.

ਨੌ ਨਿਧੀਆਂ ਅਤੇ ਅਠਾਰ੍ਹਾ ਸਿੱਧੀਆਂ

(ਕਿਸ਼ਤ ਨੰ:2)

ਗੁਰਮਤ ਵਿਚ ਭ੍ਰਮ ਗ੍ਰਸੇ ਮਨ ਨੂੰ ਕਾਬੂ ਕਰਨਾ ਦ੍ਰਿੜਾਇਆ ਜਾਂਦਾ ਹੈ। ਜਦੋਂ ਮਨ ਨੂੰ ਕਾਬੂ ਕਰਨ ਦੀ ਬਿਬੇਕਤਾ ਸਤਿਗੁਰ ਦੀ ਮਤ ਰਾਹੀਂ ਮਿਲਦੀ ਹੈ ਤਾਂ ਵਿਕਾਰ ਵੀ ਕਾਬੂ ਆ ਜਾਂਦੇ ਹਨ। ਮਨੁੱਖ ਦਾ ਤਨ, ਹਰਕਤਾਂ ਅਤੇ ਸੁਭਾ ਵੀ ਸੰਤੁਲਿਤ ਹੋ ਜਾਂਦੇ ਹਨ। ਇਸੇ ਅਵਸਥਾ ਨੂੰ ਗੁਰਮਤ ’ਚ ਦਸਮ ਦੁਆਰ ਖੁਲ੍ਹਣਾ ਕਿਹਾ ਜਾਂਦਾ ਹੈ। ਲਗਾਤਾਰ ਬਿਨਾ ਕਿਸੀ ਹੱਦ ਬੰਦੀ ਤੋਂ (ਨਿਰੰਤਰ) ਸਤਿਗੁਰ ਦੀ ਮਤ ਨਾਲ ਧੁੰਨ ਵਿਚ ਧਿਆਨ ਲਗਾਈ ਰੱਖਣਾ ਹੀ ਅਨਹਦ ਨਾਦ ਕਹਿਲਾਂਦਾ ਹੈ ਭਾਵ ਮਨੁੱਖ ਸੱਚ ਨੂੰ ਕਦੇ ਵੀ ਸੁਣ ਕੇ ਅਨਸੁਣਾ (ignore) ਨਹੀਂ ਕਰਦਾ। ਜਾਗ੍ਰਿਤ ਅਵਸਥਾ ’ਚ ਸਦੀਵੀ ਸਤਿਗੁਰ ਦਾ ਸੁਨੇਹਾ ਸੁਣਾਈ ਦੇਂਦਾ ਰਹਿੰਦਾ ਹੈ। ਇਹੋ "ਅਨਹਦ ਨਾਦ" ਸੁਣਨਾ ਗੁਰਮਤ ਦਾ ਗਾਡੀ ਰਾਹ ਸਾਰੀ ਮਨੁੱਖਤਾ ਲਈ ਪ੍ਰਚਾਰਿਆ ਗਿਆ ਹੈ। ਮਨ ਦੇ ਭਰਮ ਲੱਥ ਜਾਣਾ ਹੀ ਦਸਮ ਦੁਆਰ ਖੁਲ੍ਹਣਾ ਹੈ ਅਤੇ ਮਨ ਵਲੋਂ ਨਿਰੰਤਰ ਸੱਚ ਲੈ ਕੇ ਬੱਧੇ (tuned) ਰਹਿਣਾ ਅਨਹਦ ਨਾਦ ਸੁਣਨਾ ਕਹਿਲਾਉਂਦਾ ਹੈ, ਜਿਸ ਨਾਲ ਵਿਕਾਰ, ਖ਼ਾਹਿਸ਼ਾਂ ਅਤੇ ਸ਼ਰੀਰਕ ਅੰਗ ਸਭ ਕਾਬੂ ਹੋ ਜਾਂਦੇ ਹਨ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥

(ਗੁਰੂ ਗ੍ਰੰਥ ਸਾਹਿਬ, ਪੰਨਾ 6)

ਅਖੌਤੀ ਰਿੱਧੀਆਂ-ਸਿੱਧੀਆਂ ਦੁਆਰਾ ਮਨ ਦੀਆਂ ਖ਼ਾਹਿਸ਼ਾਂ ਅਨੁਸਾਰ ਕੁਝ ਵੀ ਪ੍ਰਾਪਤ ਕਰਨਾ ਜੇ ਕਰ ਮੰਨ ਲਿਆ ਜਾਵੇ ਤਾਂ ਮਨੁੱਖ ਖੁਦਗਰਜ਼ੀ ਦਾ ਕਿਰਦਾਰ ਬਣ ਜਾਂਦਾ ਹੈ ਅਤੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਵਿਕਾਰੀ ਮਤ ਕਾਰਨ ਵਿਕਾਰੀ ਖ਼ਿਆਲ ਉਪਜਦੇ ਹਨ। ਇਸੇ ਨੂੰ ਅਵਰਾ ਸਾਦ ਜਾਂ ਜਮ-ਮਗ, ਜਮ ਦਾ ਪੰਥ ਕਹਿੰਦੇ ਹਨ। ਮਨੁੱਖ ਆਪਣੇ ਸਰੀਰ ਦੇ ਅੰਗਾਂ ਦੇ ਰਸ ਨੂੰ ਭੋਗ-ਭੋਗ ਕੇ ਵੀ ਰੱਜਦਾ ਨਹੀਂ ਅਤੇ ਭਰਮ ਭੁਲੇਖਾ ਪੈ ਜਾਂਦਾ ਹੈ ਕਿ ਫਲਾਣੀ-ਫਲਾਣੀ ਅਖੌਤੀ ਰਿੱਧੀ-ਸਿੱਧੀ ਨਾਲ ਮੈਂ ਜੋ ਵੀ ਚਿਤਵਾਂ ਉਹ ਮਾਣ ਸਕਦਾ ਹਾਂ। ਸਿੱਟੇ ਵੱਜੋਂ ਮਨੁੱਖ ਮਨ ਕਰਕੇ ਭੁੱਖਾ ਅਤੇ ਆਤਮਕ ਕੰਗਾਲਤਾ ’ਚ ਹੀ ਜਿਊਂਦਾ ਹੈ, ਭੁੱਖ ਕਦੇ ਪੂਰੀ ਨਾ ਹੋਣ ਕਾਰਨ ਅਧੂਰਾ ਹੀ ਮਰ ਜਾਂਦਾ ਹੈ। ਮਨੁੱਖ ਨੂੰ ਭਰਮ ਚੋਂ ਨਿਕਲਣਾ ਆਉਂਦਾ ਹੀ ਨਹੀਂ ਕਿਉਂਕਿ ਮਨ ਕੀ ਮਤ (ਖ਼ਾਹਿਸ਼ਾ) ਦਾਤਾਂ ਪ੍ਰਾਪਤ ਕਰਨ ਦੀ ਤ੍ਰਿਸ਼ਨਾ ’ਚ ਭਟਕਾਉਂਦੀ ਰਹਿੰਦੀ ਹੈ ਅਤੇ ਦਾਤਾਂ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੱਤਾ ਜਾਂਦਾ ਹੈ।

ਦਾਤਿ ਪਿਆਰੀ ਵਿਸਰਿਆ ਦਾਤਾਰਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 676)

ਸਿੱਧਾਂ ਜੋਗੀਆਂ ਵਲੋਂ ਪਰਚਾਰੇ ਗਏ ਨੌਂ ਨਿਧਾਂ ਦਾ ਲਫਜ਼ ਅਸਲੀਅਤ ’ਚ ਕੀ ਮਹੱਤਵ ਰਖਦਾ ਹੈ, ਉਸਦਾ ਪਿਛੋਕੜ ਲਭਣਾ ਲਾਹੇਵੰਦ ਹੋਵੇਗਾ। ਦਰਅਸਲ ਜੋ ਸਾਡੇ ਨੌਂ (9) ਦੁਆਰੇ (ਸਰੀਰ ਦੇ ਅੰਗ, ) ਹਨ, ਇਨ੍ਹਾਂ ਨੂੰ ਮਨ ਕੀ ਮਤ ਕਾਰਨ ਸਮਝ ਨਹੀਂ ਹੈ ਕਿ ਕੀ-ਕੀ ਚੰਗਾ ਜਾਂ ਮੰਦਾ ਹੰਢਾਉਣਾ ਚਾਹੀਦਾ ਹੈ। ਭਾਵ ਚੰਗੇ-ਮੰਦੇ ਰਸ ਦੀ ਪਰਖ, ਪਛਾਣ ਦੀ ਬੁੱਧੀ (ਅਕਲ) ਨਹੀਂ ਹੈ। ਮਨ ਇਨ੍ਹਾਂ ਅੰਗਾਂ ਨੂੰ ਆਪਣੀ ਭੁੱਖੀ ਮਤ ਅਨੁਸਾਰ ਵਰਤਦਾ ਰਹਿੰਦਾ ਹੈ। ਸਾਰੇ ਅੰਗ ਵਰਤ-ਵਰਤ ਕੇ ਘੱਸ ਜਾਂਦੇ ਹਨ ਪਰ ਮਨ ਰਜਦਾ ਨਹੀਂ।

ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥

ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥

(ਗੁਰੂ ਗ੍ਰੰਥ ਸਾਹਿਬ, ਪੰਨਾ 523)

ਦਰਅਸਲ ਇਨ੍ਹਾਂ ਅੰਗਾਂ ਨੂੰ ਕਾਬੂ ਕਰਨ ਲਈ ਇੱਕ-ਇੱਕ ਅੰਗ ਉੱਤੇ ਕਾਬੂ ਕਰਨ ਦਾ ਹਠ, ਜੋਗ, ਜਪ, ਤਪ, ਸਾਧਨਾ ਕਰਨਾ ਹੀ ਜੋਗੀਆਂ ਦਾ ਫਲਸਫਾ ਸੀ ਪਰ ਭਰਮ ਵਸ ਮਨੁੱਖ ਇਨ੍ਹਾਂ ’ਤੇ ਕਾਬੂ ਕਰਨ ਵਾਲੇ ਮਨ (ਰਾਜੇ, ਚੋਧਰੀ) ਵਲ ਧਿਆਨ ਕਰ ਹੀ ਨਹੀਂ ਪਾਉਂਦਾ।

ਸਨਕਾਦਿਕ ਨਾਰਦ ਮੁਨਿ ਸੇਖਾ ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 330)

ਗੁਰਮਤ ਰਾਹੀਂ ਮਨੁੱਖ ਦੇ ਮਨ ਦੀ ਵਿਕਾਰੀ ਸੋਚ ਰੂਪੀ ਬਿਮਾਰੀ ਨੂੰ ਪੜਚੋਲ ਕੇ, ਮਨ ਨੂੰ ਹੀ ਸੋਧਣਾ ਦ੍ਰਿੜਾਇਆ ਗਿਆ ਹੈ। ਜੇ ਕਰ ਮਨ ਹੀ ਸਾਰੇ ਇੰਦ੍ਰੇ ਅਤੇ ਦੁਆਰਿਆਂ ਨੂੰ ਹੁਕਮ ਕਰਦਾ ਹੈ ਤਾਂ ਮਨ ਨੂੰ ਹੀ ਕੁਮਤ ਬਦਲੇ ਸੁਮਤ ਦ੍ਰਿੜਾਉਣੀ ਹੈ। ਜੇ ਕਰ ਮਨ ਨੂੰ ਬਿਬੇਕਤਾ ਵਾਲੀ ਮਤ ਪ੍ਰਾਪਤ ਹੋ ਜਾਵੇ ਤਾਂ ਮਨ ਹੀ ਇਨ੍ਹਾਂ ਨੌ ਦੁਆਰਿਆਂ ਨੂੰ ਸਹੀ ਪਾਸੇ, ਸਦੁਪਯੋਗ, ਲਾਹੇ ਵਾਲੀ ਜੀਵਨੀ ਵਲੋਂ ਵਰਤ ਸਕਦਾ ਹੈ। ਮਨ ਕੀ ਮਤ ਰਾਹੀਂ ਨੌ ਦੁਆਰਿਆਂ (ਇੰਦਰੀਆਂ) ਨੂੰ ਕੂੜ, ਵਿਕਾਰ, ਖੋਟ ਲਈ ਵਰਤਣ ਬਦਲੇ ਸਤਿਗੁਰ ਦੀ ਮਤ ਰਾਹੀਂ ਇਨ੍ਹਾਂ ਨੂੰ ਉਸਾਰੂ, ਦੁਨੀਆ ਦੇ ਭਲੇ ਵਾਲੇ, ਸਾਂਝੀਵਾਲਤਾ ਵਾਲੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ।

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥

(ਗੁਰੂ ਗ੍ਰੰਥ ਸਾਹਿਬ, ਪੰਨਾ 598)

ਮਨ ਦੁਬਿਧਾ ਭਰਮ ਛੱਡ ਕੇ ਨਿਜਘਰ ਤੋਂ ਰੱਬ (ਸਤਿਗੁਰ) ਦੀ ਮਤ ਲੈਂਦਾ ਹੈ, ਇਹੋ ਉਹ ਖਜ਼ਾਨਾ ਹੈ ਜਿਸ ਨੂੰ ਨਿਧਿ ਕਹਿੰਦੇ ਹਨ। ਮਨ ਨੂੰ ਖਜ਼ਾਨਾ, ਬਿਬੇਕ ਬੁੱਧੀ (ਨਿਧਿ) ਪ੍ਰਾਪਤ ਹੋ ਜਾਣਾ ਹੀ ‘ਨਉ ਨਿਧਾਂ’ ਕਹਿਲਾਉਂਦਾ ਹੈ। ਸੋਧੇ ਹੋਏ ਅੰਗਾਂ ਨੂੰ ਮਨ ਤੋਂ ਜੋ ‘ਨਿਧੀ’ ਤਾਕਤ, ਖ਼ਜ਼ਾਨਾ, ਅਕਲ ਪ੍ਰਾਪਤ ਹੁੰਦੀ ਹੈ ਉਸ ਨਾਲ ਸਾਰੇ ਅੰਗ ਸਹੀ ਅਰਥਾਂ ’ਚ ਮਨ ਦੇ ਕਾਬੂ ਆ ਜਾਂਦੇ ਹਨ। ਵਰਨਾ ਸਾਰੇ ਅੰਗਾਂ ਦੀ ਆਪਸੀ ਤਾਲ ਮੇਲ ਦੀ ਖੇਡ ਹੀ ਭੰਗ ਹੋ ਜਾਂਦੀ ਹੈ। ਅੱਖਾਂ ਕੁਝ ਹੋਰ ਵੇਖਦੀਆਂ ਹਨ, ਕੰਨ ਕੁਝ ਹੋਰ ਸੁਣਦੇ, ਹੱਥ ਕੁਝ ਹੋਰ ਕਰਦੇ ਅਤੇ ਪੈਰ ਕਿਸੇ ਹੋਰ ਪਾਸੇ ਤੁਰੇ ਰਹਿੰਦੇ ਹਨ। ਜੇ ਕਰ ਮਨ ਸੱਚੇ ਖਜ਼ਾਨੇ ਦੀ ਮਤ ਪ੍ਰਾਪਤ ਕਰਕੇ ਇਨ੍ਹਾਂ ਨੌ ਦੁਆਰਿਆਂ (ਅੰਗਾਂ - ਇੰਦਰੀਆਂ) ਨੂੰ ਦੇਂਦਾ ਹੈ ਤਾਂ ਸਾਰਿਆਂ ’ਚ ਇਕਸੁਰਤਾ ਬਣ ਜਾਂਦੀ ਹੈ। ਸਾਰੇ ਮੋਤੀਆਂ (ਅੰਗਾਂ) ’ਚ ਇੱਕ ਬਿਬੇਕ ਬੁੱਧੀ ਦਾ ਧਾਗਾ (ਸੂਤਰ) ਮਨ ਰਾਹੀਂ ਪਿਰੋਂ ਦਿੱਤਾ ਜਾਂਦਾ ਹੈ।

ਮਨ ਨੂੰ ਅੰਦਰ ਵਸਦੇ ਰੱਬੀ ਗੁਣਾਂ ਦੇ ਖ਼ਜ਼ਾਨੇ ਦੀ ਬਿਬੇਕ ਬੁੱਧੀ ਪ੍ਰਾਪਤ ਹੋਣਾ, ਮਨ ਦਾ (ਧਣੀ) ਧਨਵਾਨ ਹੋਣਾ ਕਹਿਲਾਉਂਦਾ ਹੈ। ਮਨ ਨੂੰ ਸਹੀ ਜੀਵਨ ਜਾਚ, ਜੁਗਤੀ ਅਤੇ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ। ਇਸੇ ਨੂੰ ‘ਨਉ ਨਿੱਧਾਂ’ ਭਾਵ (ਨਉ ਦੁਆਰਿਆਂ, ਇੰਦ੍ਰੀਆਂ) ਸਾਰੇ ਅੰਗਾਂ ਦਾ ਵਰਤਣ ਵਾਲਾ ਖ਼ਜ਼ਾਨਾ ਕਹਿੰਦੇ ਹਨ। ਅੰਗ ਵਰਤਣ ਨਾਲ ਭਾਵੇਂ ਇੱਕ ਦਿਨ ਘਿਸ ਕੇ ਮੁਕ ਜਾਂਦੇ ਹਨ ਪਰ ਮਨ ਵੱਲੋਂ ਪ੍ਰਾਪਤ ਨਉ ਨਿਧਿ (ਖ਼ਜ਼ਾਨੇ) ਨਾਲ ਜੋ ਬਿਬੇਕੀ ਮਨ ਦਾ ਤਨ ਬਣਦਾ ਹੈ, ਜੋ ਕਿਰਦਾਰ, ਸ਼ਖ਼ਸੀਅਤ ਬਣਦੀ ਹੈ, ਉਸਨੂੰ ‘ਦੁਰਲਭ ਦੇਹ’ ਕਹਿੰਦੇ ਹਨ। ਦੁਰਲਭ ਦੇਹ ਵਾਲਾ ਮਨ ਵਿਕਾਰਾਂ ’ਚ ਖੱਚਤ ਜੀਵਨੀ ਦੇ ਭਰਮ (ਭੁੱਖ) ਤੋਂ ਮੁਕਤ ਹੋ ਜਾਂਦਾ ਹੈ। ਇਸੇ ਨੂੰ ਜੀਵਤਿਆਂ ਮਰਨਾ ਜਾਂ ਜੀਵਨ ਮੁਕਤ ਕਹਿੰਦੇ ਹਨ।

ਅਠਾਰ੍ਹਾਂ ਸਿੱਧੀਆਂ: ਜਦੋਂ ਮਨ ਕੀ ਮਤ ਛੁੱਟ ਜਾਂਦੀ ਹੈ ਤਾਂ ਉਹ ਮਨ ਵਿਰਲਾ (exclusive) ਬਣ ਜਾਂਦਾ ਹੈ। ਵਿਰਲਾ ਮਨ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅਨੇਕਾਂ ਖਿਆਲਾਂ ਜਜ਼ਬਿਆਂ (ਆਸ਼ਾਂ, ਸੁਭਾ) ਨੂੰ ਕਾਬੂ ਕਰਨ ਯੋਗ ਹੋ ਜਾਂਦਾ ਹੈ। ਇਸ ਵਿਰਲੇ ਮਨ ਨੂੰ ਅਸਲੀਅਤ ’ਚ ਸਿੱਧੀਆਂ ਬਾਰੇ ਸੋਝੀ ਹੋ ਜਾਂਦੀ ਹੈ। ਭਾਵੇਂ ਰੱਬ ਜੀ ਦੇ ਬੇਅੰਤ ਗੁਣ ਹਨ ਤਾਂ ਸਿੱਧੀਆਂ ਵੀ ਬੇਅੰਤ ਹੀ ਹਨ ਲੇਕਿਨ ਇਸ ਲੇਖ ’ਚ ਅਸੀਂ ਪ੍ਰਚਲਿਤ ਅੱਖਰ `ਅਠਾਰਾਂ ਸਿੱਧੀਆਂ` ਬਾਰੇ ਵਿਚਾਰ ਸਾਂਝ ਕਰ ਰਹੇ ਹਾਂ ਕਿ ਵਿਰਲੇ (ਰੱਬੀ ਗੁਣਾਂ ਦਾ ਚਾਹਵਾਨ) ਮਨ ਨੂੰ ਅੰਤਰਆਤਮੇ ’ਚ ਬੈਠੇ ਰੱਬ (ਸਤਿਗੁਰ) ਤੋਂ ਜੋ ਪ੍ਰਾਪਤੀ ਹੁੰਦੀ ਹੈ, ਉਸ ਬਾਰੇ ਕਿਹਾ ਹੈ,

ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 649)

ਭਾਵ ਵਿਰਲਾ ਬਣ ਚੁੱਕੇ ਮਨ ਨੂੰ ਅਖੌਤੀ ਨੌਂ ਨਿੱਧਾਂ ਅਤੇ ਅਠਾਰ੍ਹਾਂ ਸਿੱਧੀਆਂ ਦੀ ਖ਼ਾਹਿਸ਼ ਹੀ ਨਹੀਂ ਰਹਿੰਦੀ ਕਿਉਂਕਿ ਉਹ ਅਮਲੀ ਤੌਰ ’ਤੇ ਗੁਣਾਂ ਨੂੰ ਜਿਊਣ ਲਗ ਪੈਂਦਾ ਹੈ। ਵਿਰਲਾ ਮਨ ਅਖੌਤੀ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਨ ਲਈ ਕੋਈ ਜਪ, ਤਪ, ਕਰਮਕਾਂਡ, ਪਾਖੰਡ ਜਾਂ ਹੱਠ ਜੋਗ ਸਾਧਨਾ ਕਰਕੇ ਖ਼ੁਆਰ ਨਹੀਂ ਹੁੰਦਾ ਬਲਕਿ ਅਸਲੀਅਤ ’ਚ ਨੌਂ ਨਿਧੀਆਂ ਅਠਾਰ੍ਹਾਂ ਸਿੱਧੀਆਂ ਨੂੰ ਆਪਣੇ ਖਿਆਲਾਂ, ਸੁਭਾ ’ਚ ਦ੍ਰਿੜ ਕਰਕੇ ਜਿਊਂਦਾ ਹੈ। ਆਓ ਇਨ੍ਹਾਂ ਅਮਲੀ ਜੀਵਨੀ ਵਾਲੀਆਂ ਅਠਾਰ੍ਹਾਂ ਸਿੱਧੀਆਂ ਨੂੰ ਜੋਗੀਆਂ-ਸਿੱਧਾਂ ਵਾਲੀ ਪ੍ਰਚਾਰੀ ਅਖੌਤੀ ਅਠਾਰ੍ਹਾਂ ਸਿੱਧੀਆਂ ਦੇ ਟਾਕਰੇ ’ਤੇ ਵਿਚਾਰਦੇ ਹਾਂ। ਵਿਰਲੇ ਬਣ ਚੁੱਕੇ ਬਿਬੇਕੀ ਮਨ ਵਲੋਂ ਅਮਲੀ ਜੀਵਨੀ ਦੇ ਸੁਭਾ ਵਾਲੀ ਸਿੱਧੀਆਂ ਨੂੰ ਅਸੀਂ ‘ਬਿਬੇਕੀ ਸਿੱਧੀ’ ਲਿਖ ਕੇ ਇਸ ਟਾਕਰੇ ਦੀ ਵਿਚਾਰ ਕਰਦੇ ਹਾਂ:

1. ਬਹੁਤ ਛੋਟਾ ਹੋਣਾ : ‘ਬਿਬੇਕੀ ਸਿੱਧੀ’ ਨੂੰ ਜਿਊਣ ਵਾਲਾ ਮਨ ਨਿਮਰਤਾ ਭਰਪੂਰ (humble) ਹੋ ਜਾਂਦਾ ਹੈ ਭਾਵ ਨਿਮਰਤਾ ’ਚ ਨੀਵਾਂ ਰਹਿਣ ਵਾਲਾ ਮਨ ਹੋਰਨਾਂ ਨੂੰ ਆਪਣੇ ਤੋਂ ਛੋਟਾ (ਨੀਵਾਂ) ਕਰਨ ਦੀ ਭੱਜ ਦੌੜ ਤੋਂ ਛੁੱਟ ਜਾਂਦਾ ਹੈ (ਹੋਹੁ ਸਭਨਾ ਕੀ ਰੇਣੁਕਾ)।

2. ਬਹੁਤ ਵੱਡਾ ਹੋ ਜਾਣਾ : ਸਭ ਤੋਂ ਵੱਡਾ ਰੱਬ ਹੈ ਅਤੇ ਵੱਡੇ ਦੀਆਂ ਵਡਿਆਈਆਂ ਦ੍ਰਿੜਾਉਣ ਵਾਲੇ ‘ਸਭ ਤੇ ਵਡਾ ਸਤਿਗੁਰੁ’ ਨਾਲ ਜੁੜ ਜਾਣ ਸਦਕਾ ਵਿਰਲਾ ਮਨ ‘ਬਿਬੇਕੀ ਸਿੱਧੀ’ ਸਿੱਖ ਜਾਂਦਾ ਹੈ, ਜਿਸ ਕਾਰਨ ਵੱਡੇ ਦੀ ਵਡਿਆਈਆਂ ਦੀ ਵਿਚਾਰ ਕਰਕੇ ਬੇਅੰਤ ਵੱਡੇ ਦੇ ਗੁਣ ਧਾਰਨ ਕਰ ਲੈਂਦਾ ਹੈ ਅਤੇ ਵੱਡੇ ਵਿਚ ਸਮਾ ਕੇ, ਰਲ੍ਹ ਕੇ (merge) ਵੱਡਾ ਹੋ ਜਾਂਦਾ ਹੈ। ‘ਵਡਾ ਤੇਰਾ ਦਰਬਾਰੁ’ ’ਚ ਦਾਖਿਲ ਹੋ ਜਾਂਦਾ ਹੈ `ਸੁ ਏਤੁ ਖਜਾਨੈ ਲਇਆ ਰਲਾਇ`।

3. ਬਹੁਤ ਭਾਰੀ ਹੋ ਜਾਣਾ : ਅਵਗੁਣਾਂ ਵਾਲਾ ਮਨੁੱਖ ਹੋਛੀਆਂ ਗੱਲਾਂ, ਆਦਤਾਂ ਤਕ ਸੀਮਿਤ ਰਹਿੰਦਾ ਹੈ। ਇਸ ਹੋਛੇ-ਹੌਲੇ ਮਨੁੱਖ ਦੇ ਮਨ ਉੱਤੇ ਅਵਗੁਣਾਂ ਦਾ (ਲੋਕੁ ਅਵਗਣਾ ਕੀ ਬੰਨ੍ੈ ਗੰਠੜੀ ਗੁਣ ਨ ਵਿਹਾਝੈ ਕੋਇ ॥) ਭਾਰ ਹੁੰਦਾ ਹੈ ਲੇਕਿਨ ਬਿਬੇਕੀ ਸਿੱਧੀ ਵਾਲਾ ਮਨ ਗੁਣਾਂ ਕਰਕੇ ਭਾਰਾ ਹੋ ਜਾਂਦਾ ਹੈ `ਨਿਵੈ ਸੁ ਗਉਰਾ ਹੋਇ`।

4. ਬਹੁਤ ਹੌਲਾ ਹੋ ਜਾਣਾ : ਵਿਰਲਾ ਬਣ ਚੁੱਕੇ ਮਨ ਨੂੰ ਸਤਿਗੁਰ ਦੀ ਜੁਗਤ ਰਾਹੀਂ ਬਿਬੇਕੀ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਅਤੇ ਔਗੁਣ ਛੱਡਦਾ ਜਾਂਦਾ ਹੈ। ਉਸਦੇ ਮਨ ਤੋਂ (ਦਿਲ, ਹਿਰਦੇ, ਜ਼ਹਿਨ ਅਤੇ ਸੋਚਨੀ) ਅਵਗੁਣਾਂ ਦਾ ਭਾਰ ਲੱਥਦਾ ਜਾਂਦਾ ਹੈ। ਅਵਗੁਣਾਂ ਦੇ ਭਾਰ (ਗੰਠੜੀ) ਤੋਂ ਮੁਕਤ ਮਨ ਸਹੀ ਅਰਥਾਂ ’ਚ ਹੌਲਾ ਹੋ ਜਾਂਦਾ ਹੈ ਭਾਵ ਨਿਰਭਾਰ ਹੋ ਜਾਂਦਾ ਹੈ।

5. ਮਨ ਬਾਂਛਤ ਵਸਤ ਪ੍ਰਾਪਤ ਕਰਨਾ :

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 182)

ਅਨੁਸਾਰ ਬਿਬੇਕੀ ਸਿੱਧੀ ਪ੍ਰਾਪਤ ਕਰ ਚੁੱਕਾ ਮਨ ਅੰਤਰਆਤਮੇ ਵਿਚ ਵਸਦੇ ਰੱਬ (ਸਤਿਗੁਰ) ਦੀ ਮਤ ਰੂਪੀ ਅੰਮ੍ਰਿਤ ਵਸਤ ਪ੍ਰਾਪਤ ਕਰ ਲੈਂਦਾ ਹੈ। ਇਸੇ ਨੂੰ ਜਾਗ੍ਰਤ ਅਵਸਥਾ ਕਹਿੰਦੇ ਹਨ। ਜਿਨ੍ਹਾਂ-ਜਿਨ੍ਹਾਂ ਅੰਗਾਂ ਦੀ ਭੁੱਖ ਪਿੱਛੇ ਮਨ ਇੱਛਤ ਵਸਤੂਆਂ ਮੰਗ ਕੇ ਖ਼ੁਆਰ ਹੁੰਦਾ ਸੀ, ਭਟਕਦਾ ਸੀ, ਹੁਣ ਉਹ ਸਾਰੇ ਅੰਗ ਕਾਬੂ ’ਚ ਆ ਗਏ ਕਿਉਂਕਿ ਮਨ ਜਾਗ ਪਿਆ ਹੈ।

ਵੀਰ ਭੁਪਿੰਦਰ ਸਿੰਘ




.