ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ
ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ
ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ
ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ
ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ
ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ
ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ
ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ
ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1.
ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ
ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ
ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।
=========
ਚਲ ਰਹੀ ਇਸ ਲੇਖ ਲੜੀ ਦੇ ਭਾਗ -8 ਤਹਿਤ ਉਨ੍ਹਾਂ ਗੁਰਬਾਣੀ ਫੁਰਮਾਣਾਂ ਬਾਰੇ
ਵਿਚਾਰ ਕੀਤੀ ਜਾਵੇਗੀ, ਜਿਹੜੇ ਅਕਸਰ ਹੀ ਸਿੱਖ ਵਿਆਹਾਂ (ਅਨੰਦ ਕਾਰਜ) ਸਮੇਂ ਪੜੇ-ਗਾਏ ਜਾਂਦੇ ਹਨ।
ਜਦੋਂ ਅਸੀਂ ਇਨ੍ਹਾਂ ਪ੍ਰਮਾਣਾਂ ਨੂੰ ਵੀਚਾਰ ਕੇ ਵੇਖਾਂਗੇ ਤਾਂ ਸਪਸ਼ਟ ਹੋਵੇਗਾ ਕਿ ਅਸੀਂ ਕਿਵੇਂ
ਜਾਣੇ-ਅਣਜਾਣੇ ਵਿੱਚ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ
ਬਾਣੀ ਪ੍ਰਤੀ ਆਪਣੀ ਮਨ ਦੀ ਮਤਿ ਅਨੁਸਾਰ ਵਰਤੋਂ ਕਰਦੇ ਹਾਂ।
(ਚ) ਹਮ ਘਰਿ ਸਾਜਨ ਆਏ।। ਸਾਚੈ ਮੇਲਿ ਮਿਲਾਏ।।
(ਸੂਹੀ ਮਹਲਾ ੧-੭੬੪)
ਵਿਚਾਰ- ਇਨ੍ਹਾਂ ਪਾਵਨ ਤੁਕਾਂ ਨੂੰ ਆਧਾਰ ਬਣਾ ਕੇ ਸਥਾਈ ਬਣਾਉਂਦੇ ਹੋਏ
ਅਨੰਦ ਕਾਰਜ ਵਾਲੇ ਦਿਨ ਬਰਾਤ ਦੇ ਢੁਕਾਅ ਸਮੇਂ ਮਿਲਣੀ ਕਰਨ ਤੋਂ ਪਹਿਲਾਂ ਬਰਾਤੀਆਂ ਦੇ ਸਵਾਗਤ ਵਿੱਚ
ਅਸੀਂ ਸੰਗਤੀ ਰੂਪ ਵਿੱਚ ਗਾਉਂਦੇ ਹਾਂ। ਇਥੇ ਇਨ੍ਹਾਂ ਪਾਵਨ ਤੁਕਾਂ ਦੀ ਵਰਤੋਂ ਇਸ ਭਾਵ ਅੰਦਰ ਕੀਤੀ
ਜਾਂਦੀ ਹੈ ਕਿ ਬਰਾਤੀਆਂ ਨਾਲ ਸਾਡਾ ਮੇਲ ਮਿਲਾਪ ਪ੍ਰਮੇਸ਼ਰ ਨੇ ਕਰਾਇਆ ਹੈ ਅਤੇ ਇਹ ਸੱਜਣ ਰੂਪ ਵਿੱਚ
ਸਾਡੇ ਬੂਹੇ ਤੇ/ ਵਿਹੜੇ ਅੰਦਰ/ ਪੈਲੇਸ ਦੇ ਗੇਟ ਤੇ ਆ ਪਹੁੰਚੇ ਹਨ। ਇਹ ਵੱਖਰੀ ਗੱਲ ਹੈ ਕਿ ਕਈ ਵਾਰ
ਵਿਆਹ ਤੋਂ ਬਾਦ ਜਾਂ ਵਿਆਹ ਵਾਲੇ ਦਿਨ ਹੀ ਕਈ ਬਰਾਤੀ ਨਸ਼ੇ ਵਿੱਚ ਟੁੰਨ ਹੋ ਕੇ, ਦਾਜ- ਦਹੇਜ ਦੀ ਮੰਗ
ਕਾਰਣ, ਆਰਕੈਸਟਰਾ- ਡੀ. ਜੇ. ਨਾਲ ਨੱਚਦੇ ਹੋਏ ਗੋਲੀਆਂ ਆਦਿ ਚਲਾਉਣ ਕਾਰਣ ਐਸੀ ਬੇ-ਰਸੀ ਪੈਦਾ ਹੋ
ਜਾਂਦੀ ਹੈ ਕਿ ਸਾਨੂੰ ਇਨ੍ਹਾਂ ਨੂੰ ਪਹਿਲਾਂ ਸੱਜਣ ਰੂਪ ਵਿੱਚ ਕੀਤੇ ਗਏ ਸਵਾਗਤ ਤੋਂ ਆਪਣੇ ਆਪ ਉਪਰ
ਸ਼ਰਮ ਮਹਿਸੂਸ ਹੋਣ ਲੱਗਦੀ ਹੈ। ਸ੍ਰ. ਮਨੋਹਰ ਸਿੰਘ ਮਾਰਕੋ ਦੁਆਰਾ ਲਿਖਤ ਵਿਅੰਗਆਤਮਕ ਪਰ ਅਰਥ-ਭਰਪੂਰ
ਪੁਸਤਕ, ਜੋ ਸਾਡੀਆਂ ਸਮਾਜਿਕ ਬੁਰਾਈਆਂ ਬਾਖੂਬੀ ਪੇਸ਼ ਕਰਦੀ ਹੈ, ਵਿੱਚ ਇਸ ਸਮੇਂ ਲਈ ਬਾ-ਕਮਾਲ
ਲਿਖਿਆ ਹੈ ਕਿ ਕਈ ਵਾਰ ਮਿਲਣੀ ਸਮੇਂ ਕਈ ਬਰਾਤੀ ਨਸ਼ੇ ਵਿੱਚ ਗਲਤਾਨ ਡਿੱਗਦੇ ਫਿਰਦੇ ਦਿਖਾਈ ਦਿੰਦੇ
ਹਨ ਤਾਂ ਇਸ ਸਮੇਂ ਇਨ੍ਹਾਂ ਨੂੰ ‘ਹਮ ਘਰ ਸਾਜਨ ਆਏ` ਕਹਿਣ ਦੀ ਥਾਂ ਤੇ ‘ਹਮ ਘਰ ਭੂਤਨੇ
ਆਏ` ਕਹਿਣਾ ਜਿਆਦਾ ਸਾਰਥਿਕ ਲੱਗਦਾ ਹੈ।
ਗੁਰੂ ਨਾਨਕ ਦੇਵ ਜੀ ਦੁਆਰਾ ਰਾਗ ਸੂਹੀ ਅੰਦਰ ਉਚਾਰਣ ਕੀਤੇ ਗਏ ਛੰਤ ਦਾ ਇਹ
ਪਹਿਲਾ ਪੂਰਾ ਪਦਾ ਇਸ ਤਰਾਂ ਹੈ-
ਹਮ ਘਰਿ ਸਾਜਨ ਆਏ।। ਸਾਚੈ ਮੇਲਿ ਮਿਲਏ।।
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ।।
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ।।
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ।।
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ।। ੧।।
(ਸੂਹੀ ਮਹਲਾ ੧ ਛੰਤ ਘਰ ੨-੭੬੪)
ਅਰਥ- ਮੇਰੇ ਹਿਰਦੇ-ਘਰ ਵਿੱਚ ਮਿੱਤਰ ਪ੍ਰਭੂ ਜੀ ਪ੍ਰਗਟੇ ਹਨ। ਸਦਾ ਥਿਰ
ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ। ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ
ਵਿੱਚ ਟਿਕਾ ਦਿਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿੱਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ
ਇੰਦਰੇ ਆਪੋ ਆਪਣੇ ਵਿਸ਼ੇ ਵਲ ਦੌੜਣ ਦੀ ਥਾਂ ਪ੍ਰਭੂ ਪਿਆਰ ਵਿੱਚ ਇੱਕਠੇ ਹੋ ਬੈਠੇ ਹਨ, ਮੈਂ ਆਤਮਕ
ਅਨੰਦ ਪ੍ਰਾਪਤ ਕਰ ਲਿਆ ਹੈ। ਜਿਸ ਨਾਮ ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ
ਮੈਨੂੰ ਮਿਲ ਗਈ ਹੈ। ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ ਉਸ
ਨਾਮ ਨਾਲ ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ ਇੰਦਰੇ ਸੁਹਾਵਣੇ ਹੋ ਗਏ ਹਨ ਮੇਰੇ ਹਿਰਦੇ ਘਰ
ਵਿੱਚ ਸੱਜਣ ਪ੍ਰਭੂ ਜੀ ਆ ਪ੍ਰਗਟੇ ਹਨ, ਹੁਣ ਮੇਰੇ ਅੰਦਰ ਅਜਿਹਾ ਅਨੰਦ ਬਣਿਆ ਪਿਆ ਹੈ, ਮਾਨੋ ਪੰਜ
ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿੱਚ ਮੇਰੇ ਅੰਦਰ ਵੱਜ ਰਹੇ ਹਨ।
ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਇਸ ਪਦੇ ਅੰਦਰ ਦੁਨਿਆਵੀ ਸੱਜਣਾਂ
ਦੇ ਮੇਲ ਮਿਲਾਪ ਦੀ ਕੋਈ ਵੀ ਗੱਲ ਨਹੀਂ ਹੈ ਸਗੋਂ ਜਿਸ ਹਿਰਦੇ ਅੰਦਰ ਗੁਰੂ ਕ੍ਰਿਪਾ ਦੁਆਰਾ ਪ੍ਰਮੇਸ਼ਰ
ਜੀ ਨਾਲ ਪਕੇਰੀ ਸਾਂਝ ਬਣ ਜਾਂਦੀ ਹੈ, ਉਸ ਹਿਰਦੇ ਦੇ ਖਿੜਾਉ ਅਤੇ ਜੀਵਨ ਵਿੱਚ ਅਸਚਰਜਮਈ ਤਬਦੀਲੀ
ਹੋਣ ਦਾ ਪ੍ਰਗਟਾਵਾ ਕੀਤਾ ਗਿਆ ਹੈ।
(ਛ) ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ।।
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ।।
(ਵਾਰ ਰਾਮਕਲੀ- ਸਲੋਕ ਮਹਲਾ ੫-੯੬੩)
ਵਿਚਾਰ- ਅਨੰਦ ਕਾਰਜ ਸਮੇਂ ਵਿਆਂਦੜ ਲੜਕਾ- ਲੜਕੀ ਜਦੋਂ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੈਠਦੇ ਹਨ ਤਾਂ ਸਿੱਖ ਮਰਯਾਦਾ ਅਨੁਸਾਰ ਲੜਕੀ ਦੇ ਪਿਤਾ ਵਲੋਂ (ਜਾਂ
ਪਿਤਾ ਦੀ ਗੈਰ ਮੌਜੂਦਗੀ ਵਿੱਚ ਪ੍ਰਵਾਰ ਦਾ ਕੋਈ ਹੋਰ ਮੁਖੀ) ਲੜਕੇ ਦਾ ਪੱਲਾ ਲੜਕੀ ਦੇ ਹੱਥ ਵਿੱਚ
ਫੜਾਉਣ ਦੀ ਰਸਮ ਨਿਭਾਈ ਜਾਂਦੀ ਹੈ ਤਾਂ ਰਾਗੀ ਸਿੰਘਾਂ ਵਲੋਂ ਵਿਸ਼ੇਸ਼ ਤੌਰ ਤੇ ਇਸ ਮੌਕੇ ਲਈ ਪੱਲੇ ਦਾ
ਸ਼ਬਦ ਕਹਿ ਕੇ ਇਨ੍ਹਾਂ ਪਾਵਨ ਤੁਕਾਂ ਦਾ ਕੀਰਤਨ ਰੂਪ ਵਿੱਚ ਗਾਇਨ ਕੀਤਾ ਜਾਂਦਾ ਹੈ ਅਤੇ ਇਹ ਸਮਝਿਆ
ਜਾਂਦਾ ਹੈ -ਹੁਣ ਲੜਕੀ ਕਹਿ ਰਹੀ ਹੈ ਕਿ ਮੈਂ ਬਾਕੀ ਆਪਣੇ ਪਹਿਲੇ ਸਾਰੇ ਸਾਕ ਸਬੰਧੀ ਜੋ ਝੂਠੇ ਸਾਕ
ਸਨ, ਉਨ੍ਹਾਂ ਦਾ ਸਾਥ ਛੱਡ ਕੇ ਸਦੀਵੀ ਤੌਰ ਤੇ ਲੜਕੇ ਦਾ ਪੱਲਾ ਹੱਥ ਵਿੱਚ ਫੜ ਕੇ ਇਸ ਦੇ ਲੜ ਲੱਗ
ਗਈ ਹਾਂ। ਪਰ ਜਦੋਂ ਅਸੀਂ ਇਨ੍ਹਾਂ ਪਾਵਨ ਤੁਕਾਂ ਦੇ ਅਰਥ ਵਿਚਾਰ ਗੋਚਰੇ ਲਿਆਉਂਦੇ ਹਾਂ ਤਾਂ ਇਸ
ਤਰਾਂ ਦੀ ਕੋਈ ਵੀ ਗੱਲ ਠੀਕ ਨਹੀਂ ਲੱਗਦੀ, ਜੋ ਅਸੀਂ ਸੋਚਦੇ ਹੋਏ ਇਨ੍ਹਾਂ ਤੁਕਾਂ ਨੂੰ ਕੀਰਤਨ ਰੂਪ
ਵਿੱਚ ਵਰਤ ਰਹੇ ਹਾਂ।
ਅਰਥ- ਹੇ ਨਾਨਕ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ- ਇਹ ਮੈਂ
ਸਭ ਕੁੱਝ ਛੱਡ ਦਿਤਾ ਹੈ, ਤਿਆਗ ਦਿੱਤਾ ਹੈ। ਮੈਂ ਵੇਖ ਲਿਆ ਹੈ ਕਿ ਦੁਨੀਆਂ ਦੇ ਸਾਰੇ ਸਾਕ
ਝੂਠੇ ਹਨ। ਭਾਵ ਕੋਈ ਤੋੜ ਨਿਭਣ ਵਾਲਾ ਨਹੀਂ। ਇਸ ਲਈ ਹੇ ਪ੍ਰਭੂ! ਮੈਂ ਤੇਰੇ ਲੜ ਆ ਲੱਗੀ ਹਾਂ।
ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਇਸ ਸਲੋਕ ਅੰਦਰ ਦੁਨਿਆਵੀ ਪਤੀ ਦਾ
ਪੱਲਾ ਫੜ ਕੇ ਉਸ ਦੇ ਲੜ ਲੱਗਣ ਵਾਲੀ ਕੋਈ ਵੀ ਗੱਲ ਨਹੀਂ ਹੈ ਸਗੋਂ ਪ੍ਰਮ-ਪਿਤਾ ਪ੍ਰਮੇਸ਼ਰ ਦੇ ਲੜ
ਲੱਗਣ ਅਤੇ ਉਸ ਉਪੰਰਤ ਜੀਵਨ ਅੰਦਰ ਵਿਚਾਰਣਯੋਗ ਤਬਦੀਲੀ ਦਾ ਜ਼ਿਕਰ ਹੈ।
(ਜ) ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ।।
(ਸਿਰੀਰਾਗੁ ਮਹਲਾ ੪-੭੮)
ਵਿਚਾਰ- ਅਨੰਦ ਕਾਰਜ ਸਮੇਂ ਚਾਰ ਲਾਵਾਂ ਦੇ ਪਾਠ-ਕੀਰਤਨ ਦੌਰਾਨ ਸੁਭਾਗੀ
ਜੋੜੀ ਵਲੋਂ ਸਿੱਖ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪਰਿਕਰਮਾ ਪੂਰੀਆਂ ਕਰਨ
ਉਪੰਰਤ ਜਦੋਂ ਸਾਰੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਰਾਗੀ
ਸਿੰਘ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਦਾ ਗਾਇਨ ਕਰਨ ਉਪੰਰਤ ਉਪਰੋਕਤ ਵਿਚਾਰ ਅਧੀਨ ਪਾਵਨ ਤੁਕ ਨੂੰ
ਸਥਾਈ ਬਣਾ ਕੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਸਿਰੀਰਾਗੁ ਅੰਦਰ ਉਚਾਰਣ ਕੀਤੇ ਗਏ ਛੰਤ ਦੇ ਦੂਜੇ
ਪਦੇ ਨੂੰ ਕੀਰਤਨ ਰੂਪ ਵਿੱਚ ਗਾਇਨ ਕਰਦੇ ਹਨ। ਇਸ ਸਮੇਂ ਕੀਤੇ ਜਾ ਰਹੇ ਕੀਰਤਨ ਦਾ ਭਾਵ ਇਹ ਲਿਆ
ਜਾਂਦਾ ਹੈ ਕਿ ਮਾਨੋ ਲੜਕੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਹੁਣ ਮੇਰਾ ਵਿਆਹ ਮੁਕੰਮਲ ਹੋ ਗਿਆ ਹੈ
ਅਤੇ ਮੈਂ ਪੇਕਾ ਪਰਿਵਾਰ ਨੂੰ ਛੱਡ ਕੇ ਸਹੁਰੇ ਘਰ ਜਾ ਰਹੀ ਹਾਂ। ਇਸ ਸ਼ਬਦ ਦੇ ਕੀਰਤਨ ਸਮੇਂ ਇਸ ਪਦੇ
ਨੂੰ ਇਸੇ ਭਾਵ ਅਰਥ ਵਿੱਚ ਹੀ ਲੈਂਦੇ ਹੋਏ ਅਕਸਰ ਹੀ ਵਿਆਂਦੜ ਲੜਕੀ, ਮਾਤਾ-ਪਿਤਾ, ਭੈਣ-ਭਰਾ,
ਨਜ਼ਦੀਕੀ ਰਿਸ਼ਤੇਦਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਭਾਵੁਕ ਹੁੰਦੇ ਹੋਏ ਅੱਖਾਂ ਨਮ
ਵੀ ਕਰ ਲੈਂਦੇ ਹਨ ਅਤੇ ਇਸ ਭਾਵੁਕਤਾ ਦੇ ਵਹਿਣ ਵਿੱਚ ਵਹਿੰਦੇ ਹੋਏ ਕੀਰਤਨ ਕਰ ਕਰੇ ਰਾਗੀ ਜਥੇ ਨੂੰ
ਵਿਸ਼ੇਸ਼ ਤੌਰ ਤੇ ਮਾਇਆ ਵੀ ਭੇਂਟ ਕਰਦੇ ਹਨ। ਜਦੋਂ ਐਸਾ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਸ਼ਾਇਦ ਰਾਗੀ
ਸਿੰਘਾਂ ਦਾ ਮਨੋਰਥ ਪੂਰਾ ਹੋ ਰਿਹਾ ਪ੍ਰਤੀਤ ਹੁੰਦਾ ਹੈ। ਲੋੜ ਹੈ ਕਿ ਇਸ ਪੂਰੇ ਪਦੇ ਦੀ ਵਿਚਾਰ ਨੂੰ
ਸਹੀ ਅਰਥਾਂ ਵਿੱਚ ਸਮਝਿਆ ਜਾਵੇ। ਪੂਰਾ ਪਦਾ ਇਸ ਤਰਾਂ ਹੈ-
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ।।
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ।।
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ।।
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ।।
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੇ ਨ ਜਾਇਆ।।
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ।। ੨।।
(ਸਿਰੀਰਾਗੁ ਮਹਲਾ ੪ ਘਰ ੨ ਛੰਤ-੭੮)
ਅਰਥ- ਹੇ ਮੇਰੇ ਪਿਤਾ! ਪ੍ਰਭੂ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ, ਗੁਰੂ
ਦੀ ਸ਼ਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਗੁਰੂ ਦਾ ਬਖਸ਼ਿਸ਼ ਹੋਇਆ ਗਿਆਨ ਰੂਪ
ਸੂਰਜ ਇਤਨਾ ਤੇਜ ਜਗ-ਮਗ ਕਰ ਉਠਿਆ ਹੈ ਕਿ ਮੇਰੇ ਅੰਦਰੋਂ ਬੇ- ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ।
ਗੁਰੂ ਦਾ ਦਿਤਾ ਗਿਆਨ ਮੇਰੇ ਅੰਦਰ ਚਮਕ ਪਿਆ ਹੈ, ਮਾਇਆ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ। ਉਸ
ਚਾਨਣੀ ਦੀ ਬਰਕਤਿ ਨਾਲ ਮੈਨੂੰ ਪ੍ਰਮਾਤਮਾ ਦਾ ਨਾਮ-ਰੂਪ ਕੀਮਤੀ ਰਤਨ ਲੱਭ ਪਿਆ ਹੈ। ਗੁਰੂ ਦੀ ਮੱਤ
ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖਤਮ ਹੋ
ਗਿਆ ਹੈ। ਗੁਰੂ ਦੀ ਸ਼ਰਨ ਪਿਆਂ ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ
ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਂਹ ਕਦੇ ਮਰਦਾ ਹੈ, ਨਾਂਹ ਜੰਮਦਾ ਹੈ। ਹੇ ਮੇਰੇ ਪਿਤਾ!
ਗੁਰੂ ਦੀ ਸ਼ਰਨ ਪੈ ਕੇ ਮੇਰਾ ਪ੍ਰਮਾਤਮਾ-ਪਤੀ ਨਾਲ ਵਿਆਹ ਹੋ ਗਿਆ ਹੈ, ਮੈਨੂੰ ਪ੍ਰਮਾਤਮਾ ਮਿਲ ਗਿਆ
ਹੈ।। । ੨।।
ਉਪਰੋਕਤ ਦਿਤੇ ਗਏ ਸਾਰੇ ਅਰਥਾਂ ਰਾਹੀਂ ਦਰਸਾਏ ਸਹੀ ਭਾਵ ਨੂੰ ਸਮਝਣ ਨਾਲ
ਬਿਲਕੁਲ ਸਪਸ਼ਟ ਹੈ ਕਿ ਇਥੇ ਦੁਨਿਆਵੀ ਵਿਆਹ, ਪਤੀ -ਪਤਨੀ ਦੀ ਕੋਈ ਵੀ ਗੱਲ ਨਹੀਂ ਹੈ ਸਗੋਂ ਗੁਰੂ ਦੀ
ਕ੍ਰਿਪਾ ਦੁਆਰਾ ਅਬਿਨਾਸੀ ਪ੍ਰਮੇਸ਼ਰ ਨਾਲ ਇਕਮਿਕਤਾ ਹਾਸਲ ਕਰ ਚੁੱਕੀ ਜੀਵ- ਇਸਤਰੀ ਦੀ ਜੀਵਨ ਤਬਦੀਲੀ
ਦਾ ਜ਼ਿਕਰ ਹੈ। ਦੁਨਿਆਵੀ ਪਤੀ-ਪਤਨੀ ਤਾਂ ਜਨਮ ਮਰਣ ਦੇ ਚੱਕਰ ਵਿੱਚ ਹਨ, ਪ੍ਰਮੇਸ਼ਰ ਦੇ ਹੁਕਮ ਨਾਲ
ਮੌਤ ਇਸ ਰਿਸ਼ਤੇ ਨੂੰ ਕਦੀ ਵੀ ਖਤਮ ਕਰ ਸਕਦੀ ਹੈ, ਇਸ ਬਾਰੇ ਕੋਈ ਵੀ ਸਦੀਵੀ ਰਿਸ਼ਤਾ ਬਣ ਜਾਣ ਦਾ
ਦਾਅਵਾ ਕਰਨ ਦੇ ਸਮਰੱਥ ਨਹੀਂ ਹੋ ਸਕਦਾ।
ਲੋੜ ਹੈ ਕਿ ਜੇਕਰ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਦਾ ਕੀਰਤਨ ਵਿਆਹ ਸਮੇਂ
ਕਰਨਾ ਹੀ ਹੋਵੇ ਤਾਂ ਸਬੰਧਿਤ ਰਾਗੀ ਜਥੇ ਦਾ ਫਰਜ਼ ਬਣਦਾ ਹੈ ਕਿ ਕੀਰਤਨ ਅਰੰਭ ਕਰਨ ਤੋਂ ਪਹਿਲਾਂ
ਵਾਰੀ-ਵਾਰੀ ਸਿਰ ਗਾਇਨ ਕੀਤੇ ਜਾਣ ਵਾਲੇ ਸ਼ਬਦ ਦੇ ਸਹੀ ਭਾਵ-ਅਰਥ ਤੋਂ ਸੰਗਤ ਨੂੰ ਜ਼ਰੂਰ ਜਾਣੂ ਕਰਵਾ
ਦੇਣ ਤਾਂ ਜੋ ਕਿਸੇ ਕਿਸਮ ਦੇ ਭੁਲੇਖੇ ਦੀ ਗੁਜਾਇੰਸ਼ ਨਾ ਰਹੇ।
---------
ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ
ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ
ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ
ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ
ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ
ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ
ਸਕਾਂਗੇ।
============
(ਚਲਦਾ … …)
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)