.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਏਮਨਾਬਾਦ ਵਲ ਨੂੰ

ਕਿਤੇ ਕਿਤੇ ਕਣਕਾਂ ਦੇ ਵੱਢ ਅਜੇ ਪੁੱਟੇ ਨਹੀਂ ਸਨ ਪਰ ਕਿਤੇ ਕਿਤੇ ਸੱਠੀ ਮੱਕਈ ਹਰੀ ਹਰੀ ਜ਼ਰੂਰ ਦਿਖਾਈ ਦੇ ਰਹੀ ਸੀ। ਕਰਤਾਰਪੁਰ ਦੇ ਆਲੇ ਦੁਆਲੇ ਅਮਰੂਦਾਂ ਦੇ ਤੇ ਕੁੱਝ ਹੋਰ ਹਰੇ ਭਰੇ ਛੋਟੇ ਛੋਟੇ ਬਾਗ ਸਨ। ਬੰਬੀ ਦਾ ਪਾਣੀ ਚੱਲ ਰਿਹਾ ਸੀ। ਇਹ ਸਾਰਾ ਕੁੱਝ ਦੇਖਦਿਆਂ ਹੋਇਆਂ ਸਾਡੀਆਂ ਗੱਡੀਆਂ ਨੇ ਪਿੱਛਾਂਹ ਵਲ ਨੂੰ ਮੂੰਹ ਮੋੜ ਲਿਆ ਤੇ ਫਿਰ ਹੌਲ਼ੀ ਹੌਲ਼ੀ ਚੱਲ ਪਈਆਂ। ਛੋਟੀਆਂ ਛੋਟੀਆਂ ਸੜਕਾਂ ਤੇ ਚੱਲਦਿਆਂ ਕਦੇ ਪਿੰਡ ਤੇ ਕਦੇ ਛੋਟੇ ਛੋਟੇ ਕਸਬੇ ਅਸੀਂ ਪਿੱਛੇ ਨੂੰ ਛੱਡਦੇ ਜਾ ਰਹੇ ਸੀ। ਮੇਰੇ ਮਾਤਾ ਜੀ ਦਾ ਪਿੱਛਲਾ ਪਿੰਡ ਵੀ ਏਸੇ ਇਲਾਕੇ ਵਿੱਚ ਸੀ। ਮੈਂ ਸੋਚ ਰਿਹਾ ਸੀ ਕਿ ਜਿੱਥੋਂ ਦੀ ਅਸੀਂ ਲੰਘ ਰਹੇ ਹਾਂ ਕਦੇ ਮੇਰੀ ਮਾਂ ਵੀ ਇੰਨ੍ਹਾਂ ਰਾਹਾਂ `ਤੇ ਲੰਘੀ ਹੋਏਗੀ। ਮਾਂ ਦੱਸਦੀ ਹੈ ਕਿ ਅਸੀਂ ਘੋੜੀਆਂ `ਤੇ ਚੜ੍ਹ ਆਉਂਦੇ ਜਾਂਦੇ ਸੀ।
ਮੇਰੀ ਮਾਂ ਜਦੋਂ ਆਪਣੇ ਬਚਪਨ ਨੂੰ ਯਾਦ ਕਰਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਅੱਥਰੂ ਵਹਿ ਤੁਰਦੇ ਹਨ। ਪੰਜਾਬ ਦੀ ਭਿਆਨਕ ਵੰਡ ਦਾ ਦਰਦ ਆਪਣੇ ਦਿੱਲ ਦੀ ਤਹਿ ਵਿੱਚ ਬੈਠਾਈ ਰੱਖਦੀ ਹੈ। ਆਪਣਾ ਘਰ, ਹਵੇਲੀ ਤੇ ਬਾਪ ਦੀ ਨੰਬਰਦਾਰੀ ਨੂੰ ਯਾਦ ਕਰਕੇ ਇੱਕ ਲੰਬਾ ਹੌਕਾ ਲੈਂਦੀ ਹੈ। ਮਾਂ ਦੇ ਅੰਦਰਲੇ ਦਰਦ ਨੂੰ ਨਾਪਿਆ ਨਹੀਂ ਜਾ ਸਕਦਾ। ਮਾਂ ਦਸਦੀ ਹੈ ਕਿ ਸਾਡੇ ਬੇਰੀਆਂ ਦੇ ਬਾਗ ਹੁੰਦੇ ਸਨ। ਸਾਡੇ ਕੋਲ ਜ਼ਮੀਨ ਚੋਖੀ ਸੀ। ਬਹੁਤ ਸਾਰੀ ਜ਼ਮੀਨ ਲੋਕ ਵਹੁੰਦੇ ਸਨ ਤੇ ਸਾਨੂੰ ਠੇਕਾ ਮਿਲਦਾ ਹੁੰਦਾ ਸੀ। ਮੇਰਾ ਪਿਤਾ ਪਿੰਡ ਦਾ ਨੰਬਰਦਾਰ ਹੁੰਦਾ ਸੀ। ਸਾਡੇ ਪਿੰਡ ਦਾ ਨਾਂ ਦਾਤੇਵਾਲ ਤਲਵੰਡੀ ਭਿੰਡਰਾਂ ਦੀ ਸੀ। ਭਿੰਡਰਾਂ ਦੇ ਬਾਰ੍ਹਾਂ ਪਿੰਡ ਸਨ। ਬਹੁਤ ਸਾਰੇ ਭਿੰਡਰ ਗੁਰਦਾਸਪੁਰ ਆ ਕੇ ਵੱਸੇ ਹੋਏ ਸਨ। ਸਾਡੇ ਪਿੰਡ ਵੀ ਦੋ ਤਿੰਨ ਪਰਵਾਰ ਸਿਆਲ ਕੋਟ ਤੋਂ ਆ ਕੇ ਵੱਸੇ ਹੋਏ ਹਨ। ਮੇਰੀ ਮਾਂ ਦਾ ਇਹਨਾਂ ਪਰਵਾਰਾਂ ਨਾਲ ਇੱਕ ਜ਼ਿਲ੍ਹਾ ਹੋਣ ਕਰਕੇ ਬਹੁਤ ਸਨੇਹ ਹੈ। ਮਾਂ ਨੂੰ ਜਦੋਂ ਵੀ ਕੋਈ ਨਾਰੋਵਾਲ ਤਹਿਸੀਲ ਦਾ ਪਰਵਾਰ ਮਿਲਦਾ ਹੈ ਤਾਂ ਸਾਰੀ ਕਹਾਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਣਾਉਂਦੀ ਤੇ ਸੁਣਦੀ ਹੈ। ਕੁਦਰਤੀ ਮੇਰੇ ਨਾਨਕੇ ਤੇ ਮੇਰੀ ਸਿੰਘਣੀ ਦੇ ਨਾਨਕੇ ਇਸ ਪਾਕਿਸਤਾਨ ਵਿਚਲੇ ਇਕੋ ਪਿੰਡ ਦੇ ਹੀ ਹਨ। ਸਾਡੇ ਵਿਆਹ ਉਪਰੰਤ ਇਹ ਮਾਤਾਵਾਂ ਬਹੁਤ ਲੰਬੀਆਂ ਲੰਬੀਆਂ ਕਹਾਣੀਆਂ ਛੋਹ ਕੇ ਬੈਹ ਜਾਂਦੀਆਂ ਸਨ। ਮੇਰੀ ਸਿੰਘਣੀ ਦੇ ਨਾਨਕੇ ਪਰਵਾਰ ਵਾਲਿਆਂ ਨੂੰ ਸਾਰੀ ਸੰਭਾਲ਼ ਹੈ। ਬਾਜਵੇ ਤੇ ਭਿੰਡਰ ਜ਼ਿਆਦਾਤਰ ਏਸੇ ਖੇਤਰ ਨਾਲ ਸਬੰਧ ਰੱਖਦੇ ਸਨ ਤੇ ਉਹ ਲੱਗ ਪਗ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਵੱਸੇ ਹੋਏ ਹਨ।
ਪਿੰਡਾਂ ਦੇ ਕੁੱਝ ਕੱਚੇ ਤੇ ਕੁੱਝ ਪੱਕੇ ਘਰ ਦੂਰੋਂ ਦਿਖਾਈ ਦੇਂਦੇ ਸਨ। ਸਾਡਿਆਂ ਪਿੰਡਾਂ ਵਰਗੇ ਪਿੰਡ ਸਨ ਕੋਈ ਓਪਰਾਪਨ ਨਜ਼ਰ ਨਹੀਂ ਆ ਰਿਹਾ ਸੀ। ਜੇਹੋ ਜੇਹੇ ਸਾਡੇ ਸਰਹੱਦ ਦੇ ਪਿੰਡ ਘਰ ਹਨ ਉਹੋ ਜੇਹੇ ਹੀ ਇਸ ਪਾਸੇ ਵਲ ਹਨ। ਫਰਕ ਸਿਰਫ ਏੰਨਾ ਸੀ ਕਿ ਹੁਣ ਦੋ ਮੁਲਕ ਬਣ ਗਏ ਹਨ। ਮਾਂ ਦਸਦੀ ਹੈ ਕਿ ਜਦੋਂ ਮੁਲਕਾਂ ਦੀ ਵੰਡ ਹੋਣੀ ਸੀ ਤਾਂ ਸਾਨੂੰ ਏਹੀ ਦੱਸਿਆ ਗਿਆ ਸੀ ਕਿ ਅਸੀਂ ਸਿਰਫ ਥੋੜੇ ਸਮੇਂ ਲਈ ਹੀ ਪੂਰਬੀ ਪੰਜਾਬ ਜਾਣਾ ਹੈ ਮੁੜ ਫਿਰ ਅਸੀਂ ਵਾਪਸ ਆ ਜਾਣਾ ਹੈ। ਮਾਂ ਨੇ ਦੱਸਿਆ ਕਿ ਸਾਡੇ ਦਾਦੀ ਜੀ ਨੂੰ ਤੇ ਛੋਟੇ ਭਰਾਵਾਂ ਨੂੰ ਘੋੜੀਆਂ ਤੇ ਬੈਠਾਇਆ ਤੇ ਬਾਕੀ ਸਾਰੇ ਪੈਦਲ ਹੀ ਚੱਲ ਪਏ ਸਨ। ਬਹੁਤ ਹੀ ਥੋੜਾ ਜੇਹਾ ਸਮਾਨ ਲਿਆ ਬਾਕੀ ਆਪਣੇ ਘਰ ਦਾ ਸਾਰਾ ਸਮਾਨ ਛੱਡਿਆ ਤੇ ਪਸ਼ੂਆਂ ਦੇ ਰੱਸੇ ਆਪਣੇ ਹੱਥੀਂ ਖੋਲ੍ਹ ਦਿੱਤੇ ਸਨ। ਘਰ ਦੇ ਸਾਰੇ ਸਮਾਨ ਨੂੰ ਇੱਕ ਵਾਰੀ ਨਿਹਾਰਿਆ ਤੇ ਅੱਥਰੂਆਂ ਨਾਲ ਘਰ ਦੀ ਦਹਿਲੀਜ ਨੂੰ ਪਾਰ ਕੀਤਾ। ਮਾਂ ਦਸਦੀ ਹੈ ਕਿ ਘਰ ਛੱਡਣ ਲੱਗਿਆਂ ਮੇਰੀ ਦਾਦੀ ਤੇ ਮੇਰੀ ਮਾਂ ਦੀਆਂ ਭੁੱਬਾਂ ਨਿਕਲ ਗਈਆਂ ਸਨ। ਲੱਖਾਂ ਲੋਕਾਂ ਦੇ ਘਰਬਾਰ ਰਾਜਨੀਤੀ ਦੀ ਭੇਟ ਚੜ੍ਹ ਗਏ। ਪਿੰਡੋਂ ਕਾਫਲੇ ਦੇ ਰੂਪ ਵਿੱਚ ਅਸੀਂ ਨਿਕਲੇ ਸੀ। ਲੁਟੇਰੇ ਲੋਕ ਹਰਲ ਹਰਲ ਕਰਦੇ ਫਿਰਦੇ ਸਨ। ਅਗਸਤ ਦਾ ਮਹੀਨਾ ਹੋਣ ਕਰਕੇ ਮੀਂਹ ਪੂਰੇ ਜ਼ੋਰ ਦੀ ਪੈ ਰਿਹਾ ਸੀ। ਹੜ੍ਹਾਂ ਵਰਗੀ ਸਥਿੱਤੀ ਬਣੀ ਹੋਈ ਸੀ। ਕਾਫਲਾ ਜੂੰ ਦੀ ਚਾਲ ਨਾਲ ਚੱਲ ਰਿਹਾ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਕਈ ਮੌਤਾਂ ਹੋ ਰਹੀਆਂ ਸਨ। ਲੋਕ ਮਜ਼ਬੂਰੀ ਵਿੱਚ ਨਾ ਰੋ ਸਕਦੇ ਸਨ ਤੇ ਨਾ ਹੀ ਕਿਸੇ ਅੱਗੇ ਆਪਣਾ ਦੁੱਖੜਾ ਫੋਲ ਸਕਦੇ ਸਨ। ਮੁਰਦਾ ਸਰੀਰਾਂ ਦਾ ਸਸਕਾਰ ਕਰਨਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ। ਇਸ ਤਰਸ ਯੋਗ ਹਾਲਤ ਵਿੱਚ ਲੋਕ ਆਪਣਿਆਂ ਨੂੰ ਹੀ ਛੱਡਦੇ ਜਾ ਰਹੇ ਸਨ। ਕਈ ਥਾਵਾਂ ਤੇ ਪੰਛੀ ਕੁੱਤੇ ਬਿੱਲੇ ਆਦਿ ਲਾਸ਼ਾਂ ਨੂੰ ਨੋਚ ਰਹੇ ਸਨ। ਚੱਲਦਿਆਂ ਚੱਲਦਿਆਂ ਵੀਹ ਕੁ ਕਿਲੋਮੀਟਰ ਦਾ ਪੈਂਡਾ ਤਹਿ ਕਰਦਿਆਂ ਅਸੀਂ ਰਾਵੀ ਦਰਿਆ ਦੇ ਪੱਤਣ `ਤੇ ਆ ਪਹੁੰਚੇ ਸੀ। ਮਾਂ ਦੱਸਦੀ ਹੈ ਕਿ ਮੇਰੇ ਭਾਈਆ ਜੀ ਨੇ ਕੁੱਝ ਪੈਸੇ ਦੇ ਕੇ ਬਿਰਧ ਮਾਂ ਤੇ ਮੇਰੇ ਛੋਟੇ ਭਰਾਵਾਂ ਨੂੰ ਰਾਵੀ ਪਾਰ ਕਰਾਇਆ ਸੀ। ਬਹੁਤ ਕੀਮਤੀ ਸਮਾਨ ਲੋਕਾਂ ਨੇ ਆਪਣੇ ਲੱਕ ਦੁਆਲੇ ਬੱਧਾ ਹੋਇਆ ਸੀ। ਰਾਵੀ ਪਾਰ ਕਰਦਿਆਂ ਇਹ ਅਹਿਸਾਸ ਹੋਇਆ ਕਿ ਅਸੀਂ ਹੁਣ ਨਵੇਂ ਮੁਲਕ ਵਿੱਚ ਆ ਗਏ ਹਾਂ। ਅਜੇ ਕਲ੍ਹ ਦੀ ਹੀ ਗੱਲ ਸੀ ਕਿ ਅਸੀਂ ਇਹਨਾਂ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਤੇ ਆਮ ਹੀ ਆਉਂਦੇ ਜਾਂਦੇ ਸੀ। ਪਰ ਹੁਣ ਇਹ ਬੇਗਾਨੇ ਮੁਲਕ ਹੋ ਗਏ ਸਨ। ਦਰਿਆ ਰਾਵੀ ਪਾਰ ਕਰਦਿਆਂ ਲੋਕ ਆਪਣੇ ਆਪਣੇ ਰਿਸ਼ਤੇਦਾਰਾਂ ਦੀ ਆਸ ਰੱਖ ਕੇ ਕਾਫਲੇ ਨਾਲੋਂ ਨਿਖੜਨੇ ਸ਼ੂਰੂ ਹੋ ਗਏ। ਰੋਜ਼ ਕਪੜੇ ਧੋ ਕੇ ਪਉਣ ਵਾਲਿਆਂ ਨੂੰ ਕਈ ਦਿਨ ਤੱਕ ਨਹਾਉਣਾ ਵੀ ਨਸੀਬ ਨਹੀਂ ਹੋਇਆ ਸੀ। ਸਰਕਾਰ ਵਲੋਂ ਕੋਈ ਬਹੁਤਾ ਪੁਖਤਾ ਪ੍ਰਬੰਧ ਨਹੀਂ ਸਨ। ਦੋਵੇਂ ਮੁਲਕ ਅਜ਼ਾਦੀ ਦੇ ਜਸ਼ਨ ਬਹੁਤ ਜ਼ੋਰ ਸ਼ੋਰ ਨਾਲ ਮਨਾ ਰਹੇ ਸਨ ਪਰ ਪੰਜਾਬੀ ਘਰੋਂ ਬੇਘਰ ਹੋ ਕੇ ਸੜਕਾਂ ਤੇ ਰੁਲ਼ ਰਹੇ ਸਨ। ਲਾਸ਼ਾਂ ਚਿਕੜ ਵਿੱਚ ਰੁਲ਼ ਰਹੀਆਂ ਸਨ। ਕੋਈ ਕਿਸੇ ਨੂੰ ਹੌਂਸਲਾਂ ਦੇਣ ਜੋਗਾ ਵੀ ਨਹੀਂ ਸੀ।
ਜਦੋਂ ਅਸੀਂ ਕਰਤਾਰਪੁਰ ਤੋਂ ਏਮਨਾਬਾਦ ਵਲ ਨੂੰ ਜਾ ਰਹੇ ਸੀ ਤਾਂ ਮਾਂ ਦੀਆਂ ਦੱਸੀਆਂ ਗੱਲਾਂ ਯਾਦ ਆ ਰਹੀਆਂ ਸਨ। ਮੈਂ ਸੋਚਦਾ ਸੀ ਕਿ ਜੇ ਪਾਕਿਸਤਾਨ ਨਾ ਬਣਦਾ ਤਾਂ ਲੋਕਾਂ ਨੇ ਸਿਆਲਕੋਟ, ਨਾਰੋਵਾਲ, ਪਸਰੂਰ ਤੇ ਕਰਤਾਰਪੁਰ ਨੂੰ ਆਮ ਜੀਵਨ ਵਾਂਗ ਆਉਣਾ ਸੀ। ਪੰਜਾਬ ਦੀ ਵੰਡ ਹੋਈ ਹੈ ਪਰ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕੀਤੀ ਗਈ। ਸਾਡਾ ਨਨਕਾਣਾ ਸਾਹਿਬ ਸਾਥੋਂ ਸਦਾ ਲਈ ਵਿਛੜ ਗਿਆ। ਕਰਤਾਰਪੁਰ ਨੂੰ ਪਾਕਿਸਤਾਨ ਵਿੱਚ ਰੱਖ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜਾ ਕੀਤਾ ਗਿਆ ਹੈ। ਅੱਜ ਹਰ ਰੋਜ਼ ਇੱਕ ਜੱਥੇਬੰਦੀ ਕਰਤਾਰਪੁਰ ਦੇ ਦਰਸ਼ਨਾਂ ਲਈ ਮਹੀਨੇ ਬਾਅਦ ਅਰਦਾਸ ਕਰਦੇ ਹਨ। ਸਾਡੀ ਇਹ ਰਾਇ ਹੈ ਕਿ ਇਸ ਮਸਲੇ ਨੂੰ ਉੱਚ ਪੱਧਰ ਤੇ ਚੁੱਕਣਾ ਚਾਹੀਦਾ ਹੈ। ਜੇ ਭਾਰਤ ਸਰਕਾਰ ਚਾਹੇ ਤਾਂ ਇਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈ ਜੋ ਹੱਲ ਨਾ ਹੋ ਸਕਦਾ ਹੋਵੇ। ਦੋਵੇਂ ਮੁਲਕ ਇਸ ਮਸਲੇ ਨੂੰ ਹੱਲ ਕਰ ਸਕਦੇ ਹਨ। ਦੂਜਾ ਜੇ ਵੱਡਿਆਂ ਮੁਲਕਾਂ ਵਾਲੇ ਸਿੱਖ ਆਗੂ ਥੋੜਾ ਜੇਹਾ ਉਪਰਾਲਾ ਕਰਨ ਤਾਂ ਇਹ ਮਸਲਾ ਜਲਦੀ ਹੱਲ ਹੋ ਸਕਦਾ ਹੈ। ਹੁਣ ਜਦੋਂ ਦੋ ਮੁਲਕ ਬਣ ਹੀ ਗਏ ਹਨ ਤਾਂ ਘੱਟੋ ਘੱਟ ਕਰਤਾਰਪੁਰ ਦੇ ਗੁਰਦੁਆਰੇ ਲਈ ਰਸਤੇ ਦਾ ਮਸਲਾ ਹੱਲ ਕੀਤਾ ਜਾ ਸਕਦਾ ਹੈ। ਬਾਕੀ ਅਕਾਲੀ ਦਲ ਦੀ ਪੰਜਾਬ ਤੇ ਕੇਂਦਰ ਵਿੱਚ ਕਈ ਵਾਰ ਸਰਕਾਰ ਬਣੀ ਹੈ ਪਰ ਇਹਨਾਂ ਨੇਤਾਵਾਂ ਨੇ ਕਦੇ ਵੀ ਅਜੇਹੀ ਮੰਗ ਸਰਕਾਰ ਕੋਲ ਨਹੀਂ ਰੱਖੀ ਹੈ। ਸਿੱਖ ਲੀਡਰਾਂ ਵਲੋਂ ਅਜੇਹਾ ਮਸਲਾ ਹੱਲ ਨਹੀਂ ਕਰਾਇਆ ਗਿਆ। ਕੇਂਦਰੀ ਸਰਕਾਰ ਵਿੱਚ ਇਹਨਾਂ ਦੀ ਭਾਈਵਾਲੀ ਵੀ ਰਹੀ ਹੈ ਤੇ ਮੰਤਰੀ ਵੀ ਰਹੇ ਹਨ ਪਰ ਕਰਤਾਰਪੁਰ ਦੇ ਰਸਤੇ ਦੀ ਕਦੇ ਗੱਲ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਨੂੰ ਬਾਹਰਲੇ ਮੁਲਕਾਂ ਵਾਲੇ ਸਿੱਖਾਂ ਦੀ ਸਹਾਇਤਾ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜੇ ਨੇਤਾਜਨ ਚਾਹੁੰਣ ਤਾਂ ਮਸਲੇ ਹੱਲ ਹੋ ਸਕਦੇ ਹਨ।
ਕਰਤਾਰਪੁਰ ਡੇਹਰਾ ਬਾਬਾ ਨਾਨਕ ਸਰਹੱਦ ਤੋਂ ਕੇਵਲ ਦੋ ਢਾਈ ਕਿਲੋਮੀਟਰ ਦੂਰ ਹੈ ਤੇ ਏਨੇ ਕੁ ਰਸਤੇ ਨਾਲ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਅ ਧਰਤੀ ਦੇ ਦਰਸ਼ਨ ਕਰ ਸਕਦੀਆਂ ਹਨ। ਗੱਲ ਥਾਂਵਾਂ ਦੀ ਨਹੀਂ ਹੈ ਗੱਲ ਮਹਾਨਤਾਵਾਂ ਦੀ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਮਗਰਲੇ ਦਿਨਾਂ ਵਿੱਚ ਕਿਵੇਂ ਕੌਮ ਨੂੰ ਲਾਮਬੰਦ ਕੀਤਾ ਹੈ। ਜਿਵੇਂ ਮੈਂ ਪਹਿਲਾਂ ਲਿਖ ਚੁੱਕਿਆ ਹਾਂ ਕਿ ਸਾਡਾ ਇਲਾਕਾ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਤੇ ਸਾਡਾ ਪਿੰਡ ਕਰਤਾਰਪੁਰ ਦੇ ਬਹੁਤ ਨਜ਼ਦੀਕ ਹੀ ਪੈਂਦਾ ਹੈ।
ਦੁਪਹਿਰ ਢੱਲਦੀ ਤੇ ਸ਼ਾਮ ਪੈਂਦੀ ਜਾ ਰਹੀ ਸੀ। ਅਸੀਂ ਵਾਪਸ ਲਾਹੌਰ ਜਾਣ ਲਈ ਗੱਡੀਆਂ ਵਿੱਚ ਬੈਠੇ ਸੀ ਪਰ ਰਸਤੇ ਵਿੱਚ ਪੜਾਅ ਏਮਨਾਬਾਦ ਕਰਨਾ ਸੀ। ਮੈਨੂੰ ਤਾਂ ਇੰਝ ਲੱਗਦਾ ਸੀ ਕਿ ਜਿਵੇਂ ਅਸੀਂ ਕਰਤਾਰਪੁਰ ਤੋਂ ਚੱਲ ਕੇ ਬਾਬਾ ਬਕਾਲਾ ਤੋਂ ਹੋ ਕੇ ਅੰਮ੍ਰਿਤਸਰ ਸ਼ਹਿਰ ਆਉਣਾ ਹੋਵੇ। ਕਦੇ ਸਾਡਾ ਕਾਫਲਾ ਸਿੱਧੀਆਂ ਸੜਕਾਂ ਤੇ ਦੌੜ ਰਿਹਾ ਸੀ ਤੇ ਕਦੇ ਵਲ਼-ਵਲ਼ੇਵੇਂ ਖਾਂਦਿਆਂ ਅਗਲੀਆਂ ਪਿਛਲੀਆਂ ਸਾਰੀਆਂ ਗੱਡੀਆਂ ਦੌੜਦੀਆਂ ਦਿਸ ਰਹੀਆਂ ਸਨ। ਕਈ ਵਾਰੀ ਇੰਜ ਮਹਿਸੂਸ ਹੁੰਦਾ ਸੀ ਕਿ ਜਿਵੇਂ ਸਰਹਾਲੀ ਲੰਘ ਰਹੇ ਹੋਈਏ ਜਾਂ ਮਜੀਠਾ ਲੰਘ ਰਹੀਏ ਹੋਈਏ। ਇੱਕ ਵਾਰੀ ਟਰਾਲੀਆਂ ਬਣਦੀਆਂ ਦੇਖ ਕੇ ਭੱਠੀਆਂ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਬਟਾਲੇ ਸ਼ਹਿਰ ਦਾ ਝੌਲ਼ਾ ਪੈਂਦਾ ਦਿਸਦਾ ਸੀ। ਬੁਰਕਾ ਪਾਈ ਬੀਬੀਆਂ ਤੇ ਸਲਵਾਰਾਂ ਕਮੀਜ਼ਾ ਦੇ ਪਹਿਰਾਵੇ ਵਿੱਚ ਆਮ ਪੰਜਾਬੀ ਤੁਰਦੇ ਫਿਰਦੇ ਨਜ਼ਰ ਆ ਰਹੇ ਸਨ। ਹਰ ਪਿੰਡ ਵਿੱਚ ਦੋ ਦੋ ਮਸੀਤਾਂ ਆਮ ਬਣੀਆਂ ਦਿਖਾਈ ਦੇ ਰਹੀਆਂ ਸਨ। ਕਈ ਥਾਂਈ ਬੱਕਰੀਆਂ ਭੇਡਾਂ ਚਰਦੀਆਂ ਦਿਸਦੀਆਂ ਸਨ। ਬੱਕਰੀਆਂ ਤੇ ਭੇਡਾਂ ਚਾਰਨ ਵਾਲਾ ਧੰਦਾ ਸਾਡੇ ਪੰਜਾਬ ਵਿਚੋਂ ਅਲੋਪ ਹੋ ਗਿਆ ਹੈ ਕਿਉਂਕਿ ਹੁਣ ਚਰਾਂਦਾ ਨਹੀਂ ਰਹੀਆਂ ਹਨ। ਜਿਉਂ ਹੀ ਅਸੀਂ ਪਿੰਡਾਂ ਨਾਲੋਂ ਵੱਡੇ ਮਕਾਨ ਬਣੇ ਦੇਖੇ ਤਾਂ ਪਤਾ ਚੱਲਿਆ ਕਿ ਅਸੀਂ ਏਮਨਾਬਾਦ ਪਹੁੰਚ ਗਏ ਹਾਂ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਗੁਰੁਦਆਰਾ ਰੋੜੀ ਸਹਿਬ ਸ਼ਾਹਿਰ ਦੇ ਵਿਚਕਾਰ ਹੋਏਗਾ। ਪਰ ਗੁਰਦੁਆਰਾ ਸ਼ਾਹਿਰ ਤੋਂ ਬਾਹਰਵਾਰ ਸੀ। ਸਾਡਾ ਕਾਫਲਾ ਦਿਨ ਹੁੰਦੇ ਹੀ ਏਮਨਾਬਾਦ ਪਹੁੰਚ ਗਿਆ ਸੀ। ਜਿੰਨੀ ਫੋਰਸ ਏੱਥੈ ਲਗਾਈ ਗਈ ਸੀ ਪਹਿਲਾਂ ਏੰਨੀ ਕਿਤੇ ਵੀ ਨਹੀਂ ਦੇਖੀ ਸੀ। ਅਸਲ ਵਿੱਚ ਫੋਰਸ ਤਾਂ ਓਨੀ ਕੁ ਹੀ ਹੋਏਗੀ ਪਰ ਇਹ ਗੁਰਦੁਆਰਾ ਬਾਹਰਵਾਰ ਹੋਣ ਕਰਕੇ ਫੋਰਸ ਕੁੱਝ ਜ਼ਿਆਦਾ ਲੱਗਦੀ ਸੀ। ਚਾਰ ਚੁਫੇਰੇ ਫੋਰਸ ਹੀ ਫੋਰਸ ਸੀ। ਉਂਝ ਪੰਜਾਬ ਪੁਲੀਸ ਸਾਰਾ ਪ੍ਰਬੰਧ ਕਰ ਰਹੀ ਸੀ। ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ੳੱਤੇ ਵੀ ਫੋਰਸ ਖੜੀ ਦਿਖਾਈ ਦੇ ਰਹੀ ਸੀ। ਗੇਟ ਦੇ ਵੜਦਿਆਂ ਹੀ ਇਮੀਗਰੇਸ਼ਨ ਵਾਲਾ ਪੇਪਰ ਲੈਣ ਲਈ ਪਾਕਿਸਤਾਨ ਅਧਿਕਾਰੀ ਤਿਆਰ ਖੜੇ ਸਨ। ਸਾਡੀਆਂ ਗੱਡੀਆਂ ਰੁਕੀਆਂ ਵਾਰੀ ਵਾਰੀ ਯਾਤਰੂ ਉਤਰਨੇ ਸ਼ੂਰੂ ਹੋਏ।
ਇਹ ਸਾਰੀ ਇਮਾਰਤ ਲਾਲ ਰੰਗ ਦੀਆਂ ਇੱਟਾਂ ਦੀ ਹੀ ਬਣੀ ਹੋਈ ਹੈ। ਤੇ ਇਹਨਾਂ ਇੱਟਾਂ ਨੂੰ ਇੱਟਾਂ ਵਾਲਾ ਹੀ ਰੰਗ ਕੀਤਾ ਹੋਇਆ ਹੈ। ਗੇਟ ਬਹੁਤ ਖੂਬਸੂਰਤ ਬਣਾਇਆ ਹੋਇਆ ਹੈ।
ਗੁਰਦੁਆਰਾ ਸਾਹਿਬ ਦੀ ਇਮਾਰਤ ਪੁਰਾਣੀ ਪਰ ਬਹੁਤ ਸੁੰਦਰ ਹੈ। ਇੱਟਾਂ ਨਾਲ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਹਨ। ਗੁਰੂ ਨਾਨਕ ਸਾਹਿਬ ਜੀ ਏਥੇ ਆਰਾਮ ਕਰਿਆ ਕਰਦੇ, ਸੰਗਤਾਂ ਜੁੜਦੀਆਂ। ਬਾਬਰ ਦੇ ਆਉਣ ਬਾਰੇ ਤੇ ਉਹਦੇ ਜ਼ੁਲਮ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਤਿਆਰੀ ਲਈ ਪ੍ਰੇਰਨਾ ਕਰਦੇ। ਬਾਬਰ ਦੀਆਂ ਫੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਏਥੋਂ ਹੀ ਗ੍ਰਿਫਤਾਰ ਕੀਤਾ ਸੀ। ਕਿਉਂਕਿ ਨਵਾਬ ਦੌਲਤ ਖਾਂ ਲੋਧੀ ਨੇ ਬਾਬਰ ਨਾਲ ਸਮਝੌਤਾ ਕੀਤਾ ਸੀ ਕਿ ਜੇ ਮੈਂ ਦਿੱਲ਼ੀ ਤਖ਼ਤ ਦਿਵਾਉਣ ਲਈ ਮੱਦਦ ਕਰਾਂ ਤਾਂ ਪੰਜਾਬ ਵਿਚ ਕੁੱਝ ਜਾਗੀਰ ਮੇਰੇ ਕੋਲ ਰਹਿਣ ਦਿੱਤੀ ਜਾਵੇ। ਬਾਬਰ ਦੀ ਮੱਦਦ ਕੀਤੀ ਤੇ ਉਹ ਦਿੱਲੀ ਤਖ਼ਤ ਤੇ ਕਾਬਜ਼ ਹੋ ਗਿਆ, ਪਰ ਸਮਝੌਤੇ ਤੋਂ ਮੁਨਕਰ ਹੋ ਗਿਆ ਤੇ ਨਵਾਬ ਦੌਲਤ ਖਾਂ ਲੋਧੀ ਨੂੰ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਖਤਮ ਕਰ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਜੀ ਬਾਰੇ ਸ਼ਕਾਇਤਾਂ ਪਹੁੰਚਾਈਆਂ ਗਈਆਂ ਕੇ ਲੋਕਾਂ ਦੇ ਹੱਕਾਂ ਦੀ ਮੰਗ ਲਈ ਨਵਾਬ ਦੌਲਤ ਖਾਂ ਲੋਧੀ ਨੂੰ ਗੁਰੂ ਸਾਹਿਬ ਜੀ ਨੇ ਤਿਆਰ ਕੀਤਾ ਸੀ। ਪਰ ਗੁਰੂ ਸਾਹਿਬ ਹਮਲੇ ਤੋਂ ਬਹੁਤ ਸਮਾਂ ਪਹਿਲਾਂ ਹੀ ਨਵਾਬ ਦੌਲਤ ਖਾਂ ਦੀ ਮੁਲਾਜ਼ਮਤ ਛੱਡ ਚੁੱਕੇ ਸਨ। ਗੁਰੂ ਸਾਹਿਬ ਜੀ ਬਾਰੇ ਪੜਤਾਲ ਹੋਣ ਉਪਰੰਤ, ਉਨ੍ਹਾਂ ਸਮੇਤ ਹੋਰ ਅਨੇਕਾਂ ਕੈਦੀਆਂ ਨੂੰ ਬਾਬਰ ਨੇ ਰਿਹਾਅ ਕਰ ਦਿੱਤਾ ਸੀ। ਰਾਗ ਤਿਲੰਗ ਅੰਦਰ ਇਸ ਸ਼ਬਦ ਸਮੇਤ ਚਾਰ ਸ਼ਬਦ ਵੀ ਏਥੇ ਹੀ ਉਚਾਰਣ ਕੀਤੇ:
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
੧੫੨੧ ਵਿਚ ਇਸ ਸ਼ਹਿਰ ਨੂੰ ਬਾਬਰ ਨੇ ਬਰਬਾਦ ਕਰ ਦਿੱਤਾ ਸੀ। ਏਥੇ ਦੋ ਹੋਰ ਵੀ ਗੁਰਦੁਆਰੇ ਹਨ। ਗੁਰਦੁਆਰਾ ਚੱਕੀ ਸਾਹਿਬ` ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੀ ਕੈਦ ਵਿਚ ਚੱਕੀ ਚਲਾਈ ਸੀ। ਦੂਜਾ ਗੁਰਦੁਆਰਾ ਭਾਈ ਲਾਲੋ ਦੀ ਖੂਹੀ। ਇਸ ਅਸਥਾਨ ਤੇ ਭਾਈ ਲਾਲੋ ਦਾ ਘਰ ਸੀ। ਗੁਰੂ ਨਾਨਕ ਭਾਈ ਲਾਲੋ ਦੇ ਘਰ ਠਹਿਰੇ ਸਨ ਅਤੇ ਐਮਨਾਬਾਦ ਦੇ ਹਾਕਮ ਦਾ ਅਹਿਲਕਾਰ ਮਲਕ ਭਾਗੋ ਨੇ ਜਦ ਬ੍ਰਹਮ ਭੋਜ ਤੇ ਗੁਰੂ ਨਨਾਕ ਸਾਹਿਬ ਜੀ ਨੂੰ ਸੱਦਾ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੂੰ ਲੋਕਾਂ ਦਾ ਹੱਕ ਖੋਹ ਕੇ ਇਹ ਪਕਵਾਨ ਤਿਆਰ ਕੀਤੇ ਹਨ ਸੋ ਇਹ ਮੈਂ ਨਹੀਂ ਖਾ ਸਕਦਾ ਕਿਉਂਕਿ ਇਹਦੇ ਵਿਚ ‘ਗਰੀਬਾਂ ਦਾ ਖੂਨ` ਹੈ ਅਤੇ ਭਾਈ ਲਾਲੋ ਹੱਥੀਂ ਕਿਰਤ ਕਰਕੇ ਖਾਂਦਾ ਹੈ ਉਸਦੀ ਰੋਟੀ ਵਿਚ ‘ਦੁੱਧ` ਹੈ। ਅਸੀਂ ਇਨ੍ਹਾਂ ਦੋਵਾਂ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ। ਸੰਗਤਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਸੀ। ਹਨੇਰ ਹੋ ਰਿਹਾ ਸੀ, ਸਭ ਨੂੰ ਵਾਪਸੀ ਦੀ ਕਾਹਲ ਸੀ।
ਜਦੋਂ ਅਸੀਂ ਅੰਦਰੋਂ ਮੱਥਾ ਟੇਕ ਕੇ ਬਾਹਰ ਆਏ ਤਾਂ ਇੱਕ ਲੰਬ ਸੁਲੰਮਾ ਨੌਜਵਾਨ ਗਭਰੂ ਐਸ. ਐਸ. ਪੀ. ਮੈਨੂੰ ਕਹਿਣ ਲੱਗਾ, ਕਿ “ਤੁਸੀਂ ਪਾਕਿਸਤਾਨ ਵਿਚੋਂ ਗਏ ਹੋ ਕੇ ਜਾਂ ਤੁਹਾਡਾ ਜਨਮ ਪੂਰਬੀ ਪੰਜਾਬ ਦਾ ਹੈ”। ਮੈਂ ਉਸ ਨੂੰ ਕਿਹਾ, ਕਿ “ਮੇਰਾ ਜਨਮ ਤਾਂ ਪੂਰਬੀ ਪੰਜਾਬ ਦਾ ਹੀ ਹੈ ਪਰ ਮੇਰੇ ਮਾਤਾ ਜੀ ਏੱਧਰੋਂ ਓਧਰ ਗਏ ਹਨ”। ਉਸ ਮੈਨੂੰ ਉਤਸੁਕਤਾ ਨਾਲ ਪੁੱਛਿਆ, ਕਿ “ਫਿਰ ਉਹਨਾਂ ਦਾ ਜ਼ਿਲ੍ਹਾ ਕਿਹੜਾ ਹੈ”। ਤਾਂ ਮੈਂ ਦੱਸਿਆ, ਕਿ “ਤਹਿਸਲਿ ਨਾਰੋਵਾਲ ਸੀ ਤੇ ਜ਼ਿਲ੍ਹਾ ਸਿਆਲਕੋਟ ਸੀ ਪਿੰਡ ਦਾਤੇਵਾਲ ਤਲਵੰਡੀ ਭਿੰਡਰਾਂ ਦੀ ਸੀ”। ਮੈਂ ਕਿਹਾ ਕਿ ਇਹ ਪਿੋੰਡ ਕਿੱਥੇ ਕੁ ਪੈਂਦਾ ਹੈ ਤਾਂ ਉਸ ਨੇ ਦੱਸਿਆ, ਕਿ “ਤੁਸੀਂ ਉਹਨਾਂ ਪਿੰਡਾਂ ਵਿੱਚ ਦੀ ਹੀ ਲੰਘ ਕੇ ਹੀ ਆਏ ਹੋ”। ਮੈਨੂੰ ਬਹੁਤ ਮਹਿਸੂਸ ਹੋਇਆ ਕਿ ਜੇ ਸਮੇਂ ਦੀ ਜਾਂ ਸਰਕਾਰੀ ਕਾਗਜ਼ਾਂ ਦੀ ਬੰਦਸ਼ ਨਾ ਹੁੰਦੀ ਤਾਂ ਮੈਂ ਆਪਣੀ ਮਾਂ ਦਾ ਪਿੰਡ ਜ਼ਰੂਰ ਦੇਖ ਕੇ ਆਉਣਾ ਸੀ।
ਉਸ ਐਸ. ਐਸ. ਪੀ. ਨੇ ਦੱਸਿਆ, ਕਿ ਅਸੀਂ “ਵਿਰਕ ਹੁੰਦੇ ਹਾਂ ਤੇ ਸਾਡੇ ਵਿਰਕਾਂ ਵਿਚੋਂ ਬਹੁਤੇ ਵਿਰਕ ਕਰਨਾਲ ਵਲ ਵੱਸੇ ਹੋਏ ਹਨ”। ਉਸ ਦੱਸਿਆ ਕਿ ਅਸੀਂ ਨਨਕਾਣਾ ਸਾਹਿਬ ਦੇ ਨੇੜੇ ਹੀ ਰਹਿੰਦੇ ਹਾਂ। ਗੁਰਦੁਆਰੇ ਦਾ ਆਲਾ ਦੁਆਲਾ ਬਹੁਤ ਸੁੰਦਰ ਸੀ ਚਾਰ ਚੁਫੇਰੇ ਸੱਠੀ ਮੱਕਈ ਖੜੀ ਸੀ ਗੁਰਦੁਆਰੇ ਦੇ ਅਗਲੇ ਪਾਸੇ ਬਾਗ ਲੱਗਿਆ ਹੋਇਆ ਸੀ। ਅੰਦਰ ਤਲਾਬ ਵੀ ਬਣਿਆ ਹੋਇਆ ਸੀ ਪਰ ਪਾਣੀ ਦੀ ਮਿਕਦਾਰ ਬਹੁਤ ਘੱਟ ਸੀ। ਲੋਕ ਇੱਕ ਦੂਜੇ ਨੂੰ ਆਪਣਾ ਮੁਬਾਇਲ ਦੇਕੇ ਜਾਂ ਆਪਣੀਆਂ ਫੋਟੋਆਂ ਆਪੇ ਹੀ ਖਿੱਚੀ ਜਾ ਰਹੇ ਸਨ। ਗੁਰਦੁਆਰੇ ਦਾ ਅਸਥਾਨ ਬਹੁਤ ਵੱਡਾ ਨਹੀਂ ਸੀ ਹਾਂ ਆਲਾ ਦੁਆਲਾ ਬਹੁਤ ਖੂਬਸੂਰਤ ਸੀ। ਗੁਰਦੁਆਰੇ ਦੇ ਬਾਹਰ ਵਧੀਆਂ ਘਾਹ ਵਾਲਾ ਪਾਰਕ ਬਣਿਆ ਹੋਇਆ ਸੀ ਤੇ ਉਸ ਵਿੱਚ ਬੈਠਣ ਦਾ ਪੂਰਾ ਪਰਬੰਧ ਕੀਤਾ ਹੋਇਆ ਸੀ। ਸੂਰਜ ਜੀ ਅਸਮਾਨ ਵਿੱਚ ਗਵਾਚਦੇ ਜਾ ਰਹੇ ਸਨ। ਅਸਮਾਨ ਵਿੱਚ ਲਾਲੀ ਜੇਹੀ ਛਾਈ ਜਾ ਰਹੀ ਸੀ ਰਾਤ ਦਾ ਹਨੇਰਾ ਉੱਤਰਨਾ ਸ਼ੁਰੂ ਹੋ ਰਿਹਾ ਸੀ। ਇਹ ਗੁਰਦੁਆਰਾ ਪੁਸਤਕਾਂ ਵਿੱਚ ਪੜ੍ਹਿਆ ਜ਼ਰੂਰ ਸੀ ਪਰ ਅੱਖੀਂ ਦੇਖਣ ਨਾਲ ਬਹੁਤ ਕੁੱਝ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਗੇਟ ਤੇ ਗਰਮਾ ਗਰਮ ਚਾਹ ਦਾ ਸਟਾਲ ਲੱਗਿਆ ਹੋਇਆ ਸੀ। ਪੇਂਡੂ ਲਹਿਜੇ ਦੀ ਬਣੀ ਹੋਈ ਚਾਹ ਪੀਕੇ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਆਪਣੇ ਪਿੰਡ ਵਾਲੇ ਗੁਰਦੁਆਰੇ ਵਿਚੋਂ ਚਾਹ ਪੀ ਰਹੇ ਹੁੰਦੇ ਹਾਂ। ਹਰ ਯਾਤਰੂ ਆਪਣੇ ਆਪਣੇ ਲਹਿਜੇ ਵਿੱਚ ਗੁਰਦੁਆਰਾ ਸਾਹਿਬ ਦੇ ਦੀਦਾਰ ਕਰ ਰਿਹਾ ਸੀ। ਪਖਾਨਿਆਂ ਦੀ ਨਵ ਉਸਾਰੀ ਕੀਤੀ ਗਈ ਹੈ। ਆਲੇ ਦੁਆਲੇ ਖੇਤ ਹੀ ਖੇਤ ਸਨ। ਵੱਸੋਂ ਕੁੱਝ ਹਟਵੀਂ ਸੀ। ਜੇ ਦੇਖਿਆ ਜਾਏ ਤਾਂ ਏਮਨਾਬਾਦ ਵੀ ਸਾਥੋਂ ਕੋਈ ਬਹੁਤੀ ਦੂਰ ਨਹੀਂ ਹੈ। ਜੇ ਪਹਿਲਾ ਪੰਜਾਬ ਹੁੰਦਾ ਤਾਂ ਕਈ ਨਵੀਆਂ ਸੜਕਾਂ ਹੋਂਦ ਵਿੱਚ ਆ ਜਾਣੀਆਂ ਸਨ।




.