ਜ਼ਕਾਤ
ਧਾਰਮਕ ਦੁਨੀਆ ਵਿੱਚ ਬਾਹਰਲੀ ਦੁਨੀਆ ਦੀ ਪ੍ਰਚਲਤ ਬੋਲੀ, ਅਖਾਣ, ਇਤਿਹਾਸਕ
ਜਾਂ ਮਿਥਿਹਾਸਕ ਕਹਾਣੀਆਂ ਦੇ ਕਿਰਦਾਰ, ਉਨ੍ਹਾਂ ਦੇ ਨਾਮ ਜਾਂ ਪ੍ਰਚਲਤ ਵਿਚਾਰਧਾਰਾ ਦੇ ਹਵਾਲੇ ਦਿਤੇ
ਜਾਂਦੇ ਹਨ। ਅੱਖਰਾਂ ਨੂੰ ਵਰਤਿਆ ਜਾਂਦਾ ਹੈ। ਇਨ੍ਹਾਂ ਅੱਖਰਾਂ ਨੂੰ ਵਰਤ ਕੇ ਧਰਮ ਬਾਰੇ ਵਿਚਾਰ
ਕਰਨੀ ਪ੍ਰੋਢਾਵਾਦ ਦਾ ਢੰਗ ਕਹਿਲਾਉਂਦਾ ਹੈ। ਬਾਹਰਲੀ ਦੁਨੀਆ ’ਚ ਇਨ੍ਹਾਂ ਅੱਖਰਾਂ ਦਾ ਅਰਥ ਕੁਝ ਹੋਰ
ਹੁੰਦਾ ਹੈ ਪਰ ਧਾਰਮਿਕ ਦੁਨੀਆ ’ਚ ਇਨ੍ਹਾਂ ਅੱਖਰਾਂ ਦੇ ਭਾਵ ਅਰਥ ਮਨੁੱਖ ਦਾ ਕਿਰਦਾਰ ਉੱਚਾ ਕਰਨ
ਵਜੋਂ ਵਿਚਾਰੇ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ਗੁਰਬਾਣੀ ’ਚ ਸਾਡੀ ਸੋਚਣੀ ਦੇ ਢੰਗ ਨੂੰ ਜਾਂ
ਫੁਰਨਿਆਂ ਦੇ ਘਰ ‘ਮਨ’ ਨੂੰ ਨਗਰ, ਗਾਂਵ ਜਾਂ ਦੇਹੀ ਕਿਹਾ ਗਿਆ ਹੈ।
ਇਸੇ ਤਰ੍ਹਾਂ ਗੁਰਬਾਣੀ ਵਿੱਚ ਜਾਗਾਤੀ ਜਾਂ ਲੇਖਾ ਸ਼ਬਦ ਵਰਤਿਆ ਗਿਆ ਹੈ।
ਜਦੋਂ ਮਨੁੱਖ ਕੁਝ ਕਮਾਉਂਦਾ ਹੈ ਤਾਂ ਉਸ ਕਮਾਈ ’ਚੋਂ ਕੁਝ ਹਿੱਸਾ ਸਰਕਾਰ ਨੂੰ ਦੇਣਾ ਪੈਂਦਾ ਹੈ। ਇਸ
ਨਾਲ ਸਰਕਾਰ ਦਾ ਕੰਮ ਚਲਦਾ ਹੈ। ਸਰਕਾਰ ਇਸ ਲਏ ਗਏ ਟੈਕਸ (ਜ਼ਕਾਤ, ਜਗਾਤ) ਨੂੰ ਪਰਜਾ ਜਾਂ ਦੇਸ਼ ਦੇ
ਹਿੱਤ ਲਈ ਵਰਤਦੀ ਹੈ।
ਮਨੁੱਖ ਧਰਮ ਤੋਂ ਇਮਾਨਦਾਰੀ ਸਿੱਖ ਕੇ ਸਰਕਾਰ ਨੂੰ ਟੈਕਸ (ਜ਼ਕਾਤ ਜਾਂ ਜਗਾਤ)
ਦੇਂਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਟੈਕਸ ਦੇਣ ਵਿਚ ਹੀ ਭਲਾਈ ਹੈ। ਇਸ ਪੱਖੋਂ ਮਨੁੱਖ ਦਾ ਕਮਾਇਆ
ਧਨ ਸਰਕਾਰ ਦੀ ਨਜ਼ਰਾਂ ਵਿੱਚ ਪਵਿਤ੍ਰ ਮੰਨਿਆ ਜਾਂਦਾ ਹੈ। ਇਸਨੂੰ ਸਫੇਦ ਧਨ ਕਹਿ ਦਿੱਤਾ ਜਾਂਦਾ ਹੈ।
ਧਰਮ ਸਮਝਣ ਤੋਂ ਬਾਅਦ ਮਨੁੱਖ ਇਮਾਨਦਾਰ ਹੋ ਜਾਂਦਾ ਹੈ। ਐਸਾ ਮਨੁੱਖ ਕਾਲਾ
ਧਨ ਨਹੀਂ ਕਮਾਉਂਦਾ। ਪਰ ਜਿਸ ਮਨੁੱਖ ਕੋਲ ਕਾਲਾ ਧਨ ਹੁੰਦਾ ਹੈ ਉਹ ਐਸੇ ਗੈਰਕਾਨੂੰਨੀ ਕਮਾਏ ਧਨ ਨੂੰ
ਛੁਪਾਉਣ ਦਾ ਜਤਨ ਇਹ ਸੋਚ ਕੇ ਕਰਦਾ ਹੈ ਕਿ ਮਤੇ ਕੋਈ ਖੋਹ ਨਾ ਲਵੇ ਜਾਂ ਸਰਕਾਰ ਨੂੰ ਟੈਕਸ ਨਾ ਦੇਣਾ
ਪਵੇ।
ਧਨ ਤੋਂ ਇਲਾਵਾ ਕੋਈ ਵੀ ਪਦਾਰਥ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਦੇਸ਼ ’ਚ
ਲਿਜਾਉਣ ਲਈ ਚੁੰਗੀ ਦੇਣੀ ਪੈਂਦੀ ਹੈ। ਇਸ ਦਾ ਸਦਕਾ ਪਦਾਰਥ ਪ੍ਰਮਾਣਿਤ ਹੋ ਜਾਂਦੇ ਹਨ।
ਧਨ ਜਾਂ ਪਦਾਰਥ ਉੱਤੇ ਦਿੱਤਾ ਟੈਕਸ (ਜਾਗਾਤ) ਮਨੁੱਖ ਦੇ ਧਨ ਜਾਂ ਪਦਾਰਥਾਂ
ਨੂੰ ਕਨੂੰਨੀ ਤੌਰ ’ਤੇ ਜਾਇਜ਼ ਕਰਾਰ ਕਰ ਦਿੰਦਾ ਹੈ। ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਿਆ ਕਿ ਆਪਣੇ
ਧਨ ਪਦਾਰਥਾਂ ਨੂੰ ਜਾਇਜ਼ ਕਰਨ ਲਈ ਸਰਕਾਰ ਦੀ ਨਜ਼ਰ ’ਚ ਮੰਜ਼ੂਰ-ਸ਼ੁਦਾ ਠੀਕ ਧਨ ਪਦਾਰਥ ਕਰਾਰ ਕਰਨ ਲਈ
ਸਰਕਾਰੀ ਨਿਯਮਾਂ ਦਾ ਪਾਲਨ ਜ਼ਰੂਰੀ ਹੈ।
ਧਾਰਮਕ ਦੁਨੀਆ ’ਚ ਹੂਬਹੂ ਇਸੇ ਪ੍ਰੋਢਾਵਾਦ ਨੂੰ ਵਰਤਿਆ ਗਿਆ ਹੈ। ਮਨੁੱਖ ਦੀ
ਸੋਚਣੀ ਦਾ ਢੰਗ ਅਤੇ ਮਨ ਕੀ ਮਤ ਹੀ ਇਸ ਦਾ ਧਨ ਹੈ। ਇਸ ਦੇ ਸਰੀਰ, ਗਾਂਉ, ਦੇਹੀ ਅੰਦਰ ਮਨ ਵੱਲੋਂ
ਗ੍ਰਹਿਣ ਕੀਤੇ ਖਿਆਲਾਂ ਰੂਪੀ ਪਦਾਰਥਾਂ ਦਾ ਜੋ ਧਨ ਇਕੱਤਰ ਹੁੰਦਾ ਹੈ, ਉਹ ਹੀ ਸੁਭਾ ਬਣ ਜਾਂਦਾ ਹੈ।
ਮਨੁੱਖ ਖਿਆਲਾਂ ਰੂਪੀ ਪਦਾਰਥਾਂ ਨੂੰ ਆਪਣੇ ਦਿਮਾਗ ਰੂਪੀ ਗੋਦਾਮ ਵਿੱਚ ਇੱਕਠਾ ਕਰਦਾ ਜਾਂਦਾ ਹੈ ਅਤੇ
ਇਨ੍ਹਾਂ ਖਿਆਲਾਂ ਨੂੰ ਵੇਲੇ ਕੁਵੇਲੇ ਆਪਣੇ ਜੀਵਨ ਦੀ ਯਾਤਰਾ ਦੇ ਹਰੇਕ ਪਲ ’ਚ ਵਰਤਦਾ ਰਹਿੰਦਾ ਹੈ।
ਕੌਣ ਫੈਸਲਾ ਕਰੇ ਕਿ ਮਨੁੱਖ ਦੇ ਮਨ ਰਾਹੀਂ ਇੱਕਠੇ ਕੀਤੇ ਧਨ ਪਦਾਰਥਾਂ,
ਖਿਆਲਾਂ, ਸੰਸਕਾਰਾਂ ਅਤੇ, ਸੁਭਾ ਪਵਿਤ੍ਰ ਹਨ ਜਾਂ ਨਹੀਂ? ਇਸ ਦਾ ਨਿਰਣਾ ਧਰਮ ਦੀ ਸਰਕਾਰ ਕਰਦੀ ਹੈ
ਜੋ ਕਿ :
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1092)
ਭਾਵ ਮਨੁੱਖ ਦੇ ਅੰਤਰਆਤਮੇ ’ਚ ਬੈਠੇ ਰੱਬ ਵੱਲੋਂ ਨਾਲੋਂ-ਨਾਲ ਨਿਰਣਾ ਹੁੰਦਾ
ਜਾਂਦਾ ਹੈ ਕਿ ਕਿਹੜੇ ਖਿਆਲ, ਧਨ, ਪਦਾਰਥ ਚੰਗੇ ਹਨ ਅਤੇ ਕਿਹੜੇ ਬੁਰੇ ਹਨ।
‘ਚੰਗਿਆਈਆ ਬੁਰਿਆਈਆ ਵਾਚੈ ਧਰਮੁ
ਹਦੂਰਿ’ ਚੰਗਿਆਈਆਂ ਅਤੇ ਬੁਰਿਆਈਆਂ ਨੂੰ ਧਰਮ
ਨਾਲੋਂ-ਨਾਲ ਵਾਚਦਾ ਜਾਂਦਾ ਹੈ।
ਚੰਗਿਆਈਆਂ ਨੂੰ ਜਾਇਜ਼ ਅਤੇ ਪਵਿੱਤਰ ਮੰਨ ਕੇ ਰੱਬੀ ਦਰਗਾਹ ’ਚ ਪਰਵਾਨ ਕਰ
ਲਿਆ ਜਾਂਦਾ ਹੈ। ਚੰਗੇ ਗੁਣਾਂ ਨੂੰ
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ
ਪਾਵਹਿ ਦਰਗਹਿ ਮਾਨੁ ॥ ਕਿਹਾ ਜਾਂਦਾ ਹੈ ਅਤੇ
ਬੁਰਿਆਈਆਂ ਤੇ ਕਾਲੇ ਧਨ ਨੂੰ ਨਾਜਾਇਜ਼ ਅਤੇ ਗੈਰਕਾਨੂੰਨੀ ਧਨ ਇਕਰਾਰ ਕੀਤਾ ਜਾਂਦਾ ਹੈ। ਕਾਲੇ,
ਅਵਗੁਣੀ, ਨਾਜਾਇਜ਼ ਵਿਕਾਰਾਂ ਨੂੰ, ਮੰਦੇ ਸੁਭਾ ਵਾਲੇ ਖਿਆਲਾਂ ਨੂੰ ਰੱਬੀ ਦਰਗਾਹ ’ਚ ਖੋਟੇ ਕਹਿ ਕੇ
ਪਰਵਾਨ ਨਹੀਂ ਕੀਤਾ ਜਾਂਦਾ।
ਖੋਟੇ ਕਾਲੇ ਧਨ ਨਾਲ ਮਨੁੱਖ ਦੇ ਮੰਦੇ, ਕੂੜੇ ਖਿਆਲ (ਸੁਭਾ) ਬਣਦੇ ਹਨ।
ਹੁੰਦੇ ਇਹ ਵੀ ਧਨ ਪਦਾਰਥ ਹੀ ਹਨ ਪਰ ਚੰਗੇ ਸੁੱਚੇ ਗੁਣਾਂ (ਪੰਚ ਪਰਵਾਣ) ਨੂੰ, ਖਿਆਲਾਂ ਸੁਭਾ
ਆਦਤਾਂ ਨੂੰ `ਸਾਚਾ ਧਨ` ਕਹਿੰਦੇ ਹਨ ਅਤੇ ਕਾਲੇ ਖਿਆਲਾਂ, ਅਵਗੁਣੀ ਮੰਦੇ ਸੁਭਾ ਨੂੰ `ਕਾਚਾ ਧਨ`
ਕਹਿੰਦੇ ਹਨ, ਜੋ ਕਿ ਕਾਲਾ ਧਨ ਹੀ ਹੁੰਦਾ ਹੈ।
ਜਿਵੇਂ ਬਾਹਰਲੀ ਦੁਨੀਆਂ ’ਚ ਮਨੁੱਖ ਕਾਲੇ ਧਨ ਨੂੰ ਛੁਪਾਉਂਦਾ ਹੈ ਉਸੇ
ਤਰ੍ਹਾਂ ਧਾਰਮਿਕ ਦੁਨੀਆ ’ਚ ਵੀ ਉਹ ਅਵਗੁਣ, ਮੰਦੇ ਖਿਆਲਾਂ ਅਤੇ ਸੁਭਾ ਨੂੰ ਛੁਪਾ ਕੇ ਰੱਖਣ ਦਾ
ਹਰੇਕ ਜਤਨ ਕਰਦਾ ਹੈ।
ਬਾਹਰਲੀ ਦੁਨੀਆ ’ਚ ਕਾਲੇ ਧਨ ਨੂੰ ਸੰਭਾਲਣ ਲਈ ਬਹੁਤ ਪਾਪੜ ਵੇਲਣੇ ਪੈਂਦੇ
ਹਨ ਪਰ ਮਨੁੱਖ ਨੂੰ ਮਾਨਸਕ ਤੌਰ ਤੇ ਪਰੇਸ਼ਾਨੀ ਝਲਣੀ ਪੈਂਦੀ ਹੈ, ਆਤਮਕ ਸੁੱਖ-ਚੈਨ ਗਵਾਚ ਜਾਂਦਾ ਹੈ।
ਮਨੁੱਖ ਦਾ ਕਾਲਾ ਧਨ ਹੋਰ ਵੱਧਦਾ ਹੈ ਅਤੇ ਉਹ ਹੋਰ ਕਾਮੀ, ਕ੍ਰੋਧੀ, ਲੋਭੀ ਹੁੰਦਾ ਜਾਂਦਾ ਹੈ।
ਬਾਹਰਲੇ ਧਨ ਨੂੰ ਕਿਸੇ ਹੀਲੇ ਵਸੀਲੇ ਨਾਲ ਸਰਕਾਰ ਤੋਂ ਬਚਾਉਣ ’ਚ ਉਹ ਕਾਮਯਾਬ ਹੋ ਜਾਂਦਾ ਹੈ। ਇਸੇ
ਨੂੰ ਹੀ
‘ਬਿਆਜੁ ਬਢੰਤਉ
ਜਾਇ’ ਕਹਿੰਦੇ ਹਨ।
ਧਾਰਮਕ ਦੁਨੀਆ ਦੀ ਕਚਹਿਰੀ (ਸਰਕਾਰ ਦਰਗਾਹ) ਜੋ ਕਿ ਹਰੇਕ ਮਨੁੱਖ ਦੇ ਅੰਦਰ
ਹੀ ਲੱਗੀ ਹੈ, ਉੱਥੇ ਮਨੁੱਖ ਪਕੜਿਆ ਜਾਂਦਾ ਹੈ। ਬਾਹਰਲੇ ਧਨ-ਪਦਾਰਥ ਵਾਂਗ ਆਪਣੇ ਕਾਚੇ ਧਨ ਦੇ ਖਿਆਲ
ਸੰਸਕਾਰ, ਸੁਭਾ, ਸੋਚਨੀ ਆਦਤਾਂ ਨੂੰ ਛੁਪਾ ਨਹੀਂ ਪਾਉਂਦਾ। ਕਦੀ ਨਹੀਂ ਕਹਿੰਦਾ ਕਿ ਮੈਂ ਪਰਾਇਆ ਹੱਕ
ਮਾਰਦਾ ਹਾਂ, ਭੈੜੀ ਨਜ਼ਰ ਨਾਲ ਦੂਜਿਆਂ ਵਲ ਤੱਕਦਾ ਹਾਂ, ਦੂਜਿਆਂ ਤੋਂ ਈਰਖਾ ਕਰਦਾ ਹਾਂ, ਗੁੱਸਾ
ਕਰਦਾ ਹਾਂ, ਪਖੰਡੀ ਹਾਂ, ਵੈਰ ਰੱਖਦਾ ਹਾਂ ਆਦਿ। ਆਪਣੇ ਅਵਗੁਣੀ ਕਾਲੇ ਧਨ ਨੂੰ ਉਜਾਗਰ ਨਹੀਂ ਕਰਦਾ
ਪਰ ਧਾਰਮਕ ਦੁਨੀਆਂ ’ਚ ਇਨ੍ਹਾਂ ਨੂੰ ਜਮ ਡੰਡ ਜਾਂ ਜਮ ਦੀ ਸਿਰਕਾਰ ਕਿਹਾ ਹੈ। ਇਨ੍ਹਾਂ ਅਵਗੁਣਾਂ ਦੀ
ਸਜ਼ਾ ਸਹਾਰਨੀ ਹੀ ਪੈਂਦੀ ਹੈ।
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਏਹ ਜਮ ਕੀ ਸਿਰਕਾਰ ਹੈ ਏਨ੍ਾ ਉਪਰਿ ਜਮ ਕਾ ਡੰਡੁ ਕਰਾਰਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 513)
ਇਹੋ ਲੇਖਾ ਕਹਿਲਾਂਦਾ ਹੈ
`ਬਿਆਜੁ ਬਢੰਤਉ ਜਾਇ`।
ਜਦੋਂ ਬਾਹਰਲੀ ਦੁਨੀਆਂ ਦੀ ਸਰਕਾਰ ਦੇ ਬੰਦੇ ਆ ਕੇ ਲੇਖਾ-ਜੋਖਾ ਕਰਦੇ ਹਨ ਤਾਂ ਕਾਲਾ ਧਨ ਅਤੇ
ਨਾਜਾਇਜ਼ ਪਦਾਰਥ ਵੇਖ ਕੇ ਦੰਡ, ਸਜ਼ਾ, ਜਾਂ ਟੈਕਸ ਲਾਂਦੇ ਹਨ। ਉਸਦੇ ਭੁਗਤਾਨ ਨਾਲ ਮਨੁੱਖ ਦੇ ਬਾਕੀ
ਧਨ ਪਦਾਰਥ ਜਾਇਜ਼ ਹੋ ਜਾਂਦੇ ਹਨ।
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅਤੇ
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥
ਅਤੇ
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 598)
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
(ਗੁਰੂ ਗ੍ਰੰਥ ਸਾਹਿਬ, ਪੰਨਾ 766)
ਸੋ ਆਪਣੇ ਅਮਲੀ ਧਾਰਮਕ ਜੀਵਨੀ ਦੇ ਕਿਰਦਾਰ ਲਈ ਮਨੁੱਖ ਨੂੰ ਜ਼ਕਾਤ, ਟੈਕਸ
ਜਾਂ ਜਾਗਾਤ ਦੇਣਾ ਪੈਂਦਾ ਹੈ ਜੋ ਕਿ ਅਵਗੁਣ ਹੀ ਹਨ। ਇਹ ਸਭ ਕੁਝ ਰੱਬ ਨੂੰ ਦੇਦੇ। ਅਵਗੁਣ ਦੇਦੇ
ਤਾਂ ਤੇਰਾ ਬਾਕੀ ਧਨ ਸਰੀਰ, ਦੇਹ, ਪਦਾਰਥ, ਖਿਆਲ ਸੁਭਾ ਸਭ ਜਾਇਜ਼ (ਪਵਿਤ੍ਰ, ਸਫੇਦ) ਹੋ ਜਾਣਗੇ।
ਮੰਦੇ ਖਿਆਲ, ਸੁਭਾ ਆਦਤਾਂ ਛੱਡਣ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ, ਜਮ
ਆਪਣਾ ਮੰਦਾ, ਕਾਚਾ ਧਨ ਲੈ ਕੇ ਲੇਖੇ ਦੇ ਕਾਗਜ਼ ਫਾੜ ਕੇ ਸੁੱਟ ਦੇਂਦਾ ਹੈ। ਮਨੁੱਖ ਉਸ ਦੀ ਫਾਹੀ
ਜੰਜ਼ੀਰ ਤੋਂ ਮੁਕਤ ਹੋ ਜਾਂਦਾ ਹੈ।
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
(ਗੁਰੂ ਗ੍ਰੰਥ ਸਾਹਿਬ, ਪੰਨਾ 595)
ਇਸੇ ਮਨੁੱਖ ਦੇ ਮਨ ਨੂੰ ਪੁਛਿਆ ਗਿਆ ਹੈ
ਮਨ ਐਸਾ ਲੇਖਾ ਤੂੰ ਕੀ ਪੜਿਆ ॥ ਲੇਖਾ ਦੇਣਾ ਤੇਰੈ ਸਿਰਿ ਰਹਿਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 434)
ਜਿਸ ਵੀ ਕੰਮ, ਖਿਆਲ, ਸੁਭਾ ਨਾਲ ਸੋਚਣੀ ’ਚ ਮੰਦੇ ਖਿਆਲ (ਕਾਚਾ ਧਨ) ਆ
ਜਾਂਦੇ ਹਨ, ਉਸ ਨਾਲ ਜਮ ਸਤਾਉਂਦਾ ਹੈ, ਮਨੁੱਖ ਜਿਊਂਦੇ ਜੀਅ ਇਸੇ ਜੀਵਨ ਕਾਲ ਵਿੱਚ ਸਜ਼ਾ ਭੋਗਦਾ
ਰਹਿੰਦਾ ਹੈ। ਲੇਖਾ ਮੁਕਦਾ ਹੀ ਨਹੀਂ ਅਤੇ ਮਨੁੱਖ ਸਰੀਰਕ ਮੌਤ ਸਹੇੜ ਕੇ ਆਪ ਮੁੱਕ ਜਾਂਦਾ ਹੈ।
ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 595)
ਜਿਸ ਮਨੁੱਖ ਨੂੰ ਆਪਣੇ ਅਵਗੁਣੀ ਖਿਆਲ, ਸੁਭਾ ਤੋਂ ਆਪਣਾ ਦੁਖੀ ਹੋਣਾ ਦਿੱਸ
ਪੈਂਦਾ ਹੈ ਭਾਵ ਉਹ ਮਹਿਸੂਸ ਕਰਦਾ ਹੈ ਤਾਂ ਉਹ ਇਸ ਤੋਂ ਮੁਕਤ ਹੋਣ ਦੇ ਰਾਹ (ਧਰਮ) ’ਤੇ ਤੁਰ ਪੈਂਦਾ
ਹੈ।
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥
(ਗੁਰੂ ਗ੍ਰੰਥ ਸਾਹਿਬ, ਪੰਨਾ 595)
ਐਸਾ ਮਨੁੱਖ ਅਵਗੁਣਾਂ ਦੀ ਪੰਢ, ਖਿਆਲ, ਸੁਭਾ ਨੂੰ ਗਲੀਂ ਜੰਜੀਰ ਸਮਝ ਕੇ
ਛੁਟਣ ਲਈ ਸਤਿਗੁਰ ਦੀ ਮਤ ਲੈਂਦਾ ਹੈ। ਸਤਿਗੁਰ ਜੀ ਚੰਗੇ ਗੁਣਾਂ ਰੂਪੀ ਖਿਆਲ (ਭੈਣ, ਭਾਈ, ਵੀਰ)
ਇਸਨੂੰ ਦੇਂਦੇ ਹਨ। ਜਿਨ੍ਹਾਂ ਸਦਕਾ ਇਹ ਅਵਗੁਣਾਂ ਦੀ ਜੰਜੀਰ (ਫਾਹੀ) ਕੱਟ ਕੇ ਮੁਕਤ ਹੋ ਜਾਂਦੇ ਹਨ।
ਕਾਚਾ ਧਨ (ਅਵਗੁਣਾਂ) ਰੱਬ ਨੂੰ ਦੇਕੇ ਮਨੁੱਖ ਦਾ ਸੋਚਨੀ ਵਾਲਾ ਨਗਰ, ਗਾਂਉ,
ਦੇਹੀ, ਪਵਿਤ੍ਰ ਹੋ ਜਾਂਦਾ ਹੈ। ਮਨੁੱਖ ਜਿਊਂਦੇ ਜੀਅ ਰੱਬੀ ਦਰਗਾਹ ’ਚ ਮੁਕਤ ਹੋ ਕੇ ਸੁਰਖ਼ਰੂ ਹੋ
ਜਾਂਦਾ ਹੈ।
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥
(ਗੁਰੂ ਗ੍ਰੰਥ ਸਾਹਿਬ, ਪੰਨਾ 595)
ਜਿਨ੍ਹਾਂ ਅਵਗੁਣਾਂ ਨੂੰ ਆਪਣਾ ਗੁਰੂ ਮੰਨਿਆ ਸੀ, ਉਹ ਜੰਮ ਹੀ ਸਨ। ਜਮਾਂ ਦੀ
ਗਿਰਫ਼ਤ ਵਿਚ ਫਸੇ ਹੋਣ ਕਾਰਨ ਤੂੰ ਵੇਪੀਰ ਹੋ ਗਿਆ ਸੀ ਹੁਣ ਜਾਗ ਕੇ ਨਿਜਘਰ ਚੋਂ ਰੱਬੀ ਗੁਣਾਂ ਦੇ
ਖਜ਼ਾਨੇ ਵਾਲਾ ਗੁਰੂ ਪੀਰ ਬਣਾ। ਚੰਗੇ ਗੁਣਾਂ ਦਾ ਖਜ਼ਾਨਾ ਵਰਤ ਕੇ ਦਰਗਾਹ ਪਰਵਾਨ ਹੋਣਾ, ਅਤੇ
ਅਵਗੁਣਾਂ ਦੀ ਜ਼ਕਾਤ ਦੇ ਕੇ ਮਨੁੱਖ ਸੁਰਖੁਰੂ ਹੋ ਜਾਂਦਾ ਹੈ।
ਜਿਨ੍ਹਾਂ ਨੂੰ ਅਮਲੀ ਤੌਰ ’ਤੇ ਧਰਮ ਜਿਊਣਾ ਆ ਜਾਂਦਾ ਹੈ ਉਹ ਚੰਗੇ ਗੁਣਾਂ
ਦੇ ਖਜ਼ਾਨੇ ਨੂੰ ਵੰਡ ਛਕਦੇ ਹਨ ਤਾਂ ਹੋਰਨਾਂ ਦੀ ਵੀ ਜੰਜੀਰੀ ਕਟੀ ਜਾਂਦੀ ਹੈ। ਚੰਗੇ ਗੁਣ ਹੀ ਗੁਰੂ
ਪੀਰ ਹੁੰਦੇ ਹਨ ਜਿਸ ਨਾਲ ਮਨੁੱਖ ‘ਧਰਮ ਅਰਥ’ ਲਈ ਅਵਗੁਣਾਂ ਦੇ ‘ਕਾਚਾ ਧਨ’ ਤੋਂ ਮੁਕਤ ਹੋ ਕੇ
ਪਵਿਤ੍ਰਤਾ ਵਾਲਾ ਜੀਵਨ ਜਿਊਂਦਾ ਹੈ।
ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥
(ਗ੍ਰੰਥ ਸਾਹਿਬ, ਪੰਨਾ 665)
ਵੀਰ ਭੁਪਿੰਦਰ ਸਿੰਘ