ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਕਿਹੜੀ ਕਿਹੜੀ ਭੈੜੀ ਮਤ
ਦੁਨੀਆਂ ਦੇ ਜਿੰਨ੍ਹੇ ਵੀ ਧਰਮ ਹੈਣ ਲਗ-ਪਗ ਉਹ ਸਾਰੇ ਹੀ ਮਨੁੱਖ ਨੂੰ ਭੈੜੀ
ਮਤ ਤੋਂ ਬਚਣ ਦਾ ਹੀ ਉਪਦੇਸ਼ ਦੇਂਦੇ ਹਨ। ਭੈੜੀ ਮਤ ਤੋਂ ਬਚਣ ਲਈ ਘਰ ਦਾ ਹਰ ਸਿਆਣਾ ਮਨੁੱਖ ਸਦਾ ਹੀ
ਬੱਚਿਆਂ ਨੂੰ ਉਪਦੇਸ਼ ਦੇਂਦਾ ਰਹਿਂਦਾ ਹੈ। ਹਰ ਸਕੂਲ ਕਾਲਜ ਬੱਚੇ ਦੀ ਬਣਤਰ ਹੀ ਇਸ ਤਰ੍ਹਾਂ ਦੀ ਘੜਦੇ
ਹਨ ਕਿ ਬੱਚਾ ਵੱਡਾ ਹੋ ਕੇ ਭੈੜੀ ਮਤ ਤੋਂ ਬਚਿਆ ਰਹੇ। ਗੁਰਦੁਆਰੇ, ਮੰਦਰ, ਚਰਚ ਤੇ ਮਸੀਤਾਂ ਵਿੱਚ
ਹਮੇਸ਼ਾਂ ਹੀ ਮਨੁੱਖ ਨੂੰ ਇਹ ਤਾਗੀਦ ਕੀਤੀ ਜਾਂਦੀ ਹੈ ਕਿ ਬੰਦਿਆਂ ਭੈੜੀ ਮਤ ਨੂੰ ਕਦੇ ਵੀ ਨੇੜੇ ਨਾ
ਆਉਣ ਦੇਵੀਂ। ਅਖਬਾਰਾਂ, ਰਸਾਲੇ ਤੇ ਹਰ ਚੰਗੀ ਕਿਤਾਬ ਭੈੜੀ ਮਤ ਤੋਂ ਬਚਣ ਦਾ ਉਪਦੇਸ਼ ਹੀ ਦੇਂਦੀ ਹੈ।
ਏੱਥੋਂ ਤੱਕ ਕੇ ਹਰ ਸ਼ਰਾਬ ਦੀ ਬੋਤਲ `ਤੇ ਇਹ ਵਾਕ ਉਕਰਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ
ਹੈ। ਹੈਰਾਨਗੀ ਦੀ ਗੱਲ ਦੇਖੋ ਠੇਕਿਆਂ ਦੇ ਬਾਹਰ ਭੀੜ ਇਕੱਠੀ ਹੋਈ ਹੁੰਦੀ ਹੈ। ਸਾਰੇ ਗੁਰਦੁਆਰੇ ਸੱਚ
ਬੋਲਣ ਦਾ ਉਪਦੇਸ਼ ਦੇਂਦੇ ਹਨ ਪਰ ਓੱਥੇ ਵੀ ਗੋਲਕਾਂ ਨੂੰ ਤਿੰਨ ਤਿੰਨ ਕਿੱਲੋ ਦੇ ਤਾਲੇ ਲੱਗੇ ਹੁੰਦੇ
ਹਨ। ਇਸ ਦਾ ਅਰਥ ਹੈ ਕਿ ਏੱਥੇ ਵੀ ਭੈੜੀ ਮਤ ਵਾਲੇ ਗੋਲਕ ਭੰਨਣ ਦਾ ਕੰਮ ਕਰ ਸਕਦੇ ਹਨ।
ਸਾਡੇ ਮਨ ਦੇ ਵਿੱਚ ਹਰ ਵੇਲੇ ਚੰਗੇ ਤੇ ਭੈੜੇ ਫੁਰਨੇ ਫੁਰਦੇ ਰਹਿੰਦੇ ਹਨ।
ਭੈੜੇ ਫੁਰਨੇ ਨੂੰ ਸਹੀ ਠਹਿਰਾਉਣ ਲਈ ਬੰਦਾ ਕਈ ਪ੍ਰਕਾਰ ਦੀਆਂ ਦਲੀਲਾਂ ਘੜਦਾ ਰਹਿੰਦਾ ਹੈ। ਸਿਆਣੇ
ਕਹਿੰਦੇ ਹਨ ਕਿ ਚੰਗੀ ਮਤ ਲੈਣ ਜਾਈਏ ਤਾਂ ਨੀਂਦ ਆ ਜਾਂਦੀ ਹੈ ਪਰ ਭੈੜੀ ਮਤ ਉੱਡ ਕੇ ਆ ਜਾਂਦੀ ਹੈ।
ਸਾਨੂੰ ਭੈੜੀ ਮਤ ਦੇ ਕਿਹੜੇ ਕਿਹੜੇ ਫੁਰਨੇ ਫੁਰਦੇ ਰਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ
ਦਾ ਵਿਸਥਾਰ ਆਪਣੇ ਇਸ ਇੱਕ ਸ਼ਬਦ ਵਿੱਚ ਦੇ ਰਹੇ ਹਨ –
ਮਨ ਰੇ ਕਉਨੁ ਕੁਮਤਿ ਤੈ ਲੀਨੀ।।
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ।। ੧।। ਰਹਾਉ।।
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ।।
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ।। ੧।।
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ।।
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ।। ੨।।
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ।।
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ।। ੩।। ੩।।
ਸੋਰਠਿ ਮਹਲਾ ੯।। ਪੰਨਾ ੬੩੧-੬੩੨
ਅੱਖਰੀਂ ਅਰਥ
:
—ਹੇ ਮਨ! ਤੂੰ ਕੇਹੜੀ ਭੈੜੀ
ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਹੈਂ। ਪਰਮਾਤਮਾ
ਦੀ ਭਗਤੀ ਤੂੰ (ਕਦੇ) ਨਹੀਂ ਕੀਤੀ। ੧। ਰਹਾਉ।
ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ
ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ
ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ
ਰੱਖਿਆ ਹੈ। ੧।
ਹੇ ਭਾਈ! (ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ
ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ
ਤੇਰੇ ਹਿਰਦੇ ਵਿੱਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿੱਚ ਉਸ ਨੂੰ ਭਾਲ ਰਿਹਾ ਹੈਂ। ੨।
ਹੇ ਭਾਈ! ਅਨੇਕਾਂ ਜਨਮਾਂ ਵਿੱਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ)
ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ
ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! (ਆਖ—ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ
ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।
ਵਿਚਾਰ ਚਰਚਾ—
ਗੁਰਬਾਣੀ ਦੇ ਸਮਝਾਉਣ ਦੀ ਸ਼ੈਲੀ ਬਹੁਤ ਕਮਾਲ ਦੀ
ਹੈ। ਗੁਰਦੇਵ ਪਿਤਾ ਜੀ ਸੰਸਾਰ ਨੂੰ ਸਮਝਾਉਂਦੇ ਹਨ ਪਰ ਗੱਲ ਆਪਣੇ ਰਾਂਹੀ ਕਰਦੇ ਹਨ। ਏੱਥੇ ਵੀ
ਗੁਰਦੇਵ ਪਿਤਾ ਜੀ ਆਪਣੇ ਮਨ ਦੀ ਅੰਦਰਲੀ ਹਾਲਤ ਦਾ ਜ਼ਿਕਰ ਕਰਦਿਆਂ ਸਵਾਲ ਕਰਦੇ ਹਨ ਕਿ ਹੇ ਮੇਰੇ ਮਨ!
ਤੂੰ ਕਿਹੜੀ ਭੈੜੀ ਮਤ ਲੈ ਲਈ ਹੈ? ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਉੱਤਰ ਆਪ ਹੀ ਦੇਂਦੇ ਹਨ ਕਿ
ਪਰਾਈ ਇਸਤ੍ਰੀ ਤੇ ਪਰਾਈ ਨਿੰਦਿਆ ਦੇ ਰਸ ਵਿੱਚ ਫਸ ਕੇ ਰਹਿ ਗਿਆ ਹੈਂ ਜਿਸ ਕਰਕੇ ਰੱਬ ਜੀ ਦੀ ਭਗਤੀ
ਨਹੀਂ ਕੀਤੀ। ਪਹਿਲੀ ਤੁਕ ਵਿੱਚ ਸਵਾਲ ਉਠਾਇਆ ਹੈ ਤੇ ਦੁਜੀ ਤੁਕ ਵਿੱਚ ਦੋ ਭੈੜੀਆਂ ਮਤਾਂ ਦਾ ਉੱਤਰ
ਦੇਂਦਿਆਂ ਇੱਕ ਗੱਲ ਸਮਝਾਉਂਦੇ ਹਨ ਕਿ ਤੂੰ ਕਦੇ ਭਗਤੀ ਨਹੀਂ ਕੀਤੀ। ਭਗਤੀ ਦਾ ਅਰਥ ਇਹ ਨਹੀਂ ਕਿ
ਕਿਤੇ ਜੰਗਲਾਂ ਵਿੱਚ ਜਾ ਕੇ ਜਾਂ ਸਮਾਧੀਆਂ ਲਗਾ ਕੇ ਵਿਹਲੇ ਬੈਠੇ ਰਹਿਣਾ ਹੈ। ਗੁਰਮਤਿ ਦੀ ਭਗਤੀ ਦਾ
ਅਰਥ ਹੈ "ਵਿਣੁ ਗੁਣ ਕੀਤੇ
ਭਗਤ ਨ ਹੋਇ"। ਇਹ ਸਾਰੀ ਵਿਚਾਰ ਮਨ ਦੇ ਤਲ਼ ਦੀ ਹੋ
ਰਹੀ ਹੈ। ਪਰਾਈ ਇਸਤ੍ਰੀ ਦੇ ਫੁਰਨੇ, ਪਰਾਈ ਨਿੰਦਿਆ ਦਾ ਸਵਾਦ ਹੋਣ ਕਰਕੇ ਸ਼ੁਭ ਗੁਣ ਇਸ ਦੇ ਮਨ
ਵਿਚੋਂ ਵਿਸਰੇ ਹੋਏ ਹਨ।
ਪ੍ਰਿੰਸੀਪਲ ਸਤਬੀਰ ਸਿੰਘ ਇੱਕ ਜਗ੍ਹਾ ਬੜੀ ਪਿਆਰੀ ਵਿਚਾਰ ਦੇਂਦਿਆਂ ਕਹਿੰਦੇ
ਹਨ ਹੇ! ਗੁਰੂ ਨਾਨਕ ਸਾਹਿਬ ਜੀ ਸਾਰੀ ਦੁਨੀਆਂ ਨੂੰ ਤੇਰੇ ਚਰਨਾ ਵਿੱਚ ਝੁਕ ਜਾਣਾ ਚਾਹੀਦਾ ਹੈ।
ਕਿਉਂਕਿ ਜਿਹੜੇ ਏਡਜ਼ ਵਰਗੇ ਭਿਆਨਕ ਰੋਗ ਅੱਜ ਜਨਮ ਲੈ ਰਹੇ ਹਨ ਤੁਸੀਂ ਉਹਨਾਂ ਤੋਂ ਪੰਜ ਸੌ ਸਾਲ
ਪਹਿਲਾਂ ਹੀ ਸਾਨੂੰ ਸੁਚੇਤ ਕਰ ਗਏ ਸੀ।
ਕਾਜ਼ੀ ਨੂਰਦੀਨ ਵਰਗੇ ਵੀ ਇਹ ਗੱਲ ਲਿਖਣੋਂ ਨਹੀਂ ਰਹਿੰਦੇ ਕਿ ਇਹਨਾਂ ਵਿੱਚ
ਕੋਈ ਵਿਭਚਾਰੀ ਨਹੀਂ ਹੈ। ਇਹ ਵੱਡੀ ਨੂੰ ਮਾਂ, ਬਰਾਬਰ ਦੀ ਨੂੰ ਭੈਣ ਤੇ ਆਪਣੇ ਤੋਂ ਛੋਟੀ ਨੂੰ ਧੀ
ਸ਼ਬਦ ਨਾਲ ਸੰਬੋਧਨ ਹੰਦੇ ਹਨ। ਅੱਜ ਜਦੋਂ ਅਸੀਂ ਆਪਣੇ ਸਮਾਜ ਵਲ ਝਾਤੀ ਮਾਰਦੇ ਹਾਂ ਤਾਂ ਸਾਡੇ
ਵਿਆਹਾਂ ਸ਼ਾਦੀਆਂ ਵਿੱਚ ਪਰਾਈਆਂ ਔਰਤਾਂ ਦਾ ਹੀ ਬੋਲ ਬਾਲਾ ਹੁੰਦਾ ਹੈ। ਉਹਨਾਂ ਦੇ ਸਿਰ ਉੱਤੋਂ ਦੀ
ਹੀ ਨੋਟ ਵਾਰੇ ਜਾ ਰਹੇ ਹਨ। ਪਰਾਈਆਂ ਔਰਤਾਂ ਨੂੰ ਆਪਣਿਆਂ ਘਰਾਂ ਵਿੱਚ ਲਿਆ ਲਿਆ ਕੇ ਨਾਚ ਨਚਾ ਰਹੇ
ਹੁੰਦੇ ਹਨ। ਕੀ ਸਿੱਖ ਭਾਈਚਾਰੇ ਨੂੰ ਇਹ ਗੱਲਾਂ ਸੋਭਾ ਦੇਂਦੀਆਂ ਹਨ ਕਿ ਉਹ ਵਿਆਹ ਸ਼ਾਦੀਆਂ ਵਿੱਚ
ਸਭਿਆਚਾਰ ਦੇ ਨਾਂ `ਤੇ ਲੜਕੀਆਂ ਨੂੰ ਨਚਾਉਣ? ਅਸੀਂ ਆਪਣੀਆਂ ਧੀਆਂ, ਭੈਣਾਂ ਤੇ ਮਾਵਾਂ ਨੂੰ ਨਚਦੀਆਂ
ਨਹੀਂ ਦੇਖ ਸਕਦੇ। ਸਿਰਫ ਬੇਗਾਨਿਆਂ ਧੀਆਂ ਨੂੰ ਹੀ ਨਚਦਿਆਂ ਤੇ ਭੰਗੜਾ ਪਉਂਦੀਆਂ ਦੇਖ ਸਕਦੇ ਹਾਂ।
ਲੜਕੀ ਲੜਕੇ ਦੇ ਵਿਆਹ ਤੋਂ ਪਹਿਲਾਂ ਘਰ ਵਿੱਚ ਅਖੰਡਪਾਠ ਵੀ ਕਰਾਇਆ ਸੀ।
ਓਦੋਂ ਇਹਨਾਂ ਤੁਕਾਂ ਦਾ ਪਾਠ ਵੀ ਹੋਇਆ ਸੀ ਪਰ ਸੁਣਿਆ ਅਣਸੁਣਿਆਂ ਕਰ ਦਿੱਤਾ ਗਿਆ। ਉਸੇ ਘਰ ਵਿੱਚ
ਹੀ ਪਰਾਈਆਂ ਧੀਆਂ ਨੂੰ ਨਚਾਇਆ ਜਾ ਰਿਹਾ ਹੈ। ਹੁਣ ਤਾਂ ਕਈ ਥਾਂਈਂ ਹੋਰ ਵੀ ਬੇੜਾ ਗਰਕ ਹੋ ਗਿਆ ਹੈ
ਕਿ ਵਿਆਹ ਸ਼ਾਦੀਆਂ `ਤੇ ਆਏ ਮਹਿਮਾਨਾਂ ਨੂੰ ਹੋਰ ਨਜ਼ਾਰਾ ਦੇਣ ਲਈ ਸ਼ਰਾਬ ਵਰਤਾਉਣ ਲਈ ਲੜਕੀਆਂ ਦੀਆਂ
ਸੇਵਾਂਵਾਂ ਲਈਆਂ ਜਾ ਰਹੀਆਂ ਹਨ। ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਮਨ ਤੂੰ ਕਿਹੜੀ
ਭੈੜੀ ਮਤ ਨਾਲ ਸਮਝਾਉਤਾ ਕਰ ਲਿਆ ਹੈ? ਭਾਵ ਭੈੜੀ ਮਤ ਨੂੰ ਪੱਲੇ ਬੰਨ੍ਹ ਲਿਆ ਹੈ—
"ਮਨ ਰੇ ਕਉਨੁ ਕੁਮਤਿ ਤੈ ਲੀਨੀ"
ਜਦੋਂ ਅਸੀਂ ਆਪਣਿਆਂ ਘਰਾਂ ਵਲ ਦੇਖਦੇ ਹਾਂ ਤਾਂ
ਗੁਰਬਾਣੀ ਤਥਾ ਕਿਸੇ ਸਿਆਣੇ ਦੀ ਗੱਲ ਵਲ ਘੱਟ ਹੀ ਤਵੱਜੋਂ ਦੇਂਦੇ ਹਾਂ। ਜਦੋਂ ਸਭਿਆਚਾਰਕ ਵਾਲੇ
ਕਰਨੇ ਹਨ ਤਾਂ ਇਸ ਸਬੰਧੀ ਬਹੁਤ ਸਾਰੇ ਸਲਾਹਾਂ ਦੇਣ ਵਾਲੇ ਹਾਜ਼ਰ ਹੋ ਜਾਂਦੇ ਹਨ। ਲੱਚਰ ਗਾਇਕੀ ਵਾਲਾ
ਸਭਿਆਚਾਰ ਭੈੜੀ ਮਤ ਨੂੰ ਜਨਮ ਦੇਂਦਾ ਹੈ। ਭੈੜੀ ਮਤ ਦੇ ਆਉਣ ਨਾਲ ਸੋਚ ਵਿੱਚ ਫਰਕ ਆਉਂਦਾ ਹੈ ਸਭ
ਤੋਂ ਪਹਿਲਾਂ ਪਰਾਈ ਔਰਤ ਨੂੰ ਧਿਆਨ ਵਿੱਚ ਲੈ ਕੇ ਆਉਣਾ ਤੇ ਦੂਜਿਆਂ ਨੂੰ ਆਪਣੇ ਨਾਲੋਂ ਛੋਟਾ ਨੀਵਾਂ
ਸਮਝਣਾ ਭੈੜੀ ਮਤ ਦੀਆਂ ਨਿਸ਼ਾਨੀਆਂ ਹਨ।
"ਪਰ ਦਾਰਾ ਨਿੰਦਿਆ ਰਸ ਰਚਿਓ"
ਭੈੜੀ ਸੋਚ ਆਉਣ ਨਾਲ ਰੱਬੀ ਗੁਣਾਂ ਵਲੋਂ ਧਿਆਨ
ਟੁੱਟ ਜਾਂਦਾ ਹੈ। "ਰਾਮ ਭਗਤਿ
ਨਹਿ ਕੀਨੀ" ਭਾਵ
ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕੀਤਾ। ਗੁਰਦੇਵ ਪਿਤਾ ਜੀ ਨੇ ਇੱਕ ਬੰਦਸ਼ ਲਾਈ ਹੈ ਕਿ ਪਰਾਈ ਇਸਤ੍ਰੀ
ਨੂੰ ਭੈੜੀ ਸੋਚ ਨਾਲ ਦੇਖਣ ਨਾਲ ਸਮਾਜਿਕ, ਧਾਰਮਿਕ ਤੇ ਪਰਵਾਰਕ ਜੀਵਨ ਵਿੱਚ ਵਿਗਾੜ ਆ ਜਾਂਦਾ ਹੈ।
ਏਸੇ ਹੀ ਵਿਚਾਰ ਨੂੰ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਖੂਬਸੂਰਤੀ ਨਾਲ ਸਮਝਉਂਦੇ ਹਨ ਜੇ ਬੰਦਾ ਕਿਸੇ
ਦੇ ਘਰ ਗਿਆ ਹੈ, ਸਫ਼ਰ ਕਰ ਰਿਹਾ ਹੈ ਜਾਂ ਕਿਸੇ ਸਭਾ ਸੁਸਾਇਟੀ ਵਿੱਚ ਬੈਠਾ ਹੈ ਤਾਂ ਓੱਥੇ ਬੈਠਿਆਂ
ਕਿਸੇ ਧੀ ਭੈਣ ਦੇਖ ਕੇ ਮਨ ਵਿੱਚ ਮਲੀਨ ਵਿਚਾਰ ਆ ਗਿਆ ਤਾਂ ਹੇ ਬੰਦੇ! ਤੂੰ ਆਪਣੇ ਬਾਪ ਦਾ ਨਹੀਂ ਏਂ
ਸਗੋਂ ਕਿਸੇ ਨੀਵੇਂ ਅਸਲੇ ਦਾ ਏਂ—
ਮੁਖਿ ਨਿੰਦਾ ਆਖਾ ਦਿਨੁ ਰਾਤਿ।।
ਪਰ ਘਰੁ ਜੋਹੀ ਨੀਚ ਸਨਾਤਿ।।
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ।।
ਧਾਣਕ ਰੂਪਿ ਰਹਾ ਕਰਤਾਰ।। ੨।।
ਸਿਰੀ ਰਾਗ ਮਹਲਾ ੧ ਪੰਨਾ ੨੪
ਅੱਖਰੀਂ
ਅਰਥ--ਮੈਂ ਦਿਨੇ ਰਾਤ ਮੂੰਹੋਂ
(ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ
ਘਰ ਤੱਕਦਾ ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ
ਸਾਂਹਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ। ੨।
ਸਮਾਜ ਦੀ ਬਣਤਰ ਨੂੰ ਕਾਇਮ ਰੱਖਦਿਆਂ ਗੁਰਦੇਵ ਪਿਤਾ ਜੀ ਨੇ ਗ੍ਰਹਿਸਤੀ ਜੀਵਨ
ਨੂੰ ਪਹਿਲ ਦਿੱਤੀ ਹੈ। ਅੱਜ ਬਹੁਤ ਸਾਰੇ ਵਿਆਹ ਨਾ ਕਰਾਉਣ ਨੂੰ ਸਭ ਤੋਂ ਵੱਡੀ ਪ੍ਰਾਪਤੀ ਸਮਝਦੇ ਹਨ।
ਸਿੱਖ ਕੌਮ ਵਿੱਚ ਵੀ ਵਿਆਹ ਨਾ ਕਰਾਉਣ ਵਾਲੇ ਜੱਥੇ ਹਰਲ ਹਰਲ ਕਰਦੇ ਫਿਰਦੇ ਹਨ। ਓਦੋਂ ਪਤਾ ਲਗਦਾ ਹੈ
ਜਦੋਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਇਹਨਾਂ ਵਿਹਲੜ ਬਾਬਿਆਂ ਦੇ ਕਾਲੇ ਕਾਰਨਾਮੇ ਜੱਗ ਜ਼ਾਹਰ ਹੁੰਦੇ
ਹਨ। ਜ਼ਿੰਦਗੀ ਦੇ ਬੜੇ ਵੱਡੇ ਵਿਗਾੜ ਪਰਾਈ ਇਸਤਰੀ ਤੇ ਪਰਾਈ ਨਿੰਦਿਆ ਨੇ ਪਾਏ ਹਨ। ਅਜੇਹੀ ਘਟੀਆਂ
ਸੋਚ ਨਾਲ ਕਈ ਪਰਵਾਰ ਬਰਬਾਦ ਹੋ ਗਏ ਹਨ। ਸੰਸਾਰ ਦੀਆਂ ਕਈ ਲੜਾਈਆਂ ਹੀ ਜ਼ਰੂ ਦੇ ਅਧਾਰਤ ਹੋਈਆਂ ਹਨ।
ਇਸ ਦਾ ਕਾਰਨ ਵੀ ਦੱਸਿਆ ਹੈ ਕਿ ਜਦੋਂ ਬੰਦਾ ਰੱਬੀ ਗੁਣਾਂ ਨਾਲੋਂ ਟੁਟ ਜਾਂਦਾ ਹੈ ਤਾਂ ਅਜੇਹੇ ਕਾਰੇ
ਕਰਨ ਲੱਗ ਜਾਂਦਾ ਹੈ।
ਭੈੜੀ ਮਤ ਕਰਕੇ ਪਰਾਈ ਇਸਤਰੀਆਂ ਵਲ ਦੇਖਣਾ ਪਰਾਈ ਨਿੰਦਿਆ ਕਰਨ ਦਾ ਆਦੀ ਹੋ
ਗਿਆ ਹੈ। ਵਿਕਾਰੀ ਬਿਰਤੀ ਕਰਕੇ ਇਹ ਮਨੁੱਖ ਮੁਕਤੀ ਦਾ ਰਸਤਾ ਭੁੱਲ ਗਿਆ ਹੈ। ਔਗੁਣਾਂ ਰੂਪੀ ਧਨ ਨੂੰ
ਇਕੱਠਾ ਕਰਨ ਵਿੱਚ ਲੱਗ ਗਿਆ ਹੈ। ਵਿਆਰਥ ਦੇ ਕੰਮਾਂ ਵਿੱਚ ਆਪਣੇ ਆਪ ਨੂੰ ਬੰਨ੍ਹ ਲਿਆ ਹੈ---
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ।।
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ।। ੧।।
ਇਹਨਾਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਮਨੁੱਖ ਨੇ ਆਪਣੇ
ਆਪ ਨੂੰ ਵਿਅਰਥ ਦੇ ਕੰਮਾਂ ਵਿੱਚ ਬੰਨ੍ਹਿਆ ਹੋਇਆ ਹੈ। ਅਜੇਹੇ ਵਿਕਾਰ ਇਕੱਠੇ ਕਰ ਰਿਹਾ ਹੈ
ਜਿੰਨ੍ਹਾਂ ਨੇ ਇਸ ਦੇ ਕੰਮ ਨਹੀਂ ਆਉਣਾ। ਜਿੰਨਾਂ ਵਿਕਾਰਾਂ ਨੂੰ ਇਕੱਠਾ ਕਰ ਰਿਹਾ ਏਂ ਉਹਨਾਂ
ਵਿਕਾਰਾਂ ਨੇ ਤੈਨੂੰ ਕੋਈ ਸਾਥ ਨਹੀਂ ਦੇਣਾ। ਕਈ ਵਾਰੀ ਆਮ ਦਫਤਰਾਂ ਵਿੱਚ ਦੇਖਿਆ ਜਾਂਦਾ ਹੈ ਕਿ
ਅਸਲੀ ਕੰਮ ਕਰਨ ਦੀ ਬਜਾਏ ਕਈ ਬਾਬੂ ਸੀਟ ਤੇ ਬੈਠ ਕੇ ਐਨਕਾਂ ਲੱਭਣ ਲਈ ਦੂਜਿਆਂ ਨੂੰ ਅਵਾਜ਼ਾਂ ਮਾਰੀ
ਜਾਣਗੇ। ਫਾਈਲ ਨੂੰ ਪੜ੍ਹਨ ਦੀ ਥਾਂ `ਤੇ ਫੇਸ ਬੁੱਕ ਖੋਹਲ ਕੇ ਬੈਠਾ ਹੁੰਦਾ ਹੈ। ਸਿੱਖ ਕੌਮ ਅੰਦਰ
ਵਿਆਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲਗਾ ਕਿ ਕਰਨ ਦਾ ਵਿਧਾਨ ਹੈ ਪਰ ਸਿੱਖਾਂ ਨੇ
ਵਿਆਹ ਦੀਆਂ ਰਸਮਾਂ ਵਿੱਚ ਹੀ ਆਪਣੇ ਆਪ ਨੂੰ ਏਨਾਂ ਉਲ਼ਝਾ ਲਿਆ ਹੈ ਕਿ ਇਸ ਨੂੰ ਮੁਕਤੀ ਦਾ ਰਾਹ ਹੀ
ਭੁੱਲ ਗਿਆ ਹੈ। ਸਵਾਲ ਗੁਰਬਾਣੀ ਨੂੰ ਸੁਣ ਕੇ ਅਮਲ ਕਰਨ ਦਾ ਹੈ ਪਰ ਭੋਲਾ ਸਿੱਖ ਅਖੰਡ ਪਾਠ ਕਰਨ
ਸਮੇਂ ਜੋਤਾਂ, ਨਾਰੀਅਲ, ਮੌਲ਼ੀਆਂ ਤੇ ਹੋਰ ਨਿੱਕ ਸੁੱਕ ਦੇ ਵਹਿਮਾਂ ਭਰਮਾਂ ਵਿੱਚ ਫਸ ਗਿਆ ਹੈ।
ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਸੂਬੇ ਲਈ ਵਿਕਾਸ ਦੇ ਕੰਮ ਕਰਨੇ ਪਰ ਸਰਕਾਰ ਪੰਜ ਸਾਲ ਆਪਣੇ
ਵਿਰੱਧੀਆਂ ਨੂੰ ਦਬਾਉਣ `ਤੇ ਹੀ ਲਗਾ ਦੇਂਦੀ ਹੈ। ਬੱਚਿਆਂ ਨੂੰ ਸਮੇਂ ਅਨੁਸਾਰ ਤਿਆਰ ਕਰਕੇ ਸਕੂਲ
ਭੇਜਣਾ ਹੁੰਦਾ ਹੈ ਪਰ ਭੈਣਾਂ ਟੀ. ਵੀ. ਸੀਰੀਅਲ ਵਿੱਚ ਉਲ਼ਝ ਕੇ ਰਹਿ ਗਈਆਂ ਹਨ। ਪਿੰਡ ਦੇ ਸਰਪੰਚ ਨੇ
ਆਪਣੇ ਪਿੰਡ ਦੇ ਵਿਕਾਸ ਵਾਲੇ ਕੰਮਾਂ ਵਲ ਧਿਆਨ ਦੇਣਾ ਸੀ ਪਰ ਸਰਪੰਚ ਆਪਣੇ ਵਿਰੋਧੀਆਂ `ਤੇ ਪਰਚੇ
ਦਰਜ ਕਰਾਉਣ ਲੱਗ ਪਿਆ। ਇਹਨਾਂ ਵਿਚਾਰਾਂ ਦਾ ਭਾਵ ਅਰਥ ਹੈ ਕਿ ਭੈੜੀ ਮਤ ਕਰਕੇ ਮਨੁੱਖ ਭੈੜੇ ਭੈੜੇ
ਰਸਾਂ ਵਿੱਚ ਫਸ ਕੇ ਰਹਿ ਗਿਆ ਹੈ।
ਮਨੁੱਖ ਨੇ ਕਦੇ ਵੀ ਸੰਜੀਦਾ ਹੋ ਕੇ ਆਪਣੇ ਪ੍ਰਤੀ ਵਿਚਾਰ ਨਹੀਂ ਕੀਤਾ ਕੇ
ਮੈਂ ਕੀ ਕਰ ਰਿਹਾ ਹਾਂ।
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ।।
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ।। ੨।।
ਉਪਰੋਕਤ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਨੇ ਉਹ ਮੁੱਦੇ ਉਠਾਏ ਹਨ ਜਿੰਨ੍ਹਾਂ
ਤੋਂ ਅਸੀਂ ਦੂਰੀ ਬਣਾ ਕੇ ਚਲ ਰਹੇ ਹਾਂ ਭਾਵ ਅਸੀਂ ਕਰਨ ਵਾਲੇ ਕਰਮ ਕੀਤੇ ਹੀ ਨਹੀਂ ਹਨ—ਪਹਿਲਾ ‘ਨਾ
ਹਰਿ ਭਜਿਓ" ਭਾਵ ਰੱਬੀ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਲਾਗੂ ਨਹੀਂ ਕੀਤੇ ਜਿਸ ਤਰ੍ਹਾਂ ਰੱਬ ਜੀ
ਦਾ ਇੱਕ ਗੁਣ ਹੈ ਕਿ ਉਸ ਦੀ ਪਿਆਰ ਦੀ ਬੋਲੀ ਹੈ ਪਰ ਅਸੀਂ `ਤੇ ਗੁਰਦੁਆਰਿਆਂ ਵਿੱਚ ਹੀ ਲੜੀ ਜਾ ਰਹੇ
ਹਾਂ। ਦੂਜਾ ‘ਨਾ ਗੁਰ ਜਨੁ ਸੇਵਿਓ` ਭਾਵ ਕਦੇ ਵੀ ਗੁਰੂ ਸਾਹਿਬ ਜੀ ਦੀ ਸਿੱਖਿਆਂ ਨੂੰ ਧਿਆਂਨ ਪੂਰਵਕ
ਹੋ ਕੇ ਸੁਣਿਆਂ ਤੇ ਨਾ ਹੀ ਗੁਰੂ ਦੀ ਸਿੱਖਿਆਂ ਨੂੰ ਅਸਾਂ ਮੰਨਿਆ ਹੈ। ਤੀਜਾ ਜੇ ਰੱਬ ਜੀ ਦੇ ਗੁਣ
ਨਹੀਂ ਲਏ ਗੁਰੂ ਸਾਹਿਬ ਜੀ ਦੀ ਸਿੱਖਿਆਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਸਾਡੇ ਪਾਸ ਗੁਰੂ ਸਾਹਿਬ
ਜੀ ਦਾ ਗਿਆਨ ਨਾ ਹੋਣ ਕਰਕੇ ਸਾਨੂੰ ਆਤਮਿਕ ਸੋਝੀ ਨਹੀਂ ਆ ਸਕੀ। ਦੂਜੀ ਤੁਕ ਵਿੱਚ ਸਾਡੇ ਸੁਭਾਅ
ਵਿੱਚ ਰੱਬੀ ਗੁਣ ਪਏ ਹੋਏ ਹਨ ਪਰ ਅਸੀਂ ਇਹਨਾਂ ਗੁਣਾਂ ਨੂੰ ਲੱਭਣ ਲਈ ਬਾਹਰ ਤੁਰੇ ਫਿਰਦੇ ਹਾਂ।
ਇਹਨਾਂ ਦੋਹਾਂ ਤੁਕਾਂ ਵਿਚੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਨਾ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ
ਜੀ ਦੇ ਸ਼ਬਦ ਨੂੰ ਵਿਚਾਰਿਆ ਹੈ ਨਾ ਹੀ ਰੱਬੀ ਗੁਣਾਂ ਦੀ ਸਮਝ ਪਈ ਹੈ ਜਿਸ ਕਰਕੇ ਆਤਮਿਕ ਜੀਵਨ ਵਿੱਚ
ਸੋਝੀ ਨਹੀਂ ਆਈ ਪਰ ਅਸੀਂ ਅਖੌਤੀ ਸਾਧਲਾਣੇ ਦੇ ਡੇਰਿਆਂ `ਤੇ ਜਾ ਕੇ ਰੱਬ ਜੀ ਨੂੰ ਲੱਭਣ ਦਾ ਯਤਨ ਕਰ
ਰਹੇ ਹਾਂ। ਏਸੇ ਨੂੰ ਕਿਹਾ ਹੈ ਕਿ ਹੇ ਮੇਰੇ ਮਨ ਤੂੰ ਭੈੜੀ ਮਤ ਨੂੰ ਧਾਰਨ ਕੀਤਾ ਹੋਇਆ ਹੈ। ਸ਼ਬਦ ਦੇ
ਅਖੀਰਲੇ ਬੰਦ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ –
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ।।
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ।। ੩।।
ਇਹਨਾਂ ਤੁਕਾਂ ਨੂੰ ਸਮਝਦਿਆਂ ਕਈ ਵਾਰੀ ਅਸੀਂ ਅਰਥ ਕਰਦੇ ਹਾਂ ਕਿ ਅਸੀਂ
ਮਨੁੱਖਾ ਜੂਨ ਤੋਂ ਪਹਿਲਾਂ ਕਈ ਹੋਰ ਜੂਨਾਂ ਵਿੱਚ ਭਟਕਦੇ ਰਹੇ ਹਾਂ ਪਰ ਟਿਕਾਵੀਂ ਮਤ ਦੀ ਪ੍ਰਾਪਤੀ
ਨਹੀਂ ਹੋਈ।
ਅਸਲ ਵਿੱਚ ਬਹੁਤ
ਦੇ ਤੁ ਨੂੰ ਔਂਕੜ ਆਈ ਹੈ ਇਸ ਲਈ ਇਸ ਦਾ ਅਰਥ ਬਣਦਾ ਹੈ ਜ਼ਿੰਦਗੀ ਦਾ ਬਹੁਤਾ ਹਿੱਸਾ ਅਸੀਂ ਭਟਕਣਾ
ਵਿੱਚ ਲੰਘਾ ਦਿੱਤਾ। ਜਿਸ ਤਰ੍ਹਾਂ ਪਰਾਈ ਇਸਤ੍ਰੀ
ਵਲ ਦੇਖਣਾ, ਪਰਾਈ ਨਿੰਦਿਆ ਕਰਨੀ, ਗੁਰੂ ਦੀ ਸ਼ਰਣ ਵਿੱਚ ਨਾ ਆਉਣਾ ਤੇ ਉਪਦੇਸ਼ ਨੂੰ ਨਾ ਸਮਝਣਾ ਰੱਬੀ
ਗੁਣਾਂ ਨੂੰ ਧਾਰਨ ਨਾ ਕਰਨਾ। ਇਹ ਸਾਰਾ ਕੁੱਝ ਭੈੜੀ ਮਤ ਕਰਕੇ ਹੋਇਆ ਹੈ ਇਸ ਲਈ ਜ਼ਿੰਦਗੀ ਦਾ ਬਹੁਤਾ
ਸਮਾਂ ਮੈਂ ਅਜੇਹੀਆਂ ਭਂਟਕਣਾਂ ਵਿੱਚ ਹੀ ਲੰਗਾ ਦਿੱਤਾ ਹੈ। ਅੱਜ ਮੈਨੂੰ ਮੇਰੇ ਗੁਰੂ ਨੇ ਇਹ ਗੱਲ
ਸਮਝਾ ਦਿੱਤੀ ਹੈ ਬੰਦਿਆ ਮਨੁੱਖਾ ਜੀਵਨ ਦਾ ਸਮਾਂ ਬਹੁਤ ਕੀਮਤੀ ਹੈ ਇਸ ਲਈ ਤੂੰ ‘ਹਰਿ ਭਜੁ` ਭਾਵ
ਨਿਸ਼ਾਨਿਆਂ ਦੀ ਪ੍ਰਾਪਤੀ ਕਰ ਜ਼ਿੰਦਗੀ ਦੇ ਮਹੱਤਵ ਨੂੰ ਸਮਝਣ ਦਾ ਯਤਨ ਕਰ ਗੁਰੂ ਤੇਗ ਬਹਾਦਰ ਸਾਹਿਬ
ਜੀ ਫਰਮਾਉਂਦੇ ਹਨ ਕਿ ਭਲਿਆ ਸਿਆਣਪ ਏਸੇ ਵਿੱਚ ਹੀ ਹੈ ਕਿ ਮਿਲੇ ਸਮੇਂ ਦੀ ਕੀਮਤ ਪਾ ਆਪਣਾ ਸਮਾਂ
ਅਜਾਈਂ ਨਾ ਗਵਾ ਦੇਵੀਂ
ਮਨੁੱਖੀ ਜੀਵਨ ਦੀਆਂ ਕੰਮਜ਼ੋਰੀਆਂ ਨੂੰ ਵਿਸਥਾਰ ਪੂਵਰਕ ਸਮਝਾਉਂਦਿਆਂ ਗੁਰਦੇਵ
ਪਿਤਾ ਜੀ ਨੇ ਵਰਤਮਾਨ ਸਮੇਂ ਨੂੰ ਸੰਭਾਲਣ ਦੀ ਸਿੱਖਿਆ ਦਿੱਤੀ ਹੈ।