. |
|
ਨੌ ਨਿਧੀਆਂ ਅਤੇ ਅਠਾਰ੍ਹਾ ਸਿੱਧੀਆਂ
(ਕਿਸ਼ਤ ਨੰ:1)
ਮਨੁੱਖ ਨੇ ਸਦੀਆਂ ਤੋਂ ਵਿਕਾਸ ਕੀਤਾ ਹੈ। ਵਿਕਾਸ ਵਿਚੋਂ ਸਾਨੂੰ ਪੁਰਾਤਨ
ਸਮੇਂ ਤੋਂ ਮਨੁੱਖਾਂ ਵਲੋਂ ਘੜੇ ਲਫਜ਼, ਬੋਲੀ, ਲੇਖਨੀ ਅਤੇ ਸਭਿਆਚਾਰ ਬਾਰੇ ਪਤਾ ਚਲਦਾ ਹੈ। ਪੁਰਾਤਨ
ਸਮੇਂ ’ਚ ਜੋ ਲਫਜ਼ ਬੋਲੀਆਂ ’ਚ ਆਏ ਉਨ੍ਹਾਂ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਸੀ। ਧਾਰਮਕ ਗ੍ਰੰਥਾਂ ’ਚ
ਆਏ ਲਫਜ਼ਾਂ ਦੇ ਸ੍ਰੋਤ ਨੂੰ ਲੱਭਣ ਨਾਲ ਸਾਨੂੰ ਬਹੁਤ ਕੁਝ ਸਮਝਣ ਨੂੰ ਮਿਲਦਾ ਹੈ। ਕਈ ਐਸੇ ਲਫਜ਼ ਹਨ
ਜਿਨ੍ਹਾਂ ਦਾ ਭਾਵ ਅਰਥ ਸਮਾਂ ਪਾ ਕੇ ਗਵਾਚ ਗਿਆ। ਕੁਝ ਵੀ ਜੇ ਗਲਤ ਸੋਚਨੀ ਵਾਲੇ ਹੱਥਾਂ ’ਚ ਪੈ
ਜਾਵੇ ਤਾਂ ਉਸਦੇ ਭਾਵ ਅਰਥਾਂ ਨੂੰ ਗਲਤ ਅਰਥਾਂ ਪੱਖੋਂ ਪ੍ਰਚਲਤ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ
ਅਰਥਾਂ ਦੇ ਭਾਵ ਹੀ ਗਵਾਚ ਜਾਂਦੇ ਹਨ। ਜਿਵੇਂ ਭੁੱਖਾ ਮਨੁੱਖ ਸਾਰੀ ਉਮਰ ਅਤ੍ਰਿਪਤ ਜੀਵਨ ਗੁਆ ਕੇ
ਸਰੀਰਕ ਰੂਪ ’ਚ ਮਰ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਫਲਾਣਾ ਪੂਰਾ ਹੋ ਗਿਆ ਜਦਕਿ ਉਹ ਮਨੁੱਖ
ਸਾਰੀ ਉਮਰ ਅਧੂਰਾ ਅਤੇ ਅਸੰਤੋਖੀ ਹੀ ਰਿਹਾ। ਸੋ, "ਪੂਰਾ" ਲਫ਼ਜ਼ ਅਧੂਰਿਆਂ ਦੇ ਹੱਥ ਪੈ ਗਿਆ ਅਤੇ
ਅਸਲੀ ਅਰਥਾਂ ਦਾ ਅਨਰਥ ਹੋ ਗਿਆ। ਇਸੇ ਤਰ੍ਹਾਂ ਕਿਸੇ ਦੇ ਮਰਨ ਬਾਰੇ ਅੱਖਰ ‘ਸੋਹਿਲਾ ਪੜ੍ਹ ਦਿੱਤਾ’
ਕਹਿਣ ਨਾਲ ਸੋਹਿਲਾ ਦੇ ਅਰਥ ਕੇਵਲ ਸਰੀਰਕ ਮੌਤ ਨਾਲ ਜੁੜ ਗਏ ਜਦਕਿ ‘ਸੋਹਿਲਾ’ ਬਾਣੀ ਰੱਬੀ ਮਿਲਾਪ
ਦੀ ਅਵਸਥਾ ਪੱਖੋਂ ਗੁਰਮਤ ਵਿੱਚ ਵਿਚਾਰੀ ਗਈ ਹੈ।
ਨੌਂ ਨਿਧੀਆਂ ਅਤੇ ਅਠਾਰ੍ਹਾਂ ਸਿੱਧੀਆਂ ਜਾਂ ਰਿੱਧੀ, ਸਿੱਧੀ, ਨਿਧੀ, ਜੈਸੇ
ਅਨੇਕਾਂ ਹੀ ਲਫ਼ਜ਼ ਵੀ ਭਾਵ ਅਰਥਾਂ ਤੋਂ ਕਿਤੇ ਦੂਰ ਗਵਾਚ ਗਏ ਲਗਦੇ ਹਨ। ਪੁਰਾਤਨ ਸਮੇਂ ’ਚ ਸਿੱਧਾ
ਜੋਗੀਆਂ ਨੇ ਆਪਣਾ ਦਬਦਬਾ ਬਣਾਉਣ ਲਈ ਕੁਝ ਕਰਾਮਾਤੀ ਰਿੱਧੀਆਂ-ਸਿੱਧੀਆਂ ਪ੍ਰਚਲਤ ਕੀਤੀਆਂ ਹੋਈਆਂ
ਸਨ। ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਬੜੇ ਔਖੇ-ਔਖੇ ਹੱਠ, ਕਰਮਕਾਂਡ ਅਤੇ ਤਿਆਗ ਪ੍ਰਚਲਤ ਕੀਤੇ ਗਏ।
ਜਿਸ ਮਨੁੱਖ ਕੋਲ ਨੌਂ ਨਿਧੀਆਂ ਅਠਾਰ੍ਹਾਂ ਸਿੱਧੀਆਂ ਹੋਣ ਉਸਦਾ ਦਸਮ ਦੁਆਰ
ਖੁਲ੍ਹਿਆ ਹੈ ਅਤੇ ਉਸਨੂੰ ਅਨਹਦ ਨਾਦ ਸੁਣਾਈ ਦੇਂਦਾ ਹੈ। ਐਸੇ ਕਿਸਮ ਦੇ ਅਨੇਕਾਂ ਤਾਕਤਾਂ ਦੇ ਮਾਲਿਕ
ਨੂੰ ਜੋਗੀ ਜਾਂ ਸਿੱਧ ਮੰਨਿਆ ਜਾਂਦਾ ਸੀ। ਉਹ ਮਨੁੱਖ ਜੋ ਚਾਹੇ, ਜਿਸਨੂੰ ਚਾਹੇ ਵਰ-ਸਰਾਪ ਦੇ ਸਕਦਾ
ਸੀ ਆਦਿ। ਐਸਾ ਦਬਦਬਾ ਬਣਾ ਦਿੱਤਾ ਗਿਆ ਕਿ ਰਾਜੇ ਤੋਂ ਲੈਕੇ ਅਮੀਰ ਗਰੀਬ ਸਭ ਨੂੰ ਉਸ ਸਿੱਧ ਜੋਗੀ
ਦੀ ਗੱਦੀ ਹੇਠਾ ਰਹਿਣਾ ਪੈਂਦਾ ਸੀ।
ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਕੁਦਰਤ ’ਚ ਤੁਫਾਨ, ਹੱੜ, ਭੁਚਾਲ, ਬਦਲਾਂ
ਦੀ ਗਰਜਨਾ, ਚੰਨ੍ਹ, ਸੂਰਜ, ਤਾਰੇ, ਸਰਦੀ, ਗਰਮੀ ਆਦਿ ਜੈਸੇ ਅਨੇਕਾਂ ਵਾਪਰਦੇ ਰੰਗਾਂ ਤੋਂ ਡਰ ਲਗਦਾ
ਰਿਹਾ ਹੈ। ਇਸ ਕਰਕੇ ਮਨੁੱਖ ਨੇ ਕੁਝ ਕਰਾਮਾਤਾਂ ਹੋਣੀਆਂ ਮੰਨ ਲਈਆਂ, ਇਨ੍ਹਾਂ ਸਭਨਾ ਘਟਨਾਵਾਂ ਤੋਂ
ਮਨੁੱਖ ਅਸਮਰੱਥ ਹੋਣ ਕਾਰਨ ਦੁਖੀ-ਦੁਖੀ ਰਹਿੰਦਾ ਸੀ। ਇਸ ਕਰਕੇ ਕੁਝ ਪਰਪੰਚੀਆਂ ਨੇ ਮਨੁੱਖ ਦੇ ਇਸ
ਡਰ ਸਹਿਮ ਦਾ ਵਿਉਪਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਮਨੁੱਖਾਂ ਨੇ ਮਨਘੜੰਤ ਕਹਾਣੀਆਂ, ਕਰਾਮਾਤਾਂ
ਹੇਠ ਘੜ ਲਈਆਂ ਅਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਕੁਝ ਸ਼ਕਤੀਆਂ ਦਾ ਪਰਪੰਚ ਪ੍ਰਚਲਿਤ ਕਰ ਦਿੱਤਾ।
ਲੋਕਾਂ ਨੂੰ ਇਹ ਭੁਲੇਖਾ ਪਾ ਦਿੱਤਾ ਗਿਆ ਕਿ ਫਲਾਨੇ ਕਰਮਕਾਂਡ, ਤਿਆਗ, ਜਪ-ਤਪ, ਹੱਠ ਕਰਕੇ
ਰਿੱਧੀ-ਸਿੱਧੀ, ਕਰਾਮਾਤ ਮਨੁੱਖ ਦੇ ਵੱਸ ਆ ਜਾਂਦੀ ਹੈ। ਜਿਸ ਨਾਲ ਮਨੁੱਖ ਜੋ ਚਾਹੇ ਲੈ ਸਕਦਾ ਹੈ,
ਅੱਖਾਂ ਬੰਦ ਕਰਕੇ ਜਿੱਥੇ ਮਰਜ਼ੀ ਅਸਮਾਨਾਂ ’ਚ, ਪਰਦੇਸਾਂ ’ਚ, ਸਵਰਗ ’ਚ ਜਾ ਕੇ ਆ ਸਕਦਾ ਹੈ। ਸੋ ਉਸ
ਪਾਖੰਡ ਨੂੰ ਧਰਮ ਦੇ ਨਾਮ ਹੇਠ ਅਖੌਤੀ ਸੰਤ, ਬ੍ਰਹਮਗਿਆਨੀ, ਸਾਧੂ-ਬਾਬੇ, ਪੀਰ, ਫਕੀਰਾਂ ਆਦਿ ਨੇ
ਆਪਣੇ ਚੇਲਿਆਂ ਰਾਹੀਂ ਧੁਮਾਇਆ ਹੋਇਆ ਹੈ ਕਿ ਇਸ ਮਹਾਪੁਰਖ ਦੇ ਹੱਥ ’ਚ ਫਲਾਣੀ ਰਿੱਧੀ-ਸਿੱਧੀ ਹੈ
ਜਾਂ ਇਸਨੇ ਆਤਮਾਵਾਂ ਨੂੰ ਵੱਸ ’ਚ ਕੀਤਾ ਹੋਇਆ ਹੈ। ਇਸ ਡਰ ਸਹਿਮ ਹੇਠ ਲੋਕੀ ਭੁਲੇਖਾ ਖਾ ਜਾਂਦੇ ਹਨ
ਅਤੇ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਰਿੱਧੀ-ਸਿੱਧੀ, ਕਰਾਮਾਤਾਂ ’ਚ ਫੱਸ ਕੇ ਖੁਆਰ ਹੁੰਦੇ ਰਹਿੰਦੇ
ਹਨ। ਧਨ, ਪਦਾਰਥ, ਜ਼ਮੀਨ, ਇਸਤ੍ਰੀ, ਬੱਚੇ ਆਦਿ ਦੀ ਅੱਜ ਵੀ ਬਲੀ ਚੜ੍ਹਾਉਂਦੇ ਰਹਿੰਦੇ ਹਨ।
ਸੱਚਾ ਗਿਆਨ ਪ੍ਰਾਪਤ ਕਰ ਚੁੱਕੇ ਇੱਕ ਰੱਬ ਪ੍ਰਸਤੀ ਵਾਲੇ ਸੂਰਮੇ ਸੁਜਾਣ
ਹਸਤੀਆਂ ਵੱਲੋਂ ਅਸਲੀਅਤ ਦੀ ਖੋਜ ਕੀਤੀ ਗਈ। ਉਹ ਆਪ ਸਿੱਧਾਂ ਜੋਗੀਆਂ ਦੇ ਦਬਦਬੇ ਹੇਠ ਨਹੀਂ ਦਬੇ
ਅਤੇ ਲੋਕਾਈ ਨੂੰ ਵੀ ਜਾਗ੍ਰਿਤ ਕਰਕੇ ਇਸ ਦਬਦਬੇ ਦੀ ਗੁਲਾਮੀ ਤੋਂ ਛੁਡਾਇਆ।
ਦਰਅਸਲ ਸਿੱਧਾਂ, ਨਾਥਾਂ, ਜੋਗੀਆਂ ਵੱਲੋਂ ਜਪ, ਤਪ, ਜੋਗ ਸਿੱਧੀ ਅਤੇ ਪਾਖੰਡ
ਦੇ ਭਰਮ ਜਾਲ ਨੂੰ ਕਈ ਕਿਸਮਾਂ ਦੀ ਗਿਣਤੀ ਨਾਲ ਮਿਣਿਆ ਜਾਂਦਾ ਸੀ। ਭਰਮ ਪਾਖੰਡ ਕਾਰਨ ‘ਨੌਂ ਨਿਧੀਆਂ
ਅਠਾਰ੍ਹਾਂ ਸਿੱਧੀਆਂ’ ਪ੍ਰਚਲਤ ਕੀਤੀਆਂ ਗਈਆਂ। ਚਤੁਰਾਈ, ਚਲਾਕੀ ਵਿਖਾ ਕੇ, ਨਿਪੁੰਣਤਾ ਨਾਲ ਕਰਾਮਾਤ
ਵਿਖਾ ਕੇ ਦੂਜਿਆਂ ਉੱਤੇ ਦਬਦਬਾ ਬਣਾਉਣ ਦਾ ਪਰਪੰਚ ਸੀ। ਆਓ ਉਨ੍ਹਾਂ ਪਰਪੰਚੀ ਭਰਮਾਏ ਅਰਥਾਂ ਤੋਂ
ਅਸਲੀ ਭਾਵ ਅਰਥਾਂ ਤਕ ਪੁਜੀਏ ਤਾਕਿ ਅਸਲੀਅਤ ਸਮਝ ਕੇ ‘ਅਵਰਾ ਸਾਦ’ ਵਾਲੇ ਭਰਮ ਤੋਂ ਛੁਟੀਏ ਅਤੇ ਸਹੀ
ਅਰਥਾਂ ’ਚ ਨੌ ਨਿਧੀਆਂ ਅਤੇ ਅਠਾਰਹ ਸਿੱਧੀਆਂ ਪ੍ਰਾਪਤ ਕਰ ਸਕੀਏ।
ਨੌਂ ਨਿਧਾਂ ਕਿਹੜੀਆਂ ਹਨ? ਇਹ ਸਮਝਣ ਤੋਂ ਪਹਿਲਾਂ ਆਉ ਸਰੀਰ ਦੇ ਨੌਂ
ਦਰਵਾਜਿਆਂ (ਸਰੀਰ ਦੇ ਨੌਂ ਅੰਗ) `ਤੇ ਝਾਤ ਪਾਈਏ -
+ 2 ਅੱਖਾਂ (2
Eyes)
+ 2 ਕੰਨ (2 Ears)
+ 2 ਨਾਸਕਾਂ (2
Nostrils)
+ 1 ਮੂੰਹ ( 1
Mouth)
+ 1 ਗੁਦਾ ( 1
Rectum)
+ 1 ਲਿੰਗ (1
Genetical Part)
9 ਦਰਵਾਜ਼ੇ (ਦੁਆਰੇ) ਕਹਿਲਾਉਂਦੇ ਹਨ।
ਪੰਜ ਗਿਆਨ ਇੰਦਰੇ =
ਅੱਖ, ਨੱਕ, ਕੰਨ, ਚੰਮੜੀ ਅਤੇ ਜੀਭ।
ਪੰਜ ਕਰਮ ਇੰਦਰੇ =
ਹੱਥ, ਪੈਰ, ਮੂੰਹ, ਗੁਦਾ ਅਤੇ ਲਿੰਗ।
ਧਾਰਮਕ ਦੁਨੀਆ ’ਚ ਇਸ ਤਰ੍ਹਾਂ ਦੇ ਅੱਖਰ ਸਿੱਧਾਂ ਜੋਗੀਆਂ ਵੱਲੋਂ ਪ੍ਰਚਲਤ
ਸਨ। ਇਸੇ ਤਰ੍ਹਾਂ ਹੇਠ ਲਿਖੀਆਂ ਅਠਾਰਹ ਸਿੱਧੀਆਂ ਪ੍ਰਚਲਤ ਸਨ:
1. ਬਹੁਤ ਛੋਟਾ ਹੋ ਜਾਣਾ
2. ਬਹੁਤ ਵੱਡਾ ਹੋ ਜਾਣਾ
3. ਬਹੁਤ ਭਾਰੀ ਹੋ ਜਾਣਾ
4. ਬਹੁਤ ਹੌਲਾ ਹੋ ਜਾਣਾ
5. ਮਨ ਬਾਂਛਤ ਵਸਤੁ ਪ੍ਰਾਪਤ ਕਰ ਲੈਣਾ
6. ਸਭ ਦੇ ਮਨ ਦੀ ਜਾਣ ਲੈਣਾ
7. ਆਪਣੀ ਇੱਛਾ ਮੁਤਾਬਿਕ ਸਭ ਨੂੰ ਪ੍ਰੇਰ ਕੇ ਚਲਾਉਣਾ
8. ਸਭ ਨੂੰ ਆਪਣੇ ਵੱਸ ’ਚ ਕਰ ਲੈਣਾ
9. ਭੁਖ ਤ੍ਰੇਹ ਨਾ ਲਗਣਾ
10. ਦੂਰੋਂ ਹੀ ਗੱਲਾਂ ਸੁਣ ਲੈਣਾ
11. ਦੂਰੋਂ ਹੀ ਨਜ਼ਾਰੇ ਵੇਖ ਲੈਣਾ
12. ਮਨ ਦੀ ਚਾਲ ਤੁਲ ਛੇਤੀ-ਛੇਤੀ ਚਲਣਾ
13. ਮਨ ਇਛਤ ਰੂਪ ਧਾਰ ਸਕਣਾ
14. ਆਪਣੀ ਮਰਜ਼ੀ ਨਾਲ ਮਰਨਾ
15. ਦੂਜਿਆਂ ਦੀ ਦੇਹ ’ਚ ਪ੍ਰਵੇਸ਼ ਕਰ ਸਕਣਾ
16. ਦੇਵਤਿਆਂ ਨਾਲ ਮੌਜਾਂ ਲੁਟਣਾ
17. ਮਨ ਦੀ ਕੋਈ ਵੀ ਇੱਛਾ ਪੂਰੀ ਕਰ ਸਕਣਾ
18. ਜਿੱਥੇ ਚਾਹਵੋ, ਬਿਨਾ ਰੁਕਾਵਟ ਜਾ ਸਕਣਾ
ਕੁਲ ਮਿਲਾ ਕੇ ਇਹ ਤਥਾਕਥਿਤ ਅਠਾਰ੍ਹਾਂ (18) ਸਿੱਧੀਆਂ ਪ੍ਰਚਲਤ ਸਨ।
ਸਿੱਧਾਂ, ਨਾਥਾਂ, ਜੋਗੀਆਂ ਨੇ ਇਹ ਵੀ ਧੁੰਮ ਪਾਈ ਹੋਈ ਸੀ ਕਿ ਅਸੀਂ ਜੋ ਜਪ, ਤਪ, ਕਰਮਕਾਂਡ, ਹਠ
ਜੋਗ ਕਰਦੇ ਹਾਂ ਉਸ ਨਾਲ ਹੀ ਸਾਨੂੰ ਅਨਹਦ ਨਾਦ ਸੁਣਾਈ ਦੇਂਦਾ ਹੈ ਅਤੇ ਅਸੀਂ ਦਸਮ ਦੁਆਰ ਖੋਲ੍ਹਣ ਲਈ
ਜੋ ਖਾਸ ਸਾਧਨਾ ਕਰਦੇ ਹਾਂ, ਉਹ ਕੋਈ-ਕੋਈ ਹੀ ਕਰ ਸਕਦਾ ਹੈ। ਜਿਸਦਾ ਦਸਮ ਦੁਆਰ ਖੁਲ੍ਹਾ ਹੋਵੇ, ਨੌਂ
ਨਿਧੀਆਂ ਅਠਾਰ੍ਹਾਂ ਸਿੱਧੀਆਂ ਦਾ ਖ਼ਜ਼ਾਨਾ ਅਤੇ ਗੈਬੀ ਸ਼ਕਤੀਆਂ ਉਸ ਕੋਲ ਆ ਜਾਂਦੀਆਂ ਹਨ। ਜਿਸ ਦਾ
ਸਦਕਾ ਕੋਈ ਕਰਾਮਾਤ ਕਰਕੇ ਕੁਝ ਵੀ ਪ੍ਰਾਪਤ ਕਰਕੇ, ਉਮਰ ਲੰਬੀ ਕਰਕੇ, ਜੈਸਾ ਮਰਜ਼ੀ ਰੂਪ ਧਾਰਣ ਕਰਕੇ,
ਜਿੱਥੇ ਮਰਜ਼ੀ ਜਾ ਸਕਦੇ ਹਾਂ ਆਦਿ।
ਖਾਸ-ਖਾਸ ਇਛਾਵਾਂ ਨੂੰ ਪ੍ਰਾਪਤ ਕਰਨ ਲਈ ਖਾਸ ਕਿਸਮਾਂ ਦੇ ਵਰਤ, ਕਰਮ-ਕਾਂਡ,
ਹੱਠ ਜੋਗ ਜੋ ਵੀ ਕਰਨੇ ਹੁੰਦੇ ਸਨ ਉਹ ਕਰਦੇ ਸਨ ਅਤੇ ਦੁਨੀਆ ਨੂੰ ਭੁਲੇਖੇ ਵਿਚ ਪਾਉਂਦੇ ਸਨ ਕਿ
ਕੇਵਲ ਉਹ ਹੀ ਇਹ ਸਭ ਕੁਝ ਕਰ ਸਕਦੇ ਹਨ। ਸਿੱਧ, ਜੋਗੀਆਂ ਨੂੰ ਉਹ ਕਰਮਕਾਂਡ, ਪਾਖੰਡ ਕਰਨ ਦੀਆਂ
ਪੱਕੀਆਂ ਆਦਤਾਂ ਪੈ ਜਾਂਦੀਆਂ ਸਨ ਅਤੇ ਉਹ ਅੱਖ, ਨੱਕ, ਕੰਨ, ਭੁਖ, ਪਿਆਸ ਜੈਸੀਆਂ ਅਨੇਕਾਂ ਸਰੀਰਕ
ਲੋੜਾਂ ਨੂੰ ਕਾਬੂ ਕਰ ਲੈਂਦੇ ਸੀ। ਜਿਤਨਾ ਵੱਧ ਕੋਈ ਭੁੱਖ, ਪਿਆਸ, ਨੀਂਦ, ਕਾਮ ਆਦਿ ਨੂੰ ਕਾਬੂ ਕਰਨ
ਦੇ ਲਾਇਕ ਹੁੰਦਾ ਸੀ, ਉਤਨਾ ਉਸਦੀ ਮਾਨਤਾ ਵੱਧਦੀ ਜਾਂਦੀ ਸੀ।
ਗੁਰਮਤ ਅਨੁਸਾਰ ਇਨ੍ਹਾਂ ਤਥਾ ਕਥਿਤ ਰਿੱਧੀ-ਸਿੱਧੀ ਦੀ ਪ੍ਰਾਪਤੀ ਲਈ ਜੋ
ਕਰਮ-ਕਾਂਡ ਜਾਂ ਹੱਠ-ਜੋਗ ਕੀਤੇ ਜਾਂਦੇ ਸਨ, ਉਨ੍ਹਾਂ ਨੂੰ `ਰਿਧਿ ਸਿਧਿ ਅਵਰਾ ਸਾਦ ॥` ਕਿਹਾ ਜਾਂਦਾ
ਹੈ। ਜਿਤਨਾ ਮਰਜ਼ੀ ਮਨੁੱਖ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਵੇ, ਜੰਗਲਾਂ ’ਚ ਰਹਿ ਕੇ, ਘਰ
ਗ੍ਰਿਹਸਤੀ ਛੱਡ ਕੇ ਭਰਮ ’ਚ ਭਟਕਦਾ ਰਹੇ ਪਰ ਵਿਕਾਰ ਮਨੁੱਖ ਦੇ ਫੁਰਨਿਆਂ ਚੋਂ ਨਹੀਂ ਨਿਕਲਦੇ।
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 855)
ਵੀਰ ਭੁਪਿੰਦਰ ਸਿੰਘ
|
. |