ਭਗਤਾਂ ਕੀ ਚਾਲ ਨਿਰਾਲੀ ॥
(ਭਗਤ ਪ੍ਰਹਲਾਦ)
ਪਿਛਲੇ ਲੇਖਾਂ ਵਿਚ ਅਸੀਂ ਭਗਤ ਕਬੀਰ, ਭਗਤ ਨਾਮਦੇਵ ਆਦਿ ਦੀਆਂ ਹੱਡ ਬੀਤੀਆਂ
ਕਹਾਣੀਆਂ ਸੁਣ ਚੁੱਕੇ ਹਾਂ। ਉਸ ਵੇਲੇ ਦੇ ਹੁਕਮਰਾਨਾਂ ਨੇ ਉਨ੍ਹਾਂ ਨੂੰ ਸਜਾ ਇਸ ਲਈ ਦਿੱਤੀ ਕਿ ਉਹ
ਕੇਵਲ ਤੇ ਕੇਵਲ ਪ੍ਰਮਾਤਮਾ ਦੀ ਭਗਤੀ ਕਰਦੇ ਸਨ। ਪ੍ਰਮਾਤਮਾ ਤੋਂ ਬਗੈਰ ਕਿਸੇ ਹੋਰ ਦੀ ਪੂਜਾ ਨਹੀਂ
ਸਨ ਕਰਦੇ। ਬ੍ਰਾਹਮਣ ਲੋਕ ਇਨ੍ਹਾਂ ਦੀ ਵਿਰੋਧਤਾ ਕਰਦੇ ਸਨ। ਉਨ੍ਹਾਂ ਨੇ ਇਨ੍ਹਾਂ ਭਗਤਾਂ ਵਿਰੁੱਧ ਉਸ
ਵੇਲੇ ਦੇ ਹੁਕਮਰਾਨਾਂ ਨੂੰ ਉਕਸਾਇਆ। ਪਰ ਇਹ ਭਗਤ ਅਤੇ ਸਿੱਖ ਗੁਰੂ ਸਾਹਿਬ ਇਨ੍ਹਾਂ ਧਮਕੀਆਂ,
ਸਜਾਵਾਂ ਤੋਂ ਡੋਲੇ ਨਹੀਂ। ਅੰਤ ਪ੍ਰਮਾਤਮਾ ਨੇ ਇਨ੍ਹਾਂ ਦੀ ਲਾਜ ਰੱਖੀ।
ਗੁਰੂ ਰਾਮ ਦਾਸ ਜੀ ਦਾ ਹੁਕਮ ਹੈ ਕਿ -
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ਹਰਣਾਖਸੁ ਦੁਸਟੁ
ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਜਨ ਨਾਨਕ
ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 451)
ਭਗਤ ਪ੍ਰਹਿਲਾਦ ਬਾਰੇ ਵੀ ਇਹੀ ਕਹਾਣੀ ਮਸ਼ਹੂਰ ਹੈ ਕਿ ਉਸ ਨੇ ਸਿਰਫ ਅਕਾਲ
ਪੁਰਖ ਦੀ ਪੂਜਾ ਕੀਤੀ। ਆਪਣੇ ਪਿਤਾ ਹਰਨਾਖਸ਼ ਨੂੰ ਬਿਲਕੁਲ ਨਾ ਧਿਆਇਆ।
ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਭਗਤ ਪ੍ਰਹਿਲਾਦ ਦੀ ਸੰਖੇਪ ਜੀਵਨੀ ਇਸ
ਤਰ੍ਹਾਂ ਲਿਖਦੇ ਹਨ -
‘ਹਰਨਾਖਸ਼ ਦਾ ਪੁੱਤਰ ਅਤੇ ਬਲਿ ਦਾ ਪਿਤਾ। ਪੁਣ ਕਥਾ ਹੈ ਕਿ ਹਰਨਾਖਸ਼ ਨੇ
ਦੇਵਤਿਆਂ ਨਾਲ ਯੁੱਧ ਕਰਕੇ, ਸਵਰਗ ਲੋਕ ਇੰਦਰ ਕੋਲੇ ਲੈ ਲਿਆ ਸੀ। ਇਸ ਦਾ ਪੁੱਤਰ ਪ੍ਰਹਿਲਾਦ ਛੇਵੀਂ
ਅਵਸਥਾ ਵਿਚ ਹੀ ਵਿਸ਼ਨੂੰ ਭਾਵ ਪ੍ਰਮਾਤਮਾ ਦਾ ੳਪਾਸ਼ਕ ਬਣ ਗਿਆ ਜਿਸ ਪਰ ਉਸ ਦਾ ਪਿਤਾ ਬਹੁ ਗੁੱਸੇ
ਹੋਇਆ ਅਤੇ ਪ੍ਰਹਿਲਾਦ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਪਰ ਦੈਂਤਾਂ ਦੇ ਅਸਤਰ, ਸੱਪਾਂ ਦੇ ਡੰਗ,
ਹਾਥੀਆਂ ਦੇ ਦੰਦ, ਅੱਗ ਦੀਆਂ ਲਾਟਾਂ (ਭੂਆ ਹੋਲਕਾਂ ਦੁਆਰਾ) ਆਦਿ ਪ੍ਰਹਿਲਾਦ ਤੇ ਕੁਝ ਵੀ ਅਸਰ ਨਾ
ਕਰ ਸਕੀਆਂ।
ਅੰਤ ਹਰਨਾਖਸ਼ ਨੂੰ ਦੰਡ ਦੇਣ ਲਈ ਵਿਸ਼ਨੂੰ (ਪ੍ਰਮਾਤਮਾ) ਨੇ ਨਰਸਿੰਘ ਦਾ
ਅਵਤਾਰ ਧਾਰਿਆ। (ਪੰਨਾ 795-96)
ਭਗਤ ਪ੍ਰਹਿਲਾਦ ਬਾਰੇ ਮਿਥਿਹਾਸਕ ਕਹਾਣੀ ਗੁਰੂ ਗ੍ਰੰਥ ਸਾਹਿਬ ਵਿਚ ਦੋ
ਥਾਵਾਂ ਤੇ ਦਰਜ ਹੈ। ਇਨ੍ਹਾਂ ਸ਼ਬਦਾਂ ਦਾ ਵੇਰਵਾ ਅਸੀਂ ਇਸ ਲੇਖ ਵਿਚ ਦੇ ਰਹੇ ਹਾਂ।
1. ਗੁਰੂ ਅਮਰ ਦਾਸ ਜੀ
ਭੈਰਉ ਮਹਲਾ 3 ਘਰੁ 2 ੴਸਤਿਗੁਰ ਪ੍ਰਸਾਦਿ ॥
ਤਿਨਿ ਕਰਤੈ ਇਕੁ ਚਲਤੁ ਉਪਾਇਆ ॥ ਅਨਹਦ ਬਾਣੀ ਸਬਦੁ ਸੁਣਾਇਆ ॥ ਮਨਮੁਖਿ
ਭੂਲੇ ਗੁਰਮੁਖਿ ਬੁਝਾਇਆ ॥ ਕਾਰਣੁ ਕਰਤਾ ਕਰਦਾ ਆਇਆ ॥1॥ ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥ ਹਉ
ਕਬਹੁ ਨ ਛੋਡਉ ਹਰਿ ਕਾ ਨਾਮੁ ॥1॥ ਰਹਾਉ ॥ ਪਿਤਾ ਪ੍ਰਹਲਾਦੁ ਪੜਣ ਪਠਾਇਆ ॥ ਲੈ ਪਾਟੀ ਪਾਧੇ ਕੈ ਆਇਆ
॥ ਨਾਮ ਬਿਨਾ ਨਹ ਪੜਉ ਅਚਾਰ ॥ ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥2॥ ਪੁਤ੍ਰ ਪ੍ਰਹਿਲਾਦ
ਸਿਉ ਕਹਿਆ ਮਾਇ ॥ ਪਰਵਿਰਤਿ ਨ ਪੜਹੁ ਰਹੀ ਸਮਝਾਇ ॥ ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥ ਜੇ ਹਰਿ
ਛੋਡਉ ਤਉ ਕੁਲਿ ਲਾਗੈ ਗਾਲਿ ॥3॥ ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥ ਹਮਾਰਾ ਕਹਿਆ ਨ ਸੁਣੈ ਆਪਣੇ
ਕਾਰਜ ਸਵਾਰੇ ॥ ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥ ਦੁਸਟ ਸਭਾ ਕਾ ਕਿਛੁ ਨ ਵਸਾਈ ॥4॥ ਸੰਡੈ ਮਰਕੈ
ਕੀਈ ਪੂਕਾਰ ॥ ਸਭੇ ਦੈਤ ਰਹੇ ਝਖ ਮਾਰਿ ॥ ਭਗਤ ਜਨਾ ਕੀ ਪਤਿ ਰਾਖੈ ਸੋਈ ॥ ਕੀਤੇ ਕੈ ਕਹਿਐ ਕਿਆ ਹੋਈ
॥5॥ ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥ ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥ ਪੁਤ੍ਰ ਪ੍ਰਹਲਾਦ ਸਿਉ
ਵਾਦੁ ਰਚਾਇਆ ॥ ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥6॥ ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ
ਤਾਲਾ ॥ ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥ ਕੀਤਾ ਹੋਵੈ ਸਰੀਕੀ ਕਰੈ ਅਨਹੋਦਾ
ਨਾਉ ਧਰਾਇਆ ॥ ਜੋ ਧੁਰਿ ਲਿਖਿਆ ਸ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥7॥ ਪਿਤਾ ਪ੍ਰਹਲਾਦ ਸਿਉ
ਗੁਰਜ ਉਠਾਈ ॥ ਕਹਾਂ ਤੁਮ੍ਾਰਾ ਜਗਦੀਸ ਗੁਸਾਈ ॥ ਜਗਜੀਵਨੁ ਦਾਤਾ ਅੰਤਿ ਸਖਾਈ ॥ ਜਹ ਦੇਖਾ ਤਹ ਰਹਿਆ
ਸਮਾਈ ॥8॥ ਥੰਮ੍ੁ ਉਪਾੜਿ ਹਰਿ ਆਪੁ ਦਿਖਾਇਆ ॥ ਅਹੰਕਾਰੀ ਦੈਤੁ ਮਾਰਿ ਪਚਾਇਆ ॥ ਭਗਤਾ ਮਨਿ ਆਨੰਦੁ
ਵਜੀ ਵਧਾਈ ॥ ਅਪਨੇ ਸੇਵਕ ਕਉ ਦੇ ਵਡਿਆਈ ॥9॥ ਜੰਮਣੁ ਮਰਣਾ ਮੋਹੁ ਉਪਾਇਆ ॥ ਆਵਣੁ ਜਾਣਾ ਕਰਤੈ ਲਿਖਿ
ਪਾਇਆ ॥ ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥ ਭਗਤਾ ਕਾ ਬੋਲੁ ਆਗੈ ਆਇਆ ॥10॥ ਦੇਵ ਕੁਲੀ
ਲਖਿਮੀ ਕਉ ਕਰਹਿ ਜੈਕਾਰੁ ॥ ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥ ਲਖਿਮੀ ਭਉ ਕਰੈ ਨ ਸਾਕੈ ਜਾਇ ॥
ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥11॥ ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥ ਰਾਜੁ ਮਾਲੁ ਝੂਠੀ ਸਭ
ਮਾਇਆ ॥ ਲੋਭੀ ਨਰ ਰਹੇ ਲਪਟਾਇ ॥ ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥12॥ ਕਹੈ ਨਾਨਕੁ ਸਭੁ ਕੋ
ਕਰੇ ਕਰਾਇਆ ॥ ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥ ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥ ਕਰਤੈ
ਅਪਣਾ ਰੂਪੁ ਦਿਖਾਇਆ ॥13॥
(ਗੁਰੂ ਗ੍ਰੰਥ ਸਾਹਿਬ, ਪੰਨਾ 1154)
ਅਰਥ:
ਹੇ ਭਾਈ ਮੇਰੇ ਗੁਰੂ
ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਇਹ ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁੱਕਾ ਹੈ। ਗੁਰੂ ਦੇ ਸ਼ਬਦ ਦੀ
ਰਾਹੀਂ ਪ੍ਰਾਪਤ ਕੀਤਾ ਹੋਇਆ ਪ੍ਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥1॥ ਰਹਾਉ॥
ਹੇ ਭਾਈ! ਇਹ ਜਗਤ ਉਸ ਕਰਤਾਰ ਨੇ ਇੱਕ ਤਮਾਸ਼ਾ ਰਚਿਆ ਹੋਇਆ ਹੈ, ਉਸ ਨੇ ਆਪ
ਹੀ ਗੁਰੂ ਦੀ ਰਾਹੀਂ ਜੀਵਾਂ ਨੂੰ ਇੱਕ ਰਸ ਵਲਵਲੇ ਵਾਲਾ ਗੁਰ ਸ਼ਬਦ ਸੁਣਾਇਆ ਹੈ। ਆਪਣੇ ਮਨ ਦੇ ਪਿੱਛੇ
ਤੁਰਨ ਵਾਲੇ ਮਨੁੱਖ ਸਹੀ ਜੀਵਨ ਰਾਹ ਤੋਂ ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁੱਖ ਰਹਿਣ ਵਾਲਿਆਂ ਨੂੰ
ਪ੍ਰਮਾਤਮਾ ਆਤਮਕ ਜੀਵਨ ਦੀ ਸੂਝ ਬਖਸ਼ ਦੇਂਦਾ ਹੈ। ਇਹ ਸ਼ਬਦ ਕਰਤਾਰ ਸਦਾ ਤੋਂ ਹੀ ਬਣਾਉਂਦਾ ਆ ਰਿਹਾ
ਹੈ ॥1॥
ਹੇ ਭਾਈ! ਵੇਖੋ, ਪ੍ਰਹਿਲਾਦ ਦੇ ਪਿਉ ਨੇ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ
ਪਾਠਸ਼ਾਲਾ ਵਿੱਚ ਘੱਲਿਆ। ਪ੍ਰਹਿਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ। ਪਾਂਧੇ ਤਾਂ ਕੁਝ ਹੋਰ
ਪੜ੍ਹਾਉਣ ਲੱਗੇ, ਪਰ ਪ੍ਰਹਿਲਾਦ ਨੇ ਆਖਿਆ, "ਮੈਂ ਪ੍ਰਮਾਤਮਾ ਦੇ ਨਾਲ ਤੋਂ ਬਿਨਾਂ ਹੋਰ ਕੋਈ ਕਾਰ
ਵਿਚਾਰ ਨਹੀਂ ਪੜ੍ਹਾਂਗਾ, ਤੁਸੀਂ ਮੇਰੀ ਪੱਟੀ ਉੱਤੇ ਪ੍ਰਮਾਤਮਾ ਦਾ ਨਾਮ ਹੀ ਲਿਖ ਦਿਓ" ॥2॥
ਹੇ ਭਾਈ! ਮਾਂ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਆਖਿਆ ਕਿ ਤੂੰ ਜਿਸ ਹਰੀ
ਨਾਮ ਵਿੱਚ ਰੱਝਾ ਪਿਆ ਹੈ ਉਹ ਨਾ ਪੜ੍ਹ ਬਥੇਰਾ ਸਮਝਾ ਰਹੀ ਸੀ। ਪਰ ਪ੍ਰਹਿਲਾਦ ਨੇ ਇਹੀ ਉੱਤਰ
ਦਿੱਤਾ, ਕਿਸੇ ਪਾਸੋਂ ਨਾ ਡਰਨ ਵਾਲਾ ਪ੍ਰਮਾਤਮਾ ਸਦਾ ਮੇਰੇ ਨਾਲ ਹੈ, ਜੇ ਮੈਂ ਪ੍ਰਮਾਤਮਾ ਦਾ ਨਾਮ
ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ ਲੱਗੇਗਾ ॥3॥
ਹੇ ਭਾਈ ਪਾਂਧਿਆਂ ਨੇ ਸੋਚਿਆ ਕਿ ਪ੍ਰਹਿਲਾਦ ਨੇ ਤਾਂ ਸਾਰੇ ਹੀ ਮੁੰਡੇ
ਵਿਗਾੜ ਦਿੱਤੇ ਹਨ, ਸਾਡਾ ਆਖਿਆ ਤਾਂ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,
ਸਾਰੇ ਸ਼ਹਿਰ ਵਿਚ ਇਸ ਨੇ ਪ੍ਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ। ਹੇ
ਭਾਈ! ਦੁਸ਼ਟਾਂ ਦੀ ਮੰਡਲੀ ਦਾ ਪ੍ਰਹਿਲਾਦ ਤੇ ਕੋਈ ਜੋਰ ਨਹੀਂ ਚੱਲ ਰਿਹਾ ॥4॥
ਹੇ ਭਾਈ! ਪਿਛਲੇ ਕੀਤੇ ਕਰਮਾ ਦੇ ਸੰਜੋਗ ਨਾਲ ਦੈਂਤ ਹਰਨਾਖਸ਼ ਨੇ ਰਾਜ ਚਲਾ
ਲਿਆ, ਰਾਜ ਦੇ ਨਸ਼ੇ ਵਿਚ ਉਹ ਪ੍ਰਮਾਤਮਾ ਨੂੰ ਕੁਝ ਭੀ ਨਹੀਂ ਸੀ ਸਮਝਦਾ। ਪਰ ਉਸ ਦੇ ਭੀ ਕੀ ਵੱਸ? ਉਸ
ਕਰਤਾਰ ਨੇ ਆਪ ਹੀ ਉਸ ਨੂੰ ਕੁਰਾਹੇ ਪਾ ਰੱਖਿਆ ਸੀ। ਸੋ ਉਸ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਝਗੜਾ
ਖੜਾ ਕਰ ਲਿਆ। ਰਾਜ ਦੇ ਨਸ਼ੇ ਵਿਚ ਅੰਨ੍ਹਾ ਹੋਇਆ ਹਰਨਾਖਸ਼ ਇਹ ਨਹੀਂ ਸੀ ਸਮਝਦਾ ਕਿ ਉਸ ਦੀ ਮੌਤ ਨੇੜੇ
ਆ ਗਈ ਹੈ ॥6॥
ਹੇ ਭਾਈ! ਹਰਨਾਖਸ਼ ਨੇ ਪ੍ਰਹਿਲਾਦ ਨੂੰ ਕੋਠੇ ਵਿਚ ਬੰਦ ਕਰ ਦਿੱਤਾ ਤੇ
ਦਰਵਾਜੇ ਨੂੰ ਤਾਲਾ ਮਾਰ ਦਿੱਤਾ। ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਿਆ, ਉਹ ਆਖਦਾ ਸੀ, ਮੇਰਾ
ਗੁਰੂ ਮੇਰਾ ਪ੍ਰਮਾਤਮਾ ਮੇਰੇ ਹਿਰਦੇ ਵਿਚ ਵਸਦਾ ਹੈ। ਹੇ ਭਾਈ! ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ
ਜਿਹੜਾ ਮਨੁੱਖ ਪ੍ਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰੱਥਾ ਤੋਂ ਬਿਨਾਂ ਹੀ ਆਪਣਾ
ਨਾਮ ਵੱਡਾ ਰਖਾ ਲੈਂਦਾ ਹੈ। ਹਰਨਾਖਸ਼ ਨੇ ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ
ਭਾਵੀ ਲਿਖੀ ਸੀ, ਉਹ ਵੇਲਾ ਆ ਪਹੁੰਚਿਆ ॥7॥
ਹੇ ਭਾਈ! ਪਿਓ ਹਰਨਾਖਸ਼ ਨੇ ਪ੍ਰਹਿਲਾਦ ਉੱਤੇ ਗੁਰਜ ਚੁੱਕੀ, ਡਰਾ ਕੇ ਆਖਣ
ਲੱਗਾ, `ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈ? ਜਿਹੜਾ ਹੁਣ ਤੈਨੂੰ ਬਚਾ ਲਵੇ`।
ਪ੍ਰਹਿਲਾਦ ਨੇ ਉੱਤਰ ਦਿੱਤਾ, `ਜਗਤ ਦਾ ਆਸਰਾ ਪ੍ਰਭੂ ਹੀ ਆਖਰ ਹੇਰਕ ਜੀਵ ਦਾ ਮਦਦਗਾਰ ਬਣਦਾ ਹੈ।
ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਪ੍ਰਮਾਤਮਾ ਮੋਜੂਦ ਹੈ ॥8॥
ਹੇ ਭਾਈ! ਉਸੇ ਵੇਲੇ ਥੰਮ ਪਾੜ ਕੇ ਪ੍ਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕਰ
ਦਿੱਤਾ ਅਤੇ ਰਾਜ ਦੇ ਨਸ਼ੇ ਵਿਚ ਚੂਰ ਹੋਏ ਹਰਨਾਖਸ਼ ਦੈਂਤ ਨੂੰ ਮਾਰ ਮੁਕਾਇਆ। ਹੇ ਭਾਈ! ਭਗਤਾਂ ਦੇ
ਮਨਾਂ ਵਿਚ ਸਦਾ ਅਨੰਦ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਭਗਤ ਜਾਣਦੇ ਹਨ ਕਿ ਪ੍ਰਮਾਤਮਾ ਆਪਣੇ
ਭਗਤ ਨੂੰ ਲੋਕ ਪ੍ਰਲੋਕ ਵਿੱਚ ਇੱਜਤ ਦੇਂਦਾ ਹੈ ॥9॥
ਹੇ ਭਾਈ! ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ
ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ। ਜਗਤ ਵਿਚ ਆਉਣਾ ਅਤੇ ਇੱਥੋਂ ਚਲੇ ਜਾਣਾ - ਇਹ
ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉੱਤੇ ਲਿੱਖ ਰੱਖਿਆ ਹੈ ਹਰਨਾਖਸ਼ ਦੇ ਭੀ ਕੀ ਵੱਸ? ਪ੍ਰਹਿਲਾਦ
ਦਾ ਕੰਮ ਸਵਾਰਨ ਵਾਸਤੇ ਪ੍ਰਮਾਤਮਾ ਨੇ ਆਪਣੇ ਆਪ ਨੂੰ ਨਰ ਸਿੰਘ ਦੇ ਰੂਪ ਵਿਚ ਪ੍ਰਗਟ ਕੀਤਾ। ਇਸ
ਤਰ੍ਹਾਂ ਭਗਤਾਂ ਦਾ ਬਚਨ ਪੂਰਾ ਹੋ ਗਿਆ ਕਿ ਉਹ ਆਪਣੇ ਸੇਵਕਾਂ ਨੂੰ ਆਪ ਵਡਿਆਈ ਬਖਸ਼ਦਾ ਹੈ ॥10॥
ਹੇ ਭਾਈ! ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ ਅਤੇ ਆਖਿਆ, `ਹੇ
ਮਾਤਾ! ਪ੍ਰੇਰਨਾ ਕਰ ਅਤੇ ਆਖ ਹੇ ਪ੍ਰਭੂ! ਨਰ ਸਿੰਘ ਵਾਲਾ ਰੂਪ ਦੂਰ ਕਰ। ਪਰ ਲੱਛਮੀ ਵੀ ਡਰਦੀ ਸੀ,
ਉਹ ਭੀ ਨਰ ਸਿੰਘ ਦੇ ਨੇੜੇ ਨਹੀਂ ਸੀ ਜਾ ਸਕਦੀ। ਪ੍ਰਮਾਤਮਾ ਦਾ ਭਗਤ ਪ੍ਰਹਿਲਾਦ ਨਰ ਸਿੰਘ ਦੇ ਚਰਨੀ
ਆ ਲੱਗਾ ॥11॥
ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਮਾਤਮਾ ਦਾ ਨਾਮ ਖਜ਼ਾਨਾ
ਪੱਕਾ ਕਰ ਦਿੱਤਾ ਹੈ ਉਸ ਨੂੰ ਦਿਸ ਪੈਂਦਾ ਹੈ ਕਿ ਦੁਨੀਆਂ ਦਾ ਰਾਜ ਭਾਗ ਤੇ ਸਾਰੀ ਮਾਇਆ ਸਭ ਕੁਝ
ਨਾਸ਼ ਵੰਤ ਹੈ। ਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ। ਪ੍ਰਮਾਤਮਾ ਦੇ ਨਾਮ ਤੋਂ
ਬਿਨਾਂ ਉਨ੍ਹਾਂ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿਚ ਸਜਾ ਮਿਲਦੀ ਹੈ ॥ 12॥
ਹੇ ਭਾਈ! ਨਾਨਾਕ ਆਖਦਾ ਹੈ ਕਿ, `ਜੀਵਾਂ ਦੇ ਵੀ ਕੀ ਵੱਸ ਹੈ? ਹਰੇਕ ਜੀਵ
ਪ੍ਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ। ਜਿੰਨ੍ਹਾਂ ਨੇ ਇੱਥੇ ਪ੍ਰਾਮਾਤਮਾ ਦੇ ਨਾਮ ਨਾਲ ਚਿਤ
ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਰ ਹੋ ਗਏ। ਹੇ ਭਾਈ! ਸ਼ੁਰੂ ਤੋਂ ਹੀ ਪ੍ਰਮਾਤਮਾ ਆਪਣੇ ਭਗਤਾਂ
ਦਾ ਪੱਖ ਪੂਰਦਾ ਆ ਰਿਹਾ ਹੈ। ਕਰਤਾਰ ਨੇ ਸਦਾ ਹੀ ਆਪਣੇ ਭਗਤਾਂ ਨੂੰ ਆਪਣਾ ਦਰਸ਼ਨ ਦਿੱਤਾ ਹੈ ਅਤੇ
ਉਨ੍ਹਾਂ ਦੀ ਸਹਾਇਤਾ ਕੀਤੀ ਹੈ ॥13॥
ਭਗਤ ਕਬੀਰ
ਪ੍ਰਹਲਾਦ ਪਠਾਏ ਪੜਨ ਸਾਲ ॥ ਸੰਗਿ ਸਖਾ ਬਹੁ ਲੀਏ ਬਾਲ ॥ ਮੋ ਕਉ ਕਹਾ
ਪੜ੍ਾਵਸਿ ਆਲ ਜਾਲ ॥ ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗਪਾਲ ॥1॥ ਨਹੀ ਛੋਡਉ ਰੇ ਬਾਬਾ ਰਾਮ ਨਾਮ ॥
ਮੇਰੋ ਅਉਰ ਪੜ੍ਨ ਸਿਉ ਨਹੀ ਕਾਮੁ ॥1॥ ਰਹਾਉ ॥ ਸੰਡੈ ਮਰਕੈ ਕਹਿਓ ਜਾਇ ॥ ਪ੍ਰਹਲਾਦ ਬੁਲਾਏ ਬੇਗਿ
ਧਾਇ ॥ ਤੂ ਰਾਮ ਕਹਨ ਕੀ ਛੋਡੁ ਬਾਨਿ ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥2॥ ਮੋ ਕਉ ਕਹਾ
ਸਤਾਵਹੁ ਬਾਰ ਬਾਰ ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥ ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੋ ਕਉ
ਘਾਲਿ ਜਾਰਿ ਭਾਵੈ ਮਾਰਿ ਡਾਰਿ ॥3॥ ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ ਹਰਨਾਖਸੁ ਛੇਦਿਓ ਨਖ ਬਿਦਾਰ ॥4॥ ਓਇ ਪਰਮ ਪੁਰਖ ਦੇਵਾਧਿ ਦੇਵ
॥ ਭਗਤਿ ਹੇਤਿ ਨਰਸਿੰਘ ਭੇਵ ॥ ਕਹਿ ਕਬੀਰ ਕੋ ਲਖੈ ਨ ਪਾਰ ॥ ਪ੍ਰਹਲਾਦ ਉਧਾਰੇ ਅਨਿਕ ਬਾਰ ॥5॥4॥
(ਗੁਰੂ ਗ੍ਰੰਥ ਸਾਹਿਬ, ਪੰਨਾ 1194)
ਅਰਥ:
ਹੇ ਬਾਬਾ! ਮੈਂ
ਪ੍ਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ। ਪ੍ਰਭੂ ਨਾਮ ਤੋਂ ਬਿਨਾਂ ਕੋਈ ਹੋਰ ਗੱਲ ਪੜਾਉਣ ਨਾਲ
ਮੇਰਾ ਕੋਈ ਵਾਸਤਾ ਨਹੀਂ ਹੈ ॥1॥ਰਹਾਉ॥
ਪ੍ਰਹਿਲਸਾਦ ਨੂੰ ਉਸ ਦੇ ਬਾਪ ਹਰਨਾਖਸ਼ ਨੇ ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,
ਪ੍ਰਹਿਲਾਦ ਨੇ ਆਪਣੇ ਨਾਲ ਕਈ ਬਾਲਕ ਸਾਥੀ ਲੈ ਲਏ। ਜਦੋਂ ਪਾਂਧਾ ਕੁਝ ਹੋਰ ਉਲਟ ਪੁਲਟ ਪੜ੍ਹਾਉਣ
ਲੱਗਾ ਤਾਂ ਪ੍ਰਹਿਲਾਦ ਨੇ ਆਖਿਆ, `ਹੇ ਬਾਬਾ! ਮੈਨੂੰ ਊਲ ਜਲੂਲ ਕਿਉਂ ਪੜ੍ਹਾਉਂਦਾ ਹੈ? ਮੇਰੀ ਇਸ
ਨਿੱਕੀ ਜਿਹੀ ਪੱਟੀ ਉੱਤੇ ਸ੍ਰੀ ਗੋਪਾਲ, ਸ੍ਰੀ ਗੋਪਾਲ ਲਿਖ ਦੇ॥`
ਪ੍ਰਹਿਲਾਦ ਦੇ ਅਧਿਆਪਕ ਸੰਡੇ ਅਮਰਕ ਨੇ ਜਾ ਕੇ ਹਰਨਾਖਸ਼ ਨੂੰ ਇਹ ਗੱਲ ਦੱਸ
ਦਿੱਤੀ। ਹਰਨਾਖਸ਼ ਨੇ ਉਸੇ ਵੇਲੇ ਪ੍ਰਹਿਲਾਦ ਨੂੰ ਆਪਣੇ ਕੋਲ ਬੁਲਾ ਲਿਆ। ਪਾਂਧੇ ਨੇ ਪ੍ਰਹਿਲਾਦ ਨੂੰ
ਸਮਝਾਇਆ ਕਿ ਤੂੰ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇ ਹਰਨਾਖਸ਼ ਨੂੰ ਸਿਮਰਨਾ ਸ਼ੁਰੂ ਕਰ ਦੇ।
ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਹਰਨਾਖਸ਼ ਤੋਂ ਤੁਰੰਤ ਬਚਾ ਲਵਾਂਗਾ॥2॥
ਪ੍ਰਹਿਲਾਦ ਨੇ ਉੱਤਰ ਦਿੱਤਾ, `ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ? ਜਿਸ
ਪ੍ਰਭੂ ਨੇ ਪਾਣੀ, ਧਰਤੀ, ਪਹਾੜ, ਜਮੀਨ ਭਾਵ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਦਾ ਸਿਮਰਨ ਨਹੀਂ
ਛਡਾਂਗਾ। ਕਿਉਂਕਿ ਪ੍ਰਭੂ ਦੇ ਸਿਮਰਨ ਛੱਡਿਆ ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ, ਭਾਵ ਮੇਰੇ ਗਰੁੂ
ਦੀ ਬਦਨਾਮੀ ਹੁੰਦੀ ਹੈ। ਮੈਨੂੰ ਚਾਹੇ ਸਾੜ ਵੀ ਦੇ, ਚਾਹੇ ਮਾਰ ਵੀ ਦੇ ਮੈਂ ਪ੍ਰਭੂ ਦਾ ਸਿਮਰਨ ਨਹੀਂ
ਛੱਡਾਂਗਾ ਅਤੇ ਹੋਰ ਕਿਸੇ ਦੇਵੀ ਦੇਵਤਾ ਆਦਿ ਦਾ ਨਾਮ ਨਹੀਂ ਜਪਾਂਗਾ॥3॥
ਇਹ ਸੁਣਕੇ ਹਰਨਾਖਸ਼ ਖਿਝ ਗਿਆ ਅਤੇ ਕਰੋਧ ਵਿਚ ਆ ਗਿਆ, ਤਲਵਾਰ ਕੱਢਕੇ ਆਖਣ
ਲੱਗਾ, `ਹੁਣ ਮੈਨੂੰ ਦੱਸ ਤੈਨੂੰ ਬਚਾਉਣ ਵਾਲਾ ਪ੍ਰਭੂ ਕਿੱਥੇ ਹੈ?` ਪ੍ਰਭੂ ਨੇ ਉਸੇ ਵੇਲੇ ਭਿਆਨਕ
ਰੂਪ ਧਾਰ ਕੇ ਥੱਮ੍ਹ ਵਿਚੋਂ ਬਾਹਰ ਆ ਕੇ ਹਰਨਾਖਸ਼ ਨੂੰ ਮਾਰ ਦਿੱਤਾ॥4॥
ਕਬੀਰ ਆਖਦਾ ਹੈ, `ਪ੍ਰਭੂ ਜੀ ਪਰਮ-ਪੁਰਖ ਹੈ ਅਤੇ ਦੇਵਤਿਆਂ ਦਾ ਦੇਵਤਾ ਹੈ।
ਪ੍ਰਹਿਲਾਦ ਦੀ ਪ੍ਰਭੂ ਭਗਤੀ ਨਾਲ ਪਿਆਰ ਕਰਕੇ ਪ੍ਰਮਾਤਮਾ ਨੇ ਨਰਸਿੰਘ ਰੂਪ ਧਾਰਿਆ ਅਤੇ ਪ੍ਰਹਿਲਾਦ
ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ॥ ਕੋਈ ਜੀਵ ਉਸ ਪ੍ਰਭੂ, ਪ੍ਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਪਾ
ਸਕਦਾ॥5॥
ਨੋਟ: 1) ਦੋਨਾਂ ਸ਼ਬਦਾਂ ਦਾ ਅਧਿਐਨ ਕਰਨ ਤੋਂ ਇਹ ਪਤਾ ਚਲਦਾ ਹੈ ਕਿ ਕਬੀਰ
ਸਾਹਿਬ ਦਾ ਇਹ ਸ਼ਬਦ ਗੁਰੂ ਅਮਰ ਦਾਸ ਪਾਸ ਮੌਜੂਦ ਸੀ। ਸ਼ਬਦਾਂ ਦੀ ਚਾਲ ਇਕੋ ਹੈ। ਇੱਥੋਂ ਤੱਕ ਕੇ
`ਮੇਰੀ ਪਟੀਆ ਲਿਖਿ ਦੇਹੁ` ਵਾਲੀ ਤੁੱਕ ਦੋ ਅੱਖਰਾਂ ਤੋਂ ਛੁੱਟ ਸਾਰੀ ਤੁੱਕ ਇੱਕ ਹੀ ਹੈ ਅਤੇ ਰਹਾਉ
ਦੀ ਤੁੱਕ ਦਾ ਭਾਵ ਵੀ ਇੱਕੋ ਹੈ। ਇਹ ਗੱਲ ਸੁਭਾਵਕ ਨਹੀਂ ਹੋਈ।
ਨੋਟ: 2) ਪ੍ਰਹਿਲਾਦ ਦੀ ਇਹ ਕਹਾਣੀ ਮਿਥਿਆਸ ਹੈ ਗੁਰੂ ਗ੍ਰੰਥ ਸਾਹਿਬ ਦੇ ਇਹ
ਦੋਨੋਂ ਸ਼ਬਦ ਇਸ ਕਹਾਣੀ ਦੀ ਪੁਸ਼ਟੀ ਨਹੀਂ ਕਰ ਰਹੇ। ਪਰ ਅਸੀਂ ਇਸ ਵਿਵਾਦ ਵਿੱਚ ਨਹੀਂ ਪੈਣਾ। ਦੇਖਣਾ
ਇਹ ਹੈ ਕਿ ਇਨ੍ਹਾਂ ਸ਼ਬਦਾਂ ਤੋਂ ਪ੍ਰਾਣੀ ਮਾਤਰ ਨੂੰ ਕਿਹੜੀ ਆਤਮਕ ਸਿਕਿਆ ਮਿਲਦੀ ਹੈ।
ਸਿੱਖਿਆ:
ਪ੍ਰਮਾਤਮਾ ਇੱਕ
ਹੈ। ਉਸ ਬਰਾਬਰ ਕੋਈ ਵੀ ਮਨੁੱਖ ਦੇਵੀ ਦੇਵਤਾ ਜਾਂ ਸਾਧ ਸੰਤ ਨਹੀਂ ਹੋ ਸਕਦਾ। ਪ੍ਰਮਾਤਮਾ ਸੱਭ ਨੂੰ
ਪੈਦਾ ਕਰਨ ਵਾਲਾ ਹੈ। ਪ੍ਰਮਾਤਮਾ ਤੋਂ ਬਗੈਰ ਆਤਮਕ ਜੀਵਨ ਲਈ ਕਿਸੇ ਹੋਰ ਬ੍ਰਾਹਮਣ ਸਾਧ, ਸੰਤ,
ਦੇਵੀ, ਦੇਵਤੇ ਜਾਂ ਮਨੁੱਖ ਦਾ ਆਸਰਾ ਨਹੀਂ ਲੈਣਾ ਚਾਹੀਦਾ। ਅੱਜ ਲੋੜ੍ਹ ਹੈ ਆਪਣੇ ਅੰਦਰ ਝਾਤੀ ਮਾਰਨ
ਦੀ ਕਿ ਅਸੀਂ ਪ੍ਰਭੂ ਨੂੰ ਤਿਆਗ ਕੇ ਆਪਣੀ ਮੁਕਤੀ ਲਈ ਕਿਸੇ ਹੋਰ ਦਾ ਆਸਰਾ ਤਾਂ ਨਹੀਂ ਲੈ ਰਹੇ। ਜੇ
ਲੈ ਰਹੇ ਹਾਂ ਤਾਂ ਲੋੜ ਹੈ ਕਿ ਇਸ ਨੂੰ ਤਿਆਗ ਕੇ ਸਿਰਫ ਤੇ ਸਿਰਫ ਪ੍ਰਮਾਤਮਾ ਨਲ ਜੁੜ ਜਾਏ। ਗੁਰੂ
ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਸਮਝੀਏ ਜਿਸ ਨੂੰ ਪੜ੍ਹ, ਸੁਣ ਅਤੇ ਸਮਝ ਕੇ ਆਪਣਾ ਜੀਵਨ ਸਫਲ ਕਰੀਏ।
ਕੱਚੇ ਪਿੱਲੇ ਗੁਰੂ ਤੁਹਾਨੂੰ ਕੁਰਾਹੇ ਹੀ ਪਾਉਣਗੇ ਜਿਸ ਨਾਲ ਆਤਮਕ ਲਾਭ ਨਹੀਂ ਹੋ ਸਕਦਾ॥
ਗੁਰੂ ਕਿਰਪਤ ਕਰਨ ਸਾਡੇ ਮਨਾਂ ਵਿਚ ਕੇਵਲ ਪ੍ਰਭੂ ਭਗਤੀ ਦੀ ਦ੍ਰਿੜਤਾ ਅਤੇ
ਵਿਸ਼ਵਾਸ਼ ਪੈਦਾ ਹੋ ਜਾਵੇ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਸਾਡੇ ਲਈ ਇਹ ਸਿਖਿਆ ਦਰਜ ਹੈ -
ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 337)
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਬਲਬਿੰਦਰ ਸਿੰਘ ਸਿਡਨੀ (ਅਸਟ੍ਰੇਲੀਆ)