.

ਸ਼ਬਦ-ਜੋੜ ਨਿਰਣਾ
ਹਰਜਿੰਦਰ ਸਿੰਘ ‘ਘੜਸਾਣਾ’

ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੰਨਾ ੨੪ ‘ਤੇ ਸਿਰੀਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ, ਜਿਸ ਦੀ ਅਰਭੰਲੀ ਪੰਗਤੀ ‘ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥’ ਹੈ।ਉਪਰੋਕਤ ਸ਼ਬਦ ਦੀ ‘ਰਹਾਉ’ ਵਾਲੀ ਤੁਕ ’ਮਤੁ ਜਾਣੁ ਸਹਿ ਗਲੀ ਪਾਇਆ॥‘ ਵਿੱਚ ਆਇਆ ਲਫਜ਼ ‘ਜਾਣ ਸਹਿ’ ਨੂੰ ਵਿਵੇਚਨਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਵਿੱਚ ਉਕਤ ਸ਼ਬਦ ਇਸ ਤਰ੍ਹਾਂ ਹੀ, ਭਾਵ ਅਲਗ-ਅਲਗ ਕਰਕੇ ਪ੍ਰਿੰਟ ਹੋ ਰਿਹਾ ਹੈ। ਗੁਰਬਾਣੀ ਦੀ ਲਗਮਾਤ੍ਰੀ ਨਿਯਮਾਂਵਲੀ ਅਨੁਸਾਰ ‘ਜਾਣ’ ਇੱਕ ਅਕਰਮਕ, ਲਿੰਗ, ਬਚਨ ਤੋਂ ਰਹਿਤ ਕਿਰਿਆ ਹੈ, ਜਿਸ ਦਾ ਅਰਥ ‘ਜਾਣਾ’ ਆਦਿ ਬਣਦੇ ਹਨ, ਜਿਵੇਂ :
”ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥ (ਪੰ:/੧੦੫)
” ਆਵਣ ਜਾਣ ਰਹੇ ਗੁਰਿ ਰਾਖੇ ॥੨॥ (ਪੰ:/੬੮੫ )
ਉਪਰੋਕਤ ਗੁਰਬਾਣੀ-ਪ੍ਰਮਾਣਾਂ ਤੋਂ ਸਮਝਿਆ ਜਾ ਸਕਦਾ ਹੈ। ਫਿਰ, ਲਈਏ ਲਫਜ਼ ‘ਸਹਿ’ ਨੂੰ, ਸੰਸਕ੍ਰਿਤ ਤੋਂ ਉਕਤ ਸ਼ਬਦ ਪੁਲਿੰਗ ਨਾਂਵ ਬਣ ਕੇ ਆਇਆ ਹੈ। ਗੁਰਬਾਣੀ-ਨਿਯਮਾਂਵਲੀ ਅਨੁਸਾਰ ‘ਸਹ’ ਦੇ ਅੰਤ-ਸਿਹਾਰੀ (ਇਕਾਰਾਂਤ) ਦੋ ਨੇਮਾਂ ਅਧੀਨ ਆਉਂਦੀ ਹੈ, ਗੁਰਬਾਣੀ-ਪੰਗਤੀਆਂ ਰਾਹੀਂ ਦੇਖੀਏ :
”ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥ (ਪੰ:/੫੧੮)
”ਸਹਿ ਮੇਲੇ ਤਾ ਨਦਰੀ ਆਈਆ ॥ (ਪੰ:/ ੪੭੩)
”ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ (ਪੰ:/੫੬੪)
ਉਪਰੋਕਤ ਪੰਗਤੀਆਂ ਵਿੱਚ ‘ਸਹਿ’ ਗੁਰਬਾਣੀ ਦੀ ਲਿਖਣ-ਨਿਯਮਾਂਵਲੀ ਅਨੁਸਾਰ ‘ਨਾਂਵ ਪੁਲਿੰਗ ਇਕਵਚਨ, ਕਰਤਾ ਕਾਰਕ ਸੰਬੰਧਕੀ ਰੂਪ ਹੈ, ਜਿਸ ਦੇ ਅਰਥ ਬਣਦੇ ਹਨ ‘ਖਸਮ, ਮਾਲਕ ਨੇ’।
ਗੁਰਬਾਣੀ ਵਿੱਚ ਉਪਰੋਕਤ ਬਣਤਰ ਵਾਲਾ ਸ਼ਬਦ ‘ਅਧਿਕਰਨ ਕਾਰਕ’ ਜਾਂ ‘ਕਿਰਦੰਤ’ ਰੂਪ ਵਿੱਚ ਵੀ ਨਜ਼ਰੀਂ ਪੈਂਦਾ ਹੈ। ਸੋ, ‘ਜਾਣ’ ਦੇ ਅਰਥ ‘ਜਾਣਾ’ ਅਤੇ ‘ਸਹਿ’ ਦੇ ਅਰਥ ‘ਮਾਲਕ ਨੇ’ ਆਦਿ ਸ਼ਾਬਦਿਕ ਅਰਥ ਬਣਦੇ ਹਨ, ਜੋ ਕਿ, ਉਪਰੋਕਤ ਪੰਗਤੀ ਵਿੱਚ ਅਪ੍ਰਸੰਗਕ ਅਤੇ ਅਢੁਕਵੇਂ ਹੋਣ ਕਰਕੇ, ਪੰਗਤੀ ਦਾ ਦਰੁੱਸਤ ਰੂਪ ‘ਚ ਅਰਥ ਕਰਨ ਲਈ ਸਹਾਇਕ ਨਹੀਂ ਹੁੰਦੇ।
ਗੁਰਬਾਣੀ-ਲਿਖਣ-ਨਿਯਮਾਂਵਲੀ ਅਨੁਸਾਰ ਉਕਤ ਸ਼ਬਦ ਪ੍ਰਾਕ੍ਰਿਤ ਤੋਂ ‘ਕਿਰਿਆ, ਵਰਤਮਾਨ ਕਾਲ, ਮਧਮ ਪੁਰਖ ਇਕਵਚਨ’ ਹੈ। ਸੰਸਕ੍ਰਿਤ ਵਿੱਚ ਇਹ ਕਿਰਿਆਵੀ ਸ਼ਬਦ ‘ਜਾਨਾਤਿ’ ਹੈ। ਇਥੋਂ ਹੀ ਪ੍ਰਾਕ੍ਰਿਤ ‘ਜਾਣਸੇਂ’ ਸ਼ਬਦ ਦੀ ਵਿਉਤਪਤੀ ਹੋਈ ਹੈ।‘ਜਾਣਸਹਿ’ ਸਯੁੰਕਤ ਕਿਰਿਆਵੀ ਸ਼ਬਦ ਹੈ। ਜਿਸ ਨਾਲ ਮਿਲਦੇ-ਜੁਲਦੇ ਹੋਰ ਕਿਰਿਆਵੀ ਸ਼ਬਦ ਭੀ ਗੁਰਬਾਣੀ ਅੰਦਰ ਵਿਦਮਾਨ ਹਨ:

”ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥ (ਪੰ:/ ੮੦੮)
”ਮੂਰਖ ਮਨ ਕਾਹੇ ਕਰਸਹਿ ਮਾਣਾ ॥ (ਪੰ:/੯੮੯ )

ਉਪਰੋਕਤ ਪੰਗਤੀਆਂ ਵਿੱਚ ‘ਚਾਲਸਹਿ, ਕਰਸਹਿ’ ਆਦਿ ਸ਼ਬਦ ਤਸਦੀਕ ਕਰਦੇ ਹਨ ਕਿ,’ਜਾਣਸਹਿ’ ਨਿਯਮਾਂਵਲੀ ਅਨੁਸਾਰ ਸਯੁੰਕਤ ਸ਼ਬਦ ਹੈ। ਇਹ ਸ਼ਬਦ ਇਕੱਠਾ ਹੀ ਪ੍ਰਿੰਟ ਹੋਇਗਾ ਅਤੇ ਇਕੱਠਾ ਹੀ ਪੜ੍ਹਿਆ ਜਾਵੇਗਾ। ਸੋ, ਵੀਚਾਰ-ਅਧੀਨ ਪੰਗਤੀ ਜਿਸ ਵਿੱਚ ‘ਜਾਣਸਹਿ’ ਸ਼ਬਦ ਆਇਆ ਹੈ, ਦੇ ਅਰਥ ਇਸ ਪ੍ਰਕਾਰ ਬਣਦੇ ਹਨ : ‘ਮਤਾਂ ਜਾਣਦਾ ਹੋਵੇਂ ਕਿ ਪਰਮਾਰਥੀ-ਗਿਆਨ ਗੱਲੀਂ-ਬਾਤੀਂ ਪਾਇਆ ਜਾ ਸਕਦਾ ਹੈ।’
‘ਜਾਣਸਹਿ’ ਸ਼ਬਦ ਦਾ ਅੰਤਲਾ ‘ਹਿ’ ਨਾਸਕੀ ਉਚਾਰਣਾ ਹੈ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’
[email protected]




.