.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰ ਗਿਆਨ ਹੀ ਭਗਤੀ ਹੈ

ਡਾਕਟਰ ਕੁਲਦੀਪ ਸਿੰਘ ਜੀ ਧੀਰ ਇੱਕ ਜਗ੍ਹਾ ਬੜਾ ਵਧੀਆ ਲਿਖਦੇ ਹਨ ਕਿ ਇਕੋ-ਇਕ ਨਿਰਾਕਾਰ ਅਕਾਲ ਪੁਰਖ ਵਿਚ ਵਿਸ਼ਵਾਸ ਸਿੱਖ ਧਰਮ ਦੀ ਮੂਲ ਚੂਲ ਹੈ। ਗੁਰਬਾਣੀ ਦਾ ਕੇਂਦਰ ਬਿੰਦੂ ਹੈ। ਸਮੇਂ, ਸਥਾਨ ਤੇ ਪ੍ਰਸਥਿਤੀਆਂ ਪੱਖੋਂ ਸਿੱਖ ਧਰਮ ਦਾ ਜਨਮ ਤੇ ਵਿਕਾਸ ਜਿਸ ਭਾਰਤੀ ਧਰਮ ਪਰੰਪਰਾ ਦੇ ਅੰਤਰਗਤ ਹੋਇਆ ਹੈ, ਉਸ ਵਿਚ ਦੇਵੀ-ਦੇਵਤਿਆਂ, ਮੂਰਤੀਆਂ, ਅਵਤਾਰਾਂ, ਸਰਗੁਣ ਪਰਮਾਤਮਾ ਦਾ ਵਿਆਪਕ ਪ੍ਰਚਲਣ ਰਿਹਾ ਹੈ ਅਤੇ ਹੁਣ ਵੀ ਹੈ। ਇਸੇ ਕਾਰਨ ਇਸ ਪਰੰਪਰਾ ਵਿਚ ਦੇਹਧਾਰੀ ਗੁਰੂਆਂ ਅਤੇ ਪਾਖੰਡੀ ਬਾਬਿਆਂ ਦਾ ਗੁਰੂ ਡੰਮ ਦਾ ਧੰਦਾ ਫਲ-ਫੁਲ ਰਿਹਾ ਹੈ। ਇਹ ਲੋਕ ਸਰਗੁਣ ਬ੍ਰਹਮ ਤੇ ਗੁਰੂ ਦੇ ਸੰਕਲਪਾਂ ਦੀ ਮਨਮਰਜ਼ੀ ਦੀ ਵਿਆਖਿਆ ਕਰਕੇ ਭੋਲੇ-ਭਾਲੇ ਲੋਕਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕਰਦੇ ਹਨ। ਚੰਗੇ ਪੜ੍ਹੇ-ਲਿਖੇ ਲੋਕ ਇਨ੍ਹਾਂ ਡੇਰਿਆਂ ਦੇ ਅਨੁਯਾਈ ਬਣ ਕੇ ਵਾਰ-ਵਾਰ ਸ਼ੋਸ਼ਿਤ ਹੋ ਕੇ ਪਛਤਾਉਂਦੇ ਦੇਖੇ ਗਏ ਹਨ ਪਰ ਇਹ ਧੰਦਾ ਬਾਦਸਤੂਰ ਜਾਰੀ ਹੈ। ਅੰਧੀ ਰਈਅਤ ਗਿਆਨ ਵਿਹੂਣੀ ਹਨੇਰੇ ਵਿਚ ਭਟਕ ਰਹੀ ਹੈ।

ਭਗਤੀ ਦੇ ਨਾਂ `ਤੇ ਇੱਕ ਅਜੀਬ ਕਿਸਮ ਦਾ ਕੁਹਰਾਮ ਮੱਚਿਆ ਹੋਇਆ ਹੈ। ਜਿਸ ਭਗਤੀ ਨੂੰ ਗੁਰੂ ਸਾਹਿਬ ਜੀ ਨੇ ਨਕਾਰਿਆ ਹੋਇਆ ਸੀ ਅੱਜ ਓਸੇ ਤਰ੍ਹਾਂ ਦੀ ਹੀ ਭਗਤੀ ਨੇ ਸਿੱਖੀ ਪਹਿਰਾਵੇ ਵਿੱਚ ਜਨਮ ਲੈ ਲਿਆ ਹੈ। ਅਜੋਕੇ ਸੰਦਰਭ ਵਿੱਚ ਇਸ ਵਿਚਾਰ ਨੂੰ ਸਮਝਣ ਲਈ ਗੁਰੂ ਰਾਮਦਾਸ ਜੀ ਦੇ ਇੱਕ ਸ਼ਬਦ ਨੂੰ ਵਿਚਾਰ ਗੋਚਰਾ ਲਿਆ ਹੈ--ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ।।

ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ।। ੧।।

ਗਿਆਨੀ ਗੁਰ ਬਿਨੁ ਭਗਤਿ ਨ ਹੋਈ।।

ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ।। ੧।। ਰਹਾਉ।।

ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ।।

ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ।। ੨।।

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ।।

ਹਉਮੈ ਬਿਆਪਿਆ ਸਬਦੁ ਨ ਚੀਨੈੑ ਫਿਰਿ ਫਿਰਿ ਜੂਨੀ ਆਵੈ।। ੩।।

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ।।

ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ।। ੪।। ੪।।

ਸੂਹੀ ਮਹਲਾ ੪ ਪੰਨਾ ੭੩੨

ਅੱਖਰੀਂ ਅਰਥ : —ਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ (ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ। ੧। ਰਹਾਉ।

ਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ। ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿੱਚ ਭੀ ਆਤਮਕ ਆਨੰਦ ਨਹੀਂ ਮਿਲਦਾ। ੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ। ਉਸ ਦੇ ਮਨ ਵਿੱਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿੱਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ। ੨।

ਹੇ ਭਾਈ! (ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ। ਹਉਮੈ-ਅਹੰਕਾਰ ਵਿੱਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ੩।

ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਇੱਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇੱਕ ਪਰਮਾਤਮਾ ਵਿੱਚ ਹੀ ਲੀਨ ਰਹਿੰਦਾ ਹੈ। ੪। ੪।

ਵਿਚਾਰ ਚਰਚਾ ਤੇ ਵਿਹਾਰਕ ਪੱਖ-- ਉਪਰੋਕਤ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਦੋ ਵਿਚਾਰਾਂ ਦੀ ਪ੍ਰਬਲਤਾ ਨਜ਼ਰ ਆਉਂਦੀ ਹੈ। ਪਹਿਲਾ, ਗੁਰ-ਗਿਆਨ ਨੂੰ ਸਮਝਣ ਤੋਂ ਬਿਨਾ ਕੀਤੀ ਹੋਈ ਭਗਤੀ ਦਾ ਕੋਈ ਲਾਭ ਨਹੀਂ ਹੈ। ਦੂਜਾ ਗੁਰੂ ਨੂੰ ਮੰਨਦੇ ਤਾਂ ਹਾਂ ਪਰ ਕਰਦੇ ਆਪਣੀ ਮਰਜ਼ੀ ਹਾਂ ਜਿਸ ਨਾਲ ਸਹੀ ਦਿਸ਼ਾ ਤੋਂ ਭਟਕ ਰਹੇ ਹਾਂ। ਇਹ ਉਪਰਾਲਾ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੋਰੇ ਕਪੜੇ ਨੂੰ ਰੰਗਣ ਦਾ ਯਤਨ ਕਰੀਏ ਉਹ ਕਦੇ ਵੀ ਰੰਗਿਆ ਨਹੀਂ ਜਾਂਦਾ ਕਿਉਂਕਿ ਉਸ `ਤੇ ਮਾਇਆ ਦੀ ਪਾਹ ਚੜ੍ਹੀ ਹੁੰਦੀ ਹੈ। ਮੋਟੇ ਤੌਰ `ਤੇ ਸ਼ਬਦ ਗੁਰੂ ਦੇ ਗਿਆਨ ਨੂੰ ਸਮਝ ਕੇ ਉਸ ਅਨੁਸਾਰੀ ਹੋ ਕੇ ਤੁਰਨਾ ਹੀ ਅਸਲੀ ਭਗਤੀ ਹੈ, ਦੂਜਾ ਧਰਮ ਦੇ ਨਾਂ `ਤੇ ਉਹ ਕਰਮ ਕੀਤੇ ਜਾ ਰਹੇ ਹਨ ਜਿੰਨਾ ਵਿਚੋਂ ਧਰਮ ਦਾ ਤੱਤ ਖਤਮ ਹੋ ਗਿਆ ਹੋਵੇ ਅਜੇਹੇ ਫੋਕਟ ਦੇ ਕਰਮ ਦਾ ਵਿਸਥਾਰ ਬਾਕੀ ਸ਼ਬਦ ਵਿੱਚ ਆਇਆ ਹੈ। ਵਿਹਾਰਕ ਪੱਖ ਗਿਆਨੀ ਗੁਰ ਬਿਨੁ ਭਗਤਿ ਨ ਹੋਈ।। ਭਾਵ ਨੁਕਤਿਆਂ ਨੂੰ ਸਮਝਣ ਤੋਂ ਮਨੁੱਖੀ ਜ਼ਿੰਦਗੀ ਦਾ ਕੋਈ ਸੋਜ-ਸਵਾਦ ਨਹੀਂ ਰਹਿ ਜਾਂਦਾ। ਕੋਈ ਕੰਮ ਕਰਨਾ ਹੈ ਤਾਂ ਉਸ ਦੀ ਪਹਿਲਾਂ ਤਕਨੀਕ ਸਮਝਣੀ ਪਏਗੀ। ਕਿਸੇ ਵੀ ਖੇਤਰ ਵਿੱਚ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਤਕਨੀਕ ਸਮਝਣੀ ਪਏਗੀ। ਨੁਕਤੇ ਨੂੰ ਸਮਝ ਕੇ ਉਸ ਵਿੱਚ ਮੁਹਾਰਤ ਹਾਸਲ ਕਰਦਿਆਂ ਉਸ ਦੀ ਵਰਤੋਂ ਕਰਨੀ ਜਿਸ ਨਾਲ ਅਸਲ ਭਗਤੀ ਹੈ।

ਸਿੱਖੀ ਦੇ ਵਿਹੜੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿਪਰੀਤ ਕਈ ਪਰਕਾਰ ਦੇ ਮਨਘੜਤ ਕਰਮ-ਕਾਂਡਾਂ ਨੇ ਜਨਮ ਲੈ ਲਿਆ ਹੋਇਆ ਹੈ। ਇਸ ਦਾ ਮੂਲ ਕਾਰਨ ਇੱਕ ਹੀ ਨਜ਼ਰ ਆਉਂਦਾ ਹੈ ਕਿ ਬਹੁਤਾ ਸਾਧਾਂ ਦਿਆਂ ਟੋਲਿਆਂ ਨੇ ਗੁਰਬਾਣੀ ਗਿਆਨ ਸਮਝਣ ਦੀ ਉਚੇਤਤਾ ਹੀ ਨਹੀਂ ਕੀਤੀ। ਉਹਨਾਂ ਨੇ ਗੁਰਬਾਣੀ ਗਿਆਨ ਦੇ ਕੋਲ ਬੈਠ ਕੇ ਕੇਵਲ ਨਾਮ ਜਪਣ ਤੇ ਸੰਕਟ ਮੋਚਨ ਦੀ ਪ੍ਰਕਿਰਿਆ ਹੀ ਸਮਝਾਈ ਹੈ। ਇਹਨਾਂ ਨਾਮ ਧਰੀਕ ਪਰਚਾਰਕਾਂ ਵਲੋਂ ਸਿੱਖੀ ਦੇ ਵਿਹੜੇ ਵਿੱਚ ਸੇਹ ਦਾ ਤਕਲਾ ਗੱਡਦਿਆਂ ਅਜੇਹੇ ਕਰਮ ਕਰਾਏ ਹਨ ਜਿਸ ਨਾਲ ਬੌਧਿਕ ਵਿਕਾਸ ਵਿੱਚ ਵੱਡੀ ਰੁਕਾਵਟ ਖੜੀ ਹੋਈ ਹੈ। ਇਹ ਸਾਰੇ ਉਪਰਾਲੇ ਇਹਨਾਂ ਦੇ ਆਪਣੇ ਹਨ। ਲਗਦੇ ਚਾਰੇ ਇਹਨਾਂ ਦੇ ਧਿਆਨ ਵਿੱਚ ਏਹੀ ਹੁੰਦਾ ਹੈ ਕਿ ਕਿਤੇ ਸੰਗਤ ਨੂੰ ਗੁਰਬਾਣੀ ਗਿਆਨ ਦੀ ਸਮਝ ਨਾ ਆ ਜਾਏ। ਇਹਨਾਂ ਦਾ ਧਿਆਨ ਇੱਕ ਹੀ ਗੱਲ `ਤੇ ਹੁੰਦਾ ਹੈ ਕਿ ਸਾਡੀ ਦੁਕਾਨਦਾਰੀ ਚੱਲਦੀ ਰਹੇ।

ਪੁਰਾਣੇ ਸਮਿਆਂ ਵਿੱਚ ਜੁਲਾਹਾ ਜਿਹੜਾ ਕਪੜਾ ਤਿਆਰ ਕਰਦਾ ਹੁੰਦਾ ਸੀ ਉਸ ਕਪੜੇ ਨੂੰ ਮਾਇਆ ਲੱਗੀ ਹੁੰਦੀ ਸੀ। ਜੇ ਉਸ ਕਪੜਾ ਨੂੰ ਸਿਧਾ ਹੀ ਰੰਗਣ ਦਾ ਯਤਨ ਕੀਤਾ ਜਾਏ ਤਾਂ ਉਹ ਸਾਰਾ ਰੰਗ ਕਪੜੇ ਨੂੰ ਚੜ੍ਹਨ ਦੀ ਬਜਾਏ ਕਪੜੇ ਨੂੰ ਚੜ੍ਹੀ ਹੋਈ ਮਾਇਆ ਨੂੰ ਚੜ੍ਹ ਜਾਂਦਾ ਸੀ ਤੇ ਕਪੜਾ ਸੋਹਣਾ ਹੋਣ ਦੀ ਥਾਂ `ਤੇ ਡੱਬ-ਖੜੱਬਾ ਹੋ ਜਾਂਦਾ ਸੀ। ਕਪੜੇ ਨੂੰ ਰੰਗਣ ਤੋਂ ਪਹਿਲਾਂ ਸਾਬਣ-ਸੋਡੇ ਵਿੱਚ ਧੋ ਕੇ ਉਸ ਦੀ ਮਾਇਆ ਉਤਾਰੀ ਜਾਂਦੀ ਸੀ। ਫਿਰ ਉਸ ਨੂੰ ਰੰਗ ਚਾੜਿਆ ਜਾਂਦਾ ਸੀ। ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਦੁਆਰਾ ਜਿਹੜੀ ਸਾਡੇ ਮਨ ਨੂੰ ਧਾਰਮਿਕ ਕਰਮ-ਕਾਂਡਾਂ, ਸਮਾਜਿਕ ਬੁਰਾਈਆਂ ਤੇ ਆਤਮਿਕ ਵਿਕਾਰਾਂ ਦੀ ਪਾਹ ਚੜ੍ਹੀ ਹੁੰਦੀ ਹੈ ਉਹ ਆਪਣੇ ਆਪ ਨੂੰ ਗੁਰੂ ਦੇ ਸਮਰਪਣ ਕਰਨ ਨਾਲ ਉੱਤਰਦੀ ਹੈ ਫਿਰ ਗੁਰੂ ਸਾਹਿਬ ਦੇ ਗਿਆਨ ਦੀ ਸਮਝ ਆਉਂਦੀ ਹੈ। ਜਿੰਨਾ ਚਿਰ ਸਮਰਪਣ ਹੋਣ ਦੀ ਭਾਵਨਾ ਜਨਮ ਨਹੀਂ ਲੈਂਦੀ ਓਨਾ ਚਿਰ ਤੀਕ ਕਿਸੇ ਵੀ ਨੁਕਤੇ ਦੀ ਸਮਝ ਨਹੀਂ ਆ ਸਕਦੀ। ਕਪੜਾ ਆਪਣੇ ਤੋਂ ਮਾਇਆ ਦੀ ਪਾਹ ਉਤਾਰਨ ਲਈ ਆਪ ਪਾਣੀ ਵਿੱਚ ਡੁੱਬਣ ਲਈ ਤਿਆਰ ਹੁੰਦਾ ਹੈ। ਜੇ ਕਪੜਾ ਹੀ ਆਕੜ ਜਾਏ ਕਿ ਪਾਣੀ ਵਿੱਚ ਭਿੱਜਣਾ ਨਹੀਂ ਹੈ ਤਾਂ ਫਿਰ ਮਾਇਆ ਦੀ ਪਾਹ ਕਿਵੇਂ ਲੱਥੇਗੀ।

ਰਹਾਉ ਦੀਆਂ ਤੁਕਾਂ ਵਿੱਚ ਇਹ ਗੱਲ ਸਮਝਾਈ ਗਈ ਹੈ ਕਿ ਗੁਰ-ਗਿਆਨ ਤੋਂ ਬਿਨਾ ਹੋਰ ਜਿਹੜੇ ਧਰਮ ਦੇ ਨਾਂ `ਤੇ ਕਰਮ ਕੀਤੇ ਜਾ ਰਹੇ ਹਨ ਉਹ ਸਾਰੇ ਵਿਅਰਥ ਦੇ ਕਰਮ ਹਨ। ਫਰਮਾਣ ਹੈ- "ਗਿਆਨੀ ਗੁਰ ਬਿਨੁ ਭਗਤਿ ਨ ਹੋਈ" ਰਾਤ ਨੂੰ ਮਿੱਟੀ ਦੇ ਤੇਲ ਵਾਲੇ ਦੀਵੇ ਨਾਲ ਜਦੋਂ ਪੜ੍ਹਿਆ ਜਾਂਦਾ ਸੀ ਤਾਂ ਓਦੋਂ ਮਾਤਾਵਾਂ ਇਹ ਆਖਣਾ ਕਦੇ ਵੀ ਨਹੀਂ ਭੁੱਲਦੀਆਂ ਸਨ ਕਿ ਬੱਚਿਆਂ ਦੀ ਕਿੰਨੀ ਵੱਡੀ ਭਗਤੀ ਹੈ। ਮਨ ਮਾਰ ਕੇ ਪੜ੍ਹਾਈ ਕਰਨ ਨੂੰ ਭਗਤੀ ਕਿਹਾ ਜਾਂਦਾ ਸੀ। ਜੇ ਕੋਈ ਬੱਚਾ ਡਾਕਟਰਾਂ ਵਾਲਾ ਕੋਟ ਪਹਿਨ ਕੇ ਇਹ ਕਹੇ ਮੈਂ ਮਰੀਜ਼ ਦਾ ਅਪ੍ਰੇਸ਼ਨ ਕਰ ਆਵਾਂ, ਫਿਰ ਜੋ ਮਰੀਜ਼ ਦਾ ਹਾਲ ਹੋਏਗਾ ਉਹ ਮਰੀਜ਼ ਜਾਂ ਮਰੀਜ਼ ਦੇ ਪਰਵਾਰ ਵਾਲੇ ਹੀ ਜਾਨਣਗੇ। ਇਸ ਦਾ ਅਰਥ ਹੈ ਕਿ ਇੱਕ ਮੁਕੰਮਲ ਡਾਕਟਰ ਬਣਨ ਲਈ ਸਾਲਾਂ ਬੱਧੀ ਘਾਲਣਾ ਘਾਲਣੀ ਪੈਂਦੀ ਹੈ ਤੇ ਫਿਰ ਏਸੇ ਘਾਲਣਾ ਨੂੰ ਹੀ ਅਸਲ ਭਗਤੀ ਕਿਹਾ ਜਾਂਦਾ ਹੈ। ਆਪਣੇ ਕੰਮ ਪ੍ਰਤੀ ਸਮਰਪਣ ਹੋਣ ਤੋਂ ਬਿਨਾਂ ਕੋਈ ਵੀ ਘਾਲਣਾ ਥਾਏ ਨਹੀਂ ਪੈਂਦੀ। ਅਜੇਹੀ ਘਾਲਣਾ ਘਾਲ ਕੇ ਹੀ ਉਸ ਨੂੰ ਡਾਕਟਰੀ ਦਾ ਰੰਗ ਚੜ੍ਹਦਾ ਹੈ। ਉਂਝ ਝੋਲ਼ਾ ਛਾਪ ਤਾਂ ਅਨੇਕਾਂ ਡਾਕਟਰ ਤੁਰੇ ਫਿਰਦੇ ਹਨ। ਇਸ ਦਾ ਭਾਵ ਅਰਥ ਹੈ ਸਮਰਪਤ ਭਾਵਨਾ ਨਾਲ ਸਹੀ ਗਿਆਨ ਦਾ ਗੁਰ ਸਮਝ ਕੇ ਸਾਲਾਂ ਬੱਧੀ ਅਭਿਆਸ ਦਾ ਨਾਂ ਭਗਤੀ ਹੈ। ਲਗਨ ਨਾਲ ਕੰਮ ਕਰਨ ਦਾ ਨਾਂ ਭਗਤੀ ਹੈ।

ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਉਸਤਾਦ ਤੋਂ ਬਿਨਾਂ ਤਕਨੀਕ ਦੀ ਜਾਣਕਾਰੀ ਨਹੀਂ ਆ ਸਕਦੀ। ਉਸਤਾਦਾਂ ਦੀ ਤਕਨੀਕ ਕਰਕੇ ਹੀ ਕੁੱਝ ਮਿਣਤੀ ਦੇ ਤੇਲ ਨਾਲ ਮੀਲਾਂ ਦਾ ਪੈਂਡਾ ਤਹਿ ਕੀਤਾ ਜਾ ਸਕਦਾ ਹੈ। ਦੇਸੀ ਜੁਗਾੜ ਤੇਲ ਦੀ ਖੱਪਤ ਵੱਧ ਕਰਦਾ ਹੈ। "ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ"। ਕੋਈ ਖਿਡਾਰੀ ਆਪਣੇ ਆਪ ਜਿੰਨਾ ਮਰਜ਼ੀ ਵਧੀਆ ਖੇਡ ਲਏ ਪਰ ਉਸ ਨੂੰ ਉਸਤਾਦਾਂ ਦੇ ਅਨੁਸਾਰ ਸਾਲਾਂ ਬੱਧੀ ਭਗਤੀ ਕਰਨੀ ਪੈਣੀ ਹੈ। ਕਈ ਵਾਰੀ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਫਲਾਣੀ ਖੇਡ ਖੇਡਣ ਵਾਲੇ ਖਿਡਾਰੀ ਨੂੰ ਅਮਰੀਕਾ ਭੇਜਿਆ ਜਾ ਰਿਹਾ ਹੈ। ਕਿਉਂ ਕਿ ਸਾਡੇ ਮੁਲਕ ਵਿੱਚ ਅਜੇ ਬਾਹਰਲੇ ਮੁਲਕਾਂ ਵਾਲੀ ਤਕਨੀਕ ਖਿਡਾਰੀਆਂ ਨੂੰ ਨਹੀਂ ਦਿੱਤੀ ਜਾ ਰਹੀ। ਖਿਡਾਰੀ ਨੂੰ ਹੋਰ ਡੂੰਘੇ ਗੁਰ ਸਿੱਖਣ ਲਈ ਹੋਰ ਸੂਝਵਾਨ ਉਸਤਾਦ ਦੀ ਲੋੜ ਹੁੰਦੀ ਹੈ। ਇਸ ਦਾ ਅਰਥ ਹੈ ਕਿ ਭਗਤੀ ਓਸੇ ਆਦਮੀ ਦੀ ਹੀ ਸਫਲ ਹੁੰਦੀ ਹੈ ਜਿਹੜਾ ਉਸਤਾਦਾਂ ਦੀ ਦੱਸੀ ਹੋਈ ਤਕਨੀਕ ਨੂੰ ਵਰਤ ਕੇ ਅਭਿਆਸ ਕਰਦਾ ਹੈ। ਗੁਰੂ ਗਿਆਨ ਦੀ ਤਕਨੀਕ ਦੀ ਜਿਸ ਨੂੰ ਸਮਝ ਆ ਜਾਂਦੀ ਹੈ ਉਹ ਮੁੜ ਕਬਰਾਂ `ਤੇ ਦੀਵੇ ਨਹੀਂ ਜਗਾਏਗਾ।

ਮੈਂ ਅਮਰੀਕਾ ਕਨੇਡਾ ਵਰਗੇ ਮੁਲਕਾਂ ਨੂੰ ਦੇਖਿਆ ਹੈ ਕਿ ਜੇ ਕਿਸੇ ਨੇ ਵਿਆਕਤੀ ਨੇ ਕੋਈ ਛੋਟਾ ਜੇਹਾ ਕੰਮ ਵੀ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਉਸ ਨੂੰ ਟ੍ਰੇਨਿੰਗ ਲੈਣੀ ਪੈਂਦੀ ਹੈ। ਭਾਈ ਵਰਿੰਦਰ ਸਿੰਘ ਗੋਲਡੀ ਹੁਰਾਂ ਸੈਵਨ ਅਲੈਵਨ ਸਟੋਰ ਲੈਣਾ ਸੀ ਉਹਨਾਂ ਨੂੰ ਸੈਵਨ ਅਲੈਵਨ ਸਟੋਰ ਚਲਾਉਣ ਲਈ ਪੂਰਾ ਕੋਰਸ ਕਰਨ ਲਈ ਵੱਖ ਵੱਖ ਸ਼ਹਿਰਾਂ ਵਿੱਚ ਜਾਣਾ ਪਿਆ ਤਾਂ ਜਾ ਕੇ ਕਿਤੇ ਉਹਨਾਂ ਨੂੰ ਇਹ ਸਟੋਰ ਚਲਾਉਣ ਦੀ ਆਗਿਆ ਹੋਈ ਸੀ।

ਗੁਰੂ ਸਾਹਿਬ ਜੀ ਸਾਡਾ ਮਾਰਗ ਦਰਸ਼ਨ ਕਰਦੇ ਹੋਏ ਫਰਮਾਉਂਦੇ ਹਨ ਕਿ ਗੁਰੂ ਗਿਆਨ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਚਲਣਾ ਹੀ ਰੱਬੀ ਭਗਤੀ ਹੈ। ਪਰ ਦੇਖਿਆ ਜਾ ਰਿਹਾ ਹੈ ਕਿ ਹਰ ਕੋਈ ਆਪੋ ਆਪਣੀ ਮਤ ਅਨੁਸਾਰ ਵੱਖਰੀ ਵੱਖਰੀ ਸ਼ੈਲੀ ਸਿੱਖੀ ਵਿੱਚ ਠੋਕੀ ਜਾ ਰਿਹਾ ਹੈ। ਕੁੱਝ ਲੋਕਾਂ ਨੇ ਕੁੱਝ ਥਾਂਵਾਂ ਨੂੰ ਹੀ ਭਗਤੀ ਦਾ ਘਰ ਆਖਣਾ ਸ਼ੁਰੂ ਕਰ ਦਿੱਤਾ ਹੈ। ਵਿਹਲੜ ਮਨੁੱਖਾਂ ਦਾ ਚੌਂਕੜਾ ਮਾਰ ਕੇ ਵਿਹਲੇ ਬਹਿ ਰਹਿਣ ਨੂੰ ਭਗਤੀ ਨਹੀਂ ਆਖਿਆ ਜਾ ਸਕਦਾ।

ਉਪਰੋਕਤ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਉਸਤਾਦ ਦੀ ਤਕਨੀਕ ਤੋਂ ਬਿਨਾ ਚੰਗੇ ਜੀਵਨ ਦੀ ਉਸਾਰੀ ਸੰਭਵ ਨਹੀਂ ਹੁੰਦੀ। ਮੋਟੇ ਤੌਰ `ਤੇ ਇੱਕ ਤਾਂ ਗੁਰੂ ਦੇ ਗਿਆਨ ਨੂੰ ਸਮਝ ਕੇ ਉਸ ਅਨੁਸਾਰੀ ਹੋ ਕੇ ਤੁਰਨਾ ਹੀ ਅਸਲੀ ਭਗਤੀ ਹੈ, ਦੂਜਾ ਧਰਮ ਦੇ ਨਾਂ `ਤੇ ਆਪਣੀ ਮਰਜ਼ੀ ਨਾਲ ਜੋ ਕਰਮ ਕਰ ਰਹੇ ਹਾਂ ਉਹ ਸਿੱਧੇ ਅੰਧਵਿਸ਼ਵਾਸ ਨੂੰ ਹੀ ਜਨਮ ਦੇਂਦੇ ਹਨ। ਗੁਰ-ਗਿਆਨ ਨੂੰ ਛੱਡ ਕੇ ਅਸੀਂ ਜਿਹੜੇ ਜਿਹੜੇ ਕਰਮ ਕਰ ਰਹੇ ਹਾਂ ਉਹਨਾਂ ਦਾ ਵਿਸਥਾਰ ਬਾਕੀ ਸ਼ਬਦ ਵਿੱਚ ਆਇਆ ਹੈ।

ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਚਲ ਰਹੇ ਪਾਖੰਡ ਪ੍ਰਤੀ ਜਾਗਰੁਕ ਕੀਤਾ ਹੈ।

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ।।

ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ।। ੧।।

ਬੰਦਾ ਨਾਮ ਤਾਂ ਨਿੱਤ ਜੱਪੀ ਜਾ ਰਿਹਾ ਹੈ ਪਰ ਉਸ ਦਾ ਹਿਰਦਾ ਸ਼ੁਧ ਨਹੀਂ ਹੈ। ਨਾਮ ਜਪਣ ਲਈ ਹਿਰਦੇ ਦਾ ਸ਼ੁੱਧ ਹੋਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਇਹ ਸ਼ੁਧਤਾ ਤਾਂ ਹੀ ਆ ਸਕਦੀ ਹੈ ਜੇ ਬੰਦਾ ਸ਼ਬਦ ਗਿਆਨ ਨੂੰ ਸਮਝਦਾ ਹੈ। ਸ਼ਬਦ ਦੀ ਵਿਚਾਰ ਆਪਣੇ ਆਪ ਦੀ ਖੋਜ ਕਰਨ ਨੂੰ ਆਖਦੀ ਹੈ ਗੁਰਬਾਣੀ ਵਾਕ ਹੈ-

ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ।।

ਇਹ ਜੁ ਦੁਨੀਆ ਸਿਹਰੁ ਮੇਲਾ, ਦਸਤਗੀਰੀ ਨਾਹਿ।। ੧।।

ਰਾਗ ਤਿਲੰਗ ਬਾਣੀ ਕਬੀਰ ਜੀ ਕੀ ਪੰਨਾ ੭੨੭

ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿੱਚ ਨਾਹ ਭਟਕ। ਇਹ ਜਗਤ ਇੱਕ ਜਾਦੂ ਜਿਹਾ ਹੈ, ਇੱਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ੧।

ਧਰਮ ਦੇ ਨਾਂ `ਤੇ ਜਿੰਨੇ ਵੀ ਕਰਮ ਕਰ ਰਿਹਾ ਹੈ ਉਸ ਨਾਲ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਣਾ। ਉਪਰ ਇੱਕ ੳਦਾਹਰਣ ਦਿੱਤੀ ਹੈ ਕਿ ਇੱਕ ਖਿਡਾਰੀ ਉਸਤਾਦ ਪਾਸੋਂ ਖੇਡ ਦੀ ਤਕਨੀਕ ਸਮਝ ਕੇ ਸਾਲਾਂ ਬੱਧੀ ਅਭਿਆਸ ਕਰਦਾ ਹੈ ਤੇ ਇਸ ਅਭਿਆਸ ਦਾ ਨਾਂ ਹੀ ਭਗਤੀ ਹੈ। ਹੁਣ ਖਿਡਾਰੀ ਹਰ ਰੋਜ਼ ਖੇਡ ਦੇ ਮੈਦਾਨ ਵਿੱਚ ਜਾ ਕੇ ਆਪਣੇ ਆਪ ਹੀ ਬੇ ਥਵਾ ਜ਼ੋਰ ਲਗਾਈ ਜਾਏ ਪਰ ਅਜੇਹਾ ਅਭਿਆਸ ਉਸ ਨੂੰ ਕਿਸੇ ਤਣ ਪੱਤਰ ਨਹੀਂ ਲੱਗਾਏਗਾ। ਕਿਉਂਕਿ ਉਸਤਾਦਾਂ ਦੀ ਤਕਨੀਕ ਤੋਂ ਸੱਖਣਾ ਹੈ। ਜੇ ਖਿਡਾਰੀ ਨੇ ਮਨ ਵਿੱਚ ਮਲੀਨ ਭਾਵ ਘਟੀਆ ਭਾਵਨਾ ਵੀ ਰੱਖੀ ਹੋਈ ਹੈ, ਕਿ ਦੂਜਾ ਖਿਡਾਰੀ ਮੇਰੇ ਤੋਂ ਅੱਗੇ ਨਾ ਆ ਜਾਵੇ ਤੇ ਮੌਕਾ ਮਿਲਣ `ਤੇ ਉਸ ਦਾ ਕੋਈ ਜਿਸਮਾਨੀ ਨੁਕਸਾਨ ਕਰਨ ਦੀ ਮਲੀਨ ਭਾਵਨਾ ਰੱਖਦਾ ਹੋਵੇ ਅਜੇਹਾ ਖਿਡਾਰੀ ਕਦੇ ਵੀ ਤਰੱਕੀ ਨਹੀਂ ਕਰ ਸਕਦਾ।

ਗੁਰੂ ਦੇ ਗਿਆਨ ਵਿੱਚ ਤੁਰਨਾ ਹੀ ਭਗਤੀ ਹੈ। ਸਿੱਖੀ ਦੇ ਵਿਹੜੇ ਵਿੱਚ ਸ਼ਬਦ ਦੀਆਂ ਵਿਚਾਰਾਂ ਨੂੰ ਛੱਡ ਕੇ ਨਿਰਾ ਨਾਮ ਹੀ ਜਪਿਆ ਜਾ ਰਿਹਾ ਹੈ ਪਰ ਮਨ ਵਿੱਚ ਕਈ ਪ੍ਰਕਾਰ ਦੀ ਖੋਟ ਵੀ ਪਾਲ਼ੀ ਹੋਈ ਹੈ। ਅਜੇਹੇ ਬੰਦੇ ਜਿਉਂਦੇ ਜੀ ਕਦੇ ਸੁਖ ਨਹੀਂ ਪ੍ਰਾਪਤ ਕਰ ਸਕਦੇ। ਇਹਨਾਂ ਤੁਕਾਂ ਵਿੱਚ ਆਪਣੀ ਮਤ ਅਨੁਸਾਰ ਜਾਂ ਆਪਣੇ ਡੇਰੇ ਦੀ ਸਿੱਖਿਆ ਅਨੁਸਾਰ ਉੱਚੀ ਉੱਚੀ ਨਾਮ ਤਾਂ ਜੱਪਦਾ ਹੈ ਮਿੱਥੇ ਹੋਏ ਧਰਮ ਦੇ ਕਰਮ ਵੀ ਕਰਦਾ ਹੈ ਪਰ ਕਿਰਤ ਵਿਹਾਰ ਵਿੱਚ ਖੋਟ ਭਰੀ ਹੋਈ ਹੈ। ਕੀ ਅਜੇਹੇ ਮਨੁੱਖ ਨੂੰ ਸਚਿਆਰ ਮਨੁੱਖ ਕਿਹਾ ਜਾ ਸਕਦਾ ਹੈ? ਚਲੋ ਕੋਈ ਗੱਲ ਨਹੀਂ ਬੰਦਾ ਨਾਮ ਜਪਦਾ ਹੈ ਇਹ ਉਸ ਦੇ ਜੀਵਨ ਦੀ ਸ਼ੈਲੀ ਹੈ ਪਰ ਦੁਖਾਂਤ ਓਦੋਂ ਸ਼ੁਰੂ ਹੁੰਦਾ ਹੈ ਜਦੋਂ ਦੂਜੇ ਨੂੰ ਮਜ਼ਬੂਰ ਕਰਦਾ ਹੈ ਕਿ ਜੇ ਤੂੰ ਨਾਮ ਨਾ ਜੱਪਿਆ ਤਾਂ ਸਿੱਧਾ ਨਰਕਾਂ ਵਿੱਚ ਹੀ ਜਾਏਂਗਾ। ਭਾਵ ਜਿਸ ਤਰ੍ਹਾਂ ਮੈਂ ਧਰਮ ਦੇ ਕਰਮ ਕਰ ਰਿਹਾ ਹਾਂ ਤੂੰ ਵੀ ਹੁਣ ਓਸੇ ਤਰ੍ਹਾਂ ਹੀ ਕਰਿਆ ਕਰ। ਕੀ ਅਜੇਹੇ ਜੱਪੇ ਹੋਏ ਨਾਮ ਦਾ ਕੋਈ ਲਾਭ ਹੋ ਸਕਦਾ ਹੈ? ਨਾਮ ਜਪਣ ਦਾ ਖੇਤਰ ਬਹੁਤ ਵਿਸ਼ਾਲ ਹੈ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਧਰਮ ਦੇ ਸਾਰੇ ਕਰਮ ਕਰ ਰਹੀਆਂ ਹਨ ਪਰ ਕੋਟ ਕਚਹਿਰੀਆਂ ਵਿੱਚ ਵੀ ਇਹੀ ਤੁਰੇ ਫਿਰਦੇ ਹਨ ਕੀ ਇਹਨਾਂ ਵਲੋਂ ਜੱਪਿਆ ਹੋਇਆ ਨਾਮ ਜਾਂ ਮਨਾਇਆ ਗਿਆ ਪੁਰਬ ਕੋਈ ਤਬਦੀਲੀ ਲਿਆਏਗਾ? ਗੁਰਬਾਣੀ ਨੇ ਫੈਸਲਾ ਦਿੱਤਾ ਹੈ ਕਿ ਬੰਦਿਆ ਇੱਕ ਪਾਸੇ ਧਰਮ ਦਾ ਕਰਮ ਵੀ ਕਰ ਰਿਹਾ ਏਂ ਦੂਜੇ ਪਾਸੇ ਤੇਰਾ ਮਨ ਵੀ ਸਾਫ਼ ਨਹੀਂ ਹੈ ਏਸੇ ਲਈ ਤੂੰ ਅੰਦਰੋਂ ਦੁੱਖੀ ਹੈਂ।

ਸ਼ਬਦ ਦੇ ਦੂਜੇ ਬੰਦ ਵਿੱਚ ਪ੍ਰਚੱਲਤ ਰੀਤੀਆਂ ਨੂੰ ਨਿਕਾਰਿਆ ਗਿਆ ਹੈ। ਗਰ-ਸ਼ਬਦ ਦੀ ਵਿਚਾਰ ਤੋਂ ਖੁੰਝਿਆ ਹੋਇਆ ਮਨੁਖ ਪੁਜਾਰੀਆਂ ਵਲੋਂ ਸੁਝਾਏ ਹੋਏ ਕਰਮ ਕਰਨ ਨੂੰ ਤਰਜੀਹ ਦੇਂਦਾ ਹੈ। ਭਾਂਵੇ ਕਈ ਕਰਮ ਸਿੱਧੇ ਰੂਪ ਵਿੱਚ ਤਾਂ ਅਸੀਂ ਨਹੀਂ ਕਰ ਰਹੇ ਪਰ ਉਹਨਾਂ ਦਾ ਕੋਈ ਨਾ ਕੋਈ ਪੱਖ ਜ਼ਰੂਰ ਸਾਡੇ ਸਾਹਮਣੇ ਆਉਂਦਾ ਹੈ।

ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ।।

ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ।। ੨।।

ਪਹਿਲੀ ਤੁਕ ਵਿੱਚ ਜਪੁ, ਤਪੁ, ਸੰਜਮ, ਵਰਤ ਤੇ ਪੂਜਾ ਨੂੰ ਰੱਦ ਕੀਤਾ ਹੋਇਆ ਹੈ। ਇਹ ਪੰਜੇ ਕਰਮ ਕਰਨ ਵਾਲੇ ਦਾ ਮਨ ਹੰਕਾਰ ਨਾਲ ਭਰ ਗਿਆ ਹੈ ਕਿ ਮੈਂ ਇਹ ਧਰਮ ਦੇ ਕਰਮ ਕਰ ਰਿਹਾਂ ਹਾਂ। ਇਹ ਨੇਮ ਨਿਭਾਹੁੰਣ ਕਰਕੇ ਹੀ ਅੰਤਰ ਆਤਮੇ `ਤੇ ਹੰਕਾਰ ਨਾਲ ਭਰਿਆ ਹੋਇਆ ਹੈ।

ਇਹਨਾਂ ਤੁਕਾਂ ਵਿੱਚ ਦੂਜੇ ਪਿਆਰ ਦੀ ਗੱਲ ਕੀਤੀ ਗਈ ਹੈ। ਦੂਜਾ ਪਿਆਰ ਦਾ ਭਾਵ ਹੈ ਆਪਣੇ ਮਰਜ਼ੀ ਨਾਲ ਕਰਮ ਕਾਂਡ ਨਿਭਾਉਣਾ। ਕਈ ਵਾਰੀ ਦਫਤਰਾਂ ਵਿੱਚ ਕੰਮ ਕਰਨ ਵਾਲੇ ਆਪਣੇ ਕੰਮ ਵਲ ਧਿਆਨ ਘੱਟ ਦੇਂਦੇ ਹਨ ਪਰ ਚੁਗਲ਼ੀ ਆਦਿ ਕਰਕੇ ਤਰੱਕੀਆਂ ਵੀ ਲੈ ਜਾਂਦੇ ਹਨ। ਅਜੇਹੇ ਲੋਕ ਭਾਂਵੇ ਤਰੱਕੀਆਂ ਵੀ ਲੈਣ ਪਰ ਜੀਵਨ ਵਿਚੋਂ ਸੱਖਣੇ ਹਨ। ਆਪਣੇ ਅੰਤਰ ਆਤਮੇ `ਤੇ ਖੁਆਰੀ ਹੀ ਭੋਗਦੇ ਹਨ। ਦੂਜੈ ਭਾਇ ਦਾ ਅਰਥ ਹੈ ਕਿ ਆਪਣਾ ਅਸਲੀ ਕੰਮ ਛੱਡ ਕੇ ਵਿਆਰਥ ਦੇ ਕੰਮਾਂ ਵਿੱਚ ਆਪਣੇ ਆਪ ਨੂੰ ਉਲਝਾਈ ਰੱਖਣਾ ਹੈ।

ਥੋੜਾ ਜੇਹਾ ਵਿਸਥਾਰ ਵਿੱਚ ਜਾਈਏ ਤਾਂ ਸਾਡੇ ਗੁਰਦੁਆਰਿਆਂ ਦਾ ਪੂਰਾ ਪੂਰਾ ਹਿਸਾਬ ਸਨਾਤਨੀ ਮਤ ਵਾਲਾ ਹੋ ਗਿਆ ਹੈ। ਦੁਪਹਿਰੇ, ਚੁਪਹਿਰੇ, ਮਾਘ ਦੇ ਮਹੀਨੇ ਵਿੱਚ ਚਾਲੀ ਦਿਨਾਂ ਦਾ ਜਾਪ ਕਰਨਾ, ਦਰਿਆਵਾਂ-ਸਰੋਵਰਾਂ `ਤੇ ਇਸ਼ਨਾਨ ਕਰਨਾ, ਗਿਣਤੀਆਂ ਮਿਣਤੀਆਂ ਦੇ ਪਾਠ ਕਰਨਾ ਆਦ ਹੁਣ ਕਰਮਕਾਂਡਾਂ ਦਾ ਹੀ ਰੂਪ ਧਾਰਨ ਕਰ ਚੁੱਕੇ ਹਨ।

ਕਈ ਤਾਂ ਸੰਜਮ ਦੇ ਨਾਂ `ਤੇ ਏਨ੍ਹਾ ਹੰਕਾਰ ਚੁੱਕੀ ਬੈਠੇ ਹਨ ਕਿ ਉਹ ਸਵੇਰੇ ਗੁਰਦੁਆਰੇ ਆ ਕੇ ਜੋੜੇ ਘਰ ਦੇ ਬਾਹਰ ਖੜੇ ਹੋ ਜਾਂਦੇ ਹਨ। ਉਹ ਕੇਵਲ ਪੈਰ ਧਵਾਉਣ ਨੂੰ ਤੇ ਜੁਰਾਬਾਂ ਉਤਰਉਣ ਦੀ ਹੀ ਵੱਡੀ ਸੇਵਾ ਨਿਭਾਅ ਰਹੇ ਦਿਖਾਈ ਦੇਣਗੇ। ਸੰਜਮ ਏਨਾ ਵਰਤਦੇ ਹਨ ਕਿ ਦੂਜੇ ਬੰਦੇ ਨੂੰ ਆਪਣੇ ਨਾਲੋਂ ਛੋਟਾ ਸਮਝਦਿਆਂ ਹੋਇਆਂ ਆਪਣੇ ਪਰਨੇ ਨਾਲ ਹੱਥ ਲੁਕਾ ਕਿ ਫਿਰ ਫਤਹ ਬਲਾਉਣਗੇ ਜਾਂ ਹੱਥ ਮਿਲਾਉਣਗੇ।

ਮੂਰਤੀਆਂ ਦੀ ਪੂਜਾ ਫੁੱਲਾਂ ਨਾਲ ਕੀਤੀ ਜਾਂਦੀ ਹੈ ਅੱਜ ਓਸੇ ਹੀ ਤਰਜ਼ `ਤੇ ਅਸੀਂ ਸ਼ਬਦ ਵਿਚਾਰ ਦੀ ਥਾਂ `ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮੂਰਤੀ ਵਾਂਗ ਪੂਜ ਰਹੇ ਹਾਂ ਜੋ ਪੰਥ ਦੇ ਵਿਹੜੇ ਵਿੱਚ ਵਿਚਾਰਨ ਵਾਲਾ ਸਵਾਲ ਹੈ।

ਕਈ ਗੁਰਦੁਆਰਿਆਂ ਵਿੱਚ ਜੋਗਮਤ ਦੀਆਂ ਕਲਾਸਾਂ ਵੀ ਸ਼ੁਰੂ ਹੋ ਗਈਆਂ ਹਨ ਜੋ ਨਿਹਾਇਤ ਚਿੰਤਾ ਜਨਕ ਵਿਸ਼ਾ ਹੈ। ਪੰਜਾਬੀ ਸ਼ਬਦਾਂ ਦੀ ਵਰਤੋਂ ਦਾ ਗਿਆਨ ਵੀ ਸਾਡਾ ਅਧੂਰਾ ਹੁੰਦਾ ਜਾ ਰਿਹਾ ਹੈ। ਇਹ ਨਹੀਂ ਕਹਿੰਦੇ ਕਿ ਸੁਖਮਨੀ ਦਾ ਪਾਠ ਹੋਇਆ ਹੈ ਸਗੋਂ ਇਹ ਆਖਦੇ ਹਾਂ ਕਿ ਸੁਖਮਨੀ ਦਾ ਜਾਪ ਹੋਇਆ ਹੈ। ਅਖੰਡਪਾਠ ਦਾ ਜਾਪ ਹੋਇਆ ਹੈ। ਆਸਾ ਕੀ ਵਾਰ ਦੇ ਜਾਪ ਹੋਏ ਹਨ।

ਇਹ ਤੇ ਏਦਾਂ ਦੀ ਕਹਾਣੀ ਹੈ ਕਿ ਬਿਮਾਰ ਬੰਦੇ ਨੂੰ ਦਵਾਈ ਲਿਆ ਕੇ ਦਿੱਤੀ ਹੋਈ ਹੈ ਪਰ ਉਹ ਦਵਾਈ ਖਾਂਦਾ ਨਹੀਂ ਹੈ ਸਗੋਂ ਸਾਰਾ ਪਰਵਾਰ ਦਵਾਈ ਤੇ ਮਰੀਜ਼ ਦੀ ਧੂਪ ਬੱਤੀ ਨਾਲ ਪੂਜਾ ਕਰ ਰਿਹਾ ਹੈ ਕੀ ਏਦਾਂ ਕਰਨ ਨਾਲ ਮਰੀਜ਼ ਠੀਕ ਹੋ ਜਾਏਗਾ? ਅੱਜ ਸਾਡੀ ਕੌਮ ਦਾ ਵੀ ਏਹੀ ਹਾਲ ਹੋਇਆ ਹੈ।

ਸ਼ਬਦ ਦੇ ਤੀਜੇ ਬੰਦ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਸ਼ਬਦ ਵਿਚਾਰ ਤੋਂ ਖੁੰਝਿਆ ਹੋਇਆ ਮਨੁੱਖ ਜਿੱਥੇ ਵਿਖਾਵੇ ਦੇ ਹਰਿ-ਹਰਿ ਕਰਦਾ ਹੈ, ਜਪ, ਤਪ, ਸੰਜਮ, ਵਰਤ ਤੇ ਪੂਜਾ ਕਰਦਾ ਹੈ ਓੱਥੇ ਇੱਕ ਹੋਰ ਕਿਸਮ ਦਾ ਬੰਦਾ ਵੀ ਰਹਿੰਦਾ ਹੈ ਜਿਹੜਾ ਨਿਰੇ ਬਾਹਰਲੇ ਲਿਬਾਸ ਨੂੰ ਹੀ ਧਰਮੀ ਹੋਣ ਦਾ ਭਰਮ ਪਾਲ਼ੀ ਬੈਠਾ ਹੈ—

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ।।

ਹਉਮੈ ਬਿਆਪਿਆ ਸਬਦੁ ਨ ਚੀਨੈੑ ਫਿਰਿ ਫਿਰਿ ਜੂਨੀ ਆਵੈ।।

ਸਿੱਖੀ ਵਿੱਚ ਕਛਹਿਰੇ ਤੇ ਦਸਤਾਰ ਦੀ ਬੰਦਸ਼ ਹੈ ਪਰ ਬਾਕੀ ਪਹਿਰਾਵੇ `ਤੇ ਕੋਈ ਬੰਦਸ਼ ਨਹੀਂ ਹੈ। ਇਹ ਜ਼ਰੂਰੀ ਹੈ ਲਿਬਾਸ ਸਾਦਾ ਹੋਣਾ ਚਾਹੀਦਾ ਹੈ। ਭਾਰਤ ਦੇ ਸਭਿਆਚਾਰ ਵਿੱਚ ਅਸੀਂ ਧਰਮੀ ਹੋਣ ਦਾ ਇੱਕ ਵੱਡਾ ਭਰਮ ਪਾਲ਼ ਲਿਆ ਹੈ ਕਿ ਕਿ ਸ਼ਾਇਦ ਖਾਸ ਕਿਸਮ ਦਾ ਲਿਬਾਸ ਪਹਿਨਣ ਨਾਲ ਅਸੀਂ ਧਰਮੀ ਬਣ ਜਾਂਵਾਂਗੇ। ਇਹਨਾਂ ਤੁਕਾਂ ਵਿੱਚ ਚਾਰ ਨੁਕਤਿਆਂ ਦੀ ਵਿਚਾਰ ਕੀਤੀ ਗਈ ਹੈ। ਪਹਿਲਾ ਅਜੇਹਾ ਲਿਬਾਸ ਜੋ ਬਾਹਰੋਂ ਧਰਮੀ ਹੋਣ ਦਾ ਭਰਮ ਪਉਂਦਾ ਹੈ। ਦੂਜਾ ਲਿਬਾਸ ਤਾਂ ਜ਼ਰੂਰ ਪਹਿਨਿਆ ਹੋਇਆ ਹੈ ਪਰ ਮਨ ਅੰਦਰੋਂ ਧਰਮੀ ਨਹੀਂ ਹੈ। ਤੀਜਾ ਹੰਕਾਰੀ ਬਿਰਤੀ ਦਾ ਰੁਖ ਰੱਖਦਾ ਹੈ ਇਸ ਲਈ ਸ਼ਬਦ ਦੀ ਵਿਚਾਰ ਸੁਣਨ ਲਈ ਤਿਆਰ ਨਹੀਂ ਹੈ। ਚੌਥਾ ਇਹ ਤਿੰਨਾਂ ਸਮਸਿਆਵਾਂ ਵਿੱਚ ਉਲ਼ਝਿਆ ਹੋਇਆ ਸੁਭਾਅ ਕਰਕੇ ਮਾਨਸਿਕ ਤੌਰ `ਤੇ ਮੁੜ ਮੁੜ ਕਈ ਪਰਕਾਰ ਦੀਆਂ ਜੂਨਾਂ ਭੋਗ ਰਿਹਾ ਹੈ।

ਲਿਬਾਸ ਤੋਂ ਪਹਿਚਾਨਿਆਂ ਜਾਂਦਾ ਹੈ ਕਿ ਇਹ ਪੁਲੀਸ ਦਾ ਸਿਪਾਹੀ ਹੈ ਜਾਂ ਭਾਰਤੀ ਫੌਜ ਦਾ ਸਿਪਾਹੀ ਹੈ। ਡਾਕਟਰ ਅਪ੍ਰੇਸ਼ਨ ਕਮਰੇ ਵਿੱਚ ਉਚੇਚੇ ਤੋਰ `ਤੇ ਹਰੇ ਰੰਗ ਦਾ ਕੋਟ ਪਉਂਦੇ ਹਨ। ਵਕੀਲ ਜੱਜ ਦੇ ਸਾਹਮਣੇ ਜਦੋਂ ਪੇਸ਼ ਹੁੰਦਾ ਹੈ ਤਾਂ ਉਸ ਲਈ ਕਾਲ਼ਾ ਕੋਟ ਜ਼ਰੂਰੀ ਹੁੰਦਾ ਹੈ। ਹੁਣ ਬੰਦੇ ਨੂੰ ਵਕਾਲਤ ਤਾਂ ਆਉਂਦੀ ਨਹੀਂ ਹੈ ਪਰ ਕਾਲਾ ਕੋਟ ਪਹਿਨ ਕੇ ਅਦਾਲਤ ਵਿੱਚ ਚਲਿਆ ਜਾਏ ਕੀ ਉਸ ਨੂੰ ਬਹਿਸ ਕਰਨ ਦੀ ਆਗਿਆ ਮਿਲ ਸਕਦੀ ਹੈ? ਬੰਦੇ ਨੂੰ ਡੰਡਾ ਚੁੱਕਣਾ ਤਾਂ ਆਉਂਦਾ ਨਹੀਂ ਹੈ ਤੇ ਫੌਜੀਆਂ ਵਾਲੀ ਵਰਦੀ ਪਹਿਨ ਕੇ ਕਹੇ ਕੇ ਮੈਂ ਸਰਹੱਦ `ਤੇ ਲੜਨ ਲਈ ਜਾਣਾ ਹੈ। ਅਜੇਹੀ ਅਵਸਥਾ ਵਿੱਚ ਮੁਲਕ ਦੀ ਜੋ ਹਾਲਤ ਹੋਏਗੀ ਉਹ ਮੁਲਕ ਵਾਲੇ ਹੀ ਜਾਣ ਸਕਦੇ ਹਨ। ਜਿਸ ਬਿਮਾਰੀ ਤੋਂ ਸਾਨੂੰ ਗੁਰਦੇਵ ਪਿਤਾ ਨੇ ਅਜ਼ਾਦ ਕਰਾਇਆ ਸੀ ਅੱਜ ਉਹ ਬਿਮਾਰੀ ਹੀ ਸਾਡੀ ਕੌਮ ਨੂੰ ਫਿਰ ਚੰਬੜ ਗਈ ਹੈ। ਜਿਸ ਤਰ੍ਹਾਂ ਪਹਿਲਾਂ ਲਿਖ ਚੁੱਕੇ ਹਾਂ ਕਿ ਲਿਬਾਸ ਦੀ ਕੋਈ ਬੰਦਸ਼ ਨਹੀਂ ਹੈ ਪਰ ਲਿਬਾਸ ਭੜਕੀਲਾ ਨਹੀਂ ਹੋਣਾ ਚਾਹੀਦਾ। ਲਿਬਾਸ ਸਾਦਾ ਤੇ ਸਭਿਅਕ ਹੋਣਾ ਚਾਹੀਦਾ ਹੈ।

ਅੱਜ ਬਹੁਤੀ ਥਾਈਂ ਲਿਬਾਸ ਦੇਖਣ ਨੂੰ ਜ਼ਰੂਰ ਮਿਲਦਾ ਹੈ ਪਰ ਅੰਦਰ ਧਰਮ ਵਾਲੀ ਕੋਈ ਗੱਲ ਨਹੀਂ ਹੈ। ਭਾਰਤ ਦੇ ਵੱਖ ਵੱਖ ਲਿਬਾਸ ਦੇਖ ਕੇ ਹੀ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਇਕਵੱਢਿਓਂ ਨਿਕਾਰਿਆ ਹੈ। ਕੁੱਝ ਵੀਰ ਅਠਰਾਵੀਂ ਸਦੀ ਵਾਲੇ ਲਿਬਾਸ ਨੂੰ ਤਰਜੀਹ ਦੇਂਦੇ ਹਨ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਕਿਰਦਾਰ ਵੀ ਅਠਾਰਵੀਂ ਸਦੀ ਵਾਲੇ ਸਿੱਖਾਂ ਦਾ ਹੋਣਾ ਚਾਹੀਦਾ ਹੈ। ਜੇ ਇੱਕ ਪ੍ਰਚਾਰਕ ਕਥਾ ਕਰਨ ਲੱਗਦਾ ਹੈ ਤਾਂ ਅੱਗੋਂ ਗੋਲ ਦਸਤਾਰਾਂ ਬੰਨ੍ਹ ਕੇ ਲੰਬੇ ਚੋਲ਼ੇ ਪਾ ਕੇ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਜਾਏ ਕੀ ਅਜੇਹਾ ਲਿਬਾਸ ਪ੍ਰਵਾਨ ਯੋਗ ਹੋਏਗਾ? ਕੀ ਅਜੇਹਾ ਲਿਬਾਸ ਆਪਣਿਆਂ ਨੂੰ ਡਰਾਉਣ ਲਈ ਹੀ ਪਹਿਨਿਆ ਹੋਇਆ ਹੈ? ਕਿਸਾਨ ਆਪਣੇ ਖੇਤ ਨੂੰ ਵਾੜ ਇਸ ਲਈ ਕਰਦਾ ਹੈ ਕਿ ਖੇਤ ਵਿੱਚ ਫਸਲ ਨੂੰ ਬਚਾਇਆ ਜਾ ਸਕੇ ਜੇ ਖੇਤ ਵਿੱਚ ਬੀਜਿਆ ਕੁੱਝ ਵੀ ਨਾ ਹੋਵੇ ਤਾਂ ਫਿਰ ਨਿਰੀ ਵਾੜ ਦਾ ਕੀ ਲਾਭ ਹਇੇਗਾ? ਕੋਈ ਖਾਸ ਕਿਸਮ ਦਾ ਪਹਿਰਾਵਾ ਪਹਿਨ ਕੇ ਕਹੇ ਮੈਂ ਧਰਮੀ ਹੋ ਗਿਆ ਹਾਂ ਪਰ ਸਿਧਾਂਤ ਸਬੰਧੀ ਕੋਈ ਜਾਣਕਾਰੀ ਨਾ ਹੋਵੇ ਤਾਂ ਅਜੇਹਾ ਲਿਬਾਸ ਵੀ ਆਤਮਿਕ ਗੁਣਾਂ ਨੂੰ ਨੁਕਸਾਨ ਪਹੁੰਚਦਾ ਹੈ ਓੱਥੇ ਸਮਾਜ ਲਈ ਵੀ ਇੱਕ ਵੱਡਾ ਖਤਰਾ ਹੈ।

ਅਨੰਦਪੁਰ ਦੀ ਧਰਤੀ `ਤੇ ਗੱਧੇ `ਤੇ ਸ਼ੇਰ ਦੀ ਖੱਲ੍ਹ ਪਾ ਕੇ ਸਦਾ ਲਈ ਗੁਰਦੇਵ ਪਿਤਾ ਜੀ ਨੇ ਸਾਡੇ ਮਨ ਵਿਚੋਂ ਇਹ ਤੌਖਲਾ ਦੂਰ ਕਰ ਦਿੱਤਾ ਸੀ ਕਿ ਨਿਰਾ ਲਿਬਾਸ ਧਾਰਨ ਕਰਨ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ ਜਿੰਨਾ ਚਿਰ ਦਿਮਾਗ ਵਿੱਚ ਸਿਧਾਂਤ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਨੂੰ ਵੀ ਏਹੀ ਗੱਲ ਸਮਝਾਈ ਸੀ ਕਿ ਮਿੱਤਰਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦਾ ਯਤਨ ਨਾ ਕਰ।

ਸਿੱਖੀ ਵਿੱਚ ਸਭ ਤੋਂ ਵੱਧ ਸਾਧ ਲਾਣੇ ਨੇ ਲਿਬਾਸ `ਤੇ ਜ਼ੋਰ ਦਿੱਤਾ ਹੈ। ਪਿੱਛਲੀ ਇੱਕ ਸਦੀ ਤੋਂ ਚਿੱਟੇ ਚੋਲ਼ਿਆਂ, ਨਿੱਕੀਆਂ ਨਿੱਕੀਆਂ ਚਿੱਟੀਆਂ ਗੋਲ਼ ਪੱਗਾਂ ਨੇ ਪੱਕੇ ਸਿੱਖ ਤੇ ਰੱਬ ਦੇ ਨੇੜੇ ਹੋਣ ਦਾ ਭਰਮ ਪਾਲ਼ ਲਿਆ ਹੈ। ਅਜੇਹੇ ਭੇਖ ਸਬੰਧੀ ਏਸੇ ਤੁਕ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਆਪਣੇ ਸੁਭਾਅ ਕਰਕੇ ਵਰਤਮਾਨ ਵਿੱਚ ਹੀ ਵੱਖ ਵੱਖ ਕਿਸਮ ਦੀਆਂ ਜੂਨਾਂ ਭੋਗ ਰਿਹਾ ਏਂ। ਕਛਹਿਰੇ ਤੇ ਦਸਤਾਰ ਤੋਂ ਬਿਨਾ ਹੋਰ ਸਮੇਂ ਅਨੁਸਾਰ ਲਿਬਾਸ ਪਹਿਨਿਆ ਜਾ ਸਕਦਾ ਹੈ ਪਰ ਪਿੱਛਲੇ ਕੁੱਝ ਸਮੇਂ ਤੋਂ ਇੱਕ ਖਾਸ ਕਿਸਮ ਦੇ ਲਿਬਾਸ ਨੂੰ ਪਹਿਨ ਕੇ ਧਰਮੀ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਦਿਖਾਵੇ ਦੇ ਪਹਿਰਾਵੇ ਨੂੰ ਗੁਰਮਤਿ ਨਿਕਾਰਦੀ ਹੈ। ਜਿੱਥੇ ਸਰੀਰ `ਤੇ ਪਹਿਨੇ ਦੀ ਗੱਲ ਕੀਤੀ ਹੈ ਓੱਥੇ ਅੰਤਰ ਆਤਮੇ `ਤੇ ਵੀ ਏਹੀ ਗੱਲ ਢੁੱਕਦੀ ਹੈ ਕਿ ਬੰਦਿਆਂ ਤੇਰਾ ਅੰਦਰਲਾ ਪਹਿਰਾਵਾ ਹੋਰ ਹੈ ਤੇ ਬਾਹਰਲਾ ਪਹਿਰਾਵਾ ਹੋਰ ਹੈ। ਅੰਦਰੋ ਬਾਹਰੋਂ ਇੱਕ ਹੋਣ ਦਾ ਯਤਨ ਕਰਨਾ ਚਾਹੀਦਾ ਹੈ।

ਸ਼ਬਦ ਦੇ ਅਖੀਰਲੇ ਬੰਦ ਵਿੱਚ ਬੁਝਣ ਦੀ ਵਿਚਾਰ ਆਈ ਹੈ—

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ।।

ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ।।

ਨਿਆਣੇ ਬੱਚੇ ਨੂੰ ਸਮਝ ਨਹੀਂ ਹੁੰਦੀ। ਉਹ ਅੱਗ ਨਾਲ ਖੇਡਣਾ ਚਾਹੁੰਦਾ ਹੈ ਮਾਂ ਬਾਪ ਉਸ ਦਾ ਖਿਆਲ ਰੱਖਦੇ ਹਨ। ਜਦੋਂ ਬੱਚੇ ਨੂੰ ਸਮਝ ਆ ਜਾਂਦੀ ਹੈ ਤਾਂ ਉਹ ਅਜੇਹੀ ਅਵੱਗਿਆ ਨਹੀਂ ਕਰਦਾ ਜਿਸ ਨਾਲ ਉਸ ਨੂੰ ਕੋਈ ਨੁਕਸਾਨ ਹੁੰਦਾ ਹੋਵੇ। ਸਮਝ ਤਾਂ ਹੀ ਆ ਸਕਦੀ ਹੈ ਜੇ ਸਮਝਣ ਲਈ ਤਿਆਰ ਹੋਏਗਾ। ਸਿੱਖੀ ਵਿੱਚ ਹਰ ਬੰਦੇ ਨੇ ਆਪਣੀ ਆਪਣੀ ਧਾਰਨਾ ਬਣਾਈ ਹੋਈ ਹੈ ਉਸ ਅਨੁਸਾਰ ਹੀ ਤੁਰਨ ਨੂੰ ਤਰਜੀਹ ਦੇਂਦਾ ਹੈ। ਇਹਨਾਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਸ਼ਬਦ ਦੀ ਵਿਚਾਰ ਦੇ ਤੱਤ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਕੰਮ ਸਿੱਖਣ ਲਈ ਉਸਤਾਦ ਦੀ ਗੱਲ ਨੂੰ ਸਮਝਦਿਆਂ ਹੋਇਆਂ ਆਪਣੇ ਕੰਮ ਨਾਲ ਇੱਕ ਮਿਕ ਹੋ ਜਾਂਦਾ ਹੈ। ਜੇ ਬੰਦਾ ਸਿੱਖਣ ਲੱਗਿਆਂ ਇਕਮਿਕ ਨਹੀਂ ਹੁੰਦਾ ਤਾਂ ਉਹ ਕੰਮ ਨਹੀਂ ਸਿੱਖ ਸਕਦਾ। ਰੱਬੀ ਗੁਣਾਂ ਵਿਚੋਂ ਇੱਕ ਗੁਣ ਸੰਤੋਖ ਦਾ ਆਉਂਦਾ ਹੈ। ਜੇ ਬੰਦੇ ਨੂੰ ਸੰਤੋਖ ਦੀ ਸਮਝ ਆ ਜਾਏ ਤਾਂ ਫਿਰ ਉਹ ਸੰਤੋਖ ਦੀ ਖੁਲ੍ਹ ਕੇ ਵਰਤੋਂ ਕਰਦਾ ਹੈ। ਰੱਬੀ ਗੁਣਾਂ ਵਿਚੋਂ ਇੱਕ ਗੁਣ ਪਿਆਰ ਦਾ ਆਉਂਦਾ ਹੈ ਜੇ ਪਿਆਰ ਦੀ ਭਾਵਨਾ ਸਮਝ ਵਿੱਚ ਆ ਜਾਂਦੀ ਤਾਂ ਗੁਰਦੁਆਰਿਆਂ ਵਿੱਚ ਕਦੇ ਵੀ ਲੜਾਈਆਂ ਜਨਮ ਨਹੀਂ ਲੈਣਗੀਆਂ।

ਰਹਾਉ ਦੀ ਤੁਕ ਵਿੱਚ ਇਹ ਵਿਚਾਰ ਆਇਆ ਹੈ ਕਿ ਐ ਗਿਆਨੀ ਗੁਰੂ ਦੇ ਗਿਆਨ ਤੋਂ ਬਿਨਾ ਕੋਈ ਭਗਤੀ ਨਹੀਂ ਹੈ ਜਪੁ ਬਾਣੀ ਵਿੱਚ ਸਪੱਸ਼ਟ ਫਰਮਾਣ ਹੈ—

ਸਭਿ ਗੁਣ ਤੇਰੇ, ਮੈ ਨਾਹੀ ਕੋਇ।।

ਵਿਣੁ ਗੁਣ ਕੀਤੇ, ਭਗਤਿ ਨ ਹੋਇ।।

ਸਮੁੱਚੇ ਸ਼ਬਦ ਦਾ ਭਾਵ ਅਰਥ ਇਸ ਤਰ੍ਹਾਂ ਆਉਂਦਾ ਹਨ—

  1. ਗੁਰੂ ਦੇ ਗਿਆਨ ਨੂੰ ਸਮਝ ਕੇ ਚੱਲਣਾ ਹੀ ਅਸਲ ਭਗਤੀ ਹੈ। ਤਕਨੀਕ ਸਮਝਣ ਨਾਲ ਹੀ ਬੰਦਾ ਤਰੱਕੀ ਦੇ ਰਾਹ ਖੋਲ੍ਹਦਾ ਹੈ।
  2. ਬਾਹਰਲੇ ਤਲ਼ `ਤੇ ਜਿੰਨਾ ਮਰਜ਼ੀ ਉੱਚੀ ਉੱਚੀ ਨਾਮ ਸਿਮਰੀ ਜਾ ਪਰ ਇਸ ਨਾਲ ਜ਼ਿੰਦਗੀ ਵਿੱਚ ਕੋਈ ਗੁਣ ਨਹੀਂ ਆ ਸਕਦਾ। ਇਹ ਕੇਵਲ ਲੋਕ ਦਿਖਾਵਾ ਹੀ ਹੈ। ਮਨ ਵਿੱਚ ਮਲੀਨ ਵਿਚਾਰ ਰੱਖ ਕੇ ਕੀਤਾ ਹੋਇਆ ਹਰ ਧਰਮ ਦਾ ਕਰਮ ਵਿਅਰਥ ਹੈ।
  3. ਪੂਜਾ-ਪਾਠ, ਦੁਪਹਿਰੇ, ਚੁਪਹਿਰੇ, ਬੇ-ਲੋੜਾ ਸੰਜਮ, ਵਰਤ, ਤੀਰਥਾਂ ਦੀ ਯਾਤਰਾ ਆਦਿ ਕਰਨ ਨਾਲ ਨਿਰਾ ਹੰਕਾਰ ਹੀ ਇਕੱਠਾ ਹੁੰਦਾ ਜੀਵਨ ਵਿੱਚ ਇਸ ਨਾਲ ਕੋਈ ਪ੍ਰਾਪਤੀ ਨਹੀਂ ਹੈ।
  4. ਸ਼ਬਦ ਦੀ ਵਿਚਾਰ ਤੋਂ ਬਿਨਾ ਨਿਰਾ ਲਿਬਾਸ ਧਾਰਨ ਕਰਨ ਨਾਲ ਕੋਈ ਧਰਮੀ ਨਹੀਂ ਬਣ ਸਕਦਾ। ਆਪਣੇ ਹੰਕਾਰ ਕਰਕੇ ਹੀ ਬੰਦਾ ਜਿਉਂਦੇ ਜੀ ਜੂਨਾਂ ਵਿੱਚ ਪਿਆ ਹੋਇਆ ਹੈ।
  5. ਸ਼ਬਦ ਦੀ ਵਿਚਾਰ ਰਾਂਹੀ ਜਦੋਂ ਸਮਝ ਆਉਂਦੀ ਹੈ ਤਾਂ ਬੰਦਾ ਸਚਾਈ ਨਾਲ ਇੱਕ ਮਿਕ ਹੋ ਜਾਂਦਾ ਹੈ।

ਸ਼ਬਦ ਤਾਂ ਸਮਝਾਉਂਦਾ ਹੈ ਕਿ ਬੰਦੇ ਜੇ ਤੂੰ ਆਪਣੇ ਜੀਵਨ ਵਿੱਚ ਕੁੱਝ ਕਰਨਾ ਚਾਹੁੰਦਾ ਏਂ ਤਾਂ ਤੂੰ ਤਕਨੀਕ ਨੂੰ ਸਿੱਖਣ ਦਾ ਯਤਨ ਕਰ।




.