।
ਸਤਿਗੁਰ ਦੀ ਮੱਤ ਅਧੀਨ ਚੱਲ ਕੇ ਪਾਤਸ਼ਾਹ (ਰੱਬ - ਜੋ ਸਭ ਦਾ ਪਾਤਸ਼ਾਹ ਹੈ) ਦੀ ਰਜ਼ਾ ’ਚ ਟਿਕ ਕੇ,
ਖਜ਼ਾਨੇ ’ਚ ਰਲ੍ਹ ਕੇ ਪਾਤਸ਼ਾਹ ਰੂਪ ਹੀ ਹੋ ਜਾਂਦਾ ਹੈ।
ਸਰੀਰ ਦਾ ਰੋਮ-ਰੋਮ, ਅੰਗ-ਅੰਗ, ਇੰਦ੍ਰੇ-ਗਿਆਨ ਇੰਦਰੇ ਭਾਵ ਨਿੱਕੇ ਤੋਂ
ਨਿੱਕਾ ਖਿਆਲ ਵੀ ਰੱਬੀ ਨਿਯਮਾਂ ਅਨੁਸਾਰ ਚਲਦਾ ਹੈ ਤਾਂ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਇਕਮਿਕਤਾ
ਪ੍ਰਾਪਤ ਕਰਕੇ, ਪਾਤਸ਼ਾਹ ਦੇ ਖ਼ਜ਼ਾਨੇ ਦਾ ਸੁਖ ਮਾਣਦਾ ਹੈ। ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
ਸੁ ਏਤੁ ਖਜਾਨੈ ਲਇਆ ਰਲਾਇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 186)।
ਪਉੜੀ 27ਵੀਂ ਦਾ ਸਾਰ
ਨਿਜਘਰ ਤੋਂ ਪ੍ਰਾਪਤ ਰੱਬੀ ਸੁਨੇਹੇ (ਸਤਿਗੁਰ ਦੀ ਮੱਤ) ਅਨੁਸਾਰ ਚੱਲ ਕੇ
ਪਾਤਸ਼ਾਹ ਦੇ ਖ਼ਜ਼ਾਨੇ ਦੇ ਚੰਗੇ ਗੁਣ ਪ੍ਰਾਪਤ ਹੁੰਦੇ ਹਨ। ਇਹ ਮਨ ਦੀ ਮੱਤ (ਕੂੜ) ਤੋਂ ਛੁੱਟ ਕੇ
ਸਚਿਆਰ ਬਣ ਕੇ ਰੱਬੀ ਇਕਮਿਕਤਾ ਮਾਣਨਾ ਹੈ। ਰੱਬੀ ਦਰਗਾਹ ਅਨੁਸਾਰ ਜਿਊਂਦਿਆਂ ਇਸੇ ਜੀਵਨ ’ਚ ਪਰਵਾਨ
ਹੋਣਾ ਹੈ।
ਵੀਰ ਭੁਪਿੰਦਰ ਸਿੰਘ