.

‘ਅਭ, ਅੰਭੁ, ਅੰਭੈ, ਅੰਭ, ਅਭੈ’ ਸ਼ਬਦਾਂ ਦਾ ਵਿਵੇਚਨ
ਹਰਜਿੰਦਰ ਸਿੰਘ ‘ਘੜਸਾਣਾ’

ਸਮੱਗਰ ਗੁਰਬਾਣੀ ਦੀ ਲਿਖਤ ਵਿੱਚ ‘ਅਭ’ ਸ਼ਬਦ ੧੬ ਕੁ ਵਾਰ ਦਰਜ਼ ਹੋਇਆ ਮਿਲਦਾ ਹੈ। ਉਪਰੋਕਤ ਸ਼ਬਦ ਸੰਸਕ੍ਰਿਤ ਦੇ ’अभृयंतर’ ਤੋਂ ਤਦਭਵ ਰੂਪ ‘ਅਭੁ’ ਪੁਲਿੰਗ ਨਾਂਵ ਇਕਵਚਨ ਰੂਪ ਹੈ।ਸ਼ਬਦ ‘ਅਭ’ ਦੇ ਵਿਦਵਾਨਾ ਵੱਲੋਂ ਵੱਖ-ਵੱਖ ਅਰਥ ਕੀਤੇ ਗਏ ਹਨ।ਐਪਰ ਮੌਲਿਕ ਤੌਰ ‘ਤੇ ਕੇਵਲ ਇਕੋ ਅਰਥ ‘ਹਿਰਦਾ, ਮਨ, ਅੰਤਸ਼ਕਰਣ, ਅੰਦਰਲਾ-ਮਨ’ ਹੀ ਪ੍ਰਸੰਗਕ ਹੈ। ਉਕਤ ਸ਼ਬਦ ਨੂੰ ਸਪਸ਼ੱਟ ਰੂਪ ਵਿੱਚ ਸਮਝਣ ਲਈ ਪੰਗਤੀਆਂ ਵਾਚਣੀਆ ਬਹੁਤ ਜ਼ਰੂਰੀ ਹਨ :
” ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥” {ਪੰ:/੫੬}
ਉਪਰੋਕਤ ਪੰਗਤੀ ਵਿੱਚ ਆਇਆ ਸ਼ਬਦ ‘ਅਭ’ ਪੁਲਿੰਗ ਨਾਂਵ,ਸੰਪ੍ਰਦਾਨ ਕਾਰਕ ਵਿੱਚ ਹੈ।ਇਸ ਕਰਕੇ ਹੀ ਅੰਤ-ਮੁਕਤਾ ਹੈ। ਸਮੁੱਚੀ ਪੰਗਤੀ ਦੇ ਅਰਥ ਬਣਦੇ ਹਨ ਕਿ,’ਸ਼ਬਦ ਦੇ ਬਿਨਾ ਅੰਤਹਕਰਨ ਨੂੰ ਮਾਂਜਿਆ ਨਹੀਂ ਜਾ ਸਕਦਾ,ਸ਼ੁੱਧ ਨਹੀਂ ਹੋ ਸਕਦਾ। ਚੂੰਕਿ,ਸਚੇ ਸ਼ਬਦ ਤੋਂ ਹੀ ਸਤਵਾਦੀ ਜੀਵਨ ਪ੍ਰਾਪਤ ਹੁੰਦਾ ਹੈ।’
”ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥” {ਪੰ:/੫੭}
ਅਰਥ : ‘ਉਹ ਪਵਿੱਤਰ ਪ੍ਰਭੂ ਮਨ ਵਿੱਚ ਆ ਵਸਦਾ ਹੈ ਜੋ ਹਿਰਦੇ ਦੀ ਵੇਦਨ(ਪੀੜ) ਜਾਣਦਾ ਹੈ।’
ਪੰਗਤੀ ਦੇ ਅਰਥ ਮੂਜਬ ਸਪਸ਼ੱਟ ਹੋ ਜਾਂਦਾ ਹੈ ਕਿ ‘ਅਭ’ ਦਾ ਅਰਥ ‘ਪਾਣੀ’ ਕਰਨਾ ਅਪ੍ਰਸੰਗਕ ਹੈ।
”ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥ {ਪੰ:/੪੧੯}
ਅਰਥ: ’ ਪੱਥਰ ਨੂੰ ਕਿੰਨ੍ਹਾ ਸਮਾ ਹੀ ਪਾਣੀ ਵਿੱਚ ਰੱਖੀਏ, ਐਪਰ ਉਹ ਅਦਰੋਂ ਸੁੱਕਾ ਹੀ ਰਹਿੰਦਾ ਹੈ।’
ਉਪਰੋਕਤ ਪੰਗਤੀ ਵਿੱਚ ‘ਜਲ’ ਵੱਖਰੇ ਤੌਰ ‘ਤੇ ਆ ਰਿਹਾ ਹੈ ਅਤੇ ‘ਅਭ’ ਵੱਖਰੇ ਤੌਰ ‘ਤੇ।ਇਥੋਂ ਤਨਕ-ਮਾਤ੍ਰ ਵੀ ਸੰਸਾ ਨਹੀਂ ਰਹਿੰਦਾ ਕਿ ‘ਅਭ’ ਦੇ ਅਰਥ ਕੀਹ ਹਨ ?
”ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥ {ਪੰ:/੫੦੩}
”ਪ੍ਰੀਤਮ ਪ੍ਰੀਤਿ ਬਨੀ ਅਭ ਐਸੀ ਜੋਤੀ ਜੋਤਿ ਮਿਲਾਈ ॥੨॥ {ਪੰ:/੧੨੭੩}
”ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥ {ਪੰ:/੧੩੪੫}

ਉਪਰੋਕਤ ਪੰਗਤੀਆਂ ਤੋਂ ਭਲੀ ਪ੍ਰਕਾਰ ਸਪਸ਼ੱਟ ਹੋ ਜਾਂਦਾ ਹੈ ਕਿ,’ਅਭ’ ਦਾ ਅਰਥ ‘ਹਿਰਦਾ,ਅੰਤਹਕਰਨ’ ਦਰੁਸਤ ਹੈ।
‘ਅੰਭੁ’
ਸੰਸਕ੍ਰਿਤ ਵਿੱਚ ਸ਼ਬਦ
अमभ:’ ਤੋਂ ‘अमभसਰੂਪ ‘ਚ ’ਪਾਣੀ’ ਦੇ ਅਰਥ-ਭਾਵ ਵਿੱਚ ਨਪੁੰਸਕ ਲਿੰਗ ਤੌਰ ‘ਤੇ ਵਰਤਿਆ ਜਾਂਦਾ ਹੈ। ਇਸ ਮੂਲ ਸ਼ਬਦ ‘ਅਮਭਸ’ ਤੋਂ ਤਦਭਵ ਰੂਪ ਹੋ ਕੋ ਵਸਤ ਵਾਚਕ ਨਾਂਵ ਇਕਵਚਨ ਤੌਰ ‘ਤੇ ‘ਅੰਭੁ’ ਸ਼ਬਦ ਗੁਰਬਾਣੀ ਵਿੱਚ ੨ ਵਾਰ ਇਸ ਰੂਪ ‘ਚ ਅੰਕਤ ਹੋਇਆ ਹੈ :
”ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ॥॥ {ਪੰ:/੮੮੩}
ਉਪਰੋਕਤ ਪੰਗਤੀ ਵਿੱਚ ‘ਅੰਭੁ’ ਸ਼ਬਦ ਇਕਵਚਨ ਨਾਂਵ ਹੈ,ਅਰਥ ਹਨ ‘ਪਾਣੀ’।
”ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥ {ਪੰ:/੯੪੭}
‘ਅੰਭੈ’
ਗੁਰਬਾਣੀ ਦੀ ਲਿਖਤ ਵਿੱਚ ‘ਅੰਭੈ’ ੫ ਵਾਰ ਆਇਆ ਹੈ।ਜੋ, ‘ਅੰਭੁ’ ਤੋਂ ਹੀ ਸੰਬੰਧਕ ਅਧੀਨ ‘ਅੰਭੈ’ ਬਣ ਜਾਂਦਾ ਹੈ। ਉਦਾਹਰਣ ਲਈ ਟੂਕ-ਮਾਤ੍ਰ ਪੰਗਤੀਆਂ :
”ਅੰਭੈ ਕੈ ਸੰਗਿ ਨੀਕਾ ਵੰਨੁ ॥” {ਪੰ:/੮੭੩}
ਅੰਭੈ-ਸੰਬੰਧ ਕਾਰਕ,ਪਾਣੀ ਦੀ।
”ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥” {ਪੰ:/੧੨੦੩}
ਅੰਭੈ- ਅਧਿਕਰਨ ਕਾਰਕ, ਪਾਣੀ ਵਿੱਚ।
‘ਅੰਭ’
ਉਪਰੋਕਤ ਸ਼ਬਦ ਗੁਰਬਾਣੀ ਦੀ ਲਿਖਤ ਵਿੱਚ ੬ ਵਾਰ ਇਸ ਤਰ੍ਹਾਂ ਦਰਜ਼ ਹੋਇਆ ਹੈ :
(ਉ) ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥ {ਪੰ:/੩੩੬}
(ਅ) ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥ {ਪੰ:/੩੫੩}
(ੲ) ਕਾਚ ਗਗਰੀਆ ਅੰਭ ਮਝਰੀਆ ॥ {ਪੰ:/੩੯੨}
(ਸ) ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥ {ਪੰ:/੧੨੦੩}
(ਹ) ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥ {ਪੰ:/੪੦੨}

ਪੰਗਤੀ ‘ਉ’ ਵਿੱਚ ‘ਅੰਭ’ ਸ਼ਬਦ ਨੂੰ ਗੁਰਬਾਣੀ ਦੀ ਲਿਖਣ-ਨਿਯਮਾਂਵਲੀ ਅਨੁਸਾਰ ਉਕਰਾਂਤ (ਅੰਤ-ਔਂਕੜ) ਚਾਹੀਦਾ ਹੈ,ਹੱਥ ਲਿਖਤ ਬੀੜਾਂ ਵਿੱਚ ਉਪਲਬਧ ਹੈ। ‘ਅ’ ਪੰਗਤੀ ਅੰਦਰ ‘ਊਪਰਿ’ ਸੰਬੰਧਕ ਕਾਰਣ ‘ਅੰਭ’ ਅੰਤ-ਮੁਕਤਾ ਹੈ।‘ੲ’ ਪੰਗਤੀ ‘ਚ ਭੀ ‘ਮਝਰੀਆ’ ਕਾਰਣ ‘ਅੰਭ’ ਅਕਾਰਾਂਤ ਹੈ।‘ਸ’ ਪੰਗਤੀ ਵਿੱਚ ‘ਅੰਭ’ ਨੂੰ ਔਂਕੜ ਲਿਖਤੀ ਬੀੜਾਂ ਵਿੱਚ ੳਪਲਬਧ ਹੈ। ‘ਹ’ ਪੰਗਤੀ ਅੰਦਰ ‘ਅੰਭ’ ਸੰਬੰਧ ਕਾਰਕ ਅਧੀਨ ਅੰਤ-ਮੁਕਤਾ ਹੈ।
‘ਅਭੈ’
‘ਅਭੈ’ ਸ਼ਬਦ ਗੁਰਬਾਣੀ ਲਿਖਤ ਵਿੱਚ ਤਕਰੀਬਨ ੨੦ ਕੁ ਵਾਰ ਆਇਆ ਹੈ। ਮੂਲ ਸ਼ਬਦ ‘ਭੈ’ ਭਾਵ ਵਾਚਕ ਪੁਲਿੰਗ ਨਾਂਵ ਦੇ ‘ਅ’ ਵਿਰੋਧ ਅਰਥਕ ਅਗੇਤਰ ਲਾਇਆ ਗਿਆ ਹੈ :
”ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥ {ਪੰ:/੧੪੧੩}
”ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥ {ਪੰ:/੩੨੫}
”ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥ {ਪੰ:੪੯੮}
”ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥ {ਪੰ:/੭੦੨ }

ਉਪਰੋਕਤ ਸਮੂਹ ਪੰਗਤੀਆਂ ਵਿੱਚ ‘ਭੈ’ ਦੇ ਅਗੇਤਰ ‘ਅ’ ਵਿਰੋਧ ਅਰਥਕ ਲਗਾ ਕੇ ‘ਅਭੈ’ ਸ਼ਬਦ ਬਣਾਇਆ ਗਿਆ ਹੈ। ਅਰਥ ਹਨ ‘ਨਿਰਭਉ, ਡਰ ਰਹਿਤ’। ਉਚਾਰਣ ਕਰਨ ਸਮੇ ‘ਅ-ਭੈ’ ਵਾਂਗ ਉਚਾਰਣਾ ਹੈ।‘ਅਭੈ’ ਸਯੁੰਕਤ ਰੂਪ ‘ਚ ਉਚਾਰਣ ਗ਼ਲਤ ਹੈ।
ਭੁੱਲ-ਚੁਕ ਦੀ ਖਿਮਾ
ਹਰਜਿੰਦਰ ਸਿੰਘ ‘ਘੜਸਾਣਾ’

[email protected]




.