ਸਿਧ ਗੋਸਟਿ ..... 3
ਲੜੀ ਜੋੜਨ ਲਈ ਪੜ੍ਹੋ ਸਿਧ ਗੋਸਟਿ ..... 2
ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥
ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
ਕਵਨੁ ਸੁ ਆਵੈ ਕਵਨੁ ਸੁ ਜਾਇ ॥
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
ਪਦਅਰਥ:
ਗੁਪਤਾ-ਲੁਕਿਆ
ਹੋਇਆ, ਅੰਤਰਿ ਬਾਹਰਿ- ਮਨ ਅਤੇ ਸਰੀਰ ਰਾਹੀਂ, ਜੁਗਤਾ-ਮਿਲਿਆ ਹੋਇਆ, ਆਵੈ ਜਾਇ-ਜੰਮਦਾ ਮਰਦਾ,
ਤ੍ਰਿਭਵਣ-ਵਿਆਪਕ ਪ੍ਰਭੂ ਵਿੱਚ, ਤਿੰਨ ਭਵਨ-ਆਕਾਸ਼, ਮਾਤ ਲੋਕ ਅਤੇ ਪਾਤਾਲ।
ਜੋਗੀਆਂ ਵਲੋਂ ਅਗਲਾ ਪ੍ਰਸ਼ਨ: ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ
ਹੈ? ਉਹ ਕੌਣ ਹੈ ਜੋ ਅੰਦਰੋਂ ਬਾਹਰੋਂ ਭਾਵ ਜਿਸ ਦਾ ਮਨ ਭੀ ਅਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ?
ਮਿਲਿਆ ਹੋਇਆ ਕੌਣ ਹੈ? ਸਦਾ ਜੰਮਦਾ ਮਰਦਾ ਕੌਣ ਹੈ? ਪ੍ਰਮਾਤਮਾ ਵਿੱਚ ਲੀਨ ਕੌਣ ਹੈ?।੧੨।
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥
ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥
ਮਨਮੁਖਿ ਬਿਨਸੈ ਆਵੈ ਜਾਇ ॥
ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥
ਪਦਅਰਥ
: ਗੁਰਮੁਖਿ-ਜੋ
ਜੀਵਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਸਬਦਿ-ਸ਼ਬਦ ਵਿੱਚ ਭਾਵ ਜੋ ਗੁਰੂ ਦੀ ਸਿੱਖਿਆ ਵਿੱਚ ਜੁੜਿਆ
ਹੋਇਆ ਹੈ, ਬਿਨਸੈ-ਨਾਸ਼ ਹੁੰਦਾ ਹੈ, ਸਾਚਿ-ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ।
ਗੁਰੂ ਸਾਹਿਬ ਦਾ ਉੱਤਰ: ਪ੍ਰਭੂ ਜੋ ਹਰੇਕ ਸਰੀਰ ਵਿੱਚ ਮੌਜੂਦ ਹੈ ਉਹ ਗੁਪਤ
ਹੈ| ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਜੀਵ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ। ਜੋ ਜੀਵ ਗੁਰ-ਸ਼ਬਦ
ਭਾਵ ਗੁਰੂ ਜੀ ਦੀ ਸਿੱਖਿਆ ਵਿੱਚ ਜੁੜਿਆ ਹੋਇਆ ਹੈ ਉਹ ਮਨ ਅਤੇ ਤਨ ਕਰਕੇ ਪ੍ਰਭੂ ਵਿੱਚ ਜੁੜਿਆ ਹੋਇਆ
ਹੈ। ਮਨ ਦੇ ਪਿੱਛੇ ਤੁਰਨ ਵਾਲਾ ਜੀਵ ਆਤਮਿਕ ਤੌਰ ਤੇ ਜੰਮਦਾ-ਮਰਦਾ ਰਹਿੰਦਾ ਹੈ। ਹੇ ਨਾਨਕ! ਗੁਰਮੁਖ
ਹਰ ਵੇਲੇ ਸੱਚੇ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦਾ ਹੈ।੧੩।
ਕਿਉ ਕਰਿ ਬਾਧਾ ਸਰਪਨਿ ਖਾਧਾ ॥
ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥
ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥
ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥
ਪਦਅਰਥ:
ਸਰਪਨਿ-ਸਪਣੀ,
ਮਾਇਆ, ਸੁ ਗੁਰੂ ਹਮਾਰਾ- ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ ਅਤੇ ਅਸੀਂ ਉਸ ਅੱਗੇ ਸਿਰ
ਨਿਵਾਵਾਂਗੇ।
ਅਰਥ
: ਪ੍ਰਸ਼ਨ: ਜੀਵ ਦਾ ਮਨ
ਕਿਵੇਂ ਇਸ ਤਰ੍ਹਾਂ ਬੱਝਾ ਹੋਇਆ ਹੈ ਕਿ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਪਰ ਇਹ ਜੀਵ ਆਪਣੇ
ਬਚਾਅ ਲਈ ਭੱਜ ਭੀ ਨਹੀਂ ਸਕਦਾ? ਇਸ ਜੀਵ ਨੇ ਕਿਵੇਂ ਆਪਣੇ ਜੀਵਨ ਦਾ ਲਾਭ ਗਵਾ ਲਿਆ ਹੈ? ਕਿਵੇਂ ਮੁੜ
ਉਹ ਲਾਹਾ ਲੱਭ ਸਕੇ? ਇਹ ਜੀਵ ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ ਇਸ ਜੀਵ ਦੇ ਅੱਗੇ ਹਨੇਰਾ ਟਿਕਿਆ
ਹੋਇਆ ਹੈ? ਜੋ ਇਸ ਅਸਲੀਅਤ ਨੂੰ ਠੀਕ ਤਰ੍ਹਾਂ ਸਮਝਾ ਦੇਵੇ ਉਹ ਸਾਡਾ ਗੁਰੂ ਹੈ ਅਤੇ ਸਾਡੀ ਉਸ ਨੂੰ
ਨਮਸਕਾਰ ਹੈ।੧੪।
ਨੋਟ: ਜੋਗੀਆਂ ਦੇ ਇਨ੍ਹਾਂ ਸਵਾਲਾਂ ਦੇ ਉੱਤਰ ਗੁਰੂ ਨਾਨਕ ਸਾਹਿਬ ਨੇ ੧੫
ਵੀੰ ਅਤੇ ੧੬ ਵੀੰ ਪਉੜੀ ਵਿੱਚ ਦਿੱਤਾ ਹੈ|
ਦੁਰਮਤਿ ਬਾਧਾ ਸਰਪਨਿ ਖਾਧਾ ॥
ਮਨਮੁਖਿ ਖੋਇਆ ਗੁਰਮੁਖਿ ਲਾਧਾ ॥
ਸਤਿਗੁਰੁ ਮਿਲੈ ਅੰਧੇਰਾ ਜਾਇ ॥
ਨਾਨਕ ਹਉਮੈ ਮੇਟਿ ਸਮਾਇ ॥੧੫॥
ਸੁੰਨ ਨਿਰੰਤਰਿ ਦੀਜੈ ਬੰਧੁ ॥
ਉਡੈ ਨ ਹੰਸਾ ਪੜੈ ਨ ਕੰਧੁ ॥
ਸਹਜ ਗੁਫਾ ਘਰੁ ਜਾਣੈ ਸਾਚਾ ॥
ਨਾਨਕ ਸਾਚੇ ਭਾਵੈ ਸਾਚਾ ॥੧੬॥
ਪਦਅਰਥ
: ਮੇਟਿ-ਮਿਟਾ ਕੇ,
ਸੁੰਨ-ਨਿਰਗੁਣ-ਸਰੂਪ ਪ੍ਰਭੂ, ਨਿਰੰਤਰਿ-ਲਗਾਤਾਰ, ਬੰਧੁ-ਬੰਨ੍ਹ, ਰੋਕ, ਉਡੈ ਨ-ਭਟਕਦਾ ਨਹੀਂ,
ਹੰਸਾ-ਜੀਵ ਦਾ ਮਨ, ਕੰਧੁ-ਸਰੀਰ, ਨ ਪੜੈ-ਨਹੀਂ ਢਹਿੰਦਾ, ਸਹਜ-ਮਨ ਦੀ ਅਡੋਲਤਾ ਵਾਲੀ ਸਥਿਤੀ ਭਾਵ
ਜਦੋਂ ਇਹ ਮਨ ਅਡੋਲ ਹੈ।
ਅਰਥ
: ਉੱਤਰ: ਇਹ ਜੀਵ
ਭੈੜੀ ਮਤ ਵਿੱਚ ਇਉਂ ਬੱਝਾ ਹੋਇਆ ਹੈ ਕਿ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਅਤੇ ਇਨ੍ਹਾਂ
ਚਸਕਿਆਂ ਵਿੱਚੋਂ ਇਸ ਦਾ ਨਿਕਲਣ ਨੂੰ ਜੀਅ ਨਹੀਂ ਕਰਦਾ| ਮਨ ਦੇ ਪਿੱਛੇ ਲੱਗਣ ਵਾਲੇ ਜੀਵ ਨੇ ਆਪਣੇ
ਜੀਵਨ ਦਾ ਲਾਹਾ ਗਵਾ ਲਿਆ ਹੈ ਅਤੇ ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਜੀਵ ਨੇ ਜੀਵਨ ਦਾ ਲਾਹਾ ਖੱਟ
ਲਿਆ ਹੈ। ਮਾਇਆ ਦੀ ਤ੍ਰਿਸ਼ਨਾ ਦਾ ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਜੀਵ ਸਤਿਗੁਰੂ ਦੇ ਦੱਸੇ ਰਸਤੇ
ਤੇ ਤੁਰਨ ਲੱਗ ਜਾਵੇ। ਹੇ ਨਾਨਕ! ਜੀਵ ਹਉਮੈ ਨੂੰ ਮਿਟਾ ਕੇ ਹੀ ਪ੍ਰਭੂ ਵਿੱਚ ਲੀਨ ਹੋ ਸਕਦਾ ਹੈ।੧੫।
ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿੱਚ ਇਕ-ਰਸ ਅਫੁਰ ਪ੍ਰਮਾਤਮਾ ਦੀ ਯਾਦ ਦਾ
ਇੱਕ ਅਤੁੱਟ ਬੰਨਾ ਬਣਾ ਦੇਈਏ ਤਾਂ ਫਿਰ ਮਾਇਆ ਦੀ ਖ਼ਾਤਰ ਜੀਵ ਦਾ ਮਨ ਭਟਕਦਾ ਨਹੀਂ ਅਤੇ ਜੀਵ ਦੇ
ਸਰੀਰ ਦੀ ਸੱਤਿਆ ਨਾਸ਼ ਨਹੀਂ ਹੁੰਦੀ। ਹੇ ਨਾਨਕ! ਜੋ ਜੀਵ ਸਹਜ-ਅਵਸਥਾ ਵਿੱਚ ਸਦਾ ਟਿਕਿਆ ਰਹੇ ਅਤੇ
ਜਿਸ ਜੀਵ ਦਾ ਮਨ ਸਦਾ ਅਡੋਲ ਰਹੇ ਉਹ ਜੀਵ ਪ੍ਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ
ਲਗ ਪੈਂਦਾ ਹੈ ।੧੬।
ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
ਕਿਸੁ ਵਖਰ ਕੇ ਤੁਮ ਵਣਜਾਰੇ ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
ਪਦਅਰਥ:-
ਕਿਸੁ
ਕਾਰਣੁ-ਕਿਸ ਵਾਸਤੇ? ਤਜਿਓ-ਤਿਆਗਿਆ ਸੀ, ਉਦਾਸੀ-ਵਿਰਕਤ ਹੋ ਕੇ, ਨਿਵਾਸੀ-ਧਾਰਨ ਕੀਤੇ ਸੀ,
ਵਣਜਾਰੇ-ਵਪਾਰੀ, ਸਾਥੁ-ਕਾਫ਼ਲਾ।
ਨੋਟ ੧: ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਿੱਧਾਂ ਨਾਲ
ਗੁਰੂ ਨਾਨਕ ਸਾਹਿਬ ਦੀ ਇਹ ਗੋਸ਼ਟੀ ਬਟਾਲੇ ਜ਼ਿਲਾ ਗੁਰਦਾਸਪੁਰ ਦੇ ਲਾਗੇ ‘ਅੱਚਲ’ ਵਿਖੇ ਹੋਈ ਸੀ।
ਗੁਰੂ ਨਾਨਕ ਸਾਹਿਬ ‘ਸ਼ਿਵਰਾਤਿ’ ਦੇ ਮੇਲੈ ਵਿੱਚ ਕਰਤਾਰਪੁਰ ਤੋਂ ਇਥੇ ਆਏ ਸਨ| ਇਸ ਵੇਲੇ ਆਪ
ਗ੍ਰਿਹਸਤੀ ਲਿਬਾਸ ਵਿੱਚ ਸਨ| ਭਾਈ ਗੁਰਦਾਸ ਅਨੁਸਾਰ ਜੋਗੀ ਭੰਗਰਨਾਥ ਨੇ ਗੁਰੂ ਸਾਹਿਬ ਤੋਂ ਪੁੱਛਿਆ
ਸੀ, "ਭੇਖ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ ॥"
ਨੋਟ ੨: ਇਸ ਤੋਂ ਪਹਿਲਾਂ ਗੁਰੂ ਸਾਹਿਬ ਇਨ੍ਹਾਂ ਸਿੱਧਾਂ ਨੂੰ ਸੁਮੇਰ ਪਰਬਤ
ਉੱਤੇ ਮਿਲੇ ਸਨ| ਉਸ ਵੇਲੇ ਗੁਰੂ ਸਾਹਿਬ ਉਦਾਸੀ ਬਾਣੇ ਵਿੱਚ ਸਨ। ਪਉੜੀ ਨੰ: ੧੭ ਦੇ ਪ੍ਰਸ਼ਨ ਵਿੱਚ
ਉਸ ਵੇਲੇ ਦੇ ਉਦਾਸੀ ਬਾਣੇ ਵਲ ਇਸ਼ਾਰਾ ਹੈ।
ਅਰਥ:
ਜੋਗੀਆਂ ਵਲੋਂ
ਪ੍ਰਸ਼ਨ: ਜੇ ‘ਹਾਟੀ ਬਾਟੀ’ ਨੂੰ ਤਿਆਗਣਾ ਨਹੀਂ ਸੀ ਤਾਂ ਤੁਸੀਂ ਘਰ-ਬਾਰ ਕਿਉਂ ਛੱਡਿਆ ਸੀ ਅਤੇ
‘ਉਦਾਸੀ’ ਕਿਉਂ ਬਣੇ ਸੀ? ਤੁਸੀਂ ਇਹ ਉਦਾਸੀ-ਭੇਖ ਕਿਉਂ ਧਾਰਿਆ ਸੀ? ਤੁਸੀਂ ਕਿਸ ਸੌਦੇ ਦੇ ਵਪਾਰੀ
ਹੋ? ਤੁਹਾਡਾ ਮਤ ਕੀ ਹੈ? ਤੁਸੀਂ ਆਪਣੇ ਸ਼ਰਧਾਲੂਆਂ ਨੂੰ ਇਸ ‘ਦੁਤਰ ਸਾਗਰ’ ਵਿਚੋਂ ਕਿਵੇਂ ਪਾਰ
ਲੰਘਾਵੋਗੇ? ਭਾਵ ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸੀਂ ਕਿਹੜਾ ਰਾਹ ਦੱਸਿਆ
ਹੈ?। ੧੭।
ਗੁਰਮੁਖਿ ਖੋਜਤ ਭਏ ਉਦਾਸੀ ॥
ਦਰਸਨ ਕੈ ਤਾਈ ਭੇਖ ਨਿਵਾਸੀ ॥
ਸਾਚ ਵਖਰ ਕੇ ਹਮ ਵਣਜਾਰੇ ॥
ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
ਪਦਅਰਥ:
ਭਏ-ਬਣੇ ਸੀ, ਕੈ
ਤਾਈ-ਦੀ ਖ਼ਾਤਰ, ਦਰਸਨ-ਗੁਰਮੁਖਾਂ ਦਾ ਦਰਸ਼ਨ।
ਅਰਥ:
ਉੱਤਰ: ਅਸੀਂ
ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸੀ| ਅਸੀਂ ਗੁਰਮੁਖਾਂ ਦੇ ਦਰਸ਼ਨਾਂ ਲਈ ਉਦਾਸੀ ਭੇਖ ਧਾਰਿਆ
ਸੀ। ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ। ਹੇ ਨਾਨਕ! ਜੋ ਜੀਵ ਗੁਰੂ ਦੇ ਦੱਸੇ ਰਾਹ
ਤੇ ਤੁਰਦਾ ਹੈ ਉਹ ‘ਦੁਤਰ ਸਾਗਰ’ ਤੋਂ ਪਾਰ ਲੰਘ ਜਾਂਦਾ ਹੈ। ੧੮।
ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥
ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥
ਕਿਤੁ ਬਿਧਿ ਆਸਾ ਮਨਸਾ ਖਾਈ ॥
ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥
ਬਿਨੁ ਦੰਤਾ ਕਿਉ ਖਾਈਐ ਸਾਰੁ ॥
ਨਾਨਕ ਸਾਚਾ ਕਰਹੁ ਬੀਚਾਰੁ ॥੧੯॥ ਪੰਨਾਂ ੯੩੯-੪੦
ਪਦਅਰਥ:
ਕਿਤੁ ਬਿਧਿ-ਕਿਸ
ਤਰੀਕੇ ਨਾਲ?, ਜਨਮੁ ਵਟਾਇਆ-ਜ਼ਿੰਦਗੀ ਪਲਟ ਲਈ ਹੈ, ਕਾਹੇ ਕਉ-ਕਿਸ ਨਾਲ?, ਮਨਸਾ-ਮਨ ਦਾ ਫੁਰਨਾ,
ਖਾਈ-ਖਾ ਲਈ ਹੈ, ਨਿਰੰਤਰਿ-ਇੱਕ-ਰਸ/ਲਗਾਤਾਰ, ਜੋਤਿ-ਰੱਬੀ ਪ੍ਰਕਾਸ਼, ਦੰਤ-ਦੰਦ, ਸਾਰੁ-ਲੋਹਾ।
ਅਰਥ:
ਪ੍ਰਸ਼ਨ: ਹੇ ਨਾਨਕ !
ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ? ਤੂੰ ਆਪਣਾ ਇਹ ਮਨ ਕਿਸ ਵਿੱਚ ਜੋੜਿਆ ਹੈ? ਮਨ
ਦੀਆਂ ਆਸਾਂ ਅਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ? ਇੱਕ-ਰਸ ਰੱਬੀ ਪ੍ਰਕਾਸ਼ ਤੈਨੂੰ ਕਿਵੇਂ
ਮਿਲ ਗਿਆ ਹੈ? ਮਾਇਆ ਦੇ ਪ੍ਰਭਾਵ ਤੋਂ ਬਚਣਾ ਉਸ ਤਰ੍ਹਾਂ ਹੀ ਔਖਾ ਹੈ ਜਿਵੇਂ ਦੰਦਾਂ ਤੋਂ ਬਿਨ੍ਹਾਂ
ਲੋਹਾ ਚੱਬਣਾ| ਦੰਦਾਂ ਤੋਂ ਬਿਨ੍ਹਾਂ ਲੋਹਾ ਕਿਵੇਂ ਚੱਬਿਆ ਜਾਏ? ਹੇ ਨਾਨਕ! ਸਾਨੂੰ ਕੋਈ ਸਹੀ ਵੀਚਾਰ
ਦੱਸੋ ਤਾਂ ਜੋ ਸਾਡੇ ਮਨ ਨੂੰ ਜਚ ਜਾਵੇ। ੧੯।
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
ਅਨਹਤਿ ਰਾਤੇ ਇਹੁ ਮਨੁ ਲਾਇਆ ॥
ਮਨਸਾ ਆਸਾ ਸਬਦਿ ਜਲਾਈ ॥
ਗੁਰਮੁਖਿ ਜੋਤਿ ਨਿਰੰਤਰਿ ਪਾਈ ॥
ਤ੍ਰੈ ਗੁਣ ਮੇਟੇ ਖਾਈਐ ਸਾਰੁ ॥
ਨਾਨਕ ਤਾਰੇ ਤਾਰਣਹਾਰੁ ॥੨੦॥ ਪੰਨਾਂ ੯੪੦
ਪਦਅਰਥ:
ਸਤਿਗੁਰ ਕੇ
ਜਨਮੇ-ਸਤਿਗੁਰੂ ਦੇ ਘਰ ਵਿੱਚ ਜਨਮ ਲਿਆਂ ਭਾਵ ਗੁਰੂ ਦੀ ਸ਼ਰਣ ਆ ਕੇ ਪਿਛਲਾ ਸੁਭਾਉ ਮਿਟਾ ਦਿੱਤਾ,
ਗਵਨੁ-ਭਟਕਣਾ, ਅਨਹਤਿ-ਅਨਹਤ ਵਿੱਚ, ਅਨਹਤ-ਇਕ-ਰਸ ਵਿਆਪਕ ਪ੍ਰਭੂ, ਰਾਤੇ-ਮਸਤ ਹੋਇਆ, ਲਾਇਆ-ਪਰਚਾ
ਲਿਆ, ਤ੍ਰੈਗੁਣ-ਮਾਇਆ ਦੇ ਤਿੰਨ ਗੁਣ; ਤਮੋ ਗੁਣ, ਰਜੋ ਗੁਣ, ਸਤੋ ਗੁਣ; ਇਹ ਮਾਇਆ ਦੇ ਤਿੰਨ ਗੁਣ ਹਨ
-ਸੁਸਤੀ, ਚੁਸਤੀ ਤੇ ਸ਼ਾਂਤੀ।
ਅਰਥ:
ਉੱਤਰ: ਜਿਉਂ ਜਿਉਂ
ਮੈਂ ਸਤਿਗੁਰੂ ਦੀ ਸਿੱਖਿਆ ਉੱਤੇ ਤੁਰਿਆ, ਤਿਉਂ ਤਿਉਂ ਮੇਰੇ ਮਨ ਦੀ ਭਟਕਣਾ ਮੁੱਕਦੀ ਗਈ। ਜਿਉਂ
ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿੱਚ ਜੁੜਨ ਦਾ ਮੈਨੂੰ ਆਨੰਦ ਆਇਆ ਤਿਉਂ ਤਿਉਂ ਮੇਰਾ ਮਨ ਪਰਚਦਾ ਗਿਆ।
ਮਨ ਦੇ ਫੁਰਨੇ ਅਤੇ ਦੁਨੀਆਂ ਵਾਲੀਆਂ ਆਸਾਂ ਭੀ ਮੈਂ ਗੁਰੂ ਦੇ ਸ਼ਬਦ ਭਾਵ ਗੁਰੂ ਦੀ ਸਿੱਖਿਆ ਰਾਹੀਂ
ਹੀ ਸਾੜੀਆਂ ਹਨ| ਗੁਰੂ ਦੇ ਸਨਮੁਖ ਹੋਇਆਂ ਹੀ ਮੈਨੂੰ ਇੱਕ-ਰਸ ਰੱਬੀ ਪ੍ਰਕਾਸ਼ ਲੱਭਿਆ ਹੈ। ਰੱਬੀ
ਪ੍ਰਕਾਸ਼ ਦੀ ਬਰਕਤ ਨਾਲ ਹੀ ਮੈਂ ਮਾਇਆ ਦੀਆਂ ਤਿੰਨਾਂ ਕਿਸਮਾਂ ਦੇ ਅਸਰ ਤਮੋ, ਰਜੋ, ਸਤੋ ਆਪਣੇ ਉੱਤੇ
ਪੈਣ ਨਹੀਂ ਦਿੱਤੇ| ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤ ਔਖਾ ਕੰਮ-ਰੂਪ ਲੋਹਾ ਮੈਂ ਚੱਬ
ਲਿਆ ਹੈ। ਪਰ ਹੇ ਨਾਨਕ! ‘ਦੁਤਰ ਸਾਗਰ’ ਤੋਂ ਤਰਨ ਦੀ ਕੋਈ ਜੀਵ ਸਮਰਥਾ ਨਹੀਂ ਰੱਖਦਾ| ਪ੍ਰਭੂ ਆਪ ਹੀ
ਜੀਵ ਨੂੰ ਇਸ ‘ਦੁਤਰ ਸਾਗਰ’ ਤੋਂ ਤਾਰਦਾ ਹੈ।
ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥
ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥
ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥
ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥
ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥
ਪਦਅਰਥ:
ਆਦਿ-ਜਗਤ-ਰਚਨਾ
ਦਾ ਮੁੱਢ, ਕਥੀਅਲੇ-ਕਿਹਾ ਜਾਂਦਾ ਹੈ, ਸੁੰਨ-ਨਿਰਗੁਣ-ਸਰੂਪ ਪ੍ਰਭੂ, ਘਰ ਵਾਸੋ-ਟਿਕਾਣਾ,
ਗਿਆਨ-ਪ੍ਰਮਾਤਮਾ ਨਾਲ ਡੂੰਘੀ ਜਾਣ-ਪਛਾਣ, ਮੁਦ੍ਰਾ- ਮੁੰਦ੍ਰਾਂ ਜਾਂ ਨਿਸ਼ਾਨੀ, ਠੀਗਾ-ਚੋਟ,
ਜਲਾਈਅਲੇ-ਸਾੜਿਆ ਜਾਏ, ਬੈਰਾਈਐ-ਵੈਰੀ ਨੂੰ, ਜਿਨਿ-ਜਿਸ ਪ੍ਰਭੂ ਨੇ।
ਅਰਥ:
ਪ੍ਰਸ਼ਨ: ਤੁਸੀਂ
ਸ੍ਰਿਸ਼ਟੀ ਦੇ ਮੁੱਢ ਵਾਰੇ ਕੀ ਵਿਚਾਰ ਦੱਸਦੇ ਹੋ? ਉਸ ਵੇਲੇ ਅਫੁਰ ਪ੍ਰਮਾਤਮਾ ਦਾ ਟਿਕਾਣਾ ਕਿਥੇ ਸੀ?
ਪ੍ਰਮਾਤਮਾ ਨਾਲ ਜਾਣ-ਪਛਾਣ ਦਾ ਕੀ ਸਾਧਨ ਦੱਸਦੇ ਹੋ? ਹਰੇਕ ਘਟ ਵਿੱਚ ਕਿਸ ਦਾ ਨਿਵਾਸ ਹੈ? ਕਾਲ ਦੀ
ਚੋਟ ਕਿਵੇਂ ਮੁਕਾਈ ਜਾਵੇ? ਅਸੀਂ ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜ ਸਕਦੇ ਹਾਂ? ਕਿਵੇਂ ਹਉਮੈ
ਵੈਰੀ ਦਾ ਨਾਸ਼ ਹੋਵੇ ਜਿਸ ਕਰਕੇ ਸਹਜ ਅਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ ਅਤੇ ਜਿਸ ਕਰਕੇ ਜੀਵ ਨੂੰ
ਸਹਜ ਅਤੇ ਸੰਤੋਖ ਪ੍ਰਾਪਤ ਹੋ ਜਾਵੇ?
ਉੱਤਰ: ਜਦ ਪ੍ਰਾਣੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ
ਲਏ ਤਾਂ ਨਿੱਜ ਸਰੂਪ ਵਿੱਚ ਟਿਕ ਜਾਂਦਾ ਹੈ। ਪ੍ਰਭੂ ਨੇ ਸੰਸਾਰ ਦੀ ਰਚਨਾ ਰਚੀ ਹੈ| ਗੁਰੂ ਨਾਨਕ
ਸਾਹਿਬ ਕਹਿੰਦੇ ਹਨ ਕਿ ਜੋ ਜੀਵ ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੁ ਨੂੰ ਪਛਾਣਦਾ ਹੈ ਮੈਂ ਉਸ ਦਾ
ਦਾਸ ਹਾਂ।੨੧।
ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥
ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥
ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥
ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥
ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥
ਪਦਅਰਥ:
ਕਹਾ ਤੇ-ਕਿਥੋਂ?
ਇਹੁ-ਇਹ ਜੀਵ, ਅਰਥਾਵੈ-ਸਮਝਾ ਦੇਵੇ, ਤਮਾਈ-ਤਮ੍ਹ੍ਹਾ, ਲਾਲਚ, ਤਤੁ-ਅਸਲੀਅਤ ਭਾਵ ਪ੍ਰਭੂ, ਅਵਿਗਤ-
ਅਦ੍ਰਿਸ਼ਟ ਪ੍ਰਭੂ, ਸੁਰਤਾ-ਸੁਣਨ ਵਾਲਾ, ਗਤਿ-ਹਾਲਤ, ਮਿਤਿ-ਮਾਪ।
ਅਰਥ:
ਪ੍ਰਸ਼ਨ: ਇਹ ਜੀਵ
ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? ਭਾਵ ਜੀਵ ਕਿਵੇਂ ਜੀਵਨ ਬਿਤੀਤ
ਕਰਦਾ ਹੈ? ਜੋ ਪ੍ਰਾਣੀ ਇਹ ਗੱਲ ਸਾਨੂੰ ਸਮਝਾ ਦੇਵੇ ਤਾਂ ਅਸੀਂ ਮੰਨਾਂਗੇ ਕਿ ਉਸ ਗੁਰੂ ਨੂੰ ਰਤਾ ਭੀ
ਲੋਭ ਨਹੀਂ ਹੈ। ਜੀਵ ਜਗਤ ਦੇ ਮੂਲ ਅਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ
ਪ੍ਰਭੂ ਨਾਲ ਇਸ ਦਾ ਪਿਆਰ ਕਿਵੇਂ ਬਣੇ? ਹੇ ਨਾਨਕ! ਸਾਨੂੰ ਉਸ ਪ੍ਰਭੂ ਦੀ ਵਿਚਾਰ ਦੱਸ ਜੋ ਆਪ ਹੀ
ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਉਨ੍ਹਾਂ ਦੀ ਸੁਣਨ ਵਾਲਾ ਹੈ।
ਉੱਤਰ:
ਪ੍ਰਭੂ ਦੇ ਹੁਕਮ
ਵਿੱਚ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ ਹੁਕਮ ਵਿੱਚ ਹੀ ਇਥੋਂ ਤੁਰ ਜਾਂਦਾ ਹੈ| ਜੀਵ ਨੂੰ ਪ੍ਰਭੁ ਦੇ
ਹੁਕਮ ਵਿੱਚ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ। ਪੂਰੇ ਗੁਰੂ ਦੀ ਰਾਹੀਂ ਹੀ ਜੀਵ ਸੱਚੇ ਪ੍ਰਭੂ ਦੇ
ਸਿਮਰਨ ਦੀ ਕਮਾਈ ਕਰਦਾ ਹੈ| ਇਹ ਗੱਲ ਗੁਰੂ ਦੀ ਸਿੱਖਿਆ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ
ਹੈ ਅਤੇ ਕਿਨ੍ਹਾਂ ਬੇਅੰਤ ਹੈ।੨੨।
ਨੋਟ: ੨੧ ਵੀਂ ਪਉੜੀ ਵਿੱਚ ਜੋਗੀਆਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ੨੩
ਵੀਂ ਪਉੜੀ ਵਿੱਚ ਜ਼ਾਰੀ ਹੈ|
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥
ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥
ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥
ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥
ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥
ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥ ਪੰਨਾਂ ੯੪੦
ਪਦਅਰਥ:
ਬਿਸਮਾਦੁ-ਅਸਚਰਜ,
ਕਲਪਤ-ਫ਼ਰਜ਼ੀ, ਅਕਲਪਤ-ਅਸਲੀ, ਮੁਦ੍ਰਾ-ਸਾਧਨ, ਅਵਿਗਤਿ-ਅਦ੍ਰਿਸ਼ਟ ਪ੍ਰਭੂ ਵਿੱਚ, ਨਿਰਾਲਮੁ-ਨਿਰਲੇਪ।
ਅਰਥ:
ਉੱਤਰ: ਸ੍ਰਿਸ਼ਟੀ ਦੇ
ਮੁੱਢ ਦਾ ਵੀਚਾਰ ਤਾਂ "ਅਸਚਰਜ-ਅਸਚਰਜ" ਹੀ ਕਿਹਾ ਜਾ ਸਕਦਾ ਹੈ| ਉਸ ਵੇਲੇ ਇੱਕ-ਰਸ ਅਫੁਰ ਪ੍ਰਮਾਤਮਾ
ਦਾ ਹੀ ਵਜੂਦ ਸੀ। ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਭਾਵ ਗਿਆਨ
ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸ਼ਰਣ ਹੀ ਹੈ। ਹਰੇਕ ਘਟ ਵਿੱਚ ਅਤੇ ਸਾਰੇ ਜੀਵਾਂ ਵਿੱਚ
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ। ਅਦ੍ਰਿਸ਼ਟ ਪ੍ਰਭੂ ਵਿੱਚ ਲੀਨ ਸਤਿਗੁਰੂ ਦੀ
ਸਿੱਖਿਆ ਰਾਹੀਂ ਹੀ ਹੋ ਸਕਦਾ ਹੈ| ਗੁਰ-ਸ਼ਬਦ ਭਾਵ ਗੁਰੂ ਦੀ ਸਿੱਖਿਆ ਰਾਹੀਂ ਅਡੋਲ ਅਵਸਥਾ ਵਿੱਚ
ਟਿਕਣ ਨਾਲ ਜਗਤ ਦਾ ਮੂਲ ਅਤੇ ਮਾਇਆ ਤੋਂ ਰਹਿਤ ਪ੍ਰਭੂ ਲੱਭ ਪੈਂਦਾ ਹੈ। ਹੇ ਨਾਨਕ! ਨਿਰੰਜਨ ਪ੍ਰਭੂ
ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁੱਟ ਹੋਰ ਕੁੱਝ ਕਰਨ ਦੀ ਲੋੜ ਨਹੀਂ| ਜੋ ਜੀਵ
ਗੁਰ-ਆਸ਼ੇ ਅਨੁਸਾਰ ਸੇਵਾ ਕਰਦਾ ਹੈ ਉਹ ‘ਨਿਰੰਜਨ’ ਪ੍ਰਭੂ ਨੂੰ ਲੱਭ ਲੈਂਦਾ ਹੈ।
ਗੁਰੂ ਦੇ ‘ਹੁਕਮ’ ਨੂੰ ਮੰਨਣਾ ਅਸਚਰਜ ਖ਼ਿਆਲ ਹੈ ਭਾਵ ਇਹ ਖ਼ਿਆਲ ਕਿ ਗੁਰੂ ਦੇ
ਹੁਕਮ ਵਿੱਚ ਤੁਰਨ ਨਾਲ ਜੀਵ "ਅਵਿਗਤ" ਪ੍ਰਮਾਤਮਾ ਵਿੱਚ ਸਮਾ ਜਾਂਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ
ਹੈ| ਜੋ ਜੀਵ ‘ਹੁਕਮ’ ਵਿੱਚ ਤੁਰ ਕੇ ‘ਹੁਕਮ’ ਨੂੰ ਪਛਾਣ ਲੈਂਦਾ ਹੈ ਉਹ ਜੀਵਨ ਦੀ ਸਹੀ ਜੁਗਤ ਅਤੇ
‘ਸੱਚ’ ਨੂੰ ਜਾਣ ਲੈਂਦਾ ਹੈ| ਉਹ ਜੀਵ ‘ਆਪਾ ਭਾਵ’ ਮਿਟਾ ਕੇ ਦੁਨੀਆਂ ਵਿੱਚ ਰਹਿੰਦਾ ਹੋਇਆ ਭੀ
ਦੁਨੀਆਂ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਉਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ
ਸਾਖਿਆਤ ਹੈ| ਬੱਸ! ਐਸਾ ਜੀਵ ਹੀ ਜੋਗੀ ਅਖਵਾਉਣ ਦੇ ਯੋਗ ਹੈ।
ਨੋਟ: ਅੱਜ ਲੋਕ ਜੋਗ ਸਾਧਨਾ ਤੋਂ ਕਮਲੇ ਹੋਏ ਫਿਰਦੇ ਹਨ ਪਰ ਗੁਰੂ ਨਾਨਕ
ਸਾਹਿਬ ਨੇ ਜੋਗ ਮਤ ਨੂੰ ਬਿਲਕੁਲ ਨਿਕਾਰ ਦਿੱਤਾ ਹੈ| ਗੁਰੂ ਦਾ ਹੁਕਮ ਮੰਨਣਾ ਹੀ ਜੀਵਨ ਮਨੋਰਥ ਹੈ|
ਗੁਰੂ ਸਾਹਿਬ ਦੇ ਹੁਕਮ ਮੰਨਣ ਨਾਲ ਹੀ ਮਨੁੱਖਾ ਜੀਵਨ ਸਫਲ ਹੋ ਸਕਦਾ ਹੈ|
ਨੋਟ: ਇਥੇ ਤੱਕ ਸਵਾਲਾਂ-ਜਵਾਬਾਂ ਦੀ ਪਹਿਲੀ ਲੜੀ ਖਤਮ ਹੁੰਦੀ ਹੈ|
ਇਸ ਤੋਂ ਅੱਗੇ ਪਉੜੀ ਨੰ: ੨੪ ਤੋਂ ੪੨ ਤੱਕ ਪ੍ਰਸ਼ਨ-ਉੱਤਰ ਨਹੀਂ ਹਨ| ਉੱਥੇ ਗੁਰੂ ਨਾਨਕ ਸਾਹਿਬ ਆਪਣੇ
ਹੀ ਮਤ ਦੀ ਵਿਆਖਿਆ ਕਰਦੇ ਹਨ। ਉਨ੍ਹਾਂ ਦਾ ਵੇਰਵਾ ਅਗਲੇ ਲੇਖ ਵਿੱਚ ਦਿੱਤਾ ਜਾਵੇਗਾ|
ਬਲਬਿੰਦਰ ਸਿੰਘ ਅਸਟ੍ਰੇਲੀਆ