ਇਹ ਸ਼ਬਦ ਤੀਜੇ ਨਾਨਕ ਬਾਬਾ ਅਮਰਦਾਸ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ
ਹੋਇਆ ਹੈ ਅਤੇ ਇਸ ਦੀਆਂ ਚਾਲੀ ਪਉੜੀਆਂ ਹਨ। ਪਤਾ ਨਹੀਂ ਕਦੋਂ ਅਤੇ ਕਿਸ ਨੇ ਇਹ ਰੀਤ ਚਲਾ ਦਿੱਤੀ ਕਿ
ਹਰ ਸਮਾਗਮ ਦੀ ਸਮਾਪਤੀ ਵੇਲੇ ਮਰਜ਼ੀ ਅਨੁਸਾਰ ਕੇਵਲ ਪਹਿਲੀਆਂ ਪੰਜ ਪਉੜੀਆਂ ਅਤੇ ਅਖੀਰਲੀ ਪਉੜੀ ਹੀ
ਪੜ੍ਹ ਕੇ ਭੋਗ ਪਾ ਦਿੱਤਾ ਜਾਂਦਾ ਹੈ ਭਾਵ ਛੇ ਪਉੜੀਆਂ ਪੜ੍ਹ ਕੇ ਸਮਾਗਮ ਦੀ ਸਮਾਪਤੀ ਕਰ ਦਿੱਤੀ
ਜਾਂਦੀ ਹੈ। ਗੁਰਬਾਣੀ ਦਾ ਗਿਆਨ ਮਨੁੱਖ ਨੂੰ ਇੱਕ ਅਦਰਸ਼ਵਾਦੀ ਮਨੂੱਖ ਬਣਾਉਂਦਾ ਹੈ ਜਿਸ ਨੂੰ ਅਸੀਂ
ਭਗਤ, ਧਰਮੀ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ। ਗੁਰਬਾਣੀ ਦੀ ਸਮਝ ਤੋਂ ਬਿਨਾ ਸੱਚ ਨੂੰ ਨਹੀਂ
ਜਾਣਿਆਂ ਜਾ ਸਕਦਾ ਅਤੇ ਨਾ ਹੀ ਜੀਵਨ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਸਿੱਖ ਦੇ ਜੀਵਨ
ਦਾ ਮਿਆਰ ਡਿੱਗਣ ਦਾ ਅਸਲ ਕਾਰਨ ਵੀ ਗੁਰਬਾਣੀ ਦੇ ਗਿਆਨ ਤੋਂ ਸੱਖਣੇ ਹੋਣਾ ਹੈ। ਗੁਰਬਾਣੀ ਸੁਣਨ ਦਾ
ਮਤਲਬ ਕੇਵਲ ਗੁਰਬਾਣੀ ਨੂੰ ਕੰਨਾਂ ਨਾਲ ਸੁਣਨਾ ਨਹੀਂ ਹੈ, ਇਸ ਨੂੰ ਵਿਚਾਰ ਕੇ ਉਸ ਅਨੁਸਾਰ ਵਿਚਰਨਾ
ਵੀ ਹੈ। ਆਓ ਪਰਮਾਤਮਾ ਦੀ ਕ੍ਰਿਪਾ ਸਦਕਾ ਇਸ ਪਉੜੀ ਦੀ ਵਿਚਾਰ ਨਾਲ ਜੁੜੀਏ।
ਮਨੁੱਖ ਸਾਰੀ ਹੀ ਜਿੰਦਗੀ ਖੁਸ਼ੀ ਨੂੰ ਲੱਭਦਾ ਰਹਿੰਦਾ ਹੈ ਪਰ ਅਸਲ ਖੁਸ਼ੀ
(ਅਨੰਦ) ਤੋਂ ਵਾਂਝਾ ਹੀ ਰਹਿੰਦਾ ਹੈ। ਸਭ ਕੁੱਝ ਪ੍ਰਾਪਤ ਕਰਕੇ ਵੀ ਦੁੱਖਾਂ ਤੋਂ ਆਪਣੇ ਆਪ ਨੂੰ
ਅਜ਼ਾਦ ਨਹੀਂ ਕਰ ਸਕਦਾ। ਹਰ ਸਮੇਂ ਕੋਈ ਨਾ ਕੋਈ ਦੁੱਖ ਪਰੇਸ਼ਾਨ ਕਰਦਾ ਰਹਿੰਦਾ ਹੈ। ਜੇਕਰ ਕੋਈ ਖੁਸ਼ੀ
ਮਿਲਦੀ ਵੀ ਹੈ ਤਾਂ ਛਿਨ ਭੰਗਰ (ਕੁਝ ਸਮੇਂ) ਲਈ ਹੀ ਮਿਲਦੀ ਹੈ ਅਤੇ ਫਿਰ ਦੁੱਖ ਆ ਘੇਰਦੇ ਹਨ। ਹਰ
ਸਮੇਂ ਮਨੁੱਖ ਅਨੰਦ ਦੀ ਭਾਲ ਵਿੱਚ ਰਹਿੰਦਾ ਹੈ ਅਤੇ ਇਸ ਸ਼ਬਦ ਵਿੱਚ ਇਸ ਗੱਲ ਦੀ ਘੁੰਡੀ (ਗੰਢ) ਖੋਲੀ
ਗਈ ਹੈ।
ਮਨੁੱਖ ਹਰ ਸਮੇਂ ਅਨੰਦ ਵਿੱਚ ਰਹਿ ਸਕੇ, ਇਸ ਦੀ ਪ੍ਰਾਪਤੀ ਕੇਵਲ ਤੇ ਕੇਵਲ
ਗੁਰੂ (ਸੱਚ ਦਾ ਗਿਆਨ) ਤੋਂ ਹੀ ਪ੍ਰਾਪਤ ਹੁੰਦੀ ਹੈ। ਗੁਰੂ ਨੂੰ ਪ੍ਰਾਪਤ ਕਰਨ ਨਾਲ ਅਨੰਦ ਮਿਲ
ਜਾਂਦਾ ਹੈ। ਇਥੇ ਬਾਬਾ ਅਮਰਦਾਸ ਜੀ ਕਹਿ ਰਹੇ ਹਨ ਕਿ ਐ ਮੇਰੀ ਮਾਂ ਜਦੋਂ ਗੁਰੂ ਮਿਲ ਗਿਆ ਤਾਂ ਅਨੰਦ
ਬਣ ਗਿਆ। ਜਦੋਂ ਇਹ ਸ਼ਬਦ ਉਚਾਰਨ ਕੀਤਾ ਗਿਆ ਸੀ ਤਾਂ ਉਸ ਸਮੇਂ ਬਾਬਾ
ਅਮਰਦਾਸ ਜੀ ਦੇ ਮਾਤਾ ਜੀ ਜਿਉਂਦੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਇਹ ਸ਼ਬਦ ਆਪਣੀ ਮਾਤਾ ਲਈ
ਉਚਾਰਨ ਕੀਤਾ। ਗੁਰਬਾਣੀ ਦਾ ਗਿਆਨ ਸਾਰੀ ਲੋਕਾਈ ਲਈ ਹੈ। ਮਾਏ ਦਾ ਅਰਥ ਮਾਂ ਹੀ ਹੈ ਪਰ
ਗੁਰਬਾਣੀ ਅਨੁਸਾਰ ਮਾਤਾ ਮਤਿ ਪਿਤਾ ਸੰਤੋਖ …. ਅਨੁਸਾਰ ਮਨੁੱਖ ਦਾ ਪਰਿਵਾਰ ਉਸ ਦੇ
ਆਪਣੇ ਕਰਮ ਅਤੇ ਗਿਆਨ ਇੰਦ੍ਰੇ ਹਨ।
ਬਾਬਾ
ਅਮਰਦਾਸ ਜੀ ਫੁਰਮਾਨ ਕਰਦੇ ਹਨ ਕਿ ਐ ਮੇਰੀ ਮਾਂ (ਮੱਤ) ਜੇ ਤੂੰ ਅਨੰਦ ਚਾਹੁੰਦੀ ਹੈ ਤਾਂ ਗੁਰੂ ਤੋਂ
ਅਸਲ ਜੀਵਨ ਜਿਉਣ ਦੀ ਸਮਝ ਲੈ ਅਤੇ ਉਸ ਅਨੁਸਾਰ ਚੱਲ ਭਾਵ ਜੇਕਰ ਅਸੀਂ ਸਦਾ ਲਈ ਖੇੜਾ ਚਾਹੁੰਦੇ ਹਾਂ
ਤਾਂ ਇਸ ਦੀ ਪ੍ਰਾਪਤੀ ਗੁਰੂ ਉਪਦੇਸ਼ ਨੂੰ ਕਮਾਉਣ ਨਾਲ ਹੀ ਹੋ ਸਕਦੀ ਹੈ। ਪਾਤਸ਼ਾਹ ਇਹੀ ਗੱਲ ਸਮਝਾ
ਰਹੇ ਹਨ ਕਿ ਜਦੋਂ ਤੋਂ ਮੈਨੂੰ ਸੱਚ ਦੇ ਗਿਆਨ ਦੀ ਪ੍ਰਾਪਤੀ ਹੋਈ ਹੈ ਉਦੋਂ ਤੋਂ ਮੈਂ ਅਸਲ ਖੁਸ਼ੀ ਨੂੰ
ਪ੍ਰਾਪਤ ਕਰ ਲਿਆ ਹੈ। ਗੁਰੂ ਦਾ ਪਾਉਣਾ ਸੱਚ ਦੀ ਜਾਣਕਾਰੀ ਮਿਲ ਜਾਣੀ ਹੈ ਅਤੇ ਉਸ ਅਨੁਸਾਰ ਜੀਵਨ
ਜੁਗਤੀ ਬਣਾ ਲੈਣਾ ਹੈ।
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ਗੁਰੂ ਨੂੰ ਪ੍ਰਾਪਤ
ਕਰਨ ਲਈ ਇੱਕ ਸ਼ਰਤ ਹੈ ਉਹ ਇਹ ਕਿ ਮਨ ਵਿੱਚ ਸਹਜ (ਮਨ ਦਾ ਵਿਕਾਰ ਰਹਿਤ ਹੋਣਾਂ, ਵਿਕਾਰਾਂ ਤੋਂ ਤੋਬਾ
ਕਰ ਲੈਣੀ) ਦਾ ਆਉਣਾ ਜ਼ਰੂਰੀ ਹੈ। ਜਿਵੇਂ ਧਰਤੀ ਵਿੱਚ ਬੀਜ ਪਾਉਣ ਤੋਂ ਪਹਿਲਾਂ ਧਰਤੀ ਨੂੰ ਬਿਜਾਈ ਲਈ
ਤਿਆਰ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਹੀ ਮਨ ਰੂਪੀ ਧਰਤੀ ਨੂੰ ਨਾਮ (ਗੁਰੂ ਦੀ ਸਿੱਖਿਆ) ਦਾ ਬੀਜ
ਪਾਉਣ ਲਈ ਤਿਆਰ ਕਰਨਾ ਪੈਂਦਾ ਹੈ, ਮਨ ਨੂੰ ਵਿਕਾਰਾਂ ਤੋਂ ਰਹਿਤ ਕਰਨਾ ਪੈਂਦਾ ਹੈ। ਮਨ ਕੇਵਲ ਇੱਕ
ਨਾਲ ਜੁੜ ਕੇ ਹੀ ਇੱਕ (ਇਕਾਗਰ) ਹੋ ਸਕਦਾ ਹੈ। ਸੱਚ ਦੇ ਗਿਆਨ ਨੂੰ ਇਕਾਗਰ ਮਨ ਵਿੱਚ ਰੱਖਿਆ ਜਾ
ਸਕਦਾ ਹੈ ਨਹੀਂ ਤਾਂ ਸੱਚ ਜਾਣਦਾ ਹੋਇਆ ਮਨੁੱਖ ਵੀ ਸੱਚ ਨੂੰ ਧਾਰਨ ਨਹੀਂ ਕਰਦਾ (ਮਨ ਨੂੰ
ਹਰਿ ਕਪੜੋ (ਗੁ. ਗ੍ਰੰਥ ਸਾਹਿਬ ਪੰਨਾਂ 79) ਨਹੀਂ ਪਹਿਨਾਉਂਦਾ) ਸਹਜ ਸੇਤੀ ਦਾ ਭਾਵ ਇਹ
ਹੀ ਹੈ। ਸਹਜ ਦੇ ਆਉਣ ਨਾਲ ਮਨ ਵਿੱਚ ਅਨੰਦ ਬਣ ਜਾਂਦਾ ਹੈ। ਵਧਾਈਆਂ ਦਾ ਸਬੰਧ ਖੁਸ਼ੀ ਨਾਲ ਹੈ। ਜਦੋਂ
ਵਿਕਾਰ ਹੀ ਵਿਦਾ ਹੋ ਗਏ ਫਿਰ ਦੁੱਖ ਆਪਣੇ ਆਪ ਹੀ ਰੁਕਸਤ ਹੋ ਜਾਂਦੇ ਹਨ (ਮਨੁੱਖ ਨੂੰ ਵਿਕਾਰਾਂ
ਦੀਆਂ ਠੋਕਰਾਂ ਗੁਰੂਬਾਣੀ ਦੇ ਗਿਆਨ ਰੂਪੀ ਪ੍ਰਕਾਸ਼ ਦੀ ਅਣਹੋਂਦ ਕਰ ਕੇ ਹੀ ਪੈਂਦੀਆਂ ਹਨ), ਚਾਨਣ
ਹੁੰਦਿਆਂ ਸਾਰ ਹੀ ਹਨੇਰਾ ਆਪਣੇ ਆਪ ਹੀ ਮਿਟ ਜਾਂਦਾ ਹੈ, ਚਲਾ ਜਾਂਦਾ ਹੈ।
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ।। "ਗੁਰ ਕਾ ਸਬਦ ਰਤਨ ਹੈ" ਭਾਵ
ਗੁਰੂ ਦਾ ਗਿਆਨ ਸਦੀਵ ਖੁਸ਼ੀ ਦੇਣ ਵਾਲਾ ਹੈ। ਗੁਰੂ ਦੇ ਸ਼ਬਦ ਵਿੱਚ ਅਮੋਲਕ ਗਿਆਨ ਛੁਪਿਆ ਹੋਇਆ ਹੈ।
ਦੁਨੀਆ ਵਿੱਚ ਕਹੇ ਜਾਂਦੇ ਰਤਨਾਂ ਦੀ ਕੀਮਤ ਹੋ ਸਕਦੀ ਹੈ ਪਰ ਗੁਰੂ ਦਾ ਸ਼ਬਦ ਇੱਕ ਐਸਾ ਰਤਨ ਹੈ ਜਿਸ
ਦੀ ਕੋਈ ਕੀਮਤ ਹੋ ਹੀ ਨਹੀਂ ਸਕਦੀ ਭਾਵ ਕੋਈ ਵੀ ਮਨੁੱਖ ਦੁਨੀਆਵੀ ਧਨ ਨਾਲ ਇਹ ਗਿਆਨ ਪ੍ਰਾਪਤ ਨਹੀਂ
ਕਰ ਸਕਦਾ। ਸਾਡਾ ਅਸਲ ਪਰਿਵਾਰ ਸਾਡੇ ਕਰਮ ਅਤੇ ਗਿਆਨ ਇੰਦਰੇ ਹਨ। ਅੱਖਾਂ ਜ਼ੋ ਬਾਹਰੀ ਤੋਰ ਤੇ
(ਸਰਗੁਣ ਰੂਪ) ਦਿਖਾਈ ਦਿੰਦੀਆਂ ਹਨ, ਉਹ ਸਾਡੇ ਪਰਿਵਾਰ ਦਾ ਇੱਕ ਮੈਂਬਰ ਹਨ, ਅੱਖਾਂ ਦਾ ਕੰਮ ਦੇਖਣਾ
(ਨਿਰਗੁਣ ਰੂਪ) ਹੈ, ਅੱਖਾਂ ਪਰਿਵਾਰ ਦਾ ਮੈਂਬਰ ਹੋਣ ਕਰਕੇ ਜ਼ੋ ਦੇਖਦੀਆਂ ਹਨ, ਉਹ ਉਸ ਦੀ ਪਰੀ
(ਜਿਵੇਂ ਫੁੱਲ ਸਰਗੁਣ ਰੂਪ ਹੈ ਅਤੇ ਫੁੱਲ ਦੀ ਖੁਸ਼ਬੂ ਫੁੱਲ ਦਾ ਨਿਰਗੁਣ ਰੂਪੀ ਪਰੀਵਾਰ ਹੈ) ਹੈ।
ਪਰਵਾਰ ਪਰੀਆ (ਪਰਿਵਾਰ ਸਮੇਤ ਪਰੀਆਂ) ਸਾਰੇ ਇੰਦ੍ਰੇ ਗੁਰੂ ਦੇ ਉਪਦੇਸ਼ ਨੂੰ ਸਮਝ ਕੇ (ਗੁਰੂ ਦੀ
ਪ੍ਰਾਪਤੀ ਕਰਕੇ) ਆਪਣੇ ਪਰਿਵਾਰ ਸਮੇਤ, ਆਪਣਾ ਆਪਣਾ ਗੁਰੂ ਉਪਦੇਸ਼ ਅਨੁਸਾਰ ਕਰਮ ਕਰ ਰਹੇ ਹਨ,
ਇਨ੍ਹਾਂ ਨੂੰ ਇਹ ਗਾਉਣਾ ਆ ਗਿਆ ਹੈ ਭਾਵ ਕਿਵੇਂ ਇਨ੍ਹਾਂ ਦੀ ਵਰਤੋਂ ਕਰਨੀ ਹੈ, ਬਾਰੇ ਮਨੁੱਖ ਨੂੰ
ਜਾਣਕਾਰੀ ਮਿਲ ਜਾਂਦੀ ਹੈ। ਸਬਦੋ ਤਾ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ।। ਇਸ ਲਈ ਜਿਸ
ਗੁਰੂ ਦੇ ਉਪਦੇਸ਼ ਸਦਕਾ ਮਨ ਵਿੱਚ ਪ੍ਰਭੂ ਦੀ ਯਾਦ ਵੱਸਦੀ ਹੈ ਉਸ ਅਨੁਸਾਰ ਹੀ ਆਪਣੇ ਪਰਿਵਾਰ ਨੂੰ
ਬਣਾਉਣਾ ਚਾਹੀਦਾ ਹੈ। ਕਹੈ ਨਾਨਕੁ ਅਨੰਦੁ ਹੋਇਆ ਸਤਿਗੁਰੂ ਮੈ ਪਾਇਆ।। ਇਸ ਤਰ੍ਹਾਂ ਪਾਤਸ਼ਾਹ
ਕਹਿੰਦੇ ਹਨ ਕਿ ਅਸਲ ਅਨੰਦ ਸਦਾ ਹੀ ਬਣਿਆ ਰਹਿੰਦਾ ਹੈ। ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਉਸ ਅਨੁਸਾਰ
ਜੀਵਨ ਬਣਾ ਲੈਣ ਨਾਲ ਸੱਚਮੁਚ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਮੋਹਨ ਸਿੰਘ
ਮੋਬਾਇਲ 9878992010