.

ਪਉੜੀ 31

ਆਸਣੁ ਲੋਇ ਲੋਇ ਭੰਡਾਰ ॥

ਆਸਣੁ: ਟਿਕ ਜਾਣ ਵਾਲੇ ਚੰਗੇ ਖਿਆਲ, ਚੰਗੇ ਗੁਣ, ਫੁਰਨੇ। ਨਿਜਘਰ ਰੱਬੀ ਦਰਬਾਰ ਅੰਦਰ ਟਿਕ ਜਾਣਾ, ਥਾਪਿਆ ਜਾਣਾ। ਲੋਇ ਲੋਇ: ਖਿਆਲ, ਰੋਮ-ਰੋਮ, ਖੰਡ।

ਵਿਰਲੇ ਮਨ ਨੂੰ ਅਨੇਕਾਂ ਚੰਗੇ ਗੁਣਾਂ ਰੂਪੀ ਖਿਆਲ, ਅੰਤਰਆਤਮੇ ’ਚੋਂ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਕਰਕੇ ਉਹ ਟਿਕਾਅ ਮਾਣਦਾ ਹੈ।

ਜੋ ਕਿਛੁ ਪਾਇਆ ਸੁ ਏਕਾ ਵਾਰ ॥

ਵਿਰਲੇ ਮਨ ਨੂੰ ਸੱਚ ਅੱਗੇ ਇਕੋ ਵਾਰ ਸਮਰਪਣ ਕਰਨ ਸਦਕਾ ਇਹੋ ਦਾਤ ਸੁਰਤ, ਮੱਤ, ਮਨ, ਬੁੱਧ ਵਿਚ ਪ੍ਰਾਪਤ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ - ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
ਘਟ ਭੀਤਰਿ ਤੂ ਦੇਖੁ ਬਿਚਾਰਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1159)।

ਕਰਿ ਕਰਿ ਵੇਖੈ ਸਿਰਜਣਹਾਰੁ ॥

ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਚੰਗੇ ਗੁਣਾਂ ਦੀ ਸਿਰਜਣਾ ਸਤਿਗੁਰ ਦੀ ਮੱਤ ਅਧੀਨ ਹੀ ਹੁੰਦੀ ਹੈ। ਉਸਨੂੰ ਸਮਝ ਪੈਂਦੀ ਹੈ ਕਿ ਪ੍ਰਾਪਤ ਕੀਤੇ ਚੰਗੇ ਗੁਣਾਂ ਦੇ ਸੁਭਾਅ ਦਾ ਸਿਰਜਣਹਾਰ ਸੰਭਾਲਣ ਵਾਲਾ ਰੱਬ ਹੈ।

ਨਾਨਕ ਸਚੇ ਕੀ ਸਾਚੀ ਕਾਰ ॥

ਨਾਨਕ ਜੀ ਕਹਿੰਦੇ ਹਨ ਕਿ ਸੱਚ ਹੀ ਰੱਬ ਜੀ ਦਾ ਸਰੂਪ ਹੈ ਅਤੇ ਉਨ੍ਹਾਂ ਦੀ ਕਾਰ ਭਾਵ ਨਿਯਮ, ਨਾਮ, ਹੁਕਮ, ਰਜ਼ਾ ਸੱਚੇ ਹਨ ਉਸੇ ਅਨੁਸਾਰ ਚੱਲਣਾ ਸਚਿਆਰ ਬਣਨਾ ਹੈ।

ਆਦੇਸੁ ਤਿਸੈ ਆਦੇਸੁ ॥

ਆਦੇਸ: ਸਿਰ ਝੁਕਾ ਕੇ, ਨਿਮਰਤਾ, ਸਮਰਪਿਤ।

ਵਿਰਲੇ ਮਨ ਦਾ ਰੋਮ-ਰੋਮ, ਇੰਦਰੇ, ਗਿਆਨ-ਇੰਦਰੇ ਅਤੇ ਹਰੇਕ ਅੰਗ-ਅੰਗ ਸਿਰ ਝੁਕਾ ਕੇ ਨਿਮਰਤਾ ਵਿਚ ਸਤਿਗੁਰ ਦੀ ਮੱਤ ਅੱਗੇ ਸਮਰਪਿਤ ਹੈ ਕਿਉਂਕਿ ਨਿਜਘਰ ਤੋਂ ਸਤਿਗੁਰ ਦੀ ਮੱਤ ਦਾ ਸੁਨੇਹਾ ਹੀ ਸਦੀਵੀ ਸੱਚ ਹੈ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥31॥

ਅਨੀਲੁ: ਉਜਵਲ (ਵਿਕਾਰਾਂ ਦੀ ਮੈਲ ਤੋਂ ਬਿਨਾਂ ਚੰਗੇ ਗੁਣ ਦੇ ਸੁਭਾ ਦੀ ਸ਼ੋਭਾ ਅਤੇ ਚਮਕ ਹਾਸਿਲ ਕਰਨਾ)

ਜੁਗੁ ਜੁਗੁ ਏਕੋ ਵੇਸ: ਸਾਰੇ ਖਿਆਲਾਂ, ਸੁਭਾਵਾਂ ਉੱਤੇ ਇੱਕੋ ਸਤਿਗੁਰ ਦੀ ਮੱਤ ਦਾ ਵੇਸ ਧਾਰਨ ਕਰਨਾ। ਭਾਵ ਸੁਰਤ, ਮੱਤ, ਮਨ ਅਤੇ ਬੁਧ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਪਾਉਣਾ ਹੀ ਅਸਲੀ ਵੇਸ ਹੈ। ਹਰ ਇੱਕ ਖਿਆਲ, ਜੁਗ (ਸੋਚਣੀ ਦੇ ਢੰਗ) ਤੇ ਸਤਿਗੁਰ ਦੀ ਮੱਤ ਦੀ ਓੜ੍ਹਨੀ।

ਵਿਰਲਾ ਮਨ ਚੰਗੇ ਗੁਣਾਂ ਨਾਲ ਉਜਵਲ ਸੁਭਾ ਸਦਕਾ ਨਵੀਂ ਸ੍ਰਿਸ਼ਟੀ ਪ੍ਰਾਪਤ ਕਰਦਾ ਹੈ ਜੋ ਕਦੇ ਵਿਨਾਸ਼ ਨਹੀਂ ਹੁੰਦੀ।

ਸਦੀਵੀ ਮੁੱਖ ਉਜਲ ਵਾਲਾ ਸਚਿਆਰ ਸੁਭਾ ਤਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਰੋਮ-ਰੋਮ ਭਾਵ ਸਾਰੇ ਜਗ, ਹਰੇਕ ਖਿਆਲ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਓੜ੍ਹ ਲਵੋ ਭਾਵ ਵੇਸ ਧਾਰਨ ਕਰ ਲਵੋ।

ਸਦੀਵੀ ਸੱਚੇ, ਨਿਜਘਰ, ਰੱਬੀ ਦਰਬਾਰ ਦੇ ਸੁਨੇਹੇ ਰਾਹੀਂ ਸਰੀਰ ਦੇ ਹਰੇਕ ਇੰਦਰੇ, ਗਿਆਨ ਇੰਦਰੇ, ਰੋਮ-ਰੋਮ, ਅੰਗ-ਅੰਗ ਨੂੰ ਤੋਰਨਾ ਹੀ ਸਦੀਵੀ ਸਤਿਗੁਰ ਦੀ ਮੱਤ ਵਾਲਾ ਏਕੋ ਵੇਸ ਹੈ।

ਵੀਰ ਭੁਪਿੰਦਰ ਸਿੰਘ




.