.

ਪਉੜੀ 37

ਨੋਟ: ਕਰਮ ਖੰਡ: ਜਦੋਂ ਵਿਰਲਾ ਮਨ ਧਰਮ, ਗਿਆਨ, ਸਰਮ ਖੰਡਾਂ ਦੀ ਅਵਸਥਾਵਾਂ ਤੋਂ ਅਗਾਂਹ ਕਾਮਯਾਬੀ ਨਾਲ ਲੰਘਦਾ ਜਾਂਦਾ ਹੈ ਤਾਂ ਨਿਜਘਰ ਦਾ ਸੰਦੇਸ਼ਾ (ਰੱਬ ਕਰਮੀ ਦਾ ਕਰਮ) ਪ੍ਰਾਪਤ ਕਰਦਾ ਹੈ ਤਾਂ ਉਸਨੂੰ ਜੋ ਅੰਤਰ ਆਤਮੇ ਦੀ ਆਵਾਜ਼ ਭਾਵ ‘ਧੁਰ ਕੀ ਬਾਣੀ’ ਸੁਣਾਈ ਦੇਂਦੀ ਹੈ ਇਹੋ ਮਨ ਦਾ ਤਾਣ-ਮਾਣ ਅਤੇ ਧਾਰਮਿਕਤਾ ਦਾ ਬਲ ਹੁੰਦਾ ਹੈ। ਸਦਕੇ ਵਿਚ ਵਿਕਾਰਾਂ ਨਾਲ ਇਸੇ ਬਲ ਨਾਲ ਜੂਝਣ ਦੀ ਤਾਕਤ ਵਾਲੀ ਸੂਰਮਾ-ਜੋਧੇ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥’।

ਕਰਮ ਖੰਡ ਕੀ ਬਾਣੀ ਜੋਰੁ ॥

ਸਬਰ, ਸੰਤੋਖ, ਬਰਦਾਸ਼ਤ, ਪਰਉਪਕਾਰ ਆਦਿ ਜੈਸੇ ਰੱਬੀ ਸੁਨੇਹਿਆਂ (ਬਾਣੀ) ਦੀ ਵਰਤੋਂ ਅਮਲੀ ਜੀਵਨ ਵਿਚ ਕਰਨਾ ਹੀ ਕਰਮ ਖੰਡ ਨੂੰ ਮਾਣਨਾ ਹੈ।

ਤਿਥੈ ਹੋਰੁ ਨ ਕੋਈ ਹੋਰੁ ॥

ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਕਰਮ ਖੰਡ ਦੀ ਅਵਸਥਾ ਵਿਚ ਸਤਿਗੁਰ ਦੀ ਮੱਤ ਦੇ ਬਲ ਅੱਗੇ ਮਨ ਦੀ ਮੱਤ ਦਾ ਕੋਈ ਵਿਕਾਰੀ (ਖੁਦਗਰਜ਼, ਸਵਾਰਥੀ) ਖਿਆਲ ਉਪਜਦਾ ਹੀ ਨਹੀਂ। ਜੇ ਉਪਜੇ ਤਾਂ ਰੱਬੀ ਸੰਦੇਸ਼ਿਆਂ ਦੇ ਬਲ ਨਾਲ ਵਿਰਲਾ ਮਨ ਉਨ੍ਹਾਂ ਤੇ ਜਿਤ ਪ੍ਰਾਪਤ ਕਰ ਸਕਦਾ ਹੈ। ‘ਮਨਿ ਜੀਤੈ ਜਗੁ ਜੀਤੁ’ (ਹਰੇਕ ਖਿਆਲ ਸੁਭਾ ਨੂੰ ਕਾਬੂ ਕਰਨ ਦਾ ਬਲ।)

ਤਿਥੈ ਜੋਧ ਮਹਾਬਲ ਸੂਰ ॥

ਵਿਰਲੇ ਮਨ ਨੂੰ ਕਰਮ ਖੰਡ ਦੀ ਅਵਸਥਾ ਵਿਚ ਸਤਿਗੁਰ ਦੀ ਮੱਤ ਦੀ ਅਮਲੀ ਵਰਤੋਂ ਦੇ ਬਲ ਅਧੀਨ ਜੋਧਾ, ਸੂਰਮਾ, ਮਹਾਬਲੀ ਵਾਲੇ ਖਿਆਲ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨੂੰ ਕੋਈ ਵੀ ਵਿਕਾਰੀ ਖਿਆਲ ਡੁਲਾ ਨਹੀਂ ਸਕਦੇ।

ਤਿਨ ਮਹਿ ਰਾਮੁ ਰਹਿਆ ਭਰਪੂਰ ॥

ਵਿਰਲਾ ਮਨ ਵਿਸਮਾਦਿਤ ਹੁੰਦਾ ਹੈ ਕਿ ਰੱਬੀ ਗੁਣਾਂ ਨਾਲ ਭਰਪੂਰ ਹਰੇਕ ਖਿਆਲ ਅਤੇ ਉਸਦੀ ਵਰਤੋਂ ਜੀਵਨ ਦੇ ਹਰੇਕ ਪਹਿਲੂ ਵਿਚ ਵਰਤਦਾ ਹੈ। ਭਾਵ ਰੱਬ ਨੂੰ ਹਾਜ਼ਰ ਸਮਝਦਾ ਹੈ।

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥

ਸੁਰਤ ਮੱਤ ਮਨ ਬੁਧਿ ਦੀ ਤੱਤ ਗਿਆਨ ਨਾਲ ਲਗਾਤਾਰ ਇਕਮਿਕਤਾ (ਸੀਤੋ ਸੀਤਾ) ਰਹਿੰਦੀ ਹੈ ਜਿਸਦਾ ਸਦਕਾ ਚੰਗੇ ਗੁਣਾਂ ਦੀ ਹੀ ਘਾੜਤ ਦਾ ਪੱਕਾ ਦ੍ਰਿੜ੍ਹ ਸੁਭਾਅ ਘੜਿਆ ਜਾਂਦਾ ਹੈ।

ਤਾ ਕੇ ਰੂਪ ਨ ਕਥਨੇ ਜਾਹਿ ॥

ਕਰਮ ਖੰਡ ਦੀ ਅਵਸਥਾ ਵਿਚ ਬੇਮਿਸਾਲ, ਅਨੂਪ ਅਤੇ ਕਥਨ ਤੋਂ ਪਰੇ ਰੱਬੀ ਗੁਣਾਂ ਭਰਪੂਰ ਸ਼ਿੰਗਾਰਿਆ ਰੱਬੀ ਇਕਮਿਕਤਾ ਵਾਲਾ ਨਵਾਂ ਮਨ ਪ੍ਰਾਪਤ ਹੁੰਦਾ ਹੈ।

ਨਾ ਓਹਿ ਮਰਹਿ ਨ ਠਾਗੇ ਜਾਹਿ ॥

ਵਿਰਲੇ ਮਨ ਨੂੰ ਸਮਝ ਆ ਜਾਂਦੀ ਹੈ ਕਿ ਰੱਬੀ ਦਰਬਾਰ ਭਾਵ ਨਿਜਘਰ ਅੰਤਰ-ਆਤਮੇ ਤੋਂ ਪ੍ਰਾਪਤ ਚੰਗੇ ਗੁਣ ਹੀ ਸਦੀਵੀ (ਅਜਰ, ਅਮਰ) ਹੁੰਦੇ ਹਨ। ਇਨ੍ਹਾਂ ਰੱਬੀ ਗੁਣਾਂ ਨਾਲ ਪ੍ਰਾਪਤ ਸਦੀਵੀ ਇਕਮਿਕਤਾ ਵਾਲਾ, (ਨਾ ਪਾਟਣ ਵਾਲਾ ਚੋਲਾ) ਵੇਸ ਧਾਰਨ ਕੀਤਿਆਂ ਮਨ ਕੀ ਮੱਤ ਦੇ ਖਿਆਲਾਂ ਰਾਹੀਂ ਠਗਾਇਆ ਨਹੀਂ ਜਾ ਸਕਦਾ ਅਤੇ ਆਤਮਕ ਮੌਤ ਨਹੀਂ ਸਹੇੜਨੀ ਪੈਂਦੀ।

ਜਿਨ ਕੈ ਰਾਮੁ ਵਸੈ ਮਨ ਮਾਹਿ ॥

ਵਿਰਲੇ ਮਨ ਦੀ ਪਰਤੀਤੀ ਹੋਰ ਵਧਦੀ ਹੈ ਕਿ ਸਤਿਗੁਰ ਦੀ ਮੱਤ ਤੋਂ ਪ੍ਰਾਪਤ ਬਲ ਨਾਲ ਇੰਦਰੇ, ਗਿਆਨ ਇੰਦਰੇ, ਰੋਮ-ਰੋਮ, ਹਰੇਕ ਖਿਆਲ ਅਤੇ ਸੁਭਾਅ ਰੱਬੀ ਗੁਣਾਂ ਭਰਪੂਰ ਹੋ ਜਾਂਦੇ ਹਨ।

ਤਿਥੈ ਭਗਤ ਵਸਹਿ ਕੇ ਲੋਅ ॥

ਕਰਮ ਖੰਡ ਦੀ ਅਵਸਥਾ ਮਾਣਦਿਆਂ ਅੰਤਰਆਤਮੇ ਦੇ ਰੱਬ ਜੀ ਨੂੰ ਲਖ ਲੈਣ (ਭਾਵ ਮਹਿਸੂਸ ਕਰ ਲੈਣ) ਸਦਕਾ ਭਗਤ ਅਵਸਥਾ ਵਾਪਰਦੀ ਹੈ। ਹਰੇਕ ਖਿਆਲ ਵਿਚ ਤੱਤ ਗਿਆਨ ਦਾ ਚਾਨਣ (ਲੋਅ) ਹੋਣ ਕਾਰਨ ਰੱਬੀ ਇਕਮਿਕਤਾ ਮਹਿਸੂਸ ਹੁੰਦੀ ਹੈ।

ਕਰਹਿ ਅਨੰਦੁ ਸਚਾ ਮਨਿ ਸੋਇ ॥

ਵਿਰਲਾ ਮਨ ਸਤਿਗੁਰ ਦੀ ਮੱਤ ਦੇ ਬਲ ਨਾਲ ਨਿਜ ਘਰ ਦੇ ਰੱਬ ਨੂੰ ਮਾਣਦਾ ਹੈ ਅਤੇ ਅੰਤਰਆਤਮਾ ਵਿਚ ਪ੍ਰਫੁੱਲਤਾ ਮਹਿਸੂਸ ਕਰਦਾ ਹੈ।

ਸਚ ਖੰਡਿ ਵਸੈ ਨਿਰੰਕਾਰੁ ॥

ਸਚ ਖੰਡਿ: ਜਦੋਂ ਵਿਰਲਾ ਮਨ ਕਰਮ ਖੰਡ ਦੀ ਅਵਸਥਾ ਵਿਚ ਕਾਮਯਾਬੀ ਨਾਲ ਧੁਰ ਕੀ ਬਾਣੀ ਦਾ (ਸ੍ਰੇਸ਼ਟ ਧਰਮ) ਸੁਨੇਹਾ ਦ੍ਰਿੜ ਕਰ ਲੈਂਦਾ ਹੈ ਤਾਂ ਹਉਮੈ ਹੰਕਾਰੀ ਮੱਤ ਤੋਂ ਛੁੱਟ ਕੇ ਨਿਮ੍ਰਤਾ ਵਿਚ ਪੂਰਨ ਸਮਰਪਣ ਕਰ ਦੇਂਦਾ ਹੈ। ਸਿੱਟੇ ਵਜੋਂ ਸਚ ਖੰਡਿ ਦੀ ਅਵਸਥਾ ਵਿਚ ਅਪੜ ਜਾਂਦਾ ਹੈ।

ਨਿਜ ਘਰ, ਰੱਬੀ ਦਰਬਾਰ, ਅੰਤਰ ਆਤਮਾ ਨੂੰ ਸਚਖੰਡ ਕਹਿੰਦੇ ਹਨ। ਇਸੇ ਸੱਚ ਖੰਡ ਵਿਚ ਹੀ ਰੱਬ ਜੀ ਵਸਦੇ ਹਨ। ਕਰਮ ਖੰਡ ਦੀ ਅਵਸਥਾ ਤੋਂ ਸਤਿਗੁਰ ਦੀ ਮੱਤ ਦਾ ਬਲ ਲੈ ਕੇ, ਉੱਦਮ ਕਰਕੇ ਅਤੇ ਫਿਰ ਚੰਗੇ ਗੁਣਾਂ ਨੂੰ ਧਾਰਨ ਕਰਕੇ ਵਿਰਲੇ ਮਨ ਨੂੰ ਸਚਖੰਡ ਦਾ ਦਰ ਖੁੱਲ੍ਹਿਆ ਮਹਿਸੂਸ ਹੋ ਜਾਂਦਾ ਹੈ। ਇਹੋ ਸੱਚ ਖੰਡ ਵਿਚ ਅੱਪੜਨ ਦੀ ਅਵਸਥਾ ਕਹਿਲਾਂਦੀ ਹੈ।

ਕਰਿ ਕਰਿ ਵੇਖੈ ਨਦਰਿ ਨਿਹਾਲ ॥

ਨਿਹਾਲ: ਕੂੜ ਤੋਂ ਸਚਿਆਰ ਹੋਣ ਦਾ ਜੋ ਟੀਚਾ ਮਿਥਿਆ ਸੀ ਉਹ ਪੂਰਨ ਤੋਰ ਤੇ ਪ੍ਰਾਪਤ ਹੋਣ ਤੇ ਸਮਰਪਿਤ ਮਨ ਨਿਹਾਲ ਹੋ ਜਾਂਦਾ ਹੈ। ‘ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥’ ਇਸੇ ਸ਼ਬਦ ਵਿਚ ਅੱਗੇ ਕਹਿੰਦੇ ਹਨ ਕਿ‘ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥’ ਦੁਖ-ਰੋਗ (ਕੂੜ) ਦੂਰ ਹੋ ਗਿਆ। ਕੂੜ ਗਈ ਰੱਬੀ ਇਕਮਿਕਤਾ ਹੋ ਗਈ। ਵਿਰਲਾ ਮਨ ਸਚਿਆਰ ਹੋ ਗਿਆ।

ਵਿਰਲਾ ਮਨ ਜਦੋਂ ਰੱਬੀ ਰਜ਼ਾ ਵਿਚ ਸਦੀਵੀ ਮਿਹਨਤ ਕਰਦਾ ਹੈ ਤਾਂ ਸਤਿਗੁਰ ਦੀ ਮੱਤ ਦੀ ਬਖ਼ਸ਼ਿਸ਼ (ਨਦਰਿ) ਸਦਕਾ ਸਚਿਆਰ (ਸਚਖੰਡ) ਅਵਸਥਾ ਪ੍ਰਾਪਤ ਕਰਨ ਵਿਚ ਕਾਮਯਾਬ ਹੁੰਦਾ ਹੈ। ਇਸ ਅਵਸਥਾ (ਨਿਹਾਲ) ਵਿਚ ਨਿਜ ਘਰ ਤੋਂ ਕੇਵਲ ਰੱਬੀ ਗੁਣ, ਸੁਨੇਹਾ, ਨਿਆਂ, ਨਾਮ, ਰੱਬੀ ਰਜ਼ਾ ਭਾਵ ਰੱਬ ਹੀ ਰੱਬ ਮਹਿਸੂਸ ਹੁੰਦਾ ਸੁਣਾਈ ਦਿੰਦਾ ਹੈ। ਇਸ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥ (ਗੁਰੂ ਗ੍ਰੰਥ ਸਾਹਿਬ, ਪੰਨਾ: 182)

ਤਿਥੈ ਖੰਡ ਮੰਡਲ ਵਰਭੰਡ ॥

ਵਿਰਲਾ ਮਨ ਸਚਖੰਡ ਦੀ ਅਵਸਥਾ ਵਿਚ ਮਹਿਸੂਸ ਕਰਦਾ ਹੈ ਕਿ ਨਿਜ ਘਰ ਭਾਵ ਘਟ-ਘਟ ਵਿਚ ਵਸਦੇ ਰੱਬ ਜੀ ਨੇ ਨਿੱਕੇ-ਨਿੱਕੇ ਖਿਆਲ (ਖੰਡ) ਅਨੇਕਾਂ ਖਿਆਲਾਂ ਤੋਂ ਉਤਪੰਨ ਰੱਬੀ ਗੁਣਾਂ (ਮੰਡਲ) ਦੇ ਸਮੂਹ (ਵਰਭੰਡ) ਰਾਹੀਂ ਨਵੀਂ ਸ੍ਰਿਸ਼ਟੀ ਦਾ ਆਕਾਰ ਸਾਜ ਦਿੱਤਾ ਹੈ।

ਜੇ ਕੋ ਕਥੈ ਤ ਅੰਤ ਨ ਅੰਤ ॥

ਵਿਰਲਾ ਮਨ ਮਹਿਸੂਸ ਕਰਦਾ ਹੈ, ਜਿਤਨਾ ਚੰਗੇ ਗੁਣਾਂ ਦਾ ਸੁਭਾਅ ਦ੍ਰਿੜ੍ਹ ਹੁੰਦਾ ਜਾਂਦਾ ਹੈ ਤਾਂ ਹੋਰ ਵਧੇਰੇ ਅਭੇਦਤਾ, ਇਕਮਿਕਤਾ ਵਧਦੀ ਹੈ ਕਿਉਂਕਿ ਰੱਬੀ ਗੁਣ, ਚੰਗੇ ਗੁਣਾਂ ਦਾ ਕੋਈ ਅੰਤ ਹੀ ਨਹੀਂ ਹੈ। ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ: 186)

ਤਿਥੈ ਲੋਅ ਲੋਅ ਆਕਾਰ ॥

ਇਸ ਅਵਸਥਾ ਵਿਚ ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਅੰਦਰ ਪੈਦਾ ਹੋਣ ਵਾਲਾ ਨਿੱਕੇ ਤੋਂ ਨਿੱਕਾ ਖਿਆਲ, ਰੱਬੀ ਗੁਣ ਦਾ ਆਕਾਰ ਲੈ ਲੈਂਦਾ ਹੈ। ਭਾਵ ਹਰੇਕ ਨਿੱਕਾ ਖ਼ਿਆਲ ਰੱਬੀ ਗੁਣ ਬਣ ਕੇ ਅਮਲੀ ਤੌਰ ’ਤੇ ਸੁਭਾਅ ’ਚ ਨੀਸਾਣ ਵਾਂਗੂੰ ਆਕਾਰ ਲੈਂਦਾ ਜਾਂਦਾ ਹੈ।

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥

ਵਿਰਲੇ ਮਨ ਦਾ, ਸਤਿਗੁਰ ਦੀ ਮਤ ਨੂੰ ਸੁਣ-ਮੰਨ ਕੇ ਭਾਉ ਨਾਲ ਅਮਲੀ ਜੀਵਨ ਜਿਊਣਾ ਹੀ ‘ਵੀਚਾਰੁ’ ਕਹਿਲਾਉਂਦਾ ਹੈ ਅਤੇ ਜੋ ਨਵੀਂ ਚੰਗੇ ਗੁਣਾਂ ਦੀ ਸ੍ਰਿਸ਼ਟੀ ਪ੍ਰਾਪਤ ਹੋਈ ਹੈ ਉਸ ਨੂੰ ਮਾਣ ਕੇ ਵਿਗਸਦਾ ਰਹਿੰਦਾ ਹੈ।

ਨਾਨਕ ਕਥਨਾ ਕਰੜਾ ਸਾਰੁ ॥37॥

ਅਦਵੈਤ ਅਵਸਥਾ ਵਿਚ ਮਹਿਸੂਸ ਹੁੰਦਾ ਹੈ ਕਿ ਨਿਜਘਰ ਵਿਚ ਟਿਕੇ ਰਹਿਣ ਦੀ ਦ੍ਰਿੜਤਾ (ਕਰੜਾਪਨ) ਚਾਰੋਂ ਖੰਡਾਂ ਦੀ ਅਵਸਥਾ ਜਿਊ ਕੇ ਹੀ ਪ੍ਰਾਪਤ ਹੋ ਸਕਦੀ ਹੈ। ਸਚ ਖੰਡ ਦੀ ਅਵਸਥਾ ਨਾਲ ਜਿਊਣਾ ਹੀ ਫੌਲਾਦੀ ਦ੍ਰਿੜ੍ਹਤਾ (ਕਰੜਾ ਸਾਰ) ਹੈ (ਜੋਧਿਆਂ, ਸੂਰਮਿਆਂ ਵਾਲੀ ਮੱਤ ਜਿਸ ਕਾਰਨ ਜਮਾਂ, ਵਿਕਾਰਾਂ ਤੋਂ ਮਾਰ ਨਹੀਂ ਖਾਣੀ ਪੈਂਦੀ)।

ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਐਸੀ ਫੌਲਾਦੀ ਅਵਸਥਾ ਕਾਰਨ ਹੀ ਰੱਬੀ ਗੁਣਾਂ ਭਰਪੂਰ ਅਮਲੀ ਜੀਵਨ ਜੀਵਿਆ (ਕਥਨਾ) ਜਾ ਸਕਦਾ ਹੈ।

ਵੀਰ ਭੁਪਿੰਦਰ ਸਿੰਘ




.