. |
|
ਸਿਧ ਗੋਸਟਿ ..... ੨
(ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ
ਮੁਕਤਿ ਨ ਕੋਇ ॥੧ ॥ ਪੰਨਾਂ ੯੩੮)
ਲੜੀ ਜੋੜਨ ਲਈ ਪੜ੍ਹੋ ਸਿਧ ਗੋਸਟਿ ..... ੧
http://www.sikhmarg.com/2016/0717-sidh-gosit.html
ੴ ਸਤਿਗੁਰ ਪ੍ਰਸਾਦਿ ॥
ਰਾਮਕਲੀ ਮਹਲਾ ੧ ਸਿਧ ਗੋਸਟਿ
ਪਦ ਅਰਥ:
ਸਿਧ-ਜੋਗ-ਸਾਧਨਾਂ ਵਿੱਚ ਪੁੱਗਾ ਹੋਇਆ ਜੋਗੀ, ‘ਸਿਧ’ ਦਾ ਦੂਜਾ ਅਰਥ ਹੈ "ਪ੍ਰਮਾਤਮਾ",
ਗੋਸਟਿ-ਚਰਚਾ, ਬਹਿਸ, ਗੱਲ-ਬਾਤ "ਸਿਧ ਗੋਸਟਿ" ਦੇ ਦੋ ਅਰਥ ਹਨ; ਸਿੱਧਾਂ ਨਾਲ ਗੱਲ-ਬਾਤ ਅਤੇ
ਪ੍ਰਮਾਤਮਾ ਨਾਲ ਮਿਲਾਪ।
"ਸਿਧ ਗੋਸਟਿ" ਦੀ ਸਾਰੀ ਬਾਣੀ ਵਿੱਚ ‘ਚਰਚਾ’ ਦਾ ਵਿਸ਼ਾ ਹੈ ਜੋ ਗੁਰੂ ਨਾਨਕ
ਸਾਹਿਬ ਦੀ ਸਿੱਧਾਂ ਨਾਲ ਹੋਈ। ਉਸ ‘ਚਰਚਾ’ ਦਾ ਮਜ਼ਮੂਨ ਸੀ "ਸਿਧ ਗੋਸਟਿ", ਭਾਵ "ਪ੍ਰਮਾਤਮਾ ਨਾਲ
ਮਿਲਾਪ"। ਲਫ਼ਜ਼ ‘ਸਿਧ’ ਦਾ ਅਰਥ ‘ਪ੍ਰਮਾਤਮਾ’ ਹੈ। ਇਸ ਬਾਣੀ ਦੀ ਪਉੜੀ ਨੰ: ੩੩ ਵਿੱਚ ਭੀ ਲਫ਼ਜ਼ ‘ਸਿਧ’
ਆਇਆ ਹੈ ਜਿਸ ਦਾ ਅਰਥ ਹੈ ‘ਪ੍ਰਮਾਤਮਾ’,
"ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮਿ ਰਤੇ ਸਦਾ ਤਪੁ ਹੋਇ ॥"
"ਸਿਧ ਗੋਸਟਿ" ਬਾਣੀ ਦਾ ‘ਮੁੱਖ ਭਾਵ’ "ਰਹਾਉ" ਦੀਆਂ ਹੇਠ ਲਿੱਖੀਆਂ ਦੋ
ਤੁੱਕਾਂ ਵਿੱਚ ਹੈ;
ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
ਪੰਨਾਂ ੯੩੮
ਪਦ ਅਰਥ: ਕਿਆ ਭਵੀਐ: ਦੇਸ਼
ਦੇਸ਼ਾਂਤਰਾਂ ਅਤੇ ਤੀਰਥਾਂ ਤੇ ਭ੍ਰਮਣ ਦਾ ਕੀ ਲਾਭ ਹੈ ? ਭਾਵ ਦੇਸ਼ ਦੇਸ਼ਾਂਤਰਾਂ ਤੇ ਭ੍ਰਮਣ ਦਾ ਕੋਈ
ਲਾਭ ਨਹੀਂ, ਸਚਿ- ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਨ ਨਾਲ,ਸੂਚਾ-ਪਵਿਤ੍ਰ।
ਅਰਥ: ਹੇ ਚਰਪਟ ਜੋਗੀ !
ਦੇਸ਼ ਦੇਸ਼ਾਂਤਰਾਂ ਤੇ ਭ੍ਰਮਣ ਦਾ ਕੋਈ ਲਾਭ ਨਹੀਂ | ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਵਿੱਚ
ਜੁੜਨ ਨਾਲ ਹੀ ਜੀਵ ਪਵਿਤ੍ਰ ਹੋ ਸਕਦਾ ਹੈ|ਸਤਿਗੁਰੂ ਦੇ ਸੱਚੇ ਸ਼ਬਦ ਭਾਵ ਸਤਿਗੁਰੂ ਦੀ ਸਿੱਖਿਆ ਤੇ
ਚੱਲਣ ਤੋਂ ਬਿਨ੍ਹਾਂ ਮੁਕਤੀ ਨਹੀਂ ਹੋ ਸਕਦੀ।੧। ਰਹਾਉ।
‘ਸਿਧ ਗੋਸਟਿ’ ਦੀ ਪਹਿਲੀ ਪਉੜੀ ‘ਮੰਗਲਾ-ਚਰਨ’ ਵਜੋਂ ਹੈ ਜਿਸ ਵਿੱਚ "ਸਿਧ
ਗੋਸਟਿ" ਦਾ ‘ਮਨੋਰਥ’ ਭੀ ਦੱਸਿਆ ਹੋਇਆ ਹੈ। ਮੰਗਲਾ-ਚਰਨ ਹੈ ‘ਸੰਤ ਸਭਾ’ ਦੀ ਵਡਿਆਈ ਅਤੇ ‘ਮਨੋਰਥ’
ਹੈ ‘ਸਚੁ ਪਾਈਐ’।
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥
ਪਦ ਅਰਥ :
ਸਿਧ-ਪ੍ਰਮਾਤਮਾ ਦੀ, ਸਿਧ ਸਭਾ- ਉਹ ਇਕੱਠ ਜਿਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਹੋਣ, ਆਸਣਿ-ਆਸਣ ਉਤੇ
ਭਾਵ ਅਡੋਲ, ਰਹਰਾਸਿ-ਅਰਦਾਸ, ਜਸੁ ਲੇਉ-ਪ੍ਰਭੂ ਦੇ ਗੁਣ ਗਾਵਾਂ, ‘ਸਿਧ ਗੋਸਟਿ’-ਪ੍ਰਭੂ ਨਾਲ ਮਿਲਾਪ।
ਅਰਥ : ਸਾਡੀ ਨਮਸਕਾਰ
ਉਨ੍ਹਾਂ ਸੰਤਾਂ ਦੀ ਸਭਾ ਨੂੰ ਹੈ ਜੋ ‘ਰੱਬੀ ਮਜਲਸ’ ਵਿੱਚ ਸਤਸੰਗ ਬਣਾ ਕੇ ਅਡੋਲ ਬੈਠੇ ਹਨ| ਸਾਡੀ
ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿੱਚ ਸਦਾ ਕਾਇਮ ਰਹਿਣ ਵਾਲਾ ਅਪਰ-ਅਪਾਰ ਪ੍ਰਭੂ ਪ੍ਰਤੱਖ ਵੱਸਦਾ
ਹੈ। ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਅਤੇ ਮਨ ਭੇਟਾ ਰੱਖ ਦਿਆਂ ਤਾਂ ਕਿ ਮੈਂ
ਇਸ ਸਭਾ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾ ਸਕਾਂ| ਹੇ ਨਾਨਕ! ਸਤਸੰਗਤ ਵਿੱਚ ਰੱਬ ਮਿਲ ਪੈਂਦਾ
ਹੈ।੧।
"ਸਿਧ ਗੋਸਟਿ" ਬਾਣੀ ਵਿੱਚ ਸਵਾਲ-ਜਵਾਬ ਦੀਆਂ ਦੋ ਲੜੀਆਂ ਹਨ| ਪਹਿਲੀ ਲੜੀ
ਦੂਜੀ ਪਉੜੀ ਤੋਂ ਸ਼ੁਰੂ ਹੋ ਕੇ ੨੩ ਵੀਂ ਪਉੜੀ ਤੱਕ ਹੈ| ਇਸ ਵਿੱਚ ਸਿੱਧ ਸਵਾਲ ਕਰਦੇ ਹਨ ਅਤੇ ਗੁਰੂ
ਨਾਨਕ ਸਾਹਿਬ ਸਿੱਧਾਂ ਨੂੰ ਜਵਾਬ ਦੇ ਰਹੇ ਹਨ| ੨੪ ਵੀਂ ਪਉੜੀ ਤੋਂ ਲੈ ਕੇ ੪੨ ਵੀਂ ਪਉੜੀ ਤੱਕ ਗੁਰੂ
ਸਾਹਿਬ ਗੁਰਮਤ ਦੇ ਹੋਰ ਅਸੂਲ ਸਿੱਧਾਂ ਨੂੰ ਦੱਸ ਰਹੇ ਹਨ| ੪੩ ਵੀਂ ਪਉੜੀ ਤੋਂ ੭੨ ਵੀਂ ਪਉੜੀ ਤੱਕ
ਸਵਾਲਾਂ ਜਵਾਬਾਂ ਦੀ ਦੂਜੀ ਲੜੀ ਹੈ| ੭੩ ਵੀਂ ਭਾਵ ਆਖਰੀ ਪਉੜੀ ਵਿੱਚ ਗੁਰੂ ਸਾਹਿਬ ਪ੍ਰਭੂ ਦੀ ਸਿਫਤ
ਕਰਕੇ ਸਾਰੀ ਬਾਣੀ ਦਾ ਸਾਰ ਦਿੰਦੇ ਹਨ| ਇਹ ਬਾਣੀ ਦਾ ਆਖਰੀ ਮੰਗਲਾ-ਚਰਨ ਹੈ|
"ਸਿਧ ਗੋਸਟਿ" ਨੂੰ ਅਸੀਂ ਤਿੰਨ ਲੇਖਾਂ ਵਿੱਚ ਵੰਡਿਆ ਹੈ| ਲੇਖ ਦੇ ਪਹਿਲੇ
ਭਾਗ ਵਿੱਚ ਅਸੀਂ ਦੂਜੀ ਤੋਂ ੨੩ਵੀਂ ਪਉੜੀ ਤੱਕ ਵਿੱਚ ਸਿੱਧਾਂ ਵਲੋਂ ਪੁੱਛੇ ਗਏ ਸਵਾਲ ਅਤੇ ਗੁਰੂ
ਨਾਨਕ ਸਾਹਿਬ ਵਲੋਂ ਦਿੱਤੇ ਗਏ ਜਵਾਬਾਂ ਦਾ ਵੇਰਵਾ ਦੇ ਰਹੇ ਹਾਂ|
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥
ਪਦ ਅਰਥ: ਤੁਮ੍ਹੇ-ਤੇਰਾ,
ਮਾਰਗੁ-ਰਸਤਾ, ਪੰਥ ਜਾਂ ਮਤ, ਸੁਆਓ-ਮਨੋਰਥ, ਕਹਉ-ਮੈਂ ਜਪਦਾ ਹਾਂ, ਕਹ-ਕਿਥੇ? ਕਿਸ ਦੇ ਆਸਰੇ?
ਬੈਸਹੁ-ਤੁਸੀਂ ਸ਼ਾਂਤ-ਚਿੱਤ ਹੁੰਦੇ ਹੋ, ਬਾਲੇ-ਹੇ ਬਾਲਕ!, ਕਹ-ਕਿਥੇ?, ਨਾਨਕੁ ਬੋਲੈ-ਨਾਨਕ ਆਖਦਾ ਹੈ
ਕਿ ਜੋਗੀ ਨੇ ਪੁੱਛਿਆ, ਬੈਰਾਗੀ- ਹੇ ਸੰਤ ਜੀ!, ਸਾਚੁ-ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਰਾਹੋ-ਰਾਹੁ,
ਮਤ ਜਾਂ ਮਾਰਗ।
ਅਰਥ : ਚਰਪਟ ਜੋਗੀ ਦਾ
ਸਵਾਲ: ਤੁਸੀਂ ਕੌਣ ਹੋ? ਤੁਹਾਡਾ ਕੀ ਨਾਮ ਹੈ? ਤੁਹਾਡਾ ਕੀ ਮਤ ਹੈ? ਤੁਹਾਡੇ ਮਤ ਦਾ ਕੀ ਮਨੋਰਥ ਹੈ?
ਗੁਰੂ ਨਾਨਕ ਸਾਹਿਬ ਦਾ ਉੱਤਰ: ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ
ਜਪਦਾ ਹਾਂ| ਮੇਰੀ ਪ੍ਰਭੂ ਅਗੇ ਹੀ ਸਦਾ ਅਰਦਾਸ ਹੈ ਅਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ |
ਬੱਸ! ਇਹੀ ਮੇਰਾ ਮਤ ਹੈ।
ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਚਰਪਟ ਜੋਗੀ ਨੇ ਮੈਨੂੰ ਫਿਰ ਪੁੱਛਿਆ ਕਿ
ਹੇ ਬਾਲਕ! ਤੁਸੀਂ ਕਿਸ ਦੇ ਆਸਰੇ ਤੇ ਸ਼ਾਂਤ-ਚਿੱਤ ਰਹਿੰਦੇ ਹੋ? ਤੁਹਾਡੀ ਸੁਰਤ ਕਿਸ ਵਿੱਚ ਜੁੜਦੀ
ਹੈ? ਤੁਸੀਂ ਕਿੱਥੋਂ ਆਉਂਦੇ ਹੋ? ਅਤੇ ਕਿੱਥੇ ਜਾਂਦੇ ਹੋ? ਹੇ ਸੰਤ ਜੀ! ਦੱਸ ਤੇਰਾ ਕੀ ਮਤ ਹੈ?।੨।
ਨੋਟ: ਇਨ੍ਹਾਂ ਸਵਾਲਾਂ ਦਾ ਜਵਾਬ ਤੀਜੀ ਪਉੜੀ ਵਿੱਚ ਹੈ|
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥
ਪਦਅਰਥ: ਘਟਿ ਘਟਿ-ਹਰੇਕ
ਸਰੀਰ ਵਿੱਚ ਭਾਵ ਹਰੇਕ ਘਟ ਵਿੱਚ ਵਿਆਪਕ ਪ੍ਰਭੂ ਦੀ ਯਾਦ ਅੰਦਰ, ਬੈਸਿ-ਟਿਕ ਕੇ, ਭਾਏ-ਮਰਜ਼ੀ ਵਿੱਚ,
ਸਿਧਾਏ-ਫਿਰਦੇ ਹਾਂ, ਰਜਾਏ-ਰਜ਼ਾ ਵਿੱਚ, ਆਸਣਿ-ਆਸਣ ਵਾਲਾ, ਬੈਸਣਿ-ਬੈਠਣ ਵਾਲਾ, ਥਿਰੁ- ਸਦਾ ਕਾਇਮ
ਰਹਿਣ ਵਾਲਾ, ਬੂਝੈ-ਸਮਝ ਵਾਲਾ ਅਤੇ ਗਿਆਨਵਾਨ ਹੁੰਦਾ ਹੈ, ਆਪੁ-ਆਪਣੇ ਆਪ ਨੂੰ।
ਅਰਥ: ਦੂਜੀ ਪਉੜੀ ਵਿੱਚ ਆਏ ਸਵਾਲ ਦਾ ਸਤਿਗੁਰੂ ਜੀ ਵਲੋਂ ਉੱਤਰ: ਹੇ ਚਰਪਟ!
ਸਰਬ-ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਹੀ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਮੈਂ ਸਦਾ ਹੀ ਸਤਿਗੁਰੂ
ਦੀ ਰਜ਼ਾ ਵਿੱਚ ਚੱਲਦਾ ਹਾਂ। ਹੇ ਨਾਨਕ! ਪ੍ਰਭੂ ਦੇ ਹੁਕਮ ਵਿੱਚ ਹੀ ਅਸੀਂ ਜਗਤ ਵਿੱਚ ਆਏ, ਹੁਕਮ
ਵਿੱਚ ਵਿਚਰ ਰਹੇ ਹਾਂ ਅਤੇ ਸਦਾ ਉਸ ਦੀ ਰਜ਼ਾ ਵਿੱਚ ਹੀ ਰਹਿੰਦੇ ਹਾਂ। ਪੱਕੇ ਆਸਣ ਵਾਲਾ, ਸਦਾ ਟਿਕੇ
ਰਹਿਣ ਵਾਲਾ ਅਤੇ ਕਾਇਮ ਰਹਿਣ ਵਾਲਾ ਕੇਵਲ ਪ੍ਰਭੂ ਆਪ ਹੀ ਹੈ| ਅਸੀਂ ਤਾਂ ਇਹ ਹੀ ਗੁਰ-ਸਿੱਖਿਆ ਲਈ
ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਪ੍ਰਾਣੀ ਗਿਆਨਵਾਨ ਹੋ ਜਾਂਦਾ ਹੈ| ਇਸ ਤਰ੍ਹਾਂ ਉਹ ਜੀਵ
ਆਪਣੇ ਆਪ ਨੂੰ ਪਛਾਣ ਲੈਂਦਾ ਹੈ ਅਤੇ ਸਦਾ ਸੱਚੇ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ।੩।
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥
ਪਦਅਰਥ:- ਦੁਤਰੁ-ਦੁੱਤਰੁ,
ਜਿਸ ਨੂੰ ਤਰਨਾ ਔਖਾ ਹੈ, ਅਉਧੂ-ਵਿਰਕਤ, ਸਾਚੁ ਕਹਹੁ-ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ,
ਪਾਰਗਰਾਮੀ-ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲਾ, ਬੈਸਣੁ- ਉਕਾਈ, ਨੁਕਸ, ਪ੍ਰਹਾਰਿਨ-ਉਹ ਜੋ ਚਰਚਾ
ਵਿੱਚ ਆਪਣੇ ਵਿਰੋਧੀ ਦੀ ਕਿਸੇ ਉਕਾਈ ਤੇ ਚੋਟ ਮਾਰਦਾ ਹੈ।
ਅਰਥ: ਸਵਾਲ: ਚਰਪਟ ਨੇ
ਆਖਿਆ ਕਿ ਜਗਤ ਇਕ ਐਸਾ ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ| ਹੇ ਵਿਰਕਤ ਨਾਨਕ! ਠੀਕ
ਵਿਚਾਰ ਦੱਸ ਕਿ ਇਸ ਸਮੁੰਦਰ ਦਾ ਪਾਰਲਾ ਕੰਢਾ ਕਿਵੇਂ ਲੱਭੇ?
ਗੁਰੂ ਸਾਹਿਬ ਦਾ ਉੱਤਰ: ਹੇ ਚਰਪਟ ਜੋਗੀ ਜੋ ਪ੍ਰਾਣੀ ਜੋ ਕੁੱਝ ਆਪ ਆਖਦਾ ਹੈ
ਅਤੇ ਉਸ ਨੂੰ ਸਮਝਦਾ ਭੀ ਹੈ ਉਸ ਨੂੰ ਉਸ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਲੋੜ ਨਹੀਂ ਹੁੰਦੀ| ਇਸ
ਵਾਸਤੇ ਹੇ ਚਰਪਟ! ਤੇਰੇ ਪ੍ਰਸ਼ਨ ਵਿੱਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ| ਉਂਝ ਉੱਤਰ ਇਹ ਹੈ ਕਿ ਸਦਾ
ਕੇਵਲ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਜਪੋ| ਇਸ ਤਰ੍ਹਾਂ ਤੁਸੀਂ ‘ਦੁਤਰੁ ਸਾਗਰੁ’ ਤੋਂ ਪਾਰ ਲੰਘ
ਜਾਉਗੇ।੪।
ਨੋਟ: ਗੁਰੂ ਨਾਨਕ ਸਾਹਿਬ ਦਾ ਉੱਤਰ ੫ ਵੀਂ ਪਉੜੀ ਦੇ ਅਖ਼ੀਰ ਤੱਕ ਜ਼ਾਰੀ ਹੈ।
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
ਪਦਅਰਥ:
ਨਿਰਾਲਮੁ-ਨਿਰਾਲੰਭ, ਨਿਰ+ਆਲੰਭ ਨਿਰਾਲਾ ਅਤੇ ਨਿਰ+ਆਲਯ ਭਾਵ ਵੱਖਰਾ, ਨੈ-ਨਈ, ਨਦੀ ਵਿੱਚ,
ਸਾਣੇ-ਜਿਵੇਂ, ਸਬਦਿ-ਸ਼ਬਦ ਭਾਵ ਸਿੱਖਿਆ ਵਿੱਚ, ਵਖਾਣੇ-ਵਖਾਣ ਕੇ, ਜਪ ਕੇ, ਅਗਮੁ-ਅ-ਗਮ, ਜਿਸ ਤੱਕ
ਜਾਇਆ ਨ ਜਾ ਸਕੇ, ਅਗੋਚਰ- ਜਿਸ ਤੱਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
ਅਰਥ: ਜਿਵੇਂ ਪਾਣੀ ਵਿੱਚ
ਉੱਗਿਆ ਹੋਇਆ ਕੌਲ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ ਹੈ ਅਤੇ ਜਿਵੇਂ ਨਦੀ ਵਿੱਚ ਤਰਦੀ ਮੁਰਗਾਈ
ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ ਉਸੇ ਤਰ੍ਹਾਂ ਹੇ ਨਾਨਕ! ਗੁਰੂ ਦੀ ਸਿੱਖਿਆ ਵਿੱਚ ਸੁਰਤ ਜੋੜ ਕੇ
ਨਾਮ ਜਪਿਆਂ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ।
ਜੋ ਪ੍ਰਾਣੀ ਸੰਸਾਰ ਦੀਆਂ ਆਸਾਂ ਵਲੋਂ ਨਿਰਾਸ਼ ਰਹਿੰਦੇ ਹਨ ਅਤੇ ਜਿਨ੍ਹਾਂ ਦੇ
ਮਨ ਵਿੱਚ ਕੇਵਲ ਇੱਕ ਪ੍ਰਭੂ ਹੀ ਵੱਸਦਾ ਹੈ ਉਹ ਪ੍ਰਾਣੀ ਸੰਸਾਰ ਵਿੱਚ ਰਹਿੰਦੇ ਹੋਏ ਭੀ ਸੰਸਾਰ ਤੋਂ
ਵੱਖ ਇਕਾਂਤ ਵਿੱਚ ਵੱਸਦੇ ਹਨ। ਅਜੇਹੇ ਜੀਵਨ ਵਾਲਾ ਜੋ ਪ੍ਰਾਣੀ ਅਗੰਮ ਅਤੇ ਅਗੋਚਰ ਪ੍ਰਭੂ ਦਾ ਦਰਸ਼ਨ
ਕਰ ਕੇ ਹੋਰਨਾਂ ਨੂੰ ਵੀ ਦਰਸ਼ਨ ਕਰਵਾਉਦਾ ਹੈ ਨਾਨਕ ਉਸ ਪ੍ਰਾਣੀ ਦਾ ਦਾਸ ਹੈ।੫।
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥
ਪਦ ਅਰਥ: ਸਾਚੁ-ਸਹੀ,
ਠੀਕ, ਰੋਸੁ-ਗੁੱਸਾ, ਗੁਰਦੁਆਰੋ-ਗੁਰੂ ਦਾ ਦਰ, ਚਲਤਉ-ਚੰਚਲ, ਸਚ ਘਰਿ- ਸਦਾ ਕਾਇਮ ਰਹਿਣ ਵਾਲੇ
ਪ੍ਰਭੂ ਦੀ ਯਾਦ ਵਿੱਚ, ਸਾਚਿ-ਸੱਚੇ ਪ੍ਰਭੂ ਵਿੱਚ।
ਅਰਥ: ਚਰਪਟ ਦਾ ਪ੍ਰਸ਼ਨ:
ਹੇ ਸੁਆਮੀ! ਮੇਰੀ ਬੇਨਤੀ ਸੁਣ| ਮੈਂ ਤੁਹਾਡੇ ਕੋਲੋਂ ਇੱਕ ਸਹੀ ਵਿਚਾਰ ਪੁੱਛਣਾ ਚਾਹੁੰਦਾ ਹਾਂ|
ਗੁੱਸਾ ਨਾ ਕਰਨਾ| ਮੇਰੇ ਇਸ ਸਵਾਲ ਦਾ ਉੱਤਰ ਦਿਉ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? ਭਾਵ
ਸਾਨੂੰ ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ?
ਗੁਰੂ ਜੀ ਵਲੋਂ ਉੱਤਰ: ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ
ਤਾਂ ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ| ਪ੍ਰਭੂ ਦਾ ਨਾਮ ਜ਼ਿੰਦਗੀ
ਦਾ ਆਸਰਾ ਹੋ ਜਾਂਦਾ ਹੈ। ਪਰ ਇਹੋ ਜਿਹਾ ਪਿਆਰ ਸੱਚੇ ਪ੍ਰਭੂ ਵਿੱਚ ਤਾਂ ਹੀ ਲੱਗਦਾ ਹੈ ਜਦੋਂ ਕਰਤਾਰ
ਆਪ ਜੀਵ ਨੂੰ ਆਪਣੀ ਯਾਦ ਵਿੱਚ ਜੋੜ ਲੈਂਦਾ ਹੈ ਭਾਵ ਇਹ ਸਭ ਪ੍ਰਾਪਤੀ ਪ੍ਰਭੁ ਦੀ ਕ੍ਰਿਪਾ ਦੁਆਰਾ ਹੀ
ਹੁੰਦੀ ਹੈ।੬।
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥ ਪੰਨਾਂ ੯੩੮-੩੯
ਪਦਅਰਥ: ਹਾਟੀ-ਦੁਕਾਨ,
ਬਾਟੀ-ਰਾਹਾਂ ਵਿੱਚ, ਰੂਖਿ-ਰੁੱਖ ਹੇਠ, ਬਿਰਖਿ-ਬਿਰਖ ਹੇਠ, ਉਦਿਆਨੇ-ਜੰਗਲ ਵਿੱਚ, ਕੰਦ-ਧਰਤੀ ਦੇ
ਅੰਦਰ ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ-ਮੂਲੁ-ਮੂਲੀ, ਅਹਾਰੋ-ਖ਼ੁਰਾਕ, ਅਉਧੂ-
ਜੋਗੀ, ਬੋਲੈ- ਬੋਲਿਆ, ਤੀਰਥਿ-ਤੀਰਥ ਉਤੇ, ਗੋਰਖ ਪੂਤੁ-ਗੋਰਖਨਾਥ ਦਾ ਚੇਲਾ।
ਅਰਥ: ਸਵਾਲ: ਇਸ ਪਉੜੀ
ਵਿੱਚ ਲੋਹਾਰੀਪਾ ਜੋਗੀ ਨੇ ਗੁਰੂ ਨਾਨਕ ਸਾਹਿਬ ਨੂੰ ਜੋਗ ਦਾ ਗਿਆਨ-ਮਾਰਗ ਦੱਸਿਆ ਕਿ ਅਸੀਂ ਜੋਗੀ
ਲੋਕ ਦੁਨੀਆਂ ਦੇ ਮੇਲਿਆਂ ਅਤੇ ਸੰਸਾਰਕ ਝੰਬੇਲਿਆਂ ਤੋਂ ਪਰੇ ਹਟ ਕੇ ਜੰਗਲਾਂ ਵਿੱਚ ਰੁੱਖਾਂ-ਬਿਰਖਾਂ
ਹੇਠ ਰਹਿੰਦੇ ਹਾਂ| ਅਸੀਂ ਗਾਜਰ-ਮੂਲੀ ਆਦਿ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ ਅਤੇ ਅਸੀਂ ਤੀਰਥਾਂ
ਉੱਤੇ ਇਸ਼ਨਾਨ ਕਰਦੇ ਹਾਂ| ਇਨ੍ਹਾਂ ਦਾ ਫਲ ਸਾਨੂੰ ‘ਸੁਖ’ ਮਿਲਦਾ ਹੈ ਅਤੇ ਸਾਡੇ ਮਨ ਨੂੰ ਕੋਈ ਮੈਲ
ਭੀ ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹ ਹੈ ਜੋਗ ਦੇ ਗਿਆਨ ਦੀ ਜੁਗਤੀ ਅਤੇ
ਜੋਗ ਦੀ ਵਿਧੀ।੭।
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥ ਪੰਨਾਂ ੯੩੯
ਪਦਅਰਥ: ਭੂਖ-ਤ੍ਰਿਸ਼ਨਾ,
ਪਟਣੁ-ਸ਼ਹਿਰ, ਸਹਜੇ-ਸਹਜ-ਅਵਸਥਾ ਵਿੱਚ ਟਿਕ ਕੇ, ਅਡੋਲ ਰਹਿ ਕੇ। ਖੰਡਿਤ-ਘੱਟ ਕੀਤੀ ਹੋਈ,
ਅਲਪ-ਥੋੜ੍ਹਾ।
ਅਰਥ: ਗੁਰੂ ਨਾਨਕ ਸਾਹਿਬ
ਦਾ ਉੱਤਰ: ਅਸਲ ਗਿਆਨ ਵਿਚਾਰਨ ਦੀ ਗੱਲ ਇਹ ਹੈ ਕਿ ਰੱਬ ਦੀ ਪ੍ਰਾਪਤੀ ਲਈ ਜੀਵ ਨੂੰ ਘਰ-ਬਾਰ ਤਿਆਗਣ
ਦੀ ਲੋੜ੍ਹ ਨਹੀਂ| ਜੀਵ ਨੂੰ ਦੁਨਿਆਵੀ ਧੰਧਿਆਂ ਵਿੱਚ ਖਚਿਤ ਨਹੀਂ ਹੋਣਾ ਚਾਹੀਦਾ ਅਤੇ ਮਨ ਨੂੰ ਪਰਾਏ
ਘਰ ਵਿੱਚ ਡੋਲਣ ਨਹੀਂ ਦੇਣਾ ਚਾਹੀਦਾ| ਪਰ ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਮਨ ਟਿੱਕ ਕੇ
ਨਹੀਂ ਬੈਠ ਸਕਦਾ ਅਤੇ ਮਾਇਆ ਵਲੋਂ ਇਸ ਦੀ ਤ੍ਰਿਸ਼ਨਾ ਨਹੀਂ ਮੁੱਕ ਸਕਦੀ। ਜਿਸ ਜੀਵ ਨੂੰ ਸਤਿਗੁਰੂ ਨੇ
ਨਾਮ ਕਮਾਉਣ ਦਾ ਅਸਲ ਟਿਕਾਣਾ, ਸ਼ਹਿਰ ਅਤੇ ਘਰ ਵਿਖਾ ਦਿੱਤਾ ਹੈ ਉਹ ਜੀਵ ਫਿਰ ਦੁਨੀਆਂ ਦੇ ਧੰਧਿਆਂ
ਵਿੱਚ ਭੀ ਅਡੋਲ ਰਹਿ ਕੇ ਪ੍ਰਭੁ ਦਾ ‘ਨਾਮ’ ਜਪਦਾ ਹੈ| ਉਸ ਜੀਵ ਦੀ ਨੀਂਦ ਭੀ ਘੱਟ ਅਤੇ ਖ਼ੁਰਾਕ ਭੀ
ਥੋੜ੍ਹੀ ਹੁੰਦੀ ਹੈ ਭਾਵ ਉਹ ਜੀਵ ਖਾਣ-ਪੀਣ ਦੇ ਚਸਕਿਆਂ ਵਿੱਚ ਨਹੀਂ ਪੈਂਦਾ।੮।
ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
ਪਦਅਰਥ: ਦਰਸਨੁ-ਮਤ,
ਜੋਗਿੰਦ੍ਰਾ-ਜੋਗੀ-ਰਾਜ ਦਾ, ਖਿੰਥਾ-ਗੋਦੜੀ, ਬਾਰਹ-ਜੋਗੀਆਂ ਦੇ 12 ਪੰਥ, ਏਕੁ-ਇਕ ‘ਆਈ ਪੰਥ’, ਸਾਡਾ
ਆਈ ਪੰਥ। ਸਰੇਵਹੁ-ਧਾਰਨ ਕਰੋ, ਕਬੂਲੋ। ਖਟੁ ਦਰਸਨ- ਜੋਗੀਆਂ ਦੇ ਛੇ ਭੇਖ ਭਾਵ ਜੰਗਮ, ਜੋਗੀ, ਜੈਨੀ,
ਸੰਨਿਆਸੀ, ਬੈਰਾਗੀ, ਬੈਸ਼ਨੋ। ਪੁਰਖਾ-ਹੇ ਪੁਰਖ ਨਾਨਕ! ਗੁਰਮੁਖਿ—ਗੁਰੂ ਦੇ ਸਨਮੁਖ।
ਅਰਥ: ਇਸ ਪਉੜੀ ਵਿੱਚ
ਲੋਹਾਰੀਪਾ ਜੋਗੀ ਆਪਣੇ ਮਤ ਦੀ ਵਡਿਆਈ ਕਰਦਾ ਹੈ। ਪਹਿਲੀਆਂ ਤਿੰਨ ਤੁਕਾਂ ਵਿੱਚ ਜੋਗੀਆਂ ਦੇ ਮਤ ਦਾ
ਖ਼ਿਆਲ ਹੈ। ਅਖ਼ੀਰਲੀ ਤੁਕ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਉੱਤਰ ਸ਼ੁਰੂ ਕਰਦੇ ਹਨ ਜੋ ਪਉੜੀ ਨੰ: ੧੧
ਤੱਕ ਜਾਂਦਾ ਹੈ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਜੋਗੀ ਨੇ ਮੈਨੂੰ ਕਿਹਾ ਹੇ ਪੁਰਖਾ ਭਾਵ ਹੇ
ਨਾਨਕ! ਛੇ ਭੇਖਾਂ ਵਿੱਚ ਇੱਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਨ੍ਹਾਂ ਵਿੱਚੋਂ ਤੁਸੀਂ
ਸਾਡੇ ‘ਆਈ ਪੰਥ’ ਨੂੰ ਧਾਰਨ ਕਰ ਲਵੋ| ਜੋਗੀਆਂ ਦੇ ਇਸ ਵੱਡੇ "ਆਈ ਪੰਥ" ਦੇ ਮਤ ਸ੍ਵੀਕਾਰ ਕਰਕੇ
ਮੁੰਦਰਾਂ, ਝੋਲੀ ਅਤੇ ਗੋਦੜੀ ਪਹਿਨ ਲਵੋ। ਹੇ ਨਾਨਕ! ਇਸ ਤਰ੍ਹਾਂ ਆਈ ਪੰਥ ਵਾਲੇ ਜੋਗ ਧਾਰਨ ਕਰਨ
ਨਾਲ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਅਤੇ ਫਿਰ ਮਾਇਆ ਦੀ ਚੋਟ ਨਹੀਂ ਲੱਗਦੀ।
ਉੱਤਰ: ਗੁਰੂ ਨਾਨਕ ਸਾਹਿਬ
ਨੇ ਕਿਹਾ ਕਿ ਗੁਰੂ ਦੇ ਸਨਮੁਖ ਹੋਣ ਨਾਲ ਹੀ ਜੀਵ ਆਪਣੇ ਮਨ ਨੂੰ ਸਮਝਾਉਣ ਦਾ ਢੰਗ ਸਮਝ ਸਕਦਾ ਹੈ
ਅਤੇ ਇਸ ਤਰ੍ਹਾਂ ਜੋਗ ਦੀ ਜੁਗਤ ਲੱਭਦੀ ਹੈ|
ਨੋਟ: ਉੱਤਰ ਅਗਲੀ ਪਉੜੀ ਵਿੱਚ ਜ਼ਾਰੀ ਹੈ|
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥
ਪਦਅਰਥ : ਅੰਤਰਿ-ਮਨ ਦੇ
ਅੰਦਰ, ਨਿਰੰਤਰਿ-ਨਿਰ-ਅੰਤਰਿ, ਇੱਕ-ਰਸ ਸਦਾ। ਮਮ-ਮੇਰਾ, ਮਮਤਾ- ਅਪਣੱਤ, ਦੁਨੀਆਵੀ ਪਦਾਰਥਾਂ ਨੂੰ
ਆਪਣਾ ਬਨਾਣ ਦਾ ਖ਼ਿਆਲ, ਨਿਵਾਰੈ-ਦੂਰ ਕਰਦਾ ਹੈ, ਸਾਚਾ-ਸਦਾ ਕਾਇਮ ਰਹਿਣ ਵਾਲਾ, ਨਾਈ-ਵਡਿਆਈ, ਖਰੀ
ਬਾਤ- ਸੱਚੇ ਸ਼ਬਦ ਦੀ ਰਾਹੀਂ।
ਅਰਥ: ਜੋਗ ਮਤ ਦੇ ਖਿਆਲ
ਨੂੰ ਦਰੁਸਤ ਕਰਦੇ ਹੋਏ ਗੁਰੂ ਨਾਨਕ ਜੋਗੀਆਂ ਨੂੰ ਸਮਝਾ ਰਹੇ ਹਨ ਕਿ ਅਸਲ ਜੋਗ ਮਤ ਤਾਂ ਸਤਿਗੁਰੂ ਦੀ
ਸਿੱਖਿਆ ਨੂੰ ਮਨ ਵਿੱਚ ਇੱਕ-ਰਸ ਵਸਾਉਣਾਹੈ -ਇਹ ਕੰਨਾਂ ਵਿੱਚ ਮੁੰਦ੍ਰਾਂ ਪਾਉਣੀਆਂ ਹਨ| ਜੋ ਪ੍ਰਾਣੀ
ਗੁਰ-ਸ਼ਬਦ ਭਾਵ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਉਹ ਆਪਣੀ ਹਉਮੈ ਅਤੇ ਮਮਤਾ
ਨੂੰ ਦੂਰ ਕਰ ਲੈਂਦਾ ਹੈ| ਉਹ ਪ੍ਰਾਣੀ ਕਾਮ, ਕ੍ਰੋਧ ਅਤੇ ਹੰਕਾਰ ਨੂੰ ਮਿਟਾ ਲੈਂਦਾ ਹੈ| ਗੁਰੂ ਦੀ
ਸਿੱਖਿਆ ਰਾਹੀਂ ਉਸ ਪ੍ਰਾਣੀ ਨੂੰ ਸੋਹਣੀ ਸੂਝ ਪੈ ਜਾਂਦੀ ਹੈ। ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ
ਵਿਆਪਕ ਸਮਝਣਾ ਉਸ ਜੀਵ ਲਈ ਅਸਲ ਗੋਦੜੀ ਅਤੇ ਝੋਲੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਜੀਵ
ਇਹ ਨਿਰਨਾ ਕਰ ਲੈਂਦਾ ਹੈ ਕਿ ਇੱਕ ਪ੍ਰਮਾਤਮਾ ਹੀ ਮਾਇਆ ਦੀ ਚੋਟ ਤੋਂ ਬਚਾ ਸਕਦਾ ਹੈ| ਕੇਵਲ
ਪ੍ਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਅਤੇ ਉਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ
ਹੈ।੧੦।
ਨੋਟ: ਗੁਰੂ ਸਾਹਿਬ ਦਾ ਉੱਤਰ ਅਗਲੀ ਪਉੜੀ ਤੱਕ ਜ਼ਾਰੀ ਹੈ|
ਊਂਧਉ ਖਪਰੁ ਪੰਚ ਭੂ ਟੋਪੀ ॥
ਕਾਂਇਆ ਕੜਾਸਣੁ ਮਨੁ ਜਾਗੋਟੀ ॥
ਸਤੁ ਸੰਤੋਖੁ ਸੰਜਮੁ ਹੈ ਨਾਲਿ ॥
ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥
ਪਦਅਰਥ: ਊਂਧਉ- ਸੰਸਾਰਕ
ਖ਼ਾਹਸ਼ਾਂ ਵਲੋਂ ਮੁੜਿਆ ਹੋਇਆ ਮਨ, ਖਪਰੁ-ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ
ਪੁਆਉਂਦਾ ਹੈ, ਪੰਚਭੂ-ਪੰਜਾਂ ਤੱਤਾਂ ਦੇ ਉਪਕਾਰੀ ਗੁਣ ਭਾਵ ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ
ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ, ਕੜਾਸਣੁ-ਕਟ ਦਾ ਆਸਣ,
ਕਟ-ਫੂਹੜੀ, ਜਾਗੋਟੀ-ਲੰਗੋਟੀ, ਗੁਰਮੁਖਿ-ਗੁਰੂ ਦੀ ਰਾਹੀਂ, ਸਮਾਲਿ- ਸਮ੍ਹਾਲਦਾ ਹੈ।
ਅਰਥ: ਗੁਰੂ ਨਾਨਕ ਸਾਹਿਬ
ਇਸ ਪਉੜੀ ਵਿੱਚ ਜੋਗ ਮਤ ਦੇ ਖਿਆਲ ਨੂੰ ਹੋਰ ਦਰੁਸਤ ਕਰ ਰਹੇ ਹਨ| ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ
ਅਸਲ ਜੋਗੀ ਉਹ ਹੈ ਜੋ ਜਿਹੜਾ ਗੁਰੂ ਦੀ ਸਿੱਖਿਆ ਰਾਹੀਂ ਪ੍ਰਭੂ ਦਾ ਨਾਮ ਜਪਦਾ ਹੈ, ਸੰਸਾਰਕ ਖ਼ਾਹਸ਼ਾਂ
ਵਲੋਂ ਮੁੜੀ ਹੋਈ ਸੁਰਤ ਉਸ ਲਈ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ, ਸਰੀਰ ਨੂੰ
ਵਿਕਾਰਾਂ ਤੋਂ ਨਿਰਮਲ ਰੱਖਣਾ ਉਸ ਲਈ ਦੱਭ ਦਾ ਆਸਣ ਹੈ, ਵੱਸ ਵਿਚ ਆਇਆ ਹੋਇਆ ਮਨ ਉਸ ਦੀ ਲੰਗੋਟੀ
ਹੈ, ਸਤ, ਸੰਤੋਖ ਅਤੇ ਸੰਜਮ ਉਸ ਦੇ ਤਿੰਨ ਚੇਲੇ ਹਨ| ਉੱਪਰ ਦੱਸੇ ਸਾਰੇ ਗੁਣ ਧਰਨਾ ਹੀ ਅਸਲ ਜੋਗ
ਹੈ| ਜੇ ਇਹ ਗੁਣ ਧਾਰਨ ਨਹੀਂ ਕੀਤੇ ਤਾਂ ਇਹ ਸਮਝੋ ਕਿ ਸਭ ਭੇਖ ਹੀ ਹੈ।੧੧।
ਨੋਟ: ਪਉੜੀ ਨੰ: ੯ ਦਾ ਉੱਤਰ ਇਥੇ ਆ ਕੇ ਮੁੱਕ ਗਿਆ ਹੈ। ਪਉੜੀ ਨੰ: ੧੧ ਤੱਕ
ਚਰਪਟ ਅਤੇ ਲੋਹਾਰੀਪਾ ਜੋਗੀ ਦੇ ਪ੍ਰਸ਼ਨ ਵੀ ਮੁੱਕ ਗਏ ਹਨ। ਅਸੀਂ ਪਿਛਲੇ ਲੇਖ ਵਿੱਚ ਦੇਖ ਆਏ ਹਾਂ ਕਿ
ਭਾਈ ਗੁਰਦਾਸ ਨੇ ਸਵਾਲ ਕਰਨ ਵਾਲਿਆਂ ਵਿੱਚ ਜੋਗੀ ਭੰਗ੍ਰਨਾਥ ਦਾ ਵੀ ਜ਼ਿਕਰ ਕੀਤਾ ਹੈ| ਪਰ ਗੁਰੂ
ਸਾਹਿਬ ਨੇ ਉਸ ਦਾ ਜ਼ਿਕਰ ਆਪਣੀ ਬਾਣੀ ਵਿਚ ਨਹੀਂ ਕੀਤਾ| ਅਗਲੀਆਂ ਪਉੜੀਆਂ ਵਿੱਚ ਸਾਰੇ ਜੋਗੀਆਂ ਵਲੋਂ
ਕੀਤੇ ਖੁੱਲ੍ਹੇ ਪ੍ਰਸ਼ਨ ਅਤੇ ਗੁਰੂ ਜੀ ਵਲੋਂ ਉਨ੍ਹਾਂ ਦੇ ਉੱਤਰ ਦਿੱਤੇ ਜਾ ਰਹੇ ਹਨ
ਜੋ ਕਿ ਅਸੀਂ ਅਗਲੀ ਕਿਸ਼ਤ ਵਿਚ
ਵਿਚਾਰਾਂਗੇ।
ਬਲਬਿੰਦਰ ਸਿੰਘ
ਅਸਟ੍ਰੇਲੀਆ
|
. |