.

ਪਉੜੀ 33

ਨੋਟ: ਕੂੜੀ ਠੀਸ (ਚਤੁਰਾਈਆਂ) ਤੋਂ ਛੁੱਟਣ ਵਾਲੀ ਵਿਚਾਰ ਇਸ ਪਉੜੀ ਵਿਚ ਵਿਚਾਰੀ ਹੈ। ਵਿਰਲੇ ਮਨ ਨੂੰ ਹੋਰ ਸੂਝ ਪੈਂਦੀ ਹੈ।

ਆਖਣਿ ਜੋਰੁ ਚੁਪੈ ਨਹ ਜੋਰੁ ॥

ਮਨ ਕੀ ਮੱਤ ਨਾਲ ਕੀਤੇ ਕਿਸੇ ਵੀ ਜ਼ੋਰ (ਪਾਖੰਡ, ਕਰਮ ਕਾਂਡ) ਨਾਲ ਰੱਬੀ ਮਿਲਨ ਨਹੀਂ ਪ੍ਰਾਪਤ ਹੁੰਦਾ। ਇਸ ਲਈ ਸੱਚ ਤੋਂ ਮੂੰਹ ਮੋੜਨਾ (ਚੁਪੈ) ਆਤਮਾ ਨੂੰ ਬਲਹੀਨ ਕਰਨਾ ਹੈ (ਨ ਜ਼ੋਰ)।

ਜੋਰੁ ਨ ਮੰਗਣਿ ਦੇਣਿ ਨ ਜੋਰੁ ॥

ਮਨ ਕੀ ਮੱਤ ਦੇ ਜ਼ੋਰ ਨਾਲ ਦੁਨਿਆਵੀ ਦਾਤਾਂ ਤਾਂ ਹਾਸਲ ਕਰ ਸਕਦੇ ਹਾਂ ਪਰ ਕਿਸੇ ਵੀ ਧਨ ਪਦਾਰਥਾਂ ਦੇ ਦਾਨ ਦੇਣ ਨਾਲ ਰੱਬੀ ਗੁਣ, ਰੱਬੀ ਇਕਮਿਕਤਾ ਹਰਗਿਜ਼ ਹਰਗਿਜ਼ ਪ੍ਰਾਪਤ ਨਹੀਂ ਕੀਤੀ ਜਾ ਸਕਦੀ।

ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥

ਵਿਰਲਾ ਮਨ ਨੂੰ ਸੂਝ ਪ੍ਰਾਪਤ ਹੁੰਦੀ ਹੈ ਕਿ ਮਨ ਕੀ ਮੱਤ ਦੇ ਜ਼ੋਰ ਨਾਲ ਉੱਤਮ ਜੀਵਨ ਨਹੀਂ ਮਿਲਦਾ ਅਤੇ ਨਾ ਹੀ ਸੋਚਨੀ ਵਿਚੋਂ ਵਿਕਾਰ ਮਰਦੇ ਹਨ।

ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥

ਮਨ ਦੀ ਮੱਤ (ਚਤੁਰਾਈਆਂ) ਰਾਹੀਂ ਇਕੱਤ੍ਰ ਕੀਤਾ ਮਾਲ, ਰਾਜ, ਧਨ-ਪਦਾਰਥ, ਪਦ ਪ੍ਰਤਿਸ਼ਠਾ ਕੇਵਲ ਸ਼ੋਰ ਹੀ ਵਧਾਉਂਦਾ ਹੈ, ਮੁਸ਼ਕਲਾਂ ਹੀ ਵਧਾਉਂਦਾ ਹੈ। ਇਨ੍ਹਾਂ ਸਭ ਨਾਲ ਮਨ ਦਾ ਟਿਕਾਉ ਨਹੀਂ ਮਿਲਦਾ।

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥

ਵਿਰਲੇ ਮਨ ਨੂੰ ਇਹ ਵੀ ਸਮਝ ਪੈਂਦੀ ਹੈ ਕਿ ਕੇਵਲ ਗਿਆਨ ਚਰਚਾ ਨਾਲ ਸੁਰਤੀ ਵਿਚ ਸਤਿਗੁਰ ਦੀ ਮੱਤ ਦੇ ਤੱਤ ਗਿਆਨ ਨੂੰ ਨਹੀਂ ਟਿਕਾਇਆ ਜਾ ਸਕਦਾ।

ਜੋਰੁ ਨ ਜੁਗਤੀ ਛੁਟੈ ਸੰਸਾਰੁ ॥

ਮਨ ਘੜਤ ਜੁਗਤੀਆਂ ਜਿਵੇਂਕਿ ਜਪ, ਤਪ, ਵੈਰਾਗ ਜਾਂ ਸੰਜਮ ਆਦਿ ਨਾਲ ਸੰਸਾਰ ਅਤੇ ਸਰੀਰ ਦਾ ਮੋਹ ਨਹੀਂ ਛੁੱਟਦਾ।

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥

ਵਿਰਲੇ ਮਨ ਦਾ ਇਹ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ ਕਿ ਕਿਸੇ ਵੀ ਜ਼ੋਰ ਜਾਂ ਹੱਠ ਨਾਲ, ਰੱਬੀ ਇਕਮਿਕਤਾ ਜਾਂ ਮਨ ਦਾ ਟਿਕਾਉ ਨਹੀਂ ਮਿਲ ਸਕਦਾ ਭਾਵੇਂ ਕੋਈ ਵੀ ਕਰ ਕੇ ਵੇਖ ਲਵੇ। ਮਨ ਕੀ ਮੱਤ ਦਾ ਜ਼ੋਰ ਬੇਕਾਰ ਹੈ।

ਨਾਨਕ ਉਤਮੁ ਨੀਚੁ ਨ ਕੋਇ ॥33॥

ਅਦ੍ਵੈਤ ਅਵਸਥਾ ਵਿਚ ਨਾਨਕ ਜੀ ਮਹਿਸੂਸ ਕਰਦੇ ਹਨ ਕਿ ਮਨ ਕੀ ਮੱਤ (ਧੱਕੇ, ਜ਼ੋਰ, ਪਖੰਡ, ਹਠ-ਜੋਗ, ਕਰਮ ਕਾਂਡ) ਨਾਲ ਕੋਈ ਵੀ ਨੀਚ (ਕੂੜ) ਤੋਂ ਉੱਤਮ (ਸਚਿਆਰ) ਨਹੀਂ ਬਣ ਸਕਦਾ।

ਨੋਟ: ਕਿਸੇ ਵੀ ਜ਼ੋਰ ਪਾਖੰਡ ਕਰਮ ਕਾਂਡ (ਗਿਣਤੀ ਮਿਣਤੀ ਦੇ ਰਟਨ) ਨਾਲ ਰੱਬੀ ਇਕਮਿਕਤਾ ਨਹੀਂ ਮਿਲ ਸਕਦੀ। ਮਨ ਦੀ ਮੱਤ ਦੇ ਜ਼ੋਰ ਨਾਲ ਹਉਮੈ, ਕੂੜ ਅਤੇ ਮੈਲ ਹੀ ਵਧਦੀ ਹੈ। ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ : 1428)

ਵੀਰ ਭੁਪਿੰਦਰ ਸਿੰਘ




.