ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਦੁਖਦਾਈ ਘਟਨਾਵਾਂ
ਸਿੱਧਾਂ ਨਾਲ ਸੁਆਲ ਜੁਆਬ ਕਰਦਿਆਂ
ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਨੂੰ ਗੁਰ ਸੰਗਤ ਬਾਣੀ ਬਿਨਾ ਦੂਜਾ ਕੋਈ ਵੀ ਆਸਰਾ ਨਹੀਂ
ਹੈ—
ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ।।
ਗੁਰਬਾਣੀ ਸਿੱਖ ਦੀ ਜ਼ਿੰਦਗੀ ਦਾ ਅਧਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ
ਰੱਖਦਿਆਂ ਸਿੱਖ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦਾ। ਜੂਨ ਮਹੀਨੇ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕਰ ਲਿਆ। ਸੰਬਧਿਤ ਸੰਗਤ ਨੇ ਪੁਲੀਸ ਪਾਸ ਰਿਪੋਰਟ ਦਰਜ
ਕਰਾਈ ਪਰ ਪੁਲੀਸ ਨੇ ਬਣਦੀ ਕਾਰਵਾਈ ਨਹੀਂ ਕੀਤੀ। ਢਿੱਲ ਮੱਠ ਦੀ ਨੀਤੀ `ਤੇ ਚਲਦਿਆਂ ਦੋਸ਼ੀਆਂ ਨੂੰ
ਲੱਭਣ ਦਾ ਯਤਨ ਨਹੀਂ ਕੀਤਾ ਗਿਆ। ਥੋੜੇ ਸਮੇਂ ਉਪਰੰਤ ਇੱਕ ਹੋਰ ਘਟਨਾ ਵਾਪਰ ਗਈ ਕਿ ਗੁਰੂ ਗ੍ਰੰਥ
ਸਾਹਿਬ ਜੀ ਦੇ ਪਾਵਨ ਪੰਨਿਆਂ ਨੂੰ ਬੜੀ ਬੇਦਰਦੀ ਨਾਲ ਪਾੜਿਆ ਹੋਇਆ ਸੀ। ਜਿਉਂ ਹੀ ਸਿੱਖ ਸੰਗਤਾਂ
ਨੂੰ ਅਜੇਹੀ ਘਨੌਣੀ ਹਰਕਤ ਦਾ ਪਤਾ ਲੱਗਿਆ ਤਾਂ ਸਭ ਦੇ ਹਿਰਦੇ ਵਲੂੰਦਰੇ ਗਏ। ਆਪਣੇ ਗੁਰੂ ਦੀ
ਬੇਅਦਬੀ ਸੁਣ ਕੇ ਲੋਕ ਆਪ ਮੁਹਾਰੇ ਰੋਸ ਪ੍ਰਗਟ ਕਰਨ ਲਈ ਸੜਕਾਂ `ਤੇ ਉੱਤਰ ਆਏ। ਪਿੰਡ ਬਰਗਾੜੀ ਵਿਖੇ
ਸਮੂੰਹ ਸੰਗਤਾਂ ਨੇ ਧਰਨਾ ਲਗਾਇਆ ਹੋਇਆ ਸੀ। ਅਗਾਹੂੰ ਸੂਚਨਾ ਦੇਣ ਤੋਂ ਬਿਨਾ ਹੀ ਨਿਤਨੇਮ ਕਰ ਰਹੀਆਂ
ਸੰਗਤਾਂ `ਤੇ ਪੁਲੀਸ ਵਲੋਂ ਲਾਠੀਚਾਰਜ ਤੇ ਪਾਣੀ ਦੀ ਤੇਜ਼ ਵਾਛੜ ਕਰਨ `ਤੇ ਉੱਤਰ ਆਈ। ਦੇਖਦਿਆਂ
ਦੇਖਦਿਆਂ ਪੁਲੀਸ ਨੇ ਗੋਲੀ ਚਲਾ ਦਿੱਤੀ। ਅਚਾਨਕ ਇਹ ਘਟਨਾ ਵਾਪਰਨ ਨਾਲ ਸੰਗਤਾਂ ਵਿੱਚ ਭੱਜਦੜ ਮੱਚ
ਗਈ। ਪੁਲੀਸ ਦੀ ਗੋਲ਼ੀ ਨਾਲ ਦੋ ਸਿੰਘ ਸ਼ਹੀਦ ਹੋ ਗਏ ਬਹੁਤ ਸਾਰੇ ਜ਼ਖ਼ਮੀ ਹੋ ਗਏ।
ਬਰਗਾੜੀ ਪਿੰਡ ਦੀ ਘਟਨਾ ਵਾਪਰਨ ਨਾਲ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਨੇ ਥਾਂ ਥਾਂ ਰੋਸ
ਮੁਜਾਹਰੇ ਕਰਨੇ ਸ਼ੂਰੂ ਕਰ ਦਿੱਤੇ। ਇਸ ਘਟਨਾ ਦਾ ਹਰੇਕ ਸਿੱਖ ਨੂੰ ਬਹੁਤ ਵੱਡਾ ਦੁੱਖ ਪਹੁੰਚਿਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਨੂੰ ਕੋਈ ਸਹਿਣ ਨਹੀਂ ਕਰ ਸਕਦਾ। ਹੈਰਾਨਗੀ ਦੀ ਗੱਲ ਦੇਖੋ ਸਾਰਾ
ਸਿੱਖ ਜਗਤ ਆਪਣੇ ਆਪ ਹੀ ਸੜਕਾਂ `ਤੇ ਉਤਰ ਆਇਆ ਹੈ। ਇਸ ਲੋਕ ਵਿਦਰੋਹ ਅੱਗੇ ਸਰਕਾਰੀ ਤੰਤਰ ਬਿਲਕੁਲ
ਫੇਲ੍ਹ ਹੋ ਗਿਆ ਹੈ।
ਪਿੱਛਲੇ ਅੱਠ ਕੁ ਸਾਲ ਤੋਂ ਪੰਥਕ ਸਰਕਾਰ ਪੰਜਾਬ ਦਾ ਰਾਜ ਭਾਗ ਸੰਭਾਲ਼ੀ ਬੈਠੀ ਹੈ। ਸਿੱਖ ਮੁੱਦਿਆਂ
ਦੀ ਗੱਲ ਛੱਡੋ ਇਹਨਾਂ ਨੇ ਕਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਵੀ ਮੁਨਾਸਬ ਨਹੀਂ ਸਮਝੀ।
ਪਿੱਛਲੇ ਕਾਫ਼ੀ ਸਮੇਂ ਤੋਂ ਪੰਜਾਬ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕਿਰਸਾਨਾਂ ਨੂੰ ਆਪਣੀ ਫਸਲ
ਦੀ ਪੂਰੀ ਕੀਮਤ ਨਹੀਂ ਮਿਲ ਰਹੀ। ਨਕਲੀ ਦਵਾਈਆਂ ਨੇ ਨਰਮੇ ਦੀ ਫਸਲ ਨੂੰ ਸੁਆਹ ਕਰਕੇ ਰੱਖ ਦਿੱਤਾ
ਹੈ। ਨਕਲੀ ਦਵਾਈਆਂ ਨੇ ਵੱਸਦੇ ਪਰਵਾਰ ਉਜਾੜ ਕੇ ਰੱਖ ਦਿੱਤੇ ਹਨ। ਪੰਜਾਬ ਵਿਚੋਂ ਸਰਕਾਰੀ ਨੌਕਰੀਆਂ
ਘੁੰਢ ਕੱਢ ਚੁੱਕੀਆਂ ਹਨ। ਜੇ ਪੰਥਕ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਰਾਜਨੀਤਿਕ ਦਬਾਅ ਥੱਲੇ
ਬੇ-ਲੋੜੇ ਹੁਕਮ ਨਾਮੇ ਜਾਰੀ ਕਰਾਏ ਗਏ ਹਨ। ਲੰਗਰ ਛੱਕਣ ਦਾ ਹੁਕਮਨਾਮਾ, ਨਾਨਕਸ਼ਾਹੀ ਕੈਲੰਡਰ ਦਾ
ਭੋਗ ਪਉਣਾ, ਰਾਜਸੀ ਕਿੜਾਂ ਕੱਢਣ ਲਈ ਆਪਣੇ ਵਿਰੋਧੀਆਂ ਨੂੰ ਅਕਾਲ ਤੱਖਤ ਤੋਂ ਛੇਕਣ ਵਰਗੀਆਂ
ਘਟਨਾਵਾਂ ਦਾ ਜਨਮ ਹੋਇਆ ਹੈ। ਅਕਾਲ ਤੱਖਤ ਤੋਂ ਗੈਰ ਮਿਆਰੀ ਫੈਸਲੇ ਹੋਏ ਹਨ। ਚਹੇਤੇ ਜ਼ਰੂਰ ਖੁਸ਼ ਹੋਏ
ਹੋਣਗੇ ਪਰ ਜ਼ਿਆਦਾ ਤਰ ਸਿੱਖਾਂ ਨੇ ਅਜੇਹੇ ਹੁਕਮਨਾਮਿਆਂ ਨੂੰ ਪ੍ਰਵਾਨ ਨਹੀਂ ਕੀਤਾ, ਇਹਨਾਂ ਘਟਨਾਵਾਂ
ਦੇ ਨਤੀਜੇ ਇਹ ਨਿਕਲੇ ਕਿ ਭਾਈ ਮਾਰੂ ਜੰਗ ਸ਼ੁਰੂ ਹੋ ਗਈ ਹੈ। ਰਾਜਸੀ ਮੰਤਵ ਨੂੰ ਪੂਰਾ ਕਰਨ ਲਈ
ਕਦੇ ਸੌਦਾ ਸਾਧ ਨੂੰ ਪੰਥ ਵਿਚੋਂ ਛੇਕ ਦੇਣਾ ਤੇ ਕਦੇ ਬਿਨਾ ਮੁਆਫ਼ੀ ਮੰਗਣ ਤੋਂ ਹੀ ਉਸ ਨੂੰ ਮੁਆਫ਼ ਕਰ
ਦੇਣਾ, ਦੁਨੀਆਂ ਵਿੱਚ ਮਖੌਲ਼ ਦਾ ਕਾਰਨ ਬਣਿਆਂ ਹੈ। ਗੈਰ ਸਿੱਖ ਅਜੇਹੇ ਦੁਚਿੱਤੇ ਫੈਸਲਿਆਂ `ਤੇ ਪੂਰੀ
ਚੁਟਕੀ ਲੈ ਰਹੇ ਹਨ। ਰਾਜ ਭਾਗ ਦਾ ਅਨੰਦ ਮਾਣ ਰਹੀ ਅਕਾਲੀ ਪਾਰਟੀ ਪੰਥਕ ਮੁੱਦਿਆਂ ਨੂੰ ਭੁੱਲ ਚੁੱਕੀ
ਹੈ। ਪੰਥਕ ਸਰਕਾਰ ਹੁੰਦਿਆਂ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਵਾਪਰੇ, ਜਵਾਨੀਆਂ ਤਬਾਹ ਹੋਈ ਜਾਣ
ਵਪਾਰਕ ਧੰਧਿਆਂ ਤੇ ਸਮੁੱਚਾ ਕੰਟਰੋਲ ਕਰਨਾ ਸਰਕਾਰੀ ਧਿਰ ਦੇ ਵਿਰੋਧ ਵਿੱਚ ਜਾਂਦਾ ਹੈ। ਅਕਾਲੀ ਦਲ
ਮਰ ਜੀਵੜਿਆਂ ਦੀ ਪਾਰਟੀ ਕੇਵਲ ਕੁੱਝ ਪਰਵਾਰਾਂ ਤੀਕ ਸਿਮਟ ਕੇ ਰਹਿ ਗਈ ਹੈ।
ਪੰਜਾਬ ਵਿੱਚ ਵੱਧ ਰਹੀਆਂ ਆਤਮ ਹੱਤਿਆਵਾਂ, ਚਿਰਾਂ ਤੋਂ ਜੇਹਲਾਂ ਵਿੱਚ ਬੰਦ ਸਿੱਖ ਕੈਦੀਆਂ ਦੀ
ਰਿਹਾਈ ਵਰਗੇ ਮੁੱਦੇ ਨੂੰ ਭੁੱਲ ਜਾਣਾ ਕੌਮ ਦੀ ਬਦ-ਕਿਸਮਤੀ ਹੀ ਕਿਹਾ ਜਾ ਸਕਦਾ ਹੈ ਜਾਂ ਅਕਾਲੀ
ਲੀਡਰਾਂ ਦੀ ਖੁਦਗਰਜ਼ੀ ਮੰਨੀ ਜਾ ਸਕਦੀ ਹੈ।
ਸਿੱਖ ਕੌਮ ਨਾਲ ਹਰ ਵਾਰੀ ਧੋਖਾ ਹੁੰਦਾ ਆਇਆ ਹੈ। ਸਿੱਖਾਂ ਨੇ ਆਪਣੀਆਂ ਜਾਇਜ਼ ਮੰਗਾਂ ਲਈ ਜਦੋਂ ਵੀ
ਕੋਈ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਉਸ ਸੰਘਰਸ਼ ਨੂੰ ਲੀਹ ਤੋਂ ਲਹੁੰਣ ਲਈ ਅਜੇਹੇ ਤੱਤ ਸ਼ਾਮਿਲ ਹੋ
ਜਾਂਦੇ ਹਨ ਜਿਸ ਨਾਲ ਸਮਾਜ ਨੂੰ ਲਾਭ ਘੱਟ ਤੇ ਨੁਕਸਾਨ ਵੱਧ ਹੁੰਦਾ ਆਇਆ ਹੈ। ਸਵਾਲਾਂ ਦਾ ਸੁਆਲ
ਹੈ ਕਿ ਕੀ ਨੰਗੀਆਂ ਕਿਰਪਾਨਾਂ ਹਵਾ ਵਿੱਚ ਲਹਿਰਉਣ ਨਾਲ ਜਾਂ ਭੜਕਾਊ ਨਾਹਰੇ ਲਗਾਉਣ ਨਾਲ ਕੋਈ ਮਸਲਾ
ਹੱਲ ਹੋ ਸਕਦਾ ਹੈ? ਅਸਲ ਮਸਲੇ ਤੋਂ ਦੂਰ ਜਾ ਕੇ ਭੜਕਾਊ ਨਾਹਰਿਆਂ ਨਾਲ ਕੁੱਝ ਪ੍ਰਾਪਤ ਹੋ ਸਕਦਾ
ਹੈ? ਕੌਮ ਲੀਡਰ ਰਹਿਤ ਹੋ ਚੁੱਕੀ ਜਾਪਦੀ ਹੈ ਕੋਈ ਕਿਸੇ ਦੀ ਸੁਣਨ ਲਈ ਤਿਆਰ ਨਹੀਂ ਹੈ ਸਗੋਂ ਇੱਕ
ਦੂਜੇ ਨੂੰ ਨੀਵਾਂ ਹੀ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕੁੱਝ ਸਵਾਲ ਸਾਡੇ ਸਾਹਮਣੇ ਜੁਵਾਬ
ਮੰਗਦੇ ਹਨ—ਜਿਹੜੇ ਅੱਜ ਲੀਡਰ ਹਵਾ ਵਿੱਚ ਤਲਵਾਰਾਂ ਲਹਿਰ ਰਹੇ ਹਨ ਜਾਂ ਕਿਸੇ ਦੀ ਕੋਈ ਦਲੀਲ ਸੁਣਨ
ਲਈ ਤਿਆਰ ਨਹੀਂ ਹਨ ਉਹਨਾਂ ਨੇ ਧਰਮੀ ਫੌਜੀਆਂ ਨੂੰ ਪੈਨਸ਼ਨਾਂ ਦਿਵਾਉਣ ਵਿੱਚ ਕੋਈ ਕਰਾਵਾਈ ਕੀਤੀ ਹੈ?
ਸਰਦਾਰ ਜਸਵੰਤ ਸਿੰਘ ਖਾਲੜਾ ਅਣ-ਪਛਾਤੀਆਂ ਲਾਸ਼ਾਂ ਲੱਭਦਾ ਆਪ ਵੀ ਇੱਕ ਅਣਪਛਾਤੀ ਲਾਸ਼ ਬਣ ਕੇ ਰਹਿ
ਗਿਆ ਪਰ ਇਸ ਕੇਸ ਵਿੱਚ ਕਿੰਨੀ ਕੁ ਸੁਹਿਰਦਤਾ ਨਾਲ ਚਾਰਾਜੋਈ ਕੀਤੀ ਗਈ ਹੈ? ਜੇਲ੍ਹਾਂ ਵਿੱਚ ਬੰਦ
ਸਿੱਖ ਨੌਜਵਾਨਾਂ ਲਈ ਸਾਡਿਆਂ ਨੇਤਾਜਨਾਂ ਨੇ ਕਿਹੜਾ ਉਪਰਾਲਾ ਕੀਤਾ ਹੈ? ਜਿੰਨ੍ਹਾਂ ਪੁਲੀਸ ਅਫਸਰਾਂ
ਨੇ ਝੂਠੇ ਪੁਲੀਸ ਮੁਕਾਬਲੇ ਕੀਤੇ ਹਨ ਉਹਨਾਂ ਨੂੰ ਸਜਾਵਾਂ ਦਿਵਾਉਣ ਵਿੱਚ ਕੋਈ ਯੋਗਦਾਨ ਪਾਇਆ ਹੈ?
ਵੀਰੋ ਹਰ ਵਾਰੀ ਮਸਲਾ ਹੱਲ ਕਰਨ ਦੀ ਬਜਾਏ ਮਸਲਾ ਉਲਝਾਇਆ ਜਾਂਦਾ ਹੈ। ਅਸੀਂ ਪਿੱਛਲੇ ਮਸਲੇ ਨੂੰ
ਭੁੱਲ ਜਾਂਦੇ ਹਾਂ ਅਗਾਂਹ ਨਵਾਂ ਮਸਲਾ ਕੋਈ ਹੋਰ ਖੜਾ ਹੋ ਜਾਂਦਾ ਹੈ। ਸਿੱਖ ਕੌਮ ਦੇ ਸਾਹਮਣੇ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਪਰ ਉਹੀ ਲੋਕ ਸਿੱਖ
ਸਿਧਾਂਤ ਦਾ ਹੋਕਾ ਦੇ ਰਹੇ ਹਨ। ਸਿੱਖਾਂ ਦੇ ਮਸਲੇ ਓਸੇ ਤਰ੍ਹਾਂ ਹੀ ਖੜੇ ਹਨ ਪਰ ਸਾਡੀਆਂ ਪੰਥਕ
ਸਰਕਾਰਾਂ ਕਈ ਵਾਰੀ ਬਣੀਆਂ ਹਨ।
ਜਿੰਨਾ ਚਿਰ ਸਿੱਖ ਆਪਣੇ ਤੇ ਦੁਸ਼ਮਣ ਦੀ ਪਹਿਚਾਨ ਨਹੀਂ ਕਰਦਾ ਓਨਾ ਚਿਰ ਸਿੱਖ ਕੌਮ ਦਾ ਕੋਈ ਵੀ ਮਸਲਾ
ਹੱਲ ਨਹੀਂ ਹੋ ਸਕਦਾ। ਟਕਸਾਲੀ ਲੀਡਰਸ਼ਿੱਪ ਲੀਹ ਤੋਂ ਲਹਿ ਚੁੱਕੀ ਹੈ ਤੇ ਆਪਾਧਾਪੀ ਪਈ ਹੋਈ ਹੈ।
ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਫੈਸਲੇ ਲੈਣੇ ਪੈਣਗੇ। ਨੌਜਵਾਨਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ
ਆਪ ਅੱਗੇ ਆਉਣਾ ਚਾਹੀਦਾ ਹੈ। ਸਭ ਤੋਂ ਵੱਧ ਅੱਜ ਜ਼ਰੂਰਤ ਹੈ ਕਿ ਹਰ ਖੇਤਰ ਵਿੱਚ ਕੰਮ ਕਰ ਰਹੇ
ਸੁਹਿਰਦਤਾ ਵਾਲੇ ਸਿੱਖਾਂ ਨੂੰ ਆਪ ਅੱਗੇ ਆ ਕੇ ਢੁੱਕਵੀਂ ਅਗਵਾਈ ਦੇਣ ਦਾ ਉਪਰਾਲਾ ਕਰਨਾ ਚਾਹੀਦਾ
ਹੈ।
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ।।
ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ।।
ਸੋਰਠਿ ਵਾਰ ਮ: ੪ ਪੰਨਾ ੬੫੧