ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਹਉ ਭਾਲਿ ਵਿਕੁੰਨੀ ਹੋਈ
ਦਿਨੇ ਸਫਰ ਕਰਨਾ ਹੋਵੇ ਤਾਂ ਅਸੀਂ ਪੂਰੀ ਤਰ੍ਹਾਂ ਸੁਚੇਤ ਹੋ ਕੇ ਚਲਦੇ ਹਾਂ
ਕਿ ਕਿਤੇ ਸਾਨੂੰ ਰਾਹ ਨਾ ਭੁੱਲ ਜਾਏ। ਸਭ ਤੋਂ ਪਹਿਲਾਂ ਅਸੀਂ ਪੂਰਾ ਪਤਾ ਲਿਖ ਕੇ ਆਪਣੇ ਪਾਸ ਰੱਖਦੇ
ਹਾਂ। ਪਰ ਫਿਰ ਵੀ ਸਾਨੂੰ ਰਾਹ ਦਾ ਪਤਾ ਨਾ ਲੱਗੇ ਤਾਂ ਅਸੀਂ ਕਿਸੇ ਦੁਜੇ ਪਾਸੋਂ ਰਾਹ ਪੁੱਛਦੇ ਹਾਂ
ਭਈ ਅਸੀਂ ਠੀਕ ਰਾਹ `ਤੇ ਚਲ ਰਹੇ ਹਾਂ। ਅੱਜ ਕਲ੍ਹ ਜੀ. ਪੀ. ਐਸ. ਦੀ ਸਹੂਲਤ ਵੀ ਆ ਗਈ ਹੈ ਜਿਸ ਨਾਲ
ਮਨੁੱਖ ਆਪਣੀ ਮੰਜ਼ਿਲ `ਤੇ ਸਹੀ ਸਲਾਮਤ ਪਹੁੰਚ ਸਕਦਾ ਹੈ। ਸੜਕਾਂ ਦਿਆਂ ਕਿਨਾਰਿਆਂ `ਤੇ ਦਿਸ਼ਾ ਸੂਚਕ
ਤੱਖਤੇ ਵੀ ਏਸੇ ਲਈ ਲਾਏ ਜਾਂਦੇ ਹਨ ਕਿ ਬੰਦਾ ਕਿਤੇ ਰਾਹ ਨਾ ਭੁੱਲ ਜਾਏ।
ਰਾਤ ਹਨੇਰੀ ਹੋਵੇ ਜੀ. ਪੀ. ਐਸ. ਦੀ ਸਹੂਲਤ ਵੀ ਕੋਈ ਨਾ ਹੋਵੇ ਤੇ ਰਾਤ ਦੇ
ਸਮੇਂ ਰਾਹ ਦੱਸਣ ਵਾਲਾ ਵੀ ਕੋਈ ਨਾ ਹੋਵੇ ਕੀ ਅਜੇਹੀ ਹਾਲਤ ਵਿੱਚ ਬੰਦਾ ਆਪਣੀ ਮੰਜ਼ਿਲ `ਤੇ ਪਹੁੰਚ
ਸਕਦਾ ਹੈ? ਜੇ ਬੰਦਾ ਰਾਹ ਨਾ ਜਾਣਦਾ ਹੋਵੇ ਤਾਂ ਰਾਤ ਦੇ ਹਨੇਰੇ ਵਿੱਚ ਤੁਰਿਆ ਮਨੁੱਖ ਭਟਕ ਜਾਏਗਾ।
ਗੁਰਬਾਣੀ ਵਾਕ ਹੈ—
ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।
ਹਉ ਭਾਲਿ ਵਿਕੁੰਨੀ ਹੋਈ।। ਆਧੇਰੈ ਰਾਹੁ ਨ ਕੋਈ।।
ਵਿਚਿ ਹਉਮੈ ਕਟਿ ਦੁਖੁ ਰੋਈ।। ਕਹੁ ਨਾਨਕ ਕਿਨਿ ਬਿਧਿ ਗਤਿ ਹੋਈ।।
ਸਲੋਕ ਮ: ੧ ਪੰਨਾ ੧੪੫
ਅੱਖਰੀਂ ਅਰਥ:-
ਇਹ
ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ)
ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ
ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ,
ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। (ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ
ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? । ੧।
ਵਿਚਾਰ ਚਰਚਾ--
ਮਨੁੱਖ
ਦੇ ਜੀਵਨ ਵਿਚੋਂ ਜਦੋਂ ਧਰਮ ਵਰਗੇ ਦੈਵੀ ਗੁਣ ਉੱਡ ਜਾਣ ਤਾਂ ਉਹ ਸ਼ੈਤਾਨ ਦੀ ਬਿਰਤੀ ਦਾ ਧਾਰਨੀ ਹੋ
ਜਾਂਦਾ ਹੈ। ਇਹ ਸਾਰੀ ਸਮੱਸਿਆ ਦਾ ਮੂਲ ਕਾਰਨ ਨਿੱਜੀ ਹਊਮੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਿੰਰਕਾਰੀ
ਫਲਸਫੇ ਨੂੰ ਨਾ ਸਮਝਣ ਦਾ ਹੈ। ਜਦੋਂ ਧਾਰਮਿਕ ਤੇ ਰਾਜਨੀਤਿਕ ਨੇਤਾਜਨ ਹੀ ਆਪਣੇ ਫਰਜ਼ਾਂ ਤੋਂ ਦੂਰ
ਚਲੇ ਜਾਣ ਤਾਂ ਕੁਦਰਤੀ ਲੋਕਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਸਿੱਖ ਕੌਮ ਦੀ ਤੰਦ ਨਹੀਂ ਤਾਣੀ ਹੀ
ਉਲਝੀ ਹੋਈ ਨਜ਼ਰ ਆ ਰਹੀ ਹੈ। ਧਾਰਮਿਕ, ਰਾਜਨੀਤਿਕ ਸਾਡੀਆਂ ਆਗੂ ਜੱਥੇਬੰਦੀਆਂ ਅੰਧੇਰੇ ਵਿੱਚ ਉਲਝ ਕੇ
ਤਾਲੋਂ ਬੇਤਾਲ ਹੋਈਆਂ ਪਈਆਂ ਹਨ। ਸਿੱਖ ਕੌਮ ਦੇ ਬਹੁਤੇ ਬੁੱਧੀ ਜੀਵੀਏ ਪੂਰੀ ਤਰ੍ਹਾਂ ਨਾਲ ਖਾਮੋਸ਼
ਹੋ ਕੇ ਰਹਿ ਗਏ ਹਨ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਕੁੱਝ ਕੁ ਵਿਦਵਾਨ ਹੀ ਸਿੱਖ ਮਸਲਿਆਂ ਦੀ
ਗੱਲ ਕਰ ਰਹੇ ਹਨ ਬਾਕੀ "ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ" ਦੀ ਉਡੀਕ ਵਿੱਚ ਬੈਠੇ ਹਨ।
ਅਣਗਿਣਤ ਜੱਥੇਬੰਦੀਆਂ ਸਿੱਖੀ ਦੇ ਪਰਚਾਰ ਖੇਤਰ ਵਿੱਚ ਲੱਗੀਆਂ ਹੋਈਆਂ ਹਨ ਪਰ
ਇਹਨਾਂ ਵਿਚੋਂ ਜ਼ਿਆਦਾਤਰ ਰਾਤ ਦੇ ਅੰਧੇਰਿਆਂ ਵਿੱਚ ਹੀ ਭਟਕ ਕੇ ਰਹਿ ਗਈਆਂ ਹਨ। ਜ਼ਿਆਦਾਤਰ ਧਾਰਮਿਕ
ਜੱਥੇਬੰਦੀਆਂ, ਪ੍ਰਚਾਰਕ ਤੇ ਰਾਜਨੀਤਿਕ ਲੋਕਾਂ ਨੂੰ ਸਿੱਖ ਸਿਧਾਂਤ ਤੇ ਬ੍ਰਹਾਮਣੀ ਸਿਧਾਂਤ ਵਿੱਚ
ਕੋਈ ਬਹੁਤਾ ਫਰਕ ਦਿਸਦਾ ਹੀ ਨਹੀਂ ਹੈ। ਅਸਲ ਸਿੱਖ ਮੁਦਿਆਂ ਦੀ ਗੱਲ ਕਰਨ ਦੀ ਥਾਂ `ਤੇ ਆਪਸ ਵਿੱਚ
ਹੀ ਉਲਝੇ ਹੋਏ ਲਗਦੇ ਹਨ।
ਸਭ ਤੋਂ ਅਹਿਮ ਵਿਸ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧ ਕਮੇਟੀ ਇਹ ਅਜੇਹੀਆਂ ਦੋ ਜੱਥੇਬੰਦੀਆਂ ਹਨ ਜੋ ਸਿੱਖ ਮਸਲਿਆਂ ਦੀ ਗੱਲ ਕਰਦੇ ਸਨ ਤੇ ਸਿੱਖੀ
ਵਿੱਚ ਅਧਾਰ ਵੀ ਰੱਖਦੀਆਂ ਸਨ। ਬਾਕੀ ਦੇ ਅਕਾਲੀ ਦਲ ਗਾਹੇ-ਬ-ਗਾਹੇ ਅਖਬਾਰੀ ਬਿਆਨ ਬਾਜ਼ੀ ਵਿੱਚ ਹੀ
ਯਕੀਨ ਰੱਖਦੇ ਜਾਪਦੇ ਹਨ। ਜਿਹੜੇ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ `ਤੇ ਕਬਜ਼ਾ ਹੋਵੇ ਉਸੇ ਹੀ ਅਕਾਲੀ
ਦਲ ਨੂੰ ਪ੍ਰਵਾਨ ਗਿਣਿਆ ਗਿਆ ਹੈ। ਇਹ ਦੋਵੇਂ ਸੰਸਥਾਵਾਂ ਦਿਸ਼ਾ ਹੀਣ ਹੋ ਕੇ ਪੂਰੀ ਤਰ੍ਹਾਂ ਭਟਕ
ਚੁੱਕੀਆਂ ਹਨ।
ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਖੁਸਣ ਦੀ ਚੀਸ ਹਰ ਸਿੱਖ ਦੇ ਹਿਰਦੇ
ਵਿੱਚ ਹਮੇਸ਼ਾਂ ਬਣੀ ਰਹਿੰਦੀ ਹੈ। ਮੁਲਕ ਦੀ ਅਜ਼ਾਦੀ ਵਿੱਚ ਵੀ ਸਿੱਖ ਕੌਮ ਨੇ ਵੱਧ ਤੋਂ ਵੱਧ ਆਪਣਾ
ਯੋਗਦਾਨ ਪਾਇਆ ਸੀ ਕਿ ਸ਼ਾਇਦ ਸਾਨੂੰ ਫਿਰ ਕਿਤੇ ਮਹਾਂਰਾਜਾ ਰਣਜੀਤ ਸਿੰਘ ਵਾਲਾ ਰਾਜ ਭਾਗ ਮਿਲ
ਜਾਏਗਾ। ਭਾਰਤ ਅਜ਼ਾਦ ਤਾਂ ਹੋ ਗਿਆ ਪਰ ਪੰਜਾਬ ਨੂੰ ਇਸ ਦਾ ਬਣਦਾ ਪੂਰਾ ਹੱਕ ਨਾ ਮਿਲਿਆ। ਇਸ ਦੇ
ਨਤੀਜੇ ਵਜੋਂ ਸਾਡੇ ਸਿੱਖ ਲੀਡਰਾਂ ਨੂੰ ਕਈ ਵਾਰੀ ਲੰਬੇ ਸੰਘਰਸ਼ ਕਰਨੇ ਪਏ। ਅਖੀਰ ਛੋਟਾ ਜੇਹਾ ਸੂਬਾ
ਮਿਲ ਗਿਆ ਪਰ ਉਸ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਸਿੱਖ ਅਜੇ ਤੀਕ ਆਪਣੀ ਸਰਕਾਰ ਬਣਾਉਣ
ਵਿੱਚ ਕਾਮਯਾਬ ਨਹੀਂ ਹੋਏ। ਉਂਝ ਇਸ ਵਾਰੀ ਆਮ ਕਿਹਾ ਜਾਂਦਾ ਹੈ ਕਿ ਸਾਡੀ ਪੰਥਕ ਸਾਰਕਾਰ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਥਕ ਮਸਲਿਆਂ ਦੀ ਗੱਲ ਕਰਦਿਆਂ ਸਮੁੱਚੇ
ਪੰਜਾਬ ਦੇ ਦਰਦ ਦੀ ਗੱਲ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਕੇਂਦਰ ਦੀ ਸਰਕਾਰ ਨੇ ਪੰਜਾਬੀਆਂ ਨੂੰ
ਬਣਦੇ ਹੱਕ ਦੇਣ ਤੋਂ ਕੰਨੀ ਕਤਰਾਈ ਹੈ। ਲੰਬਾ ਸਮਾਂ ਕੇਂਦਰ ਵਿੱਚ ਕਾਂਗਰਸ ਸਰਕਾਰ ਰਹੀ ਹੈ ਤੇ
ਸ਼੍ਰੋਮਣੀ ਅਕਾਲੀ ਦਲ ਨੂੰ ਇਹ ਬਹਾਨਾ ਮਿਲ ਜਾਂਦਾ ਰਿਹਾ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ
ਪੰਜਾਬ ਨਾਲ ਮਤਰੇਈ ਮਾਂ ਵਾਂਗ ਵਿਤਕਰਾ ਕੀਤਾ ਹੈ। ਪਿੱਛਲੇ ਕੁੱਝ ਸਮੇਂ ਤੋਂ ਕੇਂਦਰ ਵਿੱਚ ਸਰਕਾਰਾਂ
ਬਦਲਦੀਆਂ ਰਹੀਆਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਵਿੱਚ ਭਾਈਵਾਲ ਹੋਣ ਦੇ ਨਾਤੇ ਸਤਾ ਦਾ ਅਨੰਦ
ਵੀ ਮਾਣਦਾ ਰਿਹਾ ਹੈ।
ਦੁੱਖ
ਇਸ ਗੱਲ ਦਾ ਹੈ ਕਿ ਜਿਹੜੇ ਮਸਲੇ ਸ਼੍ਰੋਮਣੀ ਅਕਾਲੀ ਦਲ ਉਠਾਉਂਦਾ ਰਿਹਾ ਹੈ ਉਹਨਾਂ ਮਸਲਿਆਂ ਨੂੰ
ਓਦੋਂ ਭੁੱਲ ਜਾਂਦਾ ਹੈ ਜਦੋਂ ਇਹ ਰਾਜ ਭਾਗ ਦਾ ਅਨੰਦ ਮਾਣ ਰਿਹਾ ਹੋਵੇ।
ਹੁਣ ਦਸ ਕੁ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ
ਮਿਲ ਕੇ ਪੰਜਾਬ ਵਿੱਚ ਆਪਣੀ ਸਰਕਾਰ ਚਲਾ ਰਹੇ ਹਨ। ਦੂਸਰਾ ਕੇਂਦਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ
ਭਾਈਵਾਲ ਪਾਰਟੀ ਜਨਤਾ ਪਾਰਟੀ ਰਾਜ ਭਾਗ ਚਲਾ ਰਹੀ ਹੈ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਸ਼ਰੋਮਣੀ
ਅਕਾਲੀ ਦਲ ਨੇ ਹਮੇਸ਼ਾਂ ੧੯੮੪ ਦੇ ਘਲੂਘਾਰੇ ਦੀ ਗੱਲ ਕੀਤੀ ਹੈ ਤੇ ਕਰਨੀ ਵੀ ਚਾਹੀਦੀ ਹੈ। ਪੁਲੀਸ
ਦੀਆਂ ਵਧੀਕੀਆਂ ਦੀ ਗੱਲ ਕੀਤੀ ਹੈ। ਗੱਲ ਕੀ ਪੰਜਾਬ ਨਾਲ ਹੁੰਦੀਆਂ ਵਧੀਕੀਆਂ ਦੀ ਗੱਲ ਸ਼੍ਰੋਮਣੀ
ਅਕਾਲੀ ਦਲ ਕਰਦਾ ਆਇਆ ਹੈ।
ਪੰਜਾਬ ਨਾਲ ਕਾਂਗਰਸ ਪਾਰਟੀ ਵਲੋਂ ਕੀਤੇ ਧੱਕੇ ਦੀ ਗੱਲ ਹੁੰਦੀ ਤਾਂ ਆਈ ਹੈ
ਪਰ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਓਦੋਂ ਲੈ ਕੇ ਹੁਣ ਤੀਕ ਕਿਸੇ ਪੁਲੀਸ ਅਫਸਰ
ਦੀ ਪੁੱਛ-ਗਿੱਛ ਨਹੀਂ ਹੋਈ ਹੈ ਤੇ ਨਾ ਕਿਸੇ ਤੇ ਕੋਈ ਕੇਸ ਦਰਜ ਹੋਇਆ ਹੈ। ਦੁੱਖ ਇਸ ਗੱਲ ਦਾ ਹੈ
ਪੰਜਾਬ ਤੇ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਸਤਾ ਵਿੱਚ ਆ ਕੇ ਸਾਰਾ
ਕੁੱਝ ਭੁੱਲ ਭੁਲਾ ਗਿਆ ਹੈ। ਜਿੰਨਾਂ ਮੁੱਦਿਆਂ ਨੂੰ ਲੈ ਕੇ ਰਾਜ ਭਾਗ ਪ੍ਰਾਪਤ ਕੀਤਾ ਉਹ ਸਾਰੇ ਮਸਲੇ
ਠੰਡੇ ਬਸਤੇ ਵਿੱਚ ਰੱਖ ਦਿੱਤੇ ਹਨ। ਚੋਣਾਂ ਸਮੇਂ ਉਹਨਾਂ ਮੁੱਦਿਆਂ ਨੂੰ ਫਿਰ ਉਭਾਰਿਆ ਜਾਏਗਾ।
ਰਾਜਨੀਤਿਕ ਲੋਕਾਂ ਦਾ ਇਹ ਇੱਕ ਵਤੀਰਾ ਬਣ ਚੁੱਕਿਆ ਹੈ।
ਪੰਜਾਬ, ਕਿਰਸਾਨੀ ਤੇ ਛੋਟੇ ਛੋਟੇ ਕਾਰਖਾਨਿਆਂ ਨਾਲ ਜੁੜਿਆ ਹੋਇਆ ਹੈ। ਜਦੋਂ
ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਕੋਈ ਬਹੁਤੇ ਮਸਲੇ ਹੱਲ ਨਹੀਂ ਹੋਏ ਸਗੋਂ ਦਿਨ-ਬ-ਦਿਨ
ਉਲਝੇ ਹੀ ਹਨ। ਸਰਕਾਰੀ ਨੌਕਰੀਆਂ ਦੀ ਘਾਟ, ਵੱਡੇ ਕਾਰਖਾਨਿਆਂ ਦੀ ਘਾਟ, ਜ਼ਮੀਨ ਦਾ ਪਾਣੀ ਨੀਵਾਂ
ਹੋਣਾ, ਕਿਸਾਨਾਂ ਨੂੰ ਜਿਨਸ ਦਾ ਸਹੀ ਮੁੱਲ ਦਾ ਨਾ ਮਿਲਣਾ, ਸਰਕਾਰੀ ਵਿਦਿਆ ਵਿੱਚ ਨਿਘਾਰ, ਸਰਕਾਰੀ
ਹਸਪਤਾਲਾਂ ਦੀ ਮਾੜੀ ਹਾਲਤ ਤੇ ਸਰਕਾਰੀ ਬੱਸਾਂ ਦਾ ਪ੍ਰਾਈਵੇਟ ਵਿੱਚ ਤਬਦੀਲ ਹੋ ਜਾਣਾ। ਹੋਰ ਤਾਂ
ਹੋਰ ਕੇਂਦਰ ਵਲੋਂ ਸੂਬੇ ਨੂੰ ਬਣਦੇ ਹੱਕ ਵੀ ਪੂਰੀ ਤਰ੍ਹਾਂ ਨਹੀਂ ਮਿਲ ਰਹੇ। ਅਖਬਾਰੀ ਚਰਚਾ ਅਨੁਸਾਰ
ਸਰਕਾਰ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਆਪਣੇ ਖਰਚੇ ਪੂਰੇ ਕਰ ਰਹੀ ਹੈ।
ਆਮ ਦੰਦ ਕਥਾ ਹੈ ਕਿ ਬਹੁਤੇ ਸਾਰੇ ਮੁਨਾਫਿਆਂ ਵਾਲੇ ਧੰਦਿਆਂ `ਤੇ ਸਰਕਾਰੀ
ਧਿਰ ਦਾ ਆਪਣਾ ਕੰਟਰੋਲ ਹੈ। ਅਜੇਹੇ ਹਲਾਤਾਂ ਵਿੱਚ ਲੋਕਾਂ ਦਾ ਰੋਹ ਜਾਗਣਾ ਕੁਦਰਤੀ ਹੈ। ਉਂਝ
ਸਰਕਾਰਾਂ ਪਾਸ ਬਹੁਤ ਤੇਜ਼ ਤਰਾਰ ਦਿਮਾਗ ਵਾਲੇ ਬੰਦੇ ਬੈਠੇ ਹੁੰਦੇ ਹਨ ਜਿਹੜੇ ਲੋਕਾਂ ਦਾ ਅਸਲੀ
ਮੁਦਿਆਂ ਵਲੋਂ ਧਿਆਨ ਹਟਾ ਕੇ ਕਈ ਹੋਰ ਮੁੱਦਾ ਛੇੜ ਦੇਂਦੇ ਹਨ ਜਿਸ ਨਾਲ ਲੋਕਾਂ ਦਾ ਅਸਲੀ ਮੁੱਦੇ
ਵਲੋਂ ਧਿਆਨ ਹੱਟ ਜਾਂਦਾ ਹੈ ਤੇ ਦੂਜੇ ਮੁੱਦੇ ਵਲ ਧਿਆਨ ਹੋ ਜਾਂਦਾ ਹੈ। ਸਰਕਾਰ ਵੀ ਏਹੀ ਚਹੁੰਦੀ ਹੈ
ਕਿ ਲੋਕਾਂ ਦਾ ਧਿਆਨ ਸਾਡੇ ਵਲ ਨਾ ਹੀ ਆਵੇ ਤਾਂ ਚੰਗਾ ਹੈ। ਲੋਕ ਵੀ ਪਹਿਲਿਆਂ ਮੁੱਦਿਆਂ ਨੂੰ ਭੁੱਲ
ਜਾਂਦੇ ਤੇ ਅਗਲੇ ਮੁੱਦੇ ਵਲ ਹੋ ਜਾਂਦੇ ਹਨ।
ਇਤਿਹਾਸ ਦੀ ਇੱਕ ਮਿਸਾਲ ਸਾਡੇ ਸਾਹਮਣੇ ਹੈ ਕਿ ਜਦੋਂ ਨਾਭਾ ਰਿਆਸਤ ਦੇ ਰਾਜੇ
ਨੂੰ ਅੰਗਰੇਜ਼ਾਂ ਨੇ ਰਾਜ ਗੱਦੀ ਤੋਂ ਲਾਹਿਆ ਸੀ ਤਾਂ ਸਾਰੇ ਸਿੱਖ ਅਵਾਮ ਨੇ ਇਸ ਦਾ ਵਿਰੋਧ ਕੀਤਾ ਸੀ।
ਨਾਭੇ ਦੇ ਰਾਜੇ ਦੀ ਬਹਾਲੀ ਲਈ ਸਿੱਖਾਂ ਨੇ ਅਖੰਡ ਪਾਠ ਅਰੰਭ ਕਰਾ ਦਿੱਤਾ। ਅੰਗਰੇਜ਼ ਸਰਾਕਰ ਨੇ
ਅਖੰਡਪਾਠ ਖੰਡਤ ਕਰ ਦਿੱਤਾ। ਉਸ ਵੇਲੇ ਦੇ ਆਗੂਆਂ ਦੀ ਮੰਗ ਬਦਲ ਗਈ ਕਿ ਸਾਨੂੰ ਅਖੰਡਪਾਠ ਕਰਨ ਦੀ
ਆਗਿਆ ਦਿੱਤੀ ਜਾਏ। ਨਾਭੇ ਦੇ ਰਾਜੇ ਦੀ ਬਹਾਲੀ ਵਾਲਾ ਮੁੱਦਾ ਗਾਇਬ ਹੋ ਗਿਆ ਤੇ ਅਖੰਡਪਾਠ ਵਾਲਾ
ਮੁੱਦਾ ਭਾਰੂ ਹੋ ਗਿਆ। ਇੰਝ ਲੱਗਦਾ ਹੈ ਕਿ ਜਿਵੇਂ ਸਰਕਾਰ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਆਪ
ਹੀ ਉਲਝਾਈ ਰੱਖਦੀ ਹੈ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਪਹਿਲੇ ਮਸਲੇ ਨੂੰ ਭਲਾਉਣ ਲਈ ਦੂਜਾ ਮਸਲਾ
ਛੇੜ ਦਿੱਤਾ ਜਾਂਦਾ ਹੈ।
ਹੁਣ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਤੇ ਮੌਜੂਦਾ ਲੋਕ ਮਸਲਿਆਂ ਦੀ। ਪਿੱਛਲੇ
ਸਮੇਂ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਵਾਸਤੇ ਰੇਲਵੇ ਰੋਕਣ ਦਾ ਅੰਦੋਲਨ ਚਲਾਇਆ ਸੀ ਜੋ ਬਹੁਤ ਹੀ
ਸਫਲਤਾ ਪੂਵਰਕ ਚਲਿਆ। ਪੰਜਾਬ ਦੇ ਕਿਰਸਾਨਾਂ ਨੇ ਸਾਰੇ ਪੰਜਾਬ ਦਾ ਧਿਆਨ ਆਪਣੇ ਵਲ ਖਿੱਚਿਆ। ਏਸੇ
ਸਮੇਂ ਵਿੱਚ ਹੀ ਅਕਾਲ ਤੱਖਤ ਤੋਂ ਸੌਦਾ ਸਾਧ ਨੂੰ ਬਿਨਾ ਕਿਸੇ ਕਾਰਨ ਮੁਆਫੀ ਦਿੱਤੀ ਗਈ। ਹਾਲਾਂ ਕਿ
ਕਿਸੇ ਵੀ ਚੱਜ ਅਚਾਰ ਨਾਲ ਸੋਦਾ ਸਾਧ ਵਲੋਂ ਮੁਆਫੀ ਨਹੀਂ ਮੰਗੀ ਗਈ ਸੀ। ਪੰਜਾਂ ਜੱਥੇਦਾਰਾਂ ਵਲੋਂ
ਕੀਤੇ ਗਏ ਫਸਲੇ ਨੂੰ ਸੰਗਤਾਂ ਨੇ ਨਿਕਾਰ ਦਿੱਤਾ। ਇਸ ਫੈਸਲੇ ਦਾ ਏੰਨਾ ਜ਼ਿਆਦਾ ਵਿਰੋਧ ਹੋਇਆ ਕਿ
ਸਰਕਾਰ ਦੇ ਵਜ਼ੀਰਾਂ, ਐਮ. ਐਲ. ਏ. ਤੇ ਸ਼੍ਰੋਮਣੀ ਕਮੇਟੀ ਦੇ ਮੇਂਬਰਾਂ ਨੂੰ ਬਾਹਰ ਨਿਕਲਣਾ ਔਖਾ ਹੋ
ਗਿਆ। ਸਰਕਾਰ ਨੂੰ ਆਪਣੇ ਬਣੇ ਪ੍ਰੋਗਰਾਮ ਰੱਦ ਕਰਨੇ ਪਏ। ਪੰਜ ਸਿੰਘ ਸਾਹਿਬਾਨ ਨੂੰ ਤਾਂ ਅਜੇ ਤੱਕ
ਵੀ ਖੋਲ੍ਹੇ ਤੌਰ `ਤੇ ਸੰਗਤਾਂ ਵਿੱਚ ਵਿਚਰਨਾ ਔਖਾ ਹੋਇਆ ਹੋਇਆ ਹੈ। ਜਦੋਂ ਇਹ ਮਹਿਸੂਸ ਕੀਤਾ ਗਿਆ
ਤਾਂ ਕਿ ਲੋਕ ਪੰਥਕ ਸਰਕਾਰ ਦੇ ਹੀ ਵਿਰੁੱਧ ਹੋ ਗਏ ਹਨ। ਸੰਗਤ ਅੰਦਰ ਬਹੁਤ ਗੁੱਸੇ ਦੀ ਲਹਿਰ ਚੱਲ
ਰਹੀ ਸੀ ਤਾਂ ਏਸੇ ਸਮੇਂ ਇੱਕ ਹੋਰ ਮੰਦਭਾਗੀ ਘਟਨਾ ਵਾਪਰ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ
ਪੱਤਰਿਆਂ ਦੀ ਬੇ ਅਦਬੀ ਹੋਈ। ਇੰਜ ਲਗਦਾ ਹੈ ਕਿ ਜਿਵੇਂ ਬਹੁਤ ਹੀ ਗਿਣੀ ਮਿੱਥੀ ਸਾਜਿਸ ਤਹਿਤ ਇਹ
ਸਾਰਾ ਕੰਮ ਬੜੀ ਵਿਉਂਤ ਬੰਦੀ ਨਾਲ ਕੀਤਾ ਗਿਆ ਹੋਵੇ। ਲੋਕਾਂ ਨੂੰ ਉਲਝਾਉਣ ਲਈ ਨਵਾਂ ਮੁੱਦਾ ਦੇ ਦਿਓ
ਪੁਰਾਣੇ ਆਪਣੇ ਆਪ ਖਤਮ ਹੋ ਜਾਂਦੇ ਹਨ। ਲੋਕਾਂ ਦੀ ਯਾਦਾਸ਼ਤ ਏਦਾਂ ਦੀ ਕਿ ਨਵੇਂ ਮਸਲੇ `ਤੇ ਹੀ
ਚਟਕਾਰੇ ਲਗਾਉਂਦੇ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿੱਚ ਸਾਰੇ ਸਿੱਖ ਜਗਤ ਨੂੰ
ਸੜਕਾਂ `ਤੇ ਆਉਣਾ ਪਿਆ। ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੱਭਣ `ਤੇ
ਫੜਨ ਵਿੱਚ ਕਾਮਯਾਬ ਨਾ ਹੋ ਸਕੀ। ਬਾਰ ਬਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਬਹੁਤੀ
ਗੱਲ ਨਹੀਂ ਗੌਲ਼ੀ। ਨਤੀਜਨ ਸਿੱਖ ਪਰਚਾਰਕਾਂ ਨੂੰ ਸੜਕ `ਤੇ ਧਰਨੇ ਲਉਣੇ ਪਏ ਸਰਕਾਰ ਦੀ ਸਥਿੱਤੀ ਬਹੁਤ
ਕਸੂਤੀ ਹੋ ਗਈ ਸੀ। ਇਹਨਾਂ ਧਰਨਿਆਂ ਨੂੰ ਸੰਗਤਾਂ ਨੇ ਬਹੁਤ ਵੱਡੀ ਪੱਧਰ `ਤੇ ਸਹਿਯੋਗ ਦਿੱਤਾ।
ਸਰਕਾਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਲੱਭਣ ਦੀ ਬਜਾਏ ਲਾਠੀਆਂ ਗੋਲੀਆਂ ਨਾਲ ਧਰਨੇ `ਤੇ ਬੈਠੀਆਂ
ਸੰਗਤਾਂ ਨੂੰ ਖਦੇੜਨਾ ਸ਼ੁਰੂ ਕੀਤਾ। ਜਿਸ ਦਾ ਨਤੀਜਾ ਦੋ ਨੋਜਵਨਾ ਦੀ ਮੌਤ ਹੋ ਗਈ। ਗੋਲੀ ਪੁਲੀਸ
ਵਲੋਂ ਚਲਾਈ ਗਈ ਸਰਕਾਰ ਕਹਿੰਦੀ ਹੈ ਕਿ ਅਣਪਛਾਤੇ ਲੋਕਾਂ ਵਲੋਂ ਗੋਲੀ ਚਲਾਈ ਗਈ ਸੀ। ਅਸਲੀ ਮੁੱਦੇ
ਵਲ ਆਉਣ ਦੀ ਥਾਂ `ਤੇ ਨਵਾਂ ਮੁੱਦਾ ਆ ਗਿਆ ਕਿ ਗ੍ਰਿਫਤਾਰ ਕੀਤੇ ਬੇਕਸੂਰ ਨੌਜਵਾਨਾਂ ਨੂੰ ਛੱਡਿਆ
ਜਾਏ ਤੇ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਜਾਵਾਂ ਦਿੱਤੀਆਂ ਜਾਣ।
ਇਹਨਾਂ ਅੰਦੋਲਨਾਂ ਵਿੱਚ ਲੋਕਾਂ ਨੂੰ ਲਾਭ ਘੱਟ ਹੁੰਦਾ ਹੈ ਤੇ ਸਰਕਾਰੀ ਧਿਰ
ਹਮੇਸ਼ਾਂ ਫਾਇਦੇ ਵਿੱਚ ਰਹਿੰਦੀ ਹੈ। ਬਾਕੀ ਮੰਗਾਂ ਸਭ ਉੱਡ ਪੁੱਡ ਗਈਆਂ। ਅੰਦੋਲਨ ਦੀ ਰੂਪ ਰੇਖਾ ਹੋਰ
ਦੀ ਹੋਰ ਗਈ। ਅੰਦੋਲਨ ਕਰਨ ਵਾਲੀਆਂ ਧਿਰਾਂ ਵਿੱਚ ਦੋਵੇਂ ਪਾਸੇ ਪੈਰ ਰੱਖਣ ਵਾਲੇ ਲੋਕ ਵੀ ਗਏ ਜਿਹੜੇ
ਆਪਣੇ ਆਪ ਨੂੰ ਪੰਥਕ ਹਤੈਸ਼ੀ ਆਖਵਾਉਂਦੇ ਸਨ। ਬਹੁਤੇ ਲੋਕਾਂ ਦੀ ਰਾਏ ਸੀ ਕਿ ਇਹਨਾਂ ਦਾ ਸਬੰਧ
ਸਰਕਾਰੀ ਧਿਰ ਨਾਲ ਹੈ ਜਿਹੜਾ ਕਿਸੇ ਕੋਲੋਂ ਕੋਈ ਗੁਝ੍ਹਾ ਛਿੱਪਿਆ ਨਹੀਂ ਹੈ। ਅਜੇਹੇ ਦੋਗਲ਼ੇ ਲੋਕਾਂ
`ਤੇ ਯਕੀਨ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਮੰਗ ਤਾਂ ਕੋਈ ਨਹੀਂ ਮੰਨੀ ਗਈ ਪਰ ਲੋਕ ਲਹਿਰ ਬਹੁਤ ਵਧੀਆ
ਬਣੀ ਹੋਈ ਸੀ ਇਹ ਕਚ ਘਰੜ ਤੇ ਦੋਗਲੇ ਕਿਰਦਾਰ ਵਾਲੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ
ਅਦਬੀ ਰੋਕਣ ਵਾਲੀ ਲਹਿਰ ਨੂੰ ਸਮੁੱਚੇ ਤੌਰ `ਤੇ ਆਪਣੇ ਪ੍ਰਭਾਵ ਥੱਲੇ ਕਰ ਲਿਆ। ਚਕਵੇਂ ਚੁੱਲ੍ਹੇ
ਵਰਗੇ ਇਹ ਲੀਡਰ ਹਰ ਥਾਈਂ ਪ੍ਰਧਾਨ ਹੁੰਦੇ ਹਨ। ਏਦਾਂ ਕਹੀਏ ਕਿ ਇਹ ਸਰਕਾਰ ਦੇ ਦੁੰਮ ਛੱਲੇ ਹੁੰਦੇ
ਹਨ। ਹੋਇਆ ਉਹ ਕੁੱਝ ਹੀ ਜਿਸ ਦਾ ਡਰ ਸੀ। ਪਰਚਾਰਕਾਂ ਦੀ ਸਫਲਤਾ ਪੂਰਵਕ ਚਲ ਰਹੀ ਲਹਿਰ ਨੂੰ ਪੂਰੀ
ਤਰ੍ਹਾਂ ਖਤਮ ਕਰਨ ਲਈ ਸਰਬੱਤ ਖਾਲਾਸਾ ਦੇ ਰੂਪ ਵਿੱਚ ਇਕੱਠ ਸੱਦ ਲਿਆ। ਇਸ ਤਰ੍ਹਾਂ ਤਾਂ ਕੋਈ ਵੀ
ਜੱਥੇਬੰਦੀ ਇਕੱਠ ਸੱਦ ਕੇ ਸਰਬੱਤ ਖਾਲਸਾ ਦਾ ਨਾਂ ਦੇ ਕੇ ਕੌਮੀ ਸ਼ਕਤੀ ਨੂੰ ਬਰਬਾਦ ਕੀਤਾ ਜਾ ਸਕਦਾ
ਹੈ। ਇੱਕ ਜੱਥੇਦਾਰ ਨੂੰ ਛੱਡ ਕੇ ਬਾਕੀ ਕਿਸੇ `ਤੇ ਵੀ ਸੰਗਤ ਦੀ ਸਹਿਮਤੀ ਨਹੀਂ ਬਣ ਸਕੀ। ਆਪੇ ਹੀ
ਇਕੱਠ ਸੱਦ ਤੇ ਆਪੇ ਹੀ ਜੱਥੇਦਾਰ ਬਣ ਗਏ।
"ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ
ਆਪਣਿਆਂ ਨੂੰ" ਸਿਧਾਂਤਿਕ ਤੌਰ `ਤੇ ਸਾਡੀ
ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਵਿਧੀ ਵਿਧਾਨ ਦੁਆਰਾ ਇਕੱਠ ਸੱਦਣ ਦਾ
ਹੱਕ ਰੱਖਦੀ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਸ਼੍ਰੋਮਣੀ ਕਮੇਟੀ ਵੀ ਆਪਣੀ ਸ਼ਾਖ ਨੂੰ ਧੱਕਾ ਲਵਾ
ਚੁੱਕੀ ਹੈ। ਜੇ ਗ੍ਰੰਥੀ ਮਾੜਾ ਆ ਜਾਏ ਤਾਂ ਗੁਰਦੁਆਰਾ ਨਹੀਂ ਢਾਹਿਆ ਜਾ ਸਕਦਾ ਉਸ ਦਾ ਸੁਧਾਰ ਕੀਤਾ
ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ `ਤੇ ਰਾਜਨੀਤਿਕ ਤੇ ਡੇਰਵਾਦ ਦਾ ਗਲਬਾ ਹੋਣ ਕਰਕੇ ਆਪਣੇ ਨਿਸ਼ਾਨੇ
ਤੋਂ ਭਟਕ ਚੁੱਕੀ ਹੈ।
ਅਜੇਹੇ ਇਕੱਠ ਉਪਰੰਤ ਆਗੂ ਇਹ ਬਿਆਨ ਦੇਣ ਕੇ ਹੁਣ ਅਗਲੇ ਪੰਜਾਹ ਸਾਲ ਤੀਕ
ਸਰਬੱਤ ਖਾਲਸਾ ਸੱਦਣ ਦੀ ਕੋਈ ਲੋੜ ਨਹੀਂ ਹੈ ਤਾਂ ਇਸ ਦਾ ਨਤੀਜਾ ਇਹ ਨਿਕਲਦਾ ਹੈ ਸਰਕਾਰ ਆਪਣੇ ਮਕਸਦ
ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਲੋਕਾਂ ਦਾ ਗੁੱਸਾ ਠੰਡਾ ਹੋ ਗਿਆ ਸਰਕਾਰ ਨੂੰ ਪਤਾ ਲੱਗ ਗਿਆ
ਸਾਡੇ ਵਿਰੁੱਧ ਲੋਕ ਕਿੰਨੇ ਕੁ ਹਨ। ਦੂਜਾ ਅਸਲੀ ਮੁੱਦੇ ਸਭ ਗਵਾਚ ਗਏ ਹਨ।
ਹੁਣ ਨਵੇਂ ਮੁੱਦੇ ਆ ਗਏ ਹਨ ਕਿ ਜਿਹੜੇ ਅਸੀਂ ਸਰਬੱਤ ਖਾਲਸਾ ਦੁਆਰਾ ਚਾਰ
ਜੱਥੇਦਾਰ ਚੁਣੇ ਹਨ ਇਹਨਾਂ ਨੂੰ ਮਾਨਤਾ ਦਿਓ। ਸਮੇਂ ਸਮੇਂ ਦੋ ਜੱਥੇਦਾਰਾਂ ਸਬੰਧੀ ਵੀ ਵਫ਼ਾਦਾਰੀਆਂ
ਬਦਲਣ ਦੀਆਂ ਅਖਬਾਰੀ ਚਰਚਾ ਅਕਸਰ ਹੁੰਦੀ ਹੀ ਰਹਿੰਦੀ ਹੈ। ਜਨੀ ਕਿ ਵਿਕਾਊ ਵਫ਼ਾਦਾਰੀਆਂ ਹਨ ਇਹਨਾਂ
ਦੀਆਂ ਜੋ ਸਭ ਦੇ ਸਾਹਮਣੇ ਹਨ।
ਹੁਣ ਇੰਝ ਮਹਿਸੂਸ ਹੁੰਦਾ ਹੈ ਕਿ ਇਹ
ਸਰਬੱਤ ਖਾਲਸਾ ਸਰਕਾਰ ਨੂੰ ਭੀੜੀ ਗਲ਼ੀ ਵਿਚੋਂ ਬਾਹਰ ਕੱਢਣ ਲਈ ਸੱਦਿਆ ਗਿਆ ਸੀ ਪਰ ਸੂਝਵਾਨ ਤਾਂ
ਓਦੋਂ ਹੀ ਮਹਿਸੂਸ ਕਰਦੇ ਸਨ। ਹਾਲਾਤ ਅਜੇਹੇ ਬਣ
ਗਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਿਤ ਪੰਜ ਜੱਥੇਦਾਰਾਂ ਨੂੰ ਅਕਾਲ ਤੱਖਤ `ਤੇ
ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ ਨੇ ਸੇਵਾ ਤੋਂ ਮੁਕਤ ਕਰ ਦਿੱਤਾ।
ਮੌਜੂਦਾ ਸਮੇਂ ਕੌਮ ਵਿੱਚ ਚੌਦਾਂ
ਜੱਥੇਦਾਰ ਆਪੋ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਹਨ।
ਸੰਗਤ ਦੀ ਹਾਲਤ "ਹਉ ਭਾਲਿ
ਵਿਕੁੰਨੀ ਹੋਈ" ਵਾਲੀ ਹੋਈ ਪਈ ਹੈ। ਸਾਰੇ ਹੀ ਆਖਦੇ ਹਨ ਕਿ ਅਸੀਂ ਪੰਥ ਪ੍ਰਵਾਨਤ ਰਹਿਤ
ਮਰਯਾਦਾ `ਤੇ ਪਹਿਰਾ ਠੋਕ ਕੇ ਦਿਆਂਗੇ। ਸਵਾਏ ਮਿਸ਼ਨਰੀ ਕਾਲਜਾਂ ਤੋਂ ਬਿਨਾ ਇਹ ਡੇਰਿਆਂ ਵਾਲੇ ਪੰਥ
ਦੀ ਮਰਯਾਦਾ ਨੂੰ ਮੰਨਣ ਲਈ ਤਿਆਰ ਨਹੀਂ ਹਨ। ਸਭ
ਨੇ ਦੇਖਿਆ ਹੈ ਕਿ ੧੭ ਮਈ ੨੦੧੬ ਨੂੰ ਪੂਰੇ ਯੋਜਨਾਬਧ ਤਰੀਕੇ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ
ਪਰਚਾਰਕ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਫਿਰ ਕਿਹਾ ਗਿਆ ਕਿ ਅਸੀਂ `ਤੇ ਏਦਾਂ ਹੀ ਕਰਾਂਗੇ।
ਸਰਕਾਰ ਕਹਿੰਦੀ ਹੈ ਅਸੀਂ ਪੜਤਾਲ ਕਰ ਰਹੇ ਹਾਂ ਫਿਕਰ ਨਾ ਕਰੋ ਪੂਰਾ ਇਨਸਾਫ਼ ਹੋਏਗਾ।
ਪੂਰੀ ਵਿਚਾਰ ਨੂੰ ਸਮਝੀਏ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਲੋਕਾਂ ਦਾ
ਧਿਆਨ ਅਸਲੀ ਮੁਦਿਆਂ ਵਲੋਂ ਹਟਾ ਕਿ ਹੋਰ ਦੇ ਹੋਰ ਮੁੱਦੇ ਵਲ ਲਗਾ ਦਿੱਤਾ ਜਾਂਦਾ ਹੈ। ਮਿਸ਼ਨਰੀ ਕਾਲਜ
ਪੰਥਕ ਰਹਿਤ ਮਰਯਾਦਾ ਅਨੁਸਾਰ ਪ੍ਰਚਾਰ ਕਰ ਰਹੇ ਹਨ ਇਹਨਾਂ ਨੂੰ ਪੰਥ ਦੋਖੀ ਕਿਹਾ ਜਾ ਰਿਹਾ ਹੈ ਜਦ
ਕੇ ਡੇਰਾਵਾਦ ਬਿਰਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰ ਰਹੀ ਹੈ ਉਹ
ਆਪਣੇ ਆਪ ਨੂੰ ਪੰਥ ਹਤੈਸ਼ੀ ਸਾਬਤ ਕਰਨ `ਤੇ ਲੱਗੀ ਹੋਈ ਹੈ। ਰਹਿਰਾਸ ਦਾ ਪਾਠ ਵੀ ਆਪਣੀ ਮਤ ਅਨੁਸਾਰ
ਹੀ ਕਰਦੇ ਹਨ।
ਸਾਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜਨੀਤਿਕ
ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਸਰਕਾਰ ਤਿੰਨੇ ਹੀ ਰਾਹ ਭੁੱਲ ਚੁੱਕੀਆਂ ਹਨ। ਆਮ ਸਮਾਜ
ਡੇਰਵਾਦ, ਲੱਚਰ ਗਾਇਕੀ, ਵਿਆਹਾਂ ਦੀ ਬੇ-ਲੋੜੀਆਂ ਰਸਮਾਂ ਤੇ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋ ਕੇ
ਅੰਧੇਰੇ ਵਿੱਚ ਭਟਕਣ ਯੋਗਾ ਹੀ ਰਹਿ ਗਿਆ ਹੈ। ਸਭ ਤੋਂ ਵੱਡਾ ਦੁਖਾਂਤ ਕਿ ਸਿੱਖਾਂ ਵਿਚੋਂ ਗੁਰਮਤਿ
ਵਿਦਿਆ ਦਾ ਅਭਿਆਸ ਖਤਮ ਹੋ ਗਿਆ ਹੈ। ਇਸ ਸਮੇਂ ਸਭ ਤੋਂ ਵੱਧ ਸਿੱਖ ਸਿਧਾਂਤ ਨੂੰ ਖੌਰਾ ਲੱਗਿਆ ਹੈ।
ਡੇਰਵਾਦ ਬਿਰਤੀ ਤੇ ਬ੍ਰਾਹਮਣੀ ਕਰਮ ਕਾਂਡ ਸਾਡੇ ਵਿੱਚ ਪੂਰੀ ਤਰ੍ਹਾਂ ਆ ਗਏ ਹਨ—ਗੁਰਬਾਣੀ ਦਾ ਪਰਚਾਰ
ਕਰਨ ਦਾ ਦਾਅਵਾ ਕਰਨ ਵਾਲੀਆਂ ਜੱਥੇਬੰਦੀਆਂ ਆਪਣੀ ਸਹਿਜਤਾ ਗਵਾ ਚੁੱਕੀਆਂ ਹਨ। ਧੱਕੇ ਨਾਲ ਤੁਸੀਂ
ਕਿਸੇ ਨੂੰ ਆਪਣੀ ਗੱਲ ਨਹੀਂ ਮਨਾ ਸਕਦੇ। ਜਬਰ, ਜ਼ੁਲਮ, ਧੱਕਾ, ਡਾਂਗ ਸੋਟੇ ਤੇ ਗਾਲ਼ੀ ਗਲੋਚ ਦੀ
ਵਰਤੋਂ ਨਾਲ ਤੁਸੀਂ ਆਪਣਿਆਂ ਨੂੰ ਵੀ ਦੁਸ਼ਮਣਾਂ ਦੀ ਕਤਾਰ ਵਿੱਚ ਖੜੇ ਕਰੀ ਜਾ ਰਹੇ ਹੋ। ਸੱਚ ਜਾਣਿਓਂ
ਏਦਾਂ ਦੇ ਉਲੀਕੇ ਹੋਏ ਰਾਜ ਵਿੱਚ ਕੋਈ ਵੀ ਰਹਿਣਾ ਪਸੰਦ ਨਹੀਂ ਕਰੇਗਾ।