ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਰ ਇਸ ਵਿਚਲੀ ਸਿੱਖਿਆ ਨੂੰ ਨਹੀਂ
ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਮੰਨਦੇ ਹਾਂ, ਮੱਥਾ ਟੇਕਦੇ ਹਾਂ।
ਆਪੋ ਆਪਣੀ ਹੈਸੀਅਤ ਅਨੁਸਰ ਕੁੱਝ ਨਾ ਕੁੱਝ ਭੇਟਾ ਵੀ ਕਰਦੇ ਹਾਂ, ਮਹਿੰਗੇ ਤੋਂ ਮਹਿੰਗਾ ਰੁਮਾਲਾ ਵੀ
ਚੜਾਉਂਦੇ ਹਾਂ, ਏੱਥੋਂ ਤੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੰਗੇ ਪੈਰੀਂ ਇੱਕ ਥਾਂ ਤੋਂ ਦੂਜੀ
ਥਾਂ `ਤੇ ਲੈ ਕੇ ਜਾਂਦੇ ਹਾਂ। ਨਗਰ ਕੀਰਤਨ ਬੜੀ ਸ਼ਾਨੋ ਸ਼ੌਕਤ ਨਾਲ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ
ਛਾਇਆ ਹੇਠ ਕੱਢਦੇ ਹਾਂ। ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਕਦੇ ਕਿਸੇ ਸਿੱਖ ਨੇ ਕੋਈ ਸਮਝੌਤਾ
ਨਹੀਂ ਕੀਤਾ। ਏਨਾ ਕੁੱਝ ਹੋਣ ਦੇ ਬਾਵਜੂਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮੰਨਣ ਲਈ
ਤਿਆਰ ਨਹੀਂ ਹਾਂ ਤੇ ਨਾ ਇਸ `ਤੇ ਚੱਲਣ ਲਈ ਤਿਆਰ ਹਾਂ। ਇਹ ਅਸੀਂ ਪੱਕਾ ਫੈਸਲਾ ਕਰ ਲਿਆ ਹੈ ਕਿ
ਗੁਰੁ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੇਰੇ ਲਈ ਨਹੀਂ ਹੈ ਸਗੋਂ ਦੂਜਿਆਂ ਲਈ ਹੈ।
ਸਾਰੀ ਕੌਮ ਸਾਰੇ ਗੁਰੂਆਂ ਦੇ ਗੁਰ-ਪੁਰਬ ਬੜੀ ਧੂਮਧਾਮ ਨਾਲ ਮਨਾਉਂਦੇ ਹਨ।
ਗੁਰੁ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਤੇ ਪਹਿਲਾ ਪ੍ਰਕਾਸ਼ ਦਿਹਾੜਾ ਵੀ ਬੜੇ ਉਤਸ਼ਾਹ ਨਾਲ ਮਨਾਇਆ
ਜਾਂਦਾ ਹੈ। ਜਦੋਂ ਅਸੀਂ ਸਿੱਖ ਕੌਮ ਦੇ ਅੰਦਰੂਨੀ ਜੀਵਨ ਵਲ ਝਾਤ ਮਾਰਦੇ ਹਾਂ ਤਾਂ ਇੰਜ ਮਹਿਸੂਸ
ਹੁੰਦਾ ਕਿ ਸਿੱਖ, ਸਿੱਖੀ ਸਿਧਾਂਤ ਨਾਲੋਂ ਨਾਤਾ ਤੋੜ ਚੁੱਕੇ ਹਨ। ਹੱਥਾਂ ਵਿੱਚ ਲਾਲ ਧਾਗੇ ਉਂਗਲ਼ੀਆਂ
ਵਿੱਚ ਜੋਤਸ਼ੀਆਂ ਵਲੋਂ ਦੱਸੇ ਨਗ ਆਮ ਦੇਖੇ ਜਾ ਸਕਦੇ ਹਨ। ਗੁਰਬਾਣੀ ਵਿਚਾਰ ਛੱਡ ਕੇ ਬ੍ਰਾਹਮਣੀ
ਕਰਮ-ਕਾਂਡ ਵਿੱਚ ਪੂਰੀ ਤਰ੍ਹਾਂ ਲਿਬੜੇ ਪਏ ਹਾਂ।
ਜਦੋਂ ਆਪਣੇ ਗੌਰਵ ਮਈ ਪਿਛੋਕੜ ਵਲ ਦੇਖਦੇ ਹਾਂ ਤਾਂ ਮਹਿਸੁਸ ਕੀਤਾ ਜਾਂਦਾ
ਹੈ ਕਿ ਸਿੱਖ ਨੂੰ ਦੁਨੀਆਂ ਦਾ ਕੋਈ ਲਾਲਚ ਇਸ ਨੂੰ ਸਿੱਖ ਸਿਧਾਂਤ ਤੋਂ ਝੁਕਾ ਨਹੀਂ ਸਕਿਆ। ਸਿੱਖੀ
ਦੇ ਸਿਦਕ ਅੱਗੇ ਤਲਵਾਰਾਂ ਦੇ ਮੂੰਹ ਮੁੜ ਗਏ। ਜ਼ਾਲਮ ਜ਼ੁਲਮ ਕਰਦੇ ਥੱਕ ਗਏ ਪਰ ਕਿਸੇ ਸਿੱਖ ਨੇ ਈਨ
ਨਹੀਂ ਮੰਨੀ ਆਪਣਾ ਧਰਮ ਸਿਦਕ ਨਹੀਂ ਹਾਰਿਆ। ਸਮੇਂ ਦੀ ਹਰ ਸਰਕਾਰ ਸਿੱਖ `ਤੇ ਜ਼ੁਲਮ ਕਰਦੀ ਰਹੀ ਪਰ
ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ ਹੈ। ਅੰਗਰੇਜ਼ ਬਹੁਤ ਦੂਰ ਅੰਦੇਸ਼ੀ ਨਾਲ ਸੋਚਦਾ ਰਿਹਾ ਕਿ ਇਹਨਾਂ
ਨੂੰ ਵੱਸ ਵਿੱਚ ਕਰਨ ਲਈ ਕਿਹੜੀ ਜੁਗਤੀ ਵਰਤੀ ਜਾਏ ਕਿ ਇਹ ਕਦੇ ਵੀ ਆਪਣਿਆਂ ਤੇ ਪਰਾਇਆਂ ਦੇ ਹੱਕਾਂ
ਲਈ ਮਰ ਮਿਟਣ ਦਾ ਜੋ ਜ਼ਜਬਾ ਰੱਖਦੇ ਹਨ ਉਹ ਇਹਨਾਂ ਵਿਚੋਂ ਖਤਮ ਕੀਤਾ ਜਾਏ। ਉਹਨਾਂ ਨੇ ਚਾਲਾਂ ਹੀ
ਅਜੇਹੀਆਂ ਚਲਾਈਆਂ ਜਿੰਨਾ ਦਾ ਦੂਰ ਰਸ ਸਿੱਟਾ ਨਿਕਲਿਆ। ਹੌਲ਼ੀ ਹੌਲ਼ੀ ਸਿੱਖ ਨੇਤਾਜਨ ਅਜੇਹੇ ਮੋੜ `ਤੇ
ਆ ਕੇ ਖੜੇ ਹੋ ਗਏ ਕਿ ਇਹ ਕੇਵਲ ਆਪਣੀ ਨਿਜੱਤਾ ਲਈ ਹੀ ਸੋਚਣ ਲੱਗ ਪਏ। ਮੌਜੂਦਾ ਸਰਕਾਰਾਂ ਵੀ ਏਸੇ
ਮਨਸੂਬੇ ਤੇ ਚਲ ਰਹੀਆਂ ਹਨ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜ਼ਰੂਰ ਜਾ ਰਿਹਾ
ਹੈ ਪਰ ਇਸ ਦੇ ਉਪਦੇਸ਼ ਨੂੰ ਕਿਸੇ ਨੇ ਵੀ ਗਰੁਦੁਆਰਿਆਂ ਵਿੱਚ ਲਾਗੂ ਕਰਾਉਣ ਦਾ ਯਤਨ ਨਹੀਂ ਕੀਤਾ।
ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਅੱਜ ਦੇ ਸਮੇਂ ਵਿੱਚ ਗਏ ਗਵਾਚੇ ਸਾਧਾਂ ਸੰਤਾਂ ਤੇ ਅਖੌਤੀ ਬ੍ਰਹਮ
ਗਿਆਨੀਆਂ ਨੂੰ ਅਸੀਂ ਰੱਬ ਬਣਾ ਦਿੱਤਾ ਹੈ। ਇਹਨਾਂ ਬੂਬਨਿਆਂ ਸਾਧਾਂ ਨੇ ਆਪੋ ਆਪਣੀਆਂ ਦੁਕਾਨਾਂ
ਚਲਾਉਣ ਲਈ ਗੁਰਦੁਅਰਿਆਂ ਦੇ ਨਾਂਵਾਂ ਦੀ ਥਾਂ `ਤੇ ਠਾਠ ਰੱਖ ਲਏ ਹਨ। ਪਿੱਛਲੇ ਲੰਬੇ ਸਮੇਂ ਤੋਂ
ਗੁਰਬਾਣੀ ਦੀ ਗੈਰ ਕੁਦਰਤੀ ਵਿਆਖਿਆ ਕਰਕੇ ਸਿੱਖ ਸਿਧਾਂਤ ਨੂੰ ਗਪੌੜਿਆਂ ਵਾਲਾ ਧਰਮ ਬਣਾਉਣ ਵਿੱਚ
ਕੋਈ ਕਸਰ ਬਾਕੀ ਨਹੀਂ ਛੱਡੀ।
ਗੁਰਬਾਣੀ ਗਿਆਨ ਦਾ ਸੋਮਾ ਹੈ ਜਿਸ ਤੋਂ ਜੀਵਨ ਸੇਧ ਲੈਣੀ ਸੀ। ਦੇਸ-ਵਿਦੇਸ
ਦੇ ਗੁਰਦੁਆਰਿਆਂ ਅਤੇ ਸਾਧਾਂ ਦਿਆਂ ਠਾਠਾਂ ਨੇ ਗੁਰਬਾਣੀ ਦੁਆਰਾ ਆਪਣਾ ਰੋਜ਼ਗਾਰ ਬਣਾਇਆ ਹੋਇਆ ਹੈ।
ਵੱਡੇ ਗੁਰਦੁਆਰੇ ਜਿੱਥੋਂ ਸਿੱਖ ਸਿਧਾਂਤ ਦੀ ਵਿਆਖਿਆ ਹੋਣੀ ਸੀ ਪਰ ਜੇ ਓੱਥੇ ਹੀ ਕਰਮ-ਕਾਂਡ ਕੀਤੇ
ਜਾਣ ਤਾਂ ਦੱਸੋ ਖਾਂ ਕੋਈ ਕੌਮ ਦਾ ਭਲਾ ਹੋ ਸਕਦਾ ਹੈ। ਯੂ ਕੇ ਦੇ ਵੱਡੇ ਗੁਰਦੁਆਰੇ ਵਿੱਚ ਦਰਬਾਰ
ਹਾਲ ਦੇ ਬਾਹਰ ਥੜਾ ਬਣਾਇਆ ਹੋਇਆ ਹੈ ਜਿੱਥੇ ਮਿਰਤਕ ਸਰੀਰ ਨੂੰ ਗੁਰਦੁਆਰਾ ਲਿਆ ਕੇ ਰੱਖਿਆ ਜਾਂਦਾ
ਹੈ ਕਿ ਅਖੇ ਇਸ ਨੂੰ ਗੁਰਦੁਆਰੇ ਲਿਆ ਕੇ ਮੱਥਾ ਟਿਕਾਇਆ ਜਾ ਰਿਹਾ ਹੈ। ਇਸ ਕੁਰੀਤੀ ਵਿੱਚ ਸਿਆਣੇ
ਪਰਵਾਰ ਤੇ ਸੂਝਵਾਨ ਸਿੱਖ ਵੀ ਫਸੇ ਹੋਏ ਹਨ ਕੋਈ ਵੀ ਸਿੱਖ ਸਿਧਾਂਤ ਦਾ ਹਵਾਲਾ ਦੇ ਕੇ ਗੁਰਬਾਣੀ
ਸਿਧਾਂਤ ਦੇ ਉਲਟ ਹੋ ਰਹੀ ਇਸ ਪ੍ਰਕ੍ਰਿਆ ਨੂੰ ਰੋਕਣ ਲਈ ਤਿਆਰ ਨਹੀਂ ਹੈ ਪਰ ਗੁਰਪੁਰਬ ਬੜੀ ਧੂਮ ਧਾਮ
ਨਾਲ ਮਨਾਇਆ ਜਾ ਰਿਹਾ ਹੈ। ਇਹ ਵੀ ਕੋਈ ਪਤਾ ਨਹੀਂ ਕਿ ਇਹ ਚੜ੍ਹਾਈ ਕਰ ਗਿਆ ਪ੍ਰਾਣੀ ਕਦੇ ਗੁਰਦੁਆਰੇ
ਵੀ ਆਇਆ ਸੀ ਜਾਂ ਨਹੀਂ ਪਰ ਮਰਨ ਸਮੇਂ ਜ਼ਰੂਰ ਮੱਥ ਟਿਕਾਉਣਾ ਹੈ। ਹੁਣ ਦੇਖੀਏ ਗੁਰਬਾਣੀ ਵਾਕ ਇਸ
ਸਬੰਧੀ ਕੀ ਆਖਦੇ ਹਨ—
ਜੇ ਮਿਰਤਕ ਕਉ ਚੰਦਨੁ ਚੜਾਵੈ।। ਉਸ ਤੇ ਕਹਹੁ ਕਵਨ ਫਲ ਪਾਵੈ।।
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ।। ਤਾਂ ਮਿਰਤਕ ਕਾ ਕਿਆ ਘਟਿ ਜਾਈ।। ੩।।
ਮਹਲਾ ੫ ਪੰਨਾ ੧੧੬੦
ਅੱਖਰੀਂ
ਅਰਥ--ਜੇ ਕੋਈ ਮਨੁੱਖ ਮੁਰਦੇ ਨੂੰ
ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ
ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ।
੩।
ਗੁਰੁ ਗ੍ਰੰਥ ਸਾਹਿਬ ਜੀ ਨੂੰ ਜ਼ਰੂਰ ਮੰਨਦੇ ਹਨ ਪਰ ਗੁਰੁ ਗ੍ਰੰਥ ਸਾਹਿਬ ਜੀ
ਦੀ ਸਿੱਖਿਆ ਨੂੰ ਮੰਨਣ ਲਈ ਤਿਆਰ ਨਹੀਂ ਹਾਂ ਕਿਉਂ ਕਿ ਪ੍ਰੋਹਤਾਂ ਵਾਂਗ ਸਾਡੀ ਆਮਦਨ ਬੰਦ ਹੁੰਦੀ
ਹੈ। ਪ੍ਰਬੰਧਕ ਮੂਕ ਦਰਸ਼ਕ ਬਣੇ ਹੋਏ ਸਾਰਾ ਤਮਾਸ਼ਾ ਦੇਖਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਮਾਲਾ ਨੂੰ ਇਕਵੱਢਿਓਂ ਰੱਦ ਕਰਦਾ ਹੈ
ਪਰ ਸਦਕੇ ਜਾਈਏ ਉਹਨਾਂ ਲੋਕਾਂ ਤੋਂ ਜਿਹੜੀ ਮਾਲਾਂ ਵੇਚਦੇ ਖਰੀਦੇ ਤੇ ਬੱਤੀਆਂ ਬੰਦ ਕਰਕੇ ਘਮਾਉਂਦੇ
ਹਨ। ਕਈ ਸਿੱਖਾਂ ਤਾਂ ਇਹ ਕਹਿੰਦੇ ਸੁਣੇ ਗਏ ਹਨ ਕਿ ਅੱਖੇ ਜੀ ਇਹ ਸਾਨੂੰ ਗੁਰੁ ਜੀ ਨੇ ਗਹਿਣਾ
ਦਿੱਤਾ ਹੈ ਹੈਕਨਾ ਡੁੱਬ ਕੇ ਮਰਨ ਵਾਲੀ ਗੱਲ, ਪੜ੍ਹੋ ਖਾਂ ਗੁਰਬਾਣੀ ਵਾਕ—
ਕਬੀਰ ਜਪਨੀ ਕਾਠ ਕੀ, ਕਿਆ ਦਿਖਲਾਵਹਿ ਲੋਇ।।
ਹਿਰਦੈ ਰਾਮੁ ਨ ਚੇਤਹੀ, ਇਹ ਜਪਨੀ ਕਿਆ ਹੋਇ।। ੭੫।।
ਸਲੋਕ ਕਬੀਰ ਜੀ ਕੇ ਪੰਨਾ ੧੩੬੮
ਅੱਖਰੀਂ
ਅਰਥ--ਹੇ ਕਬੀਰ! ਤੂੰ ਤੁਲਸੀ
ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿੱਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਤੂੰ
ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿੱਚ ਫੜੀ ਹੋਈ) ਇਸ ਮਾਲਾ ਦਾ ਕੋਈ
ਲਾਭ ਨਹੀਂ ਹੋ ਸਕਦਾ। ੭੫।
ਗੁਰਬਾਣੀ ਅੰਦਰ ਗੁਰੂ ਸਾਹਿਬ ਜੀ ਨੇ ਆਪਣਾ ਨਾਂ ਤਕ ਨਹੀਂ ਵਰਤਿਆ, ਕੇਵਲ
ਨਾਨਕ ਜੀ ਦਾ ਹੀ ਨਾਂ ਵਰਤਿਆ ਹੈ। ਇਸ ਦਾ ਭਾਵ ਅਰਥ ਹੈ ਕਿ ਕੇਵਲ ਇੱਕ ਜੋਤ ਭਾਵ ਇੱਕ ਸਿਧਾਂਤ ਕਾਇਮ
ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਲੁਕਾਈ ਨੂੰ ਗੁਰਸ਼ਬਦ ਭਾਵ ਰੱਬੀ ਗਿਆਨ ਦੇ ਲੜ ਲਗਾਇਆ। ਇਸ ਗੱਲ
ਨੂੰ ਪ੍ਰਪੱਕ ਕਰਨ ਲਈ ਅਸੀਂ ਹਰ ਰੋਜ਼ ਹਰ ਸਮੇਂ ਇਹਨਾਂ ਸਤਰਾਂ ਨੂੰ ਦਹਰਾਉਂਦੇ ਰਹਿੰਦੇ ਹਾਂ ਕਿ
ਆਗਿਆ ਭਈ ਅਕਾਲ ਕੀ ਤਬੀ ਚਾਲਇਓ ਪੰਥ।।
ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਗ੍ਰੰਥ।।
ਪੰਥ ਪਰਵਾਨਤ ਰਹਿਤ ਮਰਯਾਦਾ ਵਿੱਚ ਵਿੱਚ ਇਹ ਅੰਕਤ ਹੈ ਕਿ ਗੁਰੂ ਗ੍ਰੰਥ
ਸਾਹਿਬ ਜੀ ਦੇ ਤੁਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ੧੭੦੮ ਈਸਵੀ ਨੂੰ ਗੁਰੁ ਗ੍ਰੰਥ
ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ ਤੇ ਸਾਰੀ ਕੌਮ ਇਸ ਪਰਬ ਨੂੰ ਬੜੀ ਧੂਮਧਾਮ ਨਾਲ ਮਨਾਉਂਦੀ ਹੈ।
ਗੁਰੂ ਗਰੰਥ ਸਾਹਿਬ ਨੂੰ ਸਭ
ਤੋਂ ਵੱਧ ਮੰਨਣ ਦਾ ਦਾਅਵਾ ਕਰਨ ਵਾਲਿਆਂ ੨੦੦੬ ਵਿੱਚ ਗੁਰੂ ਗ੍ਰੰਥ ਦੇ ਤੁਲ ਦਸਮ ਗ੍ਰੰਥ ਦਾ ਪ੍ਰਕਾਸ਼
ਕਰਕੇ ਸਿੱਖ ਸਿਧਾਂਤ ਵਿੱਚ ਸੇਹ ਦਾ ਤਕਲਾ ਗੱਡ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਇਹ
ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਵੀ ਹਨ ਤੇ ਇੱਕ ਸ਼ਰੀਕ ਵੀ ਪੈਦਾ ਕਰੀ ਜਾਂਦੇ ਐ।
ਸਿੱਖੀ ਵਿੱਚ ਮੂਰਤੀ ਦਾ ਕੋਈ ਵਿਧਾਨ ਨਹੀਂ ਹੈ। ਅਸੀਂ ਤੇ ਗੁਰੂ ਗ੍ਰੰਥ
ਸਾਹਿਬ ਜੀ ਨੁੰ ਹੀ ਮੂਰਤੀ ਬਣਾ ਕਿ ਰੱਖ ਦਿੱਤਾ ਹੈ। ਗੁਰੂਆਂ ਦੀਆਂ ਮਨੋਕਲਪਤ ਤਸਵੀਰਾਂ ਸਾਡਿਆਂ
ਘਰਾਂ ਵਿੱਚ ਆਮ ਦੇਖੀਆਂ ਜਾ ਸਕਦੀਆਂ ਹਨ। ਜਦੋਂ ਅਸੀਂ ਤਸਵੀਰਾਂ ਨੂੰ ਮੰਨ ਬੈਠੇ ਹਾਂ ਤਾਂ ਫਿਰ
ਕੁਦਰਤੀ ਗੱਲ ਹੈ ਕਿ ਗੁਰੂਆਂ ਦੇ ਕਪੜਿਆਂ ਨਾਲ ਜੁੜ ਕੇ ਰਹਿ ਗਏ ਹਾਂ। ਤਸਵੀਰਾਂ ਦੀ ਆੜ ਹੇਠ ਮਰ
ਚੁਕੇ ਸਾਧਾਂ ਦੀਆਂ ਜੂਠੀਆਂ ਤੇ ਵਰਤੀਆਂ ਹੋਈਆਂ ਚੀਜ਼ਾਂ ਦੇ ਆਜਾਇਬ ਘਰ ਬਣਾ ਕੇ ਰੱਖ ਦਿੱਤੇ ਹਨ।
ਕੌਮ ਨੂੰ ਇਹਨਾਂ ਸਾਧਾਂ ਦੀਆਂ ਵਰਤੀਆਂ ਹੋਈਆਂ ਵਸਤੂਆਂ ਨੂੰ ਪੂਜਣ ਲਾ ਦਿੱਤਾ ਹੈ। ਗਏ ਗੁਜ਼ਰੇ ਮਰ
ਚੁੱਕੇ ਸਾਧਾਂ ਦੀਆਂ ਤਸਵੀਰਾਂ ਤੇ ਚੌਰ ਚੁਲਾਏ ਜਾ ਰਹੇ ਹਨ। ਗੁਰਬਾਣੀ ਦਾ ਕੀ ਵਾਕ ਹੈ ਜ਼ਰਾ
ਸਮਝੀਏ--
ਜੋ, ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।।
ਜੋ, ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ।। ੧।।
ਅੱਖਰੀਂ ਅਰਥ
--ਜੋ ਮਨੁੱਖ ਪੱਥਰ (ਦੀ
ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ ।
ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ।
ਕੋਈ ਵੀ ਸਾਧ ਜੋ ਮਰਜ਼ੀ ਕਥਾ ਵਖਿਆਨ ਕਰੀ ਜਾਂਦਾ ਹੈ ਕਦੇ ਕਿਸੇ ਨੇ ਇਤਰਾਜ਼
ਨਹੀਂ ਕੀਤਾ ਪਰ ਜਦੋਂ ਵੀ ਗੁਰਬਾਣੀ ਵਿਚਾਰ ਦੁਆਰਾ ਗਿਆਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹਨਾਂ
ਡੇਰਿਆਂ ਵਾਲਿਆਂ ਨੂੰ ਆਪਣੀ ਬਣੀ ਹੋਈ ਪ੍ਰਤਿਭਾ ਖਤਮ ਹੁੰਦੀ ਨਜ਼ਰ ਆਉਂਦੀ ਹੈ। ਇਹਨਾਂ ਲੋਕਾਂ ਨੇ
ਕੇਵਲ ਭੇਸ ਨੂੰ ਹੀ ਸਿੱਖ ਧਰਮ ਸਮਝ ਲਿਆ ਹੈ। ਗੁਰਬਾਣੀ ਵਾਕ ਹੈ ਕਿ ਇਹਨਾਂ ਦੀ ਕਹਿਣੀ ਕੁੱਝ ਹੋਰ
ਹੈ ਤੇ ਕਰਨੀ ਕੁੱਝ ਹੋਰ ਹੈ। ਰੰਗ-ਬਰੰਗੇ ਸਾਧਾਂ ਸਬੰਧੀ ਕਬੀਰ ਜੀ ਨੇ ਇਹਨਾਂ ਦੀ ਅੰਦਰਲੀ ਹਾਲਤ
ਸਬੰਧੀ ਬੜਾ ਪਿਆਰ ਫਰਮਾਇਆ ਹੈ—
ਜੋਗੀ ਜਤੀ ਤਪੀ ਸੰਨਿਆਸੀ, ਬਹੁ ਤੀਰਥ ਭ੍ਰਮਨਾ।। ਲੁੰਜਿਤ ਮੁੰਜਿਤ ਮੋਨਿ
ਜਟਾਧਰ, ਅੰਤਿ ਤਊ ਮਰਨਾ।। ੧।।
ਰਾਗ ਆਸਾ ਬਾਣੀ ਕਬੀਰ ਜੀ ਕੀ ਪੰਨਾ ੪੭੭
ਅੱਖਰੀਂ ਅਰਥ-- (
ਕਈ
ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ, ਸ੍ਰੇਵੜੇ
ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ—ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ
ਰਹਿੰਦਾ ਹੈ।
ਜਦੋਂ ਅਸੀਂ ਸਮਾਜ ਵਲ ਝਾਤੀ ਮਾਰਦੇ ਹਾਂ ਤਾਂ ਸਮਾਜ ਵਿਆਹ ਸ਼ਾਦੀਆਂ ਸਮੇਂ ਓਟ
ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕੇ ਇਹ ਸਾਬਤ ਕਰਦਾ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਵਾਲਾ ਜਦੋਂ ਸਮਾਗਮ ਖਤਮ ਹੁੰਦਾ ਹੈ ਤਾਂ ਓਸੇ ਵੇਲੇ ਹੀ ਸ਼ਰਾਬ ਦਾ ਦੌਰ
ਸ਼ੁਰੂ ਹੋ ਜਾਂਦਾ ਹੈ। ਬਹੁਤ ਘੱਟ ਪਰਵਾਰ ਇਸ ਹਨੇਰ ਗਰਦੀ ਤੋਂ ਬਚੇ ਹਨ। ਗੁਰੂ ਗ੍ਰੰਥ ਸਾਹਿਬ ਜੀ
ਨੂੰ ਮੰਨਿਆ ਤਾਂ ਜ਼ਰੂਰ ਹੈ ਪਰ ਸਿੱਖਿਆਂ ਲੈਣ ਦਾ ਯਤਨ ਨਹੀਂ ਕੀਤਾ ਜਹਾ ਰਿਹਾ ਹੈ- ਹੁਣ ਵੇਖੋ ਵਾਕ
ਕੀ ਹਨ—
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ।।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।।
ਅੱਖਰੀਂ
ਅਰਥ--ਜੋ ਮਨੁੱਖ (ਵਿਕਾਰਾਂ ਨਾਲ)
ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿੱਚ ਹੀ) ਲਿੱਬੜਦਾ
ਹੈ (ਤੇ ਸ਼ਰਾਬ ਆਦਿਕ ਕੁਕਰਮ ਵਿੱਚ ਪੈਂਦਾ ਹੈ), ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ
ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ।
ਦੁਨੀਆਂ ਦਾ ਸਾਇਦ ਹੀ ਕੋਈ ਗੁਰਦੁਆਰਾ ਬਚਿਆ ਹੋਵੇਗਾ ਜਿਸ ਦਾ ਕੇਸ ਅਦਾਲਤ
ਵਿੱਚ ਨਾ ਚਲਦਾ ਹੋਵੇ। ਜਿੰਨੇ ਵੱਡੇ ਗੁਰਦੁਆਰੇ ਓਨੀ ਵੱਡੀ ਆਮਦਨ ਤੇ ਓਨੀ ਵੱਡੀ ਕਬਜ਼ੇ ਦੀ ਭਾਵਨਾ
ਤੇ ਓਨੇ ਜ਼ਿਆਦਾ ਹੀ ਅਦਾਲਤੀ ਕੇਸ। ਚੋਣਾਂ ਵੇਲੇ ਹਰ ਪ੍ਰਕਾਰ ਦਾ ਹਰਬਾ ਵਰਤਿਆ ਜਾਂਦਾ ਹੈ। ਪਿੱਛੇ
ਜੇਹੇ ਕਨੇਡਾ ਦੇ ਵੱਡੇ ਗੁਰਦੁਆਰੇ ਦਾ ਅਖਬਾਰੀ ਰਿਪੋਰਟਾਂ ਅਨੁਸਾਰ ਤੀਹ ਲੱਖ ਡਾਲਰ ਅਦਾਲਤਾਂ ਤੇ
ਖਰਚ ਹੋ ਗਿਆ ਹੈ। ਜੇ ਬੈਂਕ ਦੇ ਵਿਆਜ ਦੀ ਹੀ ਗੱਲ ਕਰੀਏ ਤਾਂ ਇਸ ਰਕਮ ਦੇ ਵਿਆਜ ਨਾਲ ੧੦੦
ਵਿਦਿਆਰਥੀਆਂ ਵਾਲਾ ਪੂਰਾ ਇੱਕ ਮਿਸ਼ਨਰੀ ਕਾਲਜ ਚਲ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ
ਵਿੱਚ ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢੀਆਂ ਜਾਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਸਾਊ ਮਨੁੱਖਾਂ
ਵਾਂਗ ਕਦੇ ਵੀ ਅਸੀਂ ਵਿਚਾਰ ਕਰਨ ਦਾ ਯਤਨ ਨਹੀਂ ਕੀਤਾ। ਕੀ ਅਸੀਂ ਗੁਰਬਾਣੀ ਵਾਕ ਅਨੁਸਾਰ ਆਪਣੇ
ਵਖਰੇਵੇਂ ਦੂਰ ਕਰਨ ਦਾ ਯਤਨ ਨਹੀਂ ਸਕਦੇ-- ਗੁਰਬਾਣੀ ਵਾਕ ਹੈ—
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।। ੧।।
ਬਸੰਤ ਮਹਲਾ ਮਹਲਾ ੫ ਪੰਨਾ ੧੧੮੫
ਅੱਖਰੀਂ
ਅਰਥ--ਹੇ ਮੇਰੇ ਵੀਰ! ਇਕੱਠੇ ਹੋ ਕੇ
ਸਾਧ ਸੰਗਤਿ ਵਿੱਚ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਆਪਣੇ ਮਨ ਵਿਚੋਂ)
ਮੇਰ-ਤੇਰ ਮਿਟਾਇਆ ਕਰੋ। ਗੁਰੂ ਦੀ ਸਰਨ ਪਏ ਰਹਿਣਾ—ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ
ਕਰੋ, (ਅਤੇ ਸਾਧ ਸੰਗਤਿ ਵਿਚ) ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ।
ਇਹ ਇੱਕ ਅਹਿਮ ਵਿਸ਼ਾ ਹੈ ਜੋ ਬਹੁਤ ਡੂੰਘੀ ਵਿਚਾਰ ਮੰਗਦਾ ਹੈ। ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਨੂੰ ਤਾਂ ਜ਼ਰੂਰ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮਹਾਨ ਸਿੱਖਿਆ
ਹੈ ਉਸ ਨੂੰ ਸਮਝਣ ਦੀ ਲੋੜ ਮਹਿਸੂਸ ਨਹੀਂ ਕਰ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼
ਦਿਹਾੜਾ ਤਾਂ ਮਨਾਇਆ ਜਾ ਰਿਹਾ ਹੈ ਪਰ ਸਿੱਖਿਆ ਵਲ ਧਿਆਨ ਨਹੀਂ ਦਿੱਤਾ ਜਾ ਰਿਹਾ। ਹੈਰਾਨਗੀ ਦੀ ਗੱਲ
ਦੇਖੋ ਜਿਹੜੇ ਕਰਮ-ਕਾਂਡ ਗੁਰੰਥ ਸਾਹਿਬ ਜੀ ਦੀ ਬਾਣੀ ਰੱਦ ਕਰਦੀ ਹੈ ਉਹ ਸਾਰੇ ਅਸੀਂ ਗੁਰੂ ਗ੍ਰੰਥ
ਸਾਹਿਬ ਜੀ ਨਾਲ ਔਖੇ ਹੋ ਕੇ ਵੀ ਨਿਭਾਅ ਰਹੇ ਹਾਂ। ਕਿਸੇ ਪਾਸੇ ਬੱਤੀਆਂ ਬੰਦ ਕਰਕੇ ਨਾਮ ਜਪਾਇਆ ਜਾ
ਰਿਹਾ ਹੈ ਕਿਤੇ ਔਖੇ ਔਖੇ ਸਾਹ ਲਏ ਜਾ ਰਹੇ। ਕਿਤੇ ਗੁਰਦੁਆਰਿਆਂ ਵਿੱਚ ਲੜੀਵਾਰ ਅਖੰਡਪਾਠ ਕਰਾਈ ਜਾ
ਰਹੇ ਹਾਂ ਤੇ ਡਾਕ ਰਾਂਹੀਂ ਹੁਕਮਨਾਮੇ ਦੀ ਉਡੀਕ ਕਰ ਰਹੇ ਹੁੰਦੇ ਹਾਂ। ਸਤਿਕਾਰ ਦੇ ਨਾਂ ਤੇ ਵੀ
ਅਸੀਂ ਵਾਲ਼ ਦੀ ਖੱਲ ਲਾ ਰਹੇ ਹਾਂ।
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ।।
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ।। ੧।।
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ।।
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।।
ਸੋਰਠਿ ਮਹਲਾ ੫ ਪੰਨਾ ੬੪੧
ਅੱਖਰੀਂ
ਅਰਥ--ਹੇ ਭਾਈ! ਕੋਈ ਮਨੁੱਖ ਵੇਦ
(ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ
ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ
ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿੱਚ (ਮਨੁੱਖ) ਬੱਝ ਜਾਂਦੇ ਹਨ। ੧। ਹੇ ਭਾਈ!
ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ
ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ
ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ—ਹੇ ਪ੍ਰਭੂ! ਮੈਨੂੰ
ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।
ਸਿੱਖ ਕੌਮ ਦੀ ਇੱਕ ਤਰਤੀਬ ਜੇਹੀ ਬਣ ਗਈ ਹੈ ਕਿ ਜਦੋਂ ਵੀ ਕੋਈ ਗੁਰਪੁਰਬ
ਆਉਂਦਾ ਹੈ ਓਦੋਂ ਉਗਰਾਹੀਆਂ, ਲੰਗਰ, ਕੀਰਤਨ ਦਰਬਾਰ ਤੇ ਇੱਕ ਦੂਜੇ ਨੂੰ ਸਿਰਪਾਓ ਦੇ ਕੇ ਇੱਕ ਦੂਜੇ
ਦੀ ਉਸਤਿਤ ਕਰਕੇ ਕੌਮ ਦਾ ਲੱਖਾਂ ਰੁਪਇਆ ਘੱਟੇ ਕੋਢੀਆਂ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਾਂ।
ਗੁਰਪਰਬ ਮਨਾਉਂਦਿਆਂ ਹੋਇਆਂ ਸਭ ਤੋਂ ਵੱਡਾ ਮਾਰਕਾ ਮਾਰਦਿਆਂ ਹੋਇਆਂ ਅਸੀਂ ਨਗਰ ਕੀਰਤਨ ਕੱਢ
ਲਵਾਂਗੇ। ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਕੁੱਝ ਹਾਸਲ
ਕਰਨ ਦਾ ਯਤਨ ਕੀਤਾ ਹੈ? ਜੇ ਨਹੀਂ ਕੀਤਾ ਤਾਂ ਹੁਣ ਸ਼ੁਰੂ ਕਰ ਲਈਏ। ਗੁਰਬਾਣੀ ਵਾਕ ਹੈ---
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।।
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ
ਕਰਿ ਮਾਨੀ।।
ਧਨਾਸਰੀ ਮਹਲਾ ੪ ਪੰਨਾ ੬੬੯
ਅੱਖਰੀਂ
ਅਰਥ--ਹੇ ਭਾਈ! ਸੇਵਕ (ਅਖਵਾਣ ਵਾਲੇ)
ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ,
ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ
ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ
ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।
ਜ਼ਿਆਦਾ ਨਹੀਂ ਤਾਂ ਘੱਟੋ ਘੱਟ ਗੁਰਪੁਰਬਾਂ ਦੇ ਮੌਕਿਆ `ਤੇ ਜਿਹੜੇ ਅਸੀਂ ਬੇ
ਲੋੜੇ ਕਰਮ-ਕਾਂਡ ਕਰ ਰਹੇ ਹਾਂ ਉਹਨਾਂ ਦੀ ਜਾਣਕਾਰੀ ਦੇਣ ਦਾ ਸਾਰਥਿਕ ਉਪਰਾਲਾ ਕਰਨਾ ਚਾਹੀਦਾ ਹੈ।
ਘੱਟੋ ਘੱਟ ਸਿੱਖ ਕੌਮ ਨੂੰ ਕੋਈ ਨਿਗਰ ਪ੍ਰੋਗਰਾਮ ਮਿਲਣਾ ਚਾਹੀਦਾ ਹੈ। ਸਾਡੀ ਨਿਵਾਣ ਤਾਂ ਏੱਥੋਂ ਤਕ
ਚਲੀ ਗਈ ਹੈ ਕਿ ਜਦੋਂ ਵੀ ਕੋਈ ਗੁਰਪਰਬ ਆਉਂਦਾ ਹੈ ਪ੍ਰਧਾਨ ਸਾਹਿਬ ਜਾਂ ਸਟੇਜ ਸੈਕਟਰੀ ਐਲਾਨ ਕਰਦਾ
ਹੈ ਕਿ ਭਾਈ ੫੧ ਚੌਪਈ ਸਾਹਿਬ ਦੇ ਪਾਠ ਕਰਕੇ ਗਿਣਤੀ ਦਸ ਦਿਆ ਜੇ ਤਾਂ ਕਿ ਇਕੱਠੀ ਸੰਗਤੀ ਅਰਦਾਸ ਹੋ
ਜਾਏਗੀ ਬੋਲੋ ਵਾਹਿਗੁਰੂ।
ਸਿੱਖ ਨੇਤਾਜਨ, ਧਾਰਮਿਕ ਆਗੂਆਂ ਨੇ ਮੱਥਾ ਜ਼ਰੂਰ ਟੇਕਿਆ ਅਖੰਡਪਾਠ ਵੀ ਕਰਾਇਆ
ਪਰ ਸਿਧਾਂਤ ਤੋਂ ਕੋਹਾਂ ਦੂਰ ਚਲੇ ਗਏ ਹਾਂ ਕਦੇ ਮਹਿਸੂਸ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਨੂੰ
ਕੇਵਲ ਦੁਨਿਆਵੀ ਸੁੱਖਣਾ ਦੀ ਪੂਰਤੀ ਲਈ ਸੀਮਤ ਕਰਕੇ ਰੱਖ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ
ਕੋਲ ਰਹਿਣ ਵਾਲੇ ਪ੍ਰਹੋਤਵਾਦੀ ਹੋ ਗਏ ਹਨ।
ਜਦੋਂ ਕਿਸੇ ਸਿੱਖ ਲੀਡਰ ਤੇ ਨਸ਼ੇ ਦਾ ਦਾਗ ਲੱਗਦਾ ਹੈ।
ਜਦੋਂ ਕੋਈ ਸਿੱਖ ਕਰਮਚਾਰੀ ਵੱਢੀ ਦੇ ਦੋਸ਼ ਵਿੱਚ ਰੰਗੇ ਹੱਥੀਂ ਫੜਿਆ ਜਾਂਦਾ
ਹੈ।
ਜਦੋਂ ਕੋਈ ਧਾਰਮਿਕ ਆਗੂ ਮਰ ਚੁਕੇ ਸਾਧੜੇ ਨੂੰ ਬ੍ਰਹਮ ਗਿਆਨੀ ਦਸਦਾ ਹੈ।
ਜਦੋਂ ਕੋਈ ਸਿੱਖ ਜੋਤਸ਼ੀ ਦੇ ਸਾਹਮਣੇ ਕੜੇ ਵਾਲਾ ਹੱਥ ਲੈ ਕੇ ਬੈਠਦਾ ਹੈ।
ਜਦੋਂ ਕਬਰਾਂ ਤੇ ਮੇਲੇ ਲਗਾਉਂਦਾ ਹੈ।
ਜਦੋਂ ਗੰਦੀ ਗਾਇਕੀ ਤੋਂ ਰੁਪਏ ਵਾਰਦਾ ਹੈ।
ਤਾਂ ਕਹਿਣਾ ਪੈਂਦਾ ਹੈ ਮੱਥਾ ਜ਼ਰੂਰ ਟੇਕਿਆ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ
ਸਿੱਖਿਆ ਨੂੰ ਮੰਨਿਆ ਨਹੀਂ ਹੈ। ਜੇ ਵਾਕਿਆ ਹੀ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸਾਨੂੰ
ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਜ਼ਰੂਰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।
ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ।। ਸਤਿਗੁਰੁ ਭੇਟੈ ਮੋਖ ਦੁਆਰ।।
ਤਤੁ ਨ ਚੀਨੈ ਮਨਮੁਖੁ ਜਲਿ ਜਾਇ।। ਦੁਰਮਤਿ ਵਿਛੁੜਿ ਚੋਟਾ ਖਾਇ।।
ਮਾਨੈ ਹੁਕਮੁ ਸਭੇ ਗੁਣ ਗਿਆਨ।। ਨਾਨਕ, ਦਰਗਹ ਪਾਵੈ ਮਾਨੁ।। ੫੬।।
ਪੰਨਾ ੯੪੪
ਗੁਰੁ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਸੁਣਨਾ, ਵਿਚਾਰਨਾ ਤੇ ਅਮਲ ਕਰਨ ਨਾਲ
ਹੀ ਅਸੀਂ ਸਿੱਖ ਕਹਿਲਾ ਸਕਦੇ ਹਾਂ। ਦੁਖਾਂਤ ਹੈ ਕਿ ਅਸੀਂ ਕੇਵਲ ਬਾਹਰਲੇ ਭੇਖ ਨੂੰ ਸਿੱਖੀ ਮਿੱਥ
ਲਿਆ ਹੈ।