ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ
ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ
ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ
ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ
ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ
ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ
ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ
ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ
ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1.
ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ
ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ
ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।
============
(ਛ) ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ।।
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਣ ਕੀ ਆਸ।। ੯੧।।
(ਸਲੋਕ ਸੇਖ ਫਰੀਦ ਜੀ -੧੩੮੨)
ਵਿਚਾਰ- ਬਾਬਾ ਫਰੀਦ ਜੀ ਦਾ ਉਚਾਰਣ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ ਇਹ ਸਲੋਕ ਬਹੁਤ ਸਾਰੀਆਂ ਥਾਵਾਂ ਤੇ ਤਸਵੀਰਾਂ/ ਬੁੱਤਾਂ ਆਦਿ ਦੇ ਰੂਪ ਚਿਤਰਨ
ਕੀਤਾ ਹੋਇਆ ਮਿਲਦਾ ਹੈ। ਜਿਸ ਦੁਆਰਾ ਇਹ ਦਰਸਾਇਆ ਜਾ ਰਿਹਾ ਹੁੰਦਾ ਹੈ ਕਿ ਬਾਬਾ ਫਰੀਦ ਜੀ ਬਿਰਧ
ਆਰਜਾ ਵਿੱਚ ਅਧ ਲੰਮੇ ਪਈ ਅਵਸਥਾ ਵਿੱਚ ਕੂਹਣੀ ਦੇ ਭਾਰ ਹੋ ਕੇ ਆਪਣੇ ਹੱਥ ਦੀਆਂ ਉਂਗਲਾਂ ਆਪਣੀਆਂ
ਸਰੀਰਕ ਅੱਖਾਂ ਵੱਲ ਕਰਕੇ ਸਾਹਮਣੇ ਸੁੱਕੇ ਦਰਖਤ ਉਪਰ ਬੈਠੇ ਹੋਏ ਕਾਂ ਨੂੰ ਆਖ ਰਹੇ ਹਨ ਕਿ ਹੇ ਕਾਂ!
ਤੂੰ ਮੇਰੇ ਸਰੀਰ ਦਾ ਮਾਸ ਵੱਖ-ਵੱਖ ਥਾਵਾਂ ਤੋਂ ਚੂੰਢ-ਚੂੰਢ ਕੇ ਖਾ ਲਿਆ ਹੈ ਪਰ ਮੇਰੇ ਇਨ੍ਹਾਂ ਦੋ
ਨੈਣਾਂ (ਅੱਖਾਂ) ਨੂੰ ਅਜੇ ਠੂੰਗੇ ਮਾਰ ਕੇ ਨਾ ਖਾਵੀਂ ਕਿਉਂਕਿ ਮੇਰੇ ਮਨ ਵਿੱਚ ਅਜੇ ਪ੍ਰੀਤਮ ਨੂੰ
ਮਿਲਣ ਦੀ ਤੜਪ ਬਾਕੀ ਹੈ, ਅਜੇ ਮੈਂ ਉਸ ਦਾ ਦੀਦਾਰ ਨਹੀਂ ਕੀਤਾ, ਜੇ ਤੂੰ ਮੇਰੀਆਂ ਅੱਖਾਂ ਠੂੰਗੇ
ਮਾਰ ਕੇ ਖਰਾਬ ਕਰ ਦਿੱਤੀਆਂ ਤਾਂ ਮੈਂ ਆਪਣੇ ਪਿਆਰੇ ਪ੍ਰਮੇਸ਼ਰ ਜਿਸ ਦੇ ਦਰਸ਼ਨਾਂ ਦੀ ਆਸ ਵਿੱਚ ਮੈਂ
ਬੰਦਗੀ ਕਰਦਾ ਹੋਇਆ ਸਰੀਰਕ ਤੌਰ ਤੇ ਸੁੱਕਾ ਪਿੰਜਰ ਬਣ ਗਿਆ ਹਾਂ, ਉਸ ਦਾ ਦੀਦਾਰ ਕਿਵੇਂ ਕਰਾਂਗਾ?
ਸਿੱਖ ਪੰਥ ਦੀ ਸਿਰਮੌਰ ਜਥੇਬੰਦੀ
ਵਲੋਂ ਸਿੱਖ ਧਰਮ ਦੇ ਸਭ ਤੋਂ ਪ੍ਰਮੁੱਖ ਇਤਿਹਾਸਕ ਕੇਂਦਰੀ
ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਵੀ ਇਹੀ
ਤਸਵੀਰ ਲੱਗੀ ਮਿਲਦੀ ਹੈ ਅਤੇ ਉਸ ਤਸਵੀਰ ਦੇ ਥੱਲੇ ਵਿਸ਼ਾ ਅਧੀਨ ਸਲੋਕ ਵੀ ਲਿਖਿਆ ਹੋਇਆ ਹੈ।
ਵਿਚਾਰਣ ਵਾਲਾ ਪੱਖ ਇਹ ਹੈ ਕਿ ਇਸ ਸਲੋਕ ਨੂੰ ਬਿਨਾਂ ਅਰਥ ਭਾਵ ਵਿਚਾਰੇ
ਕੇਵਲ ਸ਼ਾਬਦਿਕ ਅਰਥਾਂ ਵਿੱਚ ਹੀ ਵਰਤੋਂ ਕੀਤੀ ਜਾ ਰਹੀ ਹੈ। ਐਸੀਆਂ ਤਸਵੀਰਾਂ/ ਬੁੱਤਾਂ ਨੂੰ ਵੇਖ ਕੇ
ਆਮ ਪੱਧਰ ਦੇ ਸ਼ਰਧਾਲੂ ਕੀ ਸਿਖਿਆ ਲੈ ਕੇ ਜਾਣਗੇ, ਇਸ ਪਾਸੇ ਕੌਣ ਸੋਚੇਗਾ?
ਪ੍ਰਮੇਸ਼ਰ ਦੇ ਦੀਦਾਰ ਨਾਲ ਸਬੰਧਿਤ ਵਿਸ਼ੇ ਉਪਰ ਗੁਰਮਤਿ ਸਿਧਾਂਤਾਂ ਦੀ ਜਦੋਂ
ਪੜਚੋਲ ਕਰਦੇ ਹੋਏ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਤਾਂ ਤਸਵੀਰ ਕੁੱਝ ਹੋਰ ਹੀ ਸਾਹਮਣੇ ਆਵੇਗੀ।
ਗੁਰਮਤਿ ਵਿੱਚ ਪ੍ਰਮੇਸ਼ਰ ਦੇ ਦੀਦਾਰ ਨੂੰ ਇਨ੍ਹਾਂ ਸਰੀਰਕ ਅੱਖਾਂ ਦੁਆਰਾ ਕਰਨ ਦੀ ਥਾਂ ਹਿਰਦੇ ਰੂਪੀ
ਅੱਖਾਂ ਦੀ ਗੱਲ ਕੀਤੀ ਗਈ ਹੈ-
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ।।
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ।।
(ਮਾਰੂ ਡਖਣੇ ਮਹਲਾ ੫-੧੦੯੯)
ਅਰਥ- ਜਿਉਂ ਜਿਉਂ ਮੈਂ ਇਨ੍ਹਾਂ ਅੱਖਾਂ ਨਾਲ ਨਿਰੇ ਜਗਤ ਨੂੰ ਭਾਵ
ਦੁਨੀਆਂ ਦੇ ਪਦਾਰਥਾਂ ਨੂੰ ਤੱਕਦਾ ਹਾਂ, ਇਨ੍ਹਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਬਹੁਤ ਵੱਧਦੀ
ਜਾਂਦੀ ਹੈ, ਲਾਲਸਾ ਮੁੱਕਦੀ ਨਹੀਂ। ਹੇ ਨਾਨਕ! ਤ੍ਰਿਸ਼ਨਾ ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿਸ
ਨਹੀਂ ਸਕਦਾ। ਉਹ ਅੱਖਾਂ ਹੋਰ ਕਿਸਮ ਦੀਆਂ ਹਨ ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿਸਦਾ ਹੈ।
ਗੁਰਬਾਣੀ ਤੋਂ ਸੇਧ ਲੈਂਦੇ ਹੋਏ ਲਈ ਸਹੀ ਭਾਵ ਅਰਥ ਵਾਲੀ ਵਿਚਾਰ ਤਕ ਪਹੁੰਚਣ
ਹਿਤ ਸਾਨੂੰ ਗੁਰਬਾਣੀ ਅੰਦਰ ਵਰਤੇ ਗਏ ਅਲੰਕਾਰਕ ਪੱਖ ਦੀ ਸੋਝੀ ਹੋਣੀ ਵੀ ਜ਼ਰੂਰੀ ਹੈ। ਜਿਵੇਂ ਕਿਸੇ
ਮਨੁੱਖ ਨੂੰ ਸ਼ੇਰ ਨਾਲ ਤੁਲਨਾ ਦੇਣ ਦਾ ਸ਼ਾਬਦਿਕ ਅਰਥ ਤਾਂ ਜਾਨਵਰ ਆਖਦੇ ਹੋਏ ਉਸਦੀ ਬੇਇਜਤੀ ਕਰਨਾ ਹੈ
ਪਰ ਭਾਵ ਅਰਥ ਵਿੱਚ ਵੇਖੀਏ ਤਾਂ ਇਸ ਤੁਲਨਾ ਦਾ ਅਰਥ ਉਸ ਦੇ ਬਹਾਦਰੀ ਵਾਲੇ ਗੁਣ ਦੀ ਤਾਰੀਫ ਕਰਨਾ
ਹੈ। ਇਸੇ ਤਰਾਂ ਕਿਸੇ ਨੂੰ ਗਿੱਦੜ ਨਾਲ ਤੁਲਨਾ ਦੇਣਾ ਦਾ ਭਾਵ ਅਰਥ ਉਸ ਮਨੁੱਖ ਦੇ ਡਰਪੋਕਤਾ ਵਾਲੇ
ਪੱਖ ਦੀ ਗੱਲ ਕਰਨਾ ਹੁੰਦਾ ਹੈ। ਇਸ ਪੱਖ ਨੂੰ ਹੋਰ ਸਪਸ਼ਟ ਕਰਨ ਲਈ ਗੁਰੂ ਨਾਨਕ ਸਾਹਿਬ ਵਲੋਂ ਉਚਾਰਣ
ਕੀਤੇ ਗਏ ਸਲੋਕ (ਵਾਰ ਸਿਰੀਰਾਗੁ ਦੀ ਪਉੜੀ ਨੰ. 20 ਨਾਲ ਦਰਜ-ਇਹੀ ਸਲੋਕ ਭਗਤ ਫਰੀਦ ਜੀ ਦੇ ਸਲੋਕਾਂ
ਦੇ ਸੰਗ੍ਰਹਿ ਵਿੱਚ ਥੋੜੇ ਅੰਤਰ ਨਾਲ ਸਲੋਕ ਨੰ. 124 ਵਜੋਂ ਵੀ ਦਰਜ ਹੈ) ਨੂੰ ਸਾਹਮਣੇ ਰੱਖਣਾ
ਲਾਹੇਵੰਦ ਰਹੇਗਾ-
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ।।
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ।।
(ਵਾਰ ਸਿਰੀਰਾਗੁ- ਮਹਲਾ ੧-੯੧)
ਅਰਥ- ਜਿਸ ਵੱਲ ਪ੍ਰਭੂ ਪਿਆਰ ਨਾਲ ਤੱਕੇ, ਉਸ ਦਾ ਬਗੁਲਾਪਨ ਭਾਵ ਪਾਖੰਡ
ਦੂਰ ਹੋਣਾ ਕੀਹ ਔਖਾ ਹੈ ਤੇ ਉਸ ਦਾ ਹੰਸ, ਭਾਵ ਉਜੱਲ ਮਤ ਬਣਨਾ ਕੀ ਮੁਸ਼ਕਿਲ ਹੈ। ਹੇ ਨਾਨਕ! ਜੇ
ਪ੍ਰਭੂ ਚਾਹੇ ਤਾਂ ਉਹ ਬਾਹਰੋਂ ਚੰਗੇ ਦਿਸਣ ਵਾਲੇ ਨੂੰ ਤਾਂ ਕਿਤੇ ਰਿਹਾ, ਕਾਂ ਨੂੰ ਭੀ ਭਾਵ ਅੰਦਰੋਂ
ਗੰਦੇ ਆਚਰਣ ਵਾਲੇ ਨੂੰ ਭੀ ਉੱਜਲ ਬੁੱਧ ਹੰਸ ਬਣਾ ਦਿੰਦਾ ਹੈ।
ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਚਾਰਣ ਕੀਤੇ ਹੋਏ ਉਪਰੋਕਤ ਸਲੋਕ ਨੂੰ
ਕੇਵਲ ਸ਼ਾਬਦਿਕ ਅਰਥਾਂ ਤੱਕ ਹੀ ਸੀਮਿਤ ਰੱਖ ਕੇ ਵੇਖਣ ਦਾ ਯਤਨ ਕਰਾਂਗੇ ਤਾਂ ਸਾਡੇ ਸਾਹਮਣੇ ਇੱਕ
ਸਮੱਸਿਆ ਖੜੀ ਹੋ ਜਾਵੇਗੀ ਕਿ ਅੱਜ ਤੱਕ ਕਦੀ ਵੀ, ਕਿਸੇ ਵੀ ਤਰਾਂ ਕਾਂ ਪੰਛੀ ਹੰਸ ਨਹੀਂ ਬਣ ਸਕਿਆ
ਅਤੇ ਨਾਂ ਹੀ ਬਣੇਗਾ। ਕਿਉਂਕਿ ਪ੍ਰਮੇਸ਼ਰ ਦੇ ਬਣਾਏ ਹੋਏ ਵਿਧੀ ਵਿਧਾਨ ਅਨੁਸਾਰ ਜੋ ਜੀਵ ਜਿਸ ਵੀ ਜੂਨ
ਵਿੱਚ ਪੈਦਾ ਹੋਇਆ ਹੈ, ਸਾਰਾ ਜੀਵਨ ਉਸੇ ਹੀ ਜੂਨ ਵਿੱਚ ਬਤੀਤ ਕਰਦਾ ਹੋਇਆ ਅੰਤ ਮੌਤ ਦੇ ਅਧੀਨ ਹੋ
ਕੇ ਖਤਮ ਹੋ ਜਾਵੇਗਾ। ਪ੍ਰਮੇਸ਼ਰ ਦੇ ਬਣਾਏ ਇਸ ਨਿਯਮ ਨੂੰ ਬਦਲਣ ਦੀ ਸਮਰੱਥਾ ਕਿਸੇ ਕੋਲ ਵੀ ਨਹੀਂ
ਹੈ। ਗੁਰਮਤਿ ਵਿਚਾਰਧਾਰਾ ਤਾਂ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ` (੧) ਦਾ ਸਿਧਾਂਤ
ਦਿੰਦੀ ਹੈ।
ਠੀਕ ਇਸੇ ਹੀ ਵਿਧੀ ਵਿਧਾਨ ਦੇ ਅਧੀਨ ਬਾਬਾ ਫਰੀਦ ਜੀ ਦੇ ਵਿਸ਼ਾ ਅਧੀਨ ਸਲੋਕ
ਨੰ. 91 ਅਤੇ ਇਸੇ ਹੀ ਵਿਸ਼ੇ ਨਾਲ ਸਬੰਧਿਤ ਸਲੋਕ ਨੰਬਰ 90 ਅਤੇ 92 ਨੂੰ ਵੀ ਨਾਲ-ਨਾਲ ਵਿਚਾਰਣ ਤੇ
ਵਿਸ਼ਾ ਸਪਸ਼ਟ ਹੋ ਜਾਵੇਗਾ-
ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ।।
ਅਜੈ ਸੁ ਰਬੁ ਨ ਬਾਹੁੜਿਓ ਦੇਖ ਬੰਦੇ ਕੇ ਭਾਗ।। ੯੦।।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸ।।
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਣ ਕੀ ਆਸ।। ੯੧।।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ।।
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ।। ੯੨।।
(ਸਲੋਕ ਸੇਖ ਫਰੀਦ ਜੀ-੧੩੮੨)
ਅਰਥ- ਹੇ ਫਰੀਦ! ਇਹ ਭੌਂਕਾ ਸਰੀਰ ਵਿਸ਼ੇ ਵਿਕਾਰਾਂ ਵਿੱਚ ਪੈ-ਪੈ ਕੇ
ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਫਿਰ ਭੀ ਇਹ ਕਾਂ ਇਸ ਦੀਆਂ ਤਲੀਆਂ ਨੂੰ
ਠੂੰਗੇ ਮਾਰੀ ਜਾ ਰਹੇ ਹਨ। ਭਾਵ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਦੇ ਮਨ ਨੂੰ
ਚੋਭਾਂ ਲਾਈ ਜਾ ਰਹੇ ਹਨ। ਵੇਖੋ ਵਿਕਾਰਾਂ ਵਿੱਚ ਪਏ ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ
ਜਦੋਂ ਕਿ ਇਸ ਦਾ ਸਰੀਰ ਦੁਨੀਆਂ ਦੇ ਵਿਸ਼ੇ ਭੋਗ-ਭੋਗ ਕੇ ਆਪਣੀ ਸੱਤਿਆ ਵੀ ਗਵਾ ਬੈਠਾ ਹੈ, ਰੱਬ ਇਸ
ਤੇ ਤੁੱਠਾ ਨਹੀਂ ਭਾਵ ਇਸ ਦੀ ਝਾਕ ਮਿਟੀ ਨਹੀਂ।। ੯੦।।
ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ ਅਤੇ ਸਾਰਾ ਮਾਸ ਖਾ ਲਿਆ ਹੈ। ਭਾਵ
ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਅੱਤ ਲਿੱਸੇ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ
ਰਹੇ ਹਨ। ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਨ੍ਹਾਂ ਨੇ ਖਿਚ ਲਈ ਹੈ। ਰੱਬ ਕਰਕੇ ਕੋਈ ਵਿਕਾਰ
ਮੇਰੀਆਂ ਅੱਖਾਂ ਨੂੰ ਨਾਹ ਛੇੜੇ, ਇਨ੍ਹਾਂ ਵਿੱਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ
ਰਹੇ।। ੯੧।।
ਹੇ ਕਾਂ! ਮੇਰਾ ਪਿੰਜਰ ਨਾਂਹ ਠੂੰਗ, ਜੇ ਤੇਰੇ ਵੱਸ ਵਿੱਚ ਇਹ ਗੱਲ ਹੈ ਤਾਂ
ਇਥੋਂ ਉੱਡ ਜਾਹ। ਜਿਸ ਸਰੀਰ ਵਿੱਚ ਮੇਰਾ ਖਸਮ ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਂਹ ਖਾਹ।
ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ ਤੇ ਜਾਹ
ਖਲਾਸੀ ਕਰ। ਇਸ ਸਰੀਰ ਵਿੱਚ ਤਾਂ ਖਸਮ ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਵਿਸ਼ੇ ਭੋਗਾਂ ਵੱਲ
ਪ੍ਰੇਰਨ ਦਾ ਜਤਨ ਨਾਂਹ ਕਰ।। ੯੨।।
ਉਪਰੋਕਤ ਤਿੰਨੇ ਸਲੋਕਾਂ ਦੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਕਾਂ
ਰੂਪੀ ਪੰਛੀ ਦ੍ਰਿਸ਼ਟਾਂਤ ਵਿਸ਼ੇ ਵਿਕਾਰਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਕਿ ਦੁਨਿਆਵੀ ਪਦਾਰਥਾਂ
ਦੇ ਚਸਕੇ ਜੋ ਵਿਸ਼ੇ ਵਿਕਾਰ ਬਣ ਕੇ ਜੀਵਨ ਨੂੰ ਬਰਬਾਦ ਕਰਦੇ ਹਨ। ਉਨ੍ਹਾਂ ਤੋਂ ਬਚਣ ਲਈ ਗੁਰੂ ਦੀ
ਸ਼ਰਨ, ਭਾਵ ਗੁਰੂ ਦੇ ਸੱਚੇ-ਸੁੱਚੇ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਜ਼ਰੂਰਤ ਹੈ ਤਾਂ ਹੀ ਅਸੀਂ
ਪ੍ਰਮੇਸ਼ਰ ਮਿਲਾਪ ਰੂਪੀ ਪ੍ਰਾਪਤੀ ਕਰਨ ਦੇ ਸਮਰੱਥ ਬਣ ਸਕਾਂਗੇ।
--------
ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ
ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ
ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ
ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ
ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ
ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ
ਸਕਾਂਗੇ।
============
(ਚਲਦਾ … …)
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)