ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਗੁਰਪੁਰਬ ਮਨਾਉਣ ਦਾ ਢੰਗ ਤਰੀਕਾ
ਜਿਵੇਂ ਜਿਵੇਂ ਵਿਅਗਿਆਨ ਨੇ ਤਰੱਕੀ ਕੀਤੀ ਹੈ ਤਿਵੇਂ ਤਿਵੇਂ ਹੀ ਸਾਡੇ ਜੀਵਨ
ਦੀ ਸ਼ੈਲੀ ਵੀ ਬਦਲਦੀ ਗਈ ਹੈ। ਜਿਸ ਤਰ੍ਹਾਂ ਮਨੁੱਖ ਹਰ ਮੌਸਮ ਦਾ ਪ੍ਰਭਾਵ ਕਬੂਲਦਾ ਹੈ ਕੁੱਝ ਏਸੇ
ਤਰ੍ਹਾਂ ਮਨੁੱਖ ਆਪਣੇ ਆਲ਼ੇ ਦੁਆਲੇ ਦਾ ਸੁਭਾਅ ਵੀ ਕਬੂਲਦਾ ਹੈ। ਸਮੇਂ ਦੇ ਵੇਗ ਨਾਲ ਜੀਵਨ ਦਾ ਬਹੁਤ
ਕੁੱਝ ਵਪਾਰੀਕਰਣ ਹੋ ਚੁੱਕਿਆ ਹੈ। ਸਮਾਜ ਦੀਆਂ ਕਈ ਕਦਰਾਂ ਕੀਮਤਾਂ ਤੇ ਧਰਮ ਦੀਆਂ ਕਈ ਮਰਯਾਦਾਵਾਂ
ਦਾ ਵੀ ਵਪਾਰੀ ਕਰਣ ਹੋ ਚੁੱਕਿਆ ਹੈ। ਜੇ ਹੋਰ ਕੁੱਝ ਨਹੀਂ ਤਾਂ ਮਨੁੱਖ ਆਪਣੀ ਫੋਕੀ ਸ਼ੋਹਰਤ ਲਈ ਹੀ
ਉਜੜੀ ਜਾਂਦਾ ਹੈ। ਜ਼ਿਆਦਾਤਰ ਮਨੁੱਖ ਫਜੂਲ ਦੇ ਪੈਸੇ ਖਰਚ ਕਰ ਕੇ ਸ਼ੋਹਰਤ ਦੀ ਭਾਲ ਕਰਦੇ ਦਿਸ ਰਹੇ ਹਨ
ਜਾਂ ਫਿਰ ਅਜੇਹੇ ਕਰਮ ਲੱਭਦਾ ਫਿਰਦਾ ਹੈ ਜਿਸ ਨਾਲ ਇਸ ਨੂੰ ਕੋਈ ਨਿੱਜੀ ਲਾਭ ਹੁੰਦਾ ਹੋਵੇ। ਇਸ ਦਾ
ਅਰਥ ਇਹ ਨਹੀਂ ਕਿ ਮਨੁੱਖ ਆਪਣੇ ਜੀਵਨ ਵਿੱਚ ਤਰੱਕੀ ਨਾ ਕਰੇ, ਵਪਾਰ ਨਾ ਕਰੇ ਜਾਂ ਕੋਈ ਹੋਰ ਉਸਾਰੂ
ਕਰਮ ਨਾ ਕਰੇ। ਦੁਖਾਂਤ ਇਹ ਹੈ ਕਿ ਇਸ ਮਨੁੱਖ ਨੇ ਸਭ ਕੁੱਝ ਵਪਾਰੀ ਕਰਨ ਕਰ ਲਿਆ ਹੈ। ਖਾਸ ਤੌਰ ਤੇ
ਧਰਮ ਦੇ ਪ੍ਰਚਾਰ ਦੁਆਰਾ ਮਨੁੱਖਤਾ ਦਾ ਭਲਾ ਕਰਨਾ ਸੀ ਪਰ ਇਸ ਖੁਦਾ ਦੇ ਬੇਟੇ ਨੇ ਧਰਮ ਨੂੰ ਵੀ ਵਪਾਰ
ਬਣਾ ਲਿਆ ਹੈ। ਸਾਡੇ ਇਤਿਹਾਸਕ ਦਿਹਾੜਿਆਂ ਦਾ ਵੀ ਵਪਾਰੀ ਕਰਨ ਹੋ ਗਿਆ ਹੈ। ਬਹੁਤੇ ਇਤਿਹਾਸਿਕ
ਦਿਹਾੜੇ ਰਾਜਨੀਤੀ ਦੀ ਭੇਟ ਚੜ੍ਹ ਗਏ ਹਨ।
ਜਦੋਂ ਮਨੁੱਖ ਨੇ ਜੀਵਨ ਦੀ ਪਹਿਲੀ ਲੇਰ ਮਾਰੀ ਹੋਏਗੀ ਤਾਂ ਓਦੋਂ ਇਸ ਨੂੰ
ਕੋਈ ਪਤਾ ਨਹੀਂ ਸੀ ਕਿ ਮੈਂ ਕੀ ਕੰਮ ਕਰਨਾ ਹੈ। ਇਸ ਨੂੰ ਕਿਸੇ ਹਾਣ ਲਾਭ ਸਬੰਧੀ ਕੋਈ ਗਿਆਨ ਨਹੀਂ
ਸੀ। ਜਿਵੇਂ ਜਿਵੇਂ ਉੱਮਰ ਵੱਧਦੀ ਗਈ ਤਿਵੇਂ ਤਿਵੇਂ ਕੁੱਝ ਹਾਸਲ ਕਰਨ ਦੀ ਪਕੜ ਵੀ ਮਜ਼ਬੂਤ ਹੁੰਦੀ
ਗਈ। ਬੱਚੇ ਨੂੰ ਚੰਗਾ ਇਨਸਾਨ ਬਨਾਉਣ ਲਈ ਮਾਂ ਬਾਪ ਨੇ ਆਪਣੇ ਪਿੱਤਰੀ ਧਰਮ ਦਾ ਸਹਾਰਾ ਲੈਂਦਿਆਂ ਇਸ
ਦੀ ਜਾਣਕਾਰੀ ਦੇਣ ਦਾ ਉਪਰਾਲਾ ਕਰਦਾ ਹੈ। ਜਦੋਂ ਦੀ ਮੈਂ ਸੁਰਤ ਸੰਭਾਲ਼ੀ ਹੈ ਤਦੋਂ ਤੋਂ ਹੀ ਖੁਦ
ਗੁਰਦੁਆਰਿਆਂ ਵਿੱਚ ਜਾਣਾ ਸ਼ੁਰੂ ਕੀਤਾ ਹੈ। ਮਾਂ ਬਾਪ ਦੀ ਏਹੀ ਸਿੱਖਿਆ ਹੁੰਦੀ ਸੀ ਕਿ ਪੁੱਤ
ਗੁਰਦੁਆਰੇ ਮੱਥਾ ਟੇਕ ਕੇ ਸਕੂਲੇ ਜਾਇਆ ਕਰੋ। ਇਹ ਵੀ ਆਖਦੇ ਹੁੰਦੇ ਸਨ ਕਿ ਪੁੱਤ ਗੁਰਦੁਆਰੇ ਮੱਥਾ
ਟੇਕ ਕੇ ਜਾਣ ਨਾਲ ਪੜ੍ਹਾਈ ਜ਼ਿਆਦਾ ਆਉਂਦੀ ਹੈ ਤੇ ਗੁਰੂ ਸਾਹਿਬ ਸਾਡੇ ਕਾਰਜ ਰਾਸ ਕਰਦੇ ਹਨ।
ਮੈਨੂੰ ਯਾਦ ਹੈ ਕਿ ਸਾਡੇ ਪਿੰਡ ਵਿੱਚ ਕੇਵਲ ਤਿੰਨ ਗੁਰਪੁਰਬ ਮਨਾਏ ਜਾਂਦੇ
ਸਨ। ਇੱਕ ਗੁਰੂ ਨਾਨਕ ਸਾਹਿਬ ਜੀ ਦੂਜਾ ਗੁਰੂ ਗੋਬਿੰਦ ਸਿੰਘ ਜੀ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ
ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ ਸੀ। ਪਹਿਲਿਆਂ ਦੋਹਾਂ ਗੁਰਪੁਰਬਾਂ `ਤੇ ਕੇਵਲ ਕੜਾਹ
ਪ੍ਰਸ਼ਾਦ ਖੁਲ੍ਹਾ ਬਣਾਇਆ ਜਾਂਦਾ ਸੀ। ਮੇਰੇ ਤਾਇਆ ਜੀ ਨੂੰ ਗੁਰੂਆਂ ਦੇ ਇਤਿਹਾਸ ਸਬੰਧੀ ਥੋੜੀ ਬਹੁਤੀ
ਜਾਣਕਾਰੀ ਹੁੰਦੀ ਸੀ ਤੇ ਉਹ ਹੀ ਧਾਰਨਾ ਨਾਲ ਪੰਜ ਗੁਰਬਾਣੀ ਦੇ ਸ਼ਬਦ ਪੜ੍ਹ ਲੈਂਦੇ ਸਨ। ਗੁਰੂ ਅਰਜਨ
ਪਾਤਸਾਹ ਜੀ ਦੇ ਸ਼ਹੀਦੀ ਪੁਰਬ `ਤੇ ਕੇਵਲ ਮਿੱਠੇ ਪਾਣੀ ਦੀ ਛਬੀਲ ਲੱਗਦੀ ਹੁੰਦੀ ਸੀ। ਉਂਜ ਵੈਸਾਖੀ
ਨੂੰ ਵੀ ਉਚੇਚਾ ਗੁਰਦੁਆਰੇ ਇਕੱਠ ਹੁੰਦਾ ਸੀ। ਸਾਰਾ ਪਿੰਡ ਤੇਜਾ ਵੀਲ਼੍ਹਾ ਬਾਬਾ ਬੁੱਢਾ ਸਾਹਿਬ ਦੇ
ਗੁਰਦੁਆਰੇ ਜਾਂ ਡੇਰਾ ਬਾਬਾ ਨਾਨਕ ਵੈਸਾਖੀ ਮਨਾਉਣ ਲਈ ਜਾਂਦੇ ਹੁੰਦੇ ਸਨ। ਇਸ ਤੋਂ ਇਲਾਵਾ ਬਾਕੀ ਦੇ
ਗੁਰਪੁਰਬ ਵੱਡੇ ਇਤਹਾਸਕ ਅਸਥਾਂਨਾਂ ਤੇ ਹੀ ਮਨਾਏ ਜਾਂਦੇ ਸਨ। ਜਿਸ ਤਰ੍ਹਾਂ ਦੀਵਾਲੀ ਨੂੰ
ਅੰਮ੍ਰਿਤਸਰ ਜਾਣਾ ਤੇ ਹੋਲੇ ਮਹੱਲੇ ਨੂੰ ਅਨੰਦਪੁਰ ਸਾਹਿਬ ਜਾਣਾ ਤੇ ਦੁਸਹਿਰੇ ਨੂੰ ਆਮ ਲੋਕ ਹਜ਼ੂਰ
ਸਾਹਿਬ ਨੂੰ ਜਾਂਦੇ ਹੁੰਦੇ ਸੀ। ਪਿੰਡਾਂ ਦੇ ਲੋਕ ਆਮ ਕਰਕੇ ਮਹੀਨੇ ਵਿੱਚ ਆਪਣੇ ਬਲਦਾਂ ਨੂੰ ਵੀ ਸਾਹ
ਦਿਵਾਉਂਦੇ ਸਨ ਤੇ ਉਹਨਾਂ ਨੂੰ ਨੇੜਲੇ ਇਤਿਹਾਸਕ ਅਸਥਾਨ ਤੇ ਲੈ ਕੇ ਜਾਂਦੇ ਸਨ। ਇਹਨਾਂ ਪਿੱਛੇ ਇੱਕ
ਭਾਵਨਾ ਕੰਮ ਕਰਦੀ ਨਜ਼ਰ ਆਉਂਦੀ ਸੀ ਕਿ ਘੱਟੋ ਘੱਟ ਲੋਕ ਆਪਣੇ ਵਿਰਸੇ ਨਾਲ ਜੁੜੇ ਤਾਂ ਰਹਿਣ। ਖੇਤੀ
ਦੇ ਧੰਦਿਆਂ ਵਿੱਚ ਰੁੱਝਾ ਹੋਇਆ ਮਨੁੱਖ ਮਹੀਨੇ ਵਿੱਚ ਇੱਕ ਵਾਰ ਤਾਂ ਗੁਰਦੁਆਰੇ ਆ ਜਾਇਆ ਕਰੇ।
ਸਾਡੇ ਦੇਖਿਦਆਂ ਦੇਖਦਿਆਂ ਜ਼ਿਆਦਾ ਅਖੰਡਪਾਠ ਸ਼ੁਰੂ ਹੋਏ ਤੇ ਦੇਖਦਿਆਂ
ਦੇਖਦਿਆਂ ਹੀ ਹੁਣ ਅਖੰਡਪਾਠਾਂ ਤੋਂ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋ ਗਏ ਹਨ। ਹੌਲ਼ੀ ਹੌਲ਼ੀ ਸਾਡਿਆਂ
ਪਿੰਡਾਂ ਵਿੱਚ ਗੁਰੂਆਂ ਦੇ ਗੁਰਪੁਰਬਾਂ ਤੇ ਅਖੰਡਪਾਠ ਸ਼ੁਰੂ ਹੋਏ ਸਨ। ਸਾਰਾ ਪਿੰਡ ਗੁਰੂ ਦੀ ਬਾਣੀ
ਨੂੰ ਸੁਣਨ ਜਾਂਦਾ ਸੀ। ਸਮਾਪਤੀ ਤੇ ਅਖੰਡਪਾਠੀ ਹੀ ਕਵਿਸ਼ਰੀ ਕਰਨ ਲੱਗ ਜਾਂਦੇ ਸਨ ਉਹਨਾਂ ਨੂੰ
ਇਤਿਹਾਸ ਸਬੰਧੀ ਜਾਣਕਾਰੀ ਤਾਂ ਕੋਈ ਨਹੀਂ ਹੁੰਦੀ ਸੀ ਪਰ ਲੋਕ ਗੁਰੂ ਦੇ ਨਾਂ `ਤੇ ਕਵਿਸ਼ਰਾਂ ਨੂੰ
ਪੈਸੇ ਜ਼ਰੂਰ ਦੇ ਦੇਂਦੇ ਸਨ। ਬਚਪਨ ਤੋਂ ਲੈ ਕੇ ਹੁਣ ਤੀਕ ਕੇਵਕ ਦਸ ਬਾਰ੍ਹਾਂ ਸਾਖੀਆਂ ਹੀ ਸੁਣਨ ਨੂੰ
ਮਿਲਦੀਆਂ ਰਹੀਆਂ ਹਨ। ਜ਼ਿਆਦਾ ਸਾਖੀਆਂ ਉਹ ਹੀ ਹੁੰਦੀਆਂ ਸਨ ਜਿੰਨ੍ਹਾਂ ਵਿੱਚ ਕੋਈ ਕਰਾਮਤ ਹੁੰਦੀ
ਸੀ।
੧੯੭੪ ਨੂੰ ਮੈਂ ਲੁਧਿਆਣੇ ਸ਼ਹਿਰ ਵਿੱਚ ਆਇਆ ਸੀ। ਏੱਥੇ ਕੁੱਝ ਗੁਰਦੁਆਰੇ ਇੱਕ
ਇੱਕ ਗੁਰਪੁਰਬ ਹੀ ਵੱਡੀ ਪੱਧਰ `ਤੇ ਮਨਾਉਂਦੇ ਨਜ਼ਰ ਆਏ ਸਨ। ਇਹਨਾਂ ਗੁਰਪੁਰਬਾਂ `ਤੇ ਪੂਰੀ ਵਿਉਂਤ
ਬੰਦੀ ਨਾਲ ਸਿੱਖੀ ਦਾ ਪਰਚਾਰ ਹੁੰਦਾ ਸੀ। ਤਿੰਨ ਦਿਨਾਂ ਦੇ ਦੀਵਾਨ ਹੁੰਦੇ ਸਨ। ਪੰਥ ਦੇ ਉੱਚ ਕੋਟੀ
ਦੇ ਕਵੀਆਂ ਵਲੋਂ ਆਪਣੀਆਂ ਕਵਿਤਾਵਾਂ ਰਾਂਹੀ ਸਮਾਜਿਕ ਬੁਰਾਈਆਂ ਤੇ ਧਰਮ ਦੇ ਨਾਂ ਤੇ ਹੁੰਦੇ ਕਰਮ
ਕਾਂਡਾਂ ਦੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਸੀ। ਬੜੇ ਸੂਝਵਾਨ ਕਥਾ ਵਾਚਕ ਸੁਣਨ ਨੂੰ ਮਿਲਦੇ ਸਨ।
ਮੇਰੇ ਦੇਖਦਿਆਂ ਦੇਖਦਿਆਂ ਗੁਰਦੁਆਰਿਆਂ ਵਿੱਚ ਸਾਰੇ ਗੁਰੂਆਂ ਦੇ ਜਨਮ ਦਿਹਾੜੇ ਗੁਰਗੱਦੀ ਦਿਵਸ ਜੋਤੀ
ਜੋਤ ਸਮਾਉਣ ਦੇ ਪੁਰਬ ਮਨਾਉਣੇ ਸ਼ੁਰੂ ਹੋਏ ਸਨ। ਫਿਰ ਭਗਤਾਂ ਦੇ ਪੁਰਬ, ਨਾਮੀ ਸਿੱਖਾਂ ਦੇ ਦਿਨ
ਦਿਹਾਰ ਤੇ ਹੋਰ ਕਈ ਦਿਹਾੜੇ ਮਨਾਉਣ ਦਾ ਰਿਵਾਜ ਸ਼ੁਰੂ ਹੋ ਗਿਆ। ਕਹਾਣੀ ਏੱਥੇ ਖਤਮ ਨਹੀਂ ਹੁੰਦੀ ਹੁਣ
ਤਾਂ ਅਗਾਂਹ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਗੁਰੂਆਂ ਵਾਂਗ ਉਹਨਾਂ ਦੇ ਜਨਮ ਦਿਨ ਅਤੇ ਹੋਰ ਪਤਾ
ਨਹੀਂ ਕੀ ਕੁੱਝ ਏਦਾਂ ਦਾ ਅਸੀਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਜੇ ਤਾਂ ਸਿੱਖੀ ਦੇ ਪਰਚਾਰ ਵਾਸਤੇ ਗੁਰਪੁਰਬ ਮਨਾਏ ਜਾ ਰਹੇ ਹਨ ਤਾਂ ਕੋਈ
ਮਾੜੀ ਗੱਲ ਨਹੀਂ ਹੈ ਸਗੋਂ ਬਹੁਤ ਹੀ ਵਧੀਆਂ ਉਪਰਾਲਾ ਹੈ। ਜ਼ਰਾ ਕੁ ਗਹੁ ਕਰਕੇ ਸੋਚਿਆ ਜਾਏ ਤਾਂ
ਗੁਰਬਾਣੀ ਫਰਮਾਉਂਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਨੂੰ ਯਾਦ ਕਰਾਂਗੇ ਤਾਂ ਉਹ
ਪ੍ਰੇਰਨਾ ਦੇ ਕੇ ਪੁੱਤਰਾਂ ਤੋਂ ਸੁਪੁੱਤਰ ਬਣਾਉਂਦੀਆਂ ਹਨ ਜੇਹਾ ਕਿ ਗੁਰਬਾਣੀ ਵਾਕ ਹੈ ਬਾਬਣੀਆਂ
ਕਾਹਣੀਆਂ ਪੁੱਤ ਸੁਪੁੱਤ ਕਰੇਨਿ।।
ਭਾਈ ਗੁਰਦਾਸ ਜੀ ਦਾ ਵਾਕ ਹੈ—
ਕੁਰਬਾਣੀ ਤਿਨਾਂ ਸਿੱਖਾਂ ਭਾਇ ਭਗਤ ਗੁਰਪੁਰਬ ਕਰੰਦੇ।।
ਕਿਸੇ ਸ਼ਾਇਰ ਦਾ ਵੀ ਬੜਾ ਪਿਆਰਾ ਵਾਕ ਹੈ ਕਿ ਹੇ ਬੰਦੇ! ਜੇ ਤੂੰ ਆਪਣੀ
ਜ਼ਿੰਦਗੀ ਵਿੱਚ ਅੱਗੇ ਵੱਧਣਾ ਚਾਹੁੰਦਾ ਏਂ ਤਾਂ ਕਦੇ ਕਦੇ ਪੁਰਾਣਿਆਂ ਕਿੱਸਿਆਂ ਨੂੰ ਫੋਲ ਲ਼ਿਆ ਕਰ
ਭਾਵ ਪੜ੍ਹ ਲਿਆ ਕਰ—
ਤਾਜ਼ਾ ਖ਼ਾਹੀ ਦਾਸਤਾਂ ਗਰ ਦਾਗ ਹਾਏ ਸੀਨਾ ਰਾ,
ਗਾਹੇ ਗਾਹੇ ਬਾਜ਼ ਖਾਂ ਈਂ ਕਿੱਸਾ ਹਾਇ ਪਰੀਨਾ ਰਾ।
ਜੇ ਦੂਸਰਾ ਪੱਖ ਲਿਆ ਜਾਏ ਤਾਂ ਗੁਰਬਾਣੀ ਇਹ ਦਸਦੀ ਹੈ ਕਿ ਦਿਨਾਂ ਵਿੱਚ ਕੋਈ
ਅੰਤਰ ਨਹੀਂ ਹੈ ਜਦੋਂ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਜਾਏ ਤਾਂ ਉਹ ਦਿਨ ਹੀ
ਸੋਹਣਾ ਲਗਦਾ ਹੈ—
ਨਾਨਕ ਸੋਈ ਦਿਨਸ ਸੁਹਵੜਾ ਜਿਤ ਪਠਭ ਆਵੇ ਚਿੱਤ
ਜਿਤ ਦਿਨ ਵਿਚਸੇ ਪਾਰਭਰਹਮ ਫਿਟ ਭੁਲੇਰੀ ਰੁਤਿ।।
ਦਰ ਅਸਲ ਪੁਰਬ ਮਨਾਉਣ ਦਾ ਵਪਾਰੀ ਕਰਨ ਹੋ ਚੁੱਕਾ ਹੈ। ਪ੍ਰਬੰਧਕਾਂ ਦੇਖਿਆ
ਕਿ ਗੁਰਪੁਰਬ ਨੂੰ ਸੰਗਤ ਵੱਧ ਆਉਂਣ ਨਾਲ ਗੋਲਕ ਵਿੱਚ ਵਾਧਾ ਹੁੰਦਾ ਹੈ ਤਾਂ ਉਹਨਾਂ ਨੇ ਕੋਈ ਨਾ ਕੋਈ
ਜੁਗਾੜ ਫਿੱਟ ਕਰੀ ਹੀ ਰੱਖਣਾ ਹੈ ਜਿਸ ਨਾਲ ਗੋਲਕ ਵਿੱਚ ਵਾਧਾ ਹੁੰਦਾ ਹੀ ਰਹੇ। ਗੋਲਕ ਦੇ ਵਾਧੇ ਲਈ
ਕਈ ਵਾਰੀ ਟੁੱਚਲ ਜੇਹੇ ਸਾਧ ਨੂੰ ਹੀ ਸਟੇਜ `ਤੇ ਲਿਆ ਬਿਠਾੳਣਗੇ। ਮੈਨੂੰ ਗੁਰਦੁਆਰਿਆਂ ਵਿੱਚ ਹੀ
ਜ਼ਿਆਦਾ ਵਿਚਰਨ ਦਾ ਮੌਕਾ ਮਿਲਿਆ ਹੈ। ਹਰ ਗੁਰਪੁਰਬ ਤੇ ਅਖੰਡਪਾਠ ਲੰਗਰਾਂ ਦੀ ਉਗਰਾਹੀ ਹੁੰਦੀ ਹੈ।
ਲੱਖਾਂ ਰੁਪਇਆ ਇਕੱਠਾ ਹੋ ਜਾਂਦਾ ਹੈ ਪਰ ਕਦੇ ਵੀ ਕਿਸੇ ਅਖੰਡ ਪਾਠ ਸੁਣਿਆ ਨਹੀਂ ਹੈ। ਸਵਾਲ ਪੈਦਾ
ਹੈ ਕਿ ਭੇਟਾ ਦੇ ਕੇ ਅਖੰਡਪਾਠ ਕਰਾਉਣ ਨਾਲ ਆਮ ਸਿੱਖ ਨੂੰ ਸਮਝ ਆ ਸਕਦੀ ਹੈ? ਕੀ ਗੁਰਪੁਰਬ ਤੇ
ਜ਼ਿਆਦਾ ਅਖੰਡਪਾਠ ਕਰਾ ਲਏ ਜਾਣ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਗੁਰੂਆਂ ਦੇ ਗੁਰਪੁਰਬ ਮਨਾ
ਲਏ ਹਨ। ਸਿੱਖਾਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਜਿਹੜੀ ਕਿਸੇ ਨੇ ਪਹਿਲਾਂ ਪਹਿਲ ਕਰ ਦਿੱਤੀ ਅਸੀਂ
ਸਿਰ ਸੁੱਟ ਕੇ ਉਸ ਦੇ ਪਿੱਛੇ ਲਗ ਤੁਰਦੇ ਹਾਂ। ਹੁਣ ਜਦੋਂ ਵੀ ਦੇਸ-ਵਿਦੇਸ ਵਿੱਚ ਗੁਰਪੁਰਬ ਆਉਂਦਾ
ਹੈ ਤਾਂ ਸਿਰਫ ਅਖੰਡਪਾਠ ਕਰਾਉਣ `ਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਪਰਵਾਰ ਵੀ ਇਹ ਸਮਝਦੇ ਹਨ ਕਿ ਬੱਸ
ਅਸੀਂ ਅਖੰਡਪਾਠ ਕਰਾ ਲਿਆ ਤੇ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਅੱਜ ਸਿੱਖੀ
ਦੇ ਵਿਹੜੇ ਵਿੱਚ ਜਦੋਂ ਵੀ ਗੁਰਪੁਰਬ ਮਨਾਇਆ ਜਾਂਦਾ ਹੈ ਤਾਂ ਅਖੰਡਪਾਠ ਕਰਾਉਣ ਨੂੰ ਹੀ ਪਹਿਲ ਦਿੱਤੀ
ਜਾਂਦੀ ਹੈ। ਅਸੀਂ ਵੀ ਸਮਝਦੇ ਹਾਂ ਕਿ ਅਖੰਡ ਪਾਠ ਦੀ ਹਾਜ਼ਰੀ ਭਰੀ, ਲੰਗਰ ਛੱਕਿਆ ਤੇ ਜਾਂ ਫਿਰ
ਗੁਰਦੁਆਰੇ ਦੇ ਨੇੜੇ ਤੇੜੇ ਬੈਠ ਕੇ ਗੱਪਾਂ ਮਾਰ ਲਈਆਂ ਤੇ ਘਰਾਂ ਨੂੰ ਚੱਲ ਪੈਂਦੇ ਹਾਂ। ਅਸੀਂ
ਸਮਝਦੇ ਹਾਂ ਕਿ ਸਾਡੇ ਵਲੋਂ ਤਾਂ ਗੁਰਪੁਰਬ ਬੜੀ ਵੱਡੀ ਪੱਧਰ `ਤੇ ਮਨਾਇਆ ਗਿਆ ਹੈ। ਦਰ ਅਸਲ ਜ਼ਿਆਦਾ
ਪ੍ਰਬੰਧਕਾਂ ਨੂੰ ਗਿਆਨ ਹੀ ਨਹੀਂ ਹੈ ਕਿ ਅਸਾਂ ਕਰਨਾ ਕੀ ਹੈ। ਜੇ ਗੁਰਪੁਰਬ `ਤੇ ਅਖੰਡਪਾਠ ਕਰਾ
ਲੈਣਾ ਹੀ ਗੁਰਪੁਰਬ ਮਨਾਉਣਾ ਹੈ ਤਾਂ ਫਿਰ ਇਸ ਕਰਮ ਵਿੱਚ ਕੋਈ ਘਾਟ ਨਹੀਂ ਹੈ। ਲੜੀਆਂ ਦੀਆਂ ਲੜੀਆਂ
ਚਲਾਈਆਂ ਹੋਈਆਂ ਨੇ ਤੇ ਬੜੇ ਫਕਰ ਨਾਲ ਕਹਿੰਦੇ ਹਨ ਕਿ ਜੀ ਦੇਖੋ ਇਸ ਵਾਰੀ ਅਸੀਂ ਪੂਰਾ ਇੱਕ ਸੌ ਇੱਕ
ਅਖੰਡਪਾਠ ਕਰਾ ਦਿੱਤਾ ਹੈ। ਪ੍ਰਬੰਧਕਾਂ ਦੀਆਂ ਪੌਂ ਬਾਰਾਂ ਲੱਗੀਆਂ ਹੋਈਆਂ ਨੇ। ਨਾ ਹਿੰਗ ਲੱਗੇ ਨਾ
ਫਟਕੜੀ ਅਰਾਮ ਨਾਲ ਹੀ ਅਖੰਡਪਾਠ ਤੋਂ ਪੈਸੇ ਆਈ ਜਾ ਰਹੇ ਹਨ। ਉਹ ਤਾਂ ਕਹਿਣਗੇ ਜੀ ਸਾਨੂੰ ਸਾਰੇ ਹੀ
ਗੁਰਪੁਰਬ ਬੜੀ ਵੱਡੀ ਪੱਧਰ ਤੇ ਮਨਾਉਣੇ ਚਾਹੀਦੇ ਹਨ। ਪ੍ਰਬੰਧਕ ਇਹ ਵੀ ਆਖਦੇ ਥੱਕਦੇ ਨਹੀਂ ਹਨ ਕਿ
ਅਖੰਡਪਾਠ ਨਾਲ ਹੀ ਸਾਡਾ ਜੀਵਨ ਸਫਲ ਹੋਣਾ ਹੈ। ਅੱਜ ਸਾਰੇ ਸੰਸਾਰ ਤੇ ਗੁਰਪੁਰਬਾਂ `ਤੇ ਅੰਖਡਪਾਠ ਹੋ
ਰਹੇ ਹਨ ਪਰ ਸਿੱਖ ਗੁਰਮਤਿ ਸਿਧਾਂਤ ਤੋਂ ਕੋਹਾਂ ਦੂਰ ਹੋ ਗਏ ਹਨ।
ਕੀ ਗੁਰਪੁਰਬਾਂ ਤੇ ਕੀਰਤਨ ਦਰਬਾਰ ਕਰਾ ਲੈਣ ਨੂੰ ਇਹ ਸਮਝ ਲਿਆ ਜਾਏ ਕਿ
ਅਸੀਂ ਗੁਰਪੁਰਬ ਮਨਾ ਲਿਆ ਹੈ? ਕੀਰਤਨ ਰੂਹ ਦੀ ਖੁਰਾਕ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ
ਇਹ ਵੀ ਨਹੀਂ ਹੈ ਕਿ ਗੁਰੂਆਂ ਦੇ ਗੁਰਪੁਰਬ ਤੇ ਮਹਿੰਗੇ ਤੋਂ ਮਹਿੰਗਾ ਰਾਗੀ ਜੱਥਾ ਬੁਲਾ ਲਓ ਤੇ
ਕੀਰਤਨ ਸੁਣ ਲਿਆ ਤੇ ਇਹ ਕਹੀ ਜਾਈਏ ਕਿ ਦੇਖੋ ਜੀ ਅਸੀਂ ਕਿੱਡੀ ਵੱਡੀ ਪੱਧਰ `ਤੇ ਗੁਰਪੁਰਬ ਮਨਾਇਆ
ਹੈ। ਪ੍ਰਬੰਧਕ ਕਹਿਣਗੇ ਜੀ ਕੀਰਤਨ ਸੁਣਿਆਂ ਹੀ ਤੁਹਾਡਾ ਜੀਵਨ ਸਫਲ ਹੋਣਾ ਹੈ। ਗੁਰਪੁਰਬਾਂ ਤੇ ਆਸਾ
ਕੀ ਵਾਰ ਦਾ ਕੀਰਤਨ ਹੁੰਦਾ ਹੈ ਪਰ ਸੰਗਤ ਨਾ ਮਾਤਰ ਹੀ ਹੁੰਦੀ ਹੈ। ਇੱਕ ਰਾਗੀ ਜੱਥਾ ਹੱਟਦਾ ਤੇ
ਦੂਜਾ ਲੱਗ ਜਾਂਦਾ ਹੈ। ਆਮ ਨੌਜਵਾਨ ਨੂੰ ਕੀਰਤਨ ਦੀ ਸਮਝ ਹੀ ਨਹੀਂ ਆ ਰਹੀ। ਫਿਰ ਉਹ ਗੁਰਦੁਆਰੇ
ਕਿਉਂ ਬੈਠੇਗਾ? ਗੁਰਪੁਰਬਾਂ ਦੇ ਸਮੇਂ ਆਮ ਦੇਖਿਆ ਗਿਆ ਹੈ ਕਿ ਰਾਗੀਆਂ ਦੇ ਚਾਰ ਚਾਰ ਪੰਜ ਪੰਜ ਜੱਥੇ
ਹੋਣਗੇ ਪਰ ਕਥਾ ਵਾਚਕ ਕੋਈ ਵੀ ਨਹੀਂ ਹੁੰਦਾ।
ਗੁਰਪੁਰਬਾਂ `ਤੇ ਨਿਰਾ ਕੀਰਤਨ ਕਰਾਈ
ਜਾਣ ਨਾਲ ਸੰਗਤ ਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਕੀਰਤਨ ਦਾ ਲਾਭ ਲੈਂਦਿਆਂ ਹੋਇਆਂ ਜੁੜੇ ਹੋਏ
ਇਕੱਠ ਨੂੰ ਗੁਰਬਾਣੀ ਸਿਧਾਂਤ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਗੁਰਪੁਰਬਾਂ `ਤੇ ਕੇਵਲ ਲੰਗਰ ਛੱਕ ਲੈਣ ਨੂੰ ਸਮਝਿਆ ਜਾਏ ਕਿ ਅਸਾਂ ਗੁਰਪੁਰਬ
ਮਨਾ ਲਿਆ ਹੈ? ਗੁਰਪੁਰਬਾਂ ਤੇ ਲੰਗਰ ਦੇ ਨਾਂ `ਤੇ ਬਹੁਤ ਵੱਡੀ ਪੱਧਰ ਤੇ ਉਗਰਾਹੀ ਹੁੰਦੀ ਹੈ।
ਪਿੱਛੇ ਜੇਹੇ ਇੱਕ ਵਿਦਵਾਨ ਨੇ ਕਿਹਾ ਸੀ ਕਿ ਜਿੰਨਾਂ ਲੰਗਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ
ਉੱਤੇ ਛੱਕਦੇ ਹਾਂ ਜੇ ਅਸਾਂ ਅੱਧਾ ਲੰਗਰ ਛੱਕ ਲਈਏ ਤਾਂ ੫੦੦ ਬਿਸਤਰਿਆਂ ਦਾ ਹਰ ਸਾਲ ਵਿੱਚ ਇੱਕ
ਹਸਪਤਾਲ ਬਣਾ ਸਕਦੇ ਹਾਂ। ਹੁਣ ਤਾਂ ਲੰਗਰਾਂ `ਤੇ ਬੇਲੋੜਾ ਖਰਚ ਹੀ ਕਰੀ ਜਾ ਰਹੇ ਹਾਂ। ਸੰਗਤਾਂ
ਵਿੱਚ ਉਤਸ਼ਾਹ ਬਹੁਤ ਵੱਡਾ ਹੈ। ਤਿੰਨ ਸੌ ਪ੍ਰਕਾਰ ਦੇ ਲੰਗਰ ਲਗਾਉਣ ਲਈ ਪੈਸਾ ਤਾਂ ਸੰਗਤ ਦਾ ਹੀ ਲਗ
ਰਿਹਾ ਹੈ। ਇਹ ਇੱਕ ਬਹੁਤ ਵੱਡਾ ਵਪਾਰ ਬਣ ਚੁੱਕਿਆ ਹੈ। ਲੰਗਰ ਦੇ ਨਾਂ `ਤੇ ਬਹੁਤ ਵੱਡੀ ਉਗਰਾਹੀ ਹੋ
ਜਾਂਦੀ ਹੈ। ਹੁਣ ਅਸੀਂ ਆਪੇ ਲੰਗਰ ਤਿਆਰ ਕਰਕੇ ਆਪੇ ਹੀ ਛੱਕ ਕੇ ਆਖਦੇ ਹਾਂ ਜੀ ਗੁਰੂ ਸਾਹਿਬ ਜੀ ਦਾ
ਗੁਰ ਪੁਰਬ ਮਨਾ ਲਿਆ ਹੈ। ਕਿੰਨਾ ਚੰਗਾ ਹੋਵੇ ਜੇ ਅਸੀਂ ਹਰ ਪੁਰਬ `ਤੇ ਪਰਵਾਰਾਂ ਦੀ ਸ਼ਨਾਖਤ ਕਰਕੇ
ਉਹਨਾਂ ਦੇ ਬੱਚਿਆਂ ਨੂੰ ਹੁਨਰ ਮੰਦ ਬਣਾਉਣ ਤੇ ਖਰਚ ਕਰੀਏ। ਭੁੱਖ ਦੇ ਹੱਥੋਂ ਕਿਰਸਾਨ ਆਤਮ
ਹੱਤਿਆਵਾਂ ਕਰ ਰਹੇ ਹਨ। ਇਹਨਾਂ ਹਤਿਆਵਾਂ ਦੇ ਮੂਲ ਕਾਰਨਾਂ ਨੂੰ ਲੱਭ ਕੇ ਰੋਜ਼ੀ ਰੋਟੀ ਲਈ ਸਾਧਨ
ਪੈਦਾ ਕਰਨੇ ਚਾਹੀਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਹੁਨਰਮੰਦ ਕਾਲਜ ਨਹੀਂ ਖੋਲ੍ਹ ਸਕਦੇ
ਜਿੱਥੇ ਬੱਚਿਆਂ ਨੂੰ ਫਰੀ ਸਿਖਲਾਈ ਦਿੱਤੀ ਜਾਏ। ਅਜੇਹੇ ਬੱਚੇ ਆਪਣਿਆਂ ਪੈਰਾਂ ਤੇ ਆਪ ਖੜੇ ਹੋ ਸਕਦੇ
ਹਨ।
ਗੁਰਪੁਰਬਾਂ ਤੇ ਦੇਖੋ ਦੇਖੀ ਮਹਿੰਗੇ ਤੋਂ ਮਹਿੰਗਾ ਟੈਂਟ ਤੇ ਫਿਰ ਮਹਿੰਗੀਆਂ
ਤੋਂ ਮਹਿੰਗੀਆਂ ਲਾਈਟਾਂ ਲਗਾ ਕੇ ਕਹਿ ਰਹੇ ਹਾਂ ਜੀ ਅਸੀਂ ਗੁਰਪੁਰਬ ਮਨਾ ਲਿਆ ਹੈ। ਸੰਗਤਾਂ ਦੇ
ਬੈਠਣ ਲਈ ਜਗ੍ਹਾ ਹੋਣੀ ਚਾਹੀਦੀ ਹੈ ਪਰ ਬੇਲੋੜਾ ਖਰਚ ਨਹੀਂ ਕਰਨਾ ਚਾਹੀਦਾ। ਬੇਲੋੜੀ ਲਾਈਟ ਦੀ ਥਾਂ
`ਤੇ ਅਸੀਂ ਕਈਆਂ ਘਰਾਂ ਨੂੰ ਬਿਜਲੀ ਦੇ ਸਕਦੇ ਹਾਂ।
ਹਰ ਗਲੀ ਮਹਲਾ ਹਰ ਪ੍ਰਬੰਧਕ ਕਮੇਟੀ ਪਾਸ ਇੱਕ ਹੀ ਕੰਮ ਰਹਿ ਗਿਆ ਹੈ ਕਿ ਹਰ
ਗੁਰਪੁਰਬ ਤੇ ਇੱਕ ਨਗਰ ਕੀਰਤਨ ਕੱਢਿਆ ਜਾਏ। ਪਹਿਲਾਂ ਤਾਂ ਸਰਕਾਰ ਸੜਕ ਬਣਾਉਂਦੀ ਨਹੀਂ ਹੈ ਜੇ
ਬਣਾਉਂਦੀ ਹੈ ਤਾਂ ਨਗਰ ਕੀਰਤਨ, ਸੋਭਾ ਯਾਤਰਾ ਅਤੇ ਕਈ ਹੋਰ ਬਣੀਆਂ ਸੜਕਾਂ ਵਿੱਚ ਖੱਡੇ ਮਾਰ ਕੇ ਗੇਟ
ਬਣਾ ਦੇਂਦੇ ਹਨ। ਮੁੜ ਕੇ ਫਿਰ ਕਦੇ ਵੀ ਖੱਡੇ ਪੂਰੇ ਨਹੀਂ ਜਾਂਦੇ। ਕਿੰਨਾ ਚੰਗਾ ਹੋਵੇ ਜੇ ਅਸੀਂ
ਕਿਸੇ ਇੱਕ ਟੁੱਟੀ ਸੜਕ ਦੀ ਸ਼ਨਾਖਤ ਕਰਕੇ ਸੜਕ ਤੇ ਰੋੜੀ ਹੀ ਪਾ ਦਈਏ। ਹੋਰ ਕੁੱਝ ਨਹੀਂ ਤਾਂ ਅਸੀਂ
ਸਫ਼ਾਈ ਹੀ ਰਲ ਕੇ ਗਲ਼ੀ ਮਹੱਲਿਆਂ ਦੀ ਕਰ ਸਕਦੇ ਹਾਂ। ਆਂਢ-ਗਵਾਂਢ ਨੂੰ ਪਤਾ ਲੱਗ ਜਾਏ ਕਿ ਸਿੱਖ ਆਪਣੇ
ਗੁਰੂ ਦਾ ਪੁਰਬ ਮਨਾ ਰਹੀ ਹੈ।
ਨਗਰ ਕੀਰਤਨਾਂ ਵਿੱਚ ਗਤਕੇ ਦੇ ਨਾਂ `ਤੇ ਸਟੰਟਬਾਜ਼ੀ ਸ਼ੁਰੂ ਹੋ ਗਈ ਹੈ ਜੋ
ਆਉਣ ਵਾਲੇ ਸਮੇਂ ਵਿੱਚ ਇਹ ਮਦਾਰੀ ਪੁਣੇ ਵਿੱਚ ਤਬਦੀਲ ਹੋ ਜਾਣ ਦਾ ਖਦਸਾ ਹੈ। ਗਤਕੇ ਨੂੰ ਕੇਵਲ
ਗਤਕਾ ਹੀ ਰਹਿਣ ਦਿੱਤਾ ਜਾਏ ਤਾਂ ਸਾਡੀ ਪ੍ਰੰਪਰਾ ਬਚੀ ਰਹਿ ਸਕਦੀ ਹੈ ਨਹੀਂ ਤਾਂ ਗਤਕੇ ਦੇ ਅਸਲੀ
ਤੱਥ ਹੀ ਖਤਮ ਹੀ ਜਾਣੇ ਹਨ।
ਹਰ ਗੁਰਪੁਰਬ `ਤੇ ਹਰ ਸੇਵਾਦਾਰ ਨੂੰ ਇੱਕ ਵੱਢਿਓਂ ਥੋਕ ਵਿੱਚ ਸਿਰਪਾਓ ਦਈ
ਜਾ ਰਹੇ ਹਾਂ। ਹਰੇਕ ਬੰਦੇ ਨੂੰ ਸਿਰਪਾਓ ਦੇ ਕੇ ਅਸੀਂ ਇੱਕ ਨਵੀਂ ਪਿਰਤ ਪਾ ਲਈ ਹੈ। ਜਿਹੜਾ
ਅਖੰਡਪਾਠ ਕਰਾ ਰਿਹਾ ਹੈ ਉਸ ਨੂੰ ਸਿਰਪਾਓ ਦਿੱਤਾ ਜਾ ਰਿਹਾ ਹੈ। ਹੁਣ ਏੰਨਾ ਨੀਵੇਂ ਧਰਾਤਲ `ਤੇ
ਆ ਗਏ ਹਾਂ ਕਿ ਜੇ ਕੋਈ ਪਰਵਾਰ ਮਿਰਤਕ ਦਾ ਪ੍ਰੋਗਰਾਮ ਗੁਰਦੁਆਰੇ ਕਰਾਉਂਦਾ ਹੈ ਤਾਂ ਪ੍ਰਬੰਧਕ ਉਸ
ਨੂੰ ਵੀ ਸਿਰਪਾਓ ਨਾਲ ਨਿਵਾਜਦੇ ਹਨ। ਇਸ ਦਾ ਭਾਵ ਤਾਂ ਏਹੀ ਬਣਦਾ ਹੈ ਕਿ ਸ਼ੁਕਰ ਹੈ ਤੁਹਾਡੇ ਘਰੋਂ
ਕੋਈ ਜੀਅ ਚੜ੍ਹਾਈ ਕਰ ਗਿਆ ਤੇ ਤੁਸੀਂ ਸਾਡੇ ਗੁਰਦੁਆਰੇ ਪ੍ਰੋਗਰਾਮ ਕਰਾਇਆ ਹੈ। ਇੰਜ ਸਾਡੇ
ਗੁਰਦੁਆਰੇ ਨੂੰ ਕਮਾਈ ਹੋਈ, ਸਾਡੀ ਗੋਲਕ ਵਿੱਚ ਵਾਧਾ ਹੋਇਆ। ਸਿਰੋਪਾਓ ਦੇਕੇ ਅਗਾਂਹ ਆਪਣਾ
ਪੱਕਾ ਗਾਹਕ ਬਣਾ ਲਿਆ ਜਾਂਦਾ ਹੈ। ਕੀ ਇਹ ਵਪਾਰ ਨਹੀਂ ਹੈ? ਪ੍ਰਧਾਨ ਨੂੰ ਕੋਈ ਹੋਰ ਕੰਮ ਨਹੀਂ
ਹੁੰਦਾ ਉਹ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਗਲ਼ ਵਿੱਚ ਸਿਰਪਾਓ ਹੀ ਪਾਈ ਜਾ ਰਿਹਾ ਹੈ। ਥੋੜੇ ਸਮੇਂ
ਤੋਂ ਹੀ ਇਹ ਨਵੀਂ ਪਿੱਰਤ ਸ਼ੁਰੂ ਹੋਈ ਹੈ।
ਹਰ ਗੁਰਪੁਰਬ `ਤੇ ਮਹਿੰਗੇ ਤੋਂ ਰੁਮਾਲੇ ਭੇਟ ਹੋ ਰਹੇ ਹਨ ਗੁਰਦੁਅਰਿਆਂ
ਵਿੱਚ ਰੁਮਾਲੇ ਰੱਖਣ ਦੀ ਜਗ੍ਹਾ ਕੋਈ ਨਹੀਂ ਹੈ। ਦੁਜੇ ਪਾਸੇ ਵਿੱਚ ਸਮਾਜ ਦੇ ਕੁੱਝ ਉਹ ਲੋਕ ਵੀ ਹਨ
ਜਿਹੜੇ ਤਨ ਦੇ ਕਪੜਿਆਂ ਲਈ ਤਰਸ ਰਹੇ ਹਨ।
ਗੁਰਪੁਰਬ ਮਨਾਉਣ ਲਈ ਸਭ ਤੋਂ ਪਹਿਲਾਂ ਬੱਚਿਆਂ ਦੇ ਪੱਧਰ ਦੇ ਸਾਨੂੰ
ਪਰੋਗਰਾਮ ਉਲੀਕਣੇ ਚਾਹੀਦੇ ਹਨ।
ਸਮਾਜਿਕ ਬੁਰਾਈਆਂ ਦੀ ਸ਼ਨਾਖ਼ਤ ਕਰਕੇ ਵਿਸ਼ਾ ਮਾਹਰ ਵਿਦਵਾਨਾਂ ਕੋਲੋਂ ਉਸ ਦੇ
ਹੱਲ ਲਈ ਵਿਚਾਰਾਂ ਕਰਾਉਣੀਆਂ ਚਾਹੀਦੀਆਂ ਹਨ।
ਧਰਮ ਵਿੱਚ ਫੈਲੇ ਅੰਧਵਿਸਵਾਸ਼ ਨੂੰ ਜੜ੍ਹੋਂ ਉਖਾੜਨ ਲਈ ਵਿਦਵਾਨਾਂ ਨੂੰ ਵਿਸ਼ੇ
ਦਿੱਤੇ ਜਾਣੇ ਚਾਹੀਦੇ ਹਨ।
ਸਭ ਤੋਂ ਵੱਡੀ ਗੱਲ ਕੇ ਗੁਰਪੁਰਬਾਂ `ਤੇ ਸਮੇਂ ਦੀ ਸਹੀ ਵਰਤੋਂ ਕਰਨੀ
ਚਾਹੀਦੀ ਹੈ। ਬੇਲੋੜਾ ਸਮਾਂ ਅਸੀਂ ਬਰਬਾਦ ਕਰ ਰਹੇ ਹਾਂ। ਕਿੰਨਾ ਚੰਗਾ ਹੋਵੇ ਜੇ ਦਸ ਦਿਨ ਪਹਿਲਾਂ
ਤੋਂ ਹੀ ਵਿਦਵਾਨਾਂ ਦੇ ਪਰੋਗਰਾਮ ਉਲੀਕੇ ਜਾਣ। ਅਸੀਂ ਇਕੋ ਦਿਨ ਵਿੱਚ ਹੀ ਸਾਰੇ ਪ੍ਰੋਗਰਾਮ ਨਿਬੇੜਨੇ
ਚਾਹੁੰਦੇ ਹਾਂ। ਜ਼ਿਆਦਾ ਸਮਾਂ ਤਾਂ ਅਸੀਂ ਸਿਰਪਾਓ ਵੰਡਣ ਤੇ ਹੀ ਲਗਾ ਦੇਂਦੇ ਹਾਂ।
ਡਾਕਟਰੀ ਕੈਂਪ ਲਗਾਉਣ ਵਿੱਚ ਕੋਈ ਹਰਜ ਨਹੀਂ ਹੈ।
ਗੁਰੁ ਨਾਨਕ ਸਾਹਿਬ ਦਾ ਫਲਸਫਾ—ਦੁਨੀਆਂ ਨੂੰ ਦਸਣ ਦੀ ਲੋੜ ਹੈ--
ਵਿਚਿ ਦੁਨੀਆ ਸੇਵ ਕਮਾਈਐ।।
ਤਾ ਦਰਗਹ ਬੈਸਣੁ ਪਾਈਐ।।
ਸਿਰੀ ਰਾਗੁ ਮਹਲਾ ੧
ਹਰ ਗੁਰਦੁਆਰੇ ਵਿੱਚ ਲਾਇਬ੍ਰੇਰੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਵਿਦਿਆ ਦੇ ਪ੍ਰਚਾਰ ਪਸਾਰ ਲਈ ਉਦਮ ਹੋਣੇ ਚਾਹੀਦੇ ਹਨ।
ਵੱਡੀ ਪੱਧਰ `ਤੇ ਗੁਰਮਤਿ ਦੇ ਕੈਂਪ ਲਗਾਉਣੇ ਚਾਹੀਦੇ ਹਨ। ਗੁਰਮਤਿ ਦੇ
ਵਿਦਵਾਨਾਂ ਦੀ ਇੱਕ ਲੜੀ ਬਣਾਈ ਜਾਏ ਤੇ ਉਹਾਂ ਦੀਆਂ ਵਿਚਾਰ ਗੋਸ਼ਟੀਆਂ ਕਰਾਉਣੀਆਂ ਚਾਹੀਦੀਆਂ ਹਨ।