ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
ਬਲਬਿੰਦਰ ਸਿੰਘ ਸਿਡਨੀ (ਆਸਟ੍ਰੇਲੀਆ)
ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਿਆਦਾ" ਦੇ ਪੰਨਾ 17 ਉੱਤੇ "ਅਖੰਡ ਪਾਠ"
ਬਾਰੇ ਅਤੇ ਪੰਨਾ 19 ਅਤੇ 20 ਤੇ "ਗੁਰਮਤਿ ਦੀ ਰਹਿਣੀ" ਸੰਬੰਧੀ ਸਿਰਲੇਖ ਦਰਜ ਹਨ। ਬਾਕੀ ਰਹਿਤ
ਮਰਿਆਦਾ ਵਾਂਗ ਇਹ ਸਿਰਲੇਖ ਵੀ ਹਰ ਸਿੱਖ ਦੇ ਧਰਮੀ ਜੀਵਨ ਲਈ ਬਹੁਤ ਮਹੱਤਤਾ ਰੱਖਦੇ ਹਨ। ਹਰ
ਗੁਰਸਿੱਖ ਦਾ ਫਰਜ ਬਣਦਾ ਹੈ ਕਿ ਗੁਰਬਾਣੀ ਦੇ ਨਾਲ-ਨਾਲ ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਿਆਦਾ" ਨੂੰ
ਵੀ ਧਿਆਨ ਨਾਲ ਪੜੇ੍ਹ ਅਤੇ ਇਸ ਵਿੱਚ ਦਿੱਤੇ ਖਿਆਲਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਰੋਜ਼ਾਨਾ
ਜ਼ਿੰਦਗੀ ਦਾ ਇਨ੍ਹਾਂ ਨੂੰ ਹਿੱਸਾ ਬਣਾਵੇ। "ਸਿੱਖ ਰਹਿਤ ਮਰਿਆਦਾ" ਹਰ ਗੁਰਦੁਆਰੇ ਵਿਚ ਪੂਰੀ ਤਰ੍ਹਾਂ
ਲਾਗੂ ਹੋਣੀ ਚਾਹੀਦੀ ਹੈ। ਜਿਸ ਦਿਨ ਇਹ ਮਰਿਆਦਾ ਹਰ ਥਾਂ ਲਾਗੂ ਹੋ ਗਈ ਤਾਂ ਸਮਝੋ ਕਿ ਪੰਥਕ ਏਕਤਾ
ਵੀ ਸਾਰੇ ਸਿੱਖ ਪੰਥ ਵਿਚ ਆ ਗਈ। ਸਭ ਤੋਂ ਪਹਿਲਾਂ ਉਪਰੋਕਤ ਖਿਆਲਾਂ ਸੰਬੰਧੀ ਜਾਣਕਾਰੀ ਪ੍ਰਾਪਤ
ਕਰੀਏ -
ਸਾਧਾਰਨ ਪਾਠ/ਅਖੰਡ ਪਾਠ
"ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ
ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।"। ਇਹ
ਨਹੀਂ ਹੋਣਾ ਚਾਹੀਦਾ।
(ਸਿੱਖ ਰਹਿਤ ਮਰਿਆਦਾ ਪੰਨਾ 17(ੲ))
ਗੁਰਮਤਿ ਦੀ ਰਹਿਣੀ
ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਿਤ ਅਨੁਸਾਰ ਹੋਵੇ। ਗੁਰਮਿਤ ਇਹ
ਹੈ:-
ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
ਅ) ਆਪਣੀ, ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ
ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਮੰਨਣਾ।
ੲ) ਦਸ ਗੁਰੂ ਸਾਹਿਬਾਨ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
ਸ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ,
ਮਹੂਰਤ,ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ,
ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਞੂ, ਤੁਲਸੀ, ਮਾਲਾ,
ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਤੋਂ
ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ,
ਸ਼ੀਰਨੀ, ਵੇਦ ਸ਼ਾਸਤਰ,ਗਾਇਤ੍ਰੀ,ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ,ਆਮ
ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ, ਕਿਸੇ ਅਨਧਰਮੀ ਦਾ ਦਿਲ ਨਾ
ਦੁਖਾਵੇ।
ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।
ਪਰ ਅੱਜ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ
ਦਿੱਤਾ ਜਾਂਦਾ। ਆਮ ਕਰਕੇ ਗੁਰਦੁਆਰਿਆਂ ਵਿਚ ਹਰ ਗੱਲ ਸਿੱਖ ਰਹਿਤ ਮਰਿਆਦਾ ਤੋਂ ਉਲਟ ਹੋ ਰਹੀ ਹੈ।
ਉਦਾਹਰਣ ਦੇ ਤੌਰ ’ਤੇ ਹਰ ਘਰ ਅਤੇ ਗੁਰਦੁਆਰੇ ਵਿਚ ਅਖੰਡ ਪਾਠਾਂ ਦੀਆਂ ਲੜੀਆਂ ਲੱਗੀਆਂ ਹੁੰਦੀਆਂ ਹਨ
ਅਤੇ ਨਾਲ ਕੀਰਤਨ ਵੀ ਚੱਲ ਰਿਹਾ ਹੁੰਦਾ ਹੈ। ਕਮਰੇ ਅੰਦਰ ਇਕੱਲਾ ਭਾਈ ਪਾਠ ਕਰ ਰਿਹਾ ਹੁੰਦਾ ਹੈ।
ਪਾਠ ਸੁਣਨ ਵਾਲਾ ਕੋਈ ਵੀ ਨਹੀਂ।
ਕਿਵੇਂ ਤਾ ਚੱਲੇ ਕਿ ਸਮੁੱਚੀ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ?
ਇਸ ਤੋਂ ਇਲਾਵਾ ਅਸੀਂ ਵਿਅਕਤੀ ਪੂਜਾ, ਪਾਖੰਡਾਂ, ਅੰਧ ਵਿਸ਼ਵਾਸਾਂ
ਸੁੱਚ-ਭਿੱਟ ਦੀ ਬੇਲੋੜੀ ਬਹਿਸ ਵਿਚ ਬੇਅਰਥ ਸਮਾਂ ਬਰਬਾਦ ਕਰਦੇ ਹਾਂ।
ਸਾਡੇ ਇਸ ਲੇਖ ਦਾ ਉਦੇਸ਼ ਕਿਸੇ ਨੂੰ ਭੰਡਣਾ ਜਾਂ ਨਿੰਦਣਾ ਨਹੀਂ। ਇਸ ਲੇਖ ਦਾ
ਉਦੇਸ਼ ਹੈ :
1. ਪਾਠ ਪੂਜਾ ਦੇ ਸਹੀ ਅਰਥ ਸਮਝਣੇ ਅਤੇ
2. ਗੁਰਬਾਣੀ ਦੀ ਰੌਸ਼ਨੀ ਮੁਤਾਬਿਕ ਪਾਠ-ਪੂਜਾ ਕਰਨੀ।
ਆਓ ਗੁਰਬਾਣੀ ਦੀ ਰੌਸ਼ਨੀ ਅਨੁਸਾਰ ਪਾਠ-ਪੂਜਾ ਬਾਰੇ ਬਾਣਕਾਰੀ ਹਾਸਲ ਕਰੀਏ:
1. ਕਿਸੇ ਖਾਸ ਸਥਾਨ ਅਤੇ ਖਾਸ ਸਮੱਗਰੀ ਨਾਲ ਸਰਬ ਵਿਆਪੀ ਅਕਾਲ ਪੁਰਖ ਦੀ
ਪੂਜਾ ਸਿੱਖ ਧਰਮ ਅਨੁਸਾਰ ਪ੍ਰਵਾਨ ਨਹੀਂ ਹੈ। ਪਰਮ ਪਿਤਾ ਵਾਹਿਗੁਰੂ ਦੀ ਪੂਜਾ ਬਾਰੇ ਤੀਜੇ ਪਾਤਸ਼ਾਹ
ਲਿਖਦੇ ਹਨ:
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਦੂਜੈ ਭਾਇ ਅਗਿਆਨੀ ਪੂਜਦੇ ਦਰਗਹ
ਮਿਲੈ ਸਜਾਇ ॥ ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ
ਕਰਮੀ ਪਲੈ ਪਾਇ ॥ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥2॥
(ਪੰਨਾ 88)
ਅਰਥ: ਇਹ ਕੁਰਦਰਤ ਦਾ ਤਰੀਕਾ ਹੈ ਕਿ ਵਿਕਾਰਾਂ ਵਿਚ ਫਸਿਆ ਹੋਇਆ ਮਨ
ਵਿਕਾਰਾਂ ਵਾਲੇ ਕੰਮ ਹੀ ਕਰਾ ਹੈ। ਇ ਸਵਾਸਤੇ ਮਾਇਆ ਦੇ ਪਿਆਰ ਵਿਚ ਫਸੇ ਰਹਿ ਕੇ ਜੋ ਮਨੁੱਖ ਪੂਜਾ
ਕਰਦੇ ਹਨ, ਇਸ ਪੂਜਾ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੁੰਦਾ। ਦਰਗਾਹ ਵਿਚ ਸਜਾ ਹੀ ਮਿਲਦੀ ਹੈ।
ਆਤਮਾ ਨੂੰ ਚਾਨਣ ਬਖਸ਼ਣ ਵਾਲੇ ਪਰਮਾਤਮਾ ਦੀ ਹੀ ਪੂਜਾ ਕਰਨੀ ਚਾਹੀਦੀ ਹੈ ਪਰ ਸਤਿਗੁਰੂ ਤੋਂ ਬਿਨਾਂ
ਇਸ ਦੀ ਸਮਝ ਨਹੀਂ ਪੈਂਦੀ। ਸਤਿਗੁਰੂ ਦਾ ਭਾਣਾ ਮੰਨਣਾ - ਇਹੀ ਜਪ, ਤਪ ਅਤੇ ਸੰਜਮ ਹੈ, ਪ੍ਰਭੂ ਮਿਹਰ
ਕਰੇ ਤਾਂ ਇਹ ਭਾਣਾ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਉਂਝ ਤਾਂ ਜੋ ਸੇਵਾ ਹਰੀ ਨੂੰ
ਚੰਗੀ ਲੱਗੇ ਉਹੀ ਪ੍ਰਵਾਨ ਹੈ ਪਰ ਸੇਵਾ ਵੀ ਸੁਰਤ ਦੁਆਰਾ ਹੀ ਭਾਵ ਸੁਰਤ ਨੂੰ ਸਤਿਗੁਰੂ ਦੇ ਭਾਣੇ
ਵਿਚ ਟਿਕਾ ਕੇ ਹੀ ਕੀਤੀ ਜਾ ਸਕਦੀ ਹੈ।
(2) ਚੋਆ ਚੰਦਨੁ ਅੰਕਿ ਚੜਾਵਉ ॥ ਪਾਟ ਪਟੰਬਰ ਪਹਿਰਿ ਹਢਾਵਉ ॥ ਬਿਨੁ ਹਰਿ
ਨਾਮ ਕਹਾ ਸੁਖੁ ਪਾਵਉ ॥1॥ ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥1॥
ਰਹਾਉ ॥ ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਲਾਲ ਨਿਹਾਲੀ ਫੂਲ ਗੁਲਾਲਾ ॥ ਬਿਨੁ ਜਗਦੀਸ ਕਹਾ
ਸੁਖੁ ਭਾਲਾ ॥2॥
ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀ ਲਾਭ?
ਪ੍ਰਮਾਤਮਾ ਦੇ ਚਰਨਾਂ ਵਿਚ ਜੁੜਨ ਤੋਂ ਬਗੈਰ ਸੁੱਖ ਹੋਰ ਕਿਤੇ ਨਹੀਂ ਮਿਲਦਾ॥ਰਹਾਉ॥
ਜੇ ਮੈਂ ਅਤਰ ਅਤੇ ਚੰਦਨ ਦਾ ਲੇਪ ਆਪਣੇ ਸਰੀਰ ਉੱਤੇ ਲਾ ਲਵਾਂ, ਜੇ ਮੈਂ
ਰੇਸ਼ਮ ਅਤੇ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ, ਫਿਰ ਵੀ ਮੈਂ ਪ੍ਰਮਾਤਮਾ ਦੇ ਨਾਮ ਤੋਂ ਸੁੰਨਾ ਹਾਂ।
ਤਾਂ ਕਿਤੇ ਵੀ ਮੈਨੂੰ ਸੁੱਖ ਨਹੀਂ ਮਿਲ ਸਕਦਾ॥1॥
ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ
ਲਵਾਂ, ਮੇਰੀ ਲਾਲ ਰੰਗ ਦੀ ਤੁਲਾਈ ਉੱਤੇ ਗੁਲਾਲ ਫੁੱਲ ਖਿਲਰੇ ਹੋਏ ਹੋਣ ਫਿਰ ਵੀ ਪ੍ਰਮਾਤਮਾ ਦੇ
ਸਿਮਰਨ ਤੋਂ ਬਿਨਾਂ ਮੈਂ ਕਿਤੇ ਵੀ ਸੁੱਖ ਨਹੀਂ ਲੱਭ ਸਕਦਾ॥2॥
(3) ਇਸੇ ਤਰ੍ਹਾਂ ਦੇ ਖਿਆਲ ਗੁਰੂ ਨਾਨਕ ਦੇਵ ਜੀ ਰਾਗ ਗਉੜੀ ਵਿਚ ਪੰਨਾ 224
ਤੇ ਲਿਖਦੇ ਹੋਏ ਕਹਿੰਦੇ ਹਨ:-
ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥6॥ ਗੁਰਿ
ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥7॥
ਅਰਥ: ਹੇ ਰੱਖਣਹਾਰ ਪ੍ਰਭੂ! ਮਿਹਰ ਕਰ ਅਤੇ ਜੀਵਾਂ ਨੂੰ ਖਹ ਖਹ ਤੋਂ ਤੂੰ ਆਪ
ਹੀ ਬਚਾਅ। ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾਂ ਜੀਵ ਪਸ਼ੂ-ਸੁਭਾਅ ਬਣ ਰਹੇ ਹਨ, ਭੂਤਨੇ ਹੋ
ਰਹੇ ਹਨ॥6॥
ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾਂ ਉਸ ਵਰਗਾ ਕੋਈ
ਹੋਰ ਨਹੀਂ ਹੈ। ਦੱਸੋ, ਹੇ ਭਾਈ! ਮੈਂ ਕਿਸੇ ਨੂੰ ਫਿਰ ਉਸ ਪ੍ਰਭੂ ਵਰਗਾ ਸਮਝ ਕੇ ਕਿਸੇ ਹੋਰ ਦੀ
ਪੂਜਾ ਕਰ ਸਕਦਾ ਹਾਂ॥7॥
(4) ਰਾਗ ਗੂਜਰੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 489 ਤੇ ਗੁਰੂ ਨਾਨਕ
ਜੀ ਕਹਿੰਦੇ ਹਨ ਕਿ -
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ
ਅੰਤਰਿ ਪੂਜਾ ਹੋਇ ॥1॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥1॥ ਰਹਾਉ ॥ ਬਾਹਰਿ ਦੇਵ
ਪਖਾਲੀਅਹਿ ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥2॥
ਅਰਥ: ਹੇ ਪ੍ਰਭੂ! ਜੇ ਮੈਂ ਤੇਰੇ ਨਾਮ ਦੀ ਯਾਦ ਨੂੰ ਚੰਦਨ ਦੀ ਲੱਕੜੀ ਬਣਾ
ਲਵਾਂ, ਜੇ ਮੇਰਾ ਮਨ ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ ਪੱਥਰ ਬਣ ਜਾਵੇ, ਜੇ ਮੇਰਾ ਉੱਚਾ ਆਚਰਨ
ਇਨ੍ਹਾਂ ਦੇ ਨਾਲ ਕੇਸਰ ਬਣ ਕੇ ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਅੰਦਰ ਹੀ ਹੋਣ ਲੱਗ
ਜਾਏਗੀ॥1॥
ਹੇ ਭਾਈ! ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ
ਚਾਹੀਦੀ ਹੈ। ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਕੋਈ ਐਸੀ ਪੂਜਾ ਨਹੀਂ ਜੋ ਪ੍ਰਵਾਨ ਹੋ
ਸਕੇ॥1॥ ਰਹਾਉ॥
ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਏ, ਤਿਵੇਂ ਜੇ ਕੋਈ ਮਨੁੱਖ
ਆਪਣੇ ਮਨ ਨੂੰ ਨਾਮ ਸਿਮਰਨ ਨਾਲ ਧੋਵੇ, ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ
ਦੀ ਜਿੰਦ ਸ਼ੁੱਧ-ਪਵਿੱਤਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫਰ ਵਿਕਾਰਾਂ ਤੋਂ ਆਜਾਦ ਹੋ ਜਾਂਦਾ ਹੈ॥2॥
(5) ਗੁਰੂ ਅਰਜਨ ਸਾਹਿਬ ਰਾਗ ਆਸਾ ਵਿਚ ਪੰਨਾ 614 ਤੇ ਲਿਖਦੇ ਹਨ:
ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥ ਕਰਿ ਪੂਜਾ ਹੋਮਿ
ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥3॥
ਅਰਥ: ਹੇ ਮੇਰੇ ਮਨ! ਉਸ ਪ੍ਰਮਾਤਮਾ ਦੀ ਸੇਵਾ ਕਰਿਆ ਕਰ, ਜਿਹੜਾ ਕਿਸੇ ਦੀ
ਕੀਤੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੰਦਾ ਅਤੇ ਹਰੇਕ ਦੇ ਦਿਲ ਦੀ ਜਾਣਦਾ ਹੈ। ਹੇ ਭਾਈ! ਜਿਹੜਾ
ਪ੍ਰਕਾਸ਼- ਪੂਰ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ
ਭੇਟਾ ਵੱਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇ॥3॥
(6) ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥ ਪੂਜਾ
ਪ੍ਰਾਣ ਸੇਵਕੁ ਜੇ ਸੇਵੇ ਇਨ੍ ਬਿਧਿ ਸਾਹਿਬੁ ਰਵਤੁ ਰਹੈ ॥3॥
(ਗੁਰ ਗ੍ਰੰਥ ਸਾਹਿਬ, ਪੰਨਾ 728)
ਅਰਥ: ਪੰਨਾ 728 ਤੇ ਗੁਰੂ ਨਾਨਕ ਜੀ ਰਾਗ ਸੂਹੀ ਵਿਚ ਲਿਖਦੇ ਹਨ, ਕਿ ਹੇ
ਭਾਈ! ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਉਂਦਾ ਹੈ, ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ ਉਸ ਵਿਚ
ਪ੍ਰਮਾਤਮਾ ਦਾ ਨਾਮ ਟਿਕਾ ਕੇ ਰੱਖੇ, ਉਸ ਨਾਮ ਦੀ ਰਹਾੀਂ ਸਾਧ-ਸੰਗਤ ਰੂਪੀ ਸਰੋਵਰ ਵਿਚ ਇਸ਼ਨਾਨ ਕਰੇ,
ਮਨ ਵਿਚ ਟਿਕੇ ਹੋਰੇ ਪ੍ਰਭੂ-ਠਾਕੁਰ ਨੂੰ ਸ਼ਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ, ਜੇ ਜੀਵ ਸੇਵਕ ਬਣ
ਕੇ, ਆਪਾ-ਭਾਵ ਤਿਆਗ ਕੇ ਅੰਦਰ ਵਸਦੇ ਠਾਕੁਰ ਪ੍ਰਭੂ ਦੀ ਸੇਵਾ ਸਿਮਰਨ ਕਰੇ, ਤਾਂ ਇਨ੍ਹਾਂ ਤਰੀਕਿਆਂ
ਨਾਲ ਉਹ ਜੀਵ ਮਾਲਕ ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ॥3॥
(7) ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥ ਨਿਰਜੀਉ
ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥3॥
(ਗੁਰ ਗ੍ਰੰਥ ਸਾਹਿਬ, ਪੰਨਾ 1264)
ਹੇ ਭਾਈ! ਗੁਰੂ ਪ੍ਰਮੇਸ਼ਰ ਨੂੰ ਭੁਲਾ ਕੇ ਮਨੁੱਖ ਭਟਕ ਭਟਕ ਕੇ ਮੂਰਤੀ ਆਦਿ
ਦੀ ਪੂਜਾ ਵਾਸਤੇ ਫੁੱਲ ਤੋੜਦਾ ਫਿਰਦਾ ਹੈ। ਅਜਿਹੇ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ
ਹਨ, ਆਤਮਿਕ ਜੀਵਨ ਵੱਲੋਂ ਬੇਸਮਝ ਹਨ, ਉਨ੍ਹਾਂ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿਸਦਾ। ਉਹ ਅੰਨ੍ਹੇ
ਮਨੁੱਖ ਬੇ-ਜਾਨ ਮੂਰਤੀਆਂ ਨੂੰ ਪੂਜਦੇ ਹਨ, ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। ਅਜਿਹੇ ਮਨੁੱਖ
ਆਪਣੀ ਸਾਰੀ ਮਿਹਨਤ ਵਿਅਰਥ ਗਵਾ ਲੈਂਦੇ ਹਨ॥3॥
(8) ਪੰਨਾ 479, ਰਾਗ ਆਸਾ ਵਿਚ ਭਗਤ ਕਬੀਰ ਜੀ ਲਿਖਦੇ ਹਨ:
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ
ਪਾਹਨ ਨਿਰਜੀਉ ॥1॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥1॥ ਰਹਾਉ ॥
(ਗੁਰ ਗ੍ਰੰਥ ਸਾਹਿਬ, ਪੰਨਾ 479)
ਅਰਥ: ਮੂਰਤੀ ਦੀ ਪੂਜਾ ਕਰਨ ਲਈ ਮਾਲਣ ਪੱਤਰ ਤੋੜ੍ਹਦੀ ਹੈ, ਪਰ ਇਹ ਨਹੀਂ
ਜਾਣਦੀ ਕਿ ਹਰੇਕ ਪੱਤਰ ਵਿਚ ਜਿੰਦ ਹੈ। ਜਿਸ ਪੱਥਰ ਦੀ ਮੂਰਤੀ ਖਾਤਰ ਇਹ ਮਾਲਣ ਪੱਤਰ ਤੋੜਦੀ ਹੈ, ਉਹ
ਪੱਥਰ ਦੀ ਮੂਰਤੀ ਤਾਂ ਨਿਰਜਿੰਦ ਹੈ॥1॥
ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ ਇਸ ਤਰ੍ਹਾਂ ਇਹ ਮਾਲਣ ਭੁੱਲ ਕਰ ਰਹੀ
ਹੈ, ਕਿਉਂਕਿ ਅਸਲੀ ਇਸ਼ਟ ਸਤਿਗੁਰੂ ਤਾਂ ਜਿਊਂਦਾ ਜਾਗਦਾ ਦੇਵਤਾ ਹੈ॥1॥ ਰਹਾਉ॥
ਭਾਵ: ਮਾਲਣ ਦੀ ਪੂਜਾ ਦਾ ਢੰਗ ਗਲਤ ਹੈ।
(9) ਗੁਰੂ ਗ੍ਰੰਥ ਸਾਹਿਬ ਦੇ ਪੰਨਾ 485 ਤੇ ਰਾਗ ਆਸਾ ਵਿਚ ਭਗਤ ਨਾਮ ਦੇਵ
ਜੀ ਬਿਆਨ ਕਰਦੇ ਹਨ ਕਿ:
ਆਨੀਲੇ1 ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ
ਮਹਿ ਹੋਤੇ ਬੀਠਲੁ ਭੈਲਾ2 ਕਾਇ ਕਰਉ ॥1॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ
॥1॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ
ਬੀਠਲ ਭੈਲਾ ਕਾਇ ਕਰਉ ॥2॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ3 ਕਰਉ ॥ ਪਹਿਲੇ ਦੂਧੁ
ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥3॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥4॥2॥
(ਗੁਰ ਗ੍ਰੰਥ ਸਾਹਿਬ, ਪੰਨਾ 485)
ਔਖੇ ਸ਼ਬਦਾਂ ਦੇ ਅਰਥ: 1. ਲਿਆਂਦਾ, 2. ਵਸਦਾ ਸੀ/ਮੌਜੂਦ ਸੀ, 3. ਭੇਟਾ
ਕਰਾਂ।
ਭਾਵ: ਮੈਂ ਜਿੱਧਰ ਵੀ ਜਾਂਦਾ ਹਾਂ, ਉੱਧਰ ਹੀ ਪ੍ਰਭੂ ਮੌਜੂਦ ਹੈ ਅਤੇ ਸਭ
ਜੀਵਾਂ ਵਿਚ ਵਿਆਪਕ ਹੋ ਕੇ ਬੜੇ ਅਨੰਦ ਚੋਜ਼ ਤਮਾਸ਼ੇ ਕਰ ਰਿਹਾ ਹੈ॥1॥ ਰਹਾਉ॥
ਮੈਂ ਸੋਚਿਆ ਕਿ ਘੜਾ ਲਿਆ ਕੇ ਉਸ ਵਿਚ ਪਾਣੀ ਭਰ ਲਵਾਂ ਅਤੇ ਠਾਕੁਰ ਮੂਰਤੀ
ਨੂੰ ਇਸ਼ਨਾਨ ਕਰਾਵਾਂ ਪਰ ਇਹ ਸ਼ਿਨਾਨ ਸਵੀਕਾਰ ਨਹੀਂ। ਪਾਣੀ ਜੂਠਾ ਹੈ ਕਿਉਂਕਿ ਪਾਣੀ ਵਿਚ ਬਿਤਾਲੀ
ਲੱਖ ਜੀਵ ਰਹਿੰਦੇ ਹਨ। ਮੇਰਾ ਪ੍ਰਭੂ ਤਾਂ ਪਹਿਲਾਂ ਹੀ ਉਨ੍ਹਾਂ ਜੀਵਾਂ ਵਿਚ ਵੱਸਦਾ ਸੀ ਅਤੇ ਇਸ਼ਨਾਨ
ਕਰ ਰਿਹਾ ਸੀ, ਤਾਂ ਫਿਰ ਮੈਂ ਠਾਕੁਰ ਦੀ ਇਸ ਮੂਰਤੀ ਨੂੰ ਕਾਹਦੇ ਲਈ ਇਸ਼ਨਾਨ ਕਰਾਵਾਂ?॥1॥
ਫਿਰ ਸਚਿਆ ਕਿ ਫੁੱਲ ਲਿਆ ਕੇ ਅਤੇ ਮਾਲ ਪਰੋ ਕੇ ਜੇ ਮੈਂ ਮੂਰਤੀ ਦੀ ਪੂਜਾ
ਕਰਾਂ ਤਾਂ ਉਹ ਫੁੱਲ ਜੂਠੇ ਹੋਣ ਕਰਕੇ ਉਹ ਪੂਜਾ ਵੀ ਪ੍ਰਵਾਨ ਨਹੀਂ ਕਿਉਂਕਿ ਉਨ੍ਹਾਂ ਫੁੱਲਾਂ ਦੀ
ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ, ਪਰ ਮੇਰਾ ਬੀਠਲ-ਪ੍ਰਭੂ ਤਾਂ ਪਹਿਲਾਂ ਹੀ ਉਸ ਭੌਰੇ ਵਿਚ ਵੱਸਦਾ
ਸੀ ਅਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਨ੍ਹਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਹਦੇ ਲਈ
ਕਰਾਂ?॥2॥
ਦੁੱਧ ਲਿਆ ਕੇ ਖੀਰ ਰਿੰਨ੍ਹ ਕੇ ਜੇ ਮੈਂ ਇਹ
ਖਾਣ ਵਾਲਾ ਉੱਤਮ ਭੋਜਨ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ ਤਾਂ ਦੁੱਧ ਜੂਠਾ ਹੋਣ ਕਰਕੇ ਇਹ ਭੋਜਨ
ਪ੍ਰਵਾਨ ਨਹੀਂ, ਕਿਉਂਕਿ ਦੁੱਧ ਚੋਣ ਵੇਲੇ ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ। ਪਰ ਮੇਰਾ
ਪ੍ਰਭੂ ਤਾਂ ਪਹਿਲਾਂ ਹੀ ਉਸ ਵੱਛੇ ਵਿਚ ਵੱਸਦਾ ਸੀ ਅਤੇ ਦੁੱਧ ਪੀ ਰਿਹਾ ਸੀ, ਤਾਂ
ਫਿਰ ਪੂਜਾ ਲਈ ਇਸ ਮੂਰਤੀ ਅੱਗੇ ਮੈਂ ਕਿਉਂ ਦੁੱਧ ਭੇਂਟ ਕਰਾਂ?॥3॥
ਹੇਠਾਂ, ਉੱਪਰ ਭਾਵ ਹਰ ਥਾਂ ਪ੍ਰਮਾਤਮਾ ਵੱਸਦਾ ਹੈ। ਪ੍ਰਮਾਤਮਾ ਤੋਂ ਬਗੈਰ
ਇਹ ਜਗਤ ਰਹਿ ਨਹੀਂ ਸਕਦਾ। ਨਾਮਦੇਵ ਉਸ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਿ ਹੇ ਪ੍ਰਮਾਤਮਾ! ਤੂੰ
ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਭਰਪੂਰ ਹੈਂ॥4॥2॥
(10) ਭਗਤ ਰਵਿਦਾਸ ਵੀ ਭਗਤ ਕਬੀਰ ਵਾਂਗ ਝੂਠੀ ਪੂਜਾ ਦੇ ਵਿਰੋਧੀ ਹਨ। ਆਪ
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 525 ਤੇ ਰਾਗ ਗੂਜਰੀ ਵਿਚ ਲਿਖਦੇ ਹਨ:
ਦੂਧੁ ਤ ਬਛਰੈ ਥਨਹੁ ਬਿਟਾਰਿਓ1 ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ2 ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ ਰਹਾਉ ॥ ਮੈਲਾਗਰ
ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥ ਧੂਪ ਦੀਪ ਨਈਬੇਦਹਿ3 ਬਾਸਾ ॥ ਕੈਸੇ
ਪੂਜ ਕਰਹਿ ਤੇਰੀ ਦਾਸਾ ॥3॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥ ਪੂਜਾ
ਅਰਚਾ4 ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥5॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 525)
ਔਖੇ ਸ਼ਬਦਾਂ ਦੇ ਅਰਥ: 1. ਜੂਠਾ ਕਰ ਦਿੱਤਾ, 2. ਭੇਟਾ ਕਰਾਂ, 3. ਖਾਣ ਪੀਣ
ਵਾਲੇ ਪਦਾਰਥ ਭੇਟਾ ਕਰਨੇ, 4. ਮੂਰਤੀ ਅੱਗੇ ਮੱਥੇ ਟੇਕਣੇ।
ਅਰਥ: ਹੇ ਮਾਂ! ਪ੍ਰਮਾਤਮਾ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ ਲੈ ਕੇ
ਭੇਟ ਕਰਾਂ? ਕੋਈ ਹੋਰ ਸੁੱਚਾ ਫੁੱਲ ਆਦਿ ਨਹੀਂ ਮਿਲ ਸਕਦਾ? ਕੀ ਮੈਂ ਇਸ ਘਾਟ ਕਰਕੇ ਉਸ ਸੋਹਣੇ
ਪ੍ਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਾਂਗਾ?॥ਰਹਾਉ॥
ਦੁੱਧ ਤਾਂ ਥਣਾਂ ਤੋਂ ਹੀਂ ਵੱਛੇ ਨੇ ਜੂਠਾ ਕਰ ਦਿੱਤਾ, ਫੁੱਲ ਭੌਰੇ ਨੇ
ਸੁੰਘ ਕੇ ਅਤੇ ਪਾਣੀ ਮੱਛੀ ਨੇ ਖਰਾਬ ਕਰ ਦਿੱਤਾ। ਦੁੱਧ, ਫੁੱਲ, ਪਾਣੀ ਜੂਠੇ ਹੋਣ ਕਰਕੇ
ਪ੍ਰਭੂ-ਪੂਜਾ ਦੀ ਭ੍ਹੇਟ ਕਰਨ ਜੋਗੇ ਨਹੀਂ ਰਹਿ ਗਏ॥1॥
ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹੋਣ ਕਰਕੇ ਉਨ੍ਹਾਂ ਨੇ ਚੰਦਨ ਨੂੰ
ਜੂਠਾ ਕਰ ਦਿੱਤਾ ਹੈ, ਜਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿਚ ਇਕੱਠੇ ਵੱਸਦੇ ਹਨ॥2॥
ਸੁਗੰਧੀ ਆ ਜਾਣ ਕਰਕੇ ਧੂਪ, ਦੀਪ ਅਤੇ ਖਾਣ ਵਾਲੇ ਪਦਾਰਥ ਵੀ ਜੂਠੇ ਹੋ
ਜਾਂਦੇ ਹਨ, ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਨ੍ਹਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੈ ਤਾਂ ਇਹ
ਜੂਠੀਆਂ ਜੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਇਕ ਤਰ੍ਹਾਂ ਤੇਰੀ ਪੂਜਾ ਕਰਨ?॥3॥
ਇਸ ਮੁਸ਼ਕਿਲ ਦਾ ਹੱਲ ਦੱਸਦੇ ਹੋਏ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ) ਹੇ
ਪ੍ਰਭੂ! ਤੇਰੀ ਪੂਜਾ ਵੱਜੋਂ ਮੈਂ ਆਪਣਾ ਤਨ ਅਤੇ ਮਨ ਤੇਰੇ ਅੱਗੇ ਭੇਟ ਕਰਦਾ ਹਾਂ, ਅਰਪਨ ਕਰਦਾ ਹਾਂ।
ਇਸ ਭੇਟਾ ਨਾਲ ਤੇ ਸਤਿਗੁਰੂ ਦੀ ਮਿਹਰ ਦੀ ਬਰਕਤ ਨਾਲ ਮਾਇਆ ਰਹਿਤ ਪ੍ਰਭੂ! ਤੈਨੂੰ ਲੱਭਿਆ ਜਾ ਸਕਦਾ
ਹੈ॥4॥
ਰਵਿਦਾਸ ਜੀ ਆਖਦੇ ਹਨ, ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਚੰਦਨ ਅਤੇ
ਨੈਵੇਦ ਆਦਿ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੈ ਤਾਂ ਕਿਤੇ ਵੀ ਇਹ ਚੀਜਾਂ ਸੁੱਚੀਆਂ ਨਾ ਮਿਲਣ ਕਰਕੇ,
ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਹੀਂ ਸਕਦੀ ਤਾਂ ਫਿਰ ਹੇ ਪ੍ਰਭੂ! ਮੇਰਾ ਕੀ ਹਾਲ
ਹੁੰਦਾ॥5॥
(11) ਪ੍ਰਮਾਤਮਾ ਨੂੰ ਮਿਲਣ ਦਾ ਇਹੀ ਤਰੀਕਾ ਭਗਤ ਕਬੀਰ ਜੀ ਰਾਗ ਭੈਰਉ ਵਿਚ
ਦੱਸਦੇ ਹਨ। ਆਪ ਕਹਿੰਦੇ ਹਨ -
ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥2॥
ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ ਸੁਖੁ ਪਾਵਉ ॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 1158)
ਭਾਵ: ਦੇਵਤਿਆਂ ਅੱਗੇ ਭੇਟ ਧਰਨ ਲਈ ਨਾ ਹੀ ਮੈਂ ਫੁੱਲ ਪੱਤਰ ਤੋੜਦਾ ਹਾਂ,
ਨਾ ਮੈਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਦਾ ਹਾਂ। ਮੈਂ ਤਾਂ ਇਹੀ ਜਾਣਦਾ ਹਾਂ ਕਿ ਪ੍ਰਭੂ ਭਗਤੀ
ਬਗੈਰ ਹੋਰ ਕਿਸੇ ਦੀ ਪੂਜਾ ਵਿਅਰਥ ਹੈ॥2॥
ਮੈਂ ਤਾਂ ਸਿਰਫ ਆਪਣੇ ਸਤਿਗੁਰੂ ਅੱਗੇ ਹੀ ਸਿਰ ਨਿਵਾਉਂਦਾ ਹਾਂ। ਉਸ ਨੂੰ ਹੀ
ਸਦਾ ਪ੍ਰਸੰਨ ਕਰਦਾ ਹਾਂ। ਇਸ ਸੇਵਾ ਦੀ ਬਰਕਤ ਨਾਲ ਮੈਂ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁੱਖ
ਮਾਣਦਾ ਹਾਂ॥3॥
(12) ਗੁਰੂ ਅਰਜਨ ਦੇਵ ਜੀ ਵੀ ਪੰਨਾ 824 ਤੇ ਰਾਗ ਬਿਲਾਵਲ ਵਿਚ ਲਿਖਦੇ ਹਨ
ਕਿ ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸ਼ੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ। ਮੈਂ ਆਪਣਾ ਮਨ ਆਪਣਾ
ਤਨ ਭੇਟ ਕਰਕੇ ਪ੍ਰਭੂ ਅੱਗੇ ਹੀ ਰੱਖਦਾ ਹਾਂ। ਉਹ ਪ੍ਰਭੂ ਹੀ ਸਾਰੇ ਜੀਵਾਂ ਦਾ ਪਾਲਣਹਾਰ ਹੈ॥1॥
ਰਹਾਉ॥
ਅਚੁਤ1 ਪੂਜਾ ਜੋਗ ਗੋਪਾਲ ॥ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ
ਪ੍ਰਤਿਪਾਲ ॥1॥ ਰਹਾਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 824)
ਔਖੇ ਸ਼ਬਦਾਂ ਦੇ ਅਰਥ: 1. ਅਬਿਨਾਸੀ।
(13) ਪੰਨਾ 910 ਤੇ ਰਾਮਕਲੀ ਰਾਗ ਵਿਚ ਗੁਰੂ ਅਮਰ ਦਾਸ ਜੀ ਕਹਿੰਦੇ ਹਨ ਕਿ
ਹੇ ਸੰਤ ਜਨੋ! ਪ੍ਰਮਾਤਮਾ ਦੀ ਪੂਜਾ ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ। ਪ੍ਰਭੂ ਦੀ ਪੂਜਾ ਕਿਤਨੀ
ਦੁਰਲੱਭ ਹੈ। ਇਸ ਬਾਬਰ ਕੁੱਝ ਵੀ ਦੱਸਿਆ ਨਹੀਂ ਜਾ ਸਕਦਾ॥1॥
ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਸਾਰੇ ਗੁਣਾਂ
ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ, ਨਾਮ ਜਪੋ, ਨਾਮ ਹੀ ਜਪੋ - ਗੁਰੂ ਇਹੀ ਪੂਜਾ ਕਰਾਉਂਦਾ
ਹੈ॥1॥ ਰਹਾਉ॥
ਹੇ ਸੰਤ ਜਨੋ! ਦੁਨੀਆਂ ਦੇ ਲੋਕ ਫੁੱਲ-ਪੱਤਰਾਂ ਆਦਿ
ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ ਪਰ ਹੇ ਸੰਤ ਜਨੋ! ਮੈਂ ਪ੍ਰਮਾਤਮਾ ਦੀ ਪੂਜਾ ਵਾਸਤੇ ਕਿਹੜੀ ਚੀਜ
ਉਸ ਅੱਗੇ ਭੇਟ ਕਰਾਂ? ਪ੍ਰਭੂ ਦੇ ਨਾਮ ਤੋਂ ਬਿਨਾਂ ਦੇ ਟਾਕਰੇ ਹੋਰ ਹਰੇਕ ਚੀਜ ਮੈਲੀ ਹੈ।
ਗੁਰੂ ਕ੍ਰਿਪਾ ਕਰਨ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੁਤਾਬਿਕ
ਸਿਰਫ ਅਤੇ ਸਿਰਫ ਅਕਾਲ ਪੁਰਖ ਨੂੰ ਧਿਆਉਣਾ ਚਾਹੀਦਾ ਹੈ। ਪੂਜਾ ਵਾਸਤੇ ਕਿਸੇ ਖਾਸ ਫੁੱਲ, ਦੁੱਧ
ਨੈਵੇਦ ਆਦਿ ਦੀ ਜਰੂਰਤ ਨਹੀਂ। ਮਨ ਤਨ ਅਰਪ ਕਰਕੇ ਪੂਰਨ ਵਿਸ਼ਵਾਸ ਨਾਲ ਪ੍ਰਭੂ ਨੂੰ ਧਿਆਉਣਾ ਚਾਹੀਦਾ
ਹੈ। ਪ੍ਰਭੂ-ਭਗਤੀ ਵਾਸਤੇ ਘਰ-ਬਾਰ ਤਿਆਗ ਕੇ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ। ਧਰਮ ਦੀ ਕ੍ਰਿਤ
ਵਿਰਤ ਕਰਦਿਆਂ ਗ੍ਰਹਿਸਤੀ ਜੀਵਨ ਜਿਉਂਦਿਆਂ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥