. |
|
ਮਨ ਕੀ ਹੈ?
ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਸਾਨੂੰ ਕੁਝ ਨਹੀਂ ਪਤਾ ਹੁੰਦਾ ਪਰ ਆਪਣੀ
ਹੋਂਦ ਬਾਰੇ ਅਤੇ ਆਲੇ-ਦੁਆਲੇ ਬਾਰੇ ਜਿਸ ਪਲ ਵੀ ਖਿਆਲ ਆਉਣੇ ਸ਼ੁਰੂ ਹੁੰਦੇ ਹਨ ਤਾਂ ਹੀ ਸਾਡਾ ਮਨ
ਪੈਦਾ ਹੁੰਦਾ ਹੈ। ਸਾਡੇ ਮਨ ਨੂੰ ਸਾਡਾ ਨਾਮ ਵੀ ਪਤਾ ਨਹੀਂ ਹੁੰਦਾ। ਹੌਲੇ-ਹੌਲੇ ਆਪਣੇ ਮਾਤਾ-ਪਿਤਾ,
ਭੈਣ-ਭਰਾ ਬਾਰੇ ਸੋਝੀ ਵੱਧਦੀ ਹੈ ਅਤੇ ਮਾਂਪਿਆਂ ਵੱਲੋਂ ਰੱਖਿਆ ਨਾਮ ਵੀ ਮਨ ਕਬੂਲ ਲੈਂਦਾ ਹੈ। ਫਿਰ
ਆਪਣੇ ਆਪ ਨੂੰ ਉਸੀ ਨਾਮ ਤੋਂ ਜਾਣਨ ਲਗਦੇ ਹਾਂ। ਹਰੇਕ ਪਲ, ਰੋਜ਼-ਰੋਜ਼ ਅਨੇਕਾਂ ਤਜ਼ੁਰਬੇ ਸਾਡੇ ਨਾਲ
ਵਾਪਰਦੇ ਹਨ ਜਾਂ ਸਾਡੇ ਨੇੜੇ-ਤੇੜੇ ਹੋਰ ਕਿਸੀ ਨਾਲ ਵਾਪਰਦੇ ਹਨ, ਜਿਨ੍ਹਾਂ ਬਾਰੇ ਵੇਖ ਸੁਣ ਕੇ
ਸਾਡੇ ਸੰਸਕਾਰ ਅਤੇ ਚੇਤਾ ਸ਼ਕਤੀ ਬਣਦੀ ਜਾਂਦੀ ਹੈ। ਆਸ-ਪਾਸ ਤੋਂ, ਮਾਹੌਲ ਤੋਂ, ਮਾ-ਪਿਆਂ ਤੋਂ ਅਸੀਂ
ਖਿਆਲ ਫੁਰਨੇ ਲੈਂਦੇ ਰਹਿੰਦੇ ਹਾਂ ਅਤੇ ਉਸੀ ਅਨੁਸਾਰ ਸਾਡੀ ਸੋਚਣੀ ਦਾ ਢੰਗ, ਸਾਡੇ ਮਨ ਰਾਹੀਂ ਸ਼ੁਰੂ
ਹੁੰਦਾ ਅਤੇ ਵੱਧਦਾ ਜਾਂਦਾ ਹੈ। ਜੋ ਕੁਝ ਸਾਡੇ ਮਨ ਨੂੰ ਚੰਗਾ ਲਗਦਾ ਹੈ ਉਹ ਸੋਚਨੀ ਦੇ ਢੰਗ ’ਚ
ਅਪਨਾਅ ਲੈਂਦੇ ਹਾਂ। ਜੋ ਚੰਗਾ ਨਹੀਂ ਲਗਦਾ ਉਸ ਪੱਖੋਂ ਸੋਚਨੀ ਦੀਆਂ (ਮਨ ਦੀਆਂ) ਅੱਖਾਂ, ਕੰਨ ਅਤੇ
ਨੱਕ ਬੰਦ ਕਰ ਲੈਂਦੇ ਹਾਂ। ਜੈਸਾ-ਜੈਸਾ ਮਨ ਰਾਹੀਂ ਸੋਚਦੇ ਹਾਂ ਵੈਸੀ ਸ਼ਖ਼ਸੀਅਤ ਸਾਡੀ ਬਣਦੀ ਜਾਂਦੀ
ਹੈ ਅਤੇ ਵੈਸੇ ਹੀ ਕਰਮ ਕਰਦੇ ਜਾਂਦੇ ਹਾਂ।
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 755)
ਸਾਡੇ ਮਨ ਨੂੰ ਨਿਰਣਾ ਕਰਨ ਦੀ ਅਕਲ, ਪਰਖ ਨਹੀਂ ਹੁੰਦੀ ਕਿ ਕੁਦਰਤ ਦੇ
ਨਿਯਮਾਂ ਅਤੇ ਰਜ਼ਾ ਅਨੁਸਾਰ ਚੰਗਾ-ਮੰਦਾ, ਸਰ-ਅਪਸਰ ਕੀ ਹੈ।
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 598)
ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1329)
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 657)
ਇਹ ਭਰਮ ਸਾਡੇ ਮਨ ਦੀ ਅਵਸਥਾ ਹੀ ਹੈ। ਸਾਡਾ ਮਨ ਫੁਰਨਿਆਂ ਦਾ ਘਰ ਹੈ। ਮਨ
ਦੀ ਅਗਿਆਨਤਾ ਕਾਰਨ ਅਤੇ ਸੋਚਨੀ ਅਨੁਸਾਰ ਜੈਸੇ ਫੁਰਨੇ ਫੁਰਦੇ ਹਨ ਵੈਸੇ ਜੀਵਨ ਵਲ ਅਸੀਂ ਪ੍ਰੇਰਿਤ
ਹੁੰਦੇ ਰਹਿੰਦੇ ਹਾਂ। ਜ਼ਿਆਦਾਤਰ ਜੋ ਅਸੀਂ ਆਪਣੀ ਮਤ ਅਨੁਸਾਰ ਠੀਕ ਸਮਝ ਰਹੇ ਹੁੰਦੇ ਹਾਂ ਉਹ ਦਰਅਸਲ
ਗਲਤ ਹੁੰਦਾ ਹੈ ਅਤੇ ਜੋ ਗਲਤ ਸਮਝ ਕੇ ਅਸੀਂ ਛੱਡ ਰਹੇ ਹੁੰਦੇ ਹਾਂ ਉਹ ਠੀਕ ਹੁੰਦਾ ਹੈ। ਇਹ ਹੀ ਭਰਮ
ਹੈ। ਰਜ਼ਾ ਤੋਂ ਉਲਟ ਸਾਡਾ ਮਨ ਜੋ ਵੀ ਫੁਰਨੇ ਲੈਂਦਾ ਅਤੇ ਸੋਚਦਾ ਹੈ ਉਸਨੂੰ ਮੰਦੇ, ਮੈਲੇ, ਹਨੇਰੇ,
ਕਾਲਖ ਵਾਲੇ ਖਿਆਲ ਜਾਂ ਜਮ ਕਾ ਮਾਰਗ ਕਹਿੰਦੇ ਹਨ। ਮਨ ਦੇ ਮੈਲੇ ਫੁਰਨਿਆਂ ਨੂੰ ਜੀਵਤਿਆਂ ਮਾਰਨ ਦੀ
ਜਾਚ ਸਿਖਣੀ ਹੈ, ਵਰਨਾ ਮੰਦੇ ਅਮਲ ਰੂਪੀ ਜਮਾਂ ਤੋਂ ਜ਼ਿੰਦਗੀ ਭਰ ਮੁਕਤ ਨਹੀਂ ਹੋ ਸਕਦੇ।
ਮਨ ਦੇ ਮੰਦੇ ਫੁਰਨਿਆਂ ਨੂੰ ਜੇ ਨਾ ਮਾਰੋ ਤਾਂ ਸਾਡੇ ਜਜ਼ਬਾਤ, ਖ਼ਾਹਿਸ਼ਾਂ ਦੇ
ਢੰਗ ਉਸੀ ਅਨੁਸਾਰ ਘੜਦੇ ਅਤੇ ਪਕਦੇ ਜਾਂਦੇ ਹਨ ਅਤੇ ਸਾਡੀ ਸੋਚਣੀ ਦਾ ਢੰਗ ਵੀ ਉਸੀ ਦਿਸ਼ਾ ਵਲ ਬਣਦਾ
ਜਾਂਦਾ ਹੈ। ਜਿਉਂ ਹੀ ਆਪਣੇ ਮੰਦੇ ਖਿਆਲਾਂ (ਰਜ਼ਾ ਤੋਂ ਉਲਟ ਵਾਲੇ) ਦਾ ਪਤਾ ਲਗਦਾ ਹੈ, ਉਨ੍ਹਾਂ ਦੇ
ਪੱਕ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਜੜ ਪੁੱਟ ਦੇਣੀ ਚਾਹੀਦੀ ਹੈ। ਆਮਤੌਰ ’ਤੇ ਗਲਤ ਫਹਿਮੀ ਕਾਰਨ
ਇਸਨੂੰ ਦਬਾਉਣ, ਮੁਕਾਉਣ ਪੱਖੋਂ ਸਮਝਿਆ ਨਹੀਂ ਗਿਆ। ਪਰ ਮੰਦੇ ਫੁਰਨਿਆਂ ਨੂੰ ਸ਼ੁਰੂ-ਸ਼ੁਰੂ ’ਚ
ਦਬਾਉਣਾ ਅਤੇ ਓੜਕ ਮਾਰ ਮੁਕਾਉਣਾ ਹੀ ਹੁੰਦਾ ਹੈ, ਵਰਨਾ ਦਿਨੋ-ਦਿਨ ਇਹ ਸਾਡੀ ਸੁਰਤ ਮਤ ਮਨ ਬੁਧਿ ’ਚ
ਪੱਕਾ ਡੇਰਾ ਪਾ ਕੇ ਬੈਠ ਜਾਂਦੇ ਹਨ। ਸਾਡੀ ਅਡੋਲਤਾ ਨਹੀਂ ਬਣਦੀ ਸਾਡੇ ਜਜ਼ਬਾਤ ਮਲੀਨ ਫੁਰਨਿਆਂ ਦੇ
ਮੁਥਾਜ ਹੋ ਜਾਂਦੇ ਹਨ। ਮੰਦੇ ਫੁਰਨਿਆਂ, ਖਿਆਲਾਂ, ਆਦਤਾਂ ਅਤੇ ਸੁਭਾ ਨੂੰ ਮਾਰਨਾ ਹੀ
`ਜੀਵਤਿਆ ਮਰਿ ਰਹੀਐ`
ਕਹਿਲਾਉਂਦਾ ਹੈ।
ਮਨ ਨੂੰ ਮਾੜੇ ਫੁਰਨਿਆਂ ਵੱਲੋਂ ਹੋੜਨ ਦੀ ਜੁਗਤ ਸਤਿਗੁਰ (ਏਕੋ ਧਰਮ) ਰਾਹੀਂ
ਪ੍ਰਾਪਤ ਹੁੰਦੀ ਹੈ। ਧਰਮ ਸਾਨੂੰ ਬਿਬੇਕ ਬੁੱਧੀ ਬਖ਼ਸ਼ਦਾ ਹੈ। ਸਿੱਟੇ ਵੱਜੋਂ ਰਜ਼ਾ ਅਨੁਸਾਰ
ਚੰਗੇ-ਮੰਦੇ ਦੀ ਪਛਾਣ ਅਤੇ ਨਿਖੇੜਾ ਕਰਨਾ ਦ੍ਰਿੜ ਹੋ ਜਾਂਦਾ ਹੈ। ਸਾਡੇ ਫੁਰਨੇ, ਖਿਆਲ, ਜਜ਼ਬਾਤ ਰਜ਼ਾ
ਅਧੀਨ ਸਹਿਜੇ ਹੀ (ਸੁਭਾਵਕ) ਕੇਵਲ ਚੰਗੇ-ਚੰਗੇ ਹੁੰਦੇ ਹਨ ਭਾਵ ਮੰਦੇ ਫੁਰਨੇ ਉਪਜਦੇ ਹੀ ਨਹੀਂ।
ਸਾਡੇ ਮਨ ਦੀ ਅਵਸਥਾ ਸਹਿਜੇ-ਸਹਿਜੇ,
‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ
ਹੋਇ’ ਵਾਲੀ ਬਣਦੀ ਜਾਂਦੀ ਹੈ। ਮਨ ਦੀ ਇਸੇ ਅਵਸਥਾ
’ਚ ਸੱਚ ਵੇਖਣ ਵਾਲੀ ਅੱਖ (ਸਾਡੇ ਮਨ ਨੂੰ) ਪ੍ਰਾਪਤ ਹੁੰਦੀ ਹੈ। ਇਹੋ ਅੰਤਰ ਆਤਮੇ ਦੀਆਂ ਅੱਖਾਂ ਦਾ
ਸੁਜਾਖ਼ਾਪਨ ਹੁੰਦਾ ਹੈ। ਮੰਦੇ ਖਿਆਲਾਂ ਫੁਰਨਿਆਂ ’ਚ ਮਨ ਦੀਆਂ ਅੱਖਾਂ ਅੰਨ੍ਹੀਆਂ ਸਨ ਪਰ ਹੁਣ ਮਨ
ਨੂੰ ਅੱਖਾਂ ਪ੍ਰਾਪਤ ਹੋ ਗਈਆਂ। ਇਹੋ ਤੀਜਾ ਨੇਤ੍ਰ, ਤ੍ਰਿਲੋਚਨ, ਤ੍ਰਿਲੋਕੀ ਜਾਂ ਤੀਨ ਲੋਕ ਦੀ ਸੋਝੀ
ਦੀ ਅਵਸਥਾ ਕਹਿਲਾਉਂਦੀ ਹੈ। ਮਨ ਦਾ ਹਨੇਰਾ ਦੂਰ ਹੋਣਾ, ਅੱਖਾਂ ਨੂੰ ਪ੍ਰਕਾਸ਼ ਪ੍ਰਾਪਤ ਹੋਣਾ ਹੀ ਮਨ
ਦੀ ਮੰਦੇ ਫੁਰਨਿਆਂ ਵੱਲੋਂ ਮਰਨ ਦੀ ਅਵਸਥਾ ਹੈ।
ਜੇ ਕਰ ਵੇਖਣ ਦਾ ਨਜ਼ਰੀਆ ਮੈਲਾ ਹੋਵੇ ਤਾਂ ਸਾਡਾ ਮਨ ਸਰੀਰਕ ਅੱਖਾਂ ਨਾਲ ਵੀ
ਠੀਕ ਨਹੀਂ ਵੇਖ ਪਾਉਂਦਾ, ਜਿਸ ਕਾਰਣ ਮਨ ਕਰਕੇ ਅਸੀਂ ਬੇਹੋਸ਼, ਅੰਨੇ, ਸੁੱਤੇ ਰਹਿੰਦੇ ਹਾਂ, ਇਹੋ
ਆਤਮਕ ਨੀਂਦ ਕਹਿਲਾਉਂਦੀ ਹੈ। ਸਾਡੀ ਅਚੇਤਤਾ ਵੱਧਦੀ ਜਾਂਦੀ ਹੈ, ਮੰਦੇ ਅਮਲ ਕਰਦੇ ਰਹਿੰਦੇ ਹਾਂ,
ਅੰਗਾਂ ’ਤੇ ਕਾਬੂ ਨਹੀਂ ਰਹਿੰਦਾ ਨਤੀਜਤਨ ਸਾਡਾ ਮਾਨਸਿਕ ਸੰਤੁਲਨ ਵੀ ਨਹੀਂ ਰਹਿੰਦਾ। ਸਾਡੀ ਪਲ-ਪਲ
ਆਤਮਕ ਮੌਤ ਹੁੰਦੀ ਰਹਿੰਦੀ ਹੈ। ਸਾਡਾ ਚੈਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰਾਹੀਂ ਲੁੱਟਿਆ
ਜਾਂਦਾ ਹੈ। ਜਿਸ ਜੁਗਤੀ, ਨਜ਼ਰੀਏ ਰਾਹੀਂ ਸਾਡੀ ਸੁਚੇਤਤਾ ਵੱਧਦੀ ਹੈ, ਉਸੀ ਜੁਗਤੀ ਨਜ਼ਰੀਏ ਨੂੰ
ਸਤਿਗੁਰ ਦੀ ਮਤ ਕਹਿੰਦੇ ਹਨ। ਜੋ ਵੀ ਮੰਦੇ ਖਿਆਲ ਫੁਰਨੇ ਉਪਜਦੇ ਹਨ, ਉਨ੍ਹਾਂ ਨੂੰ ਥਾਂ ਸਿਰ (ਇੱਕ
ਦਮ) ਮਾਰਨ ਦੀ ਜੁਗਤੀ ਨਾਲ ਸਾਡੀ ਸੁਚੇਤਤਾ ਵੱਧਦੀ ਹੈ। ਇਸੇ ਨੂੰ
`ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥`
ਕਹਿੰਦੇ ਹਨ ਭਾਵ ਮਨ ਕੀ ਮੱਤ ਵਲੋਂ ਵੇਖਣ ਬਦਲੇ ਸਤਿਗੁਰ ਦੀ ਮਤ ਵਾਲੇ ਨਜ਼ਰੀਏ ਨਾਲ ਵੇਖਣਾ।
ਸਤਿਗੁਰ ਦਾ ਨਜ਼ਰੀਆ ਲੈਣ ਨਾਲ ਸਾਡੀ ਬਿਰਤੀ ਪੱਕੇ ਸੁਭਾ ਦੀ ਬਣ ਜਾਂਦੀ ਹੈ।
ਕੋਈ ਸਾਡੀ ਮੁਖ਼ਾਲਫ਼ਤ ਕਰੇ, ਨੁਕਤਾਚੀਨੀ ਕਰੇ, ਨਿੰਦਾ ਕਰੇ ਤਾਂ ਸਾਡਾ ਮਨ ਆਪਣੇ ਖਿਆਲਾਂ ਜਜ਼ਬਾਤਾਂ
ਜਾਂ ਸੋਚਨੀ ’ਚ ਮੰਦਾ, ਢਹਿੰਦੀਆਂ ਕਲਾਂ ਦਾ ਅਸਰ ਕਬੂਲਦਾ ਹੀ ਨਹੀਂ।
ਸਾਡਾ ਮੈਲਾ ਮਨ ਮੰਦੇ ਫੁਰਨਿਆਂ ਨੂੰ ਆਪਣਾ ਜਾਨ-ਪ੍ਰਾਣ ਸਮਝਦਾ ਸੀ ਲੇਕਿਨ
ਆਪਣੇ ਮੰਦੇ ਫੁਰਨੇ, ਆਦਤਾਂ ਅਤੇ ਖਿਆਲਾਂ ਨੂੰ ਸਤਿਗੁਰ ਅੱਗੇ ਸਮਰਪਣ ਕਰ ਦੇਣਾ ਹੀ ਅਸਲੀ ਕੁਰਬਾਨੀ
ਹੈ। ਗੁਰੂ ਦੀ ਮਤ ਹੀ ਅਸਲੀ ਪ੍ਰਾਣ ਹਨ, ਜਿਨ੍ਹਾਂ ਰਾਹੀਂ ਸਦ ਜੀਵਨ (ਅਮਰ) ਪ੍ਰਾਪਤ ਹੁੰਦਾ ਹੈ।
ਆਪਣੇ ਮਨ ਦੇ ਮੰਦੇ ਫੁਰਨਿਆਂ ਦੀ ਤਾਕਤ ਦਾ ਬਲ ਹਾਰਨਾ ਹੀ, ਬਲਿਹਾਰ ਜਾਣ ਦੀ ਅਵਸਥਾ ਹੈ। ਮਨ ਦੇ
ਮੰਦੇ ਫੁਰਨਿਆਂ ਦੀ ਕੁਰਬਾਨੀ ਹੀ ‘ਜੀਵਤਿਆ ਮਰਿ ਰਹੀਐ’ ਹੁੰਦਾ ਹੈ।
ਇਸ ਕਿਸਮ ਦੇ ਬੇਅੰਤ ਪੱਖਾਂ ਵੱਲੋਂ ਨਿਤ ਦਿਨ ਰਜ਼ਾ ਅਨੁਸਾਰ ਜਿਊਣਾ ਵੱਧਦਾ
ਜਾਂਦਾ ਹੈ ਅਤੇ ਆਤਮਕ ਮੌਤ ਵੱਲੋਂ ਸਦ ਜੀਵਨੀ ਵਾਲਾ ਕਿਰਦਾਰ ਬਣ ਜਾਂਦਾ ਹੈ। ਗੁਰਬਾਣੀ ਇਹੋ
‘ਜੀਵਤਿਆ ਮਰਿ ਰਹੀਐ’ ਮਨੁੱਖਾਂ ਨੂੰ ਦ੍ਰਿੜਾਉਂਦੀ ਹੈ।
ਵੀਰ ਭੁਪਿੰਦਰ ਸਿੰਘ
|
. |