ਭਗਤਾਂ ਕੀ ਚਾਲ ਨਿਰਾਲੀ ॥
ਪਿਛਲੇ ਅੰਕਾਂ ਵਿਚ ਆਪ ਜੀ ਭਗਤ
ਰਵਿਦਾਸ ਅਤੇ ਭਗਤ ਨਾਮਦੇਵ ਜੀ ਨਾਲ ਹੱਡ ਬੀਤੀਆਂ ਉਨ੍ਹਾਂ ਦੀ ਹੀ ਜੁਬਾਨੀ ਸਰਵਣ ਕਰ ਚੁਕੇ ਹੋ।
ਇਸ ਲੇਖ ਵਿਚ ਭਗਤ ਕਬੀਰ ਜੀ ਦੀ ਜੁਬਾਨੀ ਉਨ੍ਹਾਂ ਦੀਆਂ ਕੁਝ ਹੱਡ ਬੀਤੀਆਂ ਸਾਂਝੀਆਂ ਕਰਾਂਗੇ।
ਸਭ ਤੋਂ ਪਹਿਲਾਂ ਭਗਤ ਕਬੀਰ ਦੇ ਜੀਵਨ ਸੰਬੰਧੀ ਸੰਖੇਪ ਜਾਣਕਾਰੀ ਪ੍ਰਾਪਤ ਕਰੀਏ:
ਕਬੀਰ ਜੀ ਦਾ ਜਨਮ ਜੇਠ ਮਹੀਨੇ ਦੀ ਪੂਰਨਮਾਸ਼ੀ ਮਈ 1398 ਨੂੰ ਹਿੰਦੂ ਜੁਲਾਹੇ ਦੇ ਘਰ ਬਨਾਰਸ
(ਕਾਂਸ਼ੀ) ਵਿਚ ਹੋਇਆ ਸੀ। ਆਪ ਮੁਸਲਮਾਨ ਨਹੀਂ ਸਨ। ਆਪ ਦਾ ਦਿਹਾਂਤ ਨਵੰਬਰ 1518 ਨੂੰ ਹੋਇਆ।
ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੀ ਬਾਣੀ 17 ਰਾਗਾਂ ਵਿਚ ਦਰਜ ਹੈ। ਇਸ ਤੋਂ ਇਲਾਵਾ ਆਪ ਦੇ `243`
ਸਲੋਕ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਲੋਕਾਂ ਵਿਚ ਵਿਚਾਰ ਨੂੰ ਵਧੇਰੇ ਸਪਸ਼ਟ ਕਰਨ
ਲਈ ਗੁਰੂ ਸਾਹਿਬਾਂ ਨੇ ਆਪਣੇ ਕੁਝ ਸਲੋਕ ਵੀ ਦਰਜ ਕੀਤੇ ਹਨ।
ਬਨਾਰਸ ਹਿੰਦੂਆਂ ਦਾ ਗੜ੍ਹ ਸੀ ਅਤੇ ਹੁਣ ਵੀ ਹੈ। ਭਗਤ ਕਬੀਰ ਜੀ ਦੇ ਖਿਆਲ ਪੰਡਤਾਂ ਦੇ ਖਿਆਲਾਂ ਨਾਲ
ਮੇਲ ਨਹੀਂ ਸਨ ਖਾਂਦੇ। ਇਸ ਕਰਕੇ ਪੰਡਿਤਾਂ ਨੇ ਭਗਤ ਕਬੀਰ ਜੀ ਨਾਲ ਜਿਆਦਤੀ ਵੀ ਕੀਤੀ। ਉਨ੍ਹਾਂ ਨੇ
ਉਸ ਵੇਲੇ ਦੇ ਮੁਗਲ ਬਾਦਸ਼ਾਹਾਂ ਕੋਲ ਸ਼ਿਕਾਇਤਾਂ ਕੀਤੀਆਂ ਅਤੇ ਕਬੀਰ ਸਾਹਿਬ ਨੂੰ ਮਾਰ ਦੇਣ ਦੀ ਸਜ਼ਾ
ਦਿਵਾਈ। ਪਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਆਪ ਬਚ ਗਏ। ਇਸ ਸੰਬੰਧੀ ਆਪ ਨਾਲ ਕਬੀਰ ਸਾਹਿਬ ਦੇ
ਲਿਖੇ ਦੋ ਸ਼ਬਦ ਸਾਂਝੇ ਕੀਤੇ ਜਾ ਰਹੇ ਹਨ:
1. ਪਹਿਲੀ ਸ਼ਿਕਾਇਤ ਦੀ ਸਜਾ
ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ 2 ੴ ਸਤਿਗੁਰ
ਪ੍ਰਸਾਦਿ ॥
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ
॥ ਇਆ ਮੂਰਤਿ ਕੈ ਹਉ ਬਲਿਹਾਰੈ ॥1॥ ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥ ਕਾਜੀ ਬਕਿਬੋ ਹਸਤੀ ਤੋਰੁ
॥1॥ ਰਹਾਉ ॥ ਰੇ ਮਹਾਵਤ ਤੁਝੁ ਡਾਰਉ ਕਾਟਿ ॥ ਇਸਹਿ ਤੁਰਾਵਹੁ ਘਾਲਹੁ ਸਾਟਿ ॥ ਹਸਤਿ ਨ ਤੋਰੈ ਧਰੈ
ਧਿਆਨੁ ॥ ਵਾ ਕੈ ਰਿਦੈ ਬਸੈ ਭਗਵਾਨੁ ॥2॥ ਕਿਆ ਅਪਰਾਧੁ ਸੰਤ ਹੈ ਕੀਨ੍ਾ ॥ ਬਾਂਧਿ ਪੋਟ ਕੁੰਚਰ ਕਉ
ਦੀਨ੍ਾ ॥ ਕੁੰਚਰੁ ਪੋਟ ਲੈ ਲੈ ਨਮਸਕਾਰੈ ॥ ਬੂਝੀ ਨਹੀ ਕਾਜੀ ਅੰਧਿਆਰੈ ॥3॥ ਤੀਨਿ ਬਾਰ ਪਤੀਆ ਭਰਿ
ਲੀਨਾ ॥ ਮਨ ਕਠੋਰੁ ਅਜਹੂ ਨ ਪਤੀਨਾ ॥ ਕਹਿ ਕਬੀਰ ਹਮਰਾ ਗੋਬਿੰਦੁ ॥ ਚਉਥੇ ਪਦ ਮਹਿ ਜਨ ਕੀ ਜਿੰਦੁ
॥4॥1॥4॥
(ਗੁਰੂ ਗ੍ਰੰਥ ਸਾਹਿਬ, ਪੰਨਾ 871)
ਪਦ ਅਰਥ:
ਭੁਜਾ: ਬਾਂਹ
ਭਿਲਾ: ਗਠੜੀ, ਢੀਮ, ਪੋਟਲੀ
ਡਾਰਿਓ: ਸੁੱਟ ਦਿੱਤਾ
ਆਹਿ: ਹੈ (ਉਚਾਰਣ `ਆਹ`)
ਤੋਰੁ: ਚਲਾ
ਪੋਟ: ਪੋਟਲੀ
ਪਤੀਆਂ: ਪਰਤਾਵਾਂ, ਅਜਮਾਇਸ਼
ਤਪੀਨਾ: ਤਸੱਲੀ
ਚਉਥਾ ਪਦ: ਪ੍ਰਭੂ ਚਰਨਾਂ ਵਿਚ
ਅਰਥ: ਹੇ ਮੇਰੇ ਪ੍ਰਭੂ! ਕਾਜੀ ਤਾਂ ਇਹ ਕਹਿ ਰਿਹਾ ਹੈ ਕਿ ਹੇ ਮਹਾਵਤ ਕਬੀਰ ਉੱਤੇ ਹਾਥੀ ਚਾੜ੍ਹ ਦੇ
ਪਰ ਮੈਨੂੰ ਤੇਰਾ ਆਸਾ ਹੈ ਜਿਸ ਦੀ ਬਰਕਤ ਨਾਲ ਮੈਨੂੰ ਕੋਈ ਫਿਰਕ ਨਹੀਂ ਹੈ ॥1॥ ਰਹਾਉ॥
ਸਜ਼ਾ ਦੇਣ ਦਾ ਢੰਗ:
ਮੇਰੀਆਂ ਬਾਹਾਂ ਬਨ੍ਹ ਕੇ ਪੋਟਲੀ ਵਾਂਗ ਮੈਨੂੰ ਇਨ੍ਹਾਂ ਲੋਕਾਂ ਨੇ ਹਾਥੀ ਅੱਗੇ ਸੁੱਟ ਦਿੱਤਾ ਹੈ,
ਮਹਾਵਤ ਨੇ ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ ਸੱਟ ਮਾਰੀ ਹੈ।
ਪਰ ਹੁੰਦਾ ਕੀ ਹੈ?
ਹਾਥੀ ਮੈਨੂੰ ਪੈਰਾਂ ਹੇਠ ਲਿਤਾੜਣ ਦੀ ਥਾਂ ਚੀਂਕਾਂ ਮਾਰ ਕੇ ਹੋਰ ਪਾਸੇ ਭੱਜਦਾ ਹੈ, ਇੰਜ ਲਗਦਾ ਹੈ
ਕਿ ਉਹ ਕਹਿੰਦਾ ਹੈ ਕਿ ਉਹ ਕਹਿੰਦਾ ਹੈ ਕਿ ਮੈਂ ਇਸ ਸੋਹਣੇ ਬੰਦੇ ਤੋਂ ਸਦਕੇ ਜਾਂਦਾ ਹਾਂ ॥1॥
ਅੱਗੇ ਦੇਖੋ:
ਕਾਜੀ ਆਖਦਾ ਹੈ ਕਿ ਹੇ ਮਹਾਬਤ! ਇਸ ਹਾਥੀ ਨੂੰ ਸੱਟ ਮਾਰ ਤੇ ਕਬੀਰ ਵੱਲ ਤੋਰ, ਨਹੀਂ ਤਾਂ ਮੈਂ ਤੇਰਾ
ਸਿਰ ਉਤਰਾ ਦਿਆਂਗਾ ਭਾਵ ਮਾਰ ਦੇਵਾਂਗਾ। ਪਰ ਹਾਥੀ ਤੁਰਦਾ ਨਹੀਂ ਉਹ ਤਾਂ ਇਉਂ ਕਹਿੰਦਾ ਜਾਪਦਾ ਹੈ
ਜਿਵੇਂ ਪ੍ਰਭੂ-ਚਰਨਾਂ ਵਿਚ ਮਸਤ ਹੈ ਅਤੇ ਜਿਵੇਂ ਉਸਦੇ ਹਿਰਦੇ ਵਿਚ ਪਰਮਾਤਮਾ ਪਰਗਟ ਹੋ ਕੇ ਵੱਸ
ਰਿਹਾ ਹੈ॥2॥
ਕਬੀਰ ਸਾਹਿਬ ਕਹਿੰਦੇ ਹਨ ਕਿ ਮੇਰੀ ਪੋਟਲੀ ਬਨ੍ਹ ਕੇ ਇਨ੍ਹਾਂ ਮੈਨੂੰ ਹਾਥੀ ਅੱਗੇ ਸੁੱਟ ਦਿੱਤਾ ਹੈ,
ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਨ੍ਹਾਂ ਦਾ ਕੀ ਵਿਗਾੜ ਦਿੱਤਾ ਹੈ? ਪਰ ਕਾਜੀ ਨੂੰ ਤੁਅੱਸਬ ਦੇ
ਹਨੇਰੇ ਵਿਚ ਇਹ ਸਮਝ ਨਹੀਂ ਆਈ ਤੇ ਉਧਰ ਹਾਥੀ ਮੇਰੇ ਸਰੀਰ ਦੀ ਬਣੀ ਪੋਟਲੀ ਨੂੰ ਮੁੜ-ਮੁੜ ਸਿਰ ਨਿਵਾ
ਰਿਹਾ ਹੈ॥3॥
ਕਾਜੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ ਤਿੰਨ ਵਾਰੀ ਪਰਤਾਵਾ ਕਰ ਲਿਆ ਹੈ, ਉਸ ਦੀ ਫਿਰ
ਵੀ ਤਸੱਲੀ ਨਾ ਹੋਈ ਕਿਉਂਕਿ ਉਹ ਮਨ ਦਾ ਕਠੋਰ ਸੀ।
ਕਬੀਰ ਆਖਦਾ ਹੈ, ‘ਕਾਜੀ ਨੂੰ ਸਮਝ ਨਾ ਆਈ ਕਿ ਸਾਡਾ ਪ੍ਰਭੂ ਦੇ ਸੇਵਕਾਂ ਦਾ ਰਾਖਾ ਪਰਮਾਤਮਾ ਹੈ,
ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਪੂਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ। ਇਸ ਕਰਕੇ ਉਨ੍ਹਾਂ ਨੂੰ
ਕੋਈ ਅਜਿਹੀ ਸਜਾ ਦੇ ਕੇ ਡਰਾ-ਧਮਕਾ ਨਹੀਂ ਸਕਦਾ॥4॥
(2) ਦੂਜੀ ਸ਼ਿਕਾਇਤ ਅਤੇ ਸਜ਼ਾ
ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥1॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ
ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥2॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ
ਰਘੁਨਾਥ ॥3॥10॥18॥
(ਗੁਰੂ ਗ੍ਰੰਥ ਸਾਹਿਬ, ਪੰਨਾ 1162)
ਪਦ ਅਰਥ:
ਗੁਸਾਇਨ: ਜਗਤ ਦੀ ਮਾਤਾ।
ਗੋਸਾਈ: ਜਗਤ ਦਾ ਮਾਲਕ।
ਖਰੇ: ਫੜ ਕੇ ਲੈ ਗਏ।
ਮ੍ਰਿਗਛਾਲਾ: ਹਰਨ ਦੀ ਖਲ।
ਰਘੁਨਾਥ: ਪਰਮਾਤਮਾ।
ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਲੀਨ ਰਹੇ, ਉਸ ਦਾ ਮਨ ਕਿਸੇ ਕਸ਼ਟ
ਵੇਲੇ, ਭਾਵੇਂ ਮੌਤ ਦੀ ਸਜ਼ਾ ਹੋਵੇ, ਡੋਲਦਾ ਨਹੀਂ, ਉਸ ਦੇ ਸਰੀਰ ਨੂੰ ਕਸ਼ਟ ਦੇ ਦੇ ਕੇ ਡਰਾਉਣ ਤੋਂ
ਕੋਈ ਲਾਭ ਨਹੀਂ ਹੋ ਸਕਦਾ। ॥ਰਹਾਉ॥
ਇਹ ਵਿਰੋਧੀ ਲੋਕ ਮੈਨੂੰ (ਭਾਵ ਕਬੀਰ ਨੂੰ) ਜ਼ੰਜ਼ੀਰਾਂ ਨਾਲ ਬਂ ਕੇ ਢੂੰਘੀ-ਗੰਭੀਰ ਗੰਗਾ ਨਦੀ ਵਿਚ
ਡੋਬਣ ਲਈ ਲੈ ਗਏ। ਭਾਵ ਉਸ ਗੰਗਾ ਨਦੀ ਵਿਚ ਡੋਬਣ ਲਈ ਲੈ ਗਏ। ਭਾਵ ਉਸ ਗੰਗਾ ਨਦੀ ਵਲ ਲੈ ਗਏ ਜਿਸ
ਨੂੰ ਇਹ ਪੰਡਿਤ ਲੋਕ ‘ਗੰਗਾ ਮਾਤਾ’ ਆਖਦੇ ਹਨ। ਉਸ ਮਾਤਾ ਕੋਲੋਂ ਮੈਨੂੰ ਜਾਨੋਂ ਮਰਵਾਣ ਦਾ ਅਪਰਾਧ
ਕਰਨ ਲੱਗੇ ਹਨ॥1॥
ਉਨ੍ਹਾਂ ਮੈਨੂੰ ਗੰਗਾ ਨਦੀ ਵਿਚ ਜ਼ੰਜ਼ੀਰਾ ਨਾਲ ਬੰਨ ਕੇ ਸੁੱਟ ਦਿੱਤਾ। ਪਰ ਡੁੱਬਣ ਦੀ ਥਾਂ ਗੰਗਾ ਨਦੀ
ਦੀਆਂ ਲਹਿਰਾਂ ਦੇ ਨਾਲ ਮੇਰੀ ਜ਼ੰਜ਼ੀਰ ਟੁੱਟ ਗਈ, ਮੈਂ ਕਬੀਰ ਉਸ ਗੰਗਾ ਦੇ ਪਾਣੀ ਉੱਤੇ ਇਉ ਤਰਨ ਲੱਗ
ਪਿਆ ਜਿਵੇਂ ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ॥2॥
ਕਬੀਰ ਆਖਦਾ ਹੈ, ‘ਹੇ ਭਾਈ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ ਕੋਈ ਵੀ ਸੰਗੀ ਨਹੀਂ
ਬਣ ਸਕਦੇ, ਕੋਈ ਵੀ ਸਾਥੀ ਨਹੀਂ ਹੋ ਸਕਦੇ। ਪਾਣੀ ਅਤੇ ਧਰਤੀ ਭਾਵ ਹਰ ਥਾਂ ਇਕ ਪਰਮਾਤਮਾ ਹੀ ਸਭ
ਜੀਵਾਂ ਨੂੰ ਰੱਖਣ ਜੋਗਾ ਹੈ॥3॥
ਸਿੱਟਾ: ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੀ ਸੁਰਤ ਪ੍ਰਭੂ ਚਰਨਾਂ ਵਿਚ ਹੀ ਰਹਿੰਦੀ ਹੈ, ਇਸ
ਵਾਸਤੇ ਨਿਰਭਉ ਪ੍ਰਭੂ ਨੂੰ ਜਪਣ ਵਾਲਿਆਂ ਨੂੰ ਕੋਈ ਵੀ ਸਜ਼ਾ ਡਰਾ ਧਮਕਾ ਨਹੀਂ ਸਕਦੀ। ਅਜਿਹੇ ਖਿਆਲ
ਗੁਰੂ ਅਰਜਨ ਪਾਤਸ਼ਾਹ ਵ ਗਉੜੀ ਸੁਖਮਨੀ ਵਿਚ ਲਿਖਦੇ ਹਨ -
ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥ ਨਿਰਭਉ ਜਪੈ
ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥ ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥ ਨਾਮੁ
ਜਪਤ ਮਨਿ ਹੋਵਤ ਸੂਖ ॥ ਚਿੰਤਾ ਜਾਇ ਮਿਟੈ ਅਹੰਕਾਰੁ ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥ ਸਿਰ
ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥7॥
(ਗਉੜੀ ਸੁਖਮਨੀ, ਪੰਨਾ 293)
ਭਾਵ! ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ? ਜੀਵ ਬਚਦਾ ਹੀ ਰਖਣਹਾਰ ਪ੍ਰਭੂ ਨੂੰ
ਸਿਮਰ ਕੇ ਹੈ। ਜੋ ਮਨੁੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ,
ਕਿਉਂਕਿ ਪ੍ਰਭੂ ਦੀ ਮੇਹਰ ਨਾਲ ਹੀ ਬੰਦਾ ਡਰ ਤੋਂ ਖਲਾਸੀ ਪਾਉਂਦਾ ਹੈ।
ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੈਦਾ, ਨਾਮ ਜਪਿਆਂ ਮਨ ਵਿਚੋਂ ਸੁੱਖ
ਪੈਦਾ ਹੁੰਦਾ ਹੈ। ਨਾਮ ਸਿਮਰਿਆਂ ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ ਅਤੇ ਉਸ
ਮਨੁੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।
ਹੇ ਨਾਨਕ! ਜਿਸ ਬੰਦੇ ਦੇ ਸਿਰ ਉੱਤੇ ਸਤਿਗੁਰ ਸੂਰਮਾ ਖਲੋਇਆ ਹੋਵੇ, ਉਸ ਦੇ ਸਾਰੇ ਕੰਮ ਰਾਸ ਆ
ਜਾਂਦੇ ਹਨ।
ਭਗਤ ਕਬੀਰ ਬਾਰੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਬ੍ਰਾਹਮਣਾਂ ਦੀ ਵਰਣ ਵੰਡ ਮੁਤਾਬਕ ਕਬੀਰ ਸਾਹਿਬ
ਸੂਦਰ ਸਨ। ਭਗਤ ਕਬੀਰ ਕੇਵਲ ਪਰਮਾਤਮਾ ਦੇ ਪੁਜਾਰੀ ਸਨ ਜਦੋਂ ਕਿ ਬ੍ਰਾਹਮਣ ਆਮ ਜਨਤਾ ਨੂੰ ਕਈ ਕਿਸਮ
ਦੀ ਪੂਜਾ, ਜਾਦੂ-ਟੂਣੇ, ਬਰਤ, ਨੇਮ, ਮੰਤਰਾਂ, ਜੰਤਰਾਂ, ਤੰਤਰਾਂ ਆਦਿ ਦੇ ਭੰਬਲ ਭੂਸੇ ਵਿਚ ਪਾ ਕੇ
ਲੁਟ ਖਸੁੱਟ ਕਰਦੇ ਸਨ। ਵਿਹਲੜ ਹੋਣ ਕਰਕੇ ਕੰਮ ਕਰ ਨਹੀਂ ਸਨ ਸਕਦੇ ਅਤੇ ਇਸ ਪੂਜਾ ਦੇ ਧੰਨ ਨਾਲ
ਆਪਣੇ ਟੱਬਰ ਪਾਲਦੇ ਸਨ ਉਨ੍ਹਾਂ ਦੀ ਬੁਧ ਭ੍ਰਿਸ਼ਟ ਹੋ ਚੁੱਕੀ ਸੀ। ਪਰ ਕਬੀਰ ਸਾਹਿਬ ਗਰੀਬ ਹੋਣ ਦੇ
ਬਾਵਜੂਦ ਆਪ ਮਿਹਨਤ ਕਰਦੇ ਸਨ, ਇਹੀ ਉਪਦੇਸ਼ ਲੋਕਾਂ ਨੂੰ ਕਰਦੇ ਸਨ ਅਤੇ ਬ੍ਰਾਹਮਣੀ ਲੁੱਟ ਤੋਂ
ਸਾਵਧਾਨ ਕਰਦੇ ਸਨ। ਇਹ ਪੁਜਾਰੀ ਵਰਘ ਫਿਰ ਕਦ ਤੱਕ ਕਬੀਰ ਵਰਗੇ ਭਗਤ ਨੂੰ ਉਹ ਵੀ ਜੋ ਉਨ੍ਹਾਂ
ਮੁਤਾਬਕ ਨੀਚ ਹੋਵੇ, ਸਹਿਣ ਕਰ ਸਕਦੇ ਸਨ। ਇਹੀ ਕਾਰਨ ਸੀ ਕਿ ਉਹ ਕਬੀਰ ਸਾਹਿਬ ਨੂੰ ਮਾਰਨਾ ਚਾਹੁੰਦੇ
ਸਨ ਤਾਂ ਜੋ ਉਨ੍ਹਾਂ ਦਾ ਜ਼ਾਇਜ਼-ਨਜ਼ਾਇਜ ਹਲਵਾ ਮੰਡਾ ਚਲਦਾ ਰਹੇ ਅਤੇ ਲੋਕ ਗਿਆਨ ਪ੍ਰਾਪਤ ਕਰਕੇ
ਉਨ੍ਹਾਂ ਵੱਲੋਂ ਮੁੱਖ ਨਾ ਮੋੜਨ। ਬ੍ਰਾਹਮਣਾਂ ਮੁਤਾਬਕ ਸੂਦਰ ਨੂੰ ਜਨੇਊ ਪਹਿਨਣ ਦਾ ਅਤੇ ਭਗਤੀ ਕਰਨ
ਦਾ ਕੋਈ ਹੱਕ ਨਹੀਂ ਪਰ ਕਬੀਰ ਸਾਹਿਬ ਕਹਿ ਰਹੇ ਹਨ ਜੇ ਸੂਤ ਦਾ ਜਨੇਊ ਪਾਕੇ ਬ੍ਰਾਹਮਣ ਬਣ ਜਾਣ ਦਾ
ਸਾਹਵਾ ਹੈ ਤਾਂ ਸਾਡੇ ਘਰ ਕਈ ਮਣ ਅਜਿਹਾ ਸੂਤ ਪਿਆ ਹੈ ਜੋ ਅਸੀਂ ਬਣਾਉਂਦੇ ਹਾਂ। ਜਨੇਊ ਪਾ ਕੇ
ਬ੍ਰਾਹਮਣ ਨਹੀਂ ਬਣ ਸਕਦਾ। ਬ੍ਰਾਹਮਣ ਤਾਂ ਉਹ ਹੈ ਜੋ ਸਿਰਫ ਇਕ ਬ੍ਰਹਮ ਭਾਵ ਅਕਾਲ ਪੁਰਖ ਦਾ ਪੁਜਾਰੀ
ਹੋਵੇ। ਇਹ ਗੱਲਾਂ ਬ੍ਰਾਹਮਣ ਕਦ ਤਕ ਸਹਾਰੇ। ਕਬੀਰ ਸਾਹਿਬ ਫੁਰਮਾਉਂਦੇ ਹਨ -
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਤੁਮ੍ ਤਉ ਬੇਦ
ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 482)
ਭਾਵ: ਹੇ ਝੱਲੇ ਬ੍ਰਾਹਮਣ ਜੇ ਤੈਨੂੰ ਇਸ ਕਰਕੇ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿਚ ਜਨੇਊ ਹੈ
ਜੋ ਸਾਡੇ ਗਲ ਵਿਚ ਨਹੀਂ ਹੈ ਤਾਂ ਵੇਖ ਇਹੋ ਜਿਹਾ ਹੀ ਸਾਡੇ ਘਰ ਬਥੇਰਾ ਸੂਤਰ ਹੈ, ਜਿਸ ਨਾਲ ਅਸੀਂ
ਨਿੱਤ ਤਾਣਾ ਤਣਦੇ ਹਾਂ। ਤੇਰਾ ਵੇਦ ਆਦਿ ਵੀ ਪੜ੍ਹਨ ਦਾ ਮਾਣ ਵੀ ਕੂੜਾ ਹੈ ਕਿਉਂਕਿ ਤੁਸੀਂ ਤਾਂ ਵੇਦ
ਤੇ ਗਾਇਤਰੀ ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵਸਦਾ ਹੈ।
(2) ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ
ਤੇ ਸਭ ਉਤਪਾਤੀ ॥1॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ
॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥ ਤੁਮ ਕਤ ਬ੍ਰਾਹਮਣ ਹਮ ਕਤ
ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ
ਹੈ ਹਮਾਰੈ ॥4॥
(ਗੁਰੂ ਗ੍ਰੰਥ ਸਾਹਿਬ, ਪੰਨਾ 324)
ਭਾਵ: ਸਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ, ਭਾਵ ਸ਼ਬ ਦਾ ਮੂਲ ਕਾਰਨ
ਪਰਮਾਤਮਾ ਆਪ ਹੀ ਹੈ, ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ
ਨਾਲ ਸੰਬੰਧਤ ਹਾਂ॥1॥
ਹੇ ਪੰਡਿਤ! ਦੱਸ, ਤੁਸੀਂ ਬਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬਰਾਹਮਣਾ ਹਾਂ,
ਮੈਂ ਬਰਾਹਮਣ ਹਾਂ, ਮਨੁੱਖਾਂ ਜਨਮ ਅਹੰਕਾਰ ਵਿਚ ਅਜਾਈਂ ਨਾ ਗਵਾਓ ॥1॥ ਰਹਾਉ॥
ਹੇ ਪੰਡਿਤ! ਜੇ ਤੂੰ ਸੱਚ-ਮੁੱਚ ਬਰਾਹਮਣ ਹੈਂ ਅਤੇ ਬ੍ਰਾਹਮਣੀ ਦੇ ਪੇਟੋਂ ਜੰਮਿਆਂ ਹੈਂ ਤਾਂ ਕਿਸੇ
ਹੋਰ ਰਾਹ ਕਿਉਂ ਨਹੀਂ ਜੰਮ ਪਿਆ॥2॥
ਹੇ ਪੰਡਿਤ! ਤੁਸੀਂ ਕਿਵੇਂ ਬਰਾਹਮਣ ਬਣ ਗਏ? ਅਸੀਂ ਕਿਵੇਂ ਸ਼ੂਦਰ ਰਹਿ ਗਏ? ਸਾਡੇ ਸਰੀਰ ਵਿਚ ਕਿਵੇਂ
ਨਿਰਾ ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿੇਵਂ ਲਹੂ ਦੀ ਥਾਂ ਦੁੱਧ ਹੈ? ਭਾਵ ਨਹੀਂ ਹੈ ਸਭਨਾਂ ਦੇ
ਸਰੀਰਾਂ ਵਿਚ ਲਹੂ ਹੀ ਹੈ॥3॥
ਹੇ ਕਬੀਰ! ਅਸੀਂ ਤਾਂ ਮਨੁੱਖ ਨੂੰ ਹੀ ਬਰਾਹਮਣ ਸੱਦਦੇ ਹਾਂ ਜੋ ਕੇਵਲ ਪਰਮਾਤਮਾ ਨੂੰ ਹੀ ਸਿਮਰਦਾ ਹੈ
॥4॥
ਕੋਈ ਸਮਾਂ ਸੀ ਕਿ ਗੁਰੂ ਨਾਨਕ ਦੀ ਵੀਚਾਰਧਾਰਾ ਦੇ ਉਲਟ, ਅੰਗਰੇਜ਼ਾਂ ਦੇ ਰਾਜ ਵੇਲੇ ਜਦੋਂ ਮਹੰਤਾਂ
ਦੇ ਗੁਰਦੁਆਰਿਆਂ ਤੇ ਕਬਜ਼ੇ ਸਨ, ਕਥਿਤ ਸੂਦਰਾਂ ਨੂੰ ਗੁਰਦੁਆਰਿਆਂ ਵਿਚ ਦਾਖਲ ਨਹੀਂ ਸੀ ਹੋਣ ਦਿੱਤਾ
ਜਾਂਦਾ। ਉਨ੍ਹਾਂ ਦੀ ਪ੍ਰਸ਼ਾਦਿ ਅਤੇ ਅਰਦਾਸ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਨਹੀਂ ਸੀ ਹੋ ਸਕਦੀ।
ਗੁਰਦੁਆਰਾ ਸੁਧਾਰ ਲਹਿਰ ਸਦਕਾ ਮਹੰਤਾਂ ਤੋਂ ਛੁਟਕਾਰਾ ਪਾਇਆ ਗਿਆ ਅਤੇ ਗੁਰੂ ਰੀਤ ਅਨੁਸਾਰ ਸਾਰੇ
ਗੁਰਦੁਆਰੇ ਸਭ ਵਰਗਾਂ ਵਾਸਤੇ ਖੋਲੇ ਗਏ, ਜਿੱਥੋਂ ਸਿੱਖੀ ਦਾ ਪ੍ਰਚਾਰ ਹਰ ਕੋਈ ਸੁਣਕੇ ਲਾਭ ਪ੍ਰਾਪਤ
ਕਰ ਸਕਦਾ ਹੈ।
ਗੁਰੂ ਕਿਰਪਾ ਕਰਨ ਅਸੀਂ ਵੀ ਆਪਣਾ ਜੀਵਨ ਗੁਰੂ ਆਸ਼ੇ ਮੁਤਾਬਕ ਜੀਵੀਏ।
ਬਲਬਿੰਦਰ
ਸਿੰਘ ਸਿਡਨੀ (ਆਸਟ੍ਰੇਲੀਆ)
(ਨੋਟ:- ਕਬੀਰ ਜੀ ਨੂੰ ਗੰਗਾ
ਵਿਚ ਸੁੱਟਣਾ ਅਤੇ ਜੰਜੀਰ ਦਾ ਟੁੱਟਣਾ, ਇਸ ਸ਼ਬਦ ਨਾਲ ਸੰਬੰਧਿਤ ਵਿਚਾਰ ਇੱਥੇ ਪਹਿਲਾਂ ਵੀ ਪਾਈ ਜਾ
ਚੁੱਕੀ ਹੈ। ਦਸ ਸਾਲ ਤੋਂ ਵੀ ਪਿਹਲਾਂ ਪ੍ਰੋ: ਇੰਦਰ ਸਿੰਘ ਘੱਗਾ ਦਾ ਛਪਿਆ ਲੇਖ ਵੀ ਪਾਠਕਾਂ ਨੂੰ
ਹੇਠ ਲਿਖੇ ਲਿੰਕ ਤੇ ਜਾ ਕੇ ਪੜ੍ਹਨਾ ਚਾਹੀਦਾ ਹੈ-ਸੰਪਾਦਕ)
http://www.sikhmarg.com/2006/0115-kabir-janjeer.html