ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਫਿਰ ਲਾਹੌਰ ਵਲ ਨੂੰ
੧੭ ਜੂਨ ੨੦੧੫ ਨੂੰ ਸਾਡੇ ਜੱਥੇ ਦੇ
ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਪਾਕਿਸਤਾਨ ਵਿੱਚ ਇਹ ਸਾਡੀ ਅਖੀਰਲੀ ਯਾਤਰਾ ਸੀ। ਏਮਨਾਬਾਦ ਤੋਂ
ਅਸੀਂ ਸਿੱਧੇ ਲਾਹੌਰ ਆਉਣਾ ਸੀ ਤੇ ਫਿਰ ਸਵੇਰੇ ਸਾਡੀ ਆਪਣੇ ਮੁਲਕ ਲਈ ਵਾਪਸੀ ਸੀ। ਅਜੇਹਿਆਂ ਸਮਿਆਂ
ਤੇ ਮੇਲ-ਮਿਲਾਪ ਵਿੱਚ ਅਪਣੱਤ ਬਹੁਤ ਹੋ ਜਾਂਦੀ ਹੈ। ਸਰਕਾਰੀ ਅਫਸਰ ਤੇ ਆਮ ਲੋਕ ਬਹੁਤ ਸਲੀਕੇ ਨਾਲ
ਮਿਲਦੇ ਹਨ। ਸਿਆਣੇ ਯਾਤਰੂ ਵੀ ਆਪਸ ਵਿੱਚ ਉਲ਼ਝਦੇ ਨਹੀਂ ਹਨ ਸਗੋਂ ਮਿੱਤ੍ਰਤਾ ਵਾਲਾ ਮਾਹੌਲ ਬਣਾ ਕੇ
ਰੱਖਦੇ ਹਨ। ਅਜੇਹੇ ਮਿਤ੍ਰਤਾ ਵਾਲੇ ਮਾਹੌਲ ਵਿੱਚ ਹਰ ਕੋਈ ਇੱਕ ਦੂਜੇ ਦੀ ਸਹਾਇਤਾ ਕਰਦਾ ਨਜ਼ਰ ਆਉਂਦਾ
ਹੈ। ਏਮਨਾਬਾਦ ਦੇ ਗੁਰਦੁਆਰਾ ਵਿੱਚ ਬਹੁਤ ਸਾਰੇ ਅਫਸਰ ਤੇ ਪੁਲੀਸ ਅਧਿਕਾਰੀ ਆਮ ਯਾਤਰੂਆਂ ਨਾਲ
ਗੱਲਾਂ ਬਾਤਾਂ ਕਰ ਰਹੇ ਸਨ। ਕਈ ਅਧਿਕਾਰੀ ਕੇਵਲ ਆਪਣੇ ਕੰਮ ਨਾਲ ਹੀ ਮਸਤ ਸਨ। ਅਜੇ ਰਾਤ ਨਹੀਂ ਪਈ
ਸੀ ਪਰ ਸ਼ਾਮ ਗੂੜ੍ਹੀ ਹੁੰਦੀ ਜਾ ਰਹੀ ਸੀ। ਸਾਡੇ ਗੱਡੀਆਂ ਵਿੱਚ ਬੈਠਦਿਆਂ ਬੈਠਦਿਆਂ ਹਨੇਰਾ ਨੇ ਆਪਣਾ
ਪੂਰਾ ਜ਼ੋਰ ਪਾ ਲਿਆ ਸੀ। ਆਮ ਬੱਤੀਆਂ ਜਗਣੀਆਂ ਸ਼ੁਰੂ ਹੋ ਗਈਆਂ ਸਨ।
ਅਧਿਕਾਰੀ ਆਪਣੇ ਵਲੋਂ ਦਿੱਤੇ ਹੋਏ ਸਮੇਂ ਅਨੁਸਾਰ ਯਾਤਰੂਆਂ ਨੂੰ ਅਵਾਜ਼ਾਂ ਮਾਰ ਰਹੇ ਸਨ ਤੇ ਯਾਤਰੂ
ਵੀ ਆਪਣੀਆਂ ਆਪਣੀਆਂ ਗੱਡੀਆਂ ਵਿੱਚ ਬੈਠ ਰਹੇ ਸਨ। ਏੱਥੇ ਪੜਾਅ ਏਦਾਂ ਦਾ ਸੀ ਕਿ ਸਾਰੇ ਯਾਤਰੂ ਕਾਹਲ
ਵਿੱਚ ਲਗਦੇ ਸਨ। ਇਸ ਅਸਥਾਨ `ਤੇ ਪੁਲੀਸ ਨੂੰ ਕੋਈ ਬਹੁਤਾ ਜ਼ੋਰ ਨਹੀਂ ਲਗਾਉਣਾ ਪਿਆ ਕਿ ਭਈ ਜਲਦੀ
ਗੱਡੀਆਂ ਵਿੱਚ ਬੈਠ ਜਾਓ। ਗੱਡੀਆਂ ਕਤਾਰਾਂ ਵਿੱਚ ਲੱਗਦੀਆਂ ਜਾ ਰਹੀਆਂ ਸਨ। ਆਮ ਲੋਕ ਸੜਕਾਂ ਤੇ
ਕਾਫਲੇ ਨੂੰ ਦੂਰੋਂ ਦੇਖ ਰਹੇ ਸਨ। ਪੁਲੀਸ ਦੀਆਂ ਗੱਡੀਆਂ ਨੇ ਇੱਕ ਵਾਰ ਫਿਰ ਸ਼ੋਰ ਪਾਇਆ,
ਲਾਲ-ਨੀਲੀਆਂ ਬੱਤੀਆਂ ਚਮਕਾਰੇ ਮਾਰਨ ਲੱਗੀਆਂ ਤੇ ਗੱਡੀਆਂ `ਤੇ ਲੱਗੇ ਹੋਏ ਵਾਧੂ ਜੇਹੇ ਸਪੀਕਰਾਂ ਨੈ
ਡਰਾਉਣੀਆਂ ਜੇਹੀਆਂ ਭਿਆਨਕ ਅਵਾਜ਼ਾਂ ਕੱਢੀਆਂ। ਆਪਣੇ ਹਿਸਾਬ ਨਾਲ ਗਿਣਤੀ ਕਰਦਿਆਂ ਗੱਡੀਆਂ ਸੜਕ ਵਲ
ਨੂੰ ਹੋ ਤੁਰੀਆਂ। ਗੱਡੀਆਂ ਨੇ ਗੁਰਦੁਆਰਾ ਏਮਨਾਬਾਦ ਵਲ ਨੂੰ ਪਿੱਛਾ ਕਰ ਲਿਆ ਤੇ ਲਾਹੌਰ ਵਲ ਨੂੰ
ਮੂੰਹ ਕਰ ਲਿਆ। ਗੱਡੀ ਵਿੱਚ ਬੈਠਿਆਂ ਸਾਰਿਆਂ ਨੇ ਰਲ਼ ਕੇ ਸੁ ਦਰ ਦਾ ਪਾਠ ਕੀਤਾ ਸ਼ਬਦ ਪੜ੍ਹੇ ਅਨੰਦ
ਮਾਣਿਆਂ। ਕੋਈ ਬਹੁਤਾ ਲੰਬਾ ਪੈਂਡਾ ਨਹੀਂ ਸੀ ਛੇਤੀ ਹੀ ਲਾਹੌਰ ਸ਼ਹਿਰ ਪਹੁੰਚ ਗਏ। ਡੇਹਰਾ ਸਾਹਿਬ ਦੇ
ਅੱਗੇ ਆ ਕੇ ਗੱਡੀਆਂ ਖੜੀਆਂ ਹੋ ਗਈਆਂ। ਅਸੀਂ ਗੱਡੀਆਂ ਵਿਚੋਂ ਉਤਰ ਕੇ ਗੁਰਦੁਆਰਾ ਡੇਹਰਾ ਸਾਹਿਬ
ਅੰਦਰ ਚਲੇ ਗਏ। ਇੱਥੋਂ ਸਾਨੂੰ ਪਾਸਪੋਰਟ ਮਿਲਣੇ ਸਨ। ਕਈ ਯਾਤਰੂਆਂ ਨੇ ਸਵੇਰੇ ਹੀ ਪਾਸਪੋਰਟ ਲੈ ਲਏ
ਸਨ। ਅਸੀਂ ਪਾਸ ਪੋਰਟ ਦੇ ਇੰਤਜ਼ਾਰ ਵਿੱਚ ਖੜੇ ਹੋ ਗਏ। ਅਧਿਕਾਰੀ ਆਪਣੇ ਹਿਸਾਬ ਨਾਲ ਪਾਸ ਪੋਰਟ ਦੇ
ਰਹੇ ਸਨ ਪਰ ਯਾਤਰੂਆਂ ਨੂੰ ਆਪਣੀ ਕਿਸਮ ਦੀ ਕਾਹਲ ਸੀ। ਕਤਾਰ ਵਿੱਚ ਖੜਿਆਂ ਸਾਨੂੰ ਪਾਸਪੋਰਟ ਮਿਲ
ਗਏ। ਸਾਡੀ ਸਹਾਇਤਾ ਲਾਹੌਰ ਯੂਨੀਵਰਸਟੀ ਵਿੱਚ ਪੜ੍ਹਦੇ ਦੋ ਪਾਕਿਸਤਾਨੀ ਸਾਬਤ ਸੂਰਤ ਸਿੱਖ ਨੌਜਵਾਨਾਂ
ਨੇ ਕੀਤੀ। ਭਾਂਵੇ ਉਹ ਪੜ੍ਹਦੇ ਹੀ ਸਨ ਪਰ ਸਾਡੇ ਨਾਲ ਬਹੁਤ ਜ਼ਿਆਦਾ ਅਪਣੱਤ ਨਾਲ ਪੇਸ਼ ਆ ਰਹੇ ਸਨ।
ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸਾਂ ਕੋਈ ਜਗ੍ਹਾ ਤਾਂ ਨਹੀਂ ਦੇਖਣੀ ਥੋੜਾ ਜੇਹਾ ਸਮਾਂ ਬਚਦਾ ਹੈ
ਅਸਾਂ ਸਲਾਹ ਕੀਤੀ ਕਿ ਅਨਾਰਕਲੀ ਬਜ਼ਾਰ ਦੇਖਿਆ ਜਾਏ। ਸੁਣਿਆ ਸੀ ਕਿ ਅਨਾਰਕਲੀ ਬਜ਼ਾਰ ਵਿੱਚ ਰੌਣਕ
ਬਹੁਤ ਰਹਿੰਦੀ ਹੈ। ਉਹ ਸਾਡੀ ਸਹਾਇਤਾ ਲਈ ਸਾਡੇ ਨਾਲ ਚੱਲ ਪਏ ਸਨ।
ਸਾਡੇ ਕੋਲ ਕੋਈ ਸਮਾਨ ਤਾਂ ਹੈ ਨਹੀਂ ਸੀ। ਅਸੀਂ ਗੁਰਦੁਆਰਾ ਡੇਹਰਾ ਸਾਹਿਬ ਤੋਂ ਹੀ ਅਨਾਰਕਲੀ ਬਜ਼ਾਰ
ਦੇਖਣ ਨੂੰ ਚੱਲ ਪਏ। ਉਹਨਾਂ ਵੀਰਾਂ ਨੇ ਸਾਨੂੰ ਤਿੰਨ ਪਹੀਆਂ ਵਾਲਾ ਸਕੂਟਰ ਕਰ ਦਿੱਤਾ। ਇਹਨਾਂ ਦੀ
ਗਤੀ ਏੰਨੀ ਤੇਜ਼ ਸੀ ਕਿ ਪੂਰੇ ਹੱਥ ਪਾ ਕੇ ਬੈਠਣਾ ਪੈਂਦਾ ਸੀ। ਉਹ ਵੀਰ ਆਪਣੇ ਮੋਟਰਸਾਇਕਲ ਤੇ ਸਨ।
ਅਨਾਰਕਲੀ ਬਜ਼ਾਰ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਰਗਾ ਲੱਗਿਆ ਬਹੁਤ ਵਧੀਆ ਦੁਕਾਨਾਂ ਸਨ। ਅਸੀਂ ਕੋਈ
ਖਰੀਦੋ ਫਰੋਕਤ ਕਰਨ ਤਾਂ ਨਹੀਂ ਗਏ ਸੀ ਪਰ ਕਈ ਦੁਕਾਨਾਂ ਵਾਲੇ ਅਵਾਜ਼ਾਂ ਮਾਰਦੇ ਸਨ ਕਿ ਸਰਦਾਰ ਜੀ
ਕੁੱਝ ਸਾਨੂੰ ਵੀ ਵਟਾ ਜਾਓ। ਪੁਰਾਣੇ ਬਜ਼ੁਰਗਾਂ ਦੀ ਭਾਵਨਾ ਕੁੱਝ ਹੋਰ ਸੀ ਪਰ ਨਵੀਂ ਪੀੜ੍ਹੀ ਆਪਣੇ
ਢੰਗ ਨਾਲ ਸੋਚਦੀ ਹੈ। ਦੋਹਾਂ ਮੁਲਕਾਂ ਦੇ ਸਰਕਾਰੀ ਪੱਖ ਆਪਣੇ ਆਪਣੇ ਹਨ ਪਰ ਲੋਕ ਆਪਸੀ ਪ੍ਰੇਮ
ਭਾਵਨਾ ਨਾਲ ਮਿਲਣਾ ਚਾਹੁੰਦੇ ਹਨ। ਜਿੰਨੀ ਮੀਡੀਏ ਵਿੱਚ ਇੱਕ ਦੂਜੇ ਪ੍ਰਤੀ ਨਫਰਤ ਫੈਲਾਈ ਜਾਂਦੀ ਹੈ
ਓਦੂੰ ਵੱਧ ਲੋਕਾਂ ਵਿੱਚ ਆਪਸੀ ਪਿਆਰ ਦੀ ਭਾਵਨਾ ਹੈ।
ਸਾਨੂੰ ਘੁੰਮਦਿਆਂ ਰਾਤ ਦੇ ਸਾਢੇ ਕੁ ਦਸ ਵੱਜ ਗਏ ਸਨ। ਹੁਣ ਸਾਨੂੰ ਕਾਹਲ ਸੀ ਕਿ ਅਸੀਂ ਵੀ ਸਮੇਂ
ਨਾਲ ਵਾਪਸ ਆਪਣੇ ਟਿਕਾਣੇ ਪਹੁੰਚ ਜਾਈਏ। ਪਾਕਿਸਤਾਨੀ ਸਿੱਖ ਨੌਜਵਾਨ ਵੀਰਾਂ ਨੇ ਸਾਨੂੰ ਮੈਂਗੋ ਸ਼ੇਕ
ਬਹੁਤ ਹੀ ਅਪਣੱਤ ਨਾਲ ਪਿਲਾਇਆ। ਅਸੀਂ ਪੈਸੇ ਦੇਣ ਦਾ ਯਤਨ ਕੀਤਾ ਪਰ ਉਹਨਾਂ ਵੀਰਾਂ ਨੇ ਸਾਨੂੰ ਪੈਸੇ
ਨਹੀਂ ਦੇਣ ਦਿੱਤੇ ਕਿਉਂਕਿ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੇ ਪੈਸੇ ਦੇ ਦਿੱਤੇ ਸਨ। ਅਸੀਂ
ਮਹਿਸੂਸ ਕੀਤਾ ਕਿ ਇਹ ਤਾਂ ਅਜੇ ਪੜ੍ਹ ਰਹੇ ਹਨ ਤੇ ਇਹਨਾਂ ਨੂੰ ਤੇ ਬਹੁਤ ਲੋੜ ਹੈ ਪਰ ਫਿਰ ਵੀ
ਇਹਨਾਂ ਨੇ ਸਾਨੂੰ ਬਹੁਤ ਹੀ ਪਿਆਰ ਨਾਲ ਮੈਂਗੋਸ਼ੇਕ ਪਿਲਾਇਆ ਹੈ। ਉਹਨਾਂ ਨੇ ਕਿਹਾ ਕਿ ਅਸੀਂ
ਤੂਹਾਨੂੰ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਛੱਡ ਕੇ ਆਪ ਆਵਾਂਗੇ। ਉਹ ਵੀ ਸਾਡੇ ਨਾਲ ਹੀ ਆਪਣੇ
ਮੋਟਰ ਸਾਇਕਲ ਤੇ ਚਲ ਪਏ ਸਨ। ਹੁਣ ਸੜਕਾਂ ਤੇ ਭੀੜ ਬਹੁਤ ਘੱਟ ਸੀ। ਅਸੀਂ ਬਹੁਤ ਜਲਦੀ ਗੁਰਦੁਆਰਾ
ਵਿਖੇ ਪਾਹੁੰਚ ਗਏ ਸੀ।
ਬਜ਼ਾਰ ਲਗ-ਪਗ ਬੰਦ ਹੁੰਦੇ ਜਾ ਰਹੇ ਸਨ ਪਰ ਸੜਕਾਂ ਤੇ ਚਹਿਲ ਪਹਿਲ ਓਦਾਂ ਹੀ ਤੁਰੀ ਫਿਰਦੀ ਨਜ਼ਰ ਆ
ਰਹੀ ਸੀ ਪਰ ਬਿਜਲੀ ਬੰਦ ਸੀ। ਗੁਰਦੁਆਰਾ ਸਾਹਿਬ ਪਹੁੰਚ ਕੇ ਦੇਖਿਆ ਕੇ ਕਈ ਬਹੁਤ ਥੱਕੇ ਹੋਏ ਸਨ,
ਉਹਨਾਂ ਨੇ ਗੁਰਦੁਆਰਾ ਦੇ ਬਾਹਰ ਆਪਣੇ ਗੱਦੇ ਵਿਛਾਏ ਹੋਏ ਸਨ ਤੇ ਅਰਾਮ ਕਰ ਰਹੇ ਸਨ। ਗੁਰਦੁਆਰਾ
ਸਿੰਘ ਸਿੰਘਣੀਆਂ ਵਿਖੇ ਸਾਨੂੰ ਕਈ ਵੀਰ ਮਿਲਣ ਲਈ ਆਏ ਹੋਏ ਸਨ। ਏੱਥੋਂ ਦੇ ਗ੍ਰੰਥੀ ਸਾਹਿਬ ਜੀ
ਸਾਨੂੰ ਬਹੁਤ ਪਿਆਰ ਨਾਲ ਮਿਲੇ ਸਨ। ਪਾਕਿਸਤਾਨੀ ਵੀਰਾਂ ਨਾਲ ਮੁਲਾਕਤ ਹੋਈ।
ਅਸੀਂ ਵੀ ਸਵੇਰ ਦੇ ਥੱਕੇ ਹੋਏ ਸੀ। ਅਸੀਂ ਆਪਸ ਵਿੱਚ ਗੱਲਾਂ ਕਰਦਿਆਂ ਇਸ਼ਨਾਨ ਆਦਿ ਕਰ ਲਿਆ।
ਕਿੱਲੀਆਂ ਨਾਲ ਟੰਗੇ ਹੋਏ ਵਾਧੂ ਕਪੜਿਆਂ ਦੀਆਂ ਤੈਹਾਂ ਲਗਾ ਕੇ ਆਪੋ ਆਪਣੇ ਬੈਗਾਂ ਵਿੱਚ ਪਾ ਰਹੇ
ਸੀ। ਕੇਵਲ ਜ਼ਰੂਰੀ ਸਮਾਨ ਹੀ ਬਾਹਰ ਰਹਿ ਗਿਆ ਜਿਹੜਾ ਸਵੇਰ ਵੇਲੇ ਵਰਤੋਂ ਵਿੱਚ ਆਉਣਾ ਸੀ।
ਆਪਣੇ ਘਰ ਦੀ ਤਾਂਘ ਰੱਖਦਿਆਂ ਤੇ ਸਭ ਸੰਗਤ ਸਵੇਰੇ ਜਲਦੀ ਤਿਆਰ ਹੋ ਰਹੇ ਸੀ। ਅਸੀਂ ਆਪਣੀ ਨਿਤਾ
ਪ੍ਰਤੀ ਵਾਂਗ ਹੀ ਚਾਰ ਵਜੇ ਉੱਠ ਪਏ ਸੀ ਤੇ ਇਸ਼ਨਾਨ ਕਰਕੇ ਆਪਣੀ ਆਪਣੀ ਤਿਆਰੀ ਕਰਕੇ ਥੱਲੇ ਚਾਹ ਪੀਣ
ਲਈ ਚਲੇ ਆਏ। ਸਵੇਰੇ ਥੋੜਾ ਜੇਹਾ ਨਾਸਤਾ ਵੀ ਸੀ ਕਈਆਂ ਛੱਕ ਲਿਆ ਤੇ ਕਈ ਰਹਿ ਗਏ ਸਨ। ੧੮ ਜੂਨ ੨੦੧੫
ਨੂੰ ਸਵੇਰ ਅਸੀਂ ੯ ਕੁ ਵਜੇ ਫਿਰ ਗੱਡੀਆਂ ਵਿੱਚ ਬੈਠ ਗਏ ਤੇ ਗੁਰਦੁਆਰਾ ਡੇਹਰਾ ਸਾਹਿਬ ਨੂੰ ਚੱਲ
ਪਏ। ਉੱਥੋਂ ਅੱਗੇ ਕਈ ਗੱਡੀਆਂ ਸਵੇਰੇ ਜਾ ਚੁੱਕੀਆਂ ਸਨ। ਸਾਨੂੰ ਵੀ ਕੋਈ ਬਹੁਤੀ ਉਡੀਕ ਨਹੀਂ ਕਰਨੀ
ਪਈ ਛੇਤੀ ਹੀ ਸਾਡੀਆਂ ਗੱਡੀਆਂ ਵੀ ਵਾਹਗਾ ਸਰਹੱਦ ਨੂੰ ਚੱਲ ਤੁਰੀਆਂ। ਅੱਧੇ ਕੁ ਘੰਟੇ ਦੇ ਸਫਰ
ਉਪਰੰਤ ਅਸੀਂ ਬਿਲਕੁਲ ਸਰਹੱਦ `ਤੇ ਪਹੁੰਚ ਗਏ। ਅੰਮ੍ਰਿਤਸਰ ਤੋਂ ਲੈ ਕੇ ਵਾਹਗਾ ਸਰਹੱਦ ਤੀਕ ਜੇਹੋ
ਜੇਹੇ ਪਿੰਡ ਅਸੀਂ ਛੱਡ ਕੇ ਗਏ ਸੀ ਉਹੋ ਜੇਹੇ ਹੀ ਪਾਕਿਸਤਾਨ ਵਾਲੇ ਪਾਸੇ ਸਨ। ਪਿੰਡਾਂ ਦੀ ਬਣਤਰ
ਵਿੱਚ ਕੋਈ ਅੰਤਰ ਨਹੀਂ ਸੀ। ਖੇਤਾਂ ਦੀ ਮਿੱਟੀ ਇਕੋ ਜੇਹੀ ਸੀ। ਕਿਸਾਨੀ ਫਸਲ ਇਕੋ ਜੇਹੀ ਸੀ। ਇਸ
ਇਕੋ ਜੇਹੀ ਜ਼ਮੀਨ ਨੂੰ ਦੋ ਹਿੱਸਿਆਂ ਵਿੱਚ ਕਰਨ ਵਾਲੀ ਕੰਡਿਆਲੀ ਤਾਰ ਸੀ ਜਾਂ ਬਰੂਦ ਨਾਲ ਭਰੀਆਂ
ਗੰਨਾਂ ਸਨ। ਆਪਣੇ ਹੀ ਪੰਜਾਬ ਦੇ ਵੱਖ ਹੋਏ ਪਿੰਡਾਂ ਨੂੰ ਦੂਰੋਂ ਦੇਖਦਿਆਂ, ਵੱਖਰੇ ਪੰਜਾਬ ਦਾ
ਅਹਿਸਾਸ ਕਰਦਿਆਂ ਅਸੀਂ ੧੦. ੩੦ ਵਜੇ ਸਰਹੱਦ `ਤੇ ਪਹੁੰਚ ਗਏ ਸੀ। ਉਹੋ ਹੀ ਚਾਰ ਦੀਵਾਰੀ ਸੀ ਜਿੱਥੇ
ਬੈਠ ਕੇ ਜਾਣ ਲੱਗਿਆਂ ਸਾਰਿਆਂ ਨੇ ਲੰਗਰ ਛੱਕਿਆ ਸੀ। ਸਾਡੇ ਲਈ ਉਹੋ ਸੜਕੀ ਰੇਲ ਤਿਆਰ ਸੀ
ਪਾਕਿਸਤਾਨੀ ਇਮੀਗ੍ਰੇਸ਼ਨ ਤੀਕ ਲਿਜਾਣ ਲਈ। ਪਾਕਿਸਤਾਨੀ ਡ੍ਰਾਈਵਰ ਵੀਰ ਨੇ ਸਾਡਾ ਸਮਾਨ ਵੈਨ ਦੀ ਛੱਤ
ਤੋਂ ਲਾਹਿਆ ਤੇ ਅਸੀਂ ਆਪੋ ਆਪਣਾ ਸਮਾਨ ਲੈ ਕੇ ਸੜਕੀ ਰੇਲ ਵਿੱਚ ਸਵਾਰ ਹੋ ਗਏ। ਚੰਦ ਮਿੰਟਾਂ ਵਿੱਚ
ਹੀ ਅਸੀਂ ਪਾਕਿਸਤਾਨ ਦੀ ਅਖੀਰਲੀ ਜਗ੍ਹਾ ਤੱਕ ਪਹੁੰਚ ਗਏ। ਥੋੜ੍ਹਾ ਜੇਹਾ ਤੁਰਿਆਂ ਇਮੀਗ੍ਰੇਸ਼ਨ ਦਾ
ਦਫਤਰ ਆ ਗਿਆ। ਕੁੱਝ ਯਾਤਰੂ ਕੁੱਝ ਜ਼ਿਆਦਾ ਹੀ ਕਾਹਲੇ ਸਨ। ਉਹ ਕਹੀ ਜਾਂਦੇ ਸਨ ਕਿ ਸਾਡੀ ੩ ਵਜੇ
ਵਾਲੀ ਸ਼ਾਨ-ਏ-ਪੰਜਾਬ ਨਿਕਲ ਜਾਣੀ ਹੈ। ਅਸੀਂ ਇਮੀਗ੍ਰੇਸ਼ਨ ਦਫਤਰ ਪਹੁੰਚ ਗਏ ਸਾਡੇ ਪਾਸੋਂ ਆਰਜ਼ੀ ਬਣਾਏ
ਹੋਏ ਸ਼ਨਾਖਤੀ ਕਾਰਡ ਸਬੰਧੀ ਪੁੱਛਿਆ ਤੇ ਅਸੀਂ ਕਿਹਾ ਕਿ ਉਹ ਤਾਂ ਪਾਸਪੋਰਟ ਦੇਣ ਸਮੇਂ ਹੀ ਸਾਥੋਂ ਲੈ
ਲਿਆ ਗਿਆ ਸੀ। ਸਾਡਿਆਂ ਪਾਸਪੋਰਟਾਂ ਦੇ ਵਰਕਿਆਂ ਨੂੰ ਇਧਰ ਓਧਰ ਕਰਦਿਆਂ ਮਸ਼ੀਨ ਦੇ ਹਾਂ ਹੋਣ `ਤੇ
ਅਫਸਰ ਬੀਬੀ ਨੇ ਠਾਹ ਠਾਹ ਕਰਦੇ ਟੱਪੇ ਲਾਏ ਤੇ ਅਸੀਂ ਅੱਗੇ ਵਲ ਨੂੰ ਵੱਧ ਗਏ। ਦੋਹਾਂ ਪਾਸਿਆਂ ਤੋਂ
ਪੈਰ ਪੈਰ `ਤੇ ਪਾਸਪੋਰਟ ਚੈੱਕ ਕੀਤੇ ਜਾਂਦੇ ਸਨ। ਦੋਹਾਂ ਪਾਸਿਆਂ ਦੇ ਅਫਸਰ ਆਪਣੀ ਤਸੱਲੀ ਹੋਣ `ਤੇ
ਹੀ ਅੱਗੇ ਜਾਣ ਦੇਂਦੇ ਸਨ। ਥੋੜਾ ਜੇਹਾ ਹੋਰ ਤੁਰਦਿਆਂ ਅਸੀਂ ਓੱਥੇ ਆ ਗਏ ਜਿਸ ਨੂੰ ਦੋਹਾਂ ਪਾਸਿਆਂ
ਤੋਂ ਦੋਹਾਂ ਦੇਸ਼ਾਂ ਦੇ ਨਾਗਰਿਕ ਸ਼ਾਮ ਨੂੰ ਝੰਡੇ ਉਤਾਰਨ ਦੀ ਰਸਮ ਦੇਖਦੇ ਹਨ। ਦੋਹਾਂ ਪਾਸਿਆਂ ਵਲ
ਕੁਰਸੀਆਂ ਲੱਗੀਆਂ ਹੋਈਆਂ ਸਨ। ਹੁਣ ਅਸੀਂ ਉਸ ਚਿੱਟੀ ਲੀਕ `ਤੇ ਖੜੇ ਸੀ ਜਿੱਥੋਂ ਇੱਕ ਦੂਜੇ ਪਾਸੇ
ਕੋਈ ਬਿਨਾ ਪਾਸਪੋਰਟ ਦੇ ਪੈਰ ਨਹੀਂ ਰੱਖ ਸਕਦਾ। ਇਸ ਨੂੰ ਜ਼ੀਰੋ ਲਾਈਨ ਆਖਦੇ ਹਨ। ਭਾਰਤ ਤੇ
ਪਾਕਿਸਤਾਨ ਵਾਲੇ ਕੁੱਲੀ ਏੱਥੇ ਸਮਾਨ ਰੱਖ ਦੇਂਦੇ ਹਨ ਤੇ ਏੱਥੋਂ ਆਪੋ ਆਪਣੇ ਮੁਲਕਾਂ ਵਲ ਨੂੰ ਲੈ
ਜਾਂਦੇ ਹਨ।
ਸ਼ਾਡੇ ਪਾਸ ਕੋਈ ਭਾਰੀ ਸਮਾਨ ਨਹੀਂ ਸੀ ਸਿਰਫ ਪਹਿਨਣ ਵਾਲੇ ਕਪੜੇ ਹੀ ਸਨ। ਦੋਹਾਂ ਮੁਲਕਾਂ ਦੀ
ਅਖੀਰਲੀ ਲੀਕ ਨੂੰ ਅਸੀਂ ਪਾਰ ਕੀਤਾ ਤੇ ਆਪਣੇ ਮੁਲਕ ਵਿੱਚ ਹਾਜ਼ਰ ਹੋ ਗਏ। ਭਾਰਤੀ ਅਫਸਰ ਨੇ ਸਾਡੇ
ਪਾਸਪੋਰਟ ਦੇਖੇ ਤੇ ਬੱਸ ਵਿੱਚ ਬੈਠਣ ਦੀ ਹਾਮੀ ਭਰੀ ਦਿੱਤੀ। ਸਾਡਾ ਸਮਾਨ ਕੁੱਲੀ ਨੇ ਬੱਸ ਦੇ ਮਗਰਲੇ
ਪਾਸੇ ਇੱਕ ਟੋਏ ਜੇਹੇ ਵਿੱਚ ਰੱਖ ਦਿੱਤਾ। ਬੱਸ ਭਰ ਗਈ ਤੇ ਅਸੀਂ ਆਪਣੇ ਮੁਲਕ ਦੀ ਇਮੀਗ੍ਰੇਸ਼ਨ ਦੇ
ਦਫਤਰ ਆ ਗਏ। ਕੋਈ ਬਹੁਤਾ ਰਸ਼ ਨਹੀਂ ਸੀ। ਫਿਰ ਵੀ ਕਾਗਜ਼ੀ ਕਾਰਵਾਈ ਤਾਂ ਜ਼ਰੂਰੀ ਹੀ ਸੀ। ਇਮੀਗ੍ਰਸ਼ਨ
ਪੇਪਰ ਭਰਿਆ ਤੇ ਅਫਸਰ ਦੇ ਸਾਹਮਣੇ ਖੜੇ ਹੋ ਗਏ। ਉਹਨਾਂ ਨੇ ਸਾਨੂੰ ਕੋਈ ਵੀ ਵਾਧੂ ਸਵਾਲ ਨਹੀਂ
ਪੁੱਛਿਆ। ਇਹਨਾਂ ਵਿਚੋਂ ਇੱਕ ਅਫਸਰ ਨੂੰ ਪਤਾ ਸੀ ਕਿ ਇਹ ਕਥਾਵਾਚਕ ਹਨ ਤੇ ਇਹਨਾਂ ਨੂੰ ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ `ਤੇ ਬੁਲਾਇਆ ਸੀ। ਇਹ ਉਹਨਾਂ ਦੇ ਸੱਦਾ ਪੱਤਰ `ਤੇ
ਪਾਕਿਸਤਾਨ ਗਏ ਹਨ। ਇਹਨਾਂ ਅਫਸਰਾਂ ਨੇ ਸਾਡੇ ਪਾਸਪੋਰਟਾਂ ਨੂੰ ਆਪਣੀਆਂ ਮਸੀਨਾਂ ਨਾਲ ਮਿਲਾਇਆ
ਮਸ਼ੀਨਾਂ ਨੇ ਹਾਂ ਕੀਤੀ ਪਾਸ ਪੋਰਟਾਂ ਤੇ ਮੋਹਰਾਂ ਲੱਗੀਆਂ ਅਸੀਂ ਅੱਗੇ ਸਮਾਨ ਦਿਖਾਉਣ ਲਈ ਤੁਰ ਪਏ।
ਇਹਨਾਂ ਅਫਸਰਾਂ ਦਾ ਰੋਜ਼ ਦਾ ਕੰਮ ਹੋਣ ਕਰਕੇ ਇਹਨਾਂ ਨੂੰ ਤਜਰਬਾ ਬਹੁਤ ਹੁੰਦਾ ਹੈ ਫਿਰ ਵੀ ਸਾਰੇ
ਸਮਾਨ ਦੀ ਫੋਲਾਫਾਲੀ ਕੀਤਾ। ਸਾਰੀ ਜਾਂਚ ਪੜਤਲ ਉਪਰੰਤ ਸਾਨੂੰ ਬਾਹਰ ਆਉਣ ਦੀ ਆਗਿਆ ਮਿਲ ਗਈ।
ਸਾਨੂੰ ਜੀ ਅਇਆਂ ਕਹਿਣ ਤੇ ਵਾਪਸ ਲਿਜਾਣ ਲਈ ਭਾਈ ਸੁਬੇਗ ਸਿੰਘ ਧੁੰਨ, ਵੀਰ ਦਲਜੀਤ ਸਿੰਘ, ਤਜਿੰਦਰ
ਸਿੰਘ ਹਾਜ਼ਰ ਸਨ। ਭੁੱਖ ਲੱਗੀ ਹੋਈ ਸੀ ਸੋ ਸੁਬੇਗ ਸਿੰਘ ਜੀ ਦੇ ਰਿਸ਼ਤੇਦਾਰਾਂ ਦੇ ਘਰ ਪ੍ਰਸ਼ਾਦਾ ਛਕ
ਆਪੋ ਆਪਣੇ ਘਰਾਂ ਨੂੰ ਚੱਲ ਪਏ। ਇਹ ੬ ਦਿਨ ਯਾਦਗਾਰੀ ਰਹੇ, ਬਹੁਤ ਵਧੀਆ ਲੰਘੇ। ਸਾਡੀ ਗੱਡੀ ਵਿਚ
ਦਿੱਲੀ ਦੇ ਦੋ ਤਿੰਨ ਪਰਿਵਾਰ ਸਨ। ਅਸੀਂ ਕੁੱਲ ੧੯ ਜਾਣੇ ਸੀ। ਗੁਰੂ ਨਾਨਕ ਸਾਹਿਬ ਜੀ ਦੇ ਜਨਮ
ਦਿਹਾੜੇ ਤੇ, ਵਿਸਾਖੀ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਅਤੇ ਮਹਾਰਾਜਾ ਰਣਜੀਤ ਸਿੰਘ ਦੀ
ਬਰਸੀ ਤੇ ਚਾਰ ਵਾਰ ਜੱਥਾ ਪਾਕਿਸਤਾਨ ਜਾਂਦਾ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਿਹਾੜੇ ਮਨਾਏ ਜਾਂਦੇ ਹਨ। ਏਸੇ ਕਾਰਨ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਵੱਲੋਂ ਜੋ ਜਥਾ ੨੨ ਮਈ ੨੦੧੫ ਨੂੰ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਜਾਣਾ ਸੀ, ਉਸਨੂੰ
ਪਾਕਿਸਤਾਨ ਵੱਲੋਂ ਜੱਥੇ ਨੂੰ ਵੀਜ਼ੇ ਨਹੀਂ ਦਿੱਤੇ ਗਏ। ਆਮ ਤੌਰ ਤੇ ਰੇਲ ਗੱਡੀ ਰਾਹੀ ਜੱਥਾ ਜਾਂਦਾ
ਹੈ ਪਰ ਸਾਡੇ ਜੱਥੇ ਬੱਸਾਂ ਰਾਹੀਂ ਹੀ ਸਫਰ ਦਾ ਅਨੰਦ ਮਾਣਿਆ। ਪਾਕਿਸਤਾਨ ਵਿਚ ਬਹੁਤ ਗੁਰਦੁਆਰੇ ਹਨ।
ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਿਗੋਬਿੰਦ ਸਾਹਿਬ
ਜੀ ਨਾਲ ਜ਼ਿਆਦਾ ਹਨ। ਛੋਟੇ ਸ਼ਹਿਰਾਂ ਵਿਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੀ ਕਮੀ ਰੜਕਦੀ ਹੈ। ਜਿਸ
ਕਾਰਨ ਬਹੁਤੇ ਗੁਰਦੁਆਰੇ ਖਸਤਾ ਹਾਲਤ ਵਿਚ ਹਨ। ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ
ਅਸਥਾਨ ਵੱਲ ਵੀ ਛੇਤੀ ਧਿਆਨ ਦੇਣ ਦੀ ਲੋੜ ਹੈ। ਪਾਕਿਸਤਾਨ ਦੇ ਗੁਰਦਆਰਿਆਂ ਦੇ ਨਾਮ ਕਰੀਬ ੮੨੦੦੦
(ਬਿਆਸੀ ਹਜ਼ਾਰ) ਕਿੱਲੇ ਜ਼ਮੀਨ ਹੈ। ਅੱਠ-ਦਸ ਗੁਰਦੁਆਰਿਆਂ ਵਿਚ ਹੀ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ
ਪ੍ਰਕਾਸ਼ ਹੁੰਦਾ ਹੈ। ਗੁਰਦੁਆਰਿਆਂ ਵਿਚ ਰਿਹਾਇਸ਼ ਦਾ ਬਹੁਤ ਵਧੀਆ ਪ੍ਰਬੰਧ ਹੈ।
ਕੁੱਝ ਸੁਝਾਅ ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥ ਦਰਦੀ ਸੰਗਤਾਂ ਲਈ: -ਗੁਰਦਆਰਿਆਂ ਵਿਚ ਪੂਰਨ ਤੌਰ
ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਕਰਵਾਉਣ ਲਈ ਯਤਨ ਹੋਣਾ ਚਾਹੀਦਾ ਹੈ। ਸਮੂਹ ਗੁਰਦੁਆਰਿਆਂ ਦੀ
ਜਾਣਕਾਰੀ, ਲਿਖਤੀ, ਵੀਡੀਓ ਅਤੇ ਫਟੋਆਂ ਵਾਲੀ ਇਕ ਪਾਇਦਾਰ ਵੈਬਸਾਈਟ ਜ਼ਰੂਰ ਹੋਵੇ।
-ਇਤਿਹਾਸ ਨੂੰ ਦਰਸਾਉਂਦੇ ਲਿਖਤੀ ਪਰਚੇ ਹਰ ਗੁਰਦੁਆਰੇ ਵਿਚ ਹੋਣੇ ਚਾਹੀਦੇ ਹਨ।
-ਅਗਲੀ ਪੀੜੀ ਦੀ ਤਿਆਰੀ ਲਈ ਪੰਜਾਬੀ ਪੜ੍ਹਾਉਣ ਲਈ ਖਾਸ ਧਿਆਨ ਦਿੱਤਾ ਜਾਵੇ।
-ਗੁਰਮਤਿ ਸਿਖਲਾਈ ਕੈਂਪ ਲਗਾਉਣੇ ਚਾਹੀਦੇ ਹਨ।
-ਪ੍ਰਬੰਧਕਾਂ, ਗ੍ਰੰਥੀ, ਪ੍ਰਚਾਰਕਾਂ, ਸੇਵਾਦਾਰਾਂ ਦੀ ਤਿਆਰੀ ਲਈ ਵਿਸ਼ੇਸ਼ ਕੈਂਪ ਅਤੇ ਸੈਮੀਨਾਰ
ਆਯੋਜਿਤ ਕਰਨੇ ਚਾਹੀਦੇ ਹਨ।
-ਲੰਗਰਾਂ ਵਿਚ ਸਿੱਖਾਂ ਨੂੰ ਆਪ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ। (ਹੁਣ ਕੇਵਲ ਓਕਾਫ਼ ਬੋਰਡ
ਵਾਲੇ ਹੀ ਕਰ ਰਹੇ ਹਨ)
-ਨਨਕਾਣਾ ਸਾਹਿਬ ਜਾਂ ਲਾਹੌਰ ਤੋਂ ਲਾਈਵ ਗੁਰਬਾਣੀ ਕੀਰਤਨ, ਕਥਾ ਨੂੰ ਰੇਡੀਓ ਅਤੇ ਟੀਵੀ ਰਾਹੀਂ
ਪ੍ਰਸਾਰਤ ਸ਼ੁਰੂ ਕੀਤਾ ਜਾਵੇ।
-ਹਰੇਕ ਗੁਰਦੁਆਰੇ ਵਿਚ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇ।
-ਗੁਰਪੁਰਬਾਂ ਤੇ ਦੀਵਾਨ ਦੇ ਸਮੇਂ (ਪਾਠ, ਕਥਾ, ਕੀਰਤਨ, ਢਾਡੀ, ਕਵੀਸ਼ਰੀ) ਦੀ ਤਰਤੀਬ ਬਣਾਈ ਜਾਵੇ।
-ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹਸਪਤਾਲ ਬਣਾਉਣ ਬਾਰੇ ਵੀ ਕਦਮ ਪੁੱਟਣੇ ਚਾਹੀਦੇ ਹਨ। ਉਪਰੋਕਤ
ਕਾਰਜਾਂ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਹੰਭਲ਼ਾ ਮਾਰਨਾ ਚਾਹੀਦਾ ਹੈ। ਸਿੱਖੀ ਲਹਿਰ ਦਾ ਜੱਥਾ
ਵੀ ਆਪਣੀ ਸਮਰੱਥਾ ਮੁਤਾਬਕ ਸੇਵਾਵਾਂ ਵਿਚ ਹਿੱਸਾ ਪਾਉਣ ਲਈ ਯਤਨਸ਼ੀਲ ਰਹੇਗਾ। ਪਾਕਿਸਤਾਨ ਦੇ ਲੋਕ
ਸਾਡੇ ਸਿੱਖਾਂ ਨਾਲੋਂ ਜੁੱਸੇ ਵਿਚ ਤਕੜੇ ਨਜ਼ਰੀਂ ਪੈਂਦੇ ਹਨ। ਇੱਕ ਸਮੱਸਿਆ ਪਾਕਿਸਤਾਨੀ ਸਿੱਖਾਂ ਵਿਚ
ਵਧ ਰਹੀ ਹੈ, ਉਹ ਹੈ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਜ਼ਿਆਦਾ ਹੋਣੀ। ਏਸੇ ਕਾਰਨ ਹੀ ਕਈ ਸਿੱਖ
ਦੋ-ਦੋ ਵਿਆਹ ਵੀ ਕਰਵਾ ਰਹੇ ਹਨ। ਨੇੜਲੇ ਰਿਸ਼ਤਿਆਂ ਜਿਵੇਂ ਮਾਮੇ ਦਾ ਲੜਕਾ/ਲੜਕੀ, ਮਾਸੀ ਦੀ
ਲੜਕੀ/ਲੜਕੇ ਜਾਂ ਭੂਆ ਦੇ ਬੱਚੇ ਨਾਲ ਵਿਆਹ ਕਰ ਲੈਂਦੇ ਹਨ। ਕੁੱਝ ਪਰਿਵਾਰ ਆਪਣੀਆਂ ਨੌਜਵਾਨ ਲੜਕੀਆਂ
ਨੂੰ ਪੜ੍ਹਾਈ ਲਈ ਦੂਰ-ਦੁਰੇਡੇ ਭੇਜਣ ਤੋਂ ਝਿਜਦੇ ਹਨ। ਹੋਰ ਅਨੇਕਾਂ ਇਸ ਤਰ੍ਹਾਂ ਦੀਆਂ ਵੀਚਾਰਾਂ ਹਨ
ਜੋ ਸੀਮਤ ਕਰਦਿਆਂ ਏਥੇ ਹੀ ਸਮਾਪਤੀ ਹੈ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ; ਪਰਮਜੀਤ ਸਿੰਘ ਜੀ ਸਰਨਾ ਭਰਾਵਾਂ ਅਤੇ ਉਨ੍ਹਾਂ ਸਭ
ਵੀਰਾਂ ਦਾ ਜਿਨ੍ਹਾਂ ਨੇ ਇਸ ਫੇਰੀ ਦੌਰਾਨ ਸਿੱਖੀ ਲਹਿਰ ਦੇ ਜਥੇ ਨੂੰ ਬਹੁਤ ਮਾਣ ਤੇ ਸਹਿਯੋਗ
ਦਿੱਤਾ।
ਬਹੁਤ ਸੰਖੇਪ ਵਿਚ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦਿਆਂ ਘਾਟਾ-ਵਾਧਾ ਹੋ ਸਕਦਾ ਹੈ। ਆਪ ਜੀ ਦੇ
ਸੁਝਾਅ ਸਿਰ ਮੱਥੇ।
ਭਾਈ ਸੁਬੇਗ ਸਿੰਘ ਦੇ ਰਿਸ਼ਤੇਦਾਰ ਦੇ ਘਰੋਂ ਪ੍ਰਸ਼ਾਦਾ ਛੱਕਿਆ ਥੋੜੀਆਂ ਬਹੁਤੀਆਂ ਗੱਲਾਂ ਕਰਦਿਆਂ ਚਾਹ
ਆਦਿ ਪੀ ਚੱਕੇ ਸੀ ਫਿਰ ਅਸੀਂ ਆਪੋ ਆਪਣੀ ਮੰਜ਼ਿਲ ਵਾਲ ਨੂੰ ਚੱਲ ਪਾਏ। ਮੈਨੂੰ ਅੰਮ੍ਰਿਤਸਰ ਵਾਲੇ
ਸਟੇਸ਼ਨ `ਤੇ ਉਤਾਰ ਦਿੱਤਾ ਤੇ ਮੈਂ ਟਿਕਟ ਲੈ ਕੇ ਸ਼ਾਨੇ-ਪੰਜਾਬ ਵਾਲੀ ਗੱਡੀ ਲੈ ਲਈ। ਰੇਲਵੇ ਪੁਲੀਸ
ਵਿੱਚ ਮੇਰੇ ਪਿਡੋਂ ਸਾਡਾ ਬੱਚਾ ਰੇਲਵੇ ਪੁਲੀਸ ਵਿੱਚ ਹੈ ਉਸ ਨੇ ਮੈਨੂੰ ਰੇਲਵੇ ਸਟਸ਼ਨ `ਤੇ ਠੰਡਾ
ਪਿਲਾਇਆ। ਮੈਂ ਸਾਢੇ ਕੁ ਪੰਜ ਵਜੇ ਲੁਧਿਆਣੇ ਪਹੁੰਚ ਗਿਆ। ਵਾਹਗਾ ਸਰਹੱਦ `ਤੇ ਜਿਹੜਾ ਪ੍ਰਵਾਰ ਬਹੁਤ
ਕਾਹਲ ਵਿੱਚ ਸੀ ਉਹ ਵੀ ਗੱਡੀ ਬੈਠਾ ਹੋਇਆ ਸੀ।