ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅਸਲੀ ਚੂਲ਼ੀਆਂ
ਆਮ ਕਰਕੇ ਗੁਰਬਾਣੀ ਕੀਰਤਨ ਦੀ ਸਮਝ ਉਸ ਨੂੰ ਹੀ ਆ ਸਕਦੀ ਹੈ ਜਿਸ ਨੂੰ
ਗੁਰਬਾਣੀ ਪੜ੍ਹਨ ਦਾ ਅਭਿਆਸ ਹੁੰਦਾ ਹੈ। ਕਈ ਵਾਰੀ ਰਾਗੀ ਸਿੰਘ ਸ਼ਬਦ ਨੂੰ ਏਨਾਂ ਔਖਾ ਕਰਕੇ ਪੜ੍ਹਦੇ
ਹਨ ਕਿ ਗੁਰਬਾਣੀ ਪੜ੍ਹਨ ਵਾਲੇ ਨੂੰ ਵੀ ਪੂਰਾ ਮੱਥਾ ਮਾਰਕੇ ਪਤਾ ਚਲਦਾ ਹੈ ਕਿ ਇਹ ਸ਼ਬਦ ਪੜ੍ਹਿਆ ਜਾ
ਰਿਹਾ ਹੈ। ਜੇ ਸ਼ਬਦ ਸਮਝ ਵਿੱਚ ਹੀ ਨਹੀਂ ਆਇਆ ਤਾਂ ਫਿਰ ਅਰਥ ਦੂਰ ਦੀ ਗੱਲ ਰਹਿ ਜਾਂਦੀ ਹੈ। ਕਈ
ਵਾਰੀ ਸ਼ਬਦ ਦੀ ਅਜੇਹੀ ਟੇਕ ਰੱਖੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਖੁਸ਼ ਤਾਂ ਕੀਤਾ ਜਾ ਸਕਦਾ ਹੈ ਪਰ
ਸ਼ਬਦ ਦਾ ਸਿਧਾਂਤ ਹੋਰ ਦਾ ਹੋਰ ਹੋ ਜਾਂਦਾ ਹੈ।
ਬਹੁਤੇ ਲੋਕ ਤਾਂ ਕੇਵਲ ਤਰਜ਼ ਨਾਲ ਹੀ ਸਬੰਧ ਰੱਖਦੇ ਹਨ। ਕਈਆਂ ਨੂੰ ਉਂਜ ਹੀ
ਸਿਰ ਹਿਲਾਉਣ ਦੀ ਆਦਤ ਬਣੀ ਹੁੰਦੀ ਹੈ। ਜਦੋਂ ਇੱਕ ਨੇ ਸਿਰ ਹਿਲਾਇਆ ਤਾਂ ਕੋਲ ਬੈਠੇ ਦੇ ਮਨ ਵਿੱਚ
ਖਿਆਲ ਆਉਂਦਾ ਹੈ ਕਿ ਜੇ ਮੈਂ ਸਿਰ ਨਾ ਹਿਲਾਇਆ ਤਾਂ ਲੋਕਾਂ ਕਹਿਣਾ ਹੈ ਇਸ ਨੂੰ ਕੀਰਤਨ ਦਾ ਰਸ ਨਹੀਂ
ਆਇਆ ਹੋਣਾ। ਉਹ ਲੋਕਾਂ ਵਿੱਚ ਭੱਲ ਬਣਾਉਣ ਲਈ ਵੇਖਾ ਵੇਖੀ ਸਿਰ ਹਿਲਾਈ ਜਾਣਗੇ। ਕਈ ਅੱਖਾਂ ਬੰਦ
ਕਰਕੇ ਕੀਰਤਨ ਸੁਣਨ ਨੂੰ ਤਰਜੀਹ ਦੇਂਦੇ ਹਨ। ਚਲੋ ਸ਼ਬਦ ਕੀਰਤਨ ਸੁਣਨ ਦੀ ਹਰ ਬੰਦੇ ਦੀ ਆਪਣੀ ਆਪਣੀ
ਸ਼ੈਲ਼ੀ ਹੈ। ਚਾਹੀਦਾ ਤਾਂ ਇਹ ਹੈ ਕਿ ਸ਼ਬਦ ਦੀ ਰਹਾਉ ਵਾਲੀ ਤੁਕ ਦਾ ਅਧਾਰ ਬਣਾ ਕੇ ਕੀਰਤਨ ਕੀਤਾ ਜਾਏ
ਤਾਂ ਕਿ ਸਿਧਾਂਤ ਦੀ ਸਮਝ ਆ ਸਕੇ। ਕੋਈ ਵੀ ਸੁਝਾਅ ਇਹਨਾਂ ਦੇ ਮੁਆਫਕ ਨਹੀਂ ਆ ਸਕਦਾ। ਸਭ ਤੋਂ ਵੱਡਾ
ਸੁਆਲ ਹੈ ਕਿ ਕੀ ਸ਼ਬਦ ਕੀਰਤਨ ਸੁਣਨ ਨਾਲ ਸਾਨੂੰ ਸ਼ਬਦ ਦੇ ਸਿਧਾਂਤ ਦੀ ਸਮਝ ਆ ਗਈ ਹੈ? ਚਾਹੀਦਾ ਤਾਂ
ਇਹ ਸੀ ਕਿ ਸ਼ਬਦ ਕੀਰਤਨ ਦੁਆਰਾ ਸਾਨੂੰ ਸਿਧਾਂਤ ਦੀ ਸਮਝ ਆਉਂਦੀ ਪਰ ਅਜੇਹਾ ਹੋਇਆ ਨਹੀਂ ਹੈ। ਕਈ
ਵਾਰੀ ਤਾਂ ਏਦਾਂ ਸਮਝ ਆਉਂਦੀ ਹੈ ਕਿ ਸ਼ਾਇਦ ਕੀਰਤਨ ਕੰਨ ਰਸ ਤੀਕ ਸਮਿਤ ਹੋ ਕੇ ਰਹਿ ਗਿਆ ਹੈ।
ਹੁਣ ਦੇਖੋ ਗੁਰਦੁਆਰੇ ਅੰਦਰ ਜਿਹੜੇ ਸ਼ਬਦ ਜਾਂ ਸਲੋਕ ਦਾ ਕੀਰਤਨ ਹੋ ਰਿਹਾ
ਹੁੰਦਾ ਹੈ ਅਸੀਂ ਓਸੇ ਸ਼ਬਦ ਦੇ ਸਿਧਾਂਤ ਦਾ ਪੂਰਾ ਪੂਰਾ ਵਿਰੋਧ ਕਰਦੇ ਹੋਏ ਦੇਖੇ ਜਾ ਸਕਦੇ ਹਨ।
ਫੁੱਲ, ਧੁਪ, ਪੂਜਾ-ਪਾਠ, ਇਸ਼ਨਾਨ ਤੇ ਚੁਲੀਆਂ ਭਰਨੀਆਂ ਆਮ ਦੇਖੀਆਂ ਜਾ ਸਕਦੀਆਂ ਹਨ ਜਦ ਕੇ ਗੁਰਬਾਣੀ
ਸਿਧਾਂਤ ਇਹਨਾਂ ਨੂੰ ਨਿਕਾਰਦਾ ਹੈ ਇਸ ਵਿਚਾਰ ਨੂੰ ਸਮਝਣ ਲਈ ਇੱਕ ਸਲੋਕ ਦੀ ਵਿਚਾਰ ਕੀਤੀ ਜਾਏਗੀ--
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ।।
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ।।
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ।।
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ।।
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ।।
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ।। ੨।।
ਸਲੋਕ ਮ: ੧ (ਪੰਨਾ ੧੨੪੦
ਅੱਖਰੀਂ
ਅਰਥ-— ਹੇ ਨਾਨਕ! (ਨਿਰਾ ਪਾਣੀ ਨਾਲ
ਚੁਲੀਆਂ ਕੀਤਿਆਂ ਆਤਮਕ ਜੀਵਨ ਵਿੱਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ
ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ—ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ
ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ
ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ
ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਨਸਾਫ਼ ਚੁਲੀ ਹੈ।
ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ
ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ
ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ
ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ। ੨।
ਵਿਚਾਰ ਚਰਚਾ—
ਸਮੇਂ ਨੇ
ਬਹੁਤ ਤਰੱਕੀ ਕੀਤੀ ਹੈ। ਪੈਦਲ ਤੁਰਨ ਵਾਲੇ ਬੰਦੇ ਨੇ ਹਾਥੀਆਂ, ਘੋੜਿਆਂ ਦੀ ਸਵਾਰੀ ਕਰਕੇ ਆਪਣੀ
ਮੰਜ਼ਿਲ ਨੂੰ ਸੌਖਾ ਕੀਤਾ ਸੀ। ਪਹੀਏ ਦੀ ਕਾਢ ਨੇ ਮਹੀਨਿਆਂ ਦੇ ਪੈਂਡੇ ਨੂੰ ਕੁੱਝ ਘੰਟਿਆਂ ਵਿੱਚ ਤਹਿ
ਕਰਕੇ ਨਵਾਂ ਮਾਰਕਾ ਮਾਰਿਆ ਹੈ। ਹਵਾਈ ਜਹਾਜ਼ ਦੀ ਕਾਢ ਨੇ ਘੰਟਿਆਂ ਦੇ ਸਫਰ ਨੂੰ ਮਿੰਟਾਂ ਵਿੱਚ ਮੁਕਾ
ਦਿੱਤਾ ਹੈ। ਅੱਜ ਕੁੱਝ ਲੋੜਾਂ ਪੁਰਾਣੀਆਂ ਨਹੀਂ ਰਹੀਆਂ ਸਗੋਂ ਨਵੀਆਂ ਲੋੜਾਂ ਨੇ ਜਨਮ ਲਿਆ ਹੈ।
ਜਦੋਂ ਤੋਂ ਗੁਰੂ ਸਾਹਿਬ ਜੀ ਨੇ ਸ਼ਹਿਰਾਂ ਦੀ ਸਿਰਜਣਾ ਕਰਨੀ ਅਰੰਭੀ ਸੀ ਤਾਂ
ਨਾਲ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਂਦਾ ਸੀ। ਦੂਰ
ਦੁਰਾਡੇ ਤੋਂ ਆਉਣ ਵਾਲੀ ਸੰਗਤ ਲਈ ਸਰੋਵਰਾਂ ਸਰਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ। ਇਹ
ਪ੍ਰੰਪਰਾ ਅੱਜ ਵੀ ਕਾਇਮ ਹੈ ਫਰਕ ਕੇਵਲ ਇਤਨਾ ਹੈ ਕਿ ਹੁਣ ਸਰਾਵਾਂ ਵਿੱਚ ਕਮਰਾ ਲੈਣ ਲਈ ਕਿਸੇ
ਜੱਥੇਦਾਰ ਦੀ ਸਿਫਰਾਸ਼ ਪਵਾਉਣੀ ਪੈਂਦੀ ਹੈ। ਪੁਰਾਣੇ ਸਮੇਂ ਵਿੱਚ ਲੋਕ ਪੈਦਲ ਚੱਲ ਕੇ ਆਉਂਦੇ ਸਨ।
ਪੈਰ ਮਿੱਟੀ ਘੱਟੇ ਨਾਲ ਭਰ ਜਾਂਦੇ ਸਨ। ਸਫ਼ਾਈ ਨੂੰ ਮੁੱਖ ਰੱਖਦਿਆਂ ਪੈਰ ਧੋਣ ਦਾ ਢੁੱਕਵਾਂ ਪ੍ਰਬੰਧ
ਕੀਤਾ ਜਾਂਦਾ ਸੀ। ਇਹ ਪ੍ਰਬੰਧ ਪਹਿਲਾਂ ਇਤਿਹਾਸਕ ਗੁਰਦੁਆਰਿਆਂ ਵਿੱਚ ਹੀ ਹੁੰਦਾ ਸੀ। ਅੱਜ ਕਲ੍ਹ ਕੀ
ਪੰਜਾਬ ਤੇ ਕੀ ਪੰਜਾਬ ਤੋਂ ਬਾਹਰ ਪਿੱਛਲੇ ਵੀਹ ਕੁ ਸਾਲਾਂ ਤੋਂ ਜ਼ਿਆਦਾ ਗੁਰਦੁਆਰਿਆਂ ਦੇ ਬਾਹਰ ਪੈਰ
ਧੋਣ ਲਈ ਇੱਕ ਖਾਲ਼ੀ ਜੇਹੀ ਬਣਾਈ ਜਾਂਦੀ ਹੈ। ਕਈਆਂ ਗੁਰਦੁਆਰਿਆਂ ਵਿੱਚ ਪਾਣੀ ਦੇ ਨਿਕਾਸ ਦਾ
ਢੁੱਕਵਾਂ ਪ੍ਰਬੰਧ ਹੈ ਪਰ ਕਈਆਂ ਗੁਰਦੁਆਰਿਆਂ ਵਿੱਚ ਇੱਕ ਵਾਰੀ ਪਾਣੀ ਨਾਲ ਖਾਲ਼ੀ ਭਰ ਦਿੱਤੀ ਜਾਂਦੀ
ਹੈ ਫਿਰ ਸਾਰਾ ਦਿਨ ਓਸੇ ਪਾਣੀ ਨਾਲ ਹੀ ਪੈਰ ਡੋਬ ਡੋਬ ਕੇ ਸੰਗਤ ਅੱਗੇ ਆਉਂਦੀ ਹੈ। ਕਈ ਪਾਣੀ
ਵਾਲੀਆਂ ਖਾਲ਼ੀਆਂ ਵਿੱਚ ਜਾਲ਼ਾ ਜੰਮਿਆ ਹੁੰਦਾ ਹੈ ਤੇ ਉਹਨਾਂ ਨੂੰ ਕਦੀ ਸਾਫ਼ ਹੀ ਨਹੀਂ ਕੀਤਾ ਹੁੰਦਾ।
ਮਾਲਵੇ ਦੇ ਆਮ ਦੀਵਾਨਾਂ ਵਿੱਚ ਆਰਜ਼ੀ ਪਰਬੰਧ ਦੇਖਣ ਨੂੰ ਮਿਲਦਾ ਹੈ। ਆਰਜ਼ੀ
ਪ੍ਰਬੰਧ ਵਿੱਚ ਪਾਣੀ ਅੱਤ ਗੰਦਾ ਹੋ ਜਾਂਦਾ ਹੈ। ਹੈਰਾਨਗੀ ਦੀ ਗੱਲ ਦੇਖੋ ਲੋਕ ਉਸ ਗੰਦੇ ਪਾਣੀ ਨਾਲ
ਜਿੱਥੇ ਪੈਰ ਧੌਂਦੇ ਹਨ, ਓੱਥੇ ਕਈ ਚੁੱਲ਼ੀਆਂ ਭਰ ਭਰ ਪੀਵੀ ਜਾਂਦੇ ਹਨ ਤੇ ਕਈ ਉਸ ਗੰਦੇ ਪਾਣੀ ਨੂੰ
ਸਿਰ ਦੇ ਊਪਰ ਦੀ ਸੁਟੀ ਜਾਣਗੇ। ਭੋਲੇ ਲੋਕ ਉਸ ਨੂੰ ਅੰਮ੍ਰਿਤ ਕਹੀ ਜਾਣਗੇ। ਜੇ ਕੋਈ ਸਮਝਾਉਣ ਦਾ
ਯਤਨ ਕਰਦਾ ਹੈ ਤਾਂ ਅੱਗੋਂ ਘੜਿਆ ਘੜਾਇਆ ਉੱਤਰ ਮਿਲਦਾ ਹੈ ਕਿ ਦੇਖੋ ਜੀ ਸਾਨੂੰ ਕਿਸੇ ਦੀ ਸ਼ਰਧਾ
ਨਹੀਂ ਤੋੜਨੀ ਚਾਹੀਦੀ। ਕਈ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਜੀ ਇਹ ਅੰਮ੍ਰਿਤ ਪੀਣ ਨਾਲ ਤਾਂ
ਫਲਾਣੇ ਦੀ ਫਲਾਣੀ ਬਿਮਾਰੀ ਦੂਰ ਹੋ ਗਈ ਸੀ, ਡਾਕਟਰਾਂ ਨੇ ਤਾਂ ਉਸ ਨੂੰ ਇੱਕ ਤਰ੍ਹਾਂ ਨਾਲ ਜਵਾਬ ਹੀ
ਦੇ ਦਿੱਤਾ ਹੋਇਆ ਸੀ। ਗਰਮੀਆਂ ਦਿਆਂ ਦਿਨਾਂ ਵਿੱਚ ਅਜੇਹਿਆਂ ਪਾਣੀਆਂ ਵਿੱਚ ਕੁੱਤੇ ਆਮ ਹੀ ਬੈਠੇ
ਮਿਲਦੇ ਹਨ। ਬਾਕੀ ਪੈਰ ਧੋਣ ਵਾਲਾ ਗੰਦਾ ਪਾਣੀ ਪੀਣ ਨਾਲ ਕਦੇ ਵੀ ਮਨ ਦੀ ਸ਼ੁਧੀ ਨਹੀਂ ਹੋ ਸਕਦੀ ਪਰ
ਬਿਮਾਰੀਆਂ ਜ਼ਰੂਰ ਲੱਗ ਸਕਦੀਆਂ ਹਨ। ਗੁਰਬਾਣੀ ਵਾਕ ਹੈ—
ਅਲੁ ਮਲੁ ਖਾਈ ਸਿਰਿ ਛਾਈ ਪਾਈ।। ਮੂਰਖਿ ਅੰਧੈ ਪਤਿ ਗਵਾਈ।।
ਸਲੋਕ ਮ: ੧ ਪੰਨਾ ੪੬੭
ਉਪਰੋਕਤ ਸਲੋਕਾਂ ਦਾ ਸਾਰਿਆਂ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਹੈ ਪਰ ਕਦੇ
ਇਹਨਾਂ ਸਲੋਕ ਦੇ ਸਿਧਾਂਤ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਇਸ ਸਲੋਕ ਦੀ ਪਹਿਲੀ ਤੁਕ ਵਿੱਚ ਗੁਰਦੇਵ
ਪਿਤਾ ਜੀ ਫਰਮਾਉਂਦੇ ਹਨ ਜੇ ਬੰਦਾ ਨਿਰਾ ਕੁਰਲੀਆਂ ਹੀ ਕਰੀ ਜਾਏਗਾ ਤਾਂ ਮਨ ਵਿੱਚ ਕਦੇ ਵੀ ਸੁਚਮਤਾ
ਨਹੀਂ ਆ ਸਕਦੀ। ਮਹਾਨ ਕੋਸ਼ ਅਨੁਸਾਰ ਚੁਲ਼ੀ ਦੇ ਅਰਥ ਇਹ ਹਨ—
੧ ਕੁਰਲੀ ਮੂੰਹ ਸਾਫ਼ ਕਰਨ ਲਈ ਵਰਤਿਆ ਜਲ।
੨ ਹੱਥ ਵਿੱਚ ਜਿਤਨਾ ਜਲ ਆ ਸਕੇ।
੩ ਕਿਸੇ ਸੰਕਲਪ ਨੂੰ ਪ੍ਰਤਿਗਿਆ ਦੀ ਸ਼ਕਲ ਵਿੱਚ ਪ੍ਰਗਟ ਕਰਨ ਲਈ ਹੱਥ ਵਿੱਚ
ਜਲ ਲੈਣਾ ਤੇ ਤਿਆਗਣਾ। ਜਿੱਥੇ ਚੁਲੀ ਦੇ ਅਰਥ ਹਨ ਓੱਥੇ ਚੁਲੇ ਦੇ ਵੀ ਮਹਾਨ ਕੋਸ਼ ਵਿੱਚ ਅਰਥ ਇਸ
ਤਰ੍ਹਾਂ ਹਨ
੧ ਇੱਕ ਹੱਥ ਨਾਲ ਲਿਆ ਹੋਇਆ ਜਲ।
੨ ਕੁਰਲੀ ਮੂੰਹ ਸਾਫ਼ ਕਰਨ ਲਈ ਮੁੱਖ ਵਿੱਚ ਲੀਤਾ ਪਾਣੀ।
੩ ਕੁਰਲੀ ਕਰਕੇ ਵਾਹਿਗੁਰੂ ਅੱਗੇ ਪ੍ਰਾਥਨਾ ਕਰਨੀ—ਦਾਣਾ ਪਾਣੀ ਗੁਰੂ ਕਾ,
ਟਹਿਲ ਭਾਵਨੀ ਸਿੱਖਾਂ ਦੀ, ਤੇਰੀ ਦੇਗੋਂ ਪ੍ਰਸ਼ਾਦ ਛੱਕਿਆ, ਦੇਗ ਸਵਾਈ ਤੇਗ ਫਤਹ, ਜੋ ਜੀਅ ਆਵੇ ਸੋ
ਰਾਜੀ ਜਾਵੇ, ਤੇਰਾ ਨਾਮ ਚਿੱਤ ਆਵੇ ਇਤਿਆਦਿਕ।
ਮੰਦਰਾਂ ਦੀ ਤਰਜ਼ `ਤੇ ਕੁੱਝ ਗੁਰਦੁਆਰਿਆਂ ਵਿੱਚ ਵੀ ਚੁਲੇ ਦੇਣ ਦਾ ਪੂਰਾ
ਪ੍ਰਬੰਧ ਕੀਤਾ ਗਿਆ ਹੈ। ਲੋਕ ਗੁਰਬਾਣੀ ਘੱਟ `ਤੇ ਪਾਣੀ ਵਾਲਾ ਚੁਲਾ ਵੱਧ ਲੈ ਕੇ ਸਮਝਦੇ ਹਨ ਕਿ
ਸਾਡੇ ਸਾਰੇ ਪਾਪ ਧੋਤੇ ਗਏ ਹਨ।
ਅਸਲ ਵਿੱਚ ਸੱਚੀਆਂ ਚੁਲ਼ੀਆਂ ਕਿਹੜੀਆਂ ਹਨ ਇਹਨਾਂ ਦਾ ਵਿਸਥਾਰ ਗੁਰਦੇਵ ਪਿਤਾ
ਜੀ ਦਸਦੇ ਹਨ।
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ।।
ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਨਿਰਾ ਚੁਲੀਆਂ ਭਰਨ ਨਾਲ ਆਤਮਿਕ ਜੀਵਨ
ਵਿੱਚ ਸੁੱਚ ਨਹੀਂ ਆ ਸਕਦੀ। ਜੇ ਕੋਈ ਮਨੁੱਖ ਸੱਚੀ ਚੁਲੀ ਭਰ ਲਏ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ
ਹੈ। ਸੱਚੀਆਂ ਚੁਲੀਆਂ ਕਿਹੜੀਆਂ ਹਨ? ਵਿਦਵਾਨ ਲਈ ਚੁਲੀ ਵਿਚਾਰ ਦੀ ਹੈ। ਉਹ ਸੱਚੀ ਵਿਚਾਰ ਲੋਕਾਂ ਦੇ
ਸਾਹਮਣੇ ਰੱਖੇ। ਜੇ ਵਿਦਵਾਨ ਮੁੰਡੇ ਹੋਣ ਦੀਆਂ ਅਰਦਾਸਾਂ ਕਰੇ ਤਾਂ ਉਹ ਵਿਦਵਾਨ ਕਾਹਦਾ ਹੋਇਆ? ਅੱਜ
ਵਿਚਾਰਵਾਨ ਲੋਕ ਹੀ ਲੋਕਾਂ ਵਿੱਚ ਪੂਰਾ ਪੂਰਾ ਵਹਿਮ ਪਾ ਰਹੇ ਹਨ। ਇਹਨਾਂ ਵਿਦਵਾਨਾਂ ਦੀ ਬਦੋਲਤ ਹੀ
ਆਮ ਲੋਕਾਂ ਨੇ ਹੱਥਾਂ ਵਿੱਚ ਨਗ੍ਹ ਪਾਏ ਹੋਏ ਹਨ। ਇਹਨਾਂ ਵਿਦਵਾਨਾਂ ਦੀ ਬਦੋਲਤ ਹੀ ਲੋਕ ਵਗਦੇ
ਪਾਣੀਆਂ ਵਿੱਚ ਨਿਕਸੁਕ ਸੁੱਟ ਰਹੇ ਹਨ। ਜੇ ਵਿਚਾਰਵਾਨ ਦੇ ਅੰਦਰ ਹੀ ਸੱਚ ਨਹੀਂ ਟਿਕਿਆ ਤਾਂ ਲੋਕਾਂ
ਨੂੰ ਕੀ ਉਪਦੇਸ਼ ਦੇਵੇਗਾ? ਇਤਿਹਾਸਕ ਗੁਰਦੁਆਰਿਆਂ ਵਿੱਚ ਬੈਠ ਕੇ ਵਿਚਾਰਵਾਨ ਲੋਕ ਇਹ ਕਹਿਣ ਕਿ ਸਤ
ਸੰਗੀ ਜੀਓ ਬਾਹਰ ਚੁਲਾ ਮਿਲਦਾ ਹੈ ਤੁਸੀਂ ਚੁਲਾ ਲੈ ਕੇ ਆਪਣਾ ਜੀਵਨ ਸਫਲਾ ਕਰੋ। ਉਹਨਾਂ ਦੇ ਕਹਿਣ
ਦਾ ਭਾਵ ਹੈ ਕਿ ਗੁਰਬਾਣੀ ਭਾਂਵੇ ਨਾ ਸੁਣਿਆ ਜੇ ਪਰ ਪਾਣੀ ਦਾ ਚੁਲਾ ਜ਼ਰੂਰ ਲੈ ਕੇ ਜਾਣਾ।
ਜੇ ਘਰ ਦਾ ਰਾਖਾ ਹੀ ਘਰ ਨੂੰ ਲੁਟਣ `ਤੇ ਲੱਗਿਆ ਹੋਇਆ ਹੋਵੇ ਫਿਰ ਇਸ ਦਾ
ਬਚਾ ਕਿਵੇਂ ਹੋ ਸਕਦਾ ਹੈ? ਕੀ ਅਜੇਹੀਆਂ ਵਿਚਾਰਾਂ ਨਾਲ ਕੌਮ ਤਰੱਕੀ ਕਰ ਸਕਦੀ ਹੈ? ਜੋਗੀਆਂ ਦੀ ਗੱਲ
ਕਰਦਿਆਂ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਅਸਲੀ ਜੋਗੀ ਉਹ ਹੀ ਹੈ ਜਿਹੜਾ ਕਾਮ ਵਾਸ਼ਨਾ ਤੋਂ ਬਚਿਆ
ਹੋਇਆ ਹੈ। ਜੋਗੀ ਨੇ ਭਾਂਵੇ ਗ੍ਰਹਿਸਤ ਧਾਰਨ ਨਹੀਂ ਕੀਤਾ ਪਰ ਮਨ ਵਿੱਚ ਕਾਮਵਾਸ਼ਨਾ ਦੁੜੰਗੇ ਮਾਰ ਰਹੀ
ਹੈ ਤਾਂ ਫਿਰ ਉਹ ਕਾਹਦਾ ਜੋਗੀ ਹੋਇਆ? ਸਿੱਖੀ ਵਿੱਚ ਜੋਗੀ ਤਾਂ ਭਾਂਵੇ ਨਜ਼ਰ ਨਹੀਂ ਆਉਂਦੇ ਪਰ
ਚਿੱਟਿਆਂ ਚੋਲਿਆਂ ਵਾਲੇ ਗ੍ਰਹਿਸਤ ਤੋਂ ਭਗੋੜਿਆਂ ਸਾਧਾਂ ਦੀਆਂ ਧਾੜਾਂ ਜ਼ਰੂਰ ਹਰਲ ਹਰਲ ਕਰਦੀਆਂ
ਫਿਰਦੀਆਂ ਨਜ਼ਰ ਆਉਂਦੀਆਂ ਹਨ। ਇਹਨਾਂ ਵਿਚੋਂ ਬਹੁਤਿਆਂ ਦੀਆਂ ਕਾਲ਼ੀਆਂ ਕਰਤੂਤਾਂ ਅਕਸਰ ਅਖਬਾਰਾਂ ਦਾ
ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ।
"ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ"
ਸਲੋਕ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਨੇ ਇੱਕ ਉਸ ਵਿਆਕਤੀ ਦਾ ਜ਼ਿਕਰ
ਕੀਤਾ ਹੈ ਜਿਹੜਾ ਆਪਣੇ ਆਪ ਨੂੰ ਧਰਮੀ ਤੇ ਰੱਬ ਦੇ ਨੇੜੇ ਅਖਾਵਉਂਦਾ ਹੈ। ਹੁਣ ਸਿੱਖੀ ਵਿੱਚ ਬੋਦੀ
ਵਾਲੇ ਬ੍ਰਾਹਮਣ ਤਾਂ ਨਹੀਂ ਦਿਸਦੇ ਪਰ ਚਿੱਟਿਆਂ ਚੋਲਿਆਂ ਵਾਲੇ, ਪਜਾਮਿਆਂ ਤੋਂ ਰਹਿਤ, ਗਿੱਚੀ ਤੋਂ
ਉੱਚੀਆਂ ਪੱਗਾਂ ਏਦਾਂ ਬੰਨ੍ਹੀਆਂ ਹੁੰਦੀਆਂ ਹਨ ਜਿਸ ਤਰ੍ਹਾਂ ਉਂਗਲ਼ਾਂ `ਤੇ ਪੱਟੀਆਂ ਕੀਤੀਆਂ
ਹੁੰਦੀਆਂ ਹਨ, ਅਜੇਹੀ ਹੇੜ ਪੰਜਾਬ ਦੇ ਹਰ ਮੋੜ `ਤੇ ਮਿਲ ਜਾਵੇਗੀ। ਇਹਨਾਂ ਦਾ ਸੰਤੋਖ ਚਮ੍ਹ ਚੰਮ੍ਹ
ਕਰਦੀਆਂ ਮਹਿੰਗੀਆਂ ਤੇ ਵੱਡ ਅਕਾਰੀ ਇਮਾਰਤਾਂ ਡੇਰਿਆਂ ਤੋਂ ਦੇਖਿਆ ਜਾ ਸਕਦਾ ਹੈ। ਇਹਨਾਂ ਦੇ ਚੇਲੇ
ਇਹ ਪ੍ਰਚਾਰ ਕਰਦੇ ਹਨ ਕਿ ਜੀ ਸਾਡੇ ਬਾਬਾ ਜੀ ਤਾਂ ਕਿਸੇ ਮਾਇਆ ਨੂੰ ਹੱਥ ਨਹੀਂ ਲਉਂਦੇ। ਇਹਨਾਂ ਦੇ
ਸੰਤੋਖ ਦਾ ਓਦੋਂ ਹੀ ਪਤਾ ਲੱਗਦਾ ਹੈ ਜਦੋਂ ਮਰ ਚੁੱਕੇ ਸਾਧ ਦੀ ਪੱਗ ਲੈਣੀ ਹੁੰਦੀ ਹੈ।
"ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨ"
ਗ੍ਰਹਿਸਤੀ ਲਈ ਚੁਲੀ ਉਚਾ ਆਚਰਣ ਤੇ ਮਨੁੱਖਤਾ ਦੀ ਸੇਵਾ ਆਉਂਦਾ ਹੈ।
ਅੱਜ ਲੋਕਰਾਜੀ ਰਾਜ ਹੈ ਇਸ ਵਿੱਚ ਰਾਜੇ ਤਾਂ ਕਿਤੇ ਨਜ਼ਰ ਨਹੀਂ ਆਉਂਦੇ ਪਰ
ਲੋਕਾਂ ਦੁਆਰਾ ਚੁਣੀ ਹੋਈ ਹਾਕਮ ਧਿਰ ਹੁੰਦੀ ਹੈ। ਜਿੰਨਾਂ ਨੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ।
ਉਹ ਲੋਕ ਆਪਣੇ ਹੀ ਕਾਰੋਬਾਰ ਚਮਕਾਉਣ ਵਿੱਚ ਲੱਗੇ ਹੋਏ ਹਨ। ਇਨਸਾਫ਼ ਨਾ ਦੀ ਕੋਈ ਚੀਜ਼ ਨਜ਼ਰ ਨਹੀਂ
ਆਉਂਦੀ। ਹਾਕਮ ਪਾਰਟੀਆਂ ਨਾਲ ਸਬੰਧਿਤ ਲੋਕ ਆਪਣੀ ਮਰਜ਼ੀ ਦਾ ਵਪਾਰ ਕਰਦੇ ਹਨ। ਜਿਹੜਾ ਇਹਨਾਂ ਦੇ ਰਾਹ
ਦਾ ਰੋੜਾ ਬਣਦਾ ਹੈ ਉਸ ਤੇ ਅਣਮਨੁੱਖੀ ਕਹਿਰ ਵੀ ਢਾਹਿਆ ਜਾਂਦਾ ਹੈ। ਆਹ ਪਿੱਛੇ ਜੇਹੇ ਹੀ ਇੱਕ ਬੰਦੇ
ਦੇ ਹੱਥ ਪੈਰ ਵੱਢ ਕੇ ਉਸ ਨੂੰ ਸਦਾ ਦੀ ਨੀਂਦ ਸਵਾ ਦਿੱਤਾ ਗਿਆ। ਅਜੇਹਿਆਂ ਕੇਸਾਂ ਵਿੱਚ ਵੀ ਲੋਕਾਂ
ਨੂੰ ਇਨਸਾਫ਼ ਲੈਣ ਲਈ ਦਰ ਦਰ ਭਟਕਣਾ ਪੈਂਦਾ ਹੈ। ਅੱਜ ਦੇ ਰਾਜਿਆਂ ਦਾ ਇਨਸਾਫ਼ ਆਪਣੀ ਧਿਰ ਲਈ ਹੋਰ
ਹੁੰਦਾ ਹੈ ਤੇ ਆਪਣੇ ਤੋਂ ਵਿਰੋਧੀ ਪਾਰਟੀਆਂ ਲਈ ਹੋਰ ਹੁੰਦਾ ਹੈ।
"ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ"
ਪਾਣੀ ਪੀਣ ਨਾਲ ਹੀ ਸਰੀਰਕ ਪਿਆਸ ਬੁਝਦੀ ਹੈ ਪਰ ਕੁਰਲੀ ਕਰਨ ਨਾਲ ਕਦੇ ਵੀ
ਪਿਆਸ ਨਹੀਂ ਬੁਝ ਸਕਦੀ। ਜਿਵੇਂ ਪਹਿਲਾਂ ਲਿਖ ਆਏ ਹਾਂ ਹਿੰਦੂ ਮੰਦਰਾਂ ਵਾਂਗ ਗੁਰਦੁਆਰਿਆਂ ਵਿੱਚ ਵੀ
ਚੁਲ਼ੇ ਦਿੱਤੇ ਜਾ ਰਹੇ ਹਨ। ਇਹਨਾਂ ਚੁਲਿਆਂ ਨਾਲ ਮਨ ਕਦੇ ਵੀ ਸਾਫ਼ ਨਹੀਂ ਹੋ ਸਕਦਾ।
"ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ"।
ਜੇ ਬੰਦਾ ਇਹ ਸਮਝਦਾ ਹੈ ਕਿ ਮੈਂ ਗੁਰਦੁਆਰੇ ਤੋਂ ਚੁਲ਼ਾ ਲੈ ਲਿਆ ਹੈ ਹੁਣ
ਮੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਤਾਂ ਇਹ ਬਹੁਤ ਵੱਡਾ ਧੋਖਾ ਹੈ। ਪਾਣੀ ਦਾ ਚੁਲ਼ਾ ਲੈਣ ਨਾਲ
ਪਵਿੱਤਰ ਹੋਣ ਦੀ ਥਾਂ `ਤੇ ਸਗੋਂ ਭਰਮਾਂ ਵਿੱਚ ਪੈ ਗਿਆ ਕਿਉਂਕਿ ਪਾਣੀ ਵਿੱਚ ਵੀ ਜੀਵ ਜੰਤੂ ਰਹਿੰਦੇ
ਹਨ। ਪਾਣੀ ਕਰਕੇ ਸਾਰੇ ਸੰਸਾਰ ਦੀ ਉਤਪਤੀ ਹੁੰਦੀ ਹੈ ਪਰ ਪਾਣੀ ਦਾ ਚੁਲ਼ਾ ਲੈ ਕੇ ਆਪਣੇ ਆਤਮਿਕ ਗੁਣ
ਗਵਾ ਲਏ ਕਿਉਂਕਿ ਬੰਦਾ ਇਹ ਸਮਝਦਾ ਹੈ ਹੁਣ ਮੈਂ ਜਿੰਨੇ ਮਰਜ਼ੀ ਭੈੜੇ ਕੰਮ ਕਰਾ ਲਵਾਂ ਸਾਰੇ ਮੁਆਫ਼ ਹੋ
ਜਾਣੇ ਹਨ ਕਿਉਂਕਿ ਮੈਂ ਧਾਰਮਿਕ ਸਥਾਨ ਤੋਂ ਪਾਣੀ ਦਾ ਚੁਲਾ ਲੈ ਲਿਆ ਹੈ। ਇਸ ਪਾਣੀ ਦੇ ਚੁਲੇ ਨੇ
ਆਤਮਿਕ ਗੁਣ ਹਾਸਲ ਕਰਨ ਵਿੱਚ ਰੁਕਾਵਟ ਖੜੀ ਕਰ ਦਿੱਤੀ ਹੈ।
ਪਾਣੀ ਜਗਤ ਦਾ ਮੂਲ ਹੈ ਪਰ ਜਦੋਂ ਪਾਣੀ ਦੁਆਰਾ ਹੀ ਕਰਮ ਕਾਂਡ ਕਰਦੇ ਹਾਂ
ਤਾਂ ਸਾਡੇ ਆਤਮਿਕ ਗੁਣ ਖਾ ਰਿਹਾ ਹੁੰਦਾ ਹੈ।
"ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ"
ਪਾਣੀ ਦੁਆਰਾ ਮਿੱਥੇ ਹੋਏ ਕਰਮ ਕਰਨੇ ਹੀ ਮਨੁੱਖ ਨੂੰ ਖਾ ਜਾਂਦੇ ਹਨ। ਪਾਣੀ
ਜਿੱਥੇ ਮਨੁਖ ਲਈ ਸੁਖ ਦੇਂਦਾ ਹੈ ਓੱਥੇ ਪਾਣੀ ਦੁਆਰਾ ਇਸ ਫੋਕਟ ਕਰਮ ਕਰਨ ਨਾਲ ਇਸ ਦਾ ਆਤਮਿਕ ਵਿਕਾਸ
ਵੀ ਰੁਕ ਜਾਂਦਾ ਹੈ।
ਜੇ ਗੁਰਦੁਆਰਿਆਂ ਵਿੱਚ ਪਾਣੀ ਦੀਆਂ ਗਾਗਰਾਂ ਰੱਖੀਆਂ ਹੋਣ ਤੇ ਉਸ ਵਿਚੋਂ
ਚੁਲੇ ਲਏ ਜਾਣ
ਜੇ ਗੁਰਦੁਆਰੇ ਦੇ ਭਾਈ ਮੰਦਰਾਂ ਦਿਆਂ ਪੁਜਾਰੀਆਂ ਵਾਂਗ ਪਾਣੀਆਂ ਵਿੱਚ
ਫੂਕਾਂ ਮਾਰ ਕੇ ਦੇਣ,
ਜੇ ਇਤਿਹਾਸਕ ਗੁਰਦੁਆਰੇ ਦਾ ਬਾਹਰ ਕੇਤਲੀਆਂ ਵਿੱਚ ਪਾਣੀ ਪਾ ਕੇ ਲੋਕਾਂ ਨੂੰ
ਚੁਲੇ ਦਿੱਤੇ ਜਾਣ,
ਜੇ ਸਰੋਵਰਾਂ ਵਿਚੋਂ ਪਾਣੀਆਂ ਦੀਆਂ ਬੋਤਲਾਂ, ਕੈਨੀਆਂ ਭਰ ਭਰ ਕੇ ਲੋਕ ਘਰਾਂ
ਨੂੰ ਲਿਆਉਣ,
ਜੇ ਸਾਧਾਂ ਦੇ ਖਰੌੜਿਆਂ ਦਾ ਧੋਣ ਸ਼ਰੇਆਮ ਲੋਕ ਪੀਣ,
ਜੇ ਵੱਡੇ ਸਰੋਵਰ ਵਿਚੋਂ ਪਾਣੀ ਦੀਆਂ ਚੁਲੀਆਂ ਪੀਤੀਆਂ ਜਾਣ,
ਜੇ ਪੈਰਾਂ ਵਾਲੇ ਗੰਦੇ ਪਾਣੀ ਦੀਆਂ ਚੁਲੀਆਂ ਪੀਤੀਆਂ ਜਾਣ—
ਕੀ ਉਸ ਕੌਮ ਦਾ ਕੋਈ ਵਿਕਾਸ ਹੋ ਸਕਦਾ ਹੈ?
ਕਿਹਾ ਜਾਏਗਾ ਇਹਨਾਂ ਨੂੰ `ਤੇ ਪਾਣੀ ਹੀ ਖਾ ਗਿਆ ਲਗਦਾ ਹੈ।