. |
|
ਪਉੜੀ 30
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਪਰਵਾਣੁ: ਕਬੂਲ ਹੋ ਜਾਣਾ,
ਹਉਮੈ ਭਰੇ ਆਪਾ ਭਾਵ ਤੋਂ ਛੁਟਕਾਰਾ।
ਵਿਆਈ: ਇਕ-ਮਿਕ ਹੋ ਜਾਣਾ।
ਇਕ ਸੱਚ ਦੀ ਮਤਿ (ਸਤਿਗੁਰ) ਤੋਂ ਪ੍ਰਾਪਤ ਜੁਗਤ ਨੂੰ ਅਪਣਾਉਣ ਨਾਲ ਹੀ ਜੀਵਨ
ਸ਼ਾਂਤਮਈ ਹੋ ਜਾਂਦਾ ਹੈ। ਕਿਉਂਕਿ ਬੇਚੈਨ ਕਰਨ ਵਾਲੀ ਵਿਕਾਰੀ ਮੱਤ ਨੂੰ ਤਿਆਗ ਕੇ ਮਨ ਨੇ ਨਮਰਤਾ,
ਸ਼ੀਤਲਤਾ ਅਤੇ ਮਿਲਵਰਤਣ ਜੈਸੇ ਸਦਗੁਣਾਂ ਨਾਲ ਜਿਊਣਾ ਕਬੂਲ ਲਿਆ ਹੈ।
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਸੰਸਾਰੀ: ਚੰਗੇ ਗੁਣਾਂ ਦੀ
ਰਚਨਾ। ਭੰਡਾਰੀ: ਖਜ਼ਾਨੇ
ਦਾ ਮਾਲਕ, ਚੰਗੇ ਗੁਣਾਂ ਦਾ ਭੰਡਾਰਾ ਵੰਡਣ ਵਾਲੀ ਮੱਤ। ਦੀਬਾਣੁ: ਬਿਬੇਕ
ਬੁੱਧੀ ਜਿਸ ਨਾਲ ਚੰਗੇ ਮੰਦੇ ਦਾ ਨਿਖੇੜਾ ਕਰ ਸਕੀਦਾ ਹੈ।
ਵਿਰਲੇ ਮਨ ਨੂੰ ਰੱਬੀ ਗੁਣਾਂ ਦੀ ਉਤਪਤੀ ਵਾਲੀ ਮੱਤ (ਸੰਸਾਰੀ, ਬਿਬੇਕਾਂ
ਵਾਲੀ ਮੱਤ) ਪ੍ਰਾਪਤ ਹੁੰਦੀ ਹੈ। ਬਿਬੇਕ ਬੁੱਧੀ ਹੀ ਭੰਡਾਰਾ ਵੰਡਣ ਵਾਲੀ (ਭੰਡਾਰੀ) ਹੈ ਜੋ ਹਰੇਕ
ਅੰਗ ਨੂੰ ਰੋਮ-ਰੋਮ ਨੂੰ ਚੰਗੇ ਖਿਆਲ, ਚੰਗੇ ਗੁਣ ਹੀ ਵੰਡਦੀ ਹੈ। ਇਹ ਹੀ ਬੁੱਧੀ ਚੰਗੇ-ਮੰਦੇ
ਖਿਆਲਾਂ ਦਾ ਨਿਖੇੜਾ ਕਰਨ ਵਾਲੀ (ਦੀਬਾਣ) ਹੈ।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
ਵਿਰਲਾ ਮਨ ਸਤਿਗੁਰ ਦੀ ਮੱਤ ਨੂੰ ਅੰਤਰ ਆਤਮੇ ਵਿਚ ਪਸੰਦ ਕਰਦਾ ਹੈ। ਉਸੀ
ਅਧੀਨ ਰਜ਼ਾ ਵਿਚ ਤੁਰਦਾ ਹੈ ਭਾਵ ਪਲ-ਪਲ ਉਸੀ ਫੁਰਮਾਣ ਅਧੀਨ ਜਿਊਂਦਾ ਹੈ।
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਓਹੁ ਵੇਖੈ: ਭਾਵ ਵਿਰਲਾ
ਮਨ ਵਿਸਮਾਦ ਵਿਚ ਵੇਖਦਾ ਹੈ।
ਓਨਾ ਨਦਰਿ ਨ ਆਵੈ: ਰੋਮ-ਰੋਮ
ਚੰਗੇ ਗੁਣਾਂ ਦਾ ਖਿਆਲ ਕਿੱਥੋਂ ਆਉਂਦਾ ਹੈ ਇਹ ਨਜ਼ਰ ਤਾਂ ਨਹੀਂ ਆਉਂਦਾ ਕਿਉਂਕਿ ਸੁਨੇਹਾ ਦੇਣ ਵਾਲੇ
ਰੱਬ ਜੀ ਰੂਪ, ਰੰਗ, ਰੇਖ, ਭੇਖ ਤੋਂ ਨਿਆਰੇ ਹਨ। ਵਿਰਲਾ ਮਨ ਇਹ ਸਮਝਕੇ ਵਿਸਮਾਦਤ ਹੋ ਰਿਹਾ ਹੈ ਕਿ
ਕਿਵੇਂ ਪੂਰੀ ਕਾਇਨਾਤ ਕਿਸ ਤਰ੍ਹਾਂ ਰੱਬੀ ਨਿਯਮਾਂ ਦੀ ਨਿਗਰਾਨੀ ਹੇਠ ਚਲ ਰਹੀ ਹੈ ਜਿਸ ਵਿਚ ਕੋਈ
ਵਿਘਨ ਜਾਂ ਬਦਲਾਵ ਨਹੀਂ ਲਿਆਇਆ ਜਾ ਸਕਦਾ। ਦਰਅਸਲ ਇਹ ਅਟੱਲ ਰੱਬੀ ਨਿਯਮ ਹੀ ਪਰਮਾਤਮਾ ਹੈ ਜਿਸਨੂੰ
ਨਿਰੰਕਾਰ ਕਹਿ ਕੇ ਵੀ ਸੰਬੋਧਨ ਕਰਦੇ ਹਾਂ। ਵਿਰਲਾ ਮਨ ਵੀ ਨਜ਼ਰ ਨਹੀਂ ਆਉਂਦਾ। ਉਹ ਅਗਮ, ਅਗੋਚਰ,
ਨਿਰੰਕਾਰ ਦੀ ਮਤ ਲੈਕੇ ਸਰੀਰ ਦਾ ਸੁਲਤਾਨ ਬਣਦਾ ਹੈ।
ਆਦੇਸੁ ਤਿਸੈ ਆਦੇਸੁ ॥
ਵਿਰਲੇ ਮਨ ਦਾ ਰੋਮ-ਰੋਮ, ਇੰਦਰੇ-ਗਿਆਨ ਇੰਦਰੇ ਅਤੇ ਹਰੇਕ ਅੰਗ-ਅੰਗ ਨਿਮਰਤਾ
ਵਿਚ ਸਿਰ ਝੁਕਾ ਕੇ ਸਤਿਗੁਰ ਦੀ ਮੱਤ ਅੱਗੇ ਸਮਰਪਿਤ ਹੈ ਕਿਉਂਕਿ ਨਿਜਘਰ ਤੋਂ ਸਤਿਗੁਰ ਦੀ ਮੱਤ ਦਾ
ਸੁਨੇਹਾ ਹੀ ਸਦੀਵੀ ਸੱਚਾ ਹੈ।
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥30॥
ਆਦਿ: ਨਵਾ ਆਕਾਰ, ਅਨੀਲੁ: ਉਜਵਲ, ਅਨਾਦਿ: ਅਸੀਮ, ਅਨਾਹਤਿ: ਅਵਿਨਾਸ਼ੀ।
ਚੰਗੇ ਗੁਣ ਅਸੀਮ ਹਨ ਪਰ ਵਿਰਲਾ ਮਨ ਇਨ੍ਹਾਂ ਉਜਵਲ ਗੁਣਾਂ ਦੇ ਰਾਹੀਂ ਨਵਾਂ
ਆਕਾਰ ਲੈਂਦਾ ਹੈ। ਉਹ ਜਿਸ ਅਵਸਥਾ ਤੇ ਅੱਪੜਦਾ ਹੈ, ਉਸ ਅਵਸਥਾ ਨੂੰ ਕੋਈ ਹਿਲਾ ਨਹੀਂ ਸਕਦਾ ਜੋ ਕਿ
ਅਵਿਨਾਸ਼ੀ ਹੈ।
ਸਦੀਵੀ ਸੱਚੇ, ਨਿਜਘਰ, ਰੱਬੀ ਦਰਬਾਰ ਦੇ ਸੁਨੇਹੇ ਰਾਹੀਂ ਸਰੀਰ ਦੇ ਹਰੇਕ
ਇੰਦਰੇ, ਗਿਆਨ ਇੰਦਰੇ, ਰੋਮ-ਰੋਮ, ਅੰਗ-ਅੰਗ ਨੂੰ ਤੋਰਨਾ ਹੀ ਸਦੀਵੀ ਸਤਿਗੁਰ ਦੀ ਮੱਤ ਵਾਲਾ ਏਕੋ
ਵੇਸ ਹੈ।
ਵੀਰ ਭੁਪਿੰਦਰ ਸਿੰਘ
|
. |