.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰ ਉਪਦੇਸ਼ ਨੂੰ ਨਹੀਂ ਫੜਿਆ

ਰਾਗੀ, ਢਾਡੀ, ਪਰਚਾਰਕ, ਕਥਾਚਵਚਕ, ਗ੍ਰੰਥੀ, ਪਾਠੀ ਤੇ ਕੌਮ ਦੇ ਜੱਥੇਦਾਰ ਉਰਫ ਸਿੰਘ ਸਾਹਿਬ ਸਟੇਜ ਤੋਂ ਲੋਕਾਂ ਨੂੰ ਇਹੋ ਹੀ ਪੱਕੀ ਕਰਦੇ ਹਨ ਕਿ ਭਾਈ ਗੁਰੂ ਜੀ ਦੇ ਉਪਦੇਸ਼ਾਂ ਤੇ ਚੱਲਿਆ ਕਰੋ। ਵੱਖ ਵੱਖ ਪ੍ਰਕਾਰ ਦੇ ਡੇਰੇ ਤੇ ਉਹਨਾਂ ਵਿੱਚ ਰਹਿ ਰਹੇ ਰੰਗ-ਬ-ਰੰਗੇ ਸਾਧਾਂ ਵਲੋਂ ਵੀ ਬੜੀ ਨਿੰਮ੍ਰਤਾ ਨਾਲ ਅੱਖਾਂ ਮੁੰਦ ਦਿਆਂ ਹੋਇਆ ਆਪਣੇ ਵਲੋਂ ਅਗੰਮੀ ਸ਼ਬਦਾਂ ਨਾਲ ਗੁਰੂ ਜੀ ਦੇ ਉਪਦੇਸ਼ `ਤੇ ਹੀ ਚੱਲਣ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਰਹਿੰਦੀ ਕਸਰ ਆਪੇ ਬਣੇ ਵਿਦਵਾਨਾਂ ਨੇ ਫੇਸ ਬੁੱਕ ਨੂੰ ਕਾਲਾ ਕਰਦਿਆਂ ਕੱਢ ਦਿੱਤੀ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਏਨੀਆਂ ਸੰਗਤਾਂ ਨਹੀਂ ਹੋਣੀਆਂ ਜਿੰਨੇ ਅੱਜ ਸਾਧ-ਸੰਤ, ਬ੍ਰਹਮ ਗਿਆਨੀ ਤੇ ਵੱਖ ਵੱਖ ਡੇਰਿਆਂ ਦੇ ਪਰਚਾਰਕ ਬਣ ਗਏ ਹਨ, ਤੇ ਸਾਰੇ ਇਹੋ ਹੀ ਕਹਿ ਰਹੇ ਹਨ ਕਿ ਭਈ ਗੁਰੂ ਜੀ ਦੇ ਉਪਦੇਸ਼ਾਂ `ਤੇ ਚੱਲਿਆ ਕਰੋ। ਕਿਸੇ ਡੇਰੇ ਦੀ ਆਪਸ ਵਿੱਚ ਕੋਈ ਸਾਂਝ ਨਹੀਂ ਹੈ ਤੇ ਨਾ ਹੀ ਇਹਨਾਂ ਪਾਸ ਗੁਰੂ ਸਿਧਾਂਤ ਹੈ। ਇਹਨਾਂ ਵਲੋਂ ਮਨ ਘੜਤ ਸਾਖੀਆਂ ਨੂੰ ਅਧਾਰ ਬਣਾ ਕੇ ਤੇ ਗੁਰਬਾਣੀ ਦੇ ਗੈਰ ਕੁਦਰਤੀ ਅਰਥ ਕਰਕੇ ਸਿੱਖ ਧਰਮ ਨਾਲ ਪੂਰਾ ਪੂਰਾ ਧ੍ਰੋਅ ਕਮਾਇਆ ਜਾ ਰਿਹਾ ਹੈ। ਸਿੱਖੀ ਸਿਧਾਂਤ ਵਿੱਚ ਕਾਂਜੀ ਪਉਂਦਿਆਂ ਹੋਇਆ ਪਿੱਛਲੀ ਇੱਕ ਸਦੀ ਤੋਂ ਹੌਲ਼ੀ ਹੌਲ਼ੀ ਜ਼ਹਿਰ ਦਿੱਤਾ ਜਾ ਰਿਹਾ ਸੀ ਜਿਸ ਦਾ ਅਸਰ ਹੁਣ ਹੁੰਦਾ ਨਜ਼ਰ ਆ ਰਿਹਾ ਹੈ।

ਬਾਕੀ ਉਪਦੇਸ਼ ਤੋਂ ਬਿਨਾ ਨਿਤਾ ਪ੍ਰਤੀ ਹਰੇਕ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਕਥਾ ਦਾ ਪ੍ਰਵਾਹ ਵੀ ਚੱਲ ਰਿਹਾ ਹੈ। ਬਾਕੀ ਰੇਡੀਓ ਤੇ ਟੀ. ਵੀ. ਮਾਧਿਆਮ ਰਾਂਹੀਂ ਵੱਖਰਾ ਜ਼ੋਰ ਲੱਗ ਰਿਹਾ ਹੈ। ਵੱਡੇ ਵੱਡੇ ਕੀਰਤਨ ਦਰਬਾਰਾਂ ਨੇ ਵੀ ਪੂਰੀ ਛਹਿਬਰ ਲਾਈ ਹੋਈ ਹੈ। ਪਰ ਦੇਖਣ ਵਿੱਚ ਇਹ ਆਉਂਦਾ ਹੈ ਕਿ ਸਿੱਖ ਰਾਜਨੀਤਿਕ ਨੇਤਾਵਾਂ ਤੋਂ ਲੈ ਕੇ ਸਿੱਖ ਸਰਕਾਰੀ ਅਫ਼ਸਰਾਂ ਤਕ ਕਿਤੇ ਗੁਰਉਪਦੇਸ਼ ਦੀ ਝਲਕ ਦਿਖਾਈ ਨਹੀਂ ਦੇਂਦੀ। ਧਾਰਮਿਕ ਆਗੂਆਂ ਤੋਂ ਲੈ ਕੇ ਸੇਵਾਦਾਰਾਂ ਤੱਕ ਕਿਤੇ ਸਿੱਖ ਸਿਧਾਂਤ ਦਿਖਾਈ ਨਹੀਂ ਦੇਂਦਾ। ਪ੍ਰਚਾਰਕਾਂ ਤੋਂ ਲੈ ਕੇ ਸੰਗਤਾਂ ਤੱਕ ਸਿੱਖ ਸਿਧਾਂਤ ਦਾ ਪੂਰਾ ਭੰਬਲ਼ ਭੂਸਾ ਬਣਿਆ ਹੋਇਆ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਹਰੇਕ ਨੇ ਆਪਣੇ ਆਪਣੇ ਹਿਸਾਬ ਨਾਲ ਤਜਾਰਤ ਵਾਲਾ ਸਿਧਾਂਤ ਰੱਖਿਆ ਹੋਇਆ ਹੈ। ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਹਰੇਕ ਹੀ ਇਹ ਸਮਝਦਾ ਹੈ ਕਿ ਇਹ ਉਪਦੇਸ਼ ਮੇਰੇ ਲਈ ਨਹੀਂ ਹੈ ਸਗੋਂ ਦੂਜੇ ਲਈ ਹੀ ਹੈ। ਧਰਮ ਦੇ ਨਾਂ `ਤੇ ਕੀਤੇ ਜਾਂਦੇ ਕਰਮਕਾਂਡ ਗੁਰ-ਉਪਦੇਸ਼ ਦਾ ਹਿੱਸਾ ਨਹੀਂ ਹਨ। ਗੁਰ-ਉਪਦੇਸ਼ ਤੋਂ ਭਾਵ ਹੈ ਸਚਿਆਰ ਮਨੁੱਖ ਬਣਨਾ, ਨਿਆਰਾ ਖਾਲਸਾ, ਪੰਥਕ ਭਾਵਨਾ ਵਾਲਾ ਜ਼ਜਬਾ, ਮਨੁੱਖਤਾ ਦੀ ਸੇਵਾ ਵਿੱਚ ਜੁੜਨਾ, ਨਿੱਜੀ ਸੁਆਰਥ ਦਾ ਤਿਆਗ ਕਰਦਿਆਂ ਪਰਉਪਕਾਰੀ ਬਿਰਤੀ ਤੇ ਸਭ ਤੋਂ ਵੱਧ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਫ਼ਰਜ਼ਾਂ ਦੀ ਪੂਰਤੀ ਕਰਨੀ।

ਗੁਰ-ਉਪਦੇਸ਼ ਦੀਆਂ ਬਰੀਕੀਆਂ ਨੂੰ ਸਮਝਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸ਼ਬਦ ਦੀ ਵਿਚਾਰ ਕੀਤੀ ਜਾਏਗੀ--

ਮਨ ਰੇ ਗਹਿਓ ਨ ਗੁਰ ਉਪਦੇਸੁ।।

ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ।। ੧।। ਰਹਾਉ।।

ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ।।

ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ।। ੧।।

ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ।।

ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ।। ੨।।

ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ।।

ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ।। ੩।। ੧੦।।

ਸੋਰਠਿ ਮਹਲਾ ੯ ਪੰਨਾ ੬੩੩

ਅੱਖਰੀਂ ਅਰਥ: —ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ। (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ ? (ਆਤਮਕ ਜੀਵਨ ਦਾ ਕੁੱਝ ਭੀ ਨਾਹ ਸੌਰਿਆ)। ੧। ਰਹਾਉ।

(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿੱਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ। ੧।

ਹੇ ਭਾਈ! (ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿੱਚ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿੱਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ। ੨।

(ਮਨੁੱਖ ਮਾਇਆ ਵਿੱਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ। ਹੇ ਨਾਨਕ! ਆਖ—ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ। ੩।

ਵਿਚਾਰ ਚਰਚਾ--- ਗੁਰਦੇਵ ਪਿਤਾ ਜੀ ਗੱਲ ਸੰਸਾਰੀ ਜੀਵਾਂ ਦੀ ਕਰ ਰਹੇ ਹਨ ਪਰ ਸਮਝਾ ਆਪਣੇ ਮਨ ਰਾਂਹੀਂ ਰਹੇ ਹਨ ਕਿ ਹੇ ਮੇਰੇ ਮਨ! "ਤੂੰ ਕਦੀ ਵੀ ਗੁਰ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ ਭਾਵ ਕਦੇ ਵੀ ਗੁਰ-ਉਪਦੇਸ਼ ਨਹੀਂ ਫੜਿਆ ਹੈ" "ਮਨ ਰੇ ਗਹਿਓ ਨ ਗੁਰ ਉਪਦੇਸੁ" ਗੱਲ ਫੜਨ ਦੀ ਕੀਤੀ ਹੈ। ਅਸੀਂ ਆਖਦੇ ਹਾਂ ਕਿ ਭਈ ਸਮੇਂ ਨਾਲ ਬੱਸ ਫੜ ਲਈਂ ਜਾਂ ਮੈਂ ਹਵਾਈ ਜਹਾਜ਼ ਫੜਨਾ ਹੈ। ਕੋਈ ਕਹਿੰਦਾ ਹੈ ਕਿ ਮੈਂ ਰੇਲ ਗੱਡੀ ਫੜਨੀ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਸਮੁੱਚੇ ਜਹਾਜ਼ ਨੂੰ ਫੜ ਕੇ ਰੱਖਣਾ ਹੈ। ਬੱਸ ਜਾਂ ਰੇਲ ਗੱਡੀ ਨੂੰ ਆਪਣਿਆਂ ਹੱਥਾਂ ਨਾਲ ਫੜਨਾ ਹੈ ਇਸ ਦਾ ਭਾਵ ਅਰਥ ਹੈ ਕਿ ਬੱਸ, ਰੇਲ ਤੇ ਜਹਾਜ਼ ਦੀ ਟਿਕਟ ਲੈ ਕੇ ਉਸ ਰਾਂਹੀਂ ਸਫਰ ਕਰਨਾ ਹੈ। ਸਫਰ ਕਰਨ ਦਾ ਅਰਥ ਹੈ ਕਿ ਅਸਾਂ ਮਿੱਥੀ ਮੰਜ਼ਿਲ `ਤੇ ਪਹੁੰਚਣਾ ਹੈ। ਜੇ ਬੱਸ ਆਦਿਕ ਨਾ ਫੜੀ ਜਾਏ ਤਾਂ ਅਸੀਂ ਮਿੱਥੀ ਹੋਈ ਮੰਜ਼ਿਲ `ਤੇ ਸਮੇਂ ਅਨੁਸਾਰ ਨਹੀਂ ਪਹੁੰਚ ਸਕਦੇ। ਏਸੇ ਤਰ੍ਹਾਂ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਮੇਰੇ ਮਨ ਤੂੰ ਕਦੀ ਵੀ ਗੁਰ-ਉਪਦੇਸ਼ ਨੂੰ ਫੜਨ ਦਾ ਯਤਨ ਨਹੀਂ ਕੀਤਾ। ਭਾਵ ਗੁਰੂ ਜੀ ਦੇ ਦੱਸੇ ਹੋਏ ਮਾਰਗ `ਤੇ ਚੱਲਣ ਦਾ ਯਤਨ ਨਹੀਂ ਕੀਤਾ। ਗੁਰ-ਉਪਦੇਸ਼ ਨੂੰ ਫੜ ਕੇ ਸਚਿਆਰ ਵਾਲੀ ਮੰਜ਼ਿਲ `ਤੇ ਪਹੁੰਚਣਾ ਹੈ। ਗੁਰਬਾਣੀ ਫਰਮਾਉਂਦੀ ਹੈ ਕਿ ਮਾਲਾ ਫੇਰਨ ਦਾ ਕੋਈ ਲਾਭ ਨਹੀਂ ਹੈ ਪਰ ਅਸੀਂ ਮਾਲਾ ਹੱਥ ਵਿੱਚ ਪਾ ਕੇ ਕੀਰਤਨ ਕਰਦੇ ਹਾਂ। ਗੁਰਦੁਆਰਿਆਂ ਦੇ ਅੰਦਰ ਬਾਹਰ ਆਮ ਮਾਲਾ ਵਿਕਦੀਆਂ ਹਨ ਤੇ ਸੰਗਤਾ ਖਰੀਦ ਰਹੀਆਂ ਹਨ, ਕੀ ਅਸੀਂ ਗੁਰਉਪਦੇਸ਼ ਨੂੰ ਮੰਨ ਲਿਆ ਹੈ? ਸਿੱਖੀ ਵਿੱਚ ਮੂਰਤੀ ਪੂਜਾ ਦਾ ਕੋਈ ਥਾਂ ਨਹੀਂ ਹੈ ਪਰ ਅਸੀਂ ਆਪਣਿਆਂ ਘਰਾਂ ਵਿੱਚ ਮੂਰਤੀਆਂ ਹੀ ਸਥਾਪਿਤ ਕਰ ਲਈਆਂ ਹਨ। ਨਸ਼ਿਆਂ ਦੀ ਗੱਲ ਲੈ ਲਈਏ ਜਾਂ ਸਰਕਾਰੀ ਜ਼ਮੀਨਾਂ ਦੇ ਕਬਜ਼ਿਆਂ ਦੀ ਗੱਲ ਲੈ ਲਈਏ ਗੱਲ ਕੀ ਅਸੀਂ ਗੁਰੂ ਜੀ ਦੇ ਉਪਦੇਸ਼ ਨੂੰ ਸੁਣਦੇ ਸਮਝਦੇ ਜ਼ਰੂਰ ਹਾਂ ਪਰ ਮੰਨਣ ਲਈ ਤਿਆਰ ਨਹੀਂ ਹਾਂ।

ਸਭ ਤੋਂ ਵੱਡਾ ਸਿਆਪਾ ਹੈ ਕਿ ਅਸੀਂ ਬਾਹਰਲੇ ਤਲ ਵਾਲੇ ਭੇਖ ਨੂੰ ਧਾਰਨ ਕਰਕੇ ਸਮਝ ਰਹੇ ਹਾਂ ਕਿ ਗੁਰੂ ਜੀ ਦਾ ਉਪਦੇਸ਼ ਕਮਾ ਲਿਆ ਹੈ। ਏੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਖੇਤ ਅੰਦਰ ਬੀਜਿਆ ਕੁੱਝ ਨਾ ਹੋਵੇ ਤੇ ਐਵੇਂ ਬਾਹਰੋਂ ਵਾੜ ਕੀਤੀ ਹੋਵੇ ਅਜੇਹੀ ਵਾੜ ਦਾ ਕੀ ਲਾਭ ਹੈ? ਖੇਤ ਅੰਦਰੋਂ ਖਾਲੀ ਹੈ ਪਰ ਬਾਹਰ ਵਾੜ ਕੀਤੀ ਹੋਈ ਹੈ। ਕਿਸੇ ਮਹਿਕਮੇ ਦੀ ਵਰਦੀ ਪਉਣ ਨਾਲ ਅਸੀਂ ਉਸ ਮਹਿਕਮੇ ਦੇ ਨੌਕਰ ਨਹੀਂ ਆਖਵਾ ਸਕਦੇ ਜਿੰਨਾ ਚਿਰ ਉਸ ਮਹਿਕਮੇ ਵਿੱਚ ਕਾਇਦੇ ਕਨੂੰਨ ਮੁਤਾਬਿਕ ਨੌਕਰੀ ਨਹੀਂ ਕਰਦੇ "ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸ"

ਭਾਰਤ ਵਿੱਚ ਆਮ ਕਰਕੇ ਬਹੁਤ ਸਾਰੇ ਭੇਖ ਧਾਰਨ ਕਰਨ ਵਾਲੇ ਸਾਧ ਮਿਲ ਜਾਣਗੇ ਜੋ ਇਹ ਦਾਅਵਾ ਕਰਦੇ ਹਨ ਕਿ ਭੇਖ ਧਾਰਨ ਕਰਨ ਨਾਲ ਹੀ ਅਸੀਂ ਰੱਬ ਜੀ ਦੀ ਪ੍ਰਾਪਤੀ ਕਰ ਲਈ ਹੈ। ਸਿਰ ਮਨਾਉਣ ਵਾਲੇ ਤੇ ਭਗਵੇ ਕਪੜੇ ਧਾਰਨ ਕਰਨ ਵਾਲੇ ਬਥੇਰੇ ਸਾਧ ਮਿਲ ਜਾਣਗੇ ਜਿਹੜੇ ਰੱਬ ਜੀ ਦੇ ਨੇੜੇ ਹੋਣ ਦਾ ਦਾਅਵਾ ਕਰਦੇ ਹਨ। ਪਰ ਅਜੇਹੇ ਭੇਖਾਂ ਵਾਲੇ ਲੋਕਾਂ ਨੂੰ ਗੁਰਬਾਣੀ ਨਿਕਾਰਦੀ ਹੈ। ਜੈਨੀ ਲੋਕ ਰੱਬ ਦੀ ਕੁਦਰਤ ਨਾਲ ਖਿਲਵਾੜ ਕਰਦਿਆਂ ਆਪਣੇ ਸਿਰ ਨੂੰ ਮੁੱਢੋਂ ਹੀ ਗੰਜਾ ਕਰ ਲੈਂਦੇ ਹਨ। ਦੂਜੇ ਪਾਸੇ ਕੁੱਝ ਸਾਧ ਭਗਵੇ ਕਪੜੇ ਪਾਕੇ ਆਮ ਮੰਗਦੇ ਹੋਏ ਦੇਖੇ ਜਾਂਦੇ ਹਨ। ਸਿੱਖੀ ਵਿੱਚ ਕਿਸੇ ਪਹਿਰਾਵੇ ਨੂੰ ਕੋਈ ਮਾੜਾ ਨਹੀਂ ਕਿਹਾ ਗਿਆ ਪਰ ਗੁਰਦੇਵ ਪਿਤਾ ਜੀ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਕੇਵਲ ਭੇਖ ਨੂੰ ਹੀ ਧਰਮ ਸਮਝੀ ਬੈਠੇ ਸਨ ਪਰ ਅੰਦਰੋਂ ਇਨਸਾਨੀਅਤ ਵਾਲਾ ਤੱਤ ਖਤਮ ਹੋ ਚੁੱਕਿਆ ਸੀ। ਸਿੱਖ ਧਰਮ ਵਿੱਚ ਕਈ ਕਿਸਮ ਦੇ ਪਹਿਰਾਵਿਆਂ ਨੂੰ ਧਰਮੀ ਪਹਿਰਾਵਾ ਸਮਝਿਆ ਜਾ ਰਿਹਾ ਹੈ। ਬਹੁਤੀ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਅਜੇਹੇ ਬੰਦਿਆਂ ਪਾਸ ਗੁਣਵੱਤਾ ਦੀ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ। ਸ਼ਬਦ ਦੇ ਪਹਿਲੇ ਬੰਦ ਵਿੱਚ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ—

ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ।।

ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ।। ੧।।

ਇਹਨਾਂ ਤੁਕਾਂ ਵਿੱਚ ਕੁੱਝ ਨੁਕਤਿਆਂ ਨੂੰ ਸਾਡੇ ਸਾਹਮਣੇ ਰੱਖਿਆ ਗਿਆ ਹੈ। ਪਹਿਲਾ ਸੱਚ ਛੱਡ ਕੇ ਝੂਠ ਬੋਲਣ ਦੀ ਮੁਹਾਰਤ ਹਾਸਲ ਕਰਨ ਵਿੱਚ ਲੱਗਿਆ ਹੋਇਆ ਏਂ ਇਸ ਲਈ ਤੇਰਾ ਹੱਥਲਾ ਜੀਵਨ ਵਿਅਰਥ ਵਿੱਚ ਗਵਾਚਦਾ ਜਾ ਰਿਹਾ ਹੈ। ਪਰਪੰਚ ਕਰਕੇ ਉਪਜੀਵਕਾ ਨੂੰ ਕਮਾ ਰਿਹਾਂ ਏਂ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਪਸ਼ੂਆਂ ਵਾਂਗ ਪੇਟ ਭਰ ਕੇ ਸੌਂ ਰਿਹਾਂ ਏਂ। ਜਦੋਂ ਬੰਦਾ ਝੂਠ ਬੋਲਣ ਦਾ ਆਦੀ ਹੋ ਜਾਏ ਤਾਂ ਉਹ ਜੀਵਨ ਦੇ ਅਸਲੀ ਮਕਸਦ ਨੂੰ ਭੁੱਲ ਜਾਂਦਾ ਹੈ ਦੂਜੀ ਮਿਸਾਲ ਪਸ਼ੂਆਂ ਦੀ ਦਿੱਤੀ ਹੈ। ਪਸ਼ੂ ਲੋੜ ਨਾਲੋਂ ਵੱਧ ਖਾਂਧੇ ਹਨ ਜੇ ਉਹਨਾਂ ਨੂੰ ਖੁਲ੍ਹਾ ਛੱਡ ਦਿਓ ਤਾਂ ਉਹ ਕੀਮਤੀ ਫਸਲਾਂ ਦਾ ਉਝਾੜਾ ਕਰਦੇ ਹਨ। ਗੁਰੂ ਸਾਹਿਬ ਜੀ ਦਾ ਉਪਦੇਸ਼ ਨਾ ਫੜਨ ਕਰਕੇ ਝੂਠ ਦੀ ਆਦਤ ਤੇ ਕਿਰਤ ਦਾ ਭਰੋਸਾ ਛੱਡ ਕੇ ਗਲਤ ਤਰੀਕਿਆਂ ਦਾ ਇਸਤੇਮਾਲ ਕਰਨ ਲੱਗ ਪਿਆਂ ਹੈ। ਤੇਰੇ ਵਿੱਚ ਤੇ ਪਸ਼ੂਆਂ ਵਿੱਚ ਕੋਈ ਅੰਤਰ ਨਹੀਂ ਹੈ। ਗੁਣਹੀਣ ਵਿਆਕਤੀਆਂ ਨਾਲੋਂ ਤਾਂ ਗੁਰਬਾਣੀ ਨੇ ਇੱਕ ਥਾਂ `ਤੇ ਪਸ਼ੂਆਂ ਨੂੰ ਸਲਾਹਿਆ ਹੈ—

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ।।

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ।। ੩।।

ਰਾਗ ਗੂਜਰੀ ਮਹਲਾ ੧ ਪੰਨਾ ੪੮੯

ਅੱਖਰੀਂ ਅਰਥ--ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ। ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ। ੩।

ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦਾ ਕਹਿਣਾ ਨਹੀਂ ਮੰਨਦਾ ਉਹ ਵਿਦਿਆਰਥੀ ਆਪਣੇ ਜੀਵਨ ਵਿੱਚ ਕਦੇ ਸਫਲ ਨਹੀਂ ਹੋ ਸਕਦਾ। ਗੁਰ-ਉਪਦੇਸ਼ ਨਾ ਮੰਨਣ ਕਰਕੇ ਕੇਵਲ ਪੇਟ ਪੂਰਤੀ ਤੀਕ ਹੀ ਬੰਦਾ ਸੀਮਤ ਹੋ ਜਾਂਦਾ ਹੈ ਆਪਣਿਆਂ ਫ਼ਰਜ਼ਾਂ ਦੀ ਪਹਿਚਾਨ ਭੁੱਲ ਜਾਂਦਾ ਹੈ।

ਸ਼ਬਦ ਦੇ ਦੂਜੇ ਬੰਦ ਵਿੱਚ ਗੁਰ-ਉਪਦੇਸ਼ਹੀਣ ਮਨੁੱਖ ਨੂੰ ਵਿਕਿਆ ਹੋਇਆ ਦੱਸਿਆ ਹੈ ---

ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ।।

ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ।। ੨।।

ਹੁਣ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਹਨ ਤਾਂ ਸਿਆਣੇ ਬੰਦੇ ਕਦੇ ਵੀ ਆਪਣੀ ਆਤਮਾ ਨਾਲ ਸਮਝਾਉਤਾ ਨਹੀਂ ਕਰਦੇ ਸਗੋਂ ਆਪਣੀ ਆਤਮਾ ਦੀ ਅਵਾਜ਼ ਸੁਣ ਕੇ ਵੋਟ ਪਉਂਦੇ ਹਨ ਪਰ ਕੁੱਝ ਐਸੇ ਵੀ ਹਨ ਜਿਹੜੇ ਚੰਦ ਟੱਕਿਆਂ ਦੀ ਖਾਤਰ ਆਤਮਾ ਵੇਚ ਕੇ ਆਪਣੀ ਵੋਟ ਦਾ ਮੁੱਲ ਵੱਟ ਲੈਂਦੇ ਹਨ ਜਿਸ ਦਾ ਨਤੀਜਾ ਸਾਰੇ ਸੂਬੇ ਨੂੰ ਭੁਗਤਣਾਂ ਪੈਂਦਾ ਹੈ। ਇਹਨਾਂ ਦੋ ਤੁਕਾਂ ਵਿੱਚ ਚਾਰ ਵਿਚਾਰ ਦਿੱਤੇ ਹਨ ਪਹਿਲਾਂ ਰਾਮ ਭਜਨ ਕੀ ਗਤਿ ਨਹੀਂ ਜਾਨੀ, ਭਾਵ ਜ਼ਿੰਦਗੀ ਦੇ ਮਹੱਤਵ ਨੂੰ ਨਹੀਂ ਸਮਝਿਆ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ, ਆਪਣੀ ਜ਼ਿੰਮੇਵਾਰੀ ਤੋਂ ਭਗੋੜਾ ਹੋ ਗਿਆ। ਦੂਜਾ ਆਪਣੀ ਆਤਮਾ ਨੂੰ ਵੇਚ ਦਿੱਤਾ ਭਾਵ ਸਮਝੋਤਾ ਵਾਦੀ ਹੋ ਗਿਆ ਤੀਜਾ ਮਤ ਮਾਰਨ ਵਾਲੇ ਵਾਧੂ ਦਿਆਂ ਕੰਮਾਂ ਵਿੱਚ ਉਲ਼ਝ ਗਿਆ ਤੇ ਚੌਥਾ ਨਤੀਜਾ ਇਹ ਨਿਕਲਿਆ ਕਿ ਇਹ ਤਿੰਨ ਵਿਚਾਰਾਂ ਵਿੱਚ ਫਸ ਕੇ ਰਹਿਣ ਕਰਕੇ ‘ਨਾਮੁ ਰਤਨੁ` ਨੂੰ ਵਿਸਾਰ ਦਿੱਤਾ ਹੈ। ਇਸ ਦਾ ਮੂਲ ਕਾਰਨ ਹੈ ਕਿ ਇਸ ਨੇ ਗੁਰ ਉਪਦੇਸ਼ ਨੂੰ ਫੜਿਆ ਹੀ ਨਹੀਂ ਹੈ। ਬੰਦੇ ਦਾ ਸੁਭਾਅ ਬਣ ਗਿਆ ਕਿ ਇਹ ਅਸਲੀਅਤ ਨੂੰ ਘੱਟ ਵਿਚਾਰਦਾ ਹੈ। ਘਰ ਪ੍ਰਾਹੁਣੇ ਆਏ ਹੋਣ ਤੇ ਘਰਵਾਲੇ ਨੂੰ ਦੁਕਾਨ ਤੋਂ ਖੰਡ ਲੈਣ ਲਈ ਭੇਜਿਆ ਜਾਏ ਤੇ ਉਹ ਖੰਡ ਲਿਆਉਣ ਦੀ ਬਜਾਏ ਰਾਹ ਵਿੱਚ ਤਾਸ਼ ਖੇਡਣ ਲੱਗ ਜਾਏ। ਬੰਦੇ ਨੂੰ ਪਤਾ ਹੈ ਕਿ ਮੈਂ ਘਰੋਂ ਖੰਡ ਲੈਣ ਲਈ ਆਇਆ ਹਾਂ ਪਰ ਅਸਲੀ ਕੰਮ ਨੂੰ ਵਿਸਾਰ ਕੇ ਤਾਸ਼ ਖੇਡਣ ਲੱਗ ਗਿਆ। ਹਰ ਉਸ ਬੰਦੇ `ਤੇ ਇਹ ਗੱਲ ਢੁੱਕਦੀ ਹੈ ਜਿਹੜਾ ਆਪਣੀ ਜ਼ਿੰਮੇਵਾਰੀ ਵਾਲੀ ਬਿਰਤੀ ਛੱਡ ਕੇ ਹੋਰਨਾਂ ਕੰਮਾਂ ਵਿੱਚ ਲੱਗ ਗਿਆ ਹੈ।

ਸ਼ਬਦ ਦੇ ਅਖੀਰਲੇ ਬੰਦ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ।।

ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ।।

ਬੰਦੇ ਦੀ ਇੱਕ ਬਿਮਾਰੀ ਹੈ ਕਿ ਇਹ ਅਵਸੇਲਾ ਬਹੁਤ ਹੈ। ਆਪਣੇ ਆਪ ਨੂੰ ਸਮੇਂ ਦਾ ਪਾਬੰਧ ਰੱਖਣ ਲਈ ਤਿਆਰ ਨਹੀਂ ਹੈ। ਜਿਹੜਾ ਸਮੇਂ ਦਾ ਪਾਬੰਧ ਨਹੀਂ ਉਹ ਆਪਣਾ ਵਿਅਰਥ ਵਿੱਚ ਸਮਾਂ ਗਵਾ ਲੈਂਦਾ ਹੈ। ‘ਰਹਿਓ ਅਚੇਤੁ` ਸਮੇਂ ਦਾ ਪਾਬੰਧ ਨਹੀਂ ਰਿਹਾ ਹੈ ਹੱਥੋਂ ਸਮਾਂ ਨਿਕਲ ਗਿਆ ਇਸ ‘ਨ ਚੇਤਿਓ ਗੋਬਿੰਦ` ਭਾਵ ਮਿਹਨਤ ਹੀ ਨਹੀਂ ਕੀਤੀ। ‘ਬਿਰਥਾ ਆਉਧ ਸਿਰਾਨੀ` ਵਿਹਲੇ ਬਹਿ ਕੇ ਸਮਾਂ ਗਵਾ ਲਿਆ ਭਾਵ ਸਮੇਂ ਦੀ ਕਦਰ ਨਹੀਂ ਕੀਤੀ। ‘ਹਰਿ ਬਿਰਦੁ ਪਛਾਨਉ` ਰੱਬ ਜੀ ਦਾ ਮੁੱਢ ਕਦੀਮ ਦਾ ਸੁਭਾਅ ਹੈ ਕਿ ਉਹ ਸਦਾ ਹੀ ਪਿਆਰ ਕਰਦਾ ਹੈ ਬੰਦਾ ਹੀ ਭੁੱਲ ਜਾਂਦਾ ਹੈ। ਇਸ ਨੂੰ ਵਰਤਮਾਨ ਜੀਵਨ ਵਿੱਚ ਲੈ ਕੇ ਆਈਏ ਤਾਂ ਸਮਝਿਆ ਜਾ ਸਕਦਾ ਹੈ ਕਿ ਬੰਦੇ ਨੂੰ ਆਪਣੇ ਜੀਵਨ ਵਿੱਚ ਸਮਾਂ ਮਿਲਿਆ ਹੈ ਸਮਾਂ ਬੰਦੇ ਨਾਲ ਪਿਆਰ ਕਰਦਾ ਹੈ ਪਰ ਇਹ ਸੰਭਾਲਣ ਲਈ ਤਿਆਰ ਨਹੀਂ ਹੈ। ਮਨੁੱਖ ਨੂੰ ਭੁੱਲਣ ਦੀ ਆਦਤ ਹੈ। ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਬੰਦਾ ਅਵੇਸਲਾ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਨਹੀਂ ਹੈ ਇਸ ਲਈ ਜ਼ਿੰਦਗੀ ਵਿੱਚ ਮਿਲੇ ਸਮੇਂ ਨੂੰ ਵਿਅਰਥ ਵਿੱਚ ਗਵਾ ਲਿਆ।

੧ ਬਾਹਰਲੇ ਭੇਖ `ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਪਰ ਗੁਰ ਉਪਦੇਸ਼ ਨੂੰ ਫੜਨ ਲਈ ਤਿਆਰ ਨਹੀਂ ਹਾਂ।

੨ ਸੱਚ ਨੂੰ ਛੱਡ ਕੇ ਝੂਠ ਦੇ ਪਿੱਛੇ ਲੱਗੇ ਹੋਏ ਹਾਂ। ਧਰਮ ਦੀ ਕਿਰਤ ਛੱਡ ਕੇ ਦੂਜਿਆਂ ਦਾ ਹੱਕ ਖੋਹ ਕੇ ਪਸ਼ੂਆਂ ਵਾਂਗੂ ਵਾਧੂ ਦਾ ਖਾ ਖਾ ਪੇਟ ਭਰ ਰਹੇ ਹਾਂ।

੩ ਰੱਬੀ ਗੁਣਾਂ ਦੀ ਸਾਰ ਨਹੀਂ ਜਾਣੀ ਵਿਕਾਰਾਂ ਵਾਲੇ ਕੰਮਾਂ ਨੂੰ ਤਰਜੀਹ ਦੇ ਰਿਹਾ ਹੈ। ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜਿਆ ਹੋਇਆ ਹੈ।

੪ ਮਲੋਮੱਲੀ ਅਵੇਸਲਾ ਹੋਇਆ ਹੈ। ਮਿਲੇ ਹੋਏ ਸਮੇਂ ਦਾ ਕੋਈ ਲਾਭ ਨਹੀਂ ਉਠਾਇਆ। ਜਾਣ ਬੁਝ ਕੇ ਭੁੱਲਾ ਹੋਇਆ ਹੈ।




.