ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ
ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ
ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ
ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ
ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ
ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ
ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ
ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ
ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1.
ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ
ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ
ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।
============
(ਜ) ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ।।
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ।।
(ਮਲਾਰ ਮਹਲਾ ੫ -੧੨੬੬)
ਵਿਚਾਰ- ਇਹ ਗੁਰਬਾਣੀ ਫੁਰਮਾਣ ਮਲਾਰ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ
ਜੀ ਵਲੋਂ ਉਚਾਰਣ ਕੀਤੇ ਗਏ ਸ਼ਬਦ ਦਾ ਦੂਸਰਾ ਪਦਾ ਹੈ। ਇਸ ਪਦੇ ਦੀ ਵਰਤੋਂ ਅਕਸਰ ਹੀ ਕਈ ਸੰਪਰਦਾਵਾਂ
ਨੂੰ ਮੰਨਣ ਵਾਲੇ ਸਿੱਖਾਂ ਵਲੋਂ ਜਾਣੇ-ਅਣਜਾਣੇ ਵਿੱਚ ਕੜਾਹ ਪ੍ਰਸਾਦ/ ਗੁਰੂ ਕੇ ਲੰਗਰ/ਭੋਜਨ ਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਦੇ ਹੋਏ ਪ੍ਰਵਾਨਗੀ ਹਿਤ ਕੀਤੀ ਜਾਂਦੀ ਹੈ।
ਇਨ੍ਹਾਂ ਤੁਕਾਂ ਨੂੰ ਇਸ ਭਾਵ-ਅਰਥ ਵਿੱਚ ਵਰਤਿਆ ਜਾਂਦਾ ਹੈ ਕਿ ਹੇ ਸਤਿਗੁਰੂ ਜੀਓ! ਅਸੀਂ ਬੜੀ
ਸੁੱਚਮਤਾ ਦੇ ਨਾਲ ਕੜਾਹ ਪ੍ਰਸਾਦ/ਭੋਜਨ/ਲੰਗਰ ਤਿਆਰ ਕਰਕੇ ਆਪ ਜੀ ਲਈ ਲਿਆ ਕੇ ਆਪ ਦੇ ਸਨਮੁੱਖ ਥਾਲ
ਵਿੱਚ ਸਜਾ ਕੇ ਰੱਖਿਆ ਹੈ, ਹੁਣ ਕ੍ਰਿਪਾ ਕਰਕੇ ਇਸ ਨੂੰ ਤੁਸੀਂ ਆਪਣਾ ਭੋਗ ਲਗਾ ਕੇ ਪ੍ਰਵਾਨਗੀ ਦਿਉ
ਜੀ।
ਇਸੇ ਤਰਾਂ ਦੀ ਭਾਵਨਾ ਵਿੱਚ ਹੀ ਕਈ ਸਿੱਖਾਂ ਵਲੋਂ ਭੋਜਨ ਛੱਕਣ ਤੋਂ ਪਹਿਲਾਂ
ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਸਲੋਕ ਵੀ ਵਰਤਿਆ ਜਾਂਦਾ ਹੈ ਅਤੇ ਉਥੇ ‘ਪ੍ਰਸਾਦੁ` ਸ਼ਬਦ
ਨੂੰ ਭੋਜਨ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ, ਪ੍ਰੰਤੂ ਪੂਰੇ ਸਲੋਕ ਵਿੱਚ ਜੀਵਨ ਨੂੰ ਬਰਬਾਦ
ਕਰਨ ਵਾਲੇ ਪੰਜ ਵਿਕਾਰਾਂ ਦੇ ਜ਼ਿਕਰ ਵੱਲ ਧਿਆਨ ਹੀ ਨਹੀਂ ਦਿਤਾ ਜਾਂਦਾ। ਇਸ ਸਲੋਕ ਵਿੱਚ ਤਾਂ ‘ਪ੍ਰਸਾਦੁ`
ਸ਼ਬਦ ਦਾ ਅਰਥ ਭੋਜਨ ਦੇ ਅਰਥਾਂ ਵਿੱਚ ਕਰਨਾ ਕਦਾਚਿਤ ਵੀ ਯੋਗ ਨਹੀਂ ਹੈ, ਸਗੋਂ ਇਥੇ ਤਾਂ ‘ਪ੍ਰਸਾਦੁ`
ਸ਼ਬਦ ਕ੍ਰਿਪਾ/ ਮੇਹਰ ਦੀ ਮੰਗ ਦੇ ਅਰਥਾਂ ਵਿੱਚ ਹੈ। ਪੂਰਾ ਸਲੋਕ ਇਸ ਤਰਾਂ ਹੈ-
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ।।
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ।।
(ਗਉੜੀ ਸੁਖਮਨੀ ਮਹਲਾ ੫- ਸਲੋਕ -੨੬੯)
ਅਰਥ- ਮੇਰਾ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਵੇ। ਹੇ
ਨਾਨਕ! ਬੇਨਤੀ ਕਰ ਤੇ ਆਖ
ਹੇ ਗੁਰਦੇਵ! ਹੇ ਪ੍ਰਭੂ! ਮੈਂ ਸ਼ਰਨ ਆਇਆ ਹਾਂ। ਮੇਰੇ ਉੱਤੇ ਮੇਹਰ ਕਰ।
ਜਿਥੋਂ ਤਕ ਭੋਗ ਲਵਾਉਣ ਵਾਲੀ ਕ੍ਰਿਆ ਦਾ ਸਬੰਧ ਹੈ ਇਸ ਦਾ ਗੁਰਮਤਿ ਨਾਲ ਕੋਈ
ਸਬੰਧ ਨਹੀਂ ਹੈ। ਇਹ ਸਨਾਤਨ ਮੱਤ ਨਾਲ ਸਬੰਧਿਤ ਧਾਰਮਿਕ ਕ੍ਰਿਆ ਹੈ ਜਿਸ ਅਨੁਸਾਰ ਧਰਮ ਮੰਦਿਰ ਦਾ
ਪੁਜਾਰੀ ਥਾਲ ਵਿੱਚ ਭੋਜਨ ਪਰੋਸ ਕੇ ਮੂਰਤੀ ਦੇ ਸਾਹਮਣੇ ਪ੍ਰਵਾਨਗੀ ਲੈਣ ਲਈ ਭੋਜਨ ਦਾ ਕੁੱਝ
ਨਾ-ਮਾਤਰ ਹਿੱਸਾ ਮੂਰਤੀ ਦੇ ਮੂੰਹ ਨੂੰ ਲਾ ਕੇ ਭੋਗ ਲਵਾਉਂਦਾ ਹੋਇਆ ਮੰਤ੍ਰਾਂ ਦਾ ਜਾਪ ਕਰਦਾ ਹੈ।
ਇਸ ਕ੍ਰਿਆ ਦੁਆਰਾ ਉਸ ਵਲੋਂ ਅਤੇ ਸਰਧਾਲੂਆਂ ਵਲੋਂ ਸਮਝ ਲਿਆ ਜਾਂਦਾ ਹੈ ਕਿ ਮੂਰਤੀ ਵਲੋਂ ਭੋਗ ਲਾ
ਕੇ ਪ੍ਰਵਾਨਗੀ ਦੇ ਦਿਤੀ ਗਈ ਹੈ। ਇਸ ਵਿਸ਼ੇ ਉਪਰ ਗੁਰਬਾਣੀ ਅੰਦਰ ਭਗਤ ਕਬੀਰ ਜੀ ਬਹੁਤ ਸੁੰਦਰ ਤਰੀਕੇ
ਨਾਲ ਸਪਸ਼ਟ ਕਰਦੇ ਹਨ-
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ।।
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ।।
(ਆਸਾ-ਭਗਤ ਕਬੀਰ ਜੀ-੪੭੯)
ਅਰਥ- ਭਾਤ (ਭੱਤ, ਚੌਲ) , ਪਹਿਤਿ (ਦਾਲ), ਲਾਪਸੀ (ਲੱਪੀ, ਪਤਲਾ
ਕੜਾਹ) ਕਰਕਰਾ ਕਾਸਾਰੁ (ਖਸਤਾ ਪੰਜੀਰੀ)
ਤਾਂ ਛਕਣ ਵਾਲਾ ਪੁਜਾਰੀ ਹੀ ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿੱਚ
ਕੁੱਝ ਭੀ ਨਹੀਂ ਪੈਂਦਾ, ਕਿਉਂਕਿ
ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇ?
ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਦੀ ਭਾਵ ਅਰਥਕ ਵਿਚਾਰ ਨੂੰ ਸੁਖੈਨ ਢੰਗ ਨਾਲ
ਸਮਝਣ ਲਈ ਰਾਗ ਟੋਡੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਣ ਕੀਤੇ ਗਏ ਸ਼ਬਦ
ਵਿੱਚ ਦਿਤੀਆਂ ਗਈਆਂ ਵੱਖ-ਵੱਖ ਉਦਾਹਰਣਾਂ
ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮਨੁੱਖ ਦਾ ਇਸ ਸੰਸਾਰ ਵਿੱਚ ਆਉਣ ਦਾ ਮਨੋਰਥ ਵਿਅਰਥ ਕਿਵੇਂ ਹੋ ਜਾਂਦਾ
ਹੈ। ਇਸ ਸ਼ਬਦ ਦੇ ਦੂਜੇ ਪਦੇ ਅੰਦਰ ਪੰਚਮ ਪਾਤਸ਼ਾਹ ਨੇ ਇੱਕ ਸੁਹਾਗਣ ਇਸਤਰੀ ਦਾ ਦ੍ਰਿਸ਼ਟਾਂਤ ਲਿਆ ਹੈ
ਕਿ ਉਹ ਆਪਣੇ ਪਰਦੇਸ/ ਦੂਰ ਗਏ ਪਤੀ ਦਾ ਘਰ ਵਾਪਸ ਆਉਣਾ ਸੁਣ ਕੇ ਖੁਸ਼ੀ ਵਿੱਚ ਖੀਵੀ ਹੋਈ ਪਤੀ ਦੀ
ਪ੍ਰਸੰਨਤਾ ਹਾਸਲ ਕਰਨ ਲਈ ਕਈ ਤਰਾਂ ਦੇ ਯਤਨ ਕਰਦੀ ਹੈ, ਜਿਸ ਵਿਚੋਂ ਇੱਕ ਯਤਨ ਵਧੀਆ ਹਾਰ ਸ਼ਿੰਗਾਰ
ਕਰਕੇ ਬਹੁਤ ਵਧੀਆ ਸੇਜਾ ਵਿਛਾਉਣਾ ਵੀ ਹੁੰਦਾ ਹੈ। ਉਸ ਸੁਹਾਗਣ ਦਾ ਚਾਅ ਝੱਲਿਆ ਨਹੀਂ ਜਾਂਦਾ, ਉਹ
ਘਰ ਦੇ ਹਰੇਕ ਕੰਮ ਨੂੰ ਭੱਜ-ਭੱਜ ਕੇ ਬੜੇ ਚਾਵਾਂ ਨਾਲ ਕਰਦੀ ਹੈ, ਇਸ ਸਭ ਕੁੱਝ ਦੇ ਪਿਛੋਕੜ ਵਿੱਚ
ਉਸ ਦੇ ਪਤੀ ਨਾਲ ਹੋਣ ਵਾਲੇ ਮਿਲਾਪ ਦੀ ਖੁਸ਼ੀ ਹੈ। ਪਰ ਕੁੱਝ ਸਮੇਂ ਬਾਦ ਅਗਲਾ ਸੰਦੇਸ਼ ਆਉਂਦਾ ਹੈ ਕਿ
ਕਿਸੇ ਕਾਰਣ ਪਤੀ ਨਹੀਂ ਆ ਰਿਹਾ। ਹੁਣ ਉਸਦੇ ਚਾਅ ਮਲਾਰ ਸਭ ਫਿੱਕੇ, ਨੀਰਸ, ਬੋਝ ਬਣ ਜਾਂਦੇ ਹਨ।
ਜਿਹੜੇ ਹਾਰ ਸ਼ਿੰਗਾਰ ਨੂੰ ਬੜੇ ਖੁਸ਼ੀ ਭਰਪੂਰ ਅਨੰਦ ਨਾਲ ਪਹਿਨਿਆ ਸੀ, ਹੁਣ ਉਹ ਉਸਨੂੰ ਭਾਰਾ ਅਤੇ
ਦੁਖਦਾਈ ਲੱਗਣ ਲੱਗ ਪੈਂਦਾ ਹੈ, ਸਵਾਰੀ ਹੋਈ ਸੇਜਾ ਵੀ ਚੰਗੀ ਨਹੀਂ ਲੱਗਦੀ। ਉਹ ਹੁਣ ਬੇ-ਦਿਲ ਹੋਏ
ਮਨ ਨਾਲ ਸਾਰੇ ਹਾਰ ਸ਼ਿੰਗਾਰ ਲਾਹ ਕੇ ਸੁੱਟੀ ਜਾਂਦੀ ਹੈ, ਵਿਛਾਈ ਹੋਈ ਸੇਜਾ ਵੀ ਚੁੱਕ ਦਿੰਦੀ ਹੈ
ਅਤੇ ਬਹੁਤ ਹੀ ਦੁਖੀ ਹੋ ਕੇ ਬੀਮਾਰਾਂ ਵਾਂਗ ਮੰਜੇ ਤੇ ਢਹਿ ਪੈਂਦੀ ਹੈ। ਵਿਚਾਰਣ ਵਾਲਾ ਪੱਖ ਹੈ ਕਿ
ਇਸ ਸਾਰੇ ਘਟਨਾਕ੍ਰਮ ਵਿੱਚ ਤਬਦੀਲ ਕੀ ਹੋਇਆ, ਸਿਰਫ ਇੰਨਾਂ ਹੀ ਕਿ ਪਤੀ ਦਾ ਆਉਣਾ ਖੁਸ਼ੀ ਦਾ ਸਬੱਬ
ਸੀ, ਨਾ ਆਉਣਾ ਦੁੱਖ ਦਾ ਕਾਰਣ ਬਣ ਗਿਆ।
ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ।।
ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ।।
(ਟੋਡੀ ਮਹਲਾ ੫-੭੧੨)
ਅਰਥ- ਆਤਮਕ ਜੀਵਨ ਦੀ ਸੂਝ ਤੋਂ ਬਿਨਾਂ ਮਨੁੱਖ ਇਉਂ ਹੀ ਹੈ ਜਿਵੇਂ ਕੋਈ
ਇਸਤ੍ਰੀ ਆਭਰਣ (ਗਹਿਣੇ) ਪਾ ਕੇ ਆਪਣੀ ਸੇਜ ਸਵਾਰਦੀ ਹੈ, ਸੁੰਦਰਤਾ ਦਾ ਆਡੰਬਰ ਕਰਦੀ ਹੈ। ਪਰ ਉਸ
ਨੂੰ ਆਪਣੇ ਖਸਮ ਦਾ ਮਿਲਾਪ
ਹਾਸਲ ਨਹੀਂ ਹੁੰਦਾ। ਉਨ੍ਹਾਂ ਗਹਿਣਿਆਂ ਆਦਿ ਨੂੰ ਵੇਖ-ਵੇਖ ਕੇ ਉਸ ਨੂੰ
ਸਗੋਂ ਦੁੱਖ ਪ੍ਰਤੀਤ ਹੁੰਦਾ ਹੈ।
ਇਸ ਵਿਸ਼ੇ ਦੇ ਸਬੰਧ ਵਿੱਚ ਦਾਸ ਨਾਲ ਹੱਡ -ਬੀਤੀ ਘਟਨਾ ਨੂੰ ਦ੍ਰਿਸ਼ਟੀਗੋਚਰ
ਕਰਨਾ ਲਾਹੇਵੰਦ ਰਹੇਗਾ।। ਇੱਕ ਗੁਰਦੁਆਰਾ ਸਾਹਿਬ ਵਿਖੇ ਸਵੇਰ ਵੇਲੇ ਦੇ ਦੀਵਾਨ ਵਿੱਚ ਕਥਾ ਦੀ
ਸਮਾਪਤੀ ਉਪੰਰਤ ਗ੍ਰੰਥੀ ਸਿੰਘ ਵਲੋਂ ਅਰਦਾਸ ਵਿੱਚ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਦੀ ਵਰਤੋਂ ਕਰਦੇ
ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਪ੍ਰਵਾਨਗੀ ਹਿਤ ਭੋਗ ਲਾਉਣ ਦੀ
ਬੇਨਤੀ ਕੀਤੀ ਗਈ। ਸਮਾਪਤੀ ਉਪਰ ਦਾਸ ਨੇ ਉਸ ਨੂੰ ਕੁੱਝ ਸਵਾਲ ਕੀਤੇ ਕਿ ਭਾਈ ਸਾਹਿਬ ਜੀ! ਕੀ
ਤੁਹਾਨੂੰ ਪਤਾ ਹੈ ਕਿ ਇਹ ਗੁਰਬਾਣੀ ਫੁਰਮਾਣ ਕਿਸ ਦਾ ਉਚਾਰਣ ਕੀਤਾ ਹੋਇਆ ਹੈ, ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਕਿਸ ਸ਼ਬਦ ਅੰਦਰ ਕਿਥੇ ਦਰਜ ਹੈ, ਇਸ ਫੁਰਮਾਣ ਦੇ ਭਾਵ-ਅਰਥ ਕੜਾਹ ਪ੍ਰਸਾਦ ਦੀ ਦੇਗ ਨੂੰ
ਭੋਗ ਲਗਾਉਣ ਦੀ ਬੇਨਤੀ ਨਾਲ ਸਬੰਧਿਤ ਕਿਵੇਂ ਹਨ? ਗ੍ਰੰਥੀ ਸਿੰਘ ਇਹ ਸਾਰੇ ਸਵਾਲ ਸੁਣ ਕੇ ਠਠੰਬਰ
ਗਿਆ ਅਤੇ ਕਹਿਣ ਲੱਗਾ-ਵੀਰ ਜੀ! ਮੈਨੂੰ ਤਾਂ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਆਉਂਦੇ, ਬਸ ਮੈਂ ਤਾਂ
ਦੇਖਾ ਦੇਖੀ ਹੀ ਇਸ ਤਰਾਂ ਅਰਦਾਸ ਕਰ ਰਿਹਾ ਹਾਂ, ਅੱਜ ਤਕ ਮੈਨੂੰ ਕਿਸੇ ਨੇ ਵੀ ਇਸ ਸਬੰਧੀ ਟੋਕਿਆ
ਜਾਂ ਪੁੱਛਿਆ-ਦੱਸਿਆ ਹੀ ਨਹੀਂ। ਉਹ ਗ੍ਰੰਥੀ ਸਿੰਘ ਤਾਂ ਫਿਰ ਵੀ ਚੰਗਾ ਨਿਕਲਿਆ ਜੋ ਮੰਨ ਤਾਂ ਗਿਆ।
ਅਫਸੋਸ ਕਿ ਐਸਾ ਕਰਨ ਵਾਲੇ ਬਹੁ-ਗਿਣਤੀ ਤਾਂ ਮੰਨਣ ਲਈ ਵੀ ਤਿਆਰ ਨਹੀਂ। ਜੇ ਸੰਗਤਾਂ ਨੂੰ ਸੇਧ ਦੇਣ
ਵਾਲੀ ਸ਼੍ਰੇਣੀ ਦਾ ਇਹ ਹਾਲ ਹੈ ਤਾਂ ਇਸ ਸਭ ਕੁੱਝ ਲਈ ਦੋਸ਼ ਕਿਸਨੂੰ ਦੇਈਏ?
ਉਪਰੋਕਤ ਦਰਸਾਏ ਸਾਰੇ ਪੱਖਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਸਾਨੂੰ ਵਿਸ਼ਾ
ਅਧੀਨ ਗੁਰਬਾਣੀ ਫੁਰਮਾਣ ਨੂੰ ਪੂਰੇ ਸ਼ਬਦ ਦੇ ਪਰਿਖੇਪ ਅੰਦਰ ਵਾਚਣ ਦੀ ਜ਼ਰੂਰਤ ਹੈ। ਵਿਸ਼ਾ ਅਧੀਨ ਪੂਰਾ
ਸ਼ਬਦ ਇਸ ਤਰਾਂ ਹੈ-
ਰਾਗ ਮਲਾਰ ਮਹਲਾ ੫ ਚਉਪਦੇ ਘਰ ੧
ੴ ਸਤਿਗੁਰ ਪ੍ਰਸਾਦਿ।।
ਕਿਆ ਤੂੰ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ।।
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ।। ੧।।
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ।।
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ।। ੧।। ਰਹਾਉ।।
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ।।
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ।। ੨।।
ਦੁਸਟ ਬਿਸਾਰੇ ਸਾਜਨ ਰਹਸੇ ਇਹਿ ਮੰਦਰਿ ਘਰ ਅਪਨਾਏ।।
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ।। ੩।।
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ।।
ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰਿ ਦੂਖ ਨ ਲਾਗੈ ਆਇ।। ੪।। ੧।।
ਅਰਥ- ਪ੍ਰਮਾਤਮਾ ਦੀ ਸਰਨ ਛੱਡ ਕੇ ਤੂੰ ਹੋਰ ਕੀਹ ਸੋਚਾਂ ਸੋਚਦਾ ਹੈਂ?
ਤੂੰ ਹੋਰ ਕੀਹ ਉਪਾਵ
ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ? ਵੇਖ ਜਿਸ ਮਨੁੱਖ ਦਾ
ਸਹਾਈ ਪ੍ਰਮਾਤਮਾ ਆਪ
ਬਣਦਾ ਹੈ, ਉਸ ਨੂੰ ਦੱਸ ਕਿਸ ਦੀ ਪ੍ਰਵਾਹ ਰਹਿ ਜਾਂਦੀ ਹੈ? ।। ੧।।
ਹੇ ਸਹੇਲੀ! ਮੇਰੇ ਹਿਰਦੇ ਘਰ ਵਿੱਚ ਪ੍ਰਭੂ-ਪਤੀ ਜੀ ਟਿਕੇ ਹਨ। ਮੇਰੇ
ਅੰਦਰੋਂ ਤਪਸ਼ ਮਿਟ ਗਈ ਹੈ,
ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ ਬੱਦਲ ਵੱਸ ਰਿਹਾ ਹੈ।
ਹੇ ਕ੍ਰਿਪਾ ਦੇ
ਖਜ਼ਾਨੇ ਪ੍ਰਭੂ! ਹੇ ਮਾਲਕ ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿੱਚ ਲੀਨ
ਕਰੀ ਰੱਖ। ਇਹ ਨਾਮ
ਹੀ ਮੇਰੇ ਵਾਸਤੇ ਨੌਂ ਖਜ਼ਾਨੇ ਹੈ।। ੧।। ਰਹਾਉ।।
ਜਿਵੇਂ ਕੋਈ ਜੀਵ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ
ਸੁਆਦਲੇ
ਖਾਣੇ ਤਿਆਰ ਕਰਦੀ ਹੈ, ਬੜੀ ਸੁੱਚਮਤਾ ਨਾਲ ਰਸੋਈ ਸੁਥਰੀ ਬਣਾਂਦੀ ਹੈ। ਹੇ
ਮੇਰੇ
ਪ੍ਰਭੂ ਪਾਤਿਸ਼ਾਹ! ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ (ਪਾਕਸਾਲ)
ਨੂੰ
ਤਿਆਰ ਕੀਤਾ ਹੈ, ਮਿਹਰ ਕਰ ਤੇ ਇਸ ਨੂੰ ਹੁਣ ਪ੍ਰਵਾਨ (ਭੋਗ) ਕਰ।। ੨।।
ਹੇ ਸਖੀ! ਇਨ੍ਹਾਂ ਸਰੀਰ ਘਰਾਂ-ਮੰਦਰਾਂ ਨੂੰ ਜਦੋ ਪ੍ਰਭੂ-ਪਤੀ ਅਪਣਾਂਦਾ ਹੈ,
ਇਨ੍ਹਾਂ ਵਿੱਚ ਆਪਣਾ
ਪ੍ਰਕਾਸ਼ ਕਰਦਾ ਹੈ, ਤਦੋਂ ਇਨ੍ਹਾਂ ਵਿਚੋਂ ਕਾਮਾਦਿਕ ਦੁਸ਼ਟ ਨਾਸ ਹੋ ਜਾਂਦੇ
ਹਨ ਅਤੇ ਦੈਵੀ ਗੁਣ ਸੱਜਣ
ਪ੍ਰਫੁਲਤ ਹੋ ਜਾਂਦੇ ਹਨ। ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ ਘਰ ਵਿੱਚ
ਸੋਹਣਾ ਲਾਲ ਪ੍ਰਭੂ ਆ
ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ।। ੩।।
ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉਤੇ ਸਾਧ ਸੰਗਤ ਵਿੱਚ ਪੂਰੇ ਗੁਰੂ ਦੀ
ਓਟ ਦਾ ਲੇਖ ਲਿਖਿਆ
ਹੁੰਦਾ ਹੈ, ਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ,
ਉਸ ਨੂੰ ਫਿਰ ਕੋਈ ਦੁੱਖ ਪੋਹ
ਨਹੀਂ ਸਕਦਾ।। ੪।। ੧।।
ਵਿਸ਼ਾ ਅਧੀਨ ਸ਼ਬਦ ਦੀ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਜੀਵ ਇਸਤਰੀ ਵਲੋਂ
ਪ੍ਰਭੂ ਪਤੀ ਦੇ ਮਿਲਾਪ ਲਈ ਬੇਨਤੀਆਂ ਕਰਦੀ ਹੋਈ ਭਰੋਸੇ ਨਾਲ ਆਪਣੇ ਹਿਰਦੇ ਰੂਪੀ ਸੇਜਾ ਨੂੰ ਮਿਲਾਪ
ਲਈ ਤਿਆਰ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਉਸ ਮਿਲਾਪ ਵਿਚੋਂ ਮਿਲਣ ਵਾਲੇ ਸਦੀਵੀਂ ਸੁੱਖ ਦੀ ਕਲਪਨਾ
ਕੀਤੀ ਜਾ ਰਹੀ ਹੈ। ਇਹ ਸਭ ਪੂਰੇ ਗੁਰੂ ਦੀ ਕ੍ਰਿਪਾ ਦੁਆਰਾ ਹੀ ਜੀਵਨ ਦੀ ਐਸੀ ਅਵਸਥਾ ਹਾਸਲ ਹੁੰਦੀ
ਹੈ। ਜਾਣੇ-ਅਣਜਾਣੇ ਵਿੱਚ ਵਿਸ਼ਾ ਅਧੀਨ ਪਾਵਨ ਗੁਰਬਾਣੀ ਫੁਰਮਾਣ ਨੂੰ ਜਿਸ ਰੂਪ ਅੰਦਰ ਅਸੀਂ
ਸਮਝਦੇ-ਵਰਤਦੇ ਹਾਂ ਐਸੀ ਵਿਚਾਰ ਇਥੇ ਕਦਾਚਿਤ ਵੀ ਲਾਗੂ ਨਹੀਂ ਹੁੰਦੀ ਹੈ।
… … … … … …. .
ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ
ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ
ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ
ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ
ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ
ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ
ਸਕਾਂਗੇ।
============
(ਚਲਦਾ … …)
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)