.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਰਮੁ ਧਰਮੁ ਦੋਇ ਛਪਿ ਖਲੋਏ—

ਮਹਾਨ ਕੋਸ਼ ਅਨੁਸਾਰ-- ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਵਿੱਚ ਇੱਕ ਨਗਰ, ਜੋ ਗੁਰਜਰਾਂਵਾਲਾ ਤੋਂ ਅੱਠ ਮੀਲ ਪੂਰਵ ਦੱਖਣ ਹੈ, ਇਸ ਦਾ ਪਹਿਲਾ ਨਾਉਂ ਸੈਦਪੁਰ ਸੀ, ਸ਼ੇਰ ਸ਼ਾਹ ਨੇ ਇਸ ਨੂੰ ਤਬਾਹ ਕਰਕੇ ਨਵੀਂ ਅਬਾਦੀ ਦਾ ਨਾਉਂ ਸ਼ੇਰਗੜ੍ਹ ਰੱਖਿਆ, ਫਿਰ ਮੁਹੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਸ਼ੇਰਗੜ੍ਹ ਦਾ ਨਾਉਂ ਬਦਲ ਕੇ ਏਮਨਾਬਾਦ ਥਾਪਿਆ, ਗੁਰੂ ਨਾਨਕ ਸਾਹਿਬ ਜੀ ਸੈਦਪੁਰ ਭਾਈ ਲਾਲੋ ਦੇ ਘਰ ਠਹਿਰੇ ਸਨ। ਮਹਾਨ ਕੋਸ਼ ਦੇ ਕਰਤਾ ਅਨੁਸਾਰ ਸੰਮਤ ੧੫੭੮ ਨੂੰ ਜਦੋਂ ਬਾਬਰ ਨੇ ਸੈਦਪੁਰੀਆਂ ਤੇ ਹਮਲਾ ਕੀਤਾ ਸੀ ਤਾਂ ਬਾਬਰ ਨੇ ਸਾਰੇ ਸੈਦਪੁਰ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਆਪਣੇ ਕੈਦੀ ਬਣਾ ਲਿਆ ਸੀ। ਗੁਰੂ ਸਾਹਿਬ ਜੀ ਨੇ ਜਦ ਬਾਬਰ ਤੋਂ ਸੈਦਪੁਰ ਦੇ ਵਸਨੀਕਾਂ ਨੂੰ ਗ਼ੁਲਾਮੀ ਤੋਂ ਛਡਵਾ ਕੇ ਜੰਗੀ ਕਾਨੂੰਨ ਤੋਂ ਅਮਾਨ ਦਿਵਾਈ, ਤਦ ਤੋਂ ਇਸ ਦਾ ਨਾਉਂ ਏਮਨਾਬਾਦ ਪ੍ਰਸਿੱਧ ਹੋ ਗਿਆ ਹੈ ਏਮਨਾਬਾਦ ਰੇਲਵੇ ਸਟੇਸ਼ਨ ਤੋਂ ਇਹ ਨਗਰ ੩ ਮੀਲ ਪੂਰਵ ਹੈ। ਏਮਨਾਬਾਦ ਵਿਖੇ ਹੇਠ ਲਿਖੇ ਗੁਰਦੁਆਰੇ ਹਨ—

੧ ਖੂਹੀ ਭਾਈ ਲਾਲੋ ਕੀ, ਭਾਈ ਲਾਲੋ ਦੇ ਮਕਾਨ ਵਿੱਚ ਜੋ ਖੂਹੀ ਸੀ ਇਸ ਦਾ ਜਲ ਗੁਰੂ ਸਾਹਿਬ ਜੀ ਇਸ਼ਨਾਨ ਲਈ ਵਰਤਦੇ ਰਹੇ।

੨ ਮਹਾਨ ਕੋਸ਼ ਅਨੁਸਾਰ ਚੱਕੀ ਸਾਹਿਬ-ਉਹ ਚੱਕੀ ਏੱਥੇ ਰੱਖੀ ਹੋਈ ਹੈ, (ਪਰ ਅਸੀਂ ਦਰਸ਼ਨ ਨਹੀਂ ਕਰ ਸਕੇ) ਸੈਦਪੁਰ ਦੇ ਕਤਲਾਮ ਵੇਲੇ ਆਮ ਕੈਦੀਆਂ ਵਿੱਚ ਫੜੇ ਗਏ ਗੁਰੂ ਨਾਨਕ ਸਾਹਿਬ ਨੂੰ ਦਾਣਾ ਪੀਹਣ ਲਈ ਦਿੱਤੀ ਗਈ ਸੀ, ਜਗਤ ਗੁਰੂ ਨੇ ਬਾਦਸ਼ਾਹ ਪਾਸੋਂ ਸਾਰੇ ਕੈਦੀ ਛੁਡਵਾਏ ਸਨ, ਇਸ ਅਸਥਾਨ ਨੂੰ ੧੪ ਘੁਮਾ ਜ਼ਮੀਨ ਹੈ, ਮੇਲਾ ਵੈਸਾਖੀ ਨੂੰ ਲਗਦਾ ਹੈ।

੩ ਰੋੜੀ ਸਾਹਿਬ, ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਪੁਰ ਗੁਰਦੁਆਰਾ ਹੈ, ਗੁਰਦੁਆਰਾ ਦੇ ਨਾਉਂ ੯ ਮੁਰੱਬੇ ਜ਼ਮੀਨ ਹੈ ਦਰਬਾਰ ਸਾਹਿਬ ਅਤੇ ਰਹਾਇਸ਼ੀ ਮਕਾਨ ਸੁੰਦਰ ਬਣੇ ਹੋਏ ਹਨ, ਵੈਸਾਖੀ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਮੇਲਾ ਲਗਦਾ ਹੈ।

ਮਲਿਕ ਭਾਗੋ ਖੱਤਰੀ ਸੈਦਪੁਰ ਦੇ ਹਾਕਮ ਜ਼ਾਲ਼ਿਮ ਖਾਨ ਦਾ ਅਹਿਲਕਾਰ, ਭਾਰੀ ਰਿਸ਼ਵਤ ਖੋਰ ਸੀ, ਇੱਕ ਵਾਰ ਇਸ ਨੇ ਬ੍ਰਹਮ ਭੋਜ ਕੀਤਾ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ। ਸਤਿਗੁਰ ਜੀ ਨੇ ਇਸ ਦਾ ਨਿਉਂਦਾ ਨਾ ਮੰਨ ਕੇ ਭੋਜਨ ਕਰਨ ਨਾ ਗਏ, ਤਦ ਇਸ ਨੇ ਆਪਣਾ ਅਪਮਾਨ ਸਮਝ ਕੇ ਗੁਰੂ ਜੀ ਨੂੰ ਹਕੂਮਤ ਨਾਲ ਤਲਬ ਕੀਤਾ। ਮਲਕ ਭਾਗੋ ਦਾ ਅੰਨ ਲਹੂ ਤੇ ਭਾਈ ਲਾਲੋ ਦਾ ਅੰਨ ਦੁੱਧ ਸਿੱਧ ਕਰਕੇ ਆਤਮਿਕ ਗਿਆਨ ਦੀ ਸਿੱਖਿਆ ਦਿੱਤੀ ਸੀ। ਹਾਕਮ ਲੋਕਾਂ ਵਲੋਂ ਸਮਾਜ ਵਿੱਚ ਫੈਲਾਈ ਰਿਸ਼ਵਤ ਖੋਰੀ ਨੂੰ ਨੰਗਾ ਕੀਤਾ।

ਗੁਰੂ ਸਾਹਿਬ ਜੀ ਨੇ ਭਰੀ ਸਭਾ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਸੀ। ਹੁਣ ਏੱਥੇ ਵੀ ਇੱਕ ਕਰਾਮਾਤ ਜੋੜੀ ਹੋਈ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਨੇ ਰੋਟੀਆਂ ਵਿਚੋਂ ਦੁੱਧ ਅਤੇ ਲਹੂ ਕੱਢਿਆ। ਹੈਰਾਨੀ ਦੀ ਗੱਲ ਦੇਖੋ ਅਜੇਹੀਆਂ ਸਾਖੀਆਂ ਵਾਲੀਆਂ ਫੋਟੋਆਂ ਸਾਡਿਆਂ ਘਰਾਂ ਦਾ ਸ਼ਿੰਗਾਰ ਹਨ। ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਭਰੀ ਸਭਾ ਵਿੱਚ ਇੱਕ ਹੱਥ ਨਾਲ ਭਾਈ ਲਾਲੋ ਤੇ ਦੂਜੇ ਹੱਥ ਨਾਲ ਮਲਿਕ ਭਾਗੋ ਦੀ ਰੋਟੀ ਨੂੰ ਘੁੱਟਿਆ ਗਿਆ ਤਾਂ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਨਿਕਲ ਆਇਆ ਤੇ ਮਲਿਕ ਭਾਗੋ ਦੀ ਰੋਟੀ ਵਿਚੋਂ ਲਹੂ ਦੀ ਤਤੀਰੀ ਛੁੱਟ ਗਈ। ਤਸਵੀਰਾਂ ਵਿੱਚ ਸਾਫ਼ ਲਹੂ ਤੇ ਦੁੱਧ ਨਿਕਲਦਾ ਦਿਖਾਇਆ ਗਿਆ ਹੈ। ਸਾਰੇ ਲੋਕ ਹੈਰਾਨ ਹੋ ਗਏ ਸਨ। ਅਸਲ ਵਿੱਚ ਇਸ ਤਰ੍ਹਾਂ ਰੋਟੀਆਂ ਵਿਚੋਂ ਲਹੂ ਤੇ ਦੁੱਧ ਨਹੀਂ ਨਿਕਲਦਾ। ਗੁਰੂ ਸਾਹਿਬ ਜੀ ਨੇ ਭਰੀ ਸਭਾ ਵਿੱਚ ਮਲਿਕ ਭਾਗੋ ਦੇ ਕਾਲੇ ਕਾਰਨਾਮੇ ਲੋਕਾਂ ਦੇ ਸਾਹਮਣੇ ਰੱਖੇ ਸਨ ਕਿ ਤੇਰੇ ਬ੍ਰਹਮ ਭੋਜ ਵਿੱਚ ਗਰੀਬਾਂ ਦਾ ਖੂਨ ਇਕੱਠਾ ਕੀਤਾ ਹੋਇਆ ਹੈ। ਤੂੰ ਇੱਕ ਵੱਡਾ ਰਿਸ਼ਵੱਤ ਖੋਰ ਇਨਸਾਨ ਏਂ। ਹਕੂਮਤ ਨਾਲ ਰਲ਼ ਕੇ ਗਰੀਬ ਲੋਕਾਂ `ਤੇ ਜ਼ੁਲਮ ਢਾਹ ਰਿਹਾਂ ਏਂ। ਮਲਿਕ ਤੂੰ ਖੱਤਰੀ ਹੁੰਦਾ ਹੋਇਆ ਆਪਣੀ ਬੋਲੀ ਦਾ ਤਿਆਗ ਕਰ ਚੁੱਕਾ ਏਂ—

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ।।

ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ।। ੩।।

ਧਨਾਸਰੀ ਮਹਲਾ ੧ ਪੰਨਾ ੬੬੨

ਮਲਿਕ ਕੀ ਤੂੰ ਦਸ ਸਕਦਾ ਏਂ ਤੇਰੇ ਕਰਿੰਦਿਆਂ ਨੇ ਬ੍ਰਹਮ ਭੋਜ ਦੇ ਨਾਂ ਤੇ ਲੋਕਾਂ ਨਾਲ ਧੱਕਾ ਨਹੀਂ ਕੀਤਾ? ਕੀ ਤੂੰ ਦਸ ਸਕਦਾ ਏਂ ਜਿਹੜਾ ਖੀਰ ਲਈ ਦੁੱਧ ਲਿਆਦਾ ਗਿਆ ਹੈ ਕਿੰਨਿਆਂ ਘਰਾਂ ਦੇ ਬੱਚੇ ਦੁੱਧ ਤੋਂ ਬਿਨਾ ਹੀ ਸੁੱਤੇ ਹਨ। ਭਰੀ ਸਭਾ ਵਿੱਚ ਮਲਿਕ ਭਾਗੋ ਨੂੰ ਸਚਾਈ ਮੰਨਣੀ ਪਈ। ਮਲਿਕ ਭਾਗੋ ਨੇ ਇਹ ਅਹਿਦ ਕੀਤਾ ਕਿ ਅੱਗੇ ਤੋਂ ਮੈਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਾਂਗਾ। ਮੈਂ ਹਾਕਮਾਂ ਨੂੰ ਲੋਕ ਭਲਾਈ ਦੇ ਕੰਮਾਂ ਵਲ ਪ੍ਰੇਰਤ ਕਰਾਂਗਾ। ਮਲਿਕ ਭਾਗੋ ਭਾਈ ਲਾਲੋ ਵਾਂਗ ਗੁਰੂ ਦਾ ਸਿੱਖ ਬਣਿਆ।

ਦੂਜੇ ਪਾਸੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਦੇਖੋ, ਭਾਈ ਲਾਲੋ ਆਪਣੀ ਹੱਥੀਂ ਕਿਰਤ ਕਰਦਾ ਹੈ ਤੇ ਆਏ ਗਏ ਦੀ ਸੇਵਾ ਵੀ ਕਰਦਾ ਹੈ ਇਸ ਲਈ ਉਸ ਦੀ ਰੋਟੀ ਵਿੱਚ ਦੁੱਧ ਹੈ। ਗੁਰੂ ਸਾਹਿਬ ਜੀ ਨੇ ਵਿਚਾਰਾਂ ਦੁਆਰਾ ਲਹੂ ਤੇ ਦੁੱਧ ਰੋਟੀਆਂ ਵਿੱਚ ਸਾਬਤ ਕੀਤਾ। ਕੀ ਇਹ ਸਾਖੀਆਂ ਸਨਾਉਣ ਲਈ ਹੀ ਹਨ ਕਿ ਜਾਂ ਸਾਡੇ ਤੇ ਵੀ ਲਾਗੂ ਹੁੰਦੀਆਂ ਹਨ। ਅਜੋਕੀ ਸਾਡੀ ਸਿੱਖ ਲੀਡਰਸਿੱਪ ਕਿੱਥੇ ਖੜੀ ਹੈ? ਹਰ ਰੋਜ਼ ਅਖਬਾਰਾਂ ਵਿੱਚ ਜੋ ਪੜ੍ਹਦੇ ਸੁਣਦੇ ਹਾਂ ਉਸ ਨਾਲ ਇਹ ਹੀ ਮਹਿਸੂਸ ਹੁੰਦਾ ਹੈ ਕਿ ਇਹਨਾਂ ਵਲੋਂ ਮਲਿਕ ਭਾਗੋ ਵਾਲਾ ਹੀ ਰੋਲ ਅਦਾ ਕੀਤਾ ਜਾ ਰਿਹਾ ਹੈ। ਹਰ ਸਾਲ ਗੁਰਪੁਰਬ ਮਨਾਇਆ ਜਾਂਦਾ ਹੈ ਤੇ ਹਰ ਸਾਲ ਸਾਖੀ ਸੁਣਾਈ ਜਾਂਦੀ ਹੈ ਪਰ ਜਿਹੜਾ ਵੀ ਮੰਤਰੀ ਬਣਦਾ ਹੈ ਮੁੜ ਕੇ ਉਸ ਤੇ ਕੇਸ ਹੀ ਬਣਦਾ ਹੈ? ਬਿਮਾਰੀ ਦੀ ਜੜ੍ਹ ਅੱਜ ਵੀ ਓੱਥੇ ਹੀ ਲੱਗੀ ਹੋਈ ਹੈ।

ਹਾਕਮਾਂ ਦੀਆਂ ਕਾਲੀਆਂ ਕਰਤੂਤਾਂ ਦੇਖ ਕੇ ਹੀ ਗੁਰੂ ਸਾਹਿਬ ਜੀ ਨੇ ਭਾਈ ਲਾਲੋ ਜੀ ਨਾਲ ਵਿਚਾਰ ਵਿਟਾਂਦਰਾ ਕਰਦਿਆਂ ਕਿਹਾ ਸੀ ਕਿ ਜਿਹੜੀ ਚਾਲੇ ਹਾਕਮ ਚੱਲ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਇਹ ਗੁਲਾਮੀ ਦੀਆਂ ਜਜ਼ੀਰਾਂ ਵਿੱਚ ਜਕੜੇ ਜਾਣਗੇ, ਕਿਉਂਕਿ ਇਹਨਾਂ ਵਿਚੋਂ ਸਰਮ ਧਰਮ ਸਭ ਕੁੱਝ ਉੱਡ ਚੁੱਕਿਆ ਹੈ ਇਖ਼ਲਾਕ ਤੋਂ ਗਿਰ ਚੁੱਕੇ ਹਨ

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।।

ਤਿਲੰਗ ਮਹਲਾ ੧ ਪੰਨਾ ੭੨੩

ਸੈਦਪੁਰ ਦੇ ਹਾਕਮਾਂ ਵਿੱਚ ਜੀਵਨ ਦੀ ਕੋਈ ਤਰਤੀਬ ਨਹੀਂ ਰਹੀ ਸੀ। ਅਯਾਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਸਨ। ਧਾਰਮਿਕ ਆਗੂ ਇਹਨਾਂ ਦੇ ਪਾਪਾਂ ਵਿੱਚ ਬਰਾਬਰ ਦੇ ਹਿੱਸੇਦਾਰ ਸਨ। ਹਾਕਮ ਸ਼੍ਰੇਣੀ ਵਲੋਂ ਕੀਤੇ ਹਰ ਜ਼ੁਲਮ ਨੂੰ ਉਹ ਸਹੀ ਠਹਿਰਾਉਂਦੇ ਸਨ। ਉਹ ਲੋਕ ਸੇਵਾ ਵਲੋਂ ਹਟ ਕੇ ਨਿੱਜੀ ਹਿੱਤ ਪਾਲ਼ ਰਹੇ ਸਨ। ਭਾਈ ਲਾਲੋ ਨਾਲ ਵਿਚਾਰਾਂ ਕਰਦਿਆਂ ਗੁਰਦੇਵ ਪਿਤਾ ਜੀ ਕਹਿ ਰਹੇ ਸੀ ਕਿ ਇਹਨਾਂ ਲੋਕਾਂ ਵਿਚੋਂ ਸ਼ਰਮ ਤੇ ਧਰਮ ਦੋਨੋਂ ਹੀ ਉੱਡ ਗਏ ਹਨ।

ਰੱਬ ਜੀ ਦਾ ਹੁਕਮ ਇਕਸਾਰ ਚੱਲਦਾ ਹੈ ਪਰ ਉਸ ਵਿੱਚ ਕਰਮ ਸਾਡਾ ਹੁੰਦਾ ਹੈ। ਸਾਡਾ ਦੁਖਾਂਤ ਹੈ ਕਿ ਅਸੀਂ ਕਰਮ ਕੋਈ ਹੋਰ ਕਰਦੇ ਹਾਂ ਤੇ ਫਲ਼ ਕੋਈ ਹੋਰ ਮੰਗਦੇ ਹਾਂ। ਸਾਡੇ ਕੀਤੇ ਹੋਏ ਕਰਮ ਹੀ ਸਾਡੇ ਨਾਲ ਚੱਲਦੇ ਹਨ। ਦੂਸਰਾ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਉਸ ਸਮਾਜ ਦੇ ਵੀ ਸਾਨੂੰ ਕਰਮ ਭੋਗਣੇ ਪੈਂਦੇ ਹਨ। ਗੁਰਬਾਣੀ ਦਾ ਫੈਸਲਾ ਹੈ—

ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ।।

ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ।। ੨੧।।

ਰਾਗ ਆਸਾ ਮਹਲਾ ੧ ਪਟੀ ਪੰਨਾ ੪੩੩

ਗੁਰੂ ਸਾਹਿਬ ਜੀ ਨੇ ਸਮਝਾਇਆ ਸੀ ਕਿ ਜੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਤਿਆਰੀ ਕੀਤੀ ਜਾਏ ਤਾਂ ਸਾਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਹੜ੍ਹਾਂ ਦੀ ਸੰਭਵਨਾ ਨੂੰ ਮੁੱਖ ਰੱਖ ਕੇ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ ਪਰ ਹੜ੍ਹ ਆਇਆਂ ਤੇ ਕਦੇ ਵੀ ਬੰਨ੍ਹ ਨਹੀਂ ਬੰਨ੍ਹੇ ਜਾ ਸਕਦੇ--

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ।।

ਮਹਲਾ ੧ ਪੰਨਾ ੪੧੭

ਗੁਰਦੇਵ ਪਿਤਾ ਜੀ ਨੇ ਸਮਝਾਉਂਦਿਆਂ ਹੋਇਆਂ ਕਿਹਾ ਕਿ ਸੈਦਪੁਰ ਦੇ ਹਾਕਮਾਂ ਧਾਰਮਿਕ ਅਗੂਆਂ ਨੇ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲਿਆ ਹੋਇਆ ਹੈ ਤੇ ਜਨਤਾ ਵੀ ਆਪਣਿਆਂ ਹੱਕਾਂ ਦੀ ਰਾਖੀ ਨਹੀਂ ਕਰ ਰਹੀ ਇਸ ਲਈ ਉਹ ਦਿਨ ਦੂਰ ਨਹੀਂ ਜਦੋਂ ਇਹ ਆਪਣੇ ਕੀਤੇ ਦੀ ਆਪੇ ਹੀ ਸਜਾ ਭੋਗਣਗੇ।

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ।।

ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ।। ੫।।

ਪੰਨਾ ੪੧੭

ਮਨੁੱਖ ਬਹੁਤਾ ਆਪਣੇ ਧਨ, ਜਵਾਨੀ ਤੇ ਹੰਕਾਰ ਕਰਦਾ ਹੈ ਪਰ ਇਹ ਧਨ ਦੌਲਤ ਜਵਾਨੀ ਹੀ ਇਸ ਦੇ ਦੁਸ਼ਮਣ ਬਣ ਜਾਂਦੇ ਹਨ—

ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ।।

ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ।।

ਪੰਨਾ ੪੧੭

ਉਸ ਸਮੇਂ ਵਿੱਚ ਸੈਦਪੁਰ ਘੁੱਗ ਵੱਸਦਾ ਸ਼ਹਿਰ ਸੀ ਤੇ ਲੋਕ ਬਹੁਤ ਅਮੀਰ ਸਨ। ਜਿੱਥੇ ਅਮੀਰੀ ਆ ਜਾਂਦੀ ਹੈ ਓੱਥੇ ਅਯਾਸ਼ੀ ਵੀ ਨਾਲ ਜਨਮ ਲੈ ਲੈਂਦੀ ਹੈ। ਜੇ ਪ੍ਰਧਾਨ ਮੰਤ੍ਰੀ ਹੀ ਅਯਾਸ਼ ਹੋ ਜਾਏ ਤਾਂ ਉਹ ਦੁਸ਼ਮਣਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਏਸੇ ਤਰ੍ਹਾਂ ਸੈਦਪੁਰ ਦੇ ਹਾਕਮ ਜਿੰਨਾਂ ਨੇ ਲੋਕ ਭਲਾਈ ਦੇ ਕੰਮ ਕਰਨੇ ਸਨ ਉਹ ਆਪਣੀ ਐਸ਼ ਵਾਲੀ ਜ਼ਿੰਦਗੀ ਜਿਉਣ ਲੱਗ ਪਏ ਸਨ। ਪਰਵਾਰਾਂ ਦੀਆਂ ਇਜ਼ੱਤਾਂ ਸੁਰੱਖਿਅਤ ਨਹੀਂ ਸਨ। ਇਹ ਸਾਰਾ ਵਰਤਾਰਾ ਦੇਖ ਕੇ ਹੀ ਗੁਰੂ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਦੀ ਵਿਚਾਰ ਸਾਂਝੀ ਕੀਤੀ ਸੀ—

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।।

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।।

ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।।

ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।।

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।। ੧।।

ਤਿਲੰਗ ਮਹਲਾ ੧ ਪੰਨਾ ੭੨੩

੧੫੭੮ ਵਿੱਚ ਜਦੋਂ ਬਾਬਰ ਨੇ ਸੈਦਪੁਰ ਤੇ ਹਮਲਾ ਕੀਤਾ ਤਾਂ ਬਾਕੀ ਲੋਕਾਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਵੀ ਬੰਦੀ ਬਣਾ ਲਿਆ ਸੀ। ਬਾਕੀ ਕੈਦੀਆਂ ਵਾਂਗ ਗੁਰੂ ਸਾਹਿਬ ਜੀ ਨੂੰ ਵੀ ਚੱਕੀ ਦਿੱਤੀ ਗਈ ਸੀ। ਆਖਰ ਬਾਬਰ ਨਾਲ ਮੁਲਾਕਾਤ ਹੋਈ ਤੇ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਸਾਰੇ ਕੈਦੀ ਰਿਹਾ ਕਰ ਦਿੱਤੇ। ਸੁਣਿਆਂ ਕਿ ਉਹ ਚੱਕੀ ਵੀ ਏੱਥੇ ਪਈ ਹੋਈ ਹੈ ਪਰ ਅਸੀਂ ਦੇਖ ਨਹੀਂ ਸਕੇ।

ਗੁਰੂ ਸਾਹਿਬ ਜੀ ਨੇ ਏੱਥੇ ਧਰਮਸਾਲ ਕਾਇਮ ਕੀਤੀ। ਜਦੋਂ ਅਸੀਂ ਗੁਰਦੁਆਰਿਆਂ ਵਿੱਚ ਅਜੇਹੀਆਂ ਸਾਖੀਆਂ ਸਣਾਉਂਦੇ ਹਾਂ ਤਾਂ ਏਦਾਂ ਮਹਿਸੂਸ ਹੁੰਦਾ ਹੈ ਕਿ ਇਹ ਸਾਖੀਆਂ ਦੂਜਿਆਂ ਲਈ ਹੀ ਹੁੰਦੀਆਂ ਹਨ ਸਾਡੇ ਲਈ ਨਹੀਂ ਹਨ ਏਸੇ ਲਈ ਅਸੀਂ ਸਾਖੀਆਂ ਸੁਣਦੇ ਜ਼ਰੂਰ ਹਾਂ ਪਰ ਅਸੀਂ ਇਹਨਾਂ ਤੋਂ ਸਿੱਖਿਆ ਲੈਣ ਲਈ ਤਿਆਰ ਨਹੀਂ ਹੁੰਦੇ।

ਇਸ ਅਸਥਾਨ ਦੀ ਮਹਾਨਤਾ ਤੋਂ ਅੱਜ ਦੇ ਰਾਜਸੀ ਲੋਕਾਂ ਨੂੰ ਇੱਕ ਸੇਧ ਲੈ ਕੇ ਮਨੁੱਖਤਾ ਦੇ ਹੱਕਾਂ ਵਾਸਤੇ ਰਾਖੇ ਬਣਨਾ ਚਾਹੀਦਾ ਹੈ। ਸੱਚੇ ਦਿੱਲੋਂ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ। ਰਿਸ਼ਵਤ ਖੋਰੀ ਵਰਗੀਆਂ ਬਿਮਾਰੀਆਂ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ। ਪੰਜਾਬ ਵਿੱਚ ਜਦੋਂ ਸਾਡਿਆਂ ਨੇ ਹਕੂਮਤ ਸੰਭਾਲ਼ੀ ਸੀ ਤਾਂ ਓਦੋਂ ਕਿਹਾ ਗਿਆ ਸੀ ਜਿਹੜਾ ਮੌਕੇ `ਤੇ ਵੱਢੀ ਲੈਂਦਾ ਗ੍ਰਿਫਤਾਰ ਕਰਾਏਗਾ ਉਸ ਨੂੰ ਪੰਜਾਹ ਹਜ਼ਾਰ ਦਾ ਇਨਾਮ ਦਿੱਤਾ ਜਾਏਗਾ। ਇਹ ਐਲਾਨ ਸਿਰਫ ਅਖਬਾਰਾਂ ਜੋਗਾ ਹੀ ਸਾਬਤ ਹੋਇਆ ਹੈ। ਗੁਰੂ ਦੇ ਸਿੱਖ ਨੂੰ ਜੇ ਮੌਕਾ ਮਿਲਦਾ ਹੈ ਤਾਂ ਉਸ ਨੂੰ ਇੱਕ ਅਦਰਸ਼ਕ ਸਿੱਖ ਵਜੋਂ ਵਿਚਰਨ ਦਾ ਯਤਨ ਕਰਨਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੀ ਜੇਹਲ ਵਿਚੋਂ ਲੋਕਾਂ ਨੂੰ ਮੁਕਤ ਕਰਾਇਆ ਗੁਰੂ ਸਾਹਿਬ ਜੀ ਪਹਿਲੇ ਬੰਦੀ ਛੋੜ ਹਨ। ਭਾਈ ਲਾਲੋ ਦੇ ਘਰ ਪਹਿਲੀ ਧਰਮਸਾਲ ਕਾਇਮ ਕੀਤੀ।




.