ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
‘ਬਾਬਾ, ਅਬ ਨ ਬਸਉ ਇਹ ਗਾਉ’
ਪ੍ਰੋਫੈਸਰ ਸਾਹਿਬ ਸਿੰਘ ਜੀ ਹੁਰਾਂ ਇਸ ਸ਼ਬਦ ਦੀ ਵਿਚਾਰ ਕਰਦਿਆਂ
ਸ਼ਬਦ ਦਾ ਭਾਵਅਰਥ
ਦਸਦੇ ਹਨ ਕਿ ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ।
ਇਹਨਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ—ਪਰਮਾਤਮਾ ਦੇ ਦਰ ਤੇ ਨਿੱਤ ਅਰਦਾਸ
ਕਰਨੀ ਚਾਹੀਦੀ ਹੈ।
ਭੂਮਿਕਾ--ਸਿੱਖ ਧਰਮ ਵਿੱਚ ਕੀਰਤਨ ਸਬੰਧੀ ਅਸੀਂ ਗ਼ਮੀ, ਖੁਸ਼ੀ,
ਜੰਮਣ-ਮਰਣ ਤੇ ਵਿਛੋੜੇ ਦੀਆਂ ਕਈ ਧਾਰਨਾਵਾਂ ਬਣਾ ਲਈਆਂ ਹਨ। ਏਹੀ ਕਾਰਨ ਹੈ ਕਿ ਆਮ ਕਰਕੇ ਜਦੋਂ ਵੀ
ਕਦੇ ਘਰਾਂ ਦੇ ਸਮਾਗਮਾਂ ਵਿੱਚ ਜਾਣ ਦਾ ਅਵਸਰ ਮਿਲਦਾ ਹੈ ਤਾਂ ਬਹੁਤੇ ਰਾਗੀ ਸਿੰਘਾਂ ਵਲੋਂ ਕੇਵਲ
ਗਿਣਤੀ ਦੇ ਸ਼ਬਦਾਂ ਦਾ ਹੀ ਗਾਇਨ ਕੀਤਾ ਜਾਂਦਾ ਹੈ। ਸ਼ਬਦਾਂ ਰਾਂਹੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ
ਜਾਂਦਾ ਹੈ ਕਿ ਹੁਣ ਖੁਸ਼ੀ ਕੇਵਲ ਤੁਹਾਡੇ ਘਰ ਹੀ ਆਈ ਹੈ। ਪ੍ਰਾਣੀ ਚੜ੍ਹਾਈ ਕਰ ਜਾਏ ਤਾਂ ‘
ਬਾਬਾ,
ਅਬ ਨ ਬਸਉ ਇਹ ਗਾਉ` ਇਸ ਸ਼ਬਦ ਦਾ ਰਾਗੀ ਸਿੰਘ
ਕੀਰਤਨ ਜ਼ਰੂਰ ਕਰਦੇ ਹਨ। ਇਸ ਸ਼ਬਦ ਰਾਂਹੀ ਇਹ ਦੱਸਣ ਦਾ ਯਤਨ ਕੀਤਾ ਜਾਂਦਾ ਹੈ ਕਿ ਮਰਿਆ ਹੋਇਆ ਬੰਦਾ
ਕਹਿੰਦਾ ਹੈ ਕਿ ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ, ਕਿਉਂਕਿ ਏੱਥੇ ਘੜੀ ਘੜੀ ਦਾ ਲੇਖਾ ਮੰਗਿਆ
ਜਾਂਦਾ ਹੈ। ਬੰਦਾ ਪੁੱਛੇ ਕਿ ਅੱਸੀ ਸਾਲ ਤੀਕ ਤਾਂ ਇਸ ਨੇ ਏਸੇ ਪਿੰਡ ਵਿੱਚ ਹੀ ਉੱਮਰ ਹੰਢਾਈ ਹੈ,
ਮਰਨ ਸਮੇਂ ਚੇਤਾ ਆ ਗਿਆ ਹੈ ਕਿ ਹੁਣ ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ। ਸ਼ਬਦ ਦਾ ਭਾਵ ਅਰਥ ਭਾਂਵੇ
ਕੋਈ ਹੋਰ ਹੁੰਦਾ ਹੈ ਪਰ ਅਸੀਂ ਧੁੰਨ ਦੇ ਪੱਕੇ ਹਾਂ ਕਿ ਅਪਣੀ ਮਰਜ਼ੀ ਨਾਲ ਹੀ ਸ਼ਬਦਾਂ ਦਾ ਗਾਇਨ ਜਾਂ
ਵਿਚਾਰ ਕਰਦੇ ਹਾਂ। ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਸ ਸ਼ਬਦ ਦੇ ਅੱਖਰੀਂ ਅਰਥ ਤੇ ਭਾਵ ਅਰਥ
ਨੂੰ ਸਮਝਣ ਦਾ ਯਤਨ ਕੀਤਾ ਜਾਏਗਾ।
ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ।।
ਨੈਨੂ ਨਕਟੂ ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨ ਮਾਨਾ।। ੧।।
ਬਾਬਾ, ਅਬ ਨ ਬਸਉ ਇਹ ਗਾਉ।।
ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ।। ੧।। ਰਹਾਉ।।
ਧਰਮ ਰਾਇ ਜਬ ਲੇਖਾ ਮਾਗੈ, ਬਾਕੀ ਨਿਕਸੀ ਭਾਰੀ।।
ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ।। ੨।।
ਕਹੈ ਕਬੀਰੁ, ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ।।
ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ।। ੩।। ੭।।
ਰਾਗ ਮਾਰੂ ਬਾਣੀ ਕਬੀਰ ਜੀ ਕੀ ਪੰਨਾ ੧੧੦੪
ਅੱਖਰੀਂ ਅਰਥ -—
ਹੇ
ਬਾਬਾ! ਹੁਣ ਮੈਂ ਇਸ ਪਿੰਡ ਵਿੱਚ ਨਹੀਂ ਵੱਸਣਾ, ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ
ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ। ੧। ਰਹਾਉ।
ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ
ਚੌਧਰੀ ਹੈ, ਇਸ ਵਿੱਚ ਪੰਜ ਕਿਸਾਨ ਵੱਸਦੇ ਹਨ—ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ)
ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ)। ੧।
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ
ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁੱਝ ਦੇਣਾ ਨਿਕਲਦਾ ਹੈ।
(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ)
ਦਰਬਾਰੀ ਬੰਨ੍ਹ ਲੈਂਦੇ ਹਨ। ੨।
ਕਬੀਰ ਆਖਦਾ ਹੈ—ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿੱਚ (ਇਹਨਾਂ
ਇੰਦ੍ਰਿਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ—ਹੇ ਪ੍ਰਭੂ! ਇਸੇ ਹੀ ਵਾਰੀ
(ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿੱਚ ਮੇਰਾ ਮੁੜ
ਫੇਰ ਨਾਹ ਹੋਵੇ। ੩। ੭।
ਵਿਚਾਰ ਚਰਚਾ—
ਮਿਰਤਕ
ਸਮਾਗਮ ਵਿੱਚ ਇਸ ਸ਼ਬਦ ਦਾ ਕੀਰਤਨ ਕਰਕੇ ਪ੍ਰਵਾਰ ਨੂੰ ਇਹ ਦਸਣ ਦਾ ਯਤਨ ਕੀਤਾ ਜਾਂਦਾ ਹੈ ਇਹ ਪ੍ਰਾਣੀ
ਕਹਿ ਰਿਹਾ ਹੈ ਕਿ ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ ਕਿਉਂਕਿ ਏੱਥੇ ਕਈ ਪ੍ਰਕਾਰ ਦੇ ਲੇਖੇ
ਮੰਗੇ ਜਾਂਦੇ ਹਨ। ਇਹ ਸ਼ਬਦ ਪੜ੍ਹ ਕੇ ਇੱਕ ਹੋਰ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਹੁਣ
ਅਸੀਂ ਕਿਸੇ ਹੋਰ ਮੁਲਕ ਦੇ ਵਾਸੀ ਹੋ ਜਾਣਾ ਹੈ। ਫਿਰ ਇਹ ਸਮਝਾਇਆ ਜਾਂਦਾ ਹੈ ਕਿ ਹੁਣ ਇਸ ਵਾਰੀ
ਮੈਨੂੰ ਬਖਸ਼ ਦਿਓ ਤੇ ਭਵਜਲ ਵਿੱਚ ਮੈਨੂੰ ਨਾ ਪੈਣ ਦਿਆ ਜੇ। ਜਨੀ ਕਿ ਰੱਬ ਜੀ ਨੂੰ ਅਸੀਂ ਹੁਕਮ ਕਰ
ਰਹੇ ਹੁੰਦੇ ਹਾਂ। ਦੂਜਾ ਇਹ ਵੀ ਕਹਿ ਰਹੇ ਹੁੰਦੇ ਹਾਂ ਕਿ ਇਸ ਵਾਰੀ ਮੈਨੂੰ ਮੇਰੇ ਮਾੜੇ ਕੰਮਾਂ ਤੋਂ
ਬਖਸ਼ ਦਿਓ ਤੇ ਦੂਜੀ ਵਾਰੀ ਮੈਨੂੰ ਜਨਮ ਦੇ ਦਿਓ ਫਿਰ ਮੈਂ ਸਹੀ ਹੋ ਕੇ ਚਲਾਂਗਾ। ਪਰਵਾਰਾਂ ਵਾਲੇ ਵੀ
ਏਹੀ ਸਮਝਦੇ ਹਨ ਕਿ ਰਾਗੀਆਂ, ਢਾਡੀਆਂ ਤੇ ਗ੍ਰੰਥੀਆਂ ਨੂੰ ਬ੍ਰਹਾਮਣ ਪੁਜਾਰੀ ਵਾਂਗ ਕੀਤੀਆਂ
ਭੇਟਾਵਾਂ ਬਦਲੇ ਸਾਡੇ ਬਜ਼ੁਰਗਾਂ ਦੇ ਸਾਰੇ ਗੁਨਾਹ ਬਖਸ਼ੇ ਜਾਣੇ ਹਨ। ਇਹ ਪ੍ਰਭਾਵ ਦੇਣ ਦਾ ਵੀ ਯਤਨ
ਕੀਤਾ ਜਾਂਦਾ ਹੈ ਕਿ ਚੜ੍ਹਾਈ ਕਰ ਚੁੱਕੇ ਬੰਦੇ ਦੇ ਮਰਨ ਉਪਰੰਤ ਕੀਤਾ ਹੋਇਆ ਪਾਠ ਜਾਂ ਦਾਨ ਪੁੰਨ ਉਸ
ਨੂੰ ਪਹੁੰਚ ਜਾਣਾ ਹੈ। ਜਦ ਕਿ ਅਸਲ ਵਿੱਚ ਬਾਣੀ ਉਪਦੇਸ਼ ਜ਼ਿਉਂਦੇ ਮਨੁੱਖ ਨੂੰ ਸਚਿਆਰ ਬਣਾਉਂਦਾ ਹੈ।
ਵਰਤਮਾਨ ਜੀਵਨ ਵਿੱਚ ਵਿਕਾਰਾਂ ਵਲੋਂ ਤੋਬਾ ਕਰਦਿਆਂ ਗੁਰ-ਗਿਆਨ ਅਨੁਸਾਰ ਚੱਲਣ ਦਾ ਯਤਨ ਕਰਨਾ ਹੈ
ਤਾਂ ਕਿ ਮੁੜ ਵਿਕਾਰਾਂ ਵਾਲੇ ਪਾਸੇ ਨਾ ਚਲੇ ਜਾਈਏ।
ਚੋਰੀਆਂ, ਜਾਰੀਆਂ, ਹੇਰਾ-ਫੇਰੀਆਂ, ਹਫੜਾ-ਦਫੜੀ, ਭਾਈ-ਭਤੀਜਾਵਾਦ ਓੱਥੇ
ਜ਼ਿਆਦਾ ਹੁੰਦੀਆਂ ਹਨ ਜਿੱਥੇ ਕਾਨੂੰਨ ਦੀ ਕੋਈ ਅਵਸਥਾ ਨਾ ਰਹੇ। ਜਿੰਨਾਂ ਮੁਲਕਾਂ ਵਿੱਚ ਸਰਕਾਰੀ
ਕਨੂੰਨ ਕਾਇਦੇ ਕੰਮ ਕਰਦੇ ਹਨ ਓੱਥੇ ਜੁਰਮਾਂ ਦੀ ਔਸਤ ਬਹੁਤ ਘੱਟ ਹੁੰਦੀ ਹੈ। ਜਿੱਥੇ ਕਨੂੰਨ ਦੀ
ਪ੍ਰਵਾਹ ਨਹੀਂ ਕੀਤੀ ਜਾਂਦੀ, ਓੱਥੇ ਚੋਰੀਆਂ, ਜਾਰੀਆਂ, ਲੁੱਟਾਂ, ਖੋਹਾਂ ਆਦਿ ਵਾਰਦਾਤਾਂ ਦਾ ਵੱਡੀ
ਗਿਣਤੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਪ੍ਰਿੰਸੀਪਲ ਸੋਹਣ ਸਿੰਘ ਜੀ ਆਖਦੇ ਹੁੰਦੇ ਸੀ ਕਿ ਜਿਹੜਾ
ਅਧਿਆਪਕ ਬੱਚਿਆਂ ਨੂੰ ਪੜ੍ਹਾਏ ਘੱਟ ਤੇ ਖੁਲ੍ਹ ਖੇਡ ਜ਼ਿਆਦਾ ਦੇਵੇ ਵਰਤਮਾਨ ਸਮੇਂ ਵਿੱਚ ਬੱਚੇ ਉਸ
ਅਧਿਆਪਕ ਨੂੰ ਬਹੁਤ ਵਧੀਆ ਅਧਿਆਪਕ ਸਮਝਦੇ ਹਨ। ਜਿਹੜਾ ਅਧਿਆਪਕ ਸਖਤਾਈ ਨਾਲ ਮਿਹਨਤ ਕਰਾਉਂਦਾ ਹੋਇਆ
ਅਨੁਸਾਸ਼ਨ ਵਿੱਚ ਬੱਚੇ ਨੂੰ ਬੰਨ੍ਹ ਕੇ ਰੱਖਦਾ ਹੈ ਬੱਚੇ ਉਸ ਅਧਿਆਪਕ ਪ੍ਰਤੀ ਕੋਈ ਵਧੀਆ ਭਾਵਨਾ ਨਹੀਂ
ਰੱਖਦੇ ਹੁੰਦੇ। ਪਰ ਜਦੋਂ ਕਿਰਤ ਵਾਲੇ ਖੇਤਰ ਵਿੱਚ ਬੱਚੇ ਜਾਂਦੇ ਹਨ ਤਾਂ ਪੜ੍ਹਾਉਣ ਵਾਲੇ ਆਧਿਆਪਕ
ਦੇ ਬੱਚੇ ਪੈਰੀਂ ਹੱਥ ਲਗਾਉਂਦੇ ਹਨ ਜਦ ਕਿ ਵਿਹਲੜ ਅਧਿਆਪਕ ਨੂੰ ਬੱਚੇ ਬਲਾਉਂਦੇ ਵੀ ਨਹੀਂ ਹਨ ਸਗੋਂ
ਇਹ ਆਖਦੇ ਹਨ ਕਿ ਇਸ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ। ਜਿੰਨ੍ਹਾਂ ਸਕੂਲਾਂ ਕਾਲਜਾਂ ਵਿੱਚ
ਬੱਚੇ ਜ਼ਿਆਦਾ ਸ਼ਰਾਰਤੀ ਹੁੰਦੇ ਹਨ ਓੱਥੋਂ ਚੰਗੇ ਬੱਚੇ ਸਕੂਲ ਕਾਲਜ ਛੱਡ ਜਾਂਦੇ ਹਨ। ਜਿੱਥੇ ਪੂਰੀ
ਸਖਤਾਈ ਹੁੰਦੀ ਹੈ ਓੱਥੋਂ ਨਿਕੰਮੇ ਬੱਚੇ ਅਕਸਰ ਸਕੂਲੋਂ ਕਿਨਾਰਾ ਕਰ ਜਾਂਦੇ ਹਨ।
ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਸੂਰਜ ਦਾ ਚਾਨਣਾ ਆ ਜਾਏ ਤਾਂ ਹਨੇਰਾ
ਆਪਣੇ ਆਪ ਦੂਰ ਹੋ ਜਾਂਦਾ ਹੈ। ਕਿਸੇ ਮਹਿਕਮੇ ਵਿੱਚ ਜਦੋਂ ਕੋਈ ਇਮਾਨਦਾਰ ਅਫ਼ਸਰ ਆ ਜਾਏ ਤਾਂ ਫਰਲੋ
ਕੱਟਣ ਵਾਲੇ ਆਖਦੇ ਹਨ ਹੁਣ ਸਾਡੀ ਖੈਰ ਨਹੀਂ ਹੋਏਗੀ। ਜਾਂ ਤਾਂ ਉਹ ਆਪਣੇ ਆਪ ਦਾ ਸੁਧਾਰ ਕਰ ਲੈਣਗੇ
ਜਾਂ ਫਿਰ ਕੋਈ ਫਰਮਾਇਸ਼ ਪੁਆ ਕੇ ਆਪਣੀ ਬਦਲੀ ਕਰਾ ਲੈਣਗੇ। ਜਿੱਥੇ ਵੀ ਕੋਈ ਪੁਛ ਪ੍ਰਤੀਤ ਹੋਏਗੀ
ਓੱਥੇ ਮਾੜੀਆਂ ਘਟਨਾਵਾਂ ਬਹੁਤ ਘੱਟ ਵਾਪਰਨਗੀਆਂ।
ਜਿਸ ਇਲਾਕੇ ਵਿੱਚ ਥਾਣੇਦਾਰ ਚੰਗਾ ਆ ਜਾਏ ਤਾਂ ਓੱਥੋਂ ਦਸ ਨੰਬਰੀਏ ਆਪਣੇ
ਟਿਕਾਣੇ ਤਬਦੀਲ ਕਰ ਲੈਂਦੇ ਹਨ। ਉਹ ਇਲਾਕਾ ਹੀ ਛੱਡ ਜਾਂਦੇ ਹਨ। ਜ਼ਮੀਨਾਂ ਦਾ ਹਿਸਾਬ ਕਿਤਾਬ ਸਾਰਾ
ਪਟਵਾਰੀ, ਕਾਨੂੰਗੋ ਤੇ ਤਹਸੀਲਦਾਰ ਹੀ ਰੱਖਦੇ ਹਨ। ਜੇ ਮਾਲ ਮਹਿਕਮਾ ਨਾ ਹੋਵੇ ਤਾਂ ਲੋਕ ਦੁਜਿਆਂ
ਦੀਆਂ ਜ਼ਮੀਨਾਂ ਹੀ ਨੱਪ ਲਿਆ ਕਰਨ। ਜੇ ਕਿਸੇ ਨੇ ਸਰਕਾਰੀ ਜ਼ਮੀਨ `ਤੇ ਕਬਜ਼ਾ ਕੀਤਾ ਹੋਇਆ ਹੈ ਤਾਂ
ਇਮਾਨਦਾਰ ਤਹਸੀਲਦਾਰ ਆ ਜਾਏ, ਜਿਹੜਾ ਸਿਰਫ ਇਨਸਾਫ਼ ਹੀ ਕਰੇ ਤਾਂ ਧੱਕੇ ਨਾਲ ਕਾਬਜ਼ ਹੋਏ ਲੋਕਾਂ ਨੂੰ
ਜ਼ਮੀਨ ਛੱਡਣੀ ਪੈਂਦੀ ਹੈ। ਉਹ ਕਹਿੰਦੇ ਹਨ ਹੁਣ ਏੱਥੇ ਰਹਿਣ ਦਾ ਕੋਈ ਹੱਜ ਨਹੀਂ ਹੈ।
ਰਹਾਉ ਦੀਆਂ ਤੁਕਾਂ ਵਿੱਚ ਬਾਬਾ ਸ਼ਬਦ ਆਇਆ ਹੈ ਬਾਬਾ ਸ਼ਬਦ ਸਾਡੇ ਸਭਿਆਚਾਰ ਤੇ
ਮਹਾਨ ਕੋਸ਼ ਅਨੁਸਾਰ ਬਜ਼ੁਰਗਾਂ ਲਈ ਬਹੁਤ ਹੀ ਸਨਮਾਨ ਯੋਗ ਸ਼ਬਦ ਹੈ। ਬਾਬੇ ਦਾ ਆਮ ਮੁਹਾਵਰਾ ਵੀ ਵਰਤਿਆ
ਜਾਂਦਾ ਹੈ। ਬਾਬਾ ਜੀ ਹੁਣ ਮੈਨੂੰ ਮੁਆਫ਼ ਕਰ ਦਿਓ ਅਗਾਂਹ ਮੈਂ ਅਜੇਹਾ ਕੰਮ ਨਹੀਂ ਕਰਾਂਗਾ। ਗੁਰਬਾਣੀ
ਦੀ ਸਾਰੀ ਚੂਲ ਹੀ ਵਿਕਾਰਾਂ ਨੂੰ ਮਾਰਨ ਲਈ ਹੈ।
ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤਾਂ ਉਹਨਾਂ ਨੇ ਥਾਂ ਥਾਂ ਤੇ
ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਸਮਝਾਇਆ ਹੈ ਕਿ ਹੁਣ ਮੈਂ ਕੋਈ ਅਜੇਹਾ ਕੰਮ ਨਹੀਂ ਕਰਾਂਗਾ ਜਿਹੜਾ
ਬ੍ਰਾਹਮਣ ਪੁਜਾਰੀ ਆਖਦਾ ਹੈ ਕਿਉਂਕਿ ਗਿਆਨ ਦੀ ਹਨੇਰੀ ਆ ਗਈ ਹੈ ਮੇਰੇ ਭਰਮ ਵਹਿਮ ਤੇ ਵਿਕਾਰਾਂ
ਰੂਪੀ ਮਾਇਆ ਦਾ ਪਾਖੰਡਾਂ ਰੂਪੀ ਖਾਤਮਾ ਹੋ ਗਿਆ ਹੈ।
ਦੇਖੌ ਭਾਈ, ਗ੍ਯ੍ਯਾਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ ਨ ਮਾਇਆ ਬਾਂਧੀ।। ੧।। ਰਹਾਉ।।
ਰਾਗ ਗਉੜੀ ਬਾਣੀ ਕਬੀਰ ਜੀ ਕੀ ਪੰਨਾ ੩੩੧
ਅਰਥ
-—ਹੇ
ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ
ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ
ਸਕਦਾ। ਇਸ ਗੱਲ ਨੂੰ ਹੋਰ ਸਮਝਣ ਲਈ ਕਬੀਰ ਸਾਹਿਬ
ਜੀ ਦੀ ਬਾਣੀ ਵਿਚੋਂ ਇੱਕ ਹੋਰ ਉਦਾਹਰਣ ਸਮਝਾਂਗੇ—ਮੁਸਲਮਾਨ ਵੀਰ ਮੱਕੇ ਦੇ ਹੱਜ ਕਰਨ `ਤੇ ਜ਼ੋਰ
ਦੇਂਦੇ ਹਨ ਤੇ ਬ੍ਰਾਹਮਣ ਗੋਮਤੀ ਨਦੀ ਦੇ ਇਸ਼ਨਾਨ ਨੂੰ ਅਸਲ ਧਰਮ ਦਾ ਕਰਮ ਸਮਝੀ ਬੈਠਾ ਹੈ। ਕਬੀਰ
ਸਾਹਿਬ ਜੀ ਇਹਨਾਂ ਦੋਨਾਂ ਨੂੰ ਹੀ ਰੱਦ ਕਰਦੇ ਹਨ—
ਹਜ ਹਮਾਰੀ ਗੋਮਤੀ ਤੀਰ।। ਜਹਾ ਬਸਹਿ ਪੀਤੰਬਰ ਪੀਰ।। ੧।।
ਅਰਥ :
—
ਸਾਡਾ ਹੱਜ ਤੇ ਸਾਡਾ ਗੋਮਤੀ
ਦਾ ਕੰਢਾ (ਇਹ ਮਨ ਹੀ ਹੈ) ਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ। ੧।
ਓੇਸੇ ਤਰ੍ਹਾਂ ਉਪਰੋਕਤ ਸ਼ਬਦ ਵਿੱਚ ਕਬੀਰ ਸਾਹਿਬ ਜੀ ਭੈੜੇ ਸੁਭਾਅ ਦੀ ਗੱਲ
ਕਰ ਰਹੇ ਹਨ ਕਿ ਜਦੋਂ ਗਿਆਨ ਦੀ ਹਨੇਰੀ ਆ ਗਈ ਹੈ ਤਾਂ ਭੈੜੇ ਕਰਮ ਆਪਣੇ ਆਪ ਹੀ ਕਿਨਾਰਾ ਕਰ ਲੈਂਦੇ
ਹਨ। ਭਾਵ ਜਦੋਂ ਮਨ ਵਿੱਚ ਸੁਚੇਤਤਾ ਆ ਜਾਂਦੀ ਹੈ ਤਾਂ ਮਾੜਾ ਫੁਰਨਾ ਹੁਣ ਫੁਰਦਾ ਹੀ ਨਹੀਂ ਹੈ। ਘਰੀ
ਘਰੀ ਕਾ ਲੇਖਾ ਮਾਗੇ ਭਾਵ ਹਰ ਘੜੀ ਮੈਨੂੰ ਸੁਚੇਤ ਹੋ ਕੇ ਚਲਣਾ ਪੈਣਾ ਹੈ।
"ਬਾਬਾ, ਅਬ ਨ ਬਸਉ ਇਹ ਗਾੳ"
ਭਾਵ ਭੈੜੀ ਮਤ ਕਹਿ ਰਹੀ ਹੈ ਕਿ ਹੁਣ ਮੈਂ ਏੱਥੇ
ਨਹੀਂ ਰਹਿਣਾ ਕਿਉਂਕਿ ਹਰ ਵੇਲੇ ਮਨ ਸੁਚੇਤ ਹੋ ਕੇ ਚੱਲ ਰਿਹਾ ਹੈ। ਜਦੋਂ ਵੀ ਮਾੜਾ ਵਿਚਾਰ ਜਨਮ
ਲੈਂਦਾ ਹੈ ਤਾਂ ਇਸ ਪਾਸੋਂ ਸੁਚੇਤ ਮਤ ਹਿਸਾਬ ਪੁੱਛਦੀ ਹੈ।
"ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ
ਚੇਤੂ ਨਾਉ" ਮਹਾਨ
ਕੋਸ਼ ਵਿੱਚ ਕਾਇਥੁ ਚੇਤੂ ਦਾ ਅਰਥ ਹੈ ਸੁਚੇਤ ਅਤਮਾ, ਸਰੀਰ ਵਿੱਚ ਉਹ ਚੇਤਨਸਤਾ, ਜਿਸ ਨੂੰ ਜ਼ਮੀਰ,
ਵਿਵੇਕਸ਼ਕਤੀ ਆਖਦੇ ਹਨ। ਸਮੁੱਚੀਆਂ ਰਹਾਉ ਦੀਆਂ ਤੁਕਾਂ ਤੋਂ ਗੱਲ ਸਪੱਸ਼ਟ ਹੁੰਦੀ ਹੈ ਕਿ ਜਦੋਂ ਮਨ
ਸੁਚੇਤ ਹੋ ਕੇ ਕੰਮ ਕਰਦਾ ਹੈ ਤਾਂ ਮਾੜਾ ਖਿਆਲ ਜਨਮ ਲੈਂਦਾ ਹੀ ਨਹੀਂ ਹੈ। ਭੈੜੀ ਮਤ ਆਪਣੇ ਆਪ
ਕਿਨਾਰਾ ਕਰ ਲੈਂਦੀ ਹੈ। ਸੁਚੇਤ ਮਨ ਦਾ ਅਰਥ ਹੈ ਸੋਝੀ, ਗਿਆਨ ਦੀ ਸਮਝ ਆ ਜਾਂਣੀ ਤੋਂ ਹੈ। ਚੰਗੇ
ਖ਼ਿਆਲ ਹਰ ਵੇਲੇ ਸਾਡੀ ਸੋਚ (ਮਨ) ਵਿੱਚ ਟਿਕ ਜਾਂਦੇ ਹਨ।
ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਮਨ ਦੀ ਪਹਿਲੀ ਹਾਲਤ ਦਾ ਜ਼ਿਕਰ ਆਉਂਦਾ
ਹੈ--
ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ।।
ਨੈਨੂ ਨਕਟੂ ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨ ਮਾਨਾ।।
ਪਿੰਡਾਂ ਵਿੱਚ ਜਿੰਨ੍ਹਾਂ ਪਾਸ ਜ਼ਮੀਨ ਜ਼ਿਆਦਾ ਹੁੰਦੀ ਸੀ ਉਹ ਅਗਾਂਹ ਛੋਟੇ
ਕਿਸਾਨਾ ਨੂੰ ਠੇਕੇ ਤੇ ਦੇ ਦੇਂਦੇ ਹਨ। ਇਹ ਕਿਸਾਨ ਬਹੁਤੀ ਦਫ਼ਾ ਆਪਣੀ ਮਨ ਮਰਜ਼ੀ ਕਰਦੇ ਹਨ ਤੇ ਉਹ
ਮਾਲਕ ਦੇ ਹਰ ਸੁਝਾਅ ਨੂੰ ਟਿੱਚ ਜਾਣਦੇ ਹਨ। ਅਖੀਰ ਮਾਲਕ ਆਪਣੀ ਜ਼ਮੀਨ ਮੁਜਾਹਰਿਆਂ ਤੋਂ ਛੁਡਾ ਲੈਂਦਾ
ਹੈ। ਏਸੇ ਤਰ੍ਹਾਂ ਕਬੀਰ ਸਾਹਿਬ ਜੀ ਉਦਾਹਰਣ ਦੇਂਦਿਆਂ ਸਮਝਾਉਂਦੇ ਹਨ ਇੱਕ ਜਦੋਂ ਭੈੜੀ ਮਤ ਆਪਣੇ
ਪੂਰੇ ਜ਼ੋਰ `ਤੇ ਹੁੰਦੀ ਹੈ ਤਾਂ ਗਿਆਨ ਇੰਦਰੇ ਕਦੇ ਵੀ ਚੰਗੇ ਪਾਸੇ ਨਹੀਂ ਜਾਣਗੇ ਤੇ ਸਾਰੇ ਗਿਆਨ
ਇੰਦਰੇ ਚੰਗੀ ਮਤ ਲੈਣ ਲਈ ਤਿਆਰ ਨਹੀਂ ਹੁੰਦੇ। ਵਿਆਹ ਸ਼ਾਦੀਆਂ `ਤੇ ਘਰ ਵਿੱਚ ਅਖੰਡਪਾਠ ਕਰਾਇਆ
ਹੁੰਦਾ ਹੈ ਪਰ ਇਹ ਮਨੁੱਖ ਸ਼ਾਮ ਨੂੰ ਸਭਿਆਚਾਰ ਦੇ ਨਾਂ `ਤੇ ਅੱਖਾਂ-ਕੰਨਾਂ ਨੂੰ ਖੁਸ਼ ਕਰਨ ਲਈ ਲਚਰ
ਗਾਇਕੀ ਸੁਣੀ ਤੇ ਵੇਖੀ ਜਾ ਰਿਹਾ ਹੈ। ਮਨੁੱਖ ਦੀ ਅਸਲੀ ਤਸਵੀਰ ਹੈ ਕਿ ਗੁਰਦੁਆਰਾ ਪਿੰਡ ਵਿੱਚ ਹੈ
ਪਰ ਠੇਕੇ ਤੋਂ ਸ਼ਰਾਬ ਲਿਆਉਣ ਲਈ ਵੀ ਤੁਰਿਆ ਜਾ ਰਿਹਾ ਹੈ। ਭਾਵ ਗੁਰੂ ਦੀ ਮਤ ਲੈਣ ਲਈ ਤਿਆਰ ਨਹੀਂ
ਹੈ। ਭੈੜੀ ਮਤ ਜਦੋਂ ਪੂਰੇ ਜ਼ੋਰ `ਤੇ ਹੁੰਦੀ ਹੈ ਤਾਂ ਗਿਆਨ ਇੰਦਰੇ ਸੁਚੇਤ ਮਨ ਦੀ ਘੱਟ ਹੀ ਪਰਵਾਹ
ਕਰਦੇ ਹਨ। ਪੰਜ ਕਿਰਸਾਨ ਭਾਵ ਪੰਜ ਵਿਕਾਰ ਪੂਰੇ ਪ੍ਰਭਾਵਸ਼ਾਲੀ ਹੋ ਕੇ ਆਪਣੇ ਗਿਆਨ ਇੰਦਰਿਆਂ ਨੂੰ ਹਰ
ਵੇਲੇ ਵਿਕਾਰਾਂ ਵਲ ਨੂੰ ਪ੍ਰੇਰਤ ਕਰਦੇ ਰਹਿੰਦੇ ਹਨ।
ਗੁਰੂ ਗਿਆਨ ਆਉਣ ਤੋਂ ਪਹਿਲਾਂ ਅੱਖਾਂ, ਕੰਨ, ਨੱਕ, ਤੇ ਜ਼ਬਾਨ ਆਦਿ ਇੰਦ੍ਰੇ
ਵਿਕਾਰੀ ਰਸ ਭੋਗ ਕੇ ਖੁਸ਼ ਹੁੰਦੇ ਸਨ। ਇਹ ਅਮੋੜ ਇੰਦਰੇ ਵਿਕਾਰਾਂ ਵਲੋਂ ਮੋੜਿਆਂ ਵੀ ਨਹੀਂ ਮੁੜਦੇ
ਸਨ। ਵਿਚਾਰਾਂ ਵਿੱਚ ਵਿਕਾਰੀ ਬਿਰਤੀ ਭਾਰੂ ਕੇ ਵਿਚਰ ਰਹੀ ਸੀ ਜਿਸ ਕਰਕੇ ਗੁਣ ਲੈਣ ਲਈ ਤਿਆਰ ਨਹੀਂ
ਸੀ। ਜਦੋਂ ਗੁਰ ਗਿਆਨ ਆ ਜਾਂਦਾ ਹੈ ਤਾਂ ਗਿਆਨ ਇਦ੍ਰੇ ਵਿਕਾਰਾਂ ਵਲ ਨੂੰ ਨਹੀਂ ਜਾਂਦੇ ਸਗੋਂ ਸਥਿੱਰ
ਹੋ ਜਾਂਦੇ ਹਨ।
ਸ਼ਬਦ ਦੇ ਦੂਜੇ ਬੰਦ ਵਿੱਚ ਜਦੋਂ ਰਹਾਉ ਦੀਆਂ ਤੁਕਾਂ ਦੀ ਸਮਝ ਆਉਂਦੀ ਹੈ ਤਾਂ
ਉਸ ਅਵਸਥਾ ਦੀ ਵਿਚਾਰ ਦਿੱਤੀ ਹੋਈ ਹੈ—
ਧਰਮ ਰਾਇ ਜਬ ਲੇਖਾ ਮਾਗੈ, ਬਾਕੀ ਨਿਕਸੀ ਭਾਰੀ।।
ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ।।
ਜ਼ਮੀਨ ਦਾ ਮਾਲਕ ਜਦੋਂ ਆਪਣੀ ਜ਼ਮੀਨ ਛੋਟੇ ਕਿਸਾਨਾਂ ਨੂੰ ਦੇਂਦਾ ਹੈ ਤਾਂ ਕਈ
ਪ੍ਰਕਾਰ ਦੀਆਂ ਹਦਾਇਤਾਂ ਵੀ ਦੇਂਦਾ ਹੈ। ਜਦੋਂ ਕਿਸਾਨ ਆਪਣੀ ਮਨ ਮਰਜ਼ੀ ਕਰਨ ਲੱਗ ਜਾਣ, ਸਮੇਂ
ਅਨੁਸਾਰ ਠੇਕਾ ਨਾ ਦੇਣ, ਪਾਣੀ ਵਾਲੀ ਮੋਟਰ ਖਰਾਬ ਕਰ ਦੇਣ ਤਾਂ ਮਾਲਕ ਉਹਨਾਂ ਪਾਸੋਂ ਹਿਸਾਬ ਪੁੱਛਦਾ
ਹੈ ਤਾਂ ਕਿਸਾਨ ਉਸ ਅਨੁਸਾਰ ਖਰੇ ਨਹੀਂ ਉਤਰਦੇ, ਕਿਉਂਕਿ ਪਿੰਡ ਵਿੱਚ ਹੀ ਕਈ ਅਜੇਹੇ ਚੁਕਣਾ ਦੇਣ
ਵਾਲੇ ਵੀ ਹੁੰਦੇ ਹਨ ਕੋਈ ਗੱਲ ਨਹੀਂ ਕਿਹੜਾ ਮਾਲਕ ਦੇਖਦਾ ਹੈ। ਕਈ ਵਾਰੀ ਮਾਲਕ ਕਿਸੇ ਦੁਜੇ ਮੁਲਕ
ਵਿੱਚ ਰਹਿੰਦਾ ਹੈ ਤੇ ਉਸ ਨੂੰ ਠੇਕਾ ਪੂਰਾ ਨਹੀਂ ਮਿਲਦਾ। ਕਿਸਾਨ ਬਹਾਨਾ ਮਾਰ ਦੇਂਦਾ ਹੈ ਕਿ ਇਸ
ਵਾਰੀ ਫਸਲ ਪੂਰੀ ਨਹੀਂ ਹੋਈ ਹੈ। ਅਖੀਰ ਨੂੰ ਮਾਲਕ ਖਦ ਪਿੰਡ ਵਿੱਚ ਆਣ ਕੇ ਰਹਿਣ ਲੱਗ ਪਏ ਤਾਂ ਕਈ
ਕਿਸਾਨ ਆਪਣੇ ਆਪ ਹੀ ਜ਼ਮੀਨ ਛੱਡ ਦੇਂਦੇ ਹਨ। ਕਿਉਂਕਿ ਮਾਲਕ ਆ ਗਿਆ ਹੁਣ ਹੋਰ ਹੇਰਾ ਫੇਰੀ ਨਹੀਂ ਹੋ
ਸਕਦੀ। "ਧਰਮ ਰਾਇ ਜਬ ਲੇਖਾ ਮਾਗੈ" ਜਦੋਂ ਮਨ ਸੁਚੇਤ ਹੋ ਜਾਂਦਾ ਹੈ ਤਾਂ ਵਿਕਾਰਾਂ ਨੂੰ ਦੌੜਦਿਆਂ
ਰਾਹ ਨਹੀਂ ਲੱਭਦਾ। ਜ਼ਮੀਨ ਦਾ ਮਾਲਕ ਜਦੋਂ ਖੁਦ ਪਿੰਡ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਕਈ ਪ੍ਰਕਾਰ
ਦੀਆਂ ਊਣਤਾਂਈਆਂ ਨਜ਼ਰ ਆਉਂਦੀਆਂ ਹਨ। ਜ਼ਮੀਨ ਦਾ ਮਾਲਕ ਕਿਰਸਾਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ
ਤਾਂ ਅੱਗੋਂ ਕਿਰਸਾਨ ਮੰਨਣ ਲਈ ਤਿਆਰ ਨਹੀਂ ਹੁੰਦੇ ਤਾਂ ਅਜੇਹੀ ਹਾਲਤ ਵਿੱਚ ਕਿਸਾਨ ਨੂੰ ਪੁਲੀਸ
ਰਾਂਹੀਂ ਪਕੜਾ ਵੀ ਦੇਂਦਾ ਹੈ। ਇਹਨਾਂ ਤੁਕਾਂ ਦਾ ਭਾਵ ਅਰਥ ਹੈ ਕਿ ਜਦੋਂ ਜ਼ਮੀਰ ਜਾਗਦੀ ਹੈ ਭਾਵ
ਗੁਰਮਤਿ ਰਾਂਹੀ ਮਨ ਸੁਚੇਤ ਹੁੰਦਾ ਹੈ ਤਾਂ ਵਿਕਾਰ ਆਪਣੇ ਆ ਕਿਨਾਰਾ ਕਰ ਜਾਂਦੇ ਹਨ। ‘ਧਰਮ` ਰਾਇ`
ਜਾਗਦੀ ਜ਼ਮੀਰ, ਸੁਚੇਤ ਮਨ ਭਾਵ ਜੋ ਸਤ ਤੇ ਅਸੱਤ ਦੀ ਸ਼ਨਾਖਤ ਕਰਨ ਦੀ ਸਮਰੱਥਾ ਰੱਖਦਾ ਹੋਵੇ। ਭੈੜੀ
ਮਤ ਦੇ ਸਲਾਹਕਾਰ ਵਿਕਾਰਾਂ ਨੂੰ ਸੁਚੇਤ ਮਨ ਦੀ ਅਵਸਥਾ ਕਰਕੇ ਜਾਣਾ ਪਿਆ।
ਅਖੀਰਲੇ ਬੰਦ ਵਿੱਚ ਕਬੀਰ ਸਾਹਿਬ ਜੀ ਨੇ ਮਨ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ
ਹੈ ਜਿਸ ਵਿੱਚ ਬੰਦਾ ਇਹ ਅਹਿਸਾਸ ਕਰਦਾ ਹੈ ਕਿ ਪਿੱਛੇ ਜੋ ਗਿਆ ਸੋ ਹੋ ਗਿਆ ਅਗਾਂਹ ਮੈਂ ਹੁਣ ਕੋਈ
ਗਲਤੀ ਨਹੀਂ ਕਰਾਂਗਾ---
ਕਹੈ ਕਬੀਰੁ, ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ।।
ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ।।
ਵਰਤਮਾਨ ਜੀਵਨ ਦੀ ਸ਼ੈਲੀ ਦੀ ਗੱਲ ਕਰਦਿਆਂ ਕਬੀਰ ਸਾਹਿਬ ਜੀ ਉਸ ਅਵਸਥਾ ਦੀ
ਗੱਲ ਕੀਤੀ ਹੈ ਜਿਸ ਵਿੱਚ ਇਸ ਗੱਲ ਨੂੰ ਦ੍ਰਿੜ ਕੀਤਾ ਹੈ ਕਿ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ
ਨੂੰ ਮੈਂ ਮੰਨੋ ਮੰਨਣ ਲਈ ਤਿਆਰ ਹਾਂ। ਦੁਜਾ ਅਗਾਂਹ ਮੈਂ ਸੁਚੇਤ ਹੋ ਕੇ ਚਲਾਂਗਾ। ਅੱਖਰੀਂ ਅਰਥਾਂ
ਤੋਂ ਇੰਜ ਪਤਾ ਲਗਦਾ ਹੈ ਕਿ ਮਰਨ ਉਪਰੰਤ ਅਸਾਂ ਕਿਸੇ ਹੋਰ ਮੁਲਕ ਵਿੱਚ ਜਾਣਾ ਹੈ। ਦਰ ਅਸਲ ਏਸੇ
ਜੀਵਨ ਵਿੱਚ ਹੀ ਭਵਜਲ ਭਾਵ ਸੰਸਾਰ ਰੂਪੀ ਸਮੁੰਦਰ ਦੀਆਂ ਵਿਕਾਰੀ ਲਹਿਰਾਂ ਤੋਂ ਬਚਣ ਦੀ ਗੱਲ ਕੀਤੀ
ਹੈ। ਕਬੀਰ ਸਾਹਿਬ ਜੀ ਸਮਝਾ ਰਹੇ ਹਨ ਕਿ ਵਰਤਮਾਨ ਸਮੇਂ ਨੂੰ ਸੰਭਾਲਣ ਦੀ ਲੋੜ ਹੈ। ਛੋਟਾ ਕਿਸਾਨ
ਜ਼ਮੀਨ ਦੇ ਮਾਲਕ ਨੂੰ ਕਹਿੰਦਾ ਹੈ ਕੇ ਪਿੱਛੇ ਜਿਹੜੀਆਂ ਗਲਤੀਆਂ ਹੋ ਗਈਆਂ ਹਨ ਉਹਨਾਂ ਨੂੰ ਮਨੋ ਛੱਡਣ
ਲਈ ਤਿਆਰ ਹਾਂ ਇਸ ਲਈ ਮੈਨੂੰ ਇੱਕ ਹੋਰ ਮੌਕਾ ਦੇ ਦਿਓ। ਬਹੁਤਿਆਂ ਮਹਿਕਮਿਆਂ ਵਿੱਚ ਨੌਕਰੀ ਕਰਨ
ਵਾਲੇ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਹੈ। ਸਿਆਣਾ ਬੰਦਾ ਬਾਰ ਬਾਰ ਉਹ ਗਲਤੀਆਂ ਨਹੀਂ
ਕਰਦਾ।
੧ ਰਹਾਉ ਦੀਆਂ ਤੁਕਾਂ ਵਿੱਚ ਭੈੜੀ ਮਤ ਕਹਿੰਦੀ ਹੈ ਕਿ ਮੇਰਾ ਏੱਥੇ ਹੁਣ ਕੋਈ
ਕੰਮ ਨਹੀਂ ਹੈ ਕਿਉਂਕਿ ਸੁਚੇਤ ਮਤ ਨੇ ਜਨਮ ਲੈ ਲਿਆ ਹੈ।
੨ ਸੁਚੇਤ ਮਤ ਆਉਣ ਤੋਂ ਪਹਿਲਾਂ ਮੈਂ ਬਾਰ ਬਾਰ ਗਲਤੀਆਂ ਕਰਦਾ ਸੀ ਤੇ ਗਿਆਨ
ਇੰਦਰੇ ਵੀ ਚੰਗੀ ਮਤ ਲੈਣ ਲਈ ਤਿਆਰ ਨਹੀਂ ਸਨ। ਮੈਂ ਰਸਾਂ ਕਸਾਂ ਵਿੱਚ ਫਸਿਆ ਹੋਇਆ ਸੀ ਤੇ ਇਹਨਾਂ
ਵਿਕਾਰਾਂ ਨੂੰ ਚੰਗਾ ਸਮਝਦਾ ਸੀ।
੩ ਦੂਜੇ ਬੰਦ ਵਿੱਚ ਧਰਮਰਾਇ ਭਾਵ ਬਿਕੇਕ ਬਿਰਤੀ ਜਦੋਂ ਜਨਮ ਲੈਂਦੀ ਹੈ ਤਾਂ
ਵਿਕਾਰਾਂ ਨੂੰ ਅੱਗੇ ਲਗਾ ਲਿਆ ਜਾਂਦਾ ਹੈ। ਪੰਜੇ ਵਿਕਾਰ ਬਿਕੇਕ ਬਿਰਤੀ ਦੇ ਅੱਗੇ ਲੱਗ ਕੇ ਭੱਜ
ਜਾਂਦੇ ਹਨ।
੪ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਮਨੁੱਖੀ ਜਾਮੇ ਵਿੱਚ ਗਲਤੀਆਂ ਹੋ
ਜਾਣਾ ਸੁਭਾਵਿਕ ਹੈ। ਜਦੋਂ ਸਮਝ ਆ ਜਾਂਦੀ ਹੈ ਤਾਂ ਪਿੱਛਲੀਆਂ ਗਲਤੀਆਂ ਵਿੱਚ ਸੁਧਾਈ ਹੋ ਸਕਦੀ ਹੈ।
ਉਸ ਨੂੰ ਭੁੱਲਾ ਨਾ ਆਖੋ ਜਿਹੜਾ ਸ਼ਾਮ ਨੂੰ ਆਪਣੇ ਘਰ ਵਾਪਸ ਆ ਜਾਂਦਾ ਹੈ।
ਇਸ ਸ਼ਬਦ ਨੂੰ ਅਸੀਂ ਆਪਣੇ ਵਰਤਮਾਨ ਜੀਵਨ ਵਿੱਚ ਲੈ ਆਵਾਂਗੇ ਤਾਂ ਸਮਝ ਆਉਂਦੀ
ਹੈ ਕਿ ਭੈੜੀ ਦੂਰ ਹੋ ਜਾਂਦੀ ਹੈ ਜਦੋਂ ਗੁਰਬਾਣੀ ਸਿਧਾਂਤ ਦੀ ਸਮਝ ਆ ਜਾਂਦੀ ਹੈ।