ਅਨੁਸਾਰ ਤਿੰਨੇ ਹੀ
ਥਾਵਾਂ ਤੇ ਅਰਥ ਵੱਖ-ਵੱਖ ਹੋ ਜਾਂਦੇ ਹਨ-
- ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ।।
(ਸੋਰਠਿ ਮਹਲਾ ੫-੬੧੫)
- ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ।।
(ਰਾਮਕਲੀ ਮਹਲਾ ੩ ਅਨੰਦੁ -੯੨੨)
-ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।
(ਗੂਜਰੀ- ਸਲੋਕ ਮਹਲਾ ੫-੫੨੨)
ਉਪਰੋਕਤ ਦਰਸਾਏ ਪ੍ਰਮਾਣਾਂ ਵਿਚੋਂ ਪਹਿਲੇ ਵਿੱਚ ਜੀਉ ਸ਼ਬਦ ਦਾ ਅਰਥ ‘ਹੇ
ਪ੍ਰਭੂ ਜੀ`! ਭਾਵ ਸਤਿਕਾਰ ਵਾਚੀ ਹੈ, ਦੂਜੇ ਵਿੱਚ ਜੀਉ ਸ਼ਬਦ ਪ੍ਰਮੇਸ਼ਰ ਵਲੋਂ ਸਰੀਰ ਰੂਪੀ ਗੁਫਾ
ਅੰਦਰ ਟਿਕਾਈ ਗਈ ‘ਜੋਤ` ਦੇ ਅਰਥਾਂ ਵਿੱਚ ਹੈ, ਤੀਜੇ ਵਿੱਚ ਜੀਉ ਸ਼ਬਦ ‘ਆਤਮਿਕ ਜੀਵਨ`
ਦੇ ਅਰਥਾਂ ਵਿੱਚ ਹੈ।
ਵਿਸ਼ਾ ਅਧੀਨ ਪ੍ਰਮਾਣ ਦੇ ਸਹੀ ਅਰਥਾਂ ਨੂੰ ਸਮਝਣ ਲਈ ਉਨ੍ਹਾਂ ਸ਼ਬਦਾਂ ਨੂੰ
ਸਾਹਮਣੇ ਰੱਖੀਏ ਜਿਨ੍ਹਾਂ ਵਿੱਚ ‘ਰੇ ਲੋਈ` ਸ਼ਬਦ ਆਇਆ ਹੈ-
ੳ) ਲੰਕਾ ਸਾ ਕੋਟੁ ਸਮੁੰਦ ਸੀ ਖਾਈ।। ਤਿਹ ਰਾਵਨ ਘਰ ਖਬਰਿ ਨ ਪਾਈ।। ੧।।
ਕਿਆ ਮਾਗਉ ਕਿਛੁ ਥਿਰੁ ਨ ਰਹਾਈ।। ਦੇਖਤ ਨੈਨ ਚਲਿਓ ਜਗੁ ਜਾਈ।। ੧।।
ਰਹਾਉ।।
ਇਕੁ ਲਖੁ ਪੂਤ ਸਵਾ ਲਖੁ ਨਾਤੀ।। ਤਿਹ ਰਾਵਨ ਘਰ ਦੀਆ ਨ ਬਾਤੀ।। ੨।।
ਚੰਦੁ ਸੂਰਜੁ ਜਾ ਕੇ ਤਪਤ ਰਸੋਈ।। ਬੈਸੰਤਰੁ ਜਾ ਕੇ ਕਪਰੇ ਧੋਈ।। ੩।।
ਗੁਰਮਤਿ ਰਾਮੈ ਨਾਮਿ ਸਮਾਈ।। ਅਸਥਿਰੁ ਰਹੈ ਨ ਕਤਹੂੰ ਜਾਈ।। ੪।।
ਕਹਤ ਕਬੀਰ ਸੁਨਹੁ ਰੇ ਲੋਈ।। ਰਾਮ ਨਾਮ ਬਿਨੁ ਮੁਕਤਿ ਨ ਹੋਈ।। ੫।। ੮।।
੨੧।।
(ਆਸਾ, ਭਗਤ ਕਬੀਰ ਜੀ- ੪੮੧)
ਵਿਚਾਰ- ਭਗਤ ਕਬੀਰ ਜੀ ਨੇ ਇਸ ਸ਼ਬਦ ਰਾਹੀਂ ਲੰਕਾਪਤੀ ਰਾਵਣ ਦੇ ਵੱਡੇ
ਰਾਜ ਭਾਗ, ਵੱਡੇ ਪ੍ਰਵਾਰ, ਵੱਡੀ ਤਾਕਤ ਦੇ ਹਵਾਲੇ ਦੇ ਕੇ ਸੰਸਾਰ ਦੀ ਨਾਸ਼ਮਾਨਤਾ ਦੇ ਪੱਖ ਨੂੰ
ਸਾਹਮਣੇ ਰੱਖਿਆ ਹੈ। ਇਸ ਸਾਰੇ ਕੁੱਝ ਦੀ ਸਮਝ ਉਨ੍ਹਾਂ ਨੂੰ ਆਉਂਦੀ ਹੈ ਜੋ ਸੱਚੇ ਸਤਿਗੁਰੂ ਦੀ ਮਤਿ
ਦੇ ਧਾਰਨੀ ਬਣਦੇ ਹਨ। ਅਖੀਰਲੀ 5 ਨੰਬਰ ਤੁਕ ਵਿੱਚ ਭਗਤ ਕਬੀਰ ਜੀ ਦਸਦੇ ਹਨ ਕਿ-
‘ਕਬੀਰ ਆਖਦਾ ਹੈ- ਸੁਣੋ, ਹੇ ਜਗਤ ਦੇ ਲੋਕੋ! ਪ੍ਰਭੂ ਦੇ ਨਾਮ ਸਿਮਰਨ
ਤੋਂ ਬਿਨਾਂ ਜਗਤ ਦੇ ਇਸ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ। `
ਅ) ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ।।
ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ।। ੧।।
ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ।।
ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ।। ੧।। ਰਹਾਉ।।
ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ।।
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮ ਰਿਦੈ ਜਉ ਹੋਈ।। ੨-੩।।
(ਧਨਾਸਰੀ, ਭਗਤ ਕਬੀਰ ਜੀ-੬੯੨)
ਵਿਚਾਰ- ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਬਨਾਰਸ ਦੀ ਧਰਤੀ
ਤੇ ਵੱਸਣ ਵਾਲੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਅਤੇ ਜੀਵਨ ਜਾਚ ਰਾਹੀਂ ਪੰਡਿਤਾਂ ਦੇ ਇਸ ਫੋਕਟ
ਕਰਮ-ਕਾਂਡ (ਕਿਉਂਕਿ ਪੰਡਿਤਾਂ ਦੀ ਸ਼ਰਤ ਹੀ ਇਹ ਸੀ ਕਿ ਸਭ ਕੁੱਝ ‘ਪੰਡਿਤਾਂ ਨੂੰ ਦਾਨ ਕਰਨ
ਉਪਰੰਤ` ਆਰੇ ਨਾਲ ਸਰੀਰ ਚਿਰਵਾ ਕੇ ਮੌਤ ਨੂੰ ਪ੍ਰਾਪਤ ਕਰਨਾ) ਦਾ ਭਾਂਡਾ ਚੌਰਾਹੇ ਵਿੱਚ ਭੰਨਿਆ
ਸੀ। ਆਪਣੇ ਜੀਵਨ ਦੇ ਆਖਰੀ ਸਮੇਂ ਤਕ ਬਨਾਰਸ ਦੀ ਧਰਤੀ ਤੇ ਵੱਸਣ ਉਪਰੰਤ ਅੰਤ ਸਮੇਂ ਕਬੀਰ ਜੀ ਜਾਣ
ਬੁੱਝ ਕੇ ਮਗਹਰ (ਹਾੜੰਬੈ) ਦੀ ਧਰਤੀ ਤੇ ਚਲੇ ਗਏ। ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸੇ ਹੋਏ ਲੋਕਾਂ
ਨੇ ਕਬੀਰ ਸਾਹਿਬ ਦੇ ਇਸ ਕਰਮ ਦਾ ਮਖੌਲ ਉਡਾਇਆ-
ਅਬ ਕਹੁ ਰਾਮ ਕਵਨ ਗਤਿ ਮੋਰੀ।। ਤਜੀਲੇ ਬਨਾਰਸਿ ਮਤਿ ਭਈ ਥੋਰੀ।। ੧।।
ਰਹਾਉ।।
ਸਗਲ ਜਨਮੁ ਸਿਵਪੁਰੀ ਗਵਾਇਆ।। ਮਰਤੀ ਬਾਰ ਮਗਹਰ ਉਠਿ ਆਇਆ।। ੨।।
ਬਹੁਤੁ ਬਰਸ ਤਪੁ ਕੀਆ ਕਾਸੀ।। ਮਰਨੁ ਭਇਆ ਮਗਹਰ ਕੀ ਬਾਸੀ।। ੩।।
ਕਾਸੀ ਮਗਹਰ ਸਮ ਬੀਚਾਰੀ।। ਓਛੀ ਭਗਤਿ ਕੈਸੇ ਉਤਰਸਿ ਪਾਰੀ।। ੪।।
ਕਹੁ ਗੁਰ ਗਜਿ ਸਿਵ ਸਭ ਕੋ ਜਾਨੈ।। ਮੁਆ ਕਬੀਰੁ ਰਮਤ ਸ੍ਰੀ ਰਾਮੈ।। ੫।।
(ਗਉੜੀ, ਕਬੀਰ ਜੀ-੩੨੬)
ਭਗਤ ਕਬੀਰ ਜੀ ਨੇ ਆਪਣੇ ਜੀਵਨ ਦੇ ਇਸ ਕਰਮ ਨੂੰ ਅਪਣੀ ਬਾਣੀ ਵਿੱਚ ਵੀ ਦਰਜ
ਕਰਦੇ ਹੋਏ ਇਹ ਸਪਸ਼ਟ ਕੀਤਾ ਕਿ ਕਿਸੇ ਵਿਸ਼ੇਸ਼ ਅਸਥਾਨ ਤੇ ਵੱਸਣ ਨਾਲ ਪ੍ਰਾਣੀ ਦੀ ਮੁਕਤੀ ਨਾਲ ਕੋਈ
ਸਬੰਧ ਨਹੀਂ ਹੈ। ਸਗੋਂ ਨਿਬੇੜਾ ਉਸ ਪ੍ਰਾਣੀ ਵਲੋਂ ਆਪਣੇ ਜੀਵਨ ਕਾਲ ਅੰਦਰ ਕੀਤੇ ਗਏ ਚੰਗੇ ਜਾਂ
ਮਾੜੇ ਕਰਮਾਂ ਦੇ ਅਧਾਰ ਤੇ ਹੀ ਹੋਵੇਗਾ-
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ।।
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ।।
(ਆਸਾ-ਕਬੀਰ ਜੀ-੪੮੪)
ਦਾਸ ਨੂੰ ਪਿਛਲੇ ਸਮੇਂ ਆਪਣੀ ਗੋਰਖਪੁਰ ਦੀ ਪ੍ਰਚਾਰ ਯਾਤਰਾ ਦੌਰਾਨ ਗੋਰਖਪੁਰ
ਤੋਂ ਲਗਭਗ 17 ਮੀਲ ਦੂਰੀ ਤੇ ਮਗਹਰ ਦੀ ਧਰਤੀ ਉਪਰ ਜਾਣ ਦਾ ਮੌਕਾ ਮਿਲਿਆ। ਉਥੇ ਕੈਸਾ ਸੁਮੇਲ ਬਣਿਆ
ਦੇਖਿਆ ਕਿ ਉਸ ਧਰਤੀ ਉਪਰ ਕਬੀਰ ਸਾਹਿਬ ਦੇ ਨਾਮ ਉਪਰ ਉਹਨਾਂ ਦੀ ਯਾਦ ਅੰਦਰ ‘ਸਿੱਖ ਕੌਮ ਵਲੋਂ
ਗੁਰਦੁਆਰਾ`, ‘ਹਿੰਦੂ ਕੌਮ ਵਲੋਂ ਮੰਦਿਰ` ਅਤੇ ‘ਮੁਸਲਮਾਨ ਕੌਮ ਵਲੋਂ ਮਜ਼ਾਰ` ਦੀ
ਉਸਾਰੀ ਕੀਤੀ ਹੋਈ ਹੈ।
ਧਨਾਸਰੀ ਰਾਗ ਅੰਦਰ ਪਾਵਨ ਅੰਕ ੬੯੨ ਉਪਰ ਦਰਜ ਉਪਰੋਕਤ ਸ਼ਬਦ ਦੇ ਆਖਰੀ 5
ਨੰਬਰ ਪਦੇ ਰਾਹੀਂ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਜਦੋਂ ਪ੍ਰਮੇਸ਼ਰ ਦੀ ਬਖਸ਼ਿਸ਼ ਨਾਲ ਇਕਮਿਕਤਾ ਦੀ
ਅਵਸਥਾ ਬਣ ਗਈ ਹੋਵੇ, ਜੀਵਨ ਦਾ ਅੰਤ ਕਿਥੇ ਹੁੰਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਦਾ ਇਨ੍ਹਾਂ
ਤੁਕਾਂ ਦੇ ਅਰਥ ਇਸ ਤਰਾਂ ਹਨ-
‘ਕਬੀਰ ਆਖਦਾ ਹੈ- ਹੇ ਲੋਕੇ! ਸੁਣੋ ਕੋਈ ਮਨੁੱਖ ਕਿਸੇ ਭੁਲੇਖੇ ਵਿੱਚ
ਨਾਹ ਪੈ ਜਾਏ ਕਿ ਕਾਂਸ਼ੀ ਵਿੱਚ ਮੁਕਤੀ ਮਿਲਦੀ ਹੈ ਤੇ ਮਗਹਰ ਵਿੱਚ ਨਹੀਂ। ਜੇ ਪ੍ਰਮਾਤਾਮਾ ਦਾ ਨਾਮ
ਹਿਰਦੇ ਵਿੱਚ ਹੋਵੇ ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ, ਦੋਹੀਂ ਥਾਂਈ ਪ੍ਰਭੂ ਵਿੱਚ ਲੀਨ ਹੋ
ਸਕੀਦਾ ਹੈ। `
ੲ) ਕਰਵਤ ਭਲਾ ਨ ਕਰਵਟ ਤੇਰੀ।। ਲਾਗੁ ਗਲੇ ਸੁਨੁ ਬੇਨਤੀ ਮੇਰੀ।। ੧।। ।।
ਹਉ ਵਾਰੀ ਮੁਖੁ ਫੇਰਿ ਪਿਆਰੇ।। ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ।। ੧।।
ਰਹਾਉ।।
ਜਉ ਤਨੁ ਚੀਰਹਿ ਅੰਗੁ ਨ ਮੋਰਉ।। ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ।। ੨।।
ਹਮ ਤੁਮ ਬੀਚੁ ਭਇਓ ਨਹੀ ਕੋਈ।। ਤੁਮਹਿ ਸੁ ਕੰਤ ਨਾਰਿ ਹਮ ਸੋਈ।। ੩।।
ਕਹਤੁ ਕਬੀਰੁ ਸੁਨਹੁ ਰੇ ਲੋਈ।। ਅਬ ਤੁਮਰੀ ਪਰਤੀਤਿ ਨ ਹੋਈ।। ੪।। ੨।।
੩੫।।
(ਆਸਾ, ਭਗਤ ਕਬੀਰ ਜੀ- ੪੮੪)
ਵਿਚਾਰ- ਇਸ ਪੂਰੇ ਸ਼ਬਦ ਦੇ ਅਰਥ ਕਰਨ ਵੇਲੇ ਅਕਸਰ ਹੀ ਉਥਾਨਕਾ ਵਿੱਚ
ਇੱਕ ਸਾਖੀ ਸੁਣਾਈ ਜਾਂਦੀ ਹੈ ਕਿ ਭਗਤ ਕਬੀਰ ਜੀ ਅਤੇ ਮਾਤਾ ਲੋਈ ਜੀ ਦਰਮਿਆਨ ਕਿਸੇ ਕਾਰਣ ਨਰਾਜ਼ਗੀ
ਹੋ ਗਈ। ਕਬੀਰ ਜੀ ਨੇ ਉਨ੍ਹਾਂ ਨਾਲ ਬੋਲ-ਚਾਲ ਬੰਦ ਕਰ ਦਿੱਤੀ ਅਤੇ ਪਿੱਠ ਕਰਕੇ ਬੈਠ ਗਏ। ਜਿਸ ਕਾਰਣ
ਸ਼ਬਦ ਦੇ ਪਹਿਲੇ ਤਿੰਨ ਪਦਿਆਂ ਰਾਹੀਂ ਮਾਤਾ ਲੋਈ ਵਲੋਂ ਆਪਣੇ ਪਤੀ ਨੂੰ ਮਨਾਉਣ ਲਈ ਬੇਨਤੀਆਂ, ਤਰਲੇ
ਕੀਤੇ ਜਾ ਰਹੇ ਹਨ ਅਤੇ ਆਖਰੀ ਚੌਥੇ ਪਦੇ ਵਿੱਚ ਕਬੀਰ ਜੀ ਮਾਤਾ ਲੋਈ ਨੂੰ (ਰੇ ਲੋਈ) ਸੰਬੋਧਨ ਕਰਦੇ
ਕਹਿੰਦੇ ਹਨ ਕਿ ਹੁਣ ਇਹ ਨਰਾਜ਼ਗੀ ਦੂਰ ਹੋਣ ਵਾਲੀ ਨਹੀਂ ਹੁਣ ਮੇਰਾ ਤੇਰੇ ਉਪਰੋਂ ਭਰੋਸਾ (ਪਰਤੀਤ)
ਉਠ ਗਿਆ ਹੈ। ਮਾਨੋ ਭਗਤ ਕਬੀਰ ਜੀ ਦਾ ‘ਮੈ ਨਾ ਮਾਨੂੰ ` ਵਾਲਾ ਹੱਠ ਭਰਪੂਰ ਜਵਾਬ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿਆਕਰਣਕ ਨੇਮ ਵਿੱਚ ਬੱਝੀ
ਹੋਈ ਹੈ। ਜਿਸ ਅਨੁਸਾਰ ‘ਰੇ` ਸ਼ਬਦ ਪੁਲਿੰਗ ਵਾਚਕ ਹੈ ਅਤੇ ‘ਰੀ` ਸ਼ਬਦ ਇਸਤਰੀ ਵਾਚਕ
ਹੈ। ਇਸ ਨਿਯਮ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਇਸ ਸਾਖੀ ਵਾਲੇ ਅਰਥ ਮੰਨਣਯੋਗ ਨਹੀਂ ਬਣਦੇ ਹਨ।
ਜਦੋਂ ਕਿ ਅਸੀਂ ਪਹਿਲਾਂ ਹੀ ਦੋ ਸ਼ਬਦਾਂ ਵਿੱਚ ਭਗਤ ਕਬੀਰ ਜੀ ਵਲੋਂ ਉਚਾਰਣ
ਕੀਤੇ ਗਏ ‘ਰੇ ਲੋਈ` ਸ਼ਬਦ ਦਾ ਅਰਥ ਵੇਖ ਚੁੱਕੇ ਹਾਂ, ਜੋ ਕਿਸੇ ਵੀ ਤਰਾਂ ਨਾਲ ਮਾਤਾ ਲੋਈ
ਨਾਲ ਸਬੰਧਿਤ ਨਹੀਂ ਹੈ। ਹੁਣ ਇਸ ਪੂਰੇ ਸ਼ਬਦ ਦੇ ਵੀ ਅਰਥ ਸਾਹਮਣੇ ਰੱਖ ਕੇ ਵੇਖਾਂਗੇ ਤਾਂ ਇਥੇ ਵੀ
ਪੂਰੀ ਗੱਲ ਸਪਸ਼ਟ ਹੋ ਜਾਵੇਗੀ। ਰਾਗ ਆਸਾ ਅੰਦਰ ਪਾਵਨ ਅੰਕ 184 ਉਪਰ ਦਰਜ ਪੂਰੇ ਸ਼ਬਦ ਦੇ ਅਰਥ ਇਸ
ਤਰਾਂ ਹਨ-
ਅਰਥ- ਦਾਤਾ! ਤੇਰੇ ਪਿਠ ਦੇਣ ਨਾਲੋਂ ਮੈਨੂੰ ਸਰੀਰ ਉਤੇ ਆਰਾ ਸਹਾਰ ਲੈਣਾ
ਚੰਗਾ ਹੈ, ਭਾਵ ਆਰੇ ਨਾਲ ਸਰੀਰ ਚੀਰਣ ਵਿੱਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਜ਼ਰ ਤੋਂ
ਵਾਂਝੇ ਰਹਿਣ ਵਿੱਚ ਹੈ। ਹੇ ਸੱਜਣ ਪ੍ਰਭੂ! ਮੇਰੀ ਅਰਜੋਈ ਸੁਣ ਤੇ ਮੇਰੇ ਗਲ ਲੱਗ ਭਾਵ ਤੇਰੀ ਯਾਦ
ਮੇਰੇ ਗਲ ਦਾ ਸਹਾਰਾ ਬਣੀ ਰਹੇ।। ੧।।
ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ ਮੈਨੂੰ ਪਿੱਠ ਦੇ
ਕੇ ਕਿਉਂ ਮਾਰ ਰਿਹਾ ਹੈ? ਭਾਵ ਜੇ ਤੂੰ ਮੇਰੇ ਉੱਤੇ ਮਿਹਰ ਨਜ਼ਰ ਨਾਂਹ ਕਰੇ ਤਾਂ ਮੈਂ ਜੀਊ ਨਹੀਂ
ਸਕਦਾ।। ੧ ਰਹਾਉ।।
ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ ਇਸ ਨੂੰ ਬਚਾਣ ਦੀ
ਖਾਤਰ ਪਿਛਾਂਹ ਨਹੀਂ ਹਟਾਵਾਂਗਾ। ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ
ਤੋੜਣਾ।। ੨।।
ਹੇ ਪਿਆਰੇ ਮੇਰੇ ਤੇਰੇ ਵਿੱਚ ਕੋਈ ਵਿਥ ਨਹੀਂ ਹੈ। ਤੂੰ ਉਹੀ ਪ੍ਰਭੂ-ਖਸਮ ਹੈ
ਤੇ ਮੈਂ ਜੀਵ-ਇਸਤਰੀ ਤੇਰੀ ਨਾਰ ਹਾਂ।। ੩।।
ਇਹ ਵਿੱਥ ਪਵਾਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ ਕਬੀਰ ਆਖਦਾ ਹੈ- ਸੁਣ
ਹੇ ਜਗਤ ਦੇ ਮੋਹ ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ, ਭਾਵ ਹੇ ਮੋਹ! ਹੁਣ ਮੈਂ ਤੇਰੇ ਜਾਲ
ਵਿੱਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈ।। ੪।। ੨।। ੩੫।।
ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਇਥੇ ‘ਰੇ ਲੋਈ` ਸ਼ਬਦ ਭਗਤ
ਕਬੀਰ ਜੀ ਆਪਣੀ ਸੁਪਤਨੀ ਮਾਤਾ ਲੋਈ ਨਹੀਂ ਸਗੋਂ ਸਮੁੱਚੀ ਲੋਕਾਈ, ਜੋ ਮੋਹ-ਵਿਕਾਰਾਂ ਵਿੱਚ ਗਲਤਾਨ
ਹੋ ਕੇ ਪ੍ਰਮੇਸ਼ਰ ਤੋਂ ਟੁੱਟ ਚੁੱਕੀ ਹੈ, ਨੂੰ ਸੰਬੋਧਨ ਕਰਦੇ ਹੋਏ ਸਾਨੂੰ ਰੱਬ ਨਾਲੋਂ ਟੁੱਟ ਚੁਕੇ
ਜੀਵਾਂ ਨੂੰ ਸਹੀ ਮਾਰਗ ਦਰਸ਼ਨ ਦੇ ਰਹੇ ਹਨ।
ਵਿਸ਼ਾ ਅਧੀਨ ਪਾਵਨ ਬਚਨਾਂ ਰਾਹੀਂ ਭਗਤ ਕਬੀਰ ਜੀ ਵੀ ਸਾਨੂੰ ਉਹੀ ਸਿਖਿਆ ਦੇ
ਰਹੇ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਰਾਹੀਂ ਦਿਤੀ ਗਈ ਹੈ-
- ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ।।
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ।।
(ਵਾਰ ਵਡਹੰਸ-ਮਹਲਾ ੧-੫੯੦)
- ਜੇ ਤੂ ਮਿਤ੍ਰ ਅਸਾਡੜਾ ਹਿਕ ਭੋਰੀ ਨਾ ਵੇਛੋੜਿ।।
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ।।
(ਮਾਰੂ, ਡਖਣੇ ਮਹਲਾ ੫- ੧੦੯੪)
============
ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ
ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ
ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ
ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ
ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ
ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ
ਸਕਾਂਗੇ।
============
(ਚਲਦਾ … …)
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)