. |
|
ਧਰਮ
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥ …ਜਪੁ
ਸ਼ਬਦ ਅਰਥ:- ਥਿਤੀ: ਤਿਥਿ, ਚੰਦਰਮਾ ਦੇ ਵਧਣ-ਘਟਣ ਅਨੁਸਾਰ ਮਹੀਨੇ ਦਾ
ਦਿਨ, ਤਾਰੀਖ਼॥ ਵਾਰ: ਗ੍ਰਹਿਆਂ ਅਨੁਸਾਰ ਹਫ਼ਤੇ ਦੇ ਦਿਨ; ਸੋਮਵਾਰ, ਮੰਗਲਵਾਰ… ਆਦਿ।
ਪਾਤਾਲ: ਧਰਤੀ ਦੇ ਹੇਠਲਾ ਲੋਕ (ਇਥੇ ਪਾਤਾਲ ਦੇ ਅਰਥ ਆਕਾਸ਼ ਵੀ ਹੋ ਸਕਦੇ ਹਨ ਕਿਉਂਕਿ,
ਗੁਰਬਾਣੀ ਅਨੁਸਾਰ, ਭੌਤਿਕ ਸੰਸਾਰ ਦੇ ਮੂਲ ਪੰਜਾਂ ਤੱਤਾਂ ਵਿੱਚੋਂ ਆਕਾਸ਼ ਇੱਕ ਤੱਤ੍ਵ ਹੈ)।
ਭਾਵ ਅਰਥ:- (ਕਰਤਾਰ ਨੇ) ਪੰਜਤੱਤ੍ਵੀ ਭੌਤਿਕ ਸ੍ਰਿਸ਼ਟੀ ਦੀ ਰਚਨਾ ਕਰਕੇ
ਉਸ ਵਿੱਚ ਮਨੁੱਖ ਦੇ ਧਰਮ ਕਮਾਉਣ ਲਈ ਧਰਤੀ ਨੂੰ ਬਣਾ ਕੇ ਟਿਕਾ ਦਿੱਤਾ ਹੈ।
ਗੁਰਮੁਖਿ ਧਰਤੀ ਸਾਚੈ ਸਾਜੀ॥ ……ਸਿਧ ਗੋਸਟਿ ਮ: ੧
ਭਾਵ ਅਰਥ:- ਸੱਚੇ ਸਿਰਜਨਹਾਰ ਨੇ ਮਨੁੱਖ ਦੇ ਗੁਰਮੁਖ ਬਣਨ ਵਾਸਤੇ ਇਸ
ਧਰਤੀ ਦੀ ਸਿਰਜਨਾ ਕੀਤੀ ਹੈ।
ਓਅੰ ਗੁਰਮੁਖਿ ਕੀਓ ਅਕਾਰਾ॥ ਏਕਹਿ ਸੂਤਿ ਪਰੋਵਨਹਾਰਾ॥ ਰਾਗੁ ਗਉੜੀ ਬਾ: ਅ:
ਮ: ੫
ਭਾਵ ਅਰਥ: (ਸਾਰੀ ਮਨੁੱਖਤਾ ਨੂੰ) ਆਪਣੀ ਹੁਕਮਸੱਤਾ ਦੀ ਇੱਕੋ ਡੋਰ
ਵਿੱਚ ਪ੍ਰੋਣ ਦੀ ਸਮਰੱਥਾ ਰੱਖਣ ਵਾਲੇ (ਪ੍ਰਭੂ) ਨੇ ਮਨੁੱਖ ਦੇ (ਧਰਮ ਕਮਾ ਕੇ) ਗੁਰਮੁਖ ਬਣਨ ਵਾਸਤੇ
ਇਸ ਸਥੂਲ ਭੌਤਿਕ ਸੰਸਾਰ (ਆਕਾਰਾ) ਦੀ ਸਿਰਜਨਾ ਕੀਤੀ!
ਉਪਰ ਵਿਚਾਰੇ ਗੁਰੁ-ਬਚਨਾਂ ਅਨੁਸਾਰ, ਇਹ ਧਰਤੀ ਮਨੁੱਖ ਲਈ ਧਰਮ ਕਮਾਉਣ
ਵਾਸਤੇ ਅਕਾਲਪੁਰਖ ਦਾ ਬਖ਼ਸ਼ਿਆ ਹੋਇਆ ਇੱਕ ਦੁਰਲੱਭ ਮੰਚ ਹੈ। ਮਨੁੱਖ ਨੇ ਇਸ ਮੰਚ ਉੱਤੇ ਆਕੇ ਧਰਮ
ਕਮਾਉਣਾ ਹੈ। ਇਹੀ ਮਨੁੱਖਾ ਜੀਵਨ ਦਾ ਮੁੱਖ ਮਨੋਰਥ ਹੈ।
ਧਰਮ ਅਤੇ ਧਰਮ ਕਮਾਉਣਾ ਇੱਕ ਸਿਧਾਂਤਿਕ ਵਿਸ਼ਾ ਹੈ। ਇਸ ਗੰਭੀਰ
ਵਿਸ਼ੇ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਧਰਮ ਪਦ ਅਤੇ ਇਸ ਦੇ ਕੁੱਝ ਇੱਕ ਸਮਾਨਾਰਥੀ ਸ਼ਬਦਾਂ ਦੇ ਅਰਥ
ਜਾਣ ਲੈਣਾ ਜ਼ਰੂਰੀ ਹੈ।
ਧ੍ਰਮ: ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਕਈ ਅਰਥ ਕੀਤੇ ਜਾਂਦੇ
ਹਨ, ਜਿਵੇਂ: ਮਾਨਵ-ਜੀਵਨ ਦਾ ਮਨੋਰਥ*
(purpose of human life), ਦੁਰਲੱਭ
ਮਨੁੱਖਾ ਜੀਵਨ ਦੀ ਦਾਤ ਦੇਣ ਵਾਲੇ ਦਾਤਾਰ ਪ੍ਰਭੂ ਪ੍ਰਤਿ ਮਨੁੱਖ ਦਾ ਕਰਤੱਵ, ਫ਼ਰਜ਼
(Religious/Moral Obligation/duty),
ਧਾਰਮਿਕ ਜਾਂ ਨੈਤਿਕ ਗੁਣ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਉਣਾ, ਭਲੇ/ਨੇਕ ਆਤਮਿਕ ਗੁਣ ਜਿਨ੍ਹਾਂ
ਸਹਾਰੇ ਇਹ ਜਗਤ ਖੜ੍ਹਾ ਹੈ (ਧੌਲੁ
ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜਪੁ ਮ: ੧…),
ਧਰਮ-ਸ਼ਾਸਤ੍ਰਾਂ ਵਿੱਚ ਦੱਸੇ ਵਿਹਤ (ਜਾਇਜ਼) ਆਚਰਣ-ਕਰਮ, ਕਿਸੇ ਫ਼ਿਰਕੇ ਜਾਂ ਸੰਪਰਦਾਇ ਵਿੱਚ
ਪ੍ਰਚੱਲਿਤ ਰੀਤੀ-ਰਿਵਾਜ ਅਤੇ ਉਨ੍ਹਾਂ ਦਾ ਪਾਲਨ, ਮੱਤ, ਮਜ਼੍ਹਬ, ਦੀਨ, ਪੰਥ, ਰਾਹ, ਰਸਤਾ ਤੇ ਪੱਧਤੀ
……ਆਦਿ।
ਮਜ਼੍ਹਬ :
۔ مزھب ۔
ਅਰਬੀ ਬੋਲੀ ਦਾ ਲਫ਼ਜ਼ ਹੈ। ਇਸ ਦੇ ਅਰਥ ਹਨ: ਜ਼ਹਬ (ਚੱਲਣ) ਦਾ ਥਾਂ, ਰਾਹ, ਪੰਥ, ਧਰਮ, ਦੀਨ…ਆਦਿ।
ਦੀਨ:
دِینਇਹ
ਵੀ
ਅਰਬੀ ਬੋਲੀ ਦਾ ਸ਼ਬਦ ਹੈ ਜਿਸ ਦੇ ਮਅਨੇ ਹਨ:
ਤਰੀਕ/ਤਰੀਕਤ, ਰਾਹ/ਰਸਤਾ, ਪੰਥ, ਆਈਨ (ਕਾਨੂੰਨ/ਕਾਇਦਾ/ਦਸਤੂਰ) …ਆਦਿ।
ਈਮਾਨ:.
اِيمان.
ਦਿਲ ਸੇ ਖ਼ੁਦਾ ਪਰ ਯਕੀਨ ਲਾਨਾ, ਮਾਨ ਲੇਨਾ,
ਕਬੂਲ ਕਰਨਾ, ਧਰਮ।
ਫ਼ਿਲਾਸਫ਼ਰਾਂ ਨੇ ਧਰਮ ਨੂੰ ਦੋ ਤਰ੍ਹਾਂ ਦਾ ਦਰਸਾਇਆ ਹੈ:
1.
ਸਾਧਾਰਣ ਧਰਮ, ਅਤੇ
2.
ਸੰਕੀਰਣ ਧਰਮ।
ਸਾਧਾਰਣ ਧਰਮ: ਇਹ
ਧਰਮ ਸਰਬ-ਸਾਂਝਾ (common to all humanity),
ਵਿਸ਼ਵਵਿਆਪੀ ਤੇ ਸਦੀਵੀ (universal and
eternal), ਅਧਿਆਤਮਿਕ ਅਤੇ ਅੰਤਰਮੁਖੀ ਹੁੰਦਾ
ਹੈ। ਸਾਧਾਰਣ ਧਰਮ ਦਾ ਸੰਬੰਧ ਮਨ/ਆਤਮਾ ਨਾਲ ਹੈ। ਇਹ ਧਰਮ ਮਨੁੱਖ ਦੇ ਮਾਨਸਿਕ/ਆਤਮਿਕ ਵਿਕਾਸ ਵਾਸਤੇ
ਸਹਾਈ ਹੁੰਦਾ ਹੈ। ਇਸ ਦਾ ਉਦੇਸ਼ ਮਨ/ਆਤਮਾ ਨੂੰ ਸਾਧ ਕੇ ਇਸ਼ਟਦੇਵ ਵਾਲੇ ਗੁਣ ਧਾਰਨ ਕਰਦਿਆਂ ਉਸ ਨਾਲ
ਨੇੜਤਾ ਪ੍ਰਾਪਤ ਕਰਨੀ ਹੈ। ਸਾਧਾਰਣ ਧਰਮ ਦੀ ਆਧਾਰ-ਸ਼ਿਲਾ ਬਿਬੇਕ, ਆਤਮ-ਗਿਆਨ ਤੇ ਪਰਮਾਰਥ ਤੇ
ਪਰਸੁਆਰਥ ਹੈ! ਹਰ ਤਰ੍ਹਾਂ ਦੇ ਦੁਨਿਆਵੀ ਹੱਦ-ਬੰਨਿਆਂ ਤੋਂ ਉਪਰ, ਸਾਧਾਰਣ ਧਰਮ ਸਾਰੀ ਮਨੁੱਖਤਾ
ਵਾਸਤੇ ਹੁੰਦਾ ਹੈ; ਅਤੇ ਇਹ ਸਾਰੀ ਮਾਨਵ ਜਾਤੀ ਵਿੱਚ ਸਾਂਝੀਵਾਲਤਾ ਤੇ ਭਰਾਤ੍ਰੀਭਾਵ ਦੀ ਭਾਵਨਾ
ਪੈਦਾ ਕਰਦਾ ਹੈ। ਮਾਨਵਵਾਦੀ ਸਾਧਾਰਣ ਧਰਮ ਕਿਸੇ ਖ਼ਾਸ ਫ਼ਿਰਕੇ ਜਾਂ ਸੰਪ੍ਰਦਾਯ ਦਾ ਧਰਮ ਨਹੀਂ ਹੁੰਦਾ!
ਸਾਧਾਰਣ ਧਰਮ ਦਾ ਬਾਹਰੀ ਦਿਖਾਵੇ ਨਾਲ ਵੀ ਕਤਈ ਕੋਈ ਵਾਸਤਾ ਨਹੀਂ ਹੁੰਦਾ……।
ਗੁਰਮਤਿ ਦਾ ਧਰਮ ਨਿਰੋਲ ਸਾਧਾਰਣ ਧਰਮ ਹੈ!
(ਸਾਧਾਰਣ:
ਵਿਸ਼ਵਵਿਆਪੀ, ਸਾਰਵਜਨਿਕ,
ਸਾਰੀ ਮਨੁੱਖਤਾ ਵਾਸਤੇ, ਮਾਨਵਵਾਦੀ।)
ਸੰਕੀਰਣ ਧਰਮ:
ਇਹ ਧਰਮ ਅਸਪਸ਼ਟ, ਤੰਗ, ਸੰਕੁਚਿਤ, ਕੰਡਿਆਲੀਆਂ ਵਾੜਾਂ (ਮਰਿਆਦਾਵਾਂ) ਨਾਲ ਘਿਰਿਆ ਹੋਇਆ, ਤੇ
ਧਾਰਮਿਕ ਰਹੁਰੀਤਾਂ {ਕਰਮਕਾਂਡਾਂ (rituals)}
ਆਦਿ ਦਾ ਧਰਮ ਹੈ। ਸੰਕੀਰਨ ਧਰਮ ਮਨੁੱਖਤਾ ਨੂੰ ਖੰਡਿਤ ਕਰਕੇ ਆਪਸ ਵਿੱਚ ਲੜਵਾਉਂਦਾ ਤੇ
ਲਹੂ-ਲੁਹਾਨ ਕਰਦਾ ਹੈ। ਇਹ ਹਉਮੈ-ਯੁਕਤ ਉਪੱਦਰੀ ਧਰਮ ਦਿਖਾਵੇ ਦਾ ਦੁਨਿਆਵੀ ਧਰਮ ਹੈ; ਆਤਮਾ ਨਾਲ ਇਸ
ਦਾ ਕੋਈ ਲੈਣਾ-ਦੇਣਾ ਨਹੀਂ! ਇਹ ਧਰਮ ਆਤਮਿਕ ਵਿਕਾਸ ਦੇ ਰਾਹ ਵਿੱਚ ਬਹੁਤ ਵੱਡਾ ਬਾਧਾ ਹੈ।
ਸੰਕੀਰਣ ਧਰਮ ਕੇਵਲ ਇੱਕ ਫ਼ਿਰਕੇ, ਜਾਤੀ ਜਾਂ ਸੰਪਰਦਾਇ ਦੇ ਲੋਕਾਂ ਲਈ ਹੀ ਹੁੰਦਾ ਹੈ; ਇਸ ਦਾ
ਸਮੁੱਚੀ ਮਾਨਵਤਾ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਸੰਕੀਰਣ ਧਰਮ ਦਾ ਆਧਾਰ ਮਾਇਆ,
ਸੁਆਰਥ, ਬਦ ਨੀਯਤ, ਦਿਖਾਵਾ, ਦੰਭ, ਕਪਟ, ਭੇਖ, ਚਿੰਨ੍ਹ, ਅੰਧਵਿਸ਼ਵਾਸ, ਅਗਿਆਨਤਾ, ਮੂੜ੍ਹਤਾ,
ਕੱਟੜਤਾ, ਉਪੱਦਰ, ਹਿੰਸਾ ਤੇ ਹੁੱਲੜਬਾਜ਼ੀ……ਵਗੈਰਾ ਹੈ!
ਬਾਣੀਕਾਰਾਂ ਨੇ ਮਨਮਤੀ ਮਾਨਵ-ਘਾਤਿਕ ਸੰਕੀਰਣ
ਧਰਮ ਨੂੰ ਮੂਲੋਂ ਹੀ ਨਕਾਰਿਆ ਹੈ!
(ਸੰਪ੍ਰਦਾਯ:
ਪਰੰਪਰਾ, ਪਰੰਪਰਾ ਪ੍ਰਾਪਤ ਨਿਯਮ
ਜਿਨ੍ਹਾਂ ਦੁਆਰਾ ਇਸ਼ਟ/ਪੂਜਯ-ਦੇਵ
ਦੀ ਸਥੂਲ ਰੂਪ ਵਿੱਚ ਪੂਜਾ ਕੀਤੀ ਜਾਵੇ, ਪੱਧਤੀ, ਪ੍ਰਚੱਲਿਤ ਪ੍ਰਥਾ।)
*ਦੁਨੀਆ ਦੇ ਸਾਰੇ ਧਰਮਾਂ ਅਨੁਸਾਰ ਮਨੁੱਖ ਦੇ ਜੀਵਨ ਦਾ ਮੁੱਖ ਮਨੋਰਥ
ਮੁਕਤੀ ਦੀ ਪ੍ਰਾਪਤੀ ਹੈ! ਸੰਸਾਰ ਦੇ ਵਿਆਪਕ ਤੇ ਪ੍ਰਚੱਲਿਤ ਧਰਮਾਂ ਉੱਤੇ ਸਰਸਰੀ ਜਿਹੀ
ਨਿਗਾਹ ਮਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੰਕੀਰਣ ਧਰਮਾਂ ਵਿੱਚ ਮੁਕਤੀ ਦੀ ਪਰਿਭਾਸ਼ਾ ਤੇ
ਅਰਥ ਵੱਖਰੇ ਵੱਖਰੇ ਹਨ ਅਤੇ ਮੁਕਤੀ ਦੀ ਪ੍ਰਾਪਤੀ ਦਾ ਸਾਧਨ/ਪੰਥ/ਪੱਧਤੀ/ਰਾਹ/ਰਸਤਾ ਵੀ ਅਲੱਗ ਅਲੱਗ
ਹੈ! ਪਰੰਤੂ ਵੇਦਾਂਤ ਮੱਤ, ਸੂਫ਼ੀ ਮੱਤ ਅਤੇ ਗੁਰਮਤਿ ਹੀ ਅਜਿਹੇ ਮੱਤ ਹਨ ਜੋ ਸਾਧਾਰਣ
ਧਰਮ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਨ੍ਹਾਂ ਮੱਤਾਂ ਅਨੁਸਾਰ ਆਤਮਾ ਤੇ ਪਰਮਾਤਮਾ ਦਾ ਪੁਨਰ
ਮਿਲਣ ਹੀ ਮੁਕਤੀ ਹੈ:
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ …ਮ: ੫
ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
…
ਆਸਾ ਮ: ੫
{ਮੁਕਤੀ:- ਮੋਖ, ਨਿਰਵਾਣ, ਛੁਟਕਾਰਾ, ਨਜਾਤ, ਖ਼ਲਾਸੀ ਤੇ ਸਾਲਵੇਸ਼ਨ
( salvation)
… ਆਦਿ। (ਸਾਲਵੇਸ਼ਨ: ਪਾਪ ਕਰਮ ਤੇ ਉਨ੍ਹਾਂ ਕਾਰਣ ਮਿਲਣ ਵਾਲੀ ਸਜ਼ਾ ਤੋਂ ਛੁਟਕਾਰਾ;
salvation: the saving of man from the
power and penalty of sin.)
ਇਸ਼ਟ ਧਰਮ ਦਾ ਧੁਰਾ ਹੈ। ਜਿਸ ਤਰ੍ਹਾਂ ਦਾ ਇਸ਼ਟ, ਉਸੇ ਤਰ੍ਹਾਂ ਦਾ ਉਸ
ਨਾਲ ਜੁੜਿਆ ਧਰਮ। ਜਿਸ ਮਨੁੱਖ ਦਾ ਇਸ਼ਟ ਸਰਬਵਿਆਪੀ ਇੱਕ ਅਕਾਲ ਪੁਰਖ ਹੈ, ਉਹ ਸਾਧਾਰਣ ਧਰਮ ਦਾ
ਧਾਰਨੀ ਹੋਵੇਗਾ; ਅਤੇ ਜਿਸ ਮਨੁੱਖ ਦਾ, ਅਕਾਲ ਪੁਰਖ ਤੋਂ ਬਿਨਾਂ, ਕੋਈ ਹੋਰ ਦੂਜਾ ਇਸ਼ਟ ਹੈ ਤਾਂ,
ਨਿਸ਼ਚੇ ਹੀ, ਉਹ ਸੰਕੀਰਣ ਧਰਮ ਦਾ ਪੈਰੋਕਾਰ ਹੈ। ਇਸ਼ਟ ਨਾਲ ਨੇੜਤਾ ਤੇ ਸਾਂਝ ਹੀ ਮਨੁੱਖ ਦੇ
ਜੀਵਨ ਦਾ ਮੂਲ ਮਨੋਰਥ ਹੈ। ਇਸ਼ਟ ਨੂੰ ਧਿਆਨ ਵਿੱਚ ਰੱਖ ਕੇ ਹੀ ਮਨੁੱਖ ਆਪਣੇ ਜੀਵਨ ਦਾ ਟੀਚਾ ਮਿੱਥਦਾ
ਹੈ। ਟੀਚਾ ਮਿਥਣ ਉਪਰੰਤ, ਮਨੁੱਖ ਉਸ ਟੀਚੇ ਤਕ ਪਹੁੰਚਣ ਵਾਸਤੇ ਸਹੀ ਰਸਤਾ (ਪੰਥ) ਭਾਲਦਾ ਤੇ
ਅਪਣਾਉਂਦਾ ਹੈ। ਇਸ਼ਟ ਨੂੰ ਆਪਣਾ ਆਦਰਸ਼ ਮੰਨ ਕੇ, ਉਸ ਦੇ ਗੁਣਾਂ ਤੋਂ ਪ੍ਰੇਰਣਾ ਲੈਂਦਾ ਹੋਇਆ,
ਅਭਿਲਾਸ਼ੀ ਮਨੁੱਖ ਇਹ ਨਿਸ਼ਚਿਤ ਕਰਦਾ ਹੈ ਕਿ ਉਸ ਨੇ ਆਪਣੀ ਅਣਦੇਖੀ ਲੰਬੀ ਯਾਤ੍ਰਾ ਦੇ ਰਾਹ ਉੱਤੇ
ਚੱਲਣ ਲਈ ਕਿਹੜੇ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਹੈ, ਕਿਹੜੇ ਕਿਹੜੇ ਖ਼ੱਤਰਿਆਂ ਤੋਂ ਸਾਵਧਾਨ ਰਹਿਣਾ
ਹੈ, ਕਿਹੜਾ ਪਰਹੇਜ਼ ਜਾਂ ਸੰਜਮ ਜ਼ਰੂਰੀ ਹੈ ਅਤੇ ਅਣਡਿੱਠੇ ਸਫ਼ਰ ਵਾਸਤੇ ਕਿਸ ਸਾਮਗ੍ਰੀ (ਤੋਸੇ) ਨੂੰ
ਪੱਲੇ ਬੰਨ੍ਹਣ ਦੀ ਜ਼ਰੂਰਤ ਹੈ……ਆਦਿ।
ਉਪਰੋਕਤ ਸਾਰੀ ਵਿਚਾਰ ਨੂੰ ਧਿਆਨ `ਚ ਰੱਖਦਿਆਂ, ਆਓ! ਗੁਰਬਾਣੀ ਦੀ ਰੌਸ਼ਨੀ
ਵਿੱਚ ਧਰਮ ਦੇ ਵਿਸ਼ੇ `ਤੇ ਵਿਚਾਰ ਕਰੀਏ:-
ਗੁਰਮਤਿ ਅਨੁਸਾਰ, ਮਨੁੱਖ ਦਾ ਇਸ਼ਟ, ਪੂਜਯ ਦੇਵ ਜਾਂ ਨਾਇਕ ਇੱਕ ਅਕਾਲਪੁਰਖ ( ੴ)
ਹੈ। ਇਸ ਅਦੁੱਤੀ ਇਸ਼ਟ ਦੇ ਗੁਣਾਂ ਤੋਂ
ਪ੍ਰੇਰਣਾ ਤੇ ਸਿੱਖਿਆ ਲੈਂਦੇ ਹੋਏ ਉਹੋ ਜਿਹਾ ਬਣਕੇ ਉਸ ਨਾਲ ਨੇੜਤਾ ਪ੍ਰਾਪਤ ਕਰਨੀ ਅਤੇ ਅੰਤ ਨੂੰ
ਉਸੇ ਵਿੱਚ ਲੀਨ ਹੋ ਜਾਣਾ ਹੀ ਮਨੁੱਖ ਦਾ ਅਸਲੀ ਧਰਮ, ਜੀਵਨ-ਮਨੋਰਥ, ਉਦੇਸ਼, ਟੀਚਾ ਜਾਂ ਮੰਜ਼ਲਿ
ਮਕਸੂਦ ਹੈ। ਇਸ ਟੀਚੇ ਜਾਂ ਮੰਜ਼ਲਿ ਮਕਸੂਦ ਤਕ ਪਹੁੰਚਣ ਵਾਸਤੇ ਸਿਰਫ਼ ਇੱਕ ਹੀ ਮਾਰਗ/ਪੰਥ/ਰਸਤਾ ਹੈ:
ਅਧਿਆਤਮਿਕ ਮਾਰਗ। ਸਦੀਆਂ ਤੋਂ ਕਪਟੀ ਪੁਜਾਰੀਆਂ ਨੇ, ਆਪਣੇ ਸੁਆਰਥ ਦੀ ਖ਼ਾਤਿਰ, ਇਸ ਸੁਮਾਰਗ
ਨੂੰ ਧੁੰਦਲਾ ਕਰ ਰੱਖਿਆ ਸੀ। ਅਗਿਆਨਤਾ ਤੇ ਅੰਧਵਿਸ਼ਵਾਸ ਦੀ ਧੁੰਦ ਵਿੱਚ ਲੋਪ ਹੋ ਚੁੱਕੇ ਜਾਂ
ਪਾਖੰਡੀ ਪੁਜਾਰੀਆਂ ਅਤੇ ਸਿਰ-ਸੜੇ ਸ਼ਾਸਕਾਂ ਦੁਆਰਾ ਸੁਆਰਥ ਲਈ ਉਡਾਈ ਗਈ ਮਾਇਆ-ਧੂੜ ਵਿੱਚ ਲੋਪ ਕਰ
ਦਿੱਤੇ ਗਏ ਅਧਿਆਤਮਿਕਤਾ ਦੇ ਮਾਰਗ ਨੂੰ ਮੱਧ ਕਾਲ ਵਿੱਚ ਵਿਚਰੇ ਬਾਣੀਕਾਰਾਂ ਨੇ ਆਪਣੀ ਬਾਣੀ ਵਿੱਚ
ਜਗਾਏ ਰੱਬੀ ਗਿਆਨ ਦੇ ਦੀਵੇ ਨਾਲ ਪੁਨਰ ਰੌਸ਼ਣ ਕੀਤਾ। ਗੁਰੂ (ਗ੍ਰੰਥ) ਦੇ ਸੱਚੇ ਸਿੱਖ ਅਧਿਆਤਮਵਾਦੀ
ਬਾਣੀਕਾਰਾਂ ਦੁਆਰਾ ਰੌਸ਼ਨ ਕੀਤੇ ਇਸ ਰੱਬੀ ਰਾਹ ਨੂੰ ਗੁਰਮਤਿ-ਮਾਰਗ ਕਹਿੰਦੇ ਹਨ।
ਬਾਣੀਕਾਰਾਂ ਦੁਆਰਾ ਉਜਾਗਰ ਕੀਤੇ ਗਏ ਇਸ ਪਵਿੱਤਰ ਮਾਰਗ ਨੂੰ ਨਿਰਮਲ ਮਾਰਗ ਜਾਂ ਨਿਰਮਲ
ਪੰਥ ਵੀ ਕਿਹਾ ਜਾਂਦਾ ਹੈ। ਇਹ ਨਿਰਮਲ ਮਾਰਗ ਨਿਰੋਲ ਅਧਿਆਤਮਿਕ ਮਾਰਗ ਹੈ; ਸੰਸਾਰਕ
ਧਰਮ-ਕਰਮਾਂ, ਆਡੰਬਰਾਂ ਤੇ ਤੌਰ-ਤਰੀਕਿਆਂ ਨਾਲ ਇਸ ਦਾ ਕੋਈ ਸਰੋਕਾਰ ਨਹੀਂ! ਗੁਰਮਤਿ ਦਾ ਨਿਰਮਲ
ਮਾਰਗ ਬੜਾ ਸਪਸ਼ਟ, ਸਿੱਧਾ ਤੇ ਸੌਖਾਲਾ ਮਾਰਗ ਹੈ! ਕਿਸੇ ਅਧਿਅਤਮਵਾਦੀ ਮਹਾਂਪੁਰਖ ਨੂੰ ਇੱਕ ਅਣਜਾਣ
ਸੱਜਨ ਨੇ ਸਵਾਲ ਕੀਤਾ:
" What
is your religion?" (
"ਤੇਰਾ ਧਰਮ ਕੀ ਹੈ?" )
"My religion is to believe in God and do the right!"
( "ਰੱਬ ਵਿੱਚ ਵਿਸ਼ਵਾਸ, ਅਤੇ ਨੇਕ ਕਰਮ ਕਰਨਾ ਹੀ ਮੇਰਾ ਧਰਮ ਹੈ!"
ਉਸ ਦਾ ਸਪਸ਼ਟ ਤੇ ਸੰਖੇਪ ਉੱਤਰ ਸੀ।
ਸੱਚੇ ਗੁਰਸਿੱਖ ਦਾ ਵੀ ਇਹੋ ਧਰਮ ਹੈ। ਗੁਰੂ ਦਾ ਫ਼ਰਮਾਨ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸੁਖਮਨੀ ਮ: ੫
ਨਹ ਬਿਲੰਬ ਧਰਮੰ ਬਿਲੰਬ ਪਾਪੰ॥ ਸਰਣਿ ਸੰਤੰ ਕਿਲਬਿਖ ਨਾਸੰ॥
ਪ੍ਰਾਪਤੰ ਧਰਮ ਲਖ੍ਹਿਣ॥ ਨਾਨਕ ਜਿਹ ਸੁਪ੍ਰਸੰਨ ਮਾਧਵਹ॥ ਮ: ੫
ਭਾਵ:- ਧਰਮ ਕਮਾਉਣ ਵੇਲੇ ਢਿੱਲ-ਮੱਠ ਨਾ ਕਰਨਾ, ਅਤੇ ਪਾਪ ਕਰਨ ਤੋਂ
ਗੁਰੇਜ਼ ਕਰਨਾ; (ਹਰਿ) ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰਕੇ ਲੋਭ-ਲਾਲਚ ਦਾ ਤਿਆਗ ਕਰਨਾ; ਸ਼ਾਂਤ ਆਤਮਾ
(ਨਿਰਲੇਪ) ਮਹਾਂਪੁਰਖਾਂ ਦੀ ਸੰਗਤ ਕਰਕੇ ਪਾਪਾਂ ਦਾ ਨਾਸ਼ ਕਰਨਾ-- ਇਹ ਧਰਮ ਦੇ ਲੱਛਣ ਹਨ।
ਨਾਨਕ ਵਿਚਾਰ ਕਰਦਾ ਹੈ ਕਿ ਧਰਮ ਦੇ ਇਹ ਲੱਛਣ ਉਸ ਨੂੰ ਪ੍ਰਾਪਤ ਹੁੰਦੇ ਹਨ ਜਿਸ ਉੱਤੇ ਮਾਇਆ ਦਾ ਪਤੀ
ਪਰਮਾਤਮਾ ਬਹੁਤ ਖ਼ੁਸ਼ (ਮਿਹਰਬਾਨ) ਹੁੰਦਾ ਹੈ!
…ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ
ਨਿਰੰਜਨ ਦੇਉ॥ …ਮ: ੨
ਸ਼ਬਦ ਅਰਥ:- ਸਬਦੰ: ਧਰਮ, ਫ਼ਰਜ਼। ਸਰਬ ਸਬਦੰ: ਸਾਰੇ
ਮਨੁੱਖਾਂ ਦਾ ਧਰਮ/ਫ਼ਰਜ਼। ਏਕ ਸਬਦੰ: ਇੱਕ ਅਕਾਲ ਪੁਰਖ ਦੇ ਨਾਮ ਦਾ ਸਿਮਰਨ। ਭੇਉ:
ਭੇਦ, ਰਾਜ਼। ਨਿਰੰਜਨ: ਮਾਇਆ ਦੀ ਕਾਲਖ ਤੋਂ ਨਿਰਲੇਪ। ਦੇਉ: ਪ੍ਰਭੂ ਪਰਮਾਤਮਾ।
ਭਾਵ ਅਰਥ:- ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ: ਇੱਕੋ
ਪ੍ਰਭੂ ਦਾ ਨਾਮ ਸਿਮਰਨਾ। ਜਿਸ ਮਨੁੱਖ ਨੇ ਇਹ ਭੇਦ ਪਾ ਲਿਆ, ਉਹ ਨਿਰਲੇਪ (ਨਿਰੰਜਨ) ਰੱਬ ਦਾ
ਰੂਪ ਬਣ ਗਿਆ। ਨਾਨਕ ਅਜਿਹੇ ਰੱਬ ਦੇ ਰੂਪ ਬੰਦਿਆਂ ਦਾ ਦਾਸ/ਸੇਵਕ ਹੈ।
ਗੁਰਬਾਣੀ-ਵਿਚਾਰ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ ਦਾ ਇਸ਼ਟ,
ਨਾਇਕ ਜਾਂ ਪਥ-ਪਰਦਰਸ਼ਕ ਗੁਣੀ-ਨਿਧਾਨ ਨਿਰਅੰਜਨ ਅਕਾਲ ਪੁਰਖ ਹੈ। ਉਸ ਨਾਲ ਸਾਂਝ ਪਾਉਣ ਵਾਸਤੇ ਮਨਮਤਿ
ਤਿਆਗ ਕੇ ਗੁਰੂ ਦੀ ਮਤਿ ਅਨੁਸਾਰ ਨੈਤਿਕ ਗੁਣ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਗ੍ਰਹਿਣ
ਕਰਕੇ ਨੇਕ ਮਾਨਵਵਾਦੀ ਕਰਮ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਕਮਾਉਣਾ ਲੋੜੀਏ! ਅਤੇ ਇਸ ਦੇ
ਨਾਲ ਹੀ ਮਨੁੱਖ ਨੂੰ ਵਿਕਾਰੀ ਰੁਚੀਆਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ ਨਿੰਦਾ ਆਦਿ)
ਦਾ ਪਰਿਤਿਆਗ ਕਰਕੇ ਬੁਰੇ ਅਮਾਨਵੀ ਕਰਮ ਕਮਾਉਣ ਤੋਂ ਪਰਹੇਜ਼ ਕਰਨ ਦੀ ਲੋੜ ਹੈ। ਇਨ੍ਹਾਂ ਲੋੜਾਂ ਨੂੰ
ਪੂਰਾ ਕਰਨ ਵਾਸਤੇ ਕੇਵਲ ਹਰਿਨਾਮ-ਸਿਮਰਨ ਹੀ ਇੱਕ ਸਾਧਨ ਹੈ! ਗੁਰਬਾਣੀ ਵਿੱਚ ਤਾਕੀਦ ਕੀਤੀ
ਗਈ ਹੈ ਕਿ ਮਨੁੱਖ ਨੇ ਲੋਕ-ਪਰਲੋਕ ਦੇ ਲੰਬੇ ਆਤਮਿਕ ਸਫ਼ਰ ਵਾਸਤੇ ਨਾਮ-ਧਨ ਰੂਪੀ ਤੋਸਾ ਹੀ ਨਾਲ
ਬੰਨ੍ਹਣਾ ਹੈ:
ਜਿਹ ਮਾਰਗ ਕੇ ਗਨੇ ਜਾਹਿ ਨਾ ਕੋਸਾ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ॥ ਸੁਖਮਮਣੀ ਮ: ੫
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ॥
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ॥ … ਮ: ੫
(ਤੋਸਾ: ਸਫ਼ਰ ਵਾਸਤੇ ਖ਼ਰਚ-ਖ਼ੁਰਾਕ ਦਾ ਲੋੜੀਂਦਾ ਸਾਮਾਨ।)
ਮਨੁੱਖਤਾ ਦੀ ਬਦਕਿਸਮਤੀ ਨੂੰ, ਕਿਰਾੜ ਤੇ ਬਿਉਹਾਰੀ ਸੁਭਾ ਵਾਲੇ ਧਰਮ ਦੇ
ਠੇਕੇਦਾਰ ਪੁਜਾਰੀ ਲਾਣੇ ਤੇ ਬਦ-ਦਿਮਾਗ਼ ਸਿਆਸਤਦਾਨਾਂ ਨੇ ਬਾਣੀਕਾਰਾਂ ਦੁਆਰਾ ਰੌਸ਼ਨ ਕੀਤੇ ਰੂਹਾਨੀ
ਸਾਧਾਰਣ ਮਾਰਗ ਨੂੰ ਅਗਿਆਨਤਾ, ਅੰਧਵਿਸ਼ਵਾਸ ਤੇ ਕਰਮਕਾਂਡਾਂ ਦੇ ਗੁਬਾਰ ਨਾਲ ਇੱਕ ਵਾਰ ਫਿਰ ਪੂਰੀ
ਤਰ੍ਹਾਂ ਲੋਪ ਕਰ ਦਿੱਤਾ ਹੈ। ਇਨ੍ਹਾਂ ਨਿਰਲੱਜ ਤੇ ਬੇ-ਈਮਾਨ ਮਨਮਤੀਆਂ ਨੇ ਗੁਰਮਤਿ ਦੇ ਸਰਬਸ੍ਰੇਸ਼ਟ
ਸਾਧਾਰਣ ਧਰਮ (ਜੋ ਕਿ ਹੁਣ ਸਿੱਖ ਧਰਮ ਜਾਂ ਸਿੱਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਨੂੰ ਪੂਰੀ
ਤਰ੍ਹਾਂ ਖੂੰਜੇ ਲਾ ਕੇ ਇਸ ਦੀ ਥਾਂ ਸੰਕੀਰਣ ਧਰਮ ਪ੍ਰਚੱਲਿਤ ਕਰ ਦਿੱਤਾ ਹੈ। ਸੋਚ ਤੇ ਸੁਭਾ ਪੱਖੋਂ
ਕਿਰਾੜ ਤੇ ਬਿਉਹਾਰੀ ਤੇ ਮਾਇਆ ਦੇ ਮੁਰੀਦ ਬਣਾ ਦਿੱਤੇ ਗਏ ਗੁਰੂ (ਗ੍ਰੰਥ) ਦੇ ਸਿੱਖ ਵੀ,
ਗੁਰਮਤਿ-ਮਾਰਗ ਨੂੰ ਭੁੱਲ ਕੇ, ਸੰਕੀਰਣ ਮਾਰਗ ਉੱਤੇ ਹੀ ਚੱਲਣ ਦੇ ਪੱਕੇ ਆਦੀ ਬਣ ਗਏ ਹਨ! ਅਤੇ
ਧਾਰਮਿਕ ਕਿਰਿਆਚਾਰ ਤੇ ਦਿਖਾਵੇ ਦੇ ਅਡੰਬਰਾਂ ਨੂੰ ਹੀ ਧਰਮ ਮੰਨੀ ਬੈਠੇ ਹਨ, ਜਦ ਕਿ ਗੁਰੁ ਹੁਕਮ
ਹੈ:
ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ॥ ਮ: ੫
ਤਜਿ ਸਭਿ ਭਰਮ ਭਜਿਓ ਪਾਰਬ੍ਰਹਮ॥
ਕਹੁ ਨਾਨਕ ਅਟਲ ਇਹੁ ਧਰਮੁ॥
{ਕਿਰਾੜ: ਮਾਇਆ-ਦਾਸ ਸਵਾਰਥੀ ਮਨੁੱਖ। ( ਨਾਲਿ
ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥ …ਮ: ੧)।
ਬਿਉਹਾਰੀ: ਮਾਇਆ ਦੀ ਖ਼ਾਤਿਰ ਸੌਦੇਬਾਜ਼ੀ ਕਰਨ ਵਾਲਾ, ਵਪਾਰੀ। (ਕੋਟਿ
ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ ਮ: ੫)।
ਅਡੰਬਰ: ਦਿਖਾਵੇ ਦਾ ਪਾਖੰਡ-ਪਾਸਾਰਾ, ਕਰਮਕਾਂਡ।}
ਪਾਠਕ ਸੱਜਨੋਂ, ਇਹ ਬੜੇ ਖੇਦ ਤੇ ਸ਼ਰਮ ਦੀ ਗੱਲ ਹੈ ਕਿ ਬ੍ਰਹਮਗਿਆਨੀ
ਬਾਣੀਕਾਰਾਂ ਦੁਆਰਾ ਸਥਾਪਿਤ ਕੀਤਾ ਗਿਆ ਸਰਬਸ੍ਰੇਸ਼ਟ ਸਾਧਾਰਣ ਧਰਮ ਅੱਜ ਸੰਸਾਰ ਦੇ ਨਾਮੀ ਸੰਕੀਰਣ
ਧਰਮਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ! ! ! … …
(ਨੋਟ:- ਧਰਮ ਨਾਲ
ਸੰਬੰਧਿਤ ਸਾਰੇ ਨੁਕਤਿਆਂ `ਤੇ ਵਿਸਤ੍ਰਿਤ ਵਿਚਾਰ ਅਗਲੇਰੇ ਲੇਖਾਂ ਵਿੱਚ ਕਰਾਂ ਗੇ!)
ਗੁਰਇੰਦਰ ਸਿੰਘ ਪਾਲ
ਸਤੰਬਰ
18, 2016.
|
. |