.

ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਦਾ ਬਹੁਪੱਖੀ ਅੰਤ੍ਰਿਕ ਵਿਸ਼ਲੇਸ਼ਨ

(ਗੁਰਬਾਣੀ ਦ੍ਰਿਸ਼ਟੀਕੋਨ-ਭਾਗ ੨)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਖੇ ੴ ਤੋਂ ਗੁਰਪ੍ਰਸਾਦਿ ਤੱਕ ਦੇ ਆਦਿ-ਮੰਗਲਚਰਨ ਤੋਂ ਇਲਾਵਾ ਸਾਰੀ ਗੁਰਬਾਣੀ ਸੰਗੀਤਮਈ ਕਾਵਿ ਰੂਪ ਵਿੱਚ ਹੈ। ਇਸ ਵਿੱਚ ਨਾਨਕੀ-ਜੋਤਿ-ਜੁਗਤਿ ਦੇ ਵਾਰਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਵੱਲੋਂ ਪ੍ਰਵਾਣਿਤ ਭਗਤ-ਜਨਾਂ ਦੇ ਰੂਪ ਵਿੱਚ ਜੋ ਅਦੁੱਤੀ ਬਾਣੀਕਾਰ ਹਨ, ਉਹ ੩੫ ਦੀ ਗਿਣਤੀ ਵਿੱਚ ਹਨ। ਉਨ੍ਹਾਂ ਨੇ ‘ਧੁਰ ਕੀ ਬਾਣੀ` ਵਿੱਚ ਇਤਿਹਾਸਕ ਤੇ ਮਿਥਿਹਾਸਕ ਉਦਾਹਰਣੀ ਹਵਾਲਿਆਂ ਤੋਂ ਇਲਾਵਾ ਸਮਕਾਲੀ ਸਮਾਜ ਵਿੱਚ ਪ੍ਰਚਲਿਤ ਕਈ ਮਨੌਤਾਂ, ਮੁਹਾਵਰਿਆਂ ਤੇ ਅਲੰਕਾਰਾਂ ਦੀ ਵਰਤੋਂ ਵੀ ਕੀਤੀ ਹੈ। ਅਜਿਹੀ ਲਿਖਣ-ਸ਼ੈਲੀ (style) ਦਾ ਮੁੱਖ ਮਨੋਰਥ ਕੇਵਲ ਕਾਵਿਕ ਸੰਦੇਸ਼ ਨੂੰ ਸੌਖੇ ਢੰਗ ਨਾਲ ਸਮਝਾਉਣਾ ਹੁੰਦਾ ਹੈ; ਨਾ ਕਿ ਕੋਈ ਇਤਿਹਾਸਕ, ਸਮਾਜਿਕ, ਵਿਅਕਤੀਗਤ ਤੇ ਸਥਾਨਿਕ ਕਿਸਮ ਦੇ ਸੱਚ ਨੂੰ ਪ੍ਰਗਟਾਉਣਾ ਜਾਂ ਉਸ ਦੇ ਸਹੀ ਹੋਣ ਦੀ ਗਵਾਹੀ ਭਰਨਾ। ਗੁਰਬਾਣੀ ਦੇ ਪਾਠਕ ਉਸ ਵੇਲੇ ਗੁਰਮਤਿ ਗਾਡੀ-ਰਾਹ ਤੋਂ ਭਟਕ ਜਾਂਦੇ ਹਨ, ਜਦੋਂ ਉਪਰੋਕਤ ਕਿਸਮ ਦੀ ਕਾਵਿਕ ਵਰਤੋਂ ਨੂੰ ਸੱਚ ਮੰਨ ਲੈਂਦੇ ਹਨ।

ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਾਣੀਕਾਰ ਗੁਰੂ ਸਾਹਿਬਾਨ ਲਈ ‘ਭਲੇ ਅਮਰਦਾਸ` ‘ਰਾਮਦਾਸੁ ਸੋਢੀ` ਭਗਤ ਧੰਨਾ ਜੀ ਲਈ ਜੱਟ ਤੇ ਜਾਟਰੋ; ਕਬੀਰ ਜੀ ਲਈ ਜੁਲਾਹਾ ਤੇ ਜੁਲਾਹਰਾ; ਰਵਿਦਾਸ ਜੀ ਲਈ ਚੁਮਾਰ, ਚਾਮਰੋ ਤੇ ਚੰਮਰਟਾ; ਨਾਮਦੇਵ ਜੀ ਲਈ ਛੀਂਬਾ; ਭਾਈ ਸੱਤੇ ਤੇ ਬਲਵੰਡ ਲਈ ਡੂਮ; ਅਤੇ ਹਵਾਲਾ-ਜਨਕ ਭਗਤ ਬਾਲਮੀਕ ਜੀ ਲਈ ਸੁਪਚਾਰੋ ਤੇ ਬਟਵਾਰਾ; ਭਗਤ ਧ੍ਰੂ ਜੀ ਲਈ ਦੈਂਤ ਪੁੱਤ ਆਦਿਕ ਕੁੱਝ ਜਾਤੀ ਸੂਚਕ ਤੇ ਕਰਮ-ਵਾਚਕ ਘ੍ਰਿਣਤ ਉਪਨਾਮ ਵਰਤੇ ਮਿਲਦੇ ਹਨ। ਪਰ, ਜੇਕਰ ਕੋਈ ਉਪਨਾਵਾਂ ਦੀ ਉਪਰੋਕਤ ਵਰਤੋਂ ਨੂੰ ਗੁਰਮਤ ਸਿਧਾਂਤ ਮੰਨ ਲਵੇ ਤੇ ਆਖੇ ਕਿ ਗੁਰਬਾਣੀ ਮੁਤਾਬਿਕ ਆਪਣੇ ਜਾਂ ਕਿਸੇ ਹੋਰ ਭੈਣ ਭਰਾ ਦੇ ਜਾਤੀ ਜਾਂ ਕਰਮ-ਸੂਚਕ ਨਾਵਾਂ ਦੀ ਵਰਤੋਂ ਕਰਨੀ ਅਯੋਗ ਨਹੀਂ; ਯੋਗ ਹੈ। ਸੰਧੂ, ਰੰਧਾਵਾ, ਮੱਕੜ, ਚਾਵਲਾ ਤੇ ਬਡੂੰਗਰ ਆਦਿਕ ਉਪਨਾਮ ਵਰਤਣੇ ਗ਼ਲਤ ਨਹੀਂ, ਠੀਕ ਹਨ।

ਤਾਂ ਸਮਝਿਆ ਲਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਬਹੁਤ ਵੱਡਾ ਭੁਲੇਖਾ ਖਾਧਾ ਹੈ। ਉਹ ਗੁਰੂ ਗ੍ਰੰਥ ਦੇ ਨਿਰਮਲ ਪੰਥ (ਗਾਡੀ ਰਾਹ) ਤੋਂ ਭਟਕ ਗਿਆ ਹੈ ਤੇ ਹੁਣ ਹੋਰਨਾ ਨੂੰ ਵੀ ਭਟਕਾਏਗਾ। ਸਿੱਧੀ, ਪੱਕੀ ਤੇ ਸਾਫ਼-ਸੁਥਰੀ ਜੀ. ਟੀ. ਰੋਡ (ਹਾਈ ਵੇ) ਛੱਡ ਕੇ ਉਹ ਵਿਚਾਰਾ ਹੁਣ ਉੱਚੀਆਂ ਨੀਵੀਆਂ ਬਿਪਰਵਾਦੀ ਪਗਡੰਡੀਆਂ ਦੇ ਠੁਡੇ ਖਾਏਗਾ। ਹੁਣ ਉਹ ਜਾਤ-ਪਾਤ ਤੇ ਛੂਤ-ਛਾਤ ਦੀ ਵਿਚਾਰਧਾਰਕ ਧੂੜ ਨਾਲ ਅਵੱਸ਼ ਮੈਲਾ ਹੋਏਗਾ, ਉਸ ਦੀ ਦ੍ਰਿਸ਼ਟੀ ਵਿੱਚ ਸਮਾਨਤਾ ਤੇ ਸਮਦ੍ਰਿਸ਼ਟਤਾ ਦੀ ਨਿਰਮਲਤਾ ਨਹੀਂ ਰਹੇਗੀ। ਮਾਨੋ ਕਿ ਉਹ ਗੁਰੂ ਨਾਨਕ ਦੇ ਸੱਚਖੰਡੀ ਰਾਹ ਦੇ ਬਿਲਕੁਲ ਇਉਂ ਹੀ ਉੱਲਟ ਚੱਲ ਪਿਆ ਹੈ, ਜਿਵੇਂ ਕੋਈ ਪੂਰਬ ਦੀ ਦਿਸ਼ਾ ਵਿੱਚ ਜਾਣ ਦੀ ਥਾਂ ਪੱਛਮ ਵੱਲ ਤੁਰ ਪਏ।

ਕਿਉਂਕਿ, ਸਾਰੇ ਗੁਰਬਾਣੀਕਾਰ ਤਾਂ "ਫਕੜ ਜਾਤੀ, ਫਕੜੁ ਨਾਉ।। ਸਭਨਾ ਜੀਆ, ਇਕਾ ਛਾਉ।। " {ਗੁ. ਗ੍ਰੰ. -ਪੰ. ੮੩} ਵਰਗੇ ਸਮਦ੍ਰਿਸ਼ਟ ਨਾਨਕੀ ਸਿਧਾਂਤ ਦਾ ਹੋਕਾ ਦੇਣ ਵਾਲੇ ਹਨ। ਉਪਰੋਕਤ ਕਿਸਮ ਦੇ ਜਾਤੀ ਤੇ ਕਿਤਾ ਸੂਚਕ ਨਾਵਾਂ ਨਾਲ ਪ੍ਰਗਟ ਹੁੰਦੀ ਸਮਾਜਿਕ ਤੇ ਵਿਹਾਰਕ ਊਚ-ਨੀਚ ਤੇ ਛੂਤ-ਛਾਤ ਦੇ ਉਹ ਮੁੱਢੋਂ ਹੀ ਕੱਟੜ ਵਿਰੋਧੀ ਹਨ। ਉਨ੍ਹਾਂ ਲਈ ਤਾਂ ਓਹੀ ਵਿਅਕਤੀ ਨੀਚ (ਕਮਜਾਤਿ) ਅਤੇ ਅਤੀ ਨੀਚ (ਸਨਾਤੀ) ਸ਼੍ਰੇਣੀ ਦੇ ਹਨ, ਜਿਹੜੇ ਮਾਲਕ ਪ੍ਰਭੂ ਨੂੰ ਭੁੱਲ ਕੇ ਜੀਊਂਦੇ ਹਨ। ਮਨੂੰਵਾਦੀ ਦਿਸ਼੍ਰਟੀ ਤੋਂ ਭਾਵੇਂ ਉਹ ਸਵ੍ਰਨਜਾਤੀਏ ਬ੍ਰਾਹਮਣ, ਖ਼ਤਰੀ ਤੇ ਵੈਸ਼ ਆਦਿਕ ਹੀ ਕਿਉਂ ਨਾ ਹੋਣ? ਇਸ ਪੱਖੋਂ ਗ਼ਰੀਬਨਿਵਾਜ਼ ਗੁਰੂ ਨਾਨਕ ਸਾਹਿਬ ਜੀ ਦਾ "ਖਸਮੁ ਵਿਸਾਰਹਿ, ਤੇ ਕਮਜਾਤਿ।। ਨਾਨਕ! ਨਾਵੈ ਬਾਝੁ, ਸਨਾਤਿ।। {ਗੁ. ਗ੍ਰੰ. -ਪੰ. ੧੦} ਨਿਰਣੈ-ਜਨਕ ਗੁਰਵਾਕ ਅਕੱਟ ਪ੍ਰਮਾਣ ਹੈ। ਇਸ ਪੱਖੋਂ ਭਗਤਾਂ ਦਾ ਦਿਸ਼੍ਰਟੀਕੋਨ ਵੀ ਸਪਸ਼ਟ ਹੈ। ਗੁਰੂ ਨਾਨਕ ਸਾਹਿਬ ਦੀ ਸਮਦ੍ਰਿਸ਼ਟ ਵਿਚਾਰਧਾਰਾ ਨਾਲ ਸੌ ਫੀਸਦੀ ਮੇਲ ਖਾਂਦਾ ਹੈ। ਕੋਈ ਭੁਲੇਖਾ ਨਹੀਂ ਰਹਿੰਦਾ, ਜਦੋਂ ਰੱਬੀ ਰੰਗ ਵਿੱਚ ਰੱਤੇ ਸ੍ਰੀ ਕਬੀਰ ਜੀ ਜਾਤ-ਪਾਤ ਦੇ ਵਿਸ਼ਵਾਸ਼ੀ ਬ੍ਰਾਹਮਣ ਨੂੰ ਇਉਂ ਸੁਆਲ ਕਰਕੇ ਉਹਦੇ ਮੂੰਹ `ਤੇ ਸਿੱਧੀ ਚਪੇੜ ਮਾਰਦੇ ਹਨ ਕਿ ਜੇ ਤੂੰ ਇਸ ਲਈ ਬ੍ਰਾਹਮਣ ਹੈ ਕਿ ਬ੍ਰਾਹਮਣੀ ਦੇ ਪੇਟੋਂ ਜਨਮਿਆਂ ਹੈਂ ਤਾਂ ਫਿਰ ਤੂੰ ਹੋਰ ਰਸਤਾ ਅਖਤਿਆਰ ਕਿਉਂ ਨਾ ਕੀਤਾ?

ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ।।

ਤਉ ਆਨ ਬਾਟ, ਕਾਹੇ ਨਹੀ ਆਇਆ।। {ਗੁ. ਗ੍ਰੰ. -ਪੰ. ੩੨੪}

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਹੇਠ ਲਿਖੇ ਸ਼ਬਦਾਂ ਰਾਹੀਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਵਾਸਤੇ ਹਰੇਕ ਉਹ ਵਿਅਕਤੀ ਬ੍ਰਾਹਮਣ ਹੈ, ਜਿਹੜਾ ਅਕਾਲਮੂਰਤੀ ਬ੍ਰਹਮ ਨਾਲ ਸਾਂਝ ਪਾ ਕੇ ਅਤੇ ਜਾਤ-ਪਾਤ ਦੇ ਬੰਧਨਾਂ ਨੂੰ ਤੋੜ ਕੇ ਸਦਾ ਲਈ ਮੁਕਤ ਹੋ ਗਿਆ ਹੈ। ਐਸਾ ਵਿਆਕਤੀ ਹੀ ਸਤਿਕਾਰਯੋਗ ਅਤੇ ਭਲਾ ਹੈ। ਜਨਮ ਪੱਖੋਂ ਮਨੂੰਵਾਦੀ ਬ੍ਰਾਹਮਣਾਂ ਵਾਂਗ ਕੋਈ ਵੀ ਉੱਚ ਜਾਤੀ ਦਾ ਹੋਣ ਕਰਕੇ ਵਿਸ਼ੇਸ਼ ਚੰਗਾ ਨਹੀਂ ਮੰਨਿਆ ਜਾ ਸਕਦਾ ਅਤੇ ਜੱਟਾਂ ਵਾਂਗ ਮਧਮ ਤੇ ਚੂੜ੍ਹੇ ਚੁਮਾਰਾਂ ਵਾਂਗ ਨੀਚ ਜਾਤੀ ਦਾ ਹੋਣ ਕਰਕੇ ਕੋਈ ਖ਼ਾਸ ਬੁਰਾ ਨਹੀ ਆਖਿਆ ਜਾ ਸਕਦਾ। ਕਿਉਂਕਿ, ਰੱਬੀ ਦਰਗਹ ਵਿੱਚ ਆਦਰ ਮਾਣ ਕਿਸੇ ਜਾਤ `ਤੇ ਅਧਾਰਿਤ ਨਹੀਂ ਮਿਲਦਾ, ਚੰਗੇ ਕੰਮਾਂ ਕਰਕੇ ਮਿਲਦਾ ਹੈ। ਪਾਵਨ ਗੁਰਵਾਕ ਹਨ:

ਸੋ ਬ੍ਰਹਮਣੁ, ਜੋ ਬਿੰਦੈ ਬ੍ਰਹਮੁ।। ਜਪੁ ਤਪੁ ਸੰਜਮੁ ਕਮਾਵੈ ਕਰਮੁ।।

ਸੀਲ ਸੰਤੋਖ ਕਾ ਰਖੈ ਧਰਮੁ।। ਬੰਧਨ ਤੋੜੈ, ਹੋਵੈ ਮੁਕਤੁ।।

ਸੋਈ ਬ੍ਰਹਮਣੁ, ਪੂਜਣ ਜੁਗਤੁ।। {ਗੁ. ਗ੍ਰੰ. -ਪੰ. ੧੪੧੧}

ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ।।

ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ।।

ਆਇਆ ਓਹੁ ਪਰਵਾਣੁ ਹੈ, ਜਿ ਕੁਲ ਕਾ ਕਰੇ ਉਧਾਰੁ।।

ਅਗੈ ਜਾਤਿ ਨ ਪੁਛੀਐ, ਕਰਣੀ ਸਬਦੁ ਹੈ ਸਾਰੁ।। {ਗੁ. ਗ੍ਰੰ. -ਪੰ. ੧੦੯੪}

ਉਪਰੋਕਤ ਸਾਰੀ ਵੀਚਾਰ ਤੋਂ ਸਪਸ਼ਟ ਨਿਰਣੈ ਹੁੰਦਾ ਹੈ ਕਿ ਬਾਣੀਕਾਰ ਭਗਤਾਂ ਜਾਂ ਹਵਾਲਾ ਜਨਕ ਨਾਵਾਂ ਨਾਲ ਵਰਤੇ ਗਏ ਜਾਤੀ-ਸੂਚਕ ਉਪਨਾਮ ਅਤੇ ਬਟਵਾਰਾ ਅਤੇ ਦੈਂਤ ਪੁੱਤ ਘ੍ਰਿਣਤ ਵਿਸ਼ੇਸ਼ਣ ਉਹੀ ਹਨ, ਜਿਹੜੇ ਮਨੂੰਵਾਦੀ ਬ੍ਰਾਹਮਣ ਸ਼੍ਰੇਣੀ ਵੱਲੋਂ ਅਕਾਲਪੁਰਖ ਦੇ ਪੂਜਾਰੀ ਭਗਤਾਂ ਨੂੰ ਨੀਵੇਂ ਤੇ ਆਚਰਨਹੀਣ ਪ੍ਰਚਾਰ ਕੇ ਛੁਟਿਆਉਣ ਲਈ ਵਧੇਰੇ ਪ੍ਰਚਾਰੇ ਗਏ ਸਨ; ਤਾਂ ਕਿ ਸਮਾਜ ਭਾਈਚਾਰਾ ਉਨ੍ਹਾਂ ਦਾ ਪ੍ਰਭਾਵ ਨਾ ਕਬੂਲੇ। ਕਿਉਂਕਿ, ਮਨੂੰਵਾਦ (ਬਿਪਰਵਾਦ) ਕਥਿਤ ਨੀਵੀਆਂ ਜਾਤਾਂ ਨੂੰ ਵਿਦਿਆ ਪ੍ਰਾਪਤੀ ਤੇ ਪ੍ਰਭੂ ਭਗਤੀ ਦਾ ਅਧਿਕਾਰ ਨਹੀਂ ਸੀ ਦਿੰਦਾ। ਆਪੂੰ ਗੁਰੂ ਬਣੇ ਬ੍ਰਾਹਮਣ ਡਰਦੇ ਸਨ ਕਿ ਜੇ ਬਾਲਮੀਕ ਤੇ ਰਵਿਦਾਸ ਜੀ ਵਰਗੇ ਭਗਤਾਂ ਪਿੱਛੇ ਲੱਗ ਕੇ ਉਨ੍ਹਾਂ ਦੇ ਭਾਈਚਾਰੇ ਜਾਗਰੂਕ ਹੋ ਗਏ ਤਾਂ ਉਹ ਸਮਾਜ ਵਿੱਚ ਸਾਡੇ ਵਿਰੁਧ ਬਗਾਵਤ ਖੜੀ ਕਰ ਦੇਣਗੇ। ਫਿਰ ਉਹ ਘਰਾਂ ਤੇ ਗਲੀਆਂ ਵਿੱਚੋਂ ਸਾਡਾ ਗੰਦ ਨੂੰ ਨਹੀਂ ਚੁੱਕਣਗੇ। ਸਾਡੇ ਮਰੇ ਡੰਗਰਾਂ ਅਤੇ ਕੁੱਤਿਆਂ ਨੂੰ ਪਸ਼ੂਆਂ ਵਾਂਗ ਧੂਹ ਕੇ ਹੱਡੋ-ਰੋੜੇ ਨਹੀਂ ਲਜਾਣਗੇ। ਸਗੋਂ ਉਹ ਤਾਂ ਸਾਰੇ ਦੇ ਸਾਰੇ ਹੀ ਕਬੀਰ ਜੁਲਾਹੇ ਵਾਂਗ ਸਾਡੇ ਸਾਹਮਣੇ "ਤੁਮ ਕਤ ਬ੍ਰਾਹਮਣ? ਹਮ ਕਤ ਸੂਦ? ।। ਹਮ ਕਤ ਲੋਹੂ? ਤੁਮ ਕਤ ਦੂਧ? ।। {ਗੁ. ਗ੍ਰੰ. -ਪੰ. ੩੨੪} ਵਰਗੇ ਬਗਾਵਤੀ ਸੁਆਲ ਕਰਨ ਦੀ ਜੁਅਰਤ ਕਰਨ ਲੱਗ ਪੈਣਗੇ।

ਇਹੀ ਕਾਰਣ ਹੈ ਕਿ ਭਗਤ ਕਬੀਰ ਤੇ ਰਵਿਦਾਸ ਜੀ ਵਰਗੇ ਸਿਰਲੱਥ ਸੂਰਮੇ ਕਈ ਥਾਈਂ ਜਾਣ ਬੁੱਝ ਕੇ ਵੀ ਆਪਣੀ ਜਾਤੀ ਦਾ ਪ੍ਰਗਟਾਵਾ ਕਰਦੇ ਹਨ। ਜਿਵੇਂ "ਚਮਰਟਾ, ਗਾਂਠਿ ਨ ਜਨਈ।। ਲੋਗੁ, ਗਠਾਵੈ ਪਨਹੀ।। {ਗੁ. ਗ੍ਰੰ. -ਪੰ. ੬੫੯} ਅਥਵਾ "ਜਾਤਿ ਜੁਲਾਹਾ, ਮਤਿ ਕਾ ਧੀਰੁ।। ਸਹਜਿ ਸਹਜਿ ਗੁਣ ਰਮੈ ਕਬੀਰੁ।। " {ਗੁ. ਗ੍ਰੰ. -ਪੰ. ੩੨੮} ਤਾਂ ਕਿ ਸਵਰਨ ਜਾਤੀਆਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਅਸੀਂ ਜੀਊਂਦੇ ਜਾਗਦੇ ਹਾਂ ਅਤੇ ਰੱਬੀ ਭਗਤੀ ਕਰਨ ਦਾ ਸਾਡਾ ਵੀ ਉੱਤਨਾ ਹੀ ਹੱਕ ਹੈ, ਜਿਨ੍ਹਾਂ ਤੁਹਾਡਾ। ਤੁਸੀਂ ਸਾਨੂੰ ਭਗਤੀ ਤੋਂ ਰੋਕ ਨਹੀਂ ਸਕਦੇ। ਕਿਉਂਕਿ, ‘ਰੱਬ` ਕੋਈ ਤੁਹਾਡੇ ਬਾਪ ਦੀ ਜੱਦੀ ਵਿਰਾਸਤ ਨਹੀਂ, ਉਹ ਤਾਂ ਤੁਹਾਡੇ ਸਮੇਤ ਸਾਡੇ ਸਾਰਿਆਂ ਦਾ ਸਾਂਝਾ ਬਾਪ ਹੈ। ਉਹ ਪ੍ਰਭੂ ਪਾਤਸ਼ਾਹ ਕਿਸੇ ਕਿਸਮ ਦੀ ਉੱਚੀ ਇਸ ਲਈ ਉਹ ਮਨੂੰਵਾਦੀਆਂ ਨੂੰ ਲਲਕਾਰ ਕੇ ਸਣਾਉਂਦੇ ਸਨ "ਆਪਨ ਬਾਪੈ, ਨਾਹੀ ਕਿਸੀ ਕੋ; ਭਾਵਨ ਕੋ ਹਰਿ ਰਾਜਾ।। {(ਰਵਿਦਾਸ) ਗੁ. ਗ੍ਰੰ. -ਪੰ. ੬੫੮}। ਇਹ ਅਵਾਜ਼ ਤਾਂ ਬਿਪਰਵਾਦ ਵਿਰੁਧ ਇੱਕ ਦਲੇਰਾਨਾ ਬਗਾਵਤ ਸੀ।

ਕਹਾਵਤ ਹੈ ਕਿ ਸੂਰਮੇ ਦੀ ਕਦਰ ਕੋਈ ਸੂਰਮਾ ਹੀ ਪਾ ਸਕਦਾ ਹੈ। ਇਹ ਮਨੌਤ ਸੱਚੀ ਹੋ ਨਿਬੜੀ, ਜਦੋਂ ਰੱਬੀ ਰੰਗ ਵਿੱਚ ਰੰਗੇ ਉਪਰੋਕਤ ਭਗਤਾਂ ਦੀ ਕਦਰ ਪਾਈ ‘ਸੂਰਬੀਰ, ਬਚਨ ਕੇ ਬਲੀ` ਗੁਰੂ ਬਾਬੇ ਨਾਨਕ ਨੇ; ਜਿਸ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੁਭਾਇਮਾਨ ਕੀਤਾ ਗੁਰਿਆਈ ਦੇ ਰੂਹਾਨੀ ਤਖ਼ਤ ਉੱਪਰ ਅਤੇ ਬੁਲੰਦ ਅਵਾਜ਼ ਵਿੱਚ ਇੰਞ ਆਦੇਸ਼ ਦਿੱਤਾ ਸੰਸਾਰ ਦੇ ਸਾਰੇ ਲੋਕਾਂ ਨੂੰ "ਤਿਨਾ ਭਗਤ ਜਨਾ ਕਉ, ਸਦ ਨਮਸਕਾਰੁ ਕੀਜੈ; ਜੋ ਅਨਦਿਨੁ ਹਰਿ ਗੁਣ ਗਾਵਣਿਆ।। {ਗੁ. ਗ੍ਰੰ. -ਪੰ. ੧੨੩}

ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਾਲਮੀਕ` ਨਾਮ ਨਾਲ ਸੰਬੰਧਿਤ ਉਪਨਾਵਾਂ ਦੇ ਜੋ ਹੇਠ ਲਿਖੇ ਉਦਾਹਰਣੀ ਹਵਾਲੇ ਮਿਲਦੇ ਹਨ, ਉਨ੍ਹਾਂ ਨੂੰ ਗੁਰਮਤਿ ਦੇ ਉਪਰੋਕਤ ਦਿਸ਼੍ਰਟੀਕੋਨ ਤੋਂ ਹੀ ਵਿਚਾਰਨਾ ਚਾਹੀਦਾ ਹੈ। ਅਜਿਹਾ ਨਹੀਂ ਜੇ ਗੁਰਵਾਕਾਂ ਵਿੱਚ ਬਾਲਮੀਕ ਜੀ ਨੂੰ ਪ੍ਰਚਲਿਤ ਕਥਾਵਾਂ ਮੁਤਾਬਿਕ ‘ਬਟਵਾਰਾ` (ਰਾਹ ਮਾਰ ਡਾਕੂ) ਜਾਂ ‘ਸੁਪਚਾਰੋ` (ਕੁੱਤੇ ਖਾਣਾ ਚੰਡਾਲ) ਲਿਖ ਦਿੱਤਾ ਹੈ ਤਾਂ ਇਹ ਬਿਲਕੁਲ ਸੱਚ ਹੋਵੇਗਾ। ਕਿਉਂਕਿ, ਮਨੂੰਵਾਦੀ ਬ੍ਰਾਹਮਣ ਵਿਦਿਆ ਦੇ ਬਲ-ਬੋਤੇ ਝੂਠ ਨੂੰ ਬੜੇ ਸੋਹਣੇ ਗਹਿਣਿਆਂ ਵਾਂਗ ਲਿਸ਼ਕਾਅ ਕੇ ਪੇਸ਼ ਕਰਨ ਦੀ ਮੁਹਾਰਤ ਰੱਖਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਆਸਾ ਦੀ ਵਾਰ ਵਿੱਚਲੀ ਇਹ ਪਾਵਨ ਤੁਕ "ਮੁਖਿ ਝੂਠ ਬਿਭੂਖਣ ਸਾਰੰ।। " ਇਸ ਬ੍ਰਾਹਮਣੀ ਨਿਪੁੰਨਤਾ ਦੇ ਕਮਾਲ ਦੀ ਗਵਾਹੀ ਭਰਦੀ ਹੈ। ਮਹਾਤਮਾ ਬੁੱਧ ਤੇ ਜੈਨੀ ਤੀਰਥੰਕਰ ਬ੍ਰਾਹਮਣੀ ਮੱਤ ਦੇ ਵਿਰੋਧੀ ਸਨ। ਪਰ, ਇਨ੍ਹਾਂ ਨੇ ਮਨੋਕਲਪਤ ਕਹਾਣੀਆਂ ਘੜਣ ਉਪਰੰਤ ਪ੍ਰਚਾਰ ਤੇ ਹਥਿਆਰ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਸ੍ਰੀ ਰਾਮ ਤੇ ਸ੍ਰੀ ਕ੍ਰਿਸਨ ਵਰਗੇ ਅਵਤਾਰ ਸਿੱਧ ਕਰਕੇ ਹੀ ਸਾਹ ਲਿਆ।

ਦੁਆਪਰਯੁਗੀ ਭਗਤ ਸ੍ਰੀ ਬਾਲਮੀਕ ਅਤੇ ਗੁਰੂ ਕਾਲ ਦੇ ਭਗਤ ਧੰਨਾ ਜੀ ਬਿਪਰਵਾਦੀ ਪ੍ਰਚਲਿਤ ਕਥਾਵਾਂ ਮੁਤਾਬਿਕ ਇੱਕ ਤਾਂ ਇਹ ਦੋਵੇਂ ਕਥਿਤ ਸ਼ੂਦਰਾਂ ਵਿੱਚੋਂ ਸਨ। ਬਿਪਰੀ ਫਰਕ ਕੇਵਲ ਇਤਨਾ ਸੀ ਕਿ ਬਾਲਮੀਕ ਜੀ ਅਤੀ ਨੀਚ ਸ਼੍ਰੇਣੀ ਦੇ ਚੰਡਾਲ ਸਨ, ਜਿਨ੍ਹਾਂ ਵਿੱਚ ਚੁਮਾਰਾਂ ਸਵਰਨ ਜਾਤੀਆਂ ਦੇ ਮਰੇ ਕੁੱਤੇ ਤੇ ਡੰਗਰ ਢੋਣ ਵਾਲੇ ਚੂੜ੍ਹੇ ਤੇ ਚਮਾਰ ਸ਼ਾਮਲ ਸਨ। ਅਤੇ ਜੱਟਾਂ (ਜਾਟਾਂ) ਨੂੰ ਵੈਸ਼ਾਂ ਦੇ ਅਧੀਨ ਕਰਕੇ ਖੇਤੀ-ਬਾੜੀ ਕਰਵਾਉਂਦੇ ਹਨ। ਹੋਰ ਕੋਈ ਬਹੁਤਾ ਫਰਕ ਨਹੀਂ ਸੀ। ਜਟਾਂ ਦੀ ਇੱਕ ਗੋਤ ‘ਬੈਂਸ` ਤੇ ਸਵਰਨਜਾਤੀ ‘ਵੈਸ਼` (ਵੈਸ਼੍ਯ) ਦੀ ਭਾਸ਼ਾਈ ਨੇੜਤਾ ਵੀ ਇਸ ਹਕੀਕਤ ਦੀ ਕੁੱਝ ਸੂਹ ਦਿੰਦੀ ਹੈ। ਪੰਜਾਬੀ ਦਾ ਸ਼ਹਿਰੀ ਮੁਹਾਵਰਾ ‘ਜੱਟ-ਬੂਟ` ਗਵਾਹੀ ਭਰਦਾ ਹੈ ਕਿ ‘ਜੱਟ` ਜਾਂ ‘ਜਾਟ` ਲਫ਼ਜ਼ ਅਨਪੜ੍ਹ ਗਵਾਰ ਪੇਂਡੂਆਂ ਲਈ ਵਰਤੇ ਜਾਂਦੇ ਰਹੇ। ਹੋ ਸਕਦਾ ਹੈ ਕਿ ਅਜਿਹਾ ਪ੍ਰਭਾਵ ਦੇਣ ਲਈ ਹੀ ਮਨੂੰਵਾਦੀ ਪ੍ਰਚਾਰਕਾਂ ਨੇ ਭਗਤ ਧੰਨਾ ਜੀ ਬਾਰੇ ‘ਜੱਟ` ਲਫ਼ਜ਼ ਪ੍ਰਚਲਿਤ ਕੀਤਾ ਹੋਵੇ।

ਕਿਉਂਕਿ, ਬਿਪਰਵਾਦ ਦੇ ਗੜ੍ਹ ਮੰਨੇ ਜਾਂਦੇ ਕਾਂਸ਼ੀ ਤੋਂ ਪੜ੍ਹੇ ਕਿਸੇ ਨਿਰਮਲੇ ਵਿਦਵਾਨ ਦੀ ਲਿਖੀ ਪ੍ਰਚਾਲਿਤ ਭਗਤਮਾਲ ਮੁਤਾਬਿਕ ਭਗਤ ਧੰਨਾ ਜੀ ਨੂੰ ਕਿਸੇ ਨਾਰਦ ਭਗਤ ਬ੍ਰਾਹਮਣ ਦੇ ਚੇਲਾ ਬਣਾ ਕੇ ਪੱਥਰ ਪੂਜਕ ਪ੍ਰਚਾਰਿਆ ਜਾਂਦਾ ਰਿਹਾ। ਕਹਾਣੀ ਪ੍ਰਸਿੱਧ ਹੈ ਕਿ ਧੰਨੇ ਨੂੰ ਪੱਥਰ ਦੀ ਮੂਰਤੀ ਵਿੱਚੋਂ ਠਾਕੁਰ ਦੇ ਦਰਸ਼ਨ ਹੋਏ ਸਨ। ਇਸ ਤਰਾਂ ਭਗਤ ਬਾਲਮੀਕ ਜੀ ਨੂੰ ਡਾਕੂ ਰਤਨਾਕਰ ਦਸਦਿਆਂ ਨਾਰਦ ਮੁਨੀ ਨੂੰ ਉਸ ਦਾ ਗੁਰੂ ਸਿੱਧ ਕੀਤਾ ਗਿਆ ਹੈ, ਜਿਸ ਦੀ ਬਦੌਲਤ ਉਹ ਨਾਰਦੀ ਭਗਵਾਨ ਦੀ ਭਗਤੀ ਵਿੱਚ ਲੱਗਾ। ਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਭਗਤ ਧੰਨਾ ਜੀ ਤੇ ਬਾਲਮੀਕ ਜੀ ਬਾਰੇ ਮਨੂੰਵਾਦੀ ਬ੍ਰਾਹਮਣਾਂ ਦੇ ਪ੍ਰਚਾਰੇ ਝੂਠ ਦਾ ਭਾਂਡਾ ਚੌਰਾਹੇ ਵਿੱਚ ਜ਼ੋਰਦਾਰ ਢੰਗ ਨਾਲ ਭੰਨਿਆ ਹੈ। ਕਿਉਂਕਿ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੇਠ ਲਿਖੇ ਸ਼ਬਦ ਵਿੱਚ ਭਗਤ ਧੰਨਾ ਜੀ ਆਪਣੀ ਜ਼ਬਾਨੋਂ ਆਖਦੇ ਹਨ ਕਿ ਮੈਨੂੰ ਗੁਰੂ ਨੇ ਨਾਮ-ਧਨ ਦਿੱਤਾ ਹੈ, ਸੰਤਾਂ ਦੀ ਸੰਗਤਿ ਵਿੱਚ ਮੈਨੂੰ ਧਰਣੀਧਰ ਪ੍ਰਭੂ ਲੱਭਾ ਹੈ। ਪਰ, ਸੁਆਰਥੀ ਲੋਕਾਂ ਨੇ ਆਪਣਾ ਧਾਰਮਿਕ ਜੂਲਾ ਅੰਞਾਣ ਲੋਕਾਂ ਦੇ ਮੋਢੇ ਉੱਤੇ ਪਾਈ ਰੱਖਣ ਵਾਸਤੇ ਉਪਰੋਕਤ ਕਿਸਮ ਦੀ ਕਹਾਣੀ ਚਲਾ ਦਿੱਤੀ ਕਿ ਧੰਨੇ ਨੇ ਇੱਕ ਬ੍ਰਾਹਮਣ ਤੋਂ ਇੱਕ ਠਾਕੁਰ ਲੈ ਕੇ ਉਸ ਦੀ ਪੂਜਾ ਕੀਤੀ, ਤੇ ਉਸ ਠਾਕੁਰ-ਪੂਜਾ ਤੋਂ ਉਸ ਨੂੰ ਪਰਮਾਤਮਾ ਮਿਲਿਆ। ਭਗਤ ਜੀ ਨਿਰਣੈਜਨਕ ਗੁਰਵਾਕ ਹੈ:

ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ; ਧਿਆਨੁ ਮਾਨੁ ਮਨ ਏਕ ਮਏ।।

ਪ੍ਰੇਮ ਭਗਤਿ ਮਾਨੀ, ਸੁਖੁ ਜਾਨਿਆ; ਤ੍ਰਿਪਤਿ ਅਘਾਨੇ ਮੁਕਤਿ ਭਏ।। ੩।।

ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ।। ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ।। {ਗੁ. ਗ੍ਰੰ. -ਪੰ. ੪੮੭}

ਅਰਥ: ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿੱਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ; ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ। ੩।

ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿੱਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ। ੪।

ਇਸ ਭੁਲੇਖੇ ਨੂੰ ਦੂਰ ਕਰਨ ਲਈ ਅਤੇ ਭਗਤ ਧੰਨਾ ਜੀ ਦੇ ਸ਼ਬਦ ਦੀ ਅਖ਼ੀਰਲੀ ਤੁਕ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਸਾਹਮਣੇ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ਅਗਲਾ ਸ਼ਬਦ ਆਪਣੇ ਵਲੋਂ ਉਚਾਰ ਕੇ ਨਾਲ ਹੀ ਦਰਜ ਕੀਤਾ ਹੈ। ਉਸ ਦੇ ਅੰਤਲੇ ਦੋ ਗੁਰਵਾਕ ਇਸ ਪ੍ਰਕਾਰ ਹਨ:

ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ।।

ਹਿਰਦੇ ਵਸਿਆ ਪਾਰਬ੍ਰਹਮੁ, ਭਗਤਾ ਮਹਿ ਗਨਿਆ।। ੩।।

ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ।।

ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡ ਭਾਗਾ।। ੪।। {ਪੰਨਾ ੪੮੭}

ਅਰਥ: ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿੱਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿੱਚ ਗਿਣਿਆ ਜਾਣ ਲੱਗ ਪਿਆ। ੩।

ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ। ੪। ੨।

ਗੁਰਬਾਣੀ ਅਨੁਸਾਰ ਭਗਤ ਬਾਲਮੀਕ ਜੀ ਨਾਰਦ ਮੁਨੀ ਦੇ ਚੇਲੇ ਨਹੀਂ ਸਨ, ਜਿਵੇਂ ਕਿ ਭਗਤਮਾਲ ਵਰਗੀਆਂ ਉਪਰੋਕਤ ਕਿਸਮ ਦੀ ਕਹਾਣੀਆਂ ਦੁਆਰਾ ਪ੍ਰਚਾਰਿਆ ਗਿਆ ਹੈ। ਭਗਤ ਜੀ ਸਬੰਧੀ ਨਿਰਣੈਜਨਕ ਗੁਰਵਾਕ ਅਰਥਾਂ ਸਮੇਤ ਇਸ ਪ੍ਰਕਾਰ ਹਨ:

  1. ਮੇਰੇ ਮਨ! ਨਾਮੁ ਜਪਤ ਤਰਿਆ।।

    ਧੰਨਾ ਜਟੁ, ਬਾਲਮੀਕੁ ਬਟਵਾਰਾ; ਗੁਰਮੁਖਿ ਪਾਰਿ ਪਇਆ।। {(ਮਃ ੪) ਗੁ. ਗ੍ਰੰ. -ਪੰ. ੯੯੫}

    ਸ਼ਬਦਾਰਥ ਤੇ ਭਾਵਾਰਥ ਵਿਆਖਿਆ: —ਹੇ ਮੇਰੇ ਮਨ ! ਗੁਰਮੁਖ ਹੋ ਕੇ ਅਕਾਲਪੁਰਖ ਜੀ ਦੀ ਯਾਦ ਵਿੱਚ ਜਿਹੜਾ ਵੀ ਜੁੜਿਆ, ਉਹੀ ਤਰ ਗਿਆ। ਭਾਵ, ਉਹ ਮਾਇਕ ਤੇ ਇੰਦ੍ਰਿਆਵੀ ਵਾਸ਼ਨਾਵਾਂ ਵਾਲੇ ਭੈੜੇ ਅਉਗਣਾਂ ਤੋਂ ਬਚ ਕੇ ਰੱਬੀ ਗੁਣਾਂ ਵਾਲਾ ਹੋ ਗਿਆ।

    ਹੇ ਮੇਰੇ ਮਨ (ਸੁਣ) ! ਧੰਨਾ ਜੱਟ (ਜਾਟ) ਤਰ ਗਿਆ। ਬਾਲਮੀਕ ਰਾਹ-ਮਾਰ ਡਾਕੂ ਤਰ ਗਿਆ। ਭਾਵ, ਰੱਬੀ ਸਿਮਰਨ ਦੀ ਕਰਾਮਾਤੀ ਬਰਕਤ ਵੇਖ! ਮਨੂੰਵਾਦੀ ਜਾਤ-ਪਾਤ ਦੇ ਵਿਸ਼ਵਾਸ਼ੀ ਲੋਕ ਜਿਸ ਧੰਨੇ ਨੂੰ ਅਨਪੜ੍ਹ ਗਵਾਰ (ਜੱਟ) ਕਹਿ ਕੇ ਛੁਟਿਆਉਂਦੇ ਸਨ, ਗੁਰਮੁਖ ਬਣ ਕੇ ਉਸ ਦੀ ਸ਼ਖ਼ਸੀਅਤ ਰੱਬੀ-ਗੁਣਾਂ ਨਾਲ ਭਰਪੂਰ ਹੋ ਗਈ। ਨਾਮ-ਖੇਤੀ ਬੀਜ ਕੇ ਰੱਬੀ ਬਖ਼ਸ਼ਿਸ਼ ਦੇ ਬੋਹਲ ਦਾ ਪਾਤਰ ਬਣ ਗਿਆ। ਜਿਹੜੇ ਬਾਲਮੀਕ ਨੂੰ ਰਾਹਮਾਰ ਡਾਕੂ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ, ਉਹ ਵੀ ਗੁਰਮੁਖਤਾਈ ਦੇ ਬਲਬੋਤੇ ਵਿਕਾਰੀ ਡਾਕੂਆਂ ਨੂੰ ਪਿਛਾੜ ਕੇ ਆਪਣੀ ਰੱਬੀ ਰਾਸ-ਪੂੰਜੀ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ। ਇਸ ਪਰਕਾਰ ਇਹ ਦੋਵੇਂ "ਵਿਚੇ ਗ੍ਰਿਹ, ਗੁਰ ਬਚਨਿ ਉਦਾਸੀ; ਹਉਮੈ ਮੋਹੁ ਜਲਾਇਆ।। ਆਪਿ ਤਰਿਆ, ਕੁਲ ਜਗਤੁ ਤਰਾਇਆ; ਧੰਨੁ ਜਣੇਦੀ ਮਾਇਆ।। {ਗੁ. ਗ੍ਰੰ. -ਪੰ. ੩੦੪} ਗੁਰਵਾਕ ਦੇ ਪ੍ਰਤੱਖ ਪ੍ਰਮਾਣ ਬਣ ਗਏ।" ਵਿਚੇ ਗ੍ਰਿਹ, ਗੁਰ ਬਚਨਿ ਉਦਾਸੀ; ਹਉਮੈ ਮੋਹੁ ਜਲਾਇਆ"।। ਗੁਰਵਾਕ ਤੋਂ ਇਹ ਵੀ ਨਿਰਣੈ ਹੁੰਦਾ ਹੈ ਕਿ ਗੁਰਮੱਤੀ ਆਚਾਰ-ਵਿਹਾਰ ਦੀ ਪ੍ਰਚੰਡ ਅਗਨੀ ਵਿੱਚ ਹਉਮੈ ਤੇ ਮੋਹ ਆਦਿਕ ਵਿਕਾਰਾਂ ਨੂੰ ਸਾੜ ਦੇਣਾ ਅਤੇ ਇਸ ਤਰ੍ਹਾਂ ਗ੍ਰਿਹਸਤੀ ਜੀਵਨ ਵਿੱਚ ਮੋਹ ਮਾਇਆ ਦੇ ਵਿਕਾਰੀ ਬੰਧਨਾਂ ਤੋਂ ਮੁਕਤ ਹੋ ਕੇ ਜੀਊਣਾ ਹੀ ਸੰਸਾਰ ਸਾਗਰ ਤੋਂ ਤਰਣਾ ਹੈ।

  2. ਬਾਲਮੀਕੁ ਸੁਪਚਾਰੋ ਤਰਿਓ, ਬਧਿਕ ਤਰੇ ਬਿਚਾਰੇ।।

    ਏਕ ਨਿਮਖ, ਮਨ ਮਾਹਿ ਅਰਾਧਿਓ; ਗਜਪਤਿ ਪਾਰਿ ਉਤਾਰੇ।। {(ਮਃ ੫) ਗੁ. ਗ੍ਰੰ. -ਪੰ. ੯੯੯}

    ਅਰਥ: (ਹੇ ਭਾਈ ! ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਜਿਸ ਨੂੰ (ਮਨੂੰਵਾਦੀ ਲੋਕ) ਕੁੱਤੇ ਖਾਣਾ ਚੰਡਾਲ ਆਖ ਕੇ ਨਿੰਦਦੇ ਸਨ। ਵਿਚਾਰੇ ਸ਼ਿਕਾਰੀ ਭੀ ਤਰ ਗਏ । ਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿੱਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ 

     

  3. ਬਾਲਮੀਕੈ ਹੋਆ ਸਾਧਸੰਗੁ।। ਧ੍ਰੂ ਕਉ ਮਿਲਿਆ ਹਰਿ ਨਿਸੰਗ।। {(ਮਃ ੫) ਗੁ. ਗ੍ਰੰ. -ਪੰ. ੧੧੯੨}

ਅਰਥ: ਹੇ (ਮੇਰੇ) ਮਨ ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ । ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ । ਬਾਲਮੀਕ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ)। (ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ 

(੧) ਤੇ (੨) ਨੰਬਰ ਦੇ ਉਰੋਕਤ ਪਦਿਆਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਗਤ ਬਾਲਮੀਕ ਦੇ ਪਾਰ ਉਤਾਰੇ ਦਾ ਕਾਰਣ ‘ਸਾਧ ਸੰਗੁ` ਤੇ ‘ਗੁਰਮੁਖਿ` ਲਫ਼ਜ਼ਾਂ ਰਾਹੀਂ ਕਿਸੇ ਰੱਬ-ਰੂਪ ਉਸ ਗੁਰੂ ਦੀ ਸੰਗਤ ਨੂੰ ਦੱਸਿਆ ਹੈ, ਜਿਹੜਾ ਸਰਬਵਿਆਪਕ ਅਕਾਲਪੁਰਖ ਨਾਲ ਇੱਕ ਰੂਪ ਹੋ ਚੁੱਕਾ ਸੀ। ਭਗਤਮਾਲ ਦੇ ਨਾਰਦ ਮੁਨੀ ਦੀ ਸਿਖਿਆ ਨੂੰ ਨਹੀਂ, ਜਿਹੜਾ ਲੋਕਾਈ ਨੂੰ ਪੱਥਰਾਂ ਦੀ ਪੂਜਾ ਵਿੱਚ ਲਾਉਂਦਾ ਰਿਹਾ। ਕਿਉਂਕਿ ਉਸ ਦੇ ਬਾਰੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਪਸ਼ਟ ਨਿਰਣਾ ਹੈ ਕਿ ਉਹ ਆਪ ਵੀ ਹਨੇਰੇ ਵਿੱਚ ਹੈ ਅਤੇ ਲੋਕਾਈ ਨੂੰ ਵੀ ਭਟਕਾ ਰਿਹਾ ਹੈ:

ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ।। ਨਾਰਦਿ ਕਹਿਆ, ਸਿ ਪੂਜ ਕਰਾਂਹੀ।।

ਅੰਧੇ, ਗੁੰਗੇ, ਅੰਧ ਅੰਧਾਰੁ।। ਪਾਥਰੁ ਲੇ ਪੂਜਹਿ, ਮੁਗਧ ਗਵਾਰ।।

ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ? ।। {ਗੁ. ਗ੍ਰੰ. -ਪੰ. ਪੰਨਾ ੫੫੬}

ਅਰਥ : —ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ।

ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹਉ ?

ਦੁਆਪਰਯੁਗੀ ਸ਼੍ਰੀ ਕਿਸ਼ਨ ਜੀ ਦੇ ਵੇਲੇ ਬ੍ਰਾਹਮਣ ਖਤਰੀ ਤੇ ਵੈਸ਼ ਭਗਤ ਬਾਲਮੀਕ ਜੀ ਦੇ ਭਾਈਚਾਰੇ ਨੂੰ ਪੇਟ ਭਰਨ ਲਈ ਮਰੇ ਕੁੱਤੇ ਦੇ ਮੁਰਦਾਰ ਤੋਂ ਬਗੈਰ ਹੋਰ ਕਿਸੇ ਹਿਰਨ ਆਦਿਕ ਜੰਗਲੀ ਜਾਨਵਰ ਦਾ ਮਾਸ ਨਹੀਂ ਸਨ ਖਾਣ ਦਿੰਦੇ। ਗਲੀਆਂ ਦੇ ਅਵਾਰਾ ਕੁੱਤੇ ਮਾਰਨੇ ਉਨ੍ਹਾਂ ਦੀ ਵਿਸ਼ੇਸ਼ ਸਮਾਜਿਕ ਡਿਊਟੀ ਸੀ। ਇਸੇ ਲਈ ਤਾਂ ਬ੍ਰਾਹਮਣ ਸ਼੍ਰੇਣੀ ਦੇ ਲੋਕ ਬਾਲਮੀਕ ਜੀ ਵਰਗਿਆ ਨੂੰ ਨੀਵਾਂ ਦਿਖਾਉਣ ਲਈ ‘ਸੁਪਚ`, ‘ਸੁਪਚਾਰੋ` ਤੇ ‘ਸੁਆਨਸ਼ਤ੍ਰ` (ਕੁਤਿਆਂ ਦਾ ਵੈਰੀ) ਵਰਗੇ ਹੀਣੇ ਤੇ ਜਾਤੀ ਸੂਚਕ ਉਪਨਾਵਾਂ ਦੀ ਵਰਤੋਂ ਕਰਦੇ ਸਨ। ਕਿਉਂਕਿ, ਬ੍ਰਾਹਮਣੀ ਮੱਤ ਮੁਤਾਬਿਕ ਜੰਗਲੀ ਜਾਨਵਰਾਂ ਵਿੱਚ ਕੁੱਤੇ ਨੂੰ ਵੀ ਸ਼ੂਦਰਾਂ ਵਾਂਗ ਨੀਚ ਮੰਨਿਆ ਜਾਂਦਾ ਹੈ। ਜਿਵੇਂ, ਕੁੱਤਾ ਜੂਠ ਵਿੱਚ ਮੂੰਹ ਮਾਰਦਾ ਹੈ, ਤਿਵੇਂ ਹੀ ਸ਼ੂਦਰਾਂ ਨੂੰ ਚਾਹੀਦਾ ਹੈ ਕਿ ਉਹ ਬਾਕੀ (ਬ੍ਰਾਹਮਣ, ਖਤਰੀ ਤੇ ਵੈਸ਼) ਵਰਗਾਂ ਦੀ ਜੂਠ ਖਾਣ।

ਉਪਰੋਕਤ ਕਿਸਮ ਦੇ ਬ੍ਰਾਹਮਣੀ ਵਿਹਾਰ ਦੇ ਪ੍ਰਮਾਣ ਇੰਡੀਆ ਵਿੱਚ ਅਜੋਕੇ ਦੌਰ ਵਿੱਚ ਆਮ ਹੀ ਵੇਖੇ ਜਾ ਸਕਦੇ ਹਨ। ਮੋਦੀ ਰਾਜ ਦੇ ਚਾਲੂ ਵਰ੍ਹੇ (ਸੰਨ ੨੦੧੬) ਗੁਜਰਾਤ ਤੇ ਉੱਤਰ ਪ੍ਰਦੇਸ਼ (ਯੂਪੀ) ਵਿੱਚ ਮਰੇ ਡੰਗਰ ਢੋਣ ਵਾਲੇ ਪ੍ਰਵਾਰਾਂ ਦੀ ਹੋਈ ਕੁੱਟਮਾਰ ਦੀਆਂ ਘਟਨਾਵਾਂ ਇਸ ਸੱਚਾਈ ਦੀਆਂ ਗਵਾਹ ਹਨ ਕਿ ਅਜਿਹੇ ਗ਼ਰੀਬਾਂ ਨੂੰ ਗਊ ਆਦਿਕ ਮਰੇ ਪਸ਼ੂਆਂ ਦਾ ਮਾਸ (ਬੀਫ਼) ਖਾਣ ਦਾ ਵੀ ਹੱਕ ਨਹੀਂ ਹੈ। ਭਾਰਤ ਦੇ ਕੁੱਝ ਮਾਨਵ-ਦਰਦੀ ਪਤਰਕਾਰਾਂ ਦਾ ਹਰਿਆਣਾ, ਯੂਪੀ ਤੇ ਗੁਜਰਾਤ ਵਿੱਚ ਜਿਸ ਤੇਜ਼ੀ ਨਾਲ ਹਿੰਦੂ ਰਾਸ਼ਟਰਵਾਦ ਦਾ ਪਸਾਰ ਹੋ ਰਿਹਾ ਹੈ, ਉਸ ਮੁਤਾਬਿਕ ਮੰਨਿਆ ਜਾਣ ਲੱਗਾ ਹੈ ਕਿ ਜੇ ਭਵਿੱਖ ਵਿੱਚ ਵੀ ਹੁਣ ਭਾਜਪਾ ਦਾ ਰਾਜ ਹੋਇਆ ਤਾਂ ਇੰਡੀਆ ਵਿੱਚ ਉਪਰੋਕਤ ਬ੍ਰਾਹਮਣੀ ਯੁੱਗ ਮੁੜ ਸਥਾਪਿਤ ਹੋਣਾ ਦੂਰ ਨਹੀਂ। ਬੜੀ ਚਿੰਤਾਜਨਕ ਸਥਿਤੀ ਹੈ ਕਿ ਗੁਰੂ ਨਾਨਕ ਦੇ ਅਨੁਆਈ ਅਖਵਾਉਂਦੇ ਬਹੁਤੇ ਸਿੱਖ ਨਿਜੀ ਸੁਆਰਥਾਂ ਤੇ ਪਦਾਰਥਾਂ ਦੀ ਦੌੜ ਵਿੱਚ ਅਵੇਸਲੇ ਹੋਏ ਅੱਖੀਂ ਬੰਦ ਕਰੀ ਬੈਠੇ ਹਨ। ਉਪਰੋਕਤ ਸਾਰੀ ਵਿਚਾਰ ਦਾ ਅਧਾਰ ਹੈ ਭਗਤ ਰਵਿਦਾਸ ਜੀ ਮਹਾਰਾਜ ਦਾ ਹੇਠ ਲਿਖਿਆ ਸ਼ਬਦ ਹੈ, ਜਿਸ ਦੇ ਰਹਾਉ ਵਾਲੇ ਪਦੇ ਰਾਹੀਂ ਉਹ ਆਪਣੇ ਮਨ ਨੂੰ ਸਮਝਾਂਉਂਦੇ ਆਖਦੇ ਹਨ:

ਰੇ ਚਿਤ! ਚੇਤਿ ਚੇਤ, ਅਚੇਤ! ।।

ਕਾਹੇ ਨ ਬਾਲਮੀਕਹਿ ਦੇਖ? ।।

ਕਿਸੁ ਜਾਤਿ ਤੇ, ਕਿਹ ਪਦਹਿ ਅਮਰਿਓ; ਰਾਮ ਭਗਤਿ ਬਿਸੇਖ।। ੧।। ਰਹਾਉ।।

ਅਰਥ : —ਹੇ ਮੇਰੇ ਗ਼ਾਫ਼ਲ ਮਨ ! ਪ੍ਰਭੂ ਨੂੰ ਸਿਮਰ । ਹੇ ਮਨ ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ ? ਇੱਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ—ਇਹ ਵਡਿਆਈ ਰਮਤ ਰਾਮ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ । ੧। ਰਹਾਉ।

ਖਟੁ ਕਰਮ, ਕੁਲ ਸੰਜੁਗਤੁ ਹੈ; ਹਰਿ ਭਗਤਿ ਹਿਰਦੈ ਨਾਹਿ।।

ਚਰਨਾਰਬਿੰਦ ਨ ਕਥਾ ਭਾਵੈ; ਸੁਪਚ ਤੁਲਿ ਸਮਾਨਿ।। ੧।।

ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ । ੧।

ਸੁਆਨ ਸਤ੍ਰੁ, ਅਜਾਤੁ ਸਭ ਤੇ; ਕ੍ਰਿਸ˜ ਲਾਵੈ ਹੇਤੁ।।

ਲੋਗੁ ਬਪੁਰਾ ਕਿਆ ਸਰਾਹੈ? ਤੀਨਿ ਲੋਕ ਪ੍ਰਵੇਸ।। ੨।।

(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ । ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ ? ਉਸ ਦੀ ਸੋਭਾ ਤ੍ਰਿਲੋਕੀ ਵਿੱਚ ਖਿੱਲਰ ਗਈ । ੨।

ਅਜਾਮਲੁ, ਪਿੰਗੁਲਾ, ਲੁਭਤੁ, ਕੁੰਚਰੁ; ਗਏ ਹਰਿ ਕੈ ਪਾਸਿ।।

ਐਸੇ ਦੁਰਮਤਿ ਨਿਸਤਰੇ; ਤੂ ਕਿਉ ਨ ਤਰਹਿ ਰਵਿਦਾਸ! ।। ੩।। - {ਗੁ. ਗ੍ਰੰ. -ਪੰ. ੧੧੨੪}

ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ—ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿੱਚ ਜਾ ਅੱਪੜੇ । ਹੇ ਰਵਿਦਾਸ ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ ? । ੩। ੧।

ਉਪਰੋਕਤ ਸਾਰੀ ਵਿਚਾਰ ਤੋਂ ਜਿਹੜੇ ਸਿਧਾਂਤਕ ਅੰਤਰ ਸਪਸ਼ਟ ਹੁੰਦੇ ਹਨ, ਉਨ੍ਹਾਂ ਨੂੰ ਹੇਠ ਲਿਖੀ ਤਰਤੀਬ ਅਨੁਸਾਰ ਇਸ ਪ੍ਰਕਾਰ ਸਮਝਿਆ ਜਾ ਸਕਦਾ ਹੈ।

ਸਮਾਜਿਕ ਅੰਤਰ: – ਇਹ ਪੱਖ ਬਹੁਤ ਹੀ ਉਘੜਵਾਂ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ "ਬਾਲਮੀਕੁ ਸੁਪਚਾਰੋ ਤਰਿਓ. . " ਅਤੇ ਭਗਤ ਰਵਿਦਾਸ ਜੀ ਵੱਲੋਂ ‘ਸੁਆਨ ਸਤ੍ਰੁ, ਅਜਾਤੁ ਸਭ ਤੇ` ਕਹਿਣਾ, ਭਗਤ ਬਾਲਮੀਕ ਜੀ ਬਾਰੇ ਸਮਾਜਿਕ ਪੱਖੋਂ ਕਿਸੇ ਵੀ ਕਿਸਮ ਦਾ ਭੁਲੇਖਾ ਨਹੀਂ ਰਹਿਣ ਦਿੰਦੇ। ਬਿਲਕੁਲ ਸਪਸ਼ਟ ਹੈ ਕਿ ਬ੍ਰਾਹਮਣੀ ਦ੍ਰਿਸ਼ਟੀਕੋਨ ਤੋਂ ਉਹ ਕੁੱਤੇ ਖਾਣੀ ਸਭ ਤੋਂ ਨੀਵੀਂ ਜਾਤ ਦੇ ਚੰਡਾਲ ਸਨ। ਗਲੀਆਂ ਦੇ ਅਵਾਰਾ ਕੁੱਤੇ ਮਾਰਨੇ ਉਸ ਜਾਤੀ ਦੀ ਵਿਸ਼ੇਸ਼ ਡਿਊਟੀ ਸੀ। ਲਗਭਗ ਉਸੇ ਬਿਰਾਦਰੀ ਨਾਲ ਸਬੰਧਤ ਭਗਤ ਰਵਿਦਾਸ ਜੀ ਇਸੇ ਲਈ ਜਾਣ-ਬੁਝ ਕੇ ਭਗਤ ਬਾਲਮੀਕ ਨੂੰ ‘ਸੁਆਨ ਸ਼ਤ੍ਰ` ਦੇ ਅਤਿ ਘ੍ਰਿਣਤ ਵਿਸ਼ੇਸ਼ਣ ਨਾਲ ਯਾਦ ਕੀਤਾ। ਤਾਂ ਕਿ ਅਜਿਹੇ ਭਗਤਾਂ ਦੇ ਸ਼ਰਧਾਲੂ ਜਾਗਣ ਤੇ ਬਿਪਰਵਾਦੀ ਜਾਲ਼ ਵਿੱਚੋਂ ਬਚ ਕੇ ਕਿਤੇ ਅਜ਼ਾਦੀ ਦਾ ਜੀਵਨ ਜੀ ਸਕਣ।

‘ਸੁਆਨ ਸ਼ਤ੍ਰ` ਦਾ ਅਰਥ ਹੈ – ‘ਕੁੱਤਿਆਂ ਦਾ ਦੁਸ਼ਮਣ`। ਅਸਲ ਵਿੱਚ ਭਗਤ ਬਾਲਮੀਕ ਜੀ ਨੂੰ ਇਹ ਨਾਂ ਭਗਤ ਰਵਿਦਾਸ ਜੀ ਮਹਾਰਾਜ ਦਾ ਦਿੱਤਾ ਹੋਇਆ ਨਹੀਂ; ਇਹ ਘਿਨਾਉਣਾ ਉਪਨਾਮ ਤਾਂ ਸਮੇਂ ਦੀ ਬ੍ਰਾਹਮਣ ਬਿਰਾਦਰੀ ਨੇ ਦਿੱਤਾ ਸੀ। ਪਾਠਕ ਪੜ੍ਹ ਕੇ ਹੈਰਾਨ ਹੋਣਗੇ ਕਿ ਜਿਵੇਂ ਭਗਤ ਰਵਿਦਾਸ ਜੀ ਨੇ ਭਗਤ ਬਾਲਮੀਕ ਲਈ ਜਾਣ-ਬੁੱਝ ਕੇ ‘ਸਪਚਾਰੋ` ਤਖ਼ਲਸ ਵਰਤਿਆ ਹੈ। ਤਿਵੇਂ ਹੀ ਭਗਤ ਕਬੀਰ ਜੀ ਨੇ ਵੀ ‘ਕਬੀਰ ਬੀਜਕ` ਗ੍ਰੰਥ ਦੇ ਹੇਠ ਲਿਖੇ ਸਲੋਕ ਵਿੱਚ ਮਨੂੰਵਾਦ ਵਿਰੁਧ ਬਗਾਵਤੀ ਸੁਰ ਵਿੱਚ ਭਗਤ ਰਵਿਦਾਸ ਜੀ ਨੂੰ ‘ਸੁਪਚ ਰਿਸ਼ੀ` ਦੀ ਉਪਾਧੀ ਨਾਲ ਨਿਵਾਜ਼ਿਆ ਹੈ। ਭਾਵੇਂ ਕਿ ਉਹ ਜਾਣਦੇ ਸਨ ਰਿਸ਼ੀ ਤੇ ਭਗਤ ਦੀ ਆਤਮਿਕ ਅਵਸਥਾ ਵਿੱਚ ਜ਼ਿਮੀ ਅਸਮਾਨ ਦਾ ਅੰਤਰ ਹੈ। ਅਚਾਰੀਆ ਹਜ਼ਾਰੀ ਪ੍ਰਸਾਦ ਨੇ ਆਪਣੀ ਪੁਸਤਕ ‘ਕਬੀਰ` ਵਿੱਚ ਵੀ ਉਸ ਵਾਕ ਦਾ ਹਵਾਲਾ ਦਿਤਾ ਹੈ:

ਸਾਧਨ ਮੇਂ ਰਵਿਦਾਸ ਸੰਤ ਹੈ, ਸੁਪਚ ਰਿਸ਼ੀ ਸੋ ਮਾਨਿਆ।

ਹਿੰਦੂ ਤੁਰਕ ਦੋਇ, ਦੀਨ ਬਨੇ ਹੈ, ਕਛੂ ਨਹੀਂ ਪਹਿਚਾਨਿਆ।

ਇਸ਼ਟਾਤਮਿਕ ਅੰਤਰ:- ਭਗਤ ਰਵਿਦਾਸ ਜੀ ਵੱਲੋਂ ਬਾਲਮੀਕ ਦੇ ਨਾਂ ਦੀ ਉਦਾਹਰਣੀ ਵਰਤੋਂ ਕਰਕੇ ਆਪਣੇ ਮਨ ਨੂੰ ਭਗਤੀ ਦੀ ਪ੍ਰੇਰਨਾ ਕਰਨ ਲਈ ਉਪਰੋਕਤ ਸ਼ਬਦ ਵਿੱਚ ਇੱਕ ਰਹਾਉ-ਪਦਾ ਉਚਰਰਿਆ ਹੈ। ਪਾਵਨ ਤੁਕਾਂ ਹਨ- "ਰੇ ਚਿਤ! ਚੇਤਿ ਚੇਤ ਅਚੇਤ।। ਕਾਹੇ ਨ ਬਾਲਮੀਕਹਿ ਦੇਖ? ।। ਕਿਸੁ ਜਾਤਿ ਤੇ, ਕਿਹ ਪਦਹਿ ਅਮਰਿਓ; ਰਾਮ ਭਗਤਿ ਬਿਸੇਖ।। ਗੁਰੂ ਬਖ਼ਸ਼ੀ ਸੂਝ ਸਦਕਾ ‘ਬਾਲਮੀਕਹਿ ਦੇਖ` ਅਤੇ ‘ਰਾਮ ਭਗਤਿ ਬਿਸੇਖ` ਤੁਕਾਂਤਾਂ ਵਿੱਚੋਂ ਤਾਂ ਦਾਸ ਨੂੰ ਸ਼ਬਦੀ ਅਰਥਾਂ ਤੋਂ ਇਲਾਵਾ ਭਗਤ ਬਾਲਮੀਕ ਜੀ ਦੇ ਸਰਬਵਿਆਪਕਤਾ ਵਾਲੇ ਇਸ਼ਟੀ ਪੱਖ ਦਾ ਵੀ ਪ੍ਰਤੱਖ ਝਲਕਾਰਾ ਵੱਜਦਾ ਹੈ।

ਕਿਉਂਕਿ ਤੁਕ-ਅਰਥਾਂ ਮੁਤਾਬਿਕ ਭਗਤ ਰਵਿਦਾਸ ਜੀ ਮਹਾਰਾਜ ਜਦੋਂ ਮਨ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ – ‘ਹੇ ਮੇਰੇ ਗ਼ਾਫ਼ਲ ਮਨ ! ਸਰਬ ਵਿਆਪਕ ਪ੍ਰਭੂ ਨੂੰ ਸਿਮਰ । ਹੇ ਮਨ ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ ? ਇੱਕ ਨੀਵੀਂ ਜਾਤ ਤੋਂ ਬੜੇ ਵੱਡੇ ਮੁਰਾਤਬੇ ਉੱਤੇ ਅੱਪੜ ਗਿਆ—ਇਹ ਵਡਿਆਈ ਸਾਰੇ ਰਮ ਰਹੇ ਰਾਮ ਦੀ ਭਗਤੀ ਦੇ ਕਾਰਨ ਹੀ ਸੀ` । ਤਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਭਗਤ ਬਾਲਮੀਕ ਦਾ ਇਸ਼ਟ, ਰਿਸ਼ੀ ਬਾਲਮੀਕ ਦੇ ਇਸ਼ਟ ਦਸ਼ਰਥੀ ਰਾਮ ਤੋਂ ਕੋਈ ਵੱਖਰਾ, ਅਮਰ ਤੇ ਅਨੋਖਾ ਰਾਮ ਸੀ, ਜਿਹੜਾ ਭਗਤ ਰਵਿਦਾਸ ਜੀ ਦੇ ਹੇਠ ਲਿਖੇ ਅੰਮ੍ਰਿਤ ਬਚਨਾਂ ਮੁਤਾਬਿਕ ਸਰਬ ਘਟਾਂ ਵਿੱਚ ਇੱਕ ਸਮਾਨ ਵੱਸਦਾ ਹੈ। ਹਰ ਵੇਲੇ ਤੇ ਹਰ ਥਾਂ ਹਰੇਕ ਵਿਅਕਤੀ ਲਈ ਹੱਥ ਤੋਂ ਵੀ ਨੇੜੇ ਹੋ ਕੇ ਵਰਤਦਾ ਹੈ। ਉਸ ਨੂੰ ਸੀਤਾ ਜੀ ਵਾਂਗ ਰਾਵਨ ਦੀ ਕੈਦ ਵਿੱਚ ਸਾਲਾਂ ਬੱਧੀ ਉਡੀਕ ਨਹੀਂ ਕਰਨੀ ਪੈਂਦੀ ਕਿ ਕਦੋਂ ਆਏਗਾ ਰਾਮ ਤੇ ਕਦੋਂ ਛਡਾਏਗਾ। ਰੱਬੀ ਭਗਤ ਦਾ ਪਾਵਨ ਪਦਾ ਹੈ:

ਸਰਬੇ ਏਕੁ, ਅਨੇਕੈ ਸੁਆਮੀ; ਸਭ ਘਟ ਭ+ਗਵੈ ਸੋਈ।।

ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ।। {ਗੁ. ਗ੍ਰੰ. -ਪੰ. ੬੫੮}

ਯੁਗਾਤਮਿਕ ਅੰਤਰ:- ਭਗਤ ਬਾਲਮੀਕ ਜੀ ਕਥਿਤ ਨੀਵੀਂ ‘ਸੁਪਚ` ਜਾਤੀ ਵਿੱਚੋਂ ਅਤੇ ਦੁਆਪਰਯੁਗੀ ਅਵਤਾਰ ਕ੍ਰਿਸ਼ਨ ਦੀ ਸਮਕਾਲੀ ਸ਼ਖ਼ਸੀਅਤ ਸਨ। "ਸੁਆਨ ਸਤ੍ਰੁ, ਅਜਾਤੁ ਸਭ ਤੇ; ਕ੍ਰਿਸ˜ ਲਾਵੈ ਹੇਤੁ।। " ਤੁਕ ਵਿੱਚੋਂ ਅਜਿਹੇ ਲੁਕਵੇਂ ਭਾਵਾਰਥ ਸੁਭਾਵਿਕ ਹੀ ਝਲਕਦੇ ਹਨ। ਭਾਵੇਂ ਕਿ ਪ੍ਰਤੱਖ ਰੂਪ ਵਿੱਚ ਭਗਤ ਰਵਿਦਾਸ ਜੀ ਨੇ ‘ਰਾਮ`, ‘ਹਰਿ` ਤੇ ‘ਕ੍ਰਿਸਨ` ਨਾਮ ਸਰਬ ਵਿਆਪਕ ਪ੍ਰਭੂ ਲਈ ਵਰਤੇ ਹਨ; ਨਾ ਕਿ ਕਿਸੇ ਅਵਤਾਰ ਲਈ। ਪਰ, ਫਿਰ ਵੀ ਉਪਰੋਕਤ ਕਿਸਮ ਦੀ ਗਹਿਰੀ ਰਮਜ਼ ਵੀ ਸੁਭਾਵਿਕ ਹੀ ਪ੍ਰਗਟ ਹੁੰਦੀ ਹੈ।

ਵਿਸ਼ੇਸ਼ ਨੋਟ: ਸਿੱਖ ਮਾਰਗ ਦੇ ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਲੜੀ (੧) ਵਿੱਚੋਂ ਪਹਿਲਾ ਭਾਗ ਦੁਬਾਰਾ ਪੜ੍ਹਣ ਦੀ ਖੇਚਲ ਕਰਨ। ਕਿਉਂਕਿ, ਉਸ ਵਿੱਚ ਹੋਰ ਕੀਮਤੀ ਵਾਧੇ ਹੋਏ ਹਨ।

ਗਿ: ਜਗਤਾਰ ਸਿੰਘ ਜਾਚਕ, ਨਿਊਯਾਰਕ।




.