ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ
ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ
ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ
ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ
ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ
ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ
ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ
ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ
ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1.
ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ
ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ
ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।
=========
(ਝ) ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ।।
(ਵਾਰ ਗੂਜਰੀ- ਸਲੋਕ ਮਹਲਾ ੫-੫ ੨੦)
ਵਿਚਾਰ- ਉਪਰੋਕਤ ਪਾਵਨ ਪੰਕਤੀ ਨੂੰ ਸਥਾਈ ਬਣਾ ਕੇ ਅਕਸਰ ਹੀ ਅਖੰਡ
ਪਾਠ, ਸਹਿਜ ਪਾਠ, ਜਾਂ ਕਿਸੇ ਹੋਰ ਸਮਾਗਮ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਂਟ ਕਰਨ
ਸਮੇਂ ਕੀਰਤਨ- ਸੰਗਤੀ ਰੂਪ ਵਿੱਚ ਗਾਇਆ ਜਾਂਦਾ ਹੈ। ਪ੍ਰਵਾਰ ਵਲੋਂ ਵਿਸ਼ੇਸ਼ ਤੌਰ ਤੇ ਫੁਰਮਾਇਸ਼ ਵੀ
ਕੀਤੀ ਜਾਂਦੀ ਹੈ ਕਿ ਬਾਬਾ ਜੀ! ਪ੍ਰੇਮ ਪਟੋਲੇ ਵਾਲਾ ਸ਼ਬਦ ਜ਼ਰੂਰ ਪੜਿਆ ਜਾਵੇ। ਇਸ ਸਮੇਂ ਐਸਾ ਕੀਤੇ
ਜਾਣ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਸ਼ਰਧਾਲੂ ਪ੍ਰਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢੱਕਣ ਲਈ
ਰੁਮਾਲਾ ਅਰਪਣ ਕੀਤਾ ਗਿਆ ਹੈ। ਇਸ ਤਰਾਂ ਕਰਨ ਨਾਲ ਐਸੀ ਅਗਿਆਨਤਾ ਕਾਰਣ ਵੇਖਾ-ਵੇਖੀ ਰੁਮਾਲਾ ਜ਼ਰੂਰ
ਭੇਟਾ ਕਰਨ ਦੀ ਚਲ ਰਹੀ ਪ੍ਰਪਾਟੀ ਨੂੰ ਹੋਰ ਉਤਸ਼ਾਹਿਤ ਕਰਨ ਦਾ ਕਾਰਣ ਬਣਦਾ ਹੈ। ਜਦੋਂ ਕਿ ਇਸ ਸਬੰਧੀ
ਸਿੱਖ ਰਹਿਤ ਮਰਯਾਦਾ ਅੰਦਰ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਸਾਹਿਬ ਦੀ ਲੋੜ
ਅਨੁਸਾਰ ਵਸਤੂ ਭੇਂਟ ਕੀਤੀ ਜਾਣੀ ਚਾਹੀਦੀ ਹੈ, ਇਸ ਸਬੰਧੀ ਗ੍ਰੰਥੀ ਸਿੰਘ/ ਪ੍ਰਬੰਧਕਾਂ ਨੂੰ ਪਹਿਲਾਂ
ਪੁੱਛ ਲੈਣਾ ਚਾਹੀਦਾ ਹੈ। ਪਰ ਸਾਡੇ ਵਲੋਂ ‘ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ`
(ਸਿਰੀਰਾਗੁ ਮਹਲਾ ੩-੨੭) ਨੂੰ ਸਾਹਮਣੇ ਰੱਖਦੇ ਹੋਏ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਬਹੁਗਿਣਤੀ
ਗੁਰੂ ਘਰਾਂ ਅੰਦਰ ਰੁਮਾਲਾ ਸਾਹਿਬ ਦੀ ਬਹੁਤਾਤ ਹੋ ਜਾਣ ਕਾਰਣ ਸਾਂਭਣ ਵਿੱਚ ਵੀ ਮੁਸ਼ਕਲ ਆ ਰਹੀ ਹੈ
ਜਦ ਕਿ ਹੋਰ ਲੋੜੀਂਦੀਆਂ ਵਸਤੂਆਂ ਦੀ ਘਾਟ ਬਣੀ ਰਹਿੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਜੇਕਰ ਕਿਸੇ
ਵਸਤੂ ਦੀ ਲੋੜ ਹੀ ਨਾ ਹੋਵੇ ਤਾਂ ਸਿੱਧੇ ਰੂਪ ਵਿੱਚ ਪ੍ਰਬੰਧਕਾਂ ਨੂੰ ਮਾਇਆ ਹੀ ਭੇਂਟ ਕਰਕੇ ਰਸੀਦ
ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਸਾਡੀਆਂ ਸੰਗਤਾਂ ਦੀ ਐਸੀ ਅਗਿਆਨਤਾ, ਦੇਖਾ-ਦੇਖੀ ਕੇਵਲ ਰੁਮਾਲਾ
ਭੇਂਟ ਕਰਨ ਤੋਂ ਹੀ ਇੱਕ ਹੋਰ ਬੁਰਾਈ ਸਾਹਮਣੇ ਆਉਂਦੀ ਹੈ ਕਿ ਕਈ ਗ੍ਰੰਥੀ/ ਪ੍ਰਬੰਧਕ (ਸਾਰੇ ਨਹੀਂ)
ਇਨ੍ਹਾਂ ਰੁਮਾਲਾ ਸਾਹਿਬਾਨ ਨੂੰ ਬਜ਼ਾਰ ਵਿੱਚ ਦੁਬਾਰਾ ਦੁਕਾਨਾਂ ਉਪਰ ਵੇਚਦੇ ਹੋਏ ਸਾਹਮਣੇ ਆਉਂਦੇ ਹਨ
ਜਾਂ ਕਈ ਥਾਵਾਂ ਉਪਰ ਸ਼ਰਧਾਲੂ ਸੰਗਤਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕੀਮਤ ਰੂਪ ਵਿੱਚ ਪੈਸੇ ਹੀ
ਦੇ ਦਿਉ, ਰੁਮਾਲਾ ਸਾਹਿਬ ਗੁਰਦੁਆਰੇ ਦੇ ਸਟਾਕ ਵਿਚੋਂ ਹੀ ਦੇ ਦਿਤਾ ਜਾਵੇਗਾ। ਸੋਚਣ ਵਾਲੀ ਗੱਲ ਹੈ
ਕਿ ਐਸਾ ਧੋਖਾ ਕਿਸ ਨੂੰ ਦਿਤਾ ਜਾ ਰਿਹਾ ਹੈ? ਉਸੇ ਰੁਮਾਲਾ ਸਾਹਿਬ ਦੀ ਭੇਟਾ ਪਹਿਲਾਂ … … … … …
ਸਿੰਘ ਦੇ ਨਾਮ ਅਰਦਾਸ ਕੀਤੀ ਜਾ ਚੁੱਕੀ ਹੈ, ਹੁਣ … … … ਸਿੰਘ ਦੇ ਨਾਮ ਦੀ ਅਰਦਾਸ ਕਰ ਰਹੇ ਹਾਂ।
ਇਸ ਬਾਰੇ ਕੌਣ ਸੋਚੇਗਾ? ਲੋੜ ਹੈ ਕਿ ਇਸ ਵਿਸ਼ੇ ਉਪਰ ਪ੍ਰਬੰਧਕ, ਗ੍ਰੰਥੀ, ਪ੍ਰਚਾਰਕ ਸਾਹਿਬਾਨ
ਸੰਗਤਾਂ ਨੂੰ ਅਗਾਊਂ ਹੀ ਚੇਤੰਨ ਕਰਨ ਤਾਂ ਜੋ ਇਸ ਦੇਖਾ-ਦੇਖੀ ਦੀ ਸਮੱਸਿਆ ਉਤਪੰਨ ਹੋਣ ਤੋਂ ਬਚਿਆ
ਜਾ ਸਕੇ। ਇਸ ਵਿਸ਼ੇ ਉਪਰ ਭਾਈ ਕਾਨ੍ਹ ਸਿੰਘ ਨਾਭਾ ਅਤੇ ਹੋਰ ਵਿਚਾਰਵਾਨਾਂ ਵਲੋਂ ‘ਗਰੀਬ ਦਾ ਮੂੰਹ
ਗੁਰੂ ਕੀ ਗੋਲਕ` ਦੇ ਪੱਖ ਉਪਰ ਦਿਤੀ ਸੇਧ ਧਿਆਨ ਗੋਚਰੇ ਰੱਖ ਲੈਣੀ ਚਾਹੀਦੀ ਹੈ-
-ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ,
ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ ਸ਼ਕਤਿ ਅਰਦਾਸ ਕਰਾਈ ਜਾਵੇ।
(ਸਿੱਖ ਰਹਿਤ ਮਰਯਾਦਾ-ਪੰਨਾ ੧੮)
-ਗੁਰੂ ਕਾ ਸਿਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ।
(ਰਹਿਤਨਾਮਾ ਭਾਈ ਚਉਪਾ ਸਿੰਘ)
-ਜਿਸ ਗੁਰਦੁਆਰੇ ਬਹੁਤ ਸੁੰਦਰ ਰੁਮਾਲ ਗੁਰੂ ਗ੍ਰੰਥ ਸਾਹਿਬ ਲਈ ਮੌਜੂਦ ਹੋਣ
ਉਥੇ ਭੋਗ ਪੈਣ ਵੇਲੇ ਰੁਮਾਲ ਅਰਪਣਾ ਲਾਭਦਾਇਕ ਨਹੀਂ। ਜਿਥੇ ਰੁਮਾਲ ਦੀ ਜ਼ਰੂਰਤ ਹੋਵੇ ਉਥੇ ਭੇਟਾ
ਕਰਨਾ ਚਾਹੀਏ। ਰੁਮਾਲ ਚੜਾਉਣਾ ਰਸਮ ਨਹੀਂ ਬਣਾ ਲੈਣੀ ਚਾਹੀਏ। ਸਤਿਗੁਰੂ ਰੁਮਾਲਾਂ ਨਾਲੋਂ ਯਤੀਮਾਂ
ਨੂੰ ਵਸਤਰ ਦੇਣੇ ਜਿਆਦਾ ਪਸੰਦ ਕਰਦੇ ਹਨ। ਸਰ੍ਹਾਣੇ, ਗਦੇਲਾ, ਚਾਂਦਨੀ, ਦੂਹਰ ਆਦਿਕ ਸਾਮਾਨ ਪ੍ਰੇਮੀ
ਘੱਟ ਹੀ ਭੇਟਾ ਕਰਦੇ ਦੇਖੇ ਹਨ।
(ਭਾਈ ਕਾਨ੍ਹ ਸਿੰਘ ਨਾਭਾ-ਗੁਰੁਮਤ ਮਾਰਤੰਡ- ੪੨੩)
-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਨੂੰ ਧਿਆਨ ਵਿੱਚ ਨਾ ਰੱਖ ਕੇ ਸਾਡੇ
ਵਲੋਂ ਅਣਲੋੜੀਂਦੇ ਰੁਮਾਲੇ ਅਤੇ ਹੋਰ ਵਸਤੂਆਂ ਭੇਟ ਕਰੀ ਜਾਣ ਦੀ ਬਜਾਏ ਸੰਗਤ ਜਾਂ ਪੰਥਕ ਭਲਾਈ ਲਈ
ਲੋੜੀਂਦੇ ਥਾਵਾਂ ਜਿਵੇਂ ਦੁਖੀਆਂ ਤੇ ਲੋੜਵੰਦਾਂ ਦੀ ਸੰਭਾਲ, ਧਰਮ ਪ੍ਰਚਾਰ ਵਿਦਿਆ ਦੇ ਪਸਾਰ ਆਦਿ
ਉਤੇ ਦਸਵੰਧ ਲਾਉਣਾ ਸਫਲ ਸੇਵਾ ਆਖੀ ਗਈ ਹੈ।
(ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ- ਦਰਪਣ ਸਿੱਖ ਰਹਿਤ ਮਰਯਾਦਾ-੧੧੨)
‘ਪ੍ਰੇਮ ਪਟੋਲਾ ਤੈ ਸਹਿ ਦਿਤਾ` ਵਾਲੇ ਸ਼ਬਦ ਨੂੰ ਰੁਮਾਲਾ ਸਾਹਿਬ ਭੇਂਟ
ਕਰਨ ਸਮੇਂ ਜ਼ਰੂਰ ਪੜੇ ਜਾਣ ਦੇ ਪਿਛੇ ਗ੍ਰੰਥੀ/ਰਾਗੀ ਸਿੰਘਾਂ ਦੀ ਭਾਵਨਾ ਪ੍ਰਵਾਰ/ ਹਾਜ਼ਰ ਸੰਗਤ ਦੀ
ਪ੍ਰਸੰਨਤਾ ਹਾਸਲ ਕਰਦੇ ਹੋਏ ਵਧੇਰੇ ਮਾਇਆ ਦੀ ਭੇਟਾ ਪ੍ਰਤੀ ਲਾਲਸਾ ਹਿਤ ਕੀਤੀ ਜਾਂਦੀ ਹੈ। ਇਸ ਪੱਖ
ਉਪਰ ਵਿਚਾਰਣ ਦੀ ਕੋਈ ਲੋੜ ਹੀ ਮਹਿਸੂਸ ਨਹੀਂ ਕਰਦੇ ਕਿ ਜਿਹੜੇ ਅਰਥਾਂ ਵਿੱਚ ਅਸੀਂ ਇਸ ਫੁਰਮਾਣ ਨੂੰ
ਪੜ-ਗਾ ਰਹੇ ਹਾਂ, ਇਹ ਠੀਕ ਵੀ ਹੈ ਜਾਂ ਨਹੀਂ। ਇਸ ਪੱਖ ਨੂੰ ਸਪਸ਼ਟ ਕਰਨ ਲਈ ‘ਰਾਗ ਗੂਜਰੀ ਵਾਰ
ਮਹਲਾ ੫` ਦੇ ਵਿੱਚ ਪਉੜੀ ਨੰਬਰ ੮ ਦੇ ਨਾਲ ਦਰਜ ਵਿਸ਼ਾ ਅਧੀਨ ਦੋ ਸਲੋਕਾਂ ਦੇ ਭਾਵ ਅਰਥ ਨੂੰ
ਸਮਝਣ ਦੀ ਜ਼ਰੂਰਤ ਹੈ-
ਸਲੋਕ ਮ: ੫
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ।।
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ।। ੧।।
ਮ: ੫
ਤੈਡੇ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ।।
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ।। ੨।।
(ਵਾਰ ਗੂਜਰੀ- ਸਲੋਕ ਮਹਲਾ ੫- ੫੨੦)
ਅਰਥ- ਇੱਜਤ ਢਕ ਰੱਖਣ ਲਈ ਹੇ ਪ੍ਰਭੂ! ਤੈਂ ਖਸਮ ਨੇ ਮੈਨੂੰ ਆਪਣਾ
ਪਿਆਰ-ਰੂਪ ਰੇਸ਼ਮੀ ਕੱਪੜਾ ਦਿਤਾ ਹੈ। ਨਾਨਕ ਕਹਿੰਦਾ ਹੈ ਕਿ ਤੂੰ ਮੇਰਾ ਖਸਮ ਮੇਰੇ ਦਿਲ ਦੀ
ਜਾਨਣ ਵਾਲਾ ਹੈ, ਪਰ ਮੈਂ ਤੇਰੀ ਕਦਰ ਨਹੀਂ ਜਾਤੀ।। ੧।।
ਹੇ ਪ੍ਰਭੂ! ਤੇਰੇ ਸਿਮਰਨ ਦੀ ਬਰਕਤਿ ਨਾਲ ਮੈਂ ਮਾਨੋ ਹਰੇਕ ਪਦਾਰਥ ਲੱਭ ਲਿਆ
ਹੈ ਤੇ ਜਿੰਦਗੀ ਵਿੱਚ ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ,
ਉਸ ਦੀ ਇੱਜਤ ਨੂੰ ਹੋਰ ਕੋਈ ਨਹੀਂ ਮਿਟਾ ਸਕਦਾ।। ੨।।
ਉਪਰੋਕਤ ਸਾਰੀ ਵਿਚਾਰ ਦੇ ਸਨਮੁੱਖ ਹੁਣ ਵੇਖੀਏ ਕਿ ਅਸੀਂ ਵਿਸ਼ਾ ਅਧੀਨ
ਗੁਰਬਾਣੀ ਪ੍ਰਮਾਣ ਕਿਹੜੇ ਪ੍ਰਚਲਿਤ ਰੂਪ ਵਿੱਚ ਵਰਤ ਰਹੇ ਹਾਂ ਅਤੇ ਇਸ ਦੀ ਸਹੀ ਵਿਚਾਰ ਕੀ ਹੈ? ਇਹ
ਬਿਲਕੁਲ ਸਪਸ਼ਟ ਰੂਪ ਵਿੱਚ ਸਾਹਮਣੇ ਆਵੇਗਾ ਕਿ ਅਸੀਂ ਜਾਣੇ-ਅਣਜਾਣੇ ਆਪਣੇ ਸਵਾਰਥ ਹਿਤ ਇਸ ਪ੍ਰਮਾਣ
ਨੂੰ ਰੁਮਾਲਾ ਭੇਂਟ ਨਾਲ ਜੋੜ ਕੇ ਪੜ੍ਹਦੇ ਹੋਏ ਬਿਲਕੁਲ ਉਲਟੀ ਦਿਸ਼ਾ ਵਿੱਚ ਚਲਦੇ ਹੋਏ ਗੁਰਬਾਣੀ
ਅੰਦਰ ਦਰਸਾਏ ਗੁਰਮਤਿ ਸਿਧਾਂਤਾਂ ਨਾਲ ਸਰਾਸਰ ਬੇ-ਇਨਸਾਫੀ ਕਰ ਜਾਂਦੇ ਹਾਂ। ਇਥੇ ਸਾਡੇ ਵਲੋਂ
ਰੁਮਾਲਾ ਭੇਂਟ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੱਤ ਢਕਣ ਦੀ ਕੋਈ ਵੀ ਗੱਲ ਨਹੀਂ ਸਗੋਂ
ਪ੍ਰਮੇਸ਼ਰ ਵਲੋਂ ਆਪਣੀ ਬਖਸ਼ਿਸ਼ ਰੂਪੀ ਕੱਪੜੇ (ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।। -੨)
ਨਾਲ ਸਾਡੀ ਇੱਜਤ ਪੱਤ ਨੂੰ ਸਦੀਵੀਂ ਰੂਪ ਵਿੱਚ ਸਾਡੇ ਅਉਗਣਾਂ-ਗੁਨਾਹਾਂ ਰੂਪੀ ਪਰਦੇ ਢੱਕਣ ਦੀ ਗੱਲ
ਹੋ ਰਹੀ ਹੈ। ਸਾਡੇ ਵਿੱਚ ਕੀ ਸਮਰੱਥਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਦੇ ਢੱਕਣ ਯੋਗ
ਬਣ ਸਕੀਏ। ਸਤਿਗੁਰੂ ਕ੍ਰਿਪਾ ਕਰਨ ਸਾਨੂੰ ਇਸ ਪੱਖ ਉਪਰ ਸੁਮੱਤ ਦੀ ਪ੍ਰਾਪਤ ਹੋ ਸਕੇ ਅਤੇ ਆਮ ਹੀ
ਕੀਤੀ ਜਾ ਰਹੀ ਮਨਮਤਿ ਤੋਂ ਬਚ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ ਸਕੀਏ।
---------------
ਇਸ ਲੇਖ ਰਾਹੀਂ ਦਿਤਾ ਗਿਆ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ
ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ
ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ
ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ
ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ
ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ
ਬਣ ਸਕਾਂਗੇ।
============
(ਚਲਦਾ … …)
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)