ਲਮਹੋ ਨੇ ਖਤਾ ਕੀ ਤੋ ਉੜ ਜਾਏਗਾ ਪੰਜਾਬ (2017)
ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ
ਵਿੱਚ ਇੱਕ ਮੇਸੈਜ ਚੱਲਿਆ ਸੀ, ਉੜਤਾ ਪੰਜਾਬ ਮੂਵੀ ਪੰਜਾਬ ਵਾਸੀਆਂ ਲਈ ਇੱਕ ਸ਼ੀਸ਼ਾ ਹੈ। ਸ਼ੀਸ਼ਾ ਕਦੀ
ਝੂਠ ਨਹੀਂ ਬੋਲਦਾ ਭਾਵੇਂ ਉਸ ਦੇ ਟੁਕੜੇ-ਟੁਕੜੇ ਕਿਉਂ ਨਾ ਕਰ ਦਿੱਤੇ ਜਾਣ, ਉਹ ਆਪਣੀ ਸੱਚ ਬੋਲਣ ਦੀ
ਫ਼ਿਤਰਤ ਕਦੀ ਵੀ ਨਹੀਂ ਛੱਡਦਾ। ਇਸ ਕਰਕੇ ਪੰਜਾਬੀ ਹੋਣ ਦੇ ਨਾਤੇ ਅਸੀਂ ਵੀ ਪੁੱਜ ਗਏ ਸ਼ੀਸ਼ਾ ਵੇਖਣ।
ਜੇ ਸ਼ੀਸ਼ਾ ਧੁੰਦਲਾ ਹੋਵੇ ਤਾਂ ਉਸ ਵਿੱਚ ਅਕਸ ਸਾਫ਼ ਨਹੀਂ ਦਿਸਦਾ। ਠੀਕ ਧੂੰਧਲੇ ਸ਼ੀਸ਼ੇ ਦੀ ਤਰ੍ਹਾਂ ਹੀ
ਆਪਣੇ ਨੂੰ ਲੱਗੀ ਉੜਤਾ ਪੰਜਾਬ। ਉੜਤਾ ਪੰਜਾਬ, ਜਿਸ ਵਿੱਚ ਪੰਜਾਬ ਦਾ ਅਕਸ ਸਾਫ਼ ਨਹੀਂ ਦਿਸਦਾ।
ਉੜਤਾ ਪੰਜਾਬ ਤਾਂ ਉਸਦੀ ਟੀਮ ਨੂੰ ਦਿਸ ਰਿਹਾ ਸੀ ਲੇਕਿਨ ਉਹ ਇਹ ਦੇਖਣ ਵਿੱਚ ਰਤਾ ਵੀ ਕਾਮਯਾਬ ਨਾ
ਹੋ ਸਕੀ ਕਿ ਆਖਿਰ ਪੰਜਾਬ ਹੀ ਕਿਉਂ ਉੜ ਰਿਹਾ ਹੈ ਜਦਕਿ ਭਾਰਤ ਪਾਕਿਸਤਾਨ ਦੀ 2300 ਕਿਮੀ. ਤੋ ਵੱਧ
ਲੱਮੇ ਬਾਰਡਰ ਵਿਚੋ ਕੇਵਲ 550 ਕਿਮੀ. ਦਾ ਹਿੱਸਾ ਹੀ ਪੰਜਾਬ ਵਿਚੋ ਹੋ ਕੇ ਗੁਜਰਦਾ ਹੈ ਤੇ ਇਸ ਤੋ
ਤਿਨ ਗੁਣਾਂ ਹਿੱਸਾ ਜੋ ਰਾਜਸਥਾਨ ਅਤੇ ਗੁਜਰਾਤ ਵਿਚੋ ਹੋ ਕੇ ਗੁਜਰਦਾ ਹੈ ਉਥੇਂ ਤਾਂ ਹਾਲੇ ਤਕ
ਉਨ੍ਹਾਂ ਦੇ ਪਰ ਤਕ ਨਹੀਂ ਨਿਕਲੇ ਉਡਣਾ ਤਾਂ ਬੜੀ ਦੂਰ ਦੀ ਹੱਲ ਹੈ। ਦਰਅਸਲ, ਪੰਜਾਬ ਦਾ ਉਡਣਾ
ਦਿੱਲੀ ਅਤੇ ਪੰਜਾਬ ਦੀਆਂ ਸਾਰੀਆਂ ਪਾਰਟਿਆਂ ਦੀਆਂ ਸਰਕਾਰਾਂ ਦੀ ਦਾਹਾਕਿਆਂ ਦੀ ਨਾਕਾਮੀ ਦਾ ਨਤੀਜਾ
ਹੈ ਕਿਉਕਿ ਪਿਛਲੇ ਕਈ ਦਹਾਕਿਆ ਵਿੱਚ ਸਾਰੀਆਂ ਹੀ ਪਾਰਟਿਆਂ ਦੀਆਂ ਸਰਕਾਰਾਂ ਰਹੀਆਂ ਹਨ। ਕੋਈ ਐਸਾ
ਸਰਕਾਰੀ ਜਾਂ ਕਾਨੂਨੀ ਪ੍ਰਬੰਧ ਵੀ ਅੱਜ ਤਕ ਨਹੀਂ ਕੀਤਾ ਜਾ ਸਕਿਆ ਜਿਸ ਨਾਲ ਪੰਜਾਬ ਨੂੰ ਉਡਣ ਤੋ
ਰੋਕਿਆਂ ਜਾ ਸਕੇ ਤੇ ਉਡਾਉਣ ਵਾਲਿਆਂ ਲਈ ਕੋਈ ਕਾਨੂਨੀ ਜਾਲ ਵਿੱਛਾਇਆਂ ਜਾ ਸਕੇਂ। ਪੰਜਾਬ ਦੇ ਜੇਲਾਂ
ਵਿੱਚ ਬੰਦ ਲੋਕਾਂ ਦੇ ਮਾਮਲੇ ਜਿਆਦਾਤਰ ਮਾਮਲੇ ਨਸ਼ਿਆ ਨਾਲ ਸਬੰਧਤ ਨੇ, ਲੇਕਿਨ ਉਨ੍ਹਾਂ ਦਾ ਕਾਨੂਨੀ
ਨਿਸਤਾਰਾ ਕੀ ਹੈ, ਇਹ ਨਸ਼ਿਆਂ ਦੇ ਵਿਆਪਾਰ ਤੇ ਅਸਰ ਕਰਦਾ ਹੈ। ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ
ਸ਼ਾਇਦ ਸਾਡੀ ਲੀਡਰਸ਼ੀਪ ਪੰਜਾਬ ਨੂੰ ਮੈਕਸਿਕੋ ਤੋ ਅਗੇ ਨੰਬਰ ਵਨ ਵੇਖਣ ਲਈ ਉਤਸ਼ਾਹਿਤ ਹੈ, ਜੇ ਹਾਲਾਤ
ਇਦਾਂ ਹੀ ਰਹੇ ਤੇ ਕੁੱਝ ਤਾਂ ਕਰੋੜਪਤੀ ਤੋ ਅਰਬਪਤੀ ਹੋ ਜਾਣਗੇ ਤੇ ਕੁੱਝ ਨਹੀਂ ਬਥੇਰਿਆ ਮਾਵਾਂ
ਆਪਣੇ ਪੁਤ ਗਵਾਂ ਚੁਕੀਆਂ ਹਨ ਤੇ ਕੁੱਝ ਨਹੀਂ ਬਥੇਰੀਆਂ ਲਾਇਨ ਵਿੱਚ ਧੀਆਂ ਲੈ ਕੇ ਵੀ ਖੜੀਆਂ ਹਨ।
ਪੰਜਾਬ ਦਾ ਕੋਈ ਵੀ ਲੀਡਰ ਖੁਲ ਕੇ ਨਸ਼ਿਆਂ ਦੀ ਮੁਖਾਲਫਤ ਨਹੀਂ ਕਰਦਾ ਕਿਉਕਿ ਉਹ ਚੰਗੀ ਤਰ੍ਹਾਂ ਨਾਲ
ਜਾਣਦਾ ਹੈ ਕਿ ਉਸ ਦੇ ਮਾੜੇ ਚੰਗੇ ਕੰਮਾਂ ਤੋ ਬਾਦ ਵੀ ਉਸ ਨੂੰ ਲੀਡਰੀ ਕਿਨ੍ਹੇ ਦਵਾਈ ਹੋਈ ਹੈ। ਜੇ
ਲੀਡਰਾਂ ਦੇ ਨਸ਼ਈ ਸਾਥੀ/ਵਰਕਰ (ਸਾਰੇ ਨਹੀਂ ਬਥੇਰੇ, ਕਿਉਕਿ ਸਾਰੇ ਇਕ ਤਰਾਜੂ ਵਿਚ ਨਹੀਂ ਤੋਲੇ ਜਾ
ਸਕਦੇ) ਉਨ੍ਹਾਂ ਦਾ ਸਾਥ ਛੱਡ ਜਾਣ ਤਾਂ ਲੀਡਰੀ ਕਿਨ੍ਹਾਂ ਦੇ ਸਿਰ ਤੇ ਹੋਣੀ ਹੈ ਇਹ ਉਹ ਵੀ ਚੰਗੀ
ਤਰ੍ਹਾਂ ਨਾਲ ਜਾਣਦੇ ਹਨ। ਇਸ ਕਰਕੇ ਪੰਜਾਬ ਹੁਣ Drug
Hub ਬਣ ਚੁਕਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋ
ਪੰਜਾਬ ਦੀ ਨਿਕੱਮੀ ਲੀਡਰਸੀਪ ਆਪਣੇ ਚੁਨਾਵੀ ਘੋਸ਼ਣਾਪੱਤਰਾਂ ਵਿਚ ਹੋਰ ਸਟੇਟਾਂ ਵਾੰਗੂ ਜਿਵੇ ਉਹ
ਆਪਣੇ ਸੁਬਿਆਂ ਵਿਚ ਥਾਂ-ਥਾਂ ਤੇ Industrial Park
ਬਨਾਉਣ ਦਾ ਵਾਦਾ ਕਰਦੇ ਹਨ ਉਸ ਤਰ੍ਹਾਂ ਹੀ ਇਹ ਪੰਜਾਬ ਵਿਚ
Drug Park
ਬਨਾਉਣ ਦੇ ਵਾਦੇ ਅਵਾਮ ਨਾਲ ਕਰਿਆ ਕਰਣਗੇ ਕਿਉਕਿ ਅਵਾਮ ਦਹਾਕਿਆਂ ਤੋ ਚਲ ਰਹੇ ਇਸ ਵਰਤਾਰੇ ਕਾਰਣ
ਪਾਵਨ ਗੁਰਬਾਣੀ ਤੋ ਟੁਟਦੀ ਜਾ ਰਹੀ ਹੈ ਤੇ ਲੀਡਰਸ਼ਿਪ ਨਸ਼ਈ ਅਵਾਮ ਦੀਆਂ ਵੋਟਾਂ ਤੇ ਮੋਜ ਉਡਾ ਰਹੀ
ਹੈ।
ਪੰਜਾਬ ਦੀ ਲੀਡਰਸ਼ਿਪ ਨੇ ਕਦੀ ਵੀ ਪੰਜਾਬ ਦੀਆਂ ਸਮਸਿਆਵਾਂ ਨੂੰ
Democratic
ਤਰੀਕਿਆਂ ਨਾਲ ਜੋਰਦਾਰ ਢੰਗ ਨਾਲ ਨਹੀਂ ਚੁਕੀਆਂ ਤੇ ਨਾ ਹੀ ਸਲਝਾਇਆਂ ਹੈ। ਹਮੇਸ਼ਾਂ ਹੀ ਪੰਜਾਬ ਦੀਆਂ
ਸਮਸਿਆਵਾਂ ਨੂੰ ਸੜਕ ਤੇ ਧਰਨੇ, ਜਲੂਸ ਹੁਲੜ ਨਾਲ ਹੀ ਨਿਪਟਾਣ ਦਾ ਜਤਨ ਕੀਤਾ ਗਿਆ, ਜਿਸਦਾ ਨਤੀਜਾ
ਇਹ ਹੋਇਆ ਕਿ ਹਰ ਵਾਰੀ ਮੁੱਦੇ ਦੇ ਪੱਧਰ (value of
issue) ਤੇ ਸਿੱਖ ਜਵਾਨੀ ਬੰਦੁਕਾਂ ਹੇਠ ਰੋਲ
ਦਿਤੀ ਗਈ। ਇਨ੍ਹਾਂ ਸਬ ਤੋ ਮਿਲਿਆ ਕਿ ਸਿਆਸੀ ਲੀਡਰਾਂ ਨੂੰ ਫੋਟੋ ਛਪਾਣ ਦਾ ਮੋਕਾ ਤੇ ਧਾਰਮਕ
ਲੀਡਰਾਂ ਨੂੰ ਬਰਸੀ ਮਨਾਉਣ ਲਈ ਇਕ ਹੋਰ ਸ਼ਹੀਦ ਤੇ ਦੁਨਿਆਂ ਦੀ ਨਜਰੇ ਸਿੱਖ ਬਣ ਗਿਆ ਭੜਥੂ ਸਿੰਘ। ਜੇ
ਸੁਹਿਰਦਤਾ ਨਾਲ ਵਾਚਿਐ ਤਾਂ ਇਦਾਂ ਦੇ ਲੀਡਰਾਂ ਦੇ ਹੁੰਦੇ ਹੋਏ ਪੰਜਾਬ ਤਾਂ ਕੱਲ ਹੀ ਉਡ ਜਾਣਾ ਸੀ
ਜੇ ਨਹੀਂ ਉਡ ਸਕਿਆ ਤਾਂ ਰੱਬ ਦੀ ਮੇਹਰ ਹੀ ਆਖੀ ਜਾ ਸਕਦੀ ਹੈ, ਹਾਲੇ ਬਹੁਤੀ ਜੋਸ਼ ਵਿਚ ਨਾ ਆ ਜਾਈਏ
ਅੱਜ ਵੀ ਪੰਜਾਬ ਉਡ ਸਕਦਾ ਹੈ। ਜੇ ਲੀਡਰ ਇਦਾਂ ਦੇ ਹੀ ਰਹੇ ਤਾਂ ਕੱਲ ਨਾ ਸਹੀ ਪਰਸੋ ਤਕ ਤਾਂ ਜਰੂਰ
ਉਡ ਜਾਣਾ ਹੈ। ਪੰਜਾਬ ਨੇ ਉਡਣਾ ਕੇਵਲ ਨਸ਼ਿਆਂ ਦੇ ਹੀ ਕਾਰਣ ਨਹੀਂ ਉਨ੍ਹਾਂ ਸਬ ਕਾਰਣਾਂ ਕਰਕੇ ਹੈ ਜੋ
ਪੰਜਾਬ ਵਿਚ ਨਸ਼ਾਂ ਵੱਧਾਉਂਦੇ ਨੇ ਤੇ ਨਾਲ ਹੀ ਜੋ ਨਸਿਆਂ ਦੇ ਕਰਕੇ ਅਚਨਚੇਤੀ ਵੱਧਦੇ ਜਾਂਦੇ ਨੇ,
ਜਿਵੇਂ ਸਿਹਤ, ਪੜਾਈ, ਰੋਜਗਾਰ, ਕਿਰਸਾਣੀ, ਸਮਾਜਕ ਤੇ ਆਰਥਕ ਦੇ ਨਾਲ ਹੀ ਪਰਵਾਰ ਪੱਧਰ ਦੇ ਮੁੱਦੇ
ਜੋ ਸਿੱਧੇ ਤੋਰ ਤੇ ਨਸ਼ਿਆਂ ਨਾਲ ਪ੍ਰਭਾਵਿਤ ਹੁੰਦੇ ਹਨ ਤੇ ਨਾਲ ਹੀ ਨਸ਼ਿਆਂ ਨੂੰ ਪ੍ਰਭਾਵਿਤ ਕਰਦੇ
ਹਨ।
ਜੇ ਅਸੀਂ ਪੰਜਾਬ ਨੂੰ ਉਡਣਾ ਨਹੀਂ ਵੇਖਣਾ ਚਾਹੁੰਦੇ ਤਾਂ ਸਾਨੂੰ 2017 ਵਿਚ ਇਕ ਵਡਾ ਬਦਲਾਵ ਕਰਣਾ
ਹੋਵੇਗਾ, ਇਹ ਬਦਲਾਵ ਲੀਡਰਸ਼ਿਪ ਦਾ ਹੋਣਾ ਚਾਹੀਦਾ ਹੈ ਜੋ ਪੰਜਾਬ ਨੂੰ ਉਡਣ ਤੋ ਬਚਾ ਲਵੇ ਨਹੀਂ ਤਾਂ
ਕਸਰ ਤਾਂ ਅਖੋਤੀ ਲੀਡਰਾਂ ਨੇ ਕੋਈ ਵੀ ਛੱਡੀ ਨਹੀਂ ਹੈ ਭਾਵੇ ਉਹ ਕਿਸੀ ਵੀ ਰਾਜਨੀਤਿਕ ਪਾਰਟੀ ਦੇ
ਹੋਣ। ਜੇ ਸਿਧੇ ਤੋਰ ਤੇ ਵੇਖਿਏ ਤਾਂ ਪੰਜਾਬ ਨੂੰ ਉਡਾਉਣ ਦਾ ਕੰਮ ਕਈ ਦਹਾਕਿਆ ਤੋ ਉਸ ਦੀ ਲੀਡਰਸ਼ਿਪ
ਹੀ ਕਰ ਰਹੀ ਹੈ ਕੋਈ ਹੋਰ ਨਹੀਂ ਕਿਉਕਿ ਕਿਸੇ ਵੀ ਸੁਬੇ ਦੀ ਰਾਜ ਸੱਤਾ ਉਸ ਦੇ ਲੀਡਰਾਂ ਦੇ ਹੱਥ ਹੀ
ਹੁੰਦੀ ਹੈ ਜੇ ਲੀਡਰ ਅਵਾਮ ਨਾਲ ਇਮਾਨਦਾਰ ਨਾ ਹੋਵੇ ਤਾਂ ਰਾਜ ਸੱਤਾ ਦਾ ਰੁਲ ਜਾਣਾ ਕੁਦਰਤੀ ਹੈ।
ਪੰਜਾਬ ਵਿਚ ਵੀ ਇਹ ਭਾਣਾ ਵਾਪਰ ਰਿਹਾ ਹੈ। ਬਸ ਲੋੜ ਹੈ ਪੰਜਾਬ ਦੇ ਅਵਾਮ ਨੂੰ ਸਮਝਣ ਦੀ ਕਿ ਉਨ੍ਹਾਂ
ਨੇ ਹੁਣ ਜੇ ਕੋਈ ਫਿਰ ਗਲਤੀ ਕੀਤੀ ਤਾਂ ਉਸਦਾ ਰਗਣਾ ਉਨ੍ਹਾਂ ਨੂੰ ਪੀੜੀ ਦਰ ਪੀੜੀ ਭੁਗਤਣਾ ਹੋਵੇਗਾ
ਉਡਦੇ ਪੰਜਾਬ ਨੂੰ ਵੇਖ-ਵੇਖ ਕੇ। ਜੇ ਵੱਸਦੇ ਪੰਜਾਬ ਵਿਚ ਪੰਜਾਬੀ ਆਪ ਵੱਸਣਾ ਚਾਹੁੰਦੇ ਨੇ ਤੇ
ਉਨ੍ਹਾਂ ਨੂੰ ਇਨ੍ਹਾਂ ਅਖੋਤੀ ਲੀਡਰਾਂ ਤੋ ਅਪਣਾ ਖਹਿੜਾ ਤੱਤਕਾਲ ਛੁੜਾ ਲੈਣਾ ਚਾਹੀਦਾ ਹੈ। ਸਾਨੂੰ
ਇਕ ਨਵੀ ਲੀਡਰਸ਼ਿਪ ਚਾਹੀਦੀ ਹੈ, ਜੋ ਸਾਡੇ ਹਿੱਤਾਂ ਲਈ ਕੰਮ ਕਰ ਸਕੇ, ਜੋ ਪੰਜਾਬ ਦੇ ਅਵਾਮ ਦਾ ਰਾਜ
ਪੰਜਾਬ ਲਈ ਪੈਦਾ ਕਰ ਸਕੇ।
ਇਥੇ ਕੋਈ ਇਹ ਨਾ ਸਮਝ ਲਵੇ ਕਿ ਇਨ੍ਹਾਂ ਵਿਚਾਰਾਂ ਨੂੰ ਆਮ ਆਦਮੀ ਪਾਰਟੀ ਲਈ ਕਹਿ ਰਹੇ ਹਾਂ। ਆਮ
ਆਦਮੀ ਪਾਰਟੀ ਵੀ ਉਹੀ ਬੇਸੁਆਦੀ ਤੇ ਰਿਵਾਇਤੀ ਰਾਜਨੀਤੀ ਕਰ ਰਹੀ ਹੈ ਜੋ ਦੁਸਰਿਆਂ ਪਾਰਟੀਆਂ ਕਰਦੀਆਂ
ਹਨ, ਬਸ ਫਰਕ ਇਤਨਾ ਹੈ ਕਿ ਉਹ ਉਸ ਮਨੁਖੀ ਸੁਭਾਵ ਦੇ ਨੁਕਤੇ ਨੂੰ ਸਮਝਦੀ ਹੈ ਕਿ ਜਿਆਦਾਤਰ ਮਨੁਖੀ
ਸੁਭਾਵ ਲਗਾਤਾਰ ਆ ਰਹੀਆਂ ਚੀਜਾਂ ਅਤੇ ਵਿਵਸਥਾਵਾਂ ਨੂੰ ਕੁਝ ਸਮੇ ਬਾਦ ਬਦਲਣ ਦਾ ਹੁੰਦਾ ਹੈ। ਇਸੀ
ਸਿਧਾੰਤ ਤੇ ਹੀ ਵਡੀਆਂ ਕੰਪਨਿਆਂ ਕੰਮ ਕਰਦੀਆਂ ਹਨ ਤੇ ਆਪਣਾ ਸਮਾਨ ਬਜਾਰ ਵਿਚ ਵੇਚਦੀਆਂ ਹਨ। ਜੇ
ਬਦਲਣ ਵਿਚ ਕੋਈ ਲਾਹਾ ਮਿਲ ਜਾਵੇ ਤਾਂ ਬਹੁਤੇ ਲੋਕ ਤਾਂ ਆਪਣੇ ਮਾਂਪਿਆਂ ਨੂੰ ਬਦਲਣ ਵਿਚ ਕੋਈ ਸੰਕੋਚ
ਨਾ ਕਰਣ। ਇਸ ਮਨੁਖੀ ਸੁਭਾਵ ਦਾ ਫਾਇਦਾ ਹੀ ਤਾਂ ਉਹ ਚੁਕਣਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਦਿਲੀ
ਤੋ ਬਾਦ ਪੰਜਾਬ ਨੂੰ ਚੁਣਿਆ ਕਿਉਕਿ ਪੰਜਾਬ ਦਾ ਅਵਾਮ ਆਪਣੀ ਲੀਡਰਸ਼ਿਪ ਬਦਲਣਾ ਚਾਹੁੰਦਾ ਹੈ ਤੇ ਉਸ
ਦੇ ਕੋਲ ਕੋਈ ਹਲ ਵੀ ਨਹੀਂ ਹੈ। ਇਸ ਤੋ ਬਾਦ ਉਨ੍ਹਾਂ ਦਾ ਨਿਸ਼ਾਨਾ ਗੋਵਾ ਤੇ ਗੁਜਰਾਤ ਹੈ ਜਦਕਿ
ਯੂ.ਪੀ. ਤੇ ਉਤਰਾਖੰਡ ਉਨ੍ਹਾਂ ਦੇ ਗਵਾਂਢ ਵਿਚ ਹਨ, ਲੇਕਿਨ ਉਹ ਜਾਣਦੇ ਨੇ ਕਿ ਇਥੇ ਦੇ ਲੋਕਾਂ ਕੋਲ
ਬਦਲ ਦੀ ਲੀਡਰਸ਼ਿਪ ਹੈ। ਇਸ ਕਰਕੇ ਜੇ ਕੋਈ ਇਨ੍ਹਾਂ ਤੋਂ ਬਹੁਤੀ ਉਮੀਦ ਕਰੇ ਤਾਂ ਸ਼ਾਇਦ ਉਹ ਇਕ
ਭੁਲੇਖਾ ਹੀ ਸਾਬਿਤ ਹੋਏਗਾ।
ਜੇ ਪੰਜਾਬ ਦਾ ਪੰਜਾਬੀ ਆਪਣਾ ਤੇ ਪੰਜਾਬ ਦਾ ਭਲਾ ਲੋਚਦਾ ਹੈ ਤਾਂ ਉਸ ਨੂੰ ਬਦਲ ਲਈ ਉਨ੍ਹਾਂ ਵੱਲ
ਤਕਣਾ ਹੋਵੇਗਾ ਜਿਨ੍ਹਾਂ ਨੇ ਅੱਜ ਤਕ ਉਨ੍ਹਾਂ ਨੂੰ ਉਡਣ ਤੋ ਬਚਾਉਣ ਲਈ ਆਪਣੇ ਕੋਲ ਕੋਈ ਵੀ ਚੰਗਾ
ਵਸੀਲਾ ਨਾ ਹੋਣ ਦੇ ਬਾਵਜੂਦ ਅਡੀ ਦਾ ਜੋਰ ਲਾਇਆਂ ਹੋਇਆ ਹੈ। ਜੋ ਹਰ ਹੀਲੇ ਵਸੀਲੇ ਪੰਜਾਬ ਨੂੰ ਉਡਦਾ
ਹੋਇਆ ਨਹੀਂ ਦੇਖਣਾ ਚਾਹੁੰਦੇ ਹਨ। ਉਹ ਹਰ ਹੀਲੇ ਵਸੀਲੇ ਪੰਜਾਬ ਨੂੰ ਵਸਦਾ ਤੇ ਵੱਧਦਾ ਵੇਖਣਾ
ਚਾਹੁੰਦੇ ਹਨ। ਜਿਨ੍ਹਾਂ ਨੇ ਪੰਜਾਬ ਨੂੰ ਹਸਦਾ ਵਸਦਾ ਵੇਖਣ ਲਈ ਆਪਣਿਆਂ ਸਾਰੀਆਂ ਜਿੰਦਗੀਆਂ ਸਮਰਪਿਤ
ਕੀਤੀਆਂ ਹੋਈਆਂ ਹਨ। ਉਹ ਹਨ ਤੱਤ ਗੁਰਮਤਿ ਦਾ ਪ੍ਰਚਾਰ ਕਰਣ ਵਾਲੇ ਪ੍ਰਚਾਰਕ। ਜਿਨ੍ਹਾਂ ਤੋ ਅਸੀ
ਚੰਗੀ ਤੇ ਸੁਚਜੀ ਸਰਕਾਰ ਦੀ ਉਮੀਦ ਕਰ ਸਕਦੇ ਹਾਂ ਕਿਉਕਿ ਜੇ ਪੰਜਾਬ ਵਿਚ ਅੱਜ ਪੰਜਾਬਿਅਤ ਕਿਰਦਾਰ
ਦੀ ਕੋਈ ਰੋਸ਼ਨੀ ਕਾਇਮ ਹੈ ਤੇ ਇਨ੍ਹਾਂ ਪ੍ਰਚਾਰਕਾਂ ਦੇ ਹੋਸਲੇ ਕਰਕੇ ਹੀ ਹੈ।
ਇਹ ਗੱਲ ਇਨ੍ਹਾਂ ਪ੍ਰਚਾਰਕਾਂ ਨੂੰ ਵੀ ਸਿਰੇ ਤੋ ਸਮਝਣੀ ਹੋਵੇਗੀ ਕਿ ਜੇ ਇਹ ਆਪਣੀ ਧਾਰਮਕ ਬੰਦਿਸ਼ਾਂ
ਕਰਕੇ ਸਿਆਸੀ ਮੈਦਾਨ ਵਿਚ ਨਾ ਕੁਦੇ ਤਾਂ ਹਾਲੇ ਤਾਂ ਗਿਰਾਵਟ ਕੇਵਲ ਸਿਧਾੰਤ ਨੂੰ ਤੋੜਨ ਮਰੋੜਨ ਵਿਚ
ਲਗੀ ਹੈ ਅਗੋ ਤਾਂ ਰਬ ਹੀ ਰਾਖਾ ਹੈ। ਇਹ ਵੀ ਸਿਧਾੰਤਕ ਪੱਖ ਵੀ ਸਿੱਖ ਇਤਿਹਾਸ ਦਾ ਹੀ ਹੈ ਕਿ ਗੁਰੂ
ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਮਗਰੋ ਗੁਰੂ ਹਰਿ ਗੋਬਿੰਦ ਸਾਹਿਬ ਨੇ ਵਕਤ ਦੀ ਲੋੜ ਮੁਤਾਬਿਕ
ਕਿਰਪਾਨਾਂ ਧਾਰਣ ਕੀਤੀਆ ਸਨ ਤੇ ਪੰਜਾਬੀਆਂ ਦੀ ਚੜਤ ਲਈ ਹੀ ਕੋਮ ਦੇ ਮਹਾਨ ਸਿੱਖਾਂ ਨੇ ਅਕਾਲੀ
ਸਿਆਸਤ ਦੀ ਅਰੰਭਤਾ ਕੀਤੀ ਸੀ ਤੇ ਅਸੀਂ ਉਸ ਬਾਬੇ ਨਾਨਕ ਦੇ ਸਿੱਖ ਹਾਂ ਜੋ ਪੀਰੀ ਦੇ ਨਿਸ਼ਾਨ ਹੇਠਾਂ
ਹੀ ਮੀਰੀ ਦੇ ਨਿਸ਼ਾਨ ਨੂੰ ਰਖਦੇ ਹਨ। ਅੱਜ ਦੇ ਹਲਾਤ ਫਿਰ ਉਸ ਸਮੇਂ ਨਾਲ ਮੇਲ ਖਾਉਂਦੇ ਪਏ ਹਨ ਜਦੋ
ਅਕਾਲੀ ਸਿਆਸਤ ਅਰੰਭ ਹੋਈ। ਸਮਾਂ ਸੱਦ ਰਿਹਾ ਉਨ੍ਹਾਂ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਪੰਜਾਬ ਵਿਚ
ਇਕ ਨਵੀ ਸਿਆਸਤ ਦਾ ਸੂਰਜ ਉਗਾਉਣ ਲਈ ਜੋ ਪੰਜਾਬ ਨੂੰ ਉਡਦਾ ਨਹੀਂ ਵੇਖਣਾ ਚਾਹੁੰਦੇ।
ਇਕ ਗੱਲ ਚੇਤੇ ਰਖੋ ਜੇ ਤੱਤ ਗੁਰਮਤਿ ਦੇ ਪ੍ਰਚਾਰਕ ਆਪਣਿਆਂ ਧਾਰਮਕ ਬੰਦਿਸ਼ਾਂ ਦੇ ਕਰਕੇ ਇਕ ਸਿਆਸੀ
ਪਾਰਟੀ ਬਣਾ ਕੇ ਸਿਆਸੀ ਮੈਦਾਨ ਵਿਚ ਨਹੀਂ ਆਉਂਦੇ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਵਲੋ ਲਾਏ
ਦੀਵਾਨਾਂ ਵਿਚ ਵੀ ਸੰਗਤਾਂ ਦੀ ਹਾਜਰੀ ਘਟਦੀ ਜਾਉਗੀ ਤੇ ਉਨ੍ਹਾਂ ਦਾ ਸੰਘਰਸ਼ ਵੱਧਦਾ ਜਾਵੇਗਾ ਕਿਉਕਿ
ਲੀਡਰਸ਼ਿਪ ਤਾਂ ਪੰਜਾਬ ਨੂੰ ਉਡਾ ਕੇ ਹੀ ਖੂਸ਼ ਹੋਵੇਗੀ ਕਿਉਕਿ ਉਹ ਤਾਂ ਪਿਛਲੇ ਕਈ ਦਹਕਿਆਂ ਤੋ ਪੰਜਾਬ
ਨੂੰ ਉਡਾਉਣ ਦਾ ਹੀ ਜਤਨ ਕਰ ਰਹੇ ਹਨ। ਜੇ ਤੱਤ ਗੁਰਮਤਿ ਦੇ ਪ੍ਰਚਾਰਕ ਆਉਣ ਵਾਲੇ ਦਿਨਾਂ ਵਿਚ ਭਾਵੇ
ਅਵਾਮ ਉਨ੍ਹਾਂ ਨੂੰ ਸਰਕਾਰ ਬਣਾਉਣ ਦੇਵੇ ਭਾਵੇ ਨਾ ਬਣਾਉਣ ਦੇਵੇ ਲੇਕਿਨ ਉਹ ਜੇ ਸੰਗਠਤ ਹੋ ਕੇ
ਜਿਥੇਂ ਸੰਗਤ ਨੂੰ ਉਚੇ ਆਚਰਣ ਲਈ ਪ੍ਰੇਰਨਗੇ ਉਥੇਂ ਨਾਲ ਹੀ ਸਮੇਂ ਦੀ ਹਕੂਮਤਾਂ ਨੂੰ ਵੀ ਆਪਣੇ ਸਖਤ
ਪਹਿਰੇ ਰਾਹੀ ਇਹ ਚੇਤੇ ਕਰਾਉਂਦੇ ਰਹਿਣਗੇ ਕੀ ਅਵਾਮ ਦਾ ਇਕ ਹਿੱਸਾ ਇਦਾਂ ਦਾ ਵੀ ਹੈ ਜੋ ਪੰਜਾਬ ਨੂੰ
ਉਡਣ ਨਹੀਂ ਦੇਵੇਗਾ। ਨਹੀਂ ਤਾਂ ਅਸੀਂ ਇਹ ਉਚੀ ਅਵਾਜ ਵਿਚ ਕਈ ਸਦੀਆਂ ਗਾਉਂਦੇ ਰਹਾਗੇਂ ਲਮਹੋ ਨੇ
ਖਤਾ ਕੀ ਸਦਿਓ ਨੇ ਸਜਾ ਪਾਈ।
ਮਨਮੀਤ ਸਿੰਘ, ਕਾਨਪੁਰ।