. |
|
ਕੈਸੀ ਬਣੇ ਗੁਰ ਸੰਗੇ?
ਸੰਸਾਰ ਵਿੱਚ ਮਨੁੱਖ ਦੀ ਭਾਲ ਸਦਾ ਸੁੱਖ ਲਈ ਹੀ ਰਹੀ ਹੈ ਭਾਵੇਂ ਉਹ ਇਸ
ਸੰਸਾਰ ਵਿੱਚ ਮਿਲੇ ਜਾਂ (ਮੰਨੇ ਜਾਂਦੇ) ਅਗਲੇ ਸੰਸਾਰ ਵਿੱਚ ਮਿਲੇ, ਭਾਵੇਂ ਉਹ ਦੁਨਿਆਵੀ ਪਦਾਰਥਾਂ
ਦੁਆਰਾ ਮਿਲੇ ਜਾਂ ਉਹਨਾਂ ਦੇ ਤਿਆਗ ਨਾਲ ਮਿਲੇ। ਮਨੁੱਖ ਨੂੰ ਦੇਹੀ ਦਾ ਵਕਤੀ ਸੁੱਖ ਦੁੱਖ ਹੀ
ਪ੍ਰਭਾਵਤ ਕਰਦਾ ਹੈ ਕਿਉਂਕਿ ਉਹ ਦੇਹੀ ਨਾਲ ਹੀ ਜੁੜਿਆ ਹੋਇਆ ਹੈ ਇਸ ਲਈ ਉਹ ਅਧਿਆਤਮਿਕ ਸਦੀਵੀ ਅਨੰਦ
(ਜੋ ਸੁੱਖ ਦੁੱਖ ਦੀ ਸਮਤਾ ਹੈ
ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥
1019)
ਤੋਂ ਵਾਂਝਾ ਹੀ ਰਹਿ ਜਾਂਦਾ ਹੈ। ਇਹੀ ਕਾਰਨ ਹੈ ਕਿ ਮਨੁੱਖ ਦੀ ਅਰਦਾਸ ਕੇਵਲ ਵਕਤੀ ਸੁੱਖ ਲਈ ਹੀ
ਹੁੰਦੀ ਹੈ, ਅਨੰਦ ਲਈ ਨਹੀ। ਹੈਰਾਨਗੀ ਦੀ ਗਲ ਤਾਂ ਇਹ ਹੈ ਕਿ ਜਿਸ ਅਗੇ ਇਹ ਅਰਦਾਸ ਕਰ ਰਿਹਾ ਹੈ ਉਸ
ਵਲ ਤਾਂ ਪਿੱਠ ਕੀਤੀ ਹੋਈ ਹੈ, ਭਾਵ ਉਸ ਦੇ ਬਚਨ ਮੰਨਣ ਤੋਂ ਇਨਕਾਰੀ ਹੈ, ਤਾਂ ਕਾਸੇ ਖੈਰ ਕਿਵੇਂ
ਪਵੇ? ਉਹਦੇ ਨਾਲ ਸਾਂਝ ਕਿਵੇਂ ਪਵੇ? ਮਾਧੋ ਨਾਲ ਕਿਵੇਂ ਬਣ ਆਵੇ? ਮਸਾਲ ਦੇ ਤੌਰ ਤੇ ਸਿੱਖ ਜਗਤ
ਵਿੱਚ ਵੇਖਣ ਨੂੰ ਆਵੇਗਾ ਕਿ ਗੁਰੂ ਕੋਲੋਂ ਸੁੱਖ ਮੰਗੇ ਬਿਨਾ ਅਰਦਾਸ ਹੁੰਦੀ ਹੀ ਨਹੀ, ਪਰ ਜਿਸ ਅਗੇ
ਸੁਖਾਂ ਲਈ ਅਰਦਾਸ ਕੀਤੀ ਜਾ ਰਹੀ ਹੈ, ਉਸ ਦੇ ਅਟੱਲ ਫੈਸਲੇ ਨੂੰ ਤਾਂ ਇਹ ਜਾਨਣਾ ਵੀ ਨਹੀ ਚਹੁੰਦਾ:
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ
ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥
57 ਹਰ ਕੋਈ ਸੁੱਖ ਹੀ ਮੰਗਦਾ ਹੈ ਪਰ ਸਮਝਦਾ ਨਹੀ ਕਿ ਸੁੱਖ ਦੇ ਨਾਲ ਦੁੱਖ ਵੀ ਆਏਗਾ ਕਿਉਂਕਿ ਇਹ
ਇਕੋ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਹੋ ਸਕਦੇ। ਪਰ ਫੇਰ ਵੀ ਗੁਰੂ ਦੇ ਬਚਨਾਂ ਤੋਂ ਮੁਨਕਰ
ਹੋ ਕੇ ਸਦੀਆਂ ਤੋਂ ਇਕੱਲੇ ਸੁੱਖ (ਜੋ ਸੰਭਵ ਨਹੀ) ਦੀ ਯਾਚਨਾਂ ਹੀ ਕੀਤੀ ਜਾ ਰਹੀ ਹੈ। ਗੁਰੂ ਬਾਰ
ਬਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ:
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ
ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥ 149
ਸੁੱਖ ਦੁੱਖ ਦੇ ਕਪੜੇ ਸਭ ਨੂੰ ਪਾਉਣੇ ਪੈਂਦੇ ਹਨ,
ਇਹ ਕੁਦਰਤ ਦਾ ਅਟੱਲ ਨਿਯਮ ਹੈ ਜਿਸ ਤੋਂ ਮੁੱਖ ਨਹੀ ਮੋੜਿਆ ਜਾ ਸਕਦਾ, ਇਸ ਲਈ ਦੁੱਖ ਨੂੰ ਛੱਡ ਕੇ
ਸੁੱਖ ਮੰਗਣ ਦੀ ਬਕਵਾਸ (ਝੱਖ, ਬਕਵਾਦ) ਨਿਰਰਥਕ ਹੈ। ਪਰ ਕੌਣ ਸੁਣੇ? ਗੁਰੂ ਵੱਲ ਤਾਂ ਪਿੱਠ ਕੀਤੀ
ਹੋਈ ਹੈ ਫਿਰ ਉਹਦੇ ਨਾਲ ਤਾਲ ਮੇਲ ਕਿਵੇਂ ਬੈਠੇ? ਮਾਧੋ, ਤੇਰੇ ਨਾਲ ਕਿਵੇਂ ਬਣ ਆਵੇ? (ਗਿਆਨ ਦੇ)
ਦੀਵੇ ਵਲ ਪਿੱਠ ਕਰਕੇ (ਅਗਿਆਨਤਾ ਦੇ) ਅੰਧੇਰੇ ਦੀਆਂ ਠੋਕਰਾਂ ਤਾਂ ਖਾਣੀਆਂ ਹੀ ਪੈਣਗੀਆਂ। ਮੰਜ਼ਿਲ
ਤੋਂ ਉਲਟੇ ਰਾਹ ਚਲਿਆਂ ਮੰਜ਼ਿਲ ਕਿਵੇਂ ਪਾਈ ਜਾ ਸਕਦੀ ਹੈ? ਗੁਰੂ ਨਾਲੋਂ ਉਲਟੀ ਮਨ ਦੀ ਦਸ਼ਾ ਨਾਲ
ਸਾਂਝ ਕਿਵੇਂ ਪਵੇ? ਪ੍ਰਭੂ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਸਾਗਰ ਹੈ, ਸੁੱਖਾਂ ਦਾ ਭੰਡਾਰ ਹੈ:
ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥
319 ਅਤੇ ਪਾਰਬ੍ਰਹਮੁ ਸੁਖ
ਸਾਗਰੋ ਨਾਨਕ ਸਦ ਬਲਿਹਾਰ ॥
46 ਪਰ ਜੇ ਸੁੱਖਾਂ ਦੇ ਖਜ਼ਾਨੇ, ਸੁਖਾਂ ਦੇ ਸਾਗਰ
ਵਲ ਪਿੱਠ ਕੀਤੀ ਹੋਈ ਹੈ ਤਾਂ ਝੋਲੀ ਵਿੱਚ ਸਦੀਵੀ ਸੁੱਖ (ਅਨੰਦ) ਦੀ ਦਾਤ ਕਿਵੇਂ ਪਵੇ?
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ
ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
967 ਗੁਰੂ
ਦੇ ਬੋਲਾਂ ਵਲੋਂ ਮੂੰਹ ਮੋੜਨਾ ਹੀ ਗੁਰੂ ਵਲ ਪਿੱਠ
ਕਰਨਾ ਹੈ, ਕਉਲ ਤੋਂ ਮੁਨਕਰ ਹੋਣਾ ਹੈ, ਤੇ ਏਸੇ ਕਾਰਨ ਹੀ ਸਾਰਾ ਸੰਸਾਰ ਦੁਖੀ ਹੈ:
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ 497
ਮਨੁੱਖ ਪਦਾਰਥਵਾਦੀ ਹੈ ਤੇ ਉਸ ਦੀ ਜੀਵਨ ਦੌੜ ਦੁਨਿਆਵੀ ਪਦਾਰਥਾਂ ਲਈ ਹੈ ਕਿਉਂਕਿ ਉਸ ਦਾ ਮੰਨਣਾ ਹੈ
ਕਿ ਪਦਾਰਥ ਹੀ ਸੁੱਖ ਦੇ ਸਾਧਨ ਹਨ ਪਰ ਗੁਰੂ ਸਮਝਾਉਂਦਾ ਹੈ ਕਿ ਮਨ ਦਾ ਟਿਕਾਉ, ਮਨ ਦੀ ਥਿਰਤਾ, ਮਨ
ਦੀ ਅਡੋਲਤਾ (ਜੋ ਗੁਰਗਿਆਨ ਬਿਨਾ ਨਹੀ ਪਾਈ ਜਾ ਸਕਦੀ) ਹੀ ਅਨੰਦ ਦਾ ਮੂਲ ਹੈ।
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ
ਦੁਖੁ ਰੋਇ ॥ ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥
27 ਅਨੰਦ ਭੱਜਣ ਜਾਂ ਦੌੜਣ ਵਿੱਚ ਨਹੀ ਅਨੰਦ ਰੁਕਣ ਜਾਂ ਥਿਰ ਹੋਣ ਵਿੱਚ ਹੈ, ਅਨੰਦ ਡੋਲਣ ਵਿੱਚ
ਨਹੀ, ਅਡੋਲਤਾ ਵਿੱਚ ਹੈ (ਮਨ
ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ
ਜੀਉ ॥ 599. ਪਰ ਮਨੁੱਖ ਦੀ ਫਿਤਰਤ ਇੱਕ ਪ੍ਰਚਲਤ
ਕਹਾਵਤ ਅਨੁਸਾਰ ਹੈ ਕਿ "ਇਹ
ਤਾਂ ਗਲ ਤੇਰੀ ਮੰਨੀ ਪਰ ਤੂੰ ਛੱਲੀ ਕਿਉਂ ਭੰਨੀ?"
ਦੂਜੇ ਦੀ ਗਲ ਅਨਸੁਣੀ ਕਰਕੇ ਆਪਣੀ ਗਲ ਤੇ ਹੀ ਅੜੀ ਜਾਣਾ,
ਗੁਰਬਾਣੀ ਦੀ ਗਲ ਸੁਣਨੀ ਤੇ ਵਿਚਾਰਨੀ ਹੀ ਨਹੀ ਚਹੁੰਦਾ ਤੇ ਆਪਣੀਆਂ ਸੁੱਖ ਦੀਆਂ ਮੰਗਾਂ (ਅਰਦਾਸਾਂ)
ਦੇ ਨਿੱਤ ਢੇਰ ਲਾਈ ਜਾਂਦਾ ਹੈ ਤਾਂ ਫੇਰ ਸੋਚਦਾ ਹੈ ਕਿ ਗੁਰੂ ਨਾਲ ਕਿਉਂ ਨਹੀ ਬਣ ਆਉਂਦੀ। ਇੱਕ
ਨਮਾਜ਼ੀ ਉਚੇ ਮੁਨਾਰੇ ਤੇ ਖੜਾ, ਮੂੰਹ ਉਪਰ ਵਲ ਕਰਕੇ ਤੇ ਦੋਵੇਂ ਬਾਹਾਂ ਆਕਾਸ਼ ਵਲ ਉਲ੍ਹਾਰ ਕੇ ਸਾਈਂ
ਨਾਲ ਸਾਂਝ ਪਾਉਣ ਲਈ ਉਚੀ ਉਚੀ ਬਾਂਗਾਂ ਦੁਆਰਾ ਉਸ ਦੀ ਵਡਿਆਈ "ਅੱਲ੍ਹਾ ਹੂ ਅਕਬਰ (ਅੱਲ੍ਹਾ ਹੀ ਸਭ
ਤੋਂ ਵੱਡ੍ਹਾ ਹੈ) "ਕਰ ਰਿਹਾ ਹੈ ਤਾਂ ਕਬੀਰ ਜੀ ਸਮਝਾ ਰਹੇ ਹਨ ਕਿ
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ
ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥
1374 ਜਿਸ ਵਲ ਬਾਹਰ ਮੂੰਹ ਤੇ ਬ੍ਹਾਵਾਂ ਚੁੱਕ ਕੇ ਉਚੀ ਉਚੀ ਬਾਂਗਾਂ ਦੇ ਰਿਹਾ ਹੈਂ ਉਹ ਨਾ ਹੀ
ਬੋਲਾ ਹੈ ਤੇ ਨਾ ਹੀ ਕਿਤੇ ਦੂਰ ਆਕਾਸ਼ ਵਿੱਚ ਬੈਠਾ ਹੈ ਕੇਵਲ ਤੇਰੀ ਉਸ ਵਲ ਪਿੱਠ ਕੀਤੀ ਹੋਈ ਹੈ
ਕਿਉਂਕਿ ਉਹ ਬਾਹਰ ਨਹੀ ਬਲਿਕੇ ਤੇਰੇ ਅੰਦਰ ਹੀ ਬੈਠਾ ਹੈ। ਇਸ ਨੁਕਤੇ ਦੀ ਵਿਚਾਰ ਘੱਟ ਹੀ ਕੀਤੀ
ਜਾਂਦੀ ਹੈ। ਜੋ ਅੰਦਰ ਬੈਠਾ ਹੈ ਉਸ ਨੂੰ ਬਾਹਰ ਮੁਖਾਤਬ ਹੋਣਾ ਉਸ ਵਲ ਪਿੱਠ ਕਰਨੀ ਹੈ। ਅਖੌਤੀ
ਧਰਮਾਂ ਵਿੱਚ ਅੱਜ ਇਹੀ ਹੋ ਰਿਹਾ ਹੈ, ਜੋ ਅੰਦਰ ਬੈਠਾ ਹੈ ਉਸ ਵਲ ਪਿੱਠ ਕਰਕੇ ਉਸ ਨੂੰ ਬਾਹਰੋਂ
ਸੰਬੋਧਨ ਕੀਤਾ ਜਾ ਰਿਹਾ ਹੈ। ਮਨੁੱਖ ਦੀ ਮੌਜੂਦਾ ਸੋਚ ਅਨੁਸਾਰ ਗੁਰੂ ਬਾਹਰ ਹੈ ਪਰ ਗੁਰਬਾਣੀ ਦਾ
ਫੈਸਲਾ ਹੈ ਕਿ: (1) ਗੁਰੁ
ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ
ਤਰਾਇ ॥ 49 (2)
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ
ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥
759 ਤਾਂ ਫਿਰ ਗੁਰੂ ਵਲ ਪਿੱਠ ਹੈ ਕਿ ਨਹੀ? ਵੇਖਣ ਵਿੱਚ ਆਵੇਗਾ ਕਿ ਹਰ ਮਨੁੱਖ ਆਪਣੇ ਇਸ਼ਟ ਨੂੰ
ਬਾਹਰ ਬੈਠਾ ਮੰਨ ਕੇ ਉਸ ਦੇ ਸਨਮੁਖ ਹੋਣਾ ਲੋੜਦਾ ਹੈ, ਅਰਦਾਸ, ਸੇਵਾ, ਪਾਠ, ਪੂਜਾ, ਜਪ ਤਪ ਕੀਰਤੀ
ਜਾਂ ਹੋਰ ਕਰਮ ਕਾਂਡ ਆਪਣੇ ਇਸ਼ਟ ਨੂੰ ਬਾਹਰ ਮੰਨ ਕੇ ਉਸਦੀ ਖੁਸ਼ੀ ਜਾਂ ਦਇਆਲਤਾ ਲਈ ਕੀਤੇ ਜਾਂਦੇ ਹਨ
ਜਦ ਕੇ ਉਸ ਅੰਦਰ ਬੈਠੇ ਵਲ ਪਿੱਠ ਹੈ। ਗੁਰੂ ਭਰਮ ਦੇ ਪੜਦੇ ਕੱਟਦਾ ਹੈ:
ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ
ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥
1195 ਗੁਰਧਾਮਾਂ ਤੇ ਗੁਰੂ ਨੂੰ ਪੂਜਣ ਸਭ ਜਾਂਦੇ ਹਨ ਪਰ ਜਿਸ ਨੂੰ ਪੂਜਣ ਜਾਦੇ ਹਨ ਉਹ ਤਾਂ ਉਹਨਾਂ
ਅੰਦਰ ਹੀ ਬੈਠਾ ਹੈ, ਫਿਰ ਬਾਹਰ ਪੂਜਾ ਕਿਸ ਦੀ? ਗੁਰਦੁਆਰੇ ਗੁਰੂ ਦੀ (ਆਤਮਿਕ) ਸਿਖਿਆ ਦੇ ਵਿਦਿਆਲੇ
ਸਨ ਜਿਥੋਂ ਗੁਰਗਿਆਨ (ਅੰਦਰ ਬੈਠੇ ਨੂੰ ਜਾਨਣ) ਦੀ ਪ੍ਰਾਪਤੀ ਹੋਣੀ ਚਾਹੀਦੀ ਸੀ ਪਰ ਪੁਜਾਰੀਆਂ ਨੇ
ਉਹਨਾਂ ਨੂੰ ਰਸਮਾਂ, ਕਰਮ ਕਾਂਡਾਂ ਤੇ ਆਪਣੀ ਉਪਜੀਵਕਾ ਦਾ ਸਾਧਨ ਬਣਾ ਕੇ ਗੁਰੂ ਨਾਲੋਂ ਨਾਤਾ ਹੀ
ਤੋੜ ਦਿੱਤਾ। ਅੱਜ ਕੋਈ ਉਸ ਨੂੰ ਦੱਖਣ ਵੱਲ ਸਮਝਦਾ ਹੈ, ਤੇ ਕੋਈ ਪੱਛਮ ਵੱਲ ਲੱਭਦਾ ਫਿਰਦਾ ਹੈ, ਕੋਈ
ਤੀਰਥਾਂ ਤੇ ਲੱਭਦਾ ਹੈ ਤੇ ਕੋਈ ਪਹਾੜਾਂ ਤੇ ਖੋਜ ਰਿਹਾ ਹੈ, ਕੋਈ ਸਾਧੂਆਂ ਸੰਤਾਂ ਦੇ ਡੇਰਿਆਂ
ਵਿੱਚੋਂ ਢੂੰਡ ਰਿਹਾ ਹੈ ਤੇ ਕੋਈ ਠਾਠਾਂ ਤੇ ਟਕਸਾਲਾਂ ਵਿੱਚੋਂ ਲੱਭਦਾ ਫਿਰਦਾ ਹੈ, ਪਰ ਜਿਥੇ ਉਹ
ਬੈਠਾ ਹੈ ਉਸ ਵੱਲ ਕਿਸੇ ਦਾ ਮੂੰਹ ਨਹੀ, ਪਿੱਠ ਕੀਤੀ ਹੋਈ ਹੈ।
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ
ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥
1349 ਜਦੋਂ ਅਜੇ ਗੁਰਦੁਆਰੇ ਨਹੀ ਹੁੰਦੇ ਸਨ ਉਦੋਂ ਸਿੱਖ ਗੁਰੂ ਦੇ ਸਨਮੁਖ ਕਿਵੇਂ ਹੁੰਦਾ ਸੀ? ਗੁਰੂ
ਦਾ ਦੁਆਰ (ਗੁਰਦੁਆਰਾ) ਮਨ ਮੰਦਰ ਹੈ, ਕੋਈ ਬਾਹਰਲੀ ਇਮਾਰਤ ਨਹੀ। ਕਦੇ ਕਿਸੇ ਨੇ ਗੁਰੂ ਵਿਅਕਤੀ ਨੂੰ
ਵੀ ਹੱਥ ਜੋੜ ਕੇ ਕਿਸੇ ਖਾਸ ਦਿਸ਼ਾ ਵੱਲ ਮੂਹ ਕਰਕੇ ਆਪਣੇ ਇਸ਼ਟ ਨੂੰ ਸੰਬੋਧਨ ਹੁੰਦੇ ਪੜ੍ਹਿਆ ਸੁਣਿਆ
ਹੈ? ਗੁਰਮਤ ਅਨੁਸਾਰ ਗੁਰੂ ਦੀ ਹਜ਼ੂਰੀ ਮਨ ਕਰਕੇ ਹੀ ਪ੍ਰਵਾਨ ਹੈ ਤਨ ਕਰਕੇ ਨਹੀ। ਸਿੱਖ ਗੁਰੂ ਦੇ
ਸਨਮੁਖ ਹੋਣ ਲਈ ਗੁਰਦੁਆਰੇ ਜਾਂਦਾ ਹੈ ਤੇ ਉਥੇ ਜਾ ਕੇ ਇਹ ਵੀ ਸੁਣਦਾ ਹੈ ਕਿ
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥ 394
ਹੈਰਾਨੀ ਦੀ ਗਲ ਹੈ ਕਿ ਜੋ ਕਦੇ ਦੂਰ ਹੋ ਹੀ ਨਹੀ ਸਕਦਾ, ਜੋ ਸਦਾ ਹੀ ਸਨਮੁਖ ਹੈ, ਜੋ ਸਦਾ ਹਜ਼ੂਰ ਹੈ
ਤਾਂ ਬਾਹਰ ਕਿਸ ਦੇ ਸਨਮੁਖ ਹੋਣਾ ਹੈ? ਗੁਰੂ ਵੱਲ ਪਿੱਠ ਕਰਕੇ ਕੈਸੀ ਬਣੇ ਗੁਰ ਸੰਗੇ? ਗੁਰੂ ਦਾ
ਉਪਦੇਸ਼ ਹੀ ਕਹਿ ਰਿਹਾ ਹੈ ਕਿ:
ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥
1195 ਕਿਉਂਕਿ ਗੁਰੂ ਸਰੀਰ ਨਹੀ, ਇਸ ਕਰਕੇ ਗੁਰੂ ਦੇ ਸਨਮੁਖ ਸਰੀਰ ਦੁਆਰਾ ਨਹੀ ਹੋਇਆ ਜਾ ਸਕਦਾ, ਜੋ
ਮਨ ਮੰਦਰ ਵਿੱਚ ਬੈਠਾ ਹੈ ਉਸ ਦੇ ਸਨਮੁਖ ਕੇਵਲ ਪਾਕ ਮਨ ਦੁਆਰਾ ਹੀ ਹੋਇਆ ਜਾ ਸਕਦਾ ਹੈ। ਮਨ ਦੀ ਮੈਲ
(ਵਿਕਾਰਾਂ ਦਾ) ਹੀ ਇੱਕ ਪੜਦਾ ਹੈ ਜੋ ਗੁਰੂ ਦੇ ਸਨਮੁਖ ਹੋਣ ਵਿੱਚ ਰੁਕਾਵਟ ਹੈ, ਗੁਰੂ ਵਲ ਪਿੱਠ ਦਾ
ਕਾਰਨ ਹੈ, ਤੇ ਇਹ (ਵਿਕਾਰਾਂ ਦਾ) ਪੜਦਾ ਗੁਰੂ ਦੇ ਬਚਨ ਮੰਨਣ ਬਿਨਾ ਦੂਰ ਨਹੀ ਹੋ ਸਕਦਾ। ਇਹੀ ਕਾਰਨ
ਹੈ ਕਿ ਗੁਰੂ ਨੂੰ ਬਾਹਰ ਮੰਨ ਕੇ ਉਸ ਦੇ ਸਨਮੁਖ ਤਾਂ ਨਿੱਤ ਲੱਖਾਂ ਹੁੰਦੇ ਹਨ ਪਰ ਅੰਦਰ ਬੈਠੇ ਗੁਰੂ
ਦੇ ਸਨਮੁਖ ਕੋਈ ਵਿਰਲਾ ਹੀ ਹੁੰਦਾ ਹੈ। ਕਬੀਰ ਜੀ ਨੇ ਬੜੇ ਅਨੋਖੇ ਢੰਗ ਨਾਲ ਮਨੁੱਖ ਦੀ ਫਿਤਰਤ ਨੂੰ
ਬਿਆਨ ਕੀਤਾ ਹੈ: ਕਬੀਰ ਹਜ
ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥ ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥1375
ਕਈ ਵਾਰ ਮੈਂ ਤੇਰੇ ਦਰ ਤੇ ਆਇਆ (ਕਈ ਵਾਰ ਮੈਂ ਗੁਰਦੁਆਰੇ ਆਇਆ) ਪਰ ਹੇ ਸਾਈਂ (ਹੇ ਗੁਰੂ) ਮੇਰੀ ਕੀ
ਖਤਾ ਹੈ ਕਿ ਤੂੰ ਮੇਰੇ ਨਾਲ ਗਲ ਹੀ ਨਹੀ ਕਰਦਾ? ਮੇਰੀ ਤੇਰੇ ਨਾਲ ਕਦੇ ਸਾਂਝ ਹੀ ਨਹੀ ਪਈ। ਪਰ
ਕਿਵੇਂ ਪਵੇ ਇਹ ਸਾਂਝ? ਕੈਸੀ ਬਣੇ ਗੁਰ ਸੰਗੇ?
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
ਮਨਮੁਖ ਅੰਧੇ ਫਿਰਹਿ ਬੇਤਾਲੇ ॥117 ਸਾਈਂ ਘਰੇ
(ਈਹਾਂ) ਬੈਠਾ ਹੈ ਤੇ ਘਰ ਵਾਲਾ ਸੁਦਾਈਆਂ ਵਾਂਙ ਉਸ ਨੂੰ ਬਾਹਰ (ਊਹਾਂ) ਲਭਦਾ ਫਿਰਦਾ ਹੈ, ਸਾਈਂ
ਅੰਦਰ ਹੈ ਪਰ ਬਾਹਰ ਹੱਥ ਜੋੜ ਕੇ ਫਰਿਆਦਾਂ ਕਿਸ ਨੂੰ ਸੁਣਾ ਰਿਹਾ ਹੈ?
ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ
ਮਹਿ ਹੋਤਾ ॥ ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ ॥
823 ਜੋ ਬਿਨਾ ਬੋਲਿਆਂ ਦੇਖਦਾ, ਸੁਣਦਾ ਤੇ ਦਿਲ ਦੀਆਂ ਜਾਣਦਾ ਹੈ, ਕਿਉਂਕਿ ਉਹ ਦਿਲ ਅੰਦਰ ਹੀ ਬੈਠਾ
ਹੈ, ਕੀ ਉਸ ਨੂੰ ਬੋਲ ਕੇ ਬਾਹਰ ਸੁਨਾਉਣ ਦੀ ਲੋੜ ਹੈ?
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ
ਤਿਸ ਕੈ ਪਾਸਿ ॥ ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
1420 ਬਿਨਾ ਬੋਲੇ ਸਭ ਕਿਛ ਜਾਨਣ ਵਾਲੇ ਨੂੰ ਬੋਲ ਕੇ ਸੁਨਾਉਣਾ ਤਾਂ ਉਸ ਦੀ ਅੰਤਰਯਾਮਤਾ ਤੇ ਸ਼ੱਕ
ਕਰਨਾ ਹੀ ਹੋਵੇਗਾ। ਜਿਨੀ ਦੇਰ ਮਨੁੱਖ ਅੰਦਰ ਬੈਠੇ ਗੁਰੂ ਦੇ ਸਨਮੁਖ ਨਹੀ ਹੁੰਦਾ (ਗੁਰੂ ਦੇ ਬਚਨਾਂ
ਤੇ ਨਹੀ ਚਲਦਾ) ਉਨੀ ਦੇਰ ਗੁਰੂ (ਸਦੀਵੀ ਸੁਖਾਂ ਦੇ ਖਜ਼ਾਨੇ) ਵਲ ਪਿੱਠ ਹੀ ਰਹੇਗੀ ਤੇ ਉਸ (ਪੂਰਨ
ਆਨੰਦ) ਨਾਲ ਕਦੇ ਨਹੀ ਬਣ ਆਵੇਗੀ।
ਜਿਨੀ ਦੇਰ ਬਾਹਰਲੇ ਆਪੂ ਬਣਾਏ ਅਕਾਲ ਤਖਤ ਵੱਲ
ਪਿੱਠ ਨਹੀ ਹੁੰਦੀ ਉਨੀ ਦੇਰ ਅੰਦਰ (ਅਕਾਲ ਦੇ ਬਣਾਏ) ਮਨ ਦੇ ਤਖਤ ਤੇ ਬੈਠੇ ਅਕਾਲ ਵੱਲ ਮੂੰਹ ਨਹੀ
ਹੋਣਾ ਤੇ ਨਾਂ ਉਸ ਨਾਲ ਸਾਂਝ ਪੈਣੀ ਹੈ। ਜੋ ਹਰੀ ਦਾ ਮੰਦਰ ਮਨੁੱਖ ਦਾ ਮਨ ਹੈ ਉਸ ਵਲ ਪਿੱਠ ਕਰਕੇ
ਬਾਹਰਲੇ ਹਰਮੰਦਰ ਵਿਚੋਂ ਕੁੱਝ ਨਹੀ ਲੱਭਣਾ ਕਿਉਂਕਿ ਜਿਸ ਨੇ ਵੀ ਉਸ ਨੂੰ ਪਾਇਆ ਹੈ ਉਸ ਨੇ ਮਨ ਮੰਦਰ
ਵਿੱਚੋਂ ਹੀ ਪਾਇਆ ਹੈ, ਬਾਹਰੋਂ ਨਹੀ। ਆਕਾਰਾਂ ਵੱਲ ਮੂੰਹ ਕਰਨਾ (ਜੁੜਨਾ) ਨਿਰੰਕਾਰ
ਵੱਲ ਪਿੱਠ ਕਰਨਾ (ਟੁੱਟਣਾ) ਹੈ। ਗੁਰਬਾਣੀ ਦਾ ਇੱਕ ਹੋਰ ਫੁਰਮਾਨ ਹੈ
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ
ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥
1349 ਜੇ ਉਹ ਸਭਨਾ ਥਾਵਾਂ ਤੇ ਹੁੰਦਾ ਹੋਇਆ ਕਿਸੇ ਇੱਕ ਥਾਂ, ਮਸੀਤ, ਮੰਦਰ ਜਾਂ ਚਰਚ ਵਿੱਚ ਨਹੀ
ਤਾਂ ਯਕੀਨ ਕਰਨਾ ਕਿ ਉਹ ਗੁਰਦੁਆਰੇ ਵਿੱਚ ਵੀ ਨਹੀ, ਜੇ ਸਾਰੇ ਆਕਾਰ ਉਸ ਨਿਰਆਕਾਰ ਦੇ ਹਨ ਤੇ ਉਹ
ਸਭਨਾਂ ਆਕਾਰਾਂ ਵਿੱਚ ਹੁੰਦਾ ਹੋਇਆ ਕਿਸੇ ਇੱਕ ਖਾਸ ਆਕਾਰ ਵਿੱਚ ਹੀ ਨਹੀ ਤਾਂ ਫਿਰ ਮਨੁੱਖ ਉਸ ਨੂੰ
ਕਿਸੇ ਇੱਕ ਆਕਾਰ ਜਾਂ ਇੱਕ ਥਾਂ ਵਿੱਚ ਕੈਦ ਕਿਉਂ ਕਰਨਾ ਚਹੁੰਦਾ ਹੈ? ਸਮੁੰਦਰ ਨੂੰ ਕੁੱਝੇ ਵਿੱਚ
ਪਾਉਣਾ ਅਸੰਭਵ ਹੈ, ਅਸੀਮ ਨੂੰ ਸੀਮਾ ਵਿੱਚ ਨਹੀ ਲਿਆਇਆ ਜਾ ਸਕਦਾ। ਇਉਂ ਜਾਪਦਾ ਹੈ ਜਿਵੇਂ ਮਨੁੱਖ
ਆਪ ਉਸ ਦੀ ਰਜ਼ਾ ਵਿੱਚ ਨਹੀ ਬਲਿਕੇ ਉਸ ਨੂੰ ਆਪਣੀ ਰਜ਼ਾ ਤੇ ਲੋੜ ਅਨੁਸਾਰ ਖਿਲਾਉਣੇ ਵਾਂਙ ਵਰਤਣਾ
ਚਹੁੰਦਾ ਹੈ ਤਾਂ ਫਿਰ ਅੇਸੀ ਸਥਿੱਤੀ ਵਿੱਚ ਕੈਸੀ ਬਣੇ ਗੁਰ ਸੰਗੇ? ਗੁਰਬਾਣੀ ਸਪਸ਼ਟ ਕਰਦੀ ਹੈ ਕਿ:
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ
ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥
644 ਜਿਵੇਂ ਕਸਤੂਰੀ ਮਿਰਗ ਦੇ ਅੰਦਰ ਹੀ ਹੁੰਦੀ
ਹੈ ਪਰ ਉਹ ਉਸ ਨੂੰ ਬਾਹਰੋਂ ਲੱਭਦਾ ਫਿਰਦਾ ਹੈ ਤਿਵੇਂ ਗੁਰੂ ਮਨੁੱਖ ਦੇ ਅੰਦਰ ਹੀ ਹੈ ਪਰ ਪਤਾ ਨਹੀ
ਉਹ ਬਾਹਰ ਕਿਸ ਨੂੰ ਲੱਭਦਾ ਫਿਰਦਾ ਹੈ। ਮਨੁੱਖ ਨੂੰ ਇਹ ਭਰਮ ਹੈ ਕਿ ਉਸ ਦੇ ਕੀਤੇ ਬਾਹਰੀ ਕਰਮ
ਕਾਂਡਾਂ ਨਾਲ ਗੁਰੂ ਪ੍ਰਸੰਨ ਹੋ ਜਾਵੇਗਾ। ਉਸ ਦੀ ਪ੍ਰਸੰਨਤਾ ਲਈ ਕੋਈ ਰਸਮੀ ਪਾਠਾਂ ਤੇ ਨਿੱਤਨੇਮ
ਵਿੱਚ ਲੱਗਾ ਹੈ, ਕੋਈ ਕੀਰਤਨ, ਕੋਈ ਜਪ ਤਪ, ਤੇ ਆਰਤੀਆਂ ਵਿੱਚ ਰੁੱਝਾ ਹੋਇਆ ਹੈ, ਕੋਈ ਦਾਨ ਦੇ ਕੇ
ਤੇ ਕੋਈ ਉਸ ਨੂੰ ਭੋਗ ਲਵਾ ਕੇ ਉਸ ਦੀ ਪ੍ਰਸੰਨਤਾ ਲੋਚਦਾ ਹੈ…ਆਦਿਕ… ਸਭ ਬਾਹਰੀ ਰਸਮਾਂ ਤੇ ਕਰਮ
ਕਾਂਡ ਨਿਭਾਉਣ ਵਿੱਚ ਲੱਗੇ ਹੋਏ ਹਨ। ਯਾਦ ਰਹੇ ਜਦੋਂ ਤਕ ਮੂੰਹ ਸੰਸਾਰੀ ਰਸਮਾਂ ਤੇ ਕਰਮ ਕਾਂਡਾਂ
ਵੱਲ ਹੈ, ਉਦੋਂ ਤਕ ਗੁਰੂ ਵੱਲ ਪਿੱਠ ਹੈ ਤੇ ਜਦੋਂ ਮੂੰਹ ਗੁਰੂ ਵੱਲ ਹੋਵੇਗਾ ਉਦੋਂ ਸੰਸਾਰੀ ਕਰਮ
ਕਾਂਡਾਂ ਵੱਲ ਪਿੱਠ ਹੋ ਜਾਵੇਗੀ। ਇਸ ਵਿੱਚ ਗੁਰੂ ਦੀ ਪ੍ਰਸੰਨਤਾ ਦਾ ਕੋਈ ਸਵਾਲ ਨਹੀ। ਗੁਰੂ ਵੱਲ
ਮੂੰਹ ਕਰਨ ਲਈ ਅੰਦਰ ਆਪਣੇ ਮਨ ਨੂੰ ਵਾਚਣਾ (ਪੜ੍ਹਨਾ) ਪਵੇਗਾ:
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ
ਸਿਰੁ ਨੀਵਾਂ ਕਰਿ ਦੇਖੁ ॥
1378
ਆਪਣੇ ਮਨ ਵਿੱਚ ਹੀ ਝਾਤ ਮਾਰਨੀ ਪਵੇਗੀ, ਤੇ ਫਿਰ ਗੁਰਮਤ
ਅਨੁਸਾਰ ਉਸ ਨੂੰ ਸਵਾਰਨਾ ਜਾਂ ਸੁਧਾਰਨਾ ਹੈ ਜੋ ਕੋਈ ਬਾਹਰੀ ਕਰਮ ਕਾਂਡ ਨਹੀ।
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ
ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ 1382
ਗੁਰੂ ਦੀ ਪ੍ਰਸੰਨਤਾ ਮਨੁੱਖ ਦੇ ਕੀਤੇ ਕਰਮ
ਕਾਂਡਾਂ ਤੇ ਆਧਾਰਤ ਨਹੀ। ਮਨੁੱਖ ਦੇ ਬਾਹਰੀ ਕਰਮ ਕਾਂਡਾਂ ਨਾਲ, ਨਾ ਉਸ ਨੇ ਖੁਸ਼ ਹੋਣਾ ਹੈ ਤੇ ਨਾ
ਉਦਾਸ, ਨਾ ਉਸ ਨੇ ਵੱਡ੍ਹਾ ਹੋ ਜਾਣਾ ਹੈ ਤੇ ਨਾ ਘਟ ਜਾਣਾ ਹੈ, ਉਸ ਨੂੰ ਕੋਈ ਫਰਕ ਨਹੀ ਪੈਣਾ। ਪਰ
ਮਨੁੱਖ ਦਾ ਅਨੰਦ (ਤੇ ਕਰਮ ਕਾਂਡਾਂ ਤੋਂ ਮੁਕਤੀ) ਗੁਰੂ ਦੀ ਸਾਂਝ (ਗੁਰੂ ਵੱਲ ਮੂੰਹ ਕਰਨ) ਤੇ ਅਵੱਸ਼
ਨਿਰਭਰ ਹੈ। ਨਗਰ ਕੀਰਤਨ ਵਿੱਚ ਵਹੀਰਾਂ ਘੱਤ ਕੇ ਜਾ ਰਹੇ ਇਕੱਠ ਨੂੰ ਵੇਖ ਕੇ ਖਿਆਲ ਆਉਂਦਾ ਹੈ ਕਿ
ਇਹ ਕਿਸ ਦੀ ਪ੍ਰਸੰਨਤਾ ਲਈ ਕੀਤਾ ਜਾ ਰਿਹਾ ਹੈ? ਜੇ ਗੁਰੂ ਦੀ ਪ੍ਰਸੰਨਤਾ ਮਨੁੱਖ ਦੇ ਕਰਮ ਕਾਂਡਾਂ
ਤੇ ਨਿਰਭਰ ਨਹੀ ਤਾਂ ਇਹ ਢੋਲ ਢਮੱਕਾ ਕਿਸ ਦੀ ਪ੍ਰਸੰਨਤਾ ਲਈ ਹੈ? ਗੁਰੂ ਅੰਦਰ ਬੈਠਾ ਹੈ ਪਰ ਘਰ
ਵਾਲਾ ਬਾਹਰ ਢੋਲ ਢਮੱਕੇ ਤੇ ਖਾਣ ਵਾਲੇ ਪਦਾਰਥੀ ਰਸਾਂ ਵਿੱਚ ਮਸਤ ਹੈ, ਅੰਦਰ ਗੁਰੂ ਵੱਲ ਪਿੱਠ ਹੈ
ਤੇ ਬਾਹਰ ਵੱਲ ਮੂੰਹ ਹੈ, ਤਾਂ ਕੈਸੀ ਬਣੇ ਗੁਰ ਸੰਗੇ? ਗੁਰੂ ਵਾਲੇ ਬਣਨ ਲਈ, ਗੁਰੂ ਵੱਲ ਮੂੰਹ ਕਰਨ
ਲਈ, ਗੁਰਬਾਣੀ ਤੇ ਚੱਲ ਕੇ, ਉਸ ਦੇ ਗੁਣਾ ਨੂੰ ਧਾਰਨ ਕਰਕੇ ਉਸ ਵਰਗਾ ਹੀ ਬਣਨਾ ਪਵੇਗਾ. .
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ
ਹੋਇ ॥ 1372.
. ਐਸੀ ਬਣੇ ਗੁਰ ਸੰਗੇ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |