ਜਗਤ ਗੁਰੂ ਨਾਨਕ ਦਾ ਸਰਬ-ਪੱਖੀ ਕ੍ਰਾਂਤੀਕਾਰੀ ਧਰਮ
ਰਾਮ ਸਿੰਘ, ਗ੍ਰੇਵਜ਼ੈਂਡ
ਇਕ ਪੱਛਮੀ ਵਿਦਵਾਨ ਵਿਲੀਅਮ ਕੈਸਰ
ਅਨੁਸਾਰ ‘ਧਰਮ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਬਰ ਜ਼ੁਲਮ ਵਿਰੁੱਧ ਉਠੀ ਇੱਕ ਲਹਿਰ ਹੁੰਦੀ ਹੈ’।
ਗੁਰੂ ਨਾਨਕ ਸਾਹਿਬ ਨੂੰ ਧਰਮ ਦੇ ਖੇਤਰ ਵਿੱਚ ‘ਸੱਭ ਤੋਂ ਵੱਡਾ’ ਕਿਹਾ ਗਿਆ ਹੈ। ਇਹ ਲੇਖ ਇਨ੍ਹਾਂ
ਦੋਹਾਂ ਸਤਰਾਂ ਦੀ ਤਰਜਮਾਨੀ ਕਰਨ ਵਜੋਂ ਲਿਖਣ ਦੀ ਇੱਕ ਤੁੱਛ ਜਿਹੀ ਕੋਸ਼ਿਸ਼ ਹੈ।
ਅਖੌਤੀ ਸਤਿਜੁਗ, ਦੁਆਪਰ, ਤ੍ਰੇਤਾ ਜਾ ਕਲਜੁਗ ਵਿੱਚੋਂ ਕੋਈ ਭੀ ਜੁਗ ਹੋਵੇ, ਹਰ ਸਮੇਂ ਬਦੀ ਤੇ ਨੇਕੀ
ਨਾਲੋ ਨਾਲ ਹੀ ਚਲਦੀਆਂ ਹਨ। ਪਰ ਕਿਸੇ ਸਮੇਂ ਬਦੀ (ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸਭਿਅਕ
ਖੇਤ੍ਰਾਂ ਵਿੱਚ) ਸੀਮਾਂ ਹੀ ਟੱਪ ਜਾਂਦੀ ਹੈ। ਸੰਸਾਰ ਦੇ ਜੀਵ ਤੜਪ ਉੱਠਦੇ ਹਨ ਤੇ ਕਿਸੇ ਤਰ੍ਹਾਂ
ਐਸੀ ਜਲਨ ਨੁਮਾ ਤੜਫਾਹਟ ਤੋਂ ਛੁਟਕਾਰਾ ਚਾਹੁੰਦੇ ਹਨ। ਇਹ ਹੀ ਹਾਲ ਗੁਰੂ ਨਾਨਕ ਸਾਹਿਬ ਦੇ ਆਗਮਨ
ਸਮੇਂ ਦਾ ਸੀ। ਸੰਸਾਰ ਵਿੱਚ ਹਰ ਪਾਸੇ ਕਿਸੇ ਨਾ ਕਿਸੇ ਸ਼ਕਲ ਵਿੱਚ ਇਕ, ਦੋ, ਤਿੰਨ ਦੀ ਤਕਸੀਮ ਲਾਗੂ
ਸੀ, ਇਨਸਾਨੀਅਤ ਲੀਰੋ ਲੀਰ ਸੀ ਤੇ ਇਨਸਾਨ ਖੁਦੀ, ਚੁਗਲੀ, ਹੰਕਾਰ ਤੇ ਲੁੱਟ-ਖਸੁੱਟ ਦੇ ਮਾਇਆ ਜਾਲ
ਵਿੱਚ ਬੁਰੀ ਤਰ੍ਹਾਂ ਗ੍ਰਸਿਆ, ਬੇ-ਬਸ ਤੜਫੜਾ ਰਿਹਾ ਸੀ। ਇਹ ਸਿਰਫ ਭਾਰਤ ਦਾ ਹੀ ਨਹੀਂ, ਪੁਲਾੜ ਦੇ
ਗਿਆਤਾ ਮਹਾਨ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਪ੍ਰਿਥਮੀਂ ਦਾ ਹਾਲ ਦੇਖਿਆ। ਇਸ ਦੇਖਣੇ ਵਿੱਚ ‘ਇਕ
ਉਚੀਆਂ ਉਡਾਰੀਆਂ ਲਾਉਣ ਵਾਲੇ ਬਾਜ ਦੀ ਨੀਝ ਸੀ ਤੇ ਇੱਕ ਨਿਰਭੈ ਸ਼ੇਰ ਦੇ ਦਿਲ ਦੀ ਧੜਕਣ ਸੀ’। ਇਸ
ਨੀਝ ਤੇ ਧੜਕਣ ਨੇ ਹੋਰਨਾਂ ਨਾਲੋਂ ਕੁੱਛ ਵੱਖਰਾ ਕਰਨ ਵਾਲੇ ਪ੍ਰਮਾਤਮਾਂ ਵਲੋਂ ਮਿਲੇ ਪੈਗਾਮ ਨੂੰ
ਵੱਖਰੇ ਢੰਗ ਨਾਲ ਕਰਨ ਭਾਵ ਜਲਦੇ ਬਲਦੇ ਸੰਸਾਰ ਵਿੱਚ ਵਾਪਰ ਰਹੇ ਜ਼ੁਲਮ, ਜਬਰ, ਪਖੰਡ, ਦੰਭ, ਉਪੱਦਰ
ਆਦਿ ਵਿਰੁੱਧ ਡੱਟਣ ਲਈ ਕਮਰ ਕੱਸ ਲਈ। ਅਨਿਕ ਕਲਾ ਦੇ ਮਾਲਿਕ ਗੁਰੂ ਜੀ ਮਜਲੂਮਾਂ ਨੂੰ ਜਗਾਉਣ ਤੇ
‘ਜੇ ਸਕਤਾ ਸਕਤੇ ਕਉ ਮਾਰੇ’ ਤੋਂ ਉਲਟ ਨਿਰਦੋਸਾਂ ਤੇ ਜ਼ੁਲਮ ਢਾਹੁਣ ਵਾਲੇ ਜ਼ਾਲਮਾਂ ਤੇ ਹੁਕਮਰਾਨਾਂ
ਨੂੰ ਤਾੜਨਾ ਕਰਨ ਲਈ ਘਰੋਂ ਚੱਲ ਪਏ। ਕਿਉਂਕਿ ਹੋਰ ਕੋਈ ਇਸ ਕਾਰਜ ਲਈ ਅੱਗੇ ਨਹੀਂ ਆ ਰਿਹਾ ਸੀ।
ਇਕ ਵਿਦਵਾਨ ਨੇ ਇਸ ਅਮਲ ਨੂੰ ‘ਸੁੱਤੇ ਪਏ ਭਾਰਤ ਨੂੰ ਜਗਾਉਣ ਵਾਲਾ ਦਰਵੇਸ਼ ਗੁਰੂ ਨਾਨਕ’ ਹੀ ਨਹੀਂ
ਕਿਹਾ, ਇਸ ਅਮਲ ਨੂੰ ਮਿਸ਼ਨ ਬਣਾ ਕੇ ਚੌਹਾਂ ਕੁੰਟਾਂ ਤੱਕ ਆਪ ਤੁਰ ਕੇ ਪਹੁੰਚਾਉਣ ਵਾਲਾ ਇੱਕ ਖਾਸ
ਵਾਹਿਦ ਮਹਾਂਪੁਰਸ਼ ਦੱਸਿਆ। ਜਦਕਿ ਡਾ. ਮੁਹੰਮਦ ਇਕਬਾਲ ਨੇ ਹੋਰ ਭੀ ਸਤਿਕਾਰ ਭਰੇ ਲਹਿਜੇ ਵਿੱਚ
‘ਮਰਦੇ-ਕਾਮਿਲ’ ਕਹਿੰਦੇ ਹੋਏ ਬੜੇ ਅਰਥਪੂਰਨ ਢੰਗ ਨਾਲ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ‘ਫਿਰ
ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇੱਕ ਮਰਦੇ-ਕਾਮਿਲ ਨੇ ਜਗਾਇਆ ਖਾਬ ਸੇ’।
ਭਾਰਤੀਆਂ ਨੂੰ ਜਗਾਇਆ ਭੀ ਬੜੇ ਨਿਰਾਲੇ ਢੰਗ ਨਾਲ। ਹਾਲੇ ਤੱਕ ਆਮ ਰੁਲਦੀ ਫਿਰਦੀ ਜੰਤਾ, ਖਾਸ ਕਰਕੇ
ਕਿਰਤੀਆਂ, ਨੂੰ ਕਿਸੇ ਅਖੌਤੀ ਉਚ ਜਾਤੀਏ ਨੇ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਦਿਖਾਈ ਸੀ, ਕਿਉਂਕਿ
ਹਮਦਰਦੀ ਭਾਵ ਦਇਆ ਹੀ ਤਾਂ ਗੁਰੂ ਨਾਨਕ ਸਾਹਿਬ ਅਨੁਸਾਰ ਅਸਲੀ ਧਰਮ ਹੁੰਦਾ ਹੈ। ਗੁਰੂ ਨਾਨਕ ਸਾਹਿਬ
ਨੇ ਸ਼ੂਦਰ ਕਹੇ ਜਾਂਦੇ ਮਰਦਾਨਿਆਂ ਤੇ ਲਾਲੋਆਂ ਨੂੰ ‘ਭਾਈ’ ‘ਮਿੱਤਰ’ ‘ਪਿਆਰੇ’ ਕਹਿ ਕੇ ਗਲ ਲਾਇਆ।
(ਕਈ ਲੋਕਾਂ ਦਾ ਖਿਆਲ ਹੈ ਕਿ ਉਨ੍ਹਾਂ ਨੇ ਚੌਰ ਝੁਲਾਣ ਅਤੇ ਲੱਤਾਂ ਘੁੱਟਣ ਲਈ ਇੱਕ ਬਾਲੇ ਨਾਮੀ
ਆਦਮੀ ਨੂੰ ਵੀ ਨਾਲ ਲਿਆ, ਮਗਰ ਇਹ ਬਿਲਕੁੱਲ ਦਰੁਸਤ ਨਹੀਂ ਜਾਪਦਾ ਕਿ ਗਰੀਬੀ ਦਾ ਪੁੰਜ ‘ਨੀਚ’ ਤੇ
`ਤੇਰੇ ਚਾਕਰਾਂ ਪਾਖਾਕ’ ਅਖਵਾਣ ਵਾਲਾ ਤੇ ਆਪ ਹੱਥੀਂ ਖੇਤੀ ਕਰਨ ਵਾਲਾ ਨਾਨਕ ਅਜਿਹਾ ਕੁੱਝ ਕਰਨਾ
ਪਸੰਦ ਕਰਦਾ) ਗਲ ਹੀ ਨਹੀਂ ਲਾਇਆ, ਰਾਜੇ ਤੱਕ ਬਣਨ ਦਾ ਗਿਆਨ ਤੇ ਸਾਹਸ ਬਖਸ਼ਿਆ। ਕਿਉਂਕਿ ਗੁਰੂ ਜੀ
ਨੇ ਗਿਆਨ ਵਿਹੂਣੀ ਪਰਜਾ ਨੂੰ ਅੰਨ੍ਹੀ ਦੱਸਿਆ ਸੀ। ਪਰਜਾ ਨੂੰ ਗਿਆਨੀ ਪੰਡਤਾਂ ਨੇ ਆਪਣੇ ਸਵਾਰਥ ਲਈ
ਅਗਿਆਨੀ ਰੱਖਿਆ ਹੋਇਆ ਸੀ, ਤਾਕਿ ਉਨ੍ਹਾਂ ਨੂੰ ਇਹ ਕਿਰਤੀ ਪਰਜਾ ਕਿਸੇ ਤਰ੍ਹਾਂ ਦੀ ਨੋਕ ਟੋਕ ਨਾ ਕਰ
ਸਕਣ। ਸੋ ਗੁਰੂ ਜੀ ਨੇ ਪਰਜਾ ਤੋਂ ਛੁਪਾ ਕੇ ਰੱਖੇ ਗਏ ਗਿਆਨ ਨੂੰ ਉਚੇਰੇ ਸਵਰਗਾਂ ਤੋਂ ਉਤਾਰ ਕੇ
ਕਿਰਸਾਨਾਂ ਤੇ ਕਾਮਿਆਂ ਦੇ ਕੰਮਾਂ ਰਾਹੀਂ ਉਨ੍ਹਾਂ ਦੀ ਬੋਲੀ ਦੁਆਰਾ ਉਨ੍ਹਾਂ ਦੀ ਬੁੱਕਲ ਵਿੱਚ ਪਾ
ਦਿੱਤਾ, ਜਿੱਸ ਦੇ ਫਲਸਰੂਪ ਉਹ ਆਪਣਾ ਕੰਮ ਕਾਰ ਕਰਦੇ ਹੋਏ ਆਤਮਿਕ ਅਨੰਦ ਤੱਕ ਭੀ ਮਾਨਣ ਲੱਗੇ।
ਆਤਮਿਕ ਅਨੰਦ ਰਾਹੀਂ ਉਨ੍ਹਾਂ ਨੂੰ ਦੋ ਖਾਸ ਚੀਜ਼ਾਂ, ਸ਼ਾਂਤੀ ਤੇ ਦਲੇਰੀ ਪ੍ਰਾਪਤੀ ਹੋਈ। ਇਹ ਕਿਸ
ਤਰ੍ਹਾਂ? ਕਿਉਂਕਿ ਗੁਰੂ ਜੀ ਨੇ ਹਰ ਤਰ੍ਹਾਂ ਦੇ ਜ਼ੁਲਮ, ਜਬਰ ਆਦਿ ਵਿਰੁੱਧ ਡਟਣ ਦੀ ਮਿਸਾਲ, ਆਪ ਨੂੰ
‘ਬੇਤਾਲਾ’ ‘ਕੁਰਾਹੀਆ’ ਆਦਿ ਕਹਾ ਕੇ ਤੇ ਬਾਬਰ ਦੀ ਜੇਲ੍ਹ ਵਿੱਚ ਕੈਦ ਹੋ ਕੇ ਪੇਸ਼ ਕੀਤੀ ਸੀ।
ਗੁਰੂ ਸਾਹਿਬ, ‘ਬੇਤਾਲਾ ਤੇ ਕੁਰਾਹੀਆ ਕਹਿਣ ਵਾਲਿਆਂ ਦੇ ਧਾਗੇ ਦਾ ਜਨੇਊ ਪਾਉਣ ਤੋਂ ਨਾਂਹ ਕਰ ਸਕਦੇ
ਸਨ, ਲਾਲੋਆਂ ਦੀ ਹੱਥਾਂ ਦੀ ਕਿਰਤ ਵਾਲੀ ਬਾਜਰੇ ਦੀ ਰੋਟੀ ਦੇ ਹੱਕ ਵਿੱਚ ਮਲਿਕ ਭਾਗੋਆਂ ਦੇ ਲੋਕਾਂ
ਦਾ ਹੱਕ ਮਾਰ ਕੇ ਪਕਾਏ ਮਾਲ੍ਹ-ਪੂੜਿਆਂ ਨੂੰ ਨਿਰਾ ਖੂਨ ਕਹਿ ਸਕਦੇ ਸਨ, ਇਸਤਰੀ ਦੀ ਕੁੱਖ ਤੋਂ ਜਨਮ
ਲੈ ਕੇ ਇਸਤਰੀ ਦੀ ਹੇਠੀ ਕਰਨ ਵਾਲੇ ਅਖੌਤੀ ਉੱਚ-ਜਾਤੀ ਪੰਡਤਾਂ ਨੂੰ ਫਿਟਕਾਰ ਪਾ ਸਕਦੇ ਸਨ, ਸੂਰਜ
ਗ੍ਰਹਿਣ ਦੇ ਭਰੇ ਮੇਲੇ ਸਮੇਂ ਅੱਗ ਬਾਲ ਸਕਦੇ ਸਨ, ਉਹ ਹਰਦੁਆਰ ਵਿਖੇ ਪੱਛਮ ਵੱਲ ਪਾਣੀ ਸੁੱਟ ਸਕਦੇ
ਸਨ, ਕਾਹਬੇ ਵੱਲ ਪੈਰ ਪਸਾਰ ਕੇ ਲੇਟ ਸਕਦੇ ਸਨ, ਬਗਦਾਦ ਵਿੱਚ ‘ਸਤਿ ਕਰਤਾਰ’ ਦੀ ਬਾਂਗ ਦੇ ਸਕਦੇ ਸਨ
ਆਦਿ’। ਪਰ ਖਾਸ ਗੱਲ ਇਹ ਕਿ ਉਹ ਇਹ ਸੱਭ ਕੁੱਛ ਕਿਸੇ ਦੇ ਧਰਮ ਦੀ ਹੇਠੀ ਕਰਨ ਲਈ ਨਹੀਂ ਕਰਦੇ ਸਨ,
ਸਗੋਂ ਇਸ ਆਸ਼ੇ ਤੇ ਦਰਦ ਨਾਲ ਕਿ ਭੁੱਲੇ ਭਟਕੇ ਲੋਕ ਜਿਵੇਂ ਭੀ ਹੋ ਸਕੇ ਵਹਿਮਾਂ, ਭਰਮਾਂ ਭੁਲੇਖਿਆਂ
ਆਦਿ ਵਿੱਚੋਂ ਨਿਕਲ ਕੇ ਸਿੱਧੇ ਰਾਹ ਪੈ ਸਕਣ ਤੇ ਉਨ੍ਹਾਂ ਦੇ ਪੈਰੋਕਾਰ ਤੇ ਹੋਰ ਲੋਕ ਭੀ ਇਨ੍ਹਾਂ
ਵਹਿਮਾਂ ਆਦਿ ਤੋਂ ਬਚੇ ਰਹਿਣ। ਬਾਬਰ ਦੀ ਜੇਲ੍ਹ ਵਿੱਚ ਕੈਦ ਹੋਣ ਦਾ ਭੀ ਖਾਸ ਮਕਸਦ ਸੀ, (ਇਕ
ਵਿਦਵਾਨ ਅਨੁਸਾਰ ‘ਮਹਾਨ ਲੋਕਾਂ ਦਾ ਸਥਾਨ ਜਿਹਲਾਂ ਵਿੱਚ ਹੁੰਦਾ ਹੈ’ ) ਜਿੱਥੇ ਬਾਬਰ ਨੂੰ ਉਸ ਵਲੋਂ
ਨਿਰਦੋਸ ਜੰਤਾ ਤੇ ਜ਼ੁਲਮ ਢਾਹੁਣ ਲਈ ਫਿਟਕਾਰ ਪਾਉਂਦੇ ਹੋਏ ਬਲਵਾਨ ਯੋਧੇ ਦੀ ਸ਼ਕਲ ਵਿੱਚ ਰਾਜਿਆਂ ਨੂੰ
‘ਸ਼ੀਂਹ’ ਤੇ ਅਹਿਲਕਾਰਾਂ ਨੂੰ ‘ਕੁੱਤੇ’ ਤੱਕ ਕਿਹਾ ਉੱਥੇ ਉਸ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ
ਜ਼ੁਲਮ ਦਾ ਰਾਜ ਬਹੁਤ ਦੇਰ ਨਹੀਂ ਰਹਿ ਸਕਦਾ। ਆਮ ਜੰਤਾ ਨੂੰ ਭੀ ਇਸ ਤਰ੍ਹਾਂ ਦਾ ਜ਼ੁਲਮ ਸਹਿਣ ਦਾ
ਕਾਰਨ ਉਨ੍ਹਾਂ ਦੀ ਆਪਣੀ ਬੁਜ਼ਦਿਲੀ ਦਾ ਸਿੱਟਾ ਮਹਿਸੂਸ ਕਰਵਾਇਆ। ਬਾਬਰ ਨੇ ਆਪਣੇ ਵਲੋਂ ਕੀਤੀ ਗਈ
ਗਲਤੀ ਲਈ ਮੁਆਫੀ ਮੰਗ ਕੇ ਸੱਭ ਨੂੰ ਕੈਦ ਵਿੱਚੋਂ ਛੱਡ ਦਿੱਤਾ ਅਤੇ ਅੱਗੇ ਨੂੰ ਸੱਭ ਨੂੰ ਇਨਸਾਫ ਦੇਣ
ਦਾ ਬਚਨ ਦਿੱਤਾ। (ਜਾਬਰਾਂ ਦੀ ਕੈਦ ਤੇ ਚੁੰਗਲ ਤੋਂ ਮਜ਼ਲੂਮਾਂ ਨੂੰ ਅਜ਼ਾਦ ਕਰਵਾਉਣਾ ਗੁਰੂ ਘਰ ਦੀ
ਪਿਰਤ ਐਸੀ ਬਣੀ ਕਿ ਗੁਰੂ ਹਰਿ ਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕਦੇ ਭੀ ਜੀਉਂਦੇ
ਬਾਹਰ ਨਾ ਆਉਣ ਵਾਲੇ ਕੈਦੀ ਬਵੰਜਾ ਹਿੰਦੂ ਰਾਜਿਆਂ ਨੂੰ ਅਜ਼ਾਦ ਕਰਵਾ ਕੇ ‘ਬੰਦੀ ਛੋੜ’ ਅਖਵਾਇਆ ਤੇ
ਗੁਰੂ ਦੇ ਵਰੋਸਾਏ ਖਾਲਸੇ ਪੰਥ ਨੇ ਦੇਸ ਦੀ ਜਰਵਾਣਿਆਂ ਵਲੋਂ ਲੁੱਟੀ ਜਾਂਦੀ ਇੱਜ਼ਤ ਨੂੰ ਅਜ਼ਾਦ ਕਰਵਾ
ਕੇ ਘਰੋ ਘਰੀਂ ਪੁਜਾ ਕੇ ਜੱਸ ਖੱਟਿਆ ਅਤੇ ਅੱਜਕਲ ਸਿੱਖ ਰਲੀਫ ਸੰਸਥਾ ਐਸਾ ਕੰਮ ਕਰ ਰਹੀ ਹੈ)। ਇੱਥੇ
ਆਮ ਜੰਤਾ ਨੂੰ ਜਿੱਥੇ ਰੱਬ ਜੀ ਦੀ ਯਾਦ ਵਿੱਚ ਜੁੜਨ ਲਈ ਸਿੱਖਿਆ ਦਿੱਤੀ ਉਥੇ ਆਪਣੀ ਆਪ ਰਖਿਆ ਕਰਨ
ਲਈ ‘ਪਿਆਰ ਦੀ ਖੇਲ੍ਹ ਖੇਲ੍ਹਣ ਲਈ ਸਿਰ ਤਲੀ ਤੇ ਰੱਖ ਕੇ ਆਉਣ’ ਤੇ ‘ਬੇਪਤੀ ਦਾ ਜੀਵਨ ਜੀਉਣ ਨੁੰ
ਹਰਾਮ’ ਦੇ ਮਹਾਂਵਾਕਾਂ ਰਾਹੀਂ, ਸਿਰ ਤਲੀ ਤੇ ਰੱਖ ਕੇ ਮਾਣ ਨਾਲ ਜੀਵਨ ਜੀਉਣ ਲਈ ਉਤਸ਼ਾਹਤ ਕੀਤਾ।
ਗੁਰੂ ਨਾਨਕ ਦੇ ਸਿੱਖਾਂ ਲਈ ਭੀ ਇਹ ਪੈਗਾਮ ‘ਜੁਰੱਅਤ’ ਤੇ ‘ਸਵੈਮਾਨ’ ਦਾ ਜੀਵਨ ਜੀਉਣ ਲਈ ਗਲਤ
ਵਿਸ਼ਵਾਸਾਂ ਦਾ ਖੰਡਨ ਕਰਕੇ ਗੁਰਮਤਿ ਦੇ ਧਾਰਨੀ ਬਣਨ ਤੇ ਵਰਤਮਾਨ ਦੇ ਮਲਕ ਭਾਗੋਆਂ ਨੂੰ ਠੁਕਰਾਉਣ ਦੀ
ਦਲੇਰੀ ਬਖਸ਼ਦਾ ਹੈ।
ਨਿਰਸੰਦੇਹ ਗੁਰੂ ਨਾਨਕ ਸਾਹਿਬ ਜੀ ਇੱਕ ਨਿਧੜਕ ਸੂਰਮਾ (ਸੰਤ- ਸਿਪਾਹੀ) ਸਨ ਜਿਸ ਨੇ ਇਕੱਲੇ ਨੇ
ਡੰਕੇ ਦੀ ਚੋਟ ਤੇ ‘ਕੱਚ’ ਨੂੰ ਭੰਡਿਆ ਤੇ ‘ਸੱਚ’ ਨੂੰ ਪ੍ਰਗਟ ਕੀਤਾ। ਖਾਸ ਗੱਲ ਇਹ ਕਿ ਇਹ ਜੋ ਸੱਭ
ਕੁੱਛ ਕੀਤਾ, ਭਾਵ ਜੋ ਇਹ ਇਤਿਹਾਸਿਕ ਘਟਨਾਵਾਂ ਵਾਪਰੀਆਂ, ਇਨ੍ਹਾਂ ਦੀ ਪ੍ਰੋੜਤਾ ਗੁਰੂ ਸਾਹਿਬ ਨੇ
ਬਾਣੀ ਵਿੱਚ ਅੰਕਤ ਕਰਕੇ ਕਿਸੇ ਤਰ੍ਹਾਂ ਦੀ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ। ਇਹ ਬਾਣੀ
ਸਿੱਖਾਂ ਤੇ ਚੌਂਹ ਵਰਨਾਂ ਲਈ ਹੀ ਨਹੀਂ, ਇੱਕ ਸੁਚੱਜਾ ਜੀਵਨ ਜੀਉਣ ਲਈ ਸਾਰੇ ਸੰਸਾਰ ਲਈ ਧਾਰਮਿਕ,
ਸਮਾਜਿਕ, ਰਾਜਨੀਤਕ, ਆਰਥਿਕ, ਵਿਗਿਅਨਿਕ ਕੀ, ਹਰ ਤਰ੍ਹਾਂ ਦੀ ਵੱਡਮੁੱਲੀ ਸੇਧ ਬਖਸ਼ਦੀ ਹੈ। ਸਰਬੱਤ
ਦਾ ਭਲਾ ਲੋੜਨ ਵਾਲੇ ਗੁਰੂ ਜੀ ਇਸ ਬਾਣੀ ਰਾਹੀਂ ਕਿਸੇ ਹੋਰ ਦੀ ਸਭਿਅਤਾ ਯਾ ਸੰਸਕ੍ਰਿਤੀ ਨੂੰ ਨੀਚਾ
ਦਿਖਾਉਣ ਦੀ ਥਾਂ ਉਨ੍ਹਾਂ ਨੂੰ ਆਪਣੀ ਆਪਣੀ ਥਾਂ ਉਨੱਤ ਹੋਇਆ ਦੇਖਣਾ ਚਾਹੁੰਦੇ ਹਨ। ਇਹ ਬਾਣੀ ਕੀ ਸੀ
ਤੇ ਕੀ ਹੈ? ਇਹ ਧੁਰ ਕੀ ਬਾਣੀ ‘ਇਨਕਲਾਬੀ ਕਲਾਮ ਹੈ ਜੋ ਗੁਰੂ ਸਾਹਿਬ ਨੇ ਦੇਸ ਦੇ ਚੁਰਾਹਿਆਂ ਵਿੱਚ
ਖੜੇ ਹੋ ਕੇ ਬੁਲੰਦ ਕੀਤਾ ਤੇ ਸਿਰਫ ਹਿੰਦੋਸਤਾਨੀਆਂ ਨੂੰ ਹੀ ਗੰਗਾ ਦੇ ਪਾਣੀਆਂ ਵਿੱਚ ਗੋਤੇ
ਖਾਂਦਿਆਂ ਨੂੰ ਬਚਾਉਣ ਤੱਕ ਹੀ ਸੀਮਤ ਨਹੀਂ ਰੱਖਿਆ ਬਲਕਿ ਵਿਸ਼ਵ ਭਰ ਵਿੱਚ, ਮੁਸੀਬਤਾਂ ਭਰੇ ਸਫਰ
ਰਾਹੀਂ, ਇਸ ਦਾ ਹੋਕਾ ਦਿੱਤਾ’। ਸੋ ਕਿਹਾ ਜਾ ਸਕਦਾ ਹੈ ਕਿ ਉਹ ਭੁੱਲੇ ਭਟਕੇ ਲੋਕਾਂ ਨੂੰ ਠੀਕ ਰਾਹੇ
ਪਾਉਣ, ਦੁਖੀਆਂ ਦਾ ਕਸ਼ਟ ਹਰਨ ਅਤੇ ਸਮਝ ਵਾਲੇ ਸਿੱਧਾਂ, ਪੀਰਾਂ, ਪੰਡਤਾਂ, ਰਾਜੇ ਤੇ ਹਾਕਮਾਂ ਨੂੰ
ਪ੍ਰੇਰਨਾ ਦਿੰਦੇ ਸਨ ਕਿ ਉਹ ਜੰਤਾ ਤੋਂ ਵੱਖਰੇ ਬਣ ਕੇ ਨਾ ਬਹਿਣ ਸਗੋਂ ਲੋਕ ਸੇਵਾ ਵਿੱਚ ਲੱਗਣ।
ਅੱਜਕਲ ਦੇ ਸਿੱਖੀ ਵਿੱਚ ਪੈਦਾ ਹੋਏ ਡੇਰੇਦਾਰਾਂ (ਜੋ ਸੁਮੇਰ ਪਰਬੱਤ ਤੇ ਲੁਕ ਕੇ ਬੈਠੇ ਸਿੱਧਾਂ
ਵਾਂਗ, ਸਿੱਖੀ ਉਪਰ ਹੋ ਰਹੇ ਜਬਰ ਤੇ ਬੇਇਨਸਾਫੀ ਤੋਂ ਅਨਜਾਣ ਬਣੇ, ਡੇਰਿਆਂ ਦੀ ਵਲਗਣ ਵਿੱਚ ਬੈਠੇ
ਹਨ) ਲਈ ਉਹ ਖਾਸ ਮਿਸਾਲ ਹਨ ਕਿ ਲੋਕਾਂ ਤੋਂ ਆਪਣੀ ਸੇਵਾ ਕਰਵਾਉਣ ਦੀ ਥਾਂ, ਗੁਰੂ ਜੀ ਵਲੋਂ ਕਈ
ਤਰ੍ਹਾਂ ਦੇ ਆਪ ਹੱਥੀਂ ਕੀਤੇ ਕੰਮਾਂ ਨੂੰ ਮੁੱਖ ਰੱਖ ਕੇ ਲੋਕ ਸੇਵਾ ਵਿੱਚ ਜੁਟਣ ਤੇ ਹਾਕਮ ਆਪ ਖਾਸ
ਤਰ੍ਹਾਂ ਦੀ ਸੁਰੱਖਿਆ ਵਿਚਾਲੇ ਵਿਚਰਨ ਦੀ ਥਾਂ, ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲ ਕੇ ਮਾਹਾਂਰਾਜਾ
ਰਣਜੀਤ ਸਿੰਘ ਵਾਂਗ, ਆਮ ਲੋਕਾਂ ਵਿੱਚ ਵਿਚਰ ਕੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣਨ। ਇਹ ਹੀ
ਨਹੀਂ, ਇਹ ਹਰਨਾਖਸ਼, ਰਾਵਣ, ਔਰੰਗਜ਼ੇਬ, ਹਿਟਲਰ ਆਦਿ ਦੇ ਜਾਤ-ਅਭਿਮਾਨੀ ਹਸ਼ਰ ਤੋਂ ਸਬਕ ਲੈਂਦੇ ਹੋਏ,
ਅਹੁਦੇ, ਪਦਵੀ ਦੇ ਵਕਤੀ ਹੰਕਾਰ ਵਿੱਚ ਪਾਪ, ਜ਼ੁਲਮ, ਅਨਿਆਂ ਅਤੇ ਅਤਿਆਚਾਰ ਕਰਨ ਦੀ ਥਾਂ ਲੋਕ ਭਲਾਈ
ਨੂੰ ਮੁਖ ਰੱਖ ਕੇ ਲੋਕ ਸੇਵਾ ਕਰਨ ਤੇ ਸੱਭ ਨੂੰ ਇਨਸਾਫ ਦੇਣ। ਇਹ ਹਾਕਮ ਲੋਕ ਪਾਪ, ਜ਼ੁਲਮ ਆਦਿ ਕਿਉਂ
ਕਰਦੇ ਹਨ? ਕਿਉਂਕਿ ਇਨ੍ਹਾਂ ਦੀ ਰਾਜਨੀਤੀ ਧਰਮ ਤੋਂ ਸੱਖਣੀ ਹੁੰਦੀ ਹੈ, ਦਿਖਾਵੇ ਲਈ ਪਹਿਰਾਵਾ
ਇਨ੍ਹਾਂ ਨੇ ਭਾਵੇਂ ਧਰਮ ਦਾ ਹੀ ਪਾਇਆ ਹੁੰਦਾ ਹੈ। ਸੋ ਇਨ੍ਹਾਂ ਦੀ ਰਾਜਨੀਤੀ ਬਦੀ ਦਾ ਸਾਕਾਰ ਰੂਪ
ਹੁੰਦੀ ਹੈ। 1984 ਵਿੱਚ ‘ਪਾਪ ਕੀ ਜੰਜ ਦਿੱਲੀ ਤੋਂ ਲੈ ਕੇ’ ਦਰਬਾਰ ਸਾਹਿਬ ਅਤੇ ਬੇਅੰਤ
ਗੁਰਦੁਆਰਿਆਂ ਤੇ ਹਮਲਾ ਅਤੇ ਦਿੱਲੀ ਵਿੱਚ ਨਿਰਦੋਸ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਇਸ ਦੀ ਖਾਸ
ਮਿਸਾਲ ਹੈ। ਅੱਜਕਲ ਤਾਂ ਸਾਰਾ ਸੰਸਾਰ ਹੀ ਗੁਰੂ ਨਾਨਕ ਸਾਹਿਬ ਦੇ ਸਮੇਂ ਨਾਲੋਂ ਭੀ ਭੈੜਾ ਨਕਸ਼ਾ ਪੇਸ਼
ਕਰ ਰਿਹਾ ਹੈ, ਤੇ ਗੁਰੂ ਜੀ ਦੇ ਬਚਨਾਂ ‘ਕੂੜ ਬੋਲਿ ਬੋਲਿ ਭਉਕਣਾ ਚੂਕਾ
ਧਰਮ ਬੀਚਾਰੁ॥’ (ਅੰਗ. 1242) ਅਤੇ ‘ਕੂੜੁ ਫਿਰੈ ਪ੍ਰਧਾਨੁ ਵੇ ਲਾਲੋ’ (ਅੰਗ. 722)
ਅਨੁਸਾਰ ਧਰਮ ਨੂੰ ਛਿੱਕੇ ਤੇ ਟੰਗ ਕੇ ਝੂਠ ਨੂੰ ਸੱਚ ਦਰਸਾ ਕੇ ਵੱਧ ਤੋਂ ਵੱਧ ਬਦੀ ਦੇ ਕੰਮ
(ਘੁਟਾਲੇ, ਪਰਾਏ ਹੱਕ ਤੇ ਛਾਪੇ, ਬੇਇਨਸਾਫੀ, ਜ਼ੁਲਮ ਆਦਿ) ਹੋ ਰਹੇ ਹਨ। ਗੁਰੂ ਨਾਨਕ ਸਾਹਿਬ ਨੇ
ਦਸਾਂ ਜਾਮਿਆਂ ਵਿੱਚ ਸਚਾਈ ਤੇ ਨੇਕੀ ਦੇ ਰੂਪ ਵਿੱਚ ਬਦੀ ਨਾਲ ਲੋਹਾ ਲਿਆ ਅਤੇ ਅੰਤ ਵਿੱਚ
ਸੰਤ-ਸਿਪਾਹੀ ਦੇ ਰੂਪ ਵਿੱਚ ਖਾਲਸੇ ਦੀ ਸਿਰਜਨਾ ਕਰ ਦਿੱਤੀ। ਖਾਲਸੇ ਨੇ ਗੁਰੂ ਦੀ ਸਿੱਖਿਆ ‘ਰਾਜੇ
ਚੁਲੀ ਨਿਆਂਵ ਕੀ’ ਤੇ ਚੱਲ ਕੇ ਇਨਸਾਫ, ਨੇਕੀ ਤੇ ਸਰਬੱਤ ਦੇ ਭਲੇ ਦੀ ਝਲਕ ਦਿੰਦਾ ਰਾਜ ਦੁਨੀਆਂ
ਅੱਗੇ ਪੇਸ਼ ਕੀਤਾ ਜਿੱਥੇ ਹੁਕਮਰਾਨ ਆਪ ਸੁਰੱਖਿਆ ਵਿੱਚ ਰਹਿਣ ਦੀ ਬਜਾਏ ਰਾਤ ਸਮੇਂ ਭੀ ਆਪਣਾ ਉਦੇਸ਼
ਲੋਕਾਂ ਦੀਆਂ ਮੁਸੀਬਤਾਂ ਨੂੰ ਹੱਲ ਕਰਨਾ ਅਸਲੀ ਸੇਵਾ ਸਮਝਦਾ ਸੀ। ਵੈਸੇ ਭੀ ‘ਖਾਲਸੇ ਨੇ ਸਦਾ ਬਦੀ
ਤੇ ਨਿਆਂਹੀਣ ਸ਼ਕਤੀਆਂ ਦੇ ਰਾਜ ਪਲਟੇ ਹਨ ਅਤੇ ਲੋਕ ਹਿਤਾਂ ਦੀ ਰੱਖਿਆ ਲਈ ਜੂਝਦੇ ਰਹਿਣਾ ਹੈ’,
ਕਿਉਂਕਿ Sir C. Gough
ਅਨੁਸਾਰ ‘ਗੁਰੂ ਨਾਨਕ ਸਾਹਿਬ ਦਾ ਸਿਧਾਂਤ ਲੋਕਾਂ ਵਿੱਚ
ਲੜਾਈ ਝਗੜਾ ਨਹੀਂ ਸਗੋਂ ਸ਼ਾਂਤੀ ਪੈਦਾ ਕਰਨਾ ਹੈ’।
ਸੋ ਲੋਕ ਹਿਤਾਂ ਤੇ ਸਰਬੱਤ ਦੇ ਭਲੇ ਦੀ ਸੋਚ ਦਿਲ ਵਿੱਚ ਲਈ ਬੈਠਾ ਗੁਰੂ ਸਾਹਿਬ ਦਾ ਐਸਾ ਖਾਲਸਾ ਇੱਕ
ਸਦੀਵੀ ਹੋਂਦ ਹੈ, ਜਿੱਸ ਨੂੰ ਨਾ ਕੋਈ ਖਤਮ ਕਰ ਸਕਿਆ ਹੈ ਨਾ ਖਤਮ ਕਰ ਸਕੇਗਾ। ਦਿੱਲੀ ਦੇ ਤਖਤ ਤੇ
ਬੈਠੀ ਅਨਿਆਏ ਤੇ ਅਧਾਰਤ ਸ਼ਕਤੀ ਭੀ ਵੱਧ ਤੋਂ ਵੱਧ ਜ਼ੁਲਮ ਤੇ ਅਤਿਆਚਾਰ ਕਰਕੇ ਨਾ ਇਸ ਨੂੰ ਖਤਮ ਕਰ
ਸਕੀ ਹੈ ਤੇ ਨਾਂ ਕਰ ਸਕੇਗੀ। ਆਪਣੇ ਆਪ ਤੋਂ ਵੱਖਰੇ ਧਰਮ, ਵਿਚਾਰ ਤੇ ਸਭਿਅਤਾ ਰੱਖਣ ਵਾਲੀਆਂ
ਘੱਟ-ਗਿਣਤੀਆਂ, ਖਾਸ ਕਰਕੇ ਸਿੱਖਾਂ ਨੂੰ ਖਤਮ ਕਰਨ ਦੀ ਸੋਚ ਰੱਖਣ ਵਾਲੇ ਕੱਟੜਪੰਥੀ ਬੁੱਧੀਜੀਵੀਆਂ
ਨੂੰ ਐਸੇ ਪਾਪ (ਹਰ ਪਾਪ ਦਾ ਲੇਖਾ ਰੱਬੀ ਦਰਬਾਰ ਵਿੱਚ ਤਾਂ ਦੇਣਾ ਹੀ ਪੈਣਾ ਹੈ) ਭਰੇ ਖਿਆਲਾਂ ਨੂੰ
ਸਰੰਜਾਮ ਦੇਣ ਲਈ ਦੇਸ ਦੀ ਦੌਲਤ ਤੇ ਸਮਾਂ ਬਰਬਾਦ ਕਰਨ ਦੀ ਥਾਂ, ਸੱਭ ਨੂੰ ਇੱਕ ਗੁਲਦੱਸਤਾ ਸਮਝ ਕੇ
ਸੱਭ ਦੇ ਵਿਚਾਰਰਾਂ, ਕੰਮ ਕਾਰਾਂ ਆਦਿ ਰਾਹੀਂ ਦੇਸ ਦੇ ਲਾਭ ਤੇ ਤਰੱਕੀ ਲਈ ਵਰਤਣਾ ਚਾਹੀਦਾ ਹੈ।
ਉਨ੍ਹਾ ਤੇ ਜ਼ੁਲਮ ਕਰਕੇ ਤੇ ਉਨ੍ਹਾਂ ਨੂੰ ਆਪਣੇ ਵਿਰੋਧੀ ਬਣਾ ਕੇ ਦੇਸ ਦਾ ਨੁਕਸਾਨ ਹੀ ਨੁਕਸਾਨ ਹੈ
ਜੋ ਇਹ ਕੱਟੜਪੰਥੀ ਬੁੱਧੀਜੀਵੀ ਇਸ ਵੇਲੇ ਕਰਵਾ ਰਹੇ ਹਨ। ਦੇਸ ਦੀ ਅਮਨ ਸ਼ਾਂਤੀ ਨੂੰ ਇਨ੍ਹਾਂ ਨੇ ਇੱਕ
ਕਿਸਮ ਦਾ ਲਾਂਬੂ ਲਾਇਆ ਹੋਇਆ ਹੈ। ਕੀ ਇਨ੍ਹਾਂ ਦਾ ਐਸਾ ਵਿਹਾਰ ਦੇਸ ਨੂੰ ਇਕਜੁੱਟ ਰੱਖ ਸਕਦਾ ਹੈ?
ਇਹ ਦੀਰਘ ਵਿਚਾਰ ਦਾ ਨੁਕਤਾ ਹੈ। ਕਿਉਂਕਿ ਇਹ ਲੋਕ ਬੋਧੀਆਂ ਨਾਲ ਐਸਾ ਵਿਉਹਾਰ ਕਰਕੇ ਦੇਖ ਹਟੇ ਹਨ:-
ਹਜ਼ਾਰ ਸਾਲ ਦੀ ਗੁਲਾਮੀ! ਗੁਰੂ ਨਾਨਕ ਸਾਹਿਬ ਦੇ ਸਰਬ ਸ਼ਾਂਤੀ ਦੇ ਪੈਗਾਮ ਨੂੰ ਅਪਨਾਉਣਾ ਹੀ ਲਾਹੇਵੰਦ
ਹੋ ਸਕਦਾ ਹੈ। ਕੀ ਇਹ ਲੋਕ ਕੁੱਛ ਸਿੱਖਿਆ ਲੈਣਗੇ? ਲੱਗਦਾ ਹੈ ਕਿ ਨਹੀਂ। ਕਿਉਂਕਿ ਡਾ. ਸੰਗਤ ਸਿੰਘ
ਅਨੁਸਾਰ ‘ਹਿੰਦੂਆਂ ਨੇ ਇਤਿਹਾਸ ਤੋਂ ਇੱਕ ਗੱਲ ਸਿੱਖੀ ਹੈ ਕਿ ੳੇਹ ਕੁੱਝ ਭੀ ਨਹੀਂ ਸਿੱਖ ਸਕਦੇ’।
ਭਲਾ ਕਿਉਂ? ਕਿਉਂਕਿ ਔਰੰਗਜ਼ੇਬ ਦੇ ਕੱਟੜ ਹੁੰਦਿਆਂ ਭੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਨੂੰ
ਭੇਜੇ ਜ਼ਫਰਨਾਮਾਂ ਵਿੱਚ ਦਿੱਤੀ ਧਰਮ ਦੀ ਵਿਆਖਿਆ ਨੇ ਤਾਂ ਉਸ ਨੂੰ ਆਪਣੀ ਕੀਤੀ ਦਾ ਪਛੁਤਾਵਾ ਲਾ
ਦਿੱਤਾ ਸੀ ਪਰ ਕੱਟੜ ਹਿੰਦੂ ਲੀਡਰਾਂ ਤੇ, ਇਨ੍ਹਾਂ ਅਤੇ ਦੇਸ ਲਈ ਆਪਣਾ ਸੱਭ ਕੁੱਛ ਵਾਰਨ ਵਾਲੇ
ਸਿੱਖਾਂ ਤੇ ਇਨ੍ਹਾਂ ਵਲੋਂ 1947 ਤੋਂ ਲੈ ਕੇ ਹੁਣ ਤੱਕ ਕੀਤੇ ਜਬਰ, ਜ਼ੁਲਮ, ਬੇਇਨਸਾਫੀ ਸੰਬੰਧੀ ਬਾਰ
ਬਾਰ ਯਾਦ ਕਰਾਉਣ ਤੇ ਭੀ ਕੋਈ ਅਸਰ ਨਹੀਂ ਹੋਇਆ। ਇਹ ਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਧਰਮ
ਬਾਰੇ ਕੁੱਛ ਪਤਾ ਹੀ ਨਹੀਂ। ਇਸ ਲਈ ਜਿੱਥੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਨੁਸਾਰ ਸਿੱਖ
ਬੁੱਧੀਜੀਵੀ ਹੀ ਨਹੀਂ ਆਮ ਸਿੱਖ ਭੀ ਸਰਬੱਤ ਦੇ ਭਲੇ ਦੀ ਸੋਚਦਾ ਹੈ ਉੱਥੇ ਹਿੰਦੂ ਬੁੱਧੀਜੀਵੀ ਖਾਸ
ਕਰਕੇ, ਗੱਟਗਿਣਤੀਆਂ, ਖਾਸ ਕਰਕੇ ਸਿੱਖਾਂ ਦਾ ਕਤਲੇਆਮ ਕਰਨ ਦਾ ਸਮਾਂ ਤੇ ਢੰਗ ਸੋਚਦੇ ਰਹਿੰਦੇ ਹਨ।
ਅੰਤ ਵਿੱਚ ਕੁੱਛ ਖਾਸ ਨੁਕਤੇ ਹੇਠ ਦਿੱਤੇ ਜਾਂਦੇ ਹਨ।
1. ਉਪਰ ਦੱਸੇ ਵਾਂਗ, ਬਾਲੇ ਨਾਮ ਦਾ ਕੋਈ ਵਿਅਕਤੀ ਨਹੀਂ ਹੋਇਆ। ਜੇ ਐਸਾ ਕੋਈ ਵਿਅਕਤੀ ਹੋਇਆ ਹੁੰਦਾ
ਤਾਂ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਖਾਸ ਖਾਸ ਸਿੱਖਾਂ ਦੇ ਨਾਮ ਦਿੱਤੇ
ਹਨ, ਜ਼ਰੂਰ ਉਸਦਾ ਨਾਮ ਦਿੱਤਾ ਹੋਣਾ ਸੀ। ਪਰ ਉਨ੍ਹਾਂ ਦੀ ਲਿਖਤਾਂ ਵਿੱਚ ਉਸਦਾ ਨਾਮ ਨਹੀਂ ਮਿਲਦਾ।
2. ਕਈ ਵਿਦਵਾਨ ਇਹ ਲਿਖਣ ਦੀ ਹਿਮਾਕਤ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਤੇ ਹਿੰਦੂ ਧਰਮ ਦਾ ਜਾ
ਇਸਲਾਮ ਦਾ ਜਾ ਬੁੱਧ ਧਰਮ ਦਾ ਅਸਰ ਹੋਇਆ। ਉਹ ਗੁਰੂ ਸਾਹਿਬ ਦੀ ਉਸ ਸਰਬ ਸ਼ਕਤੀਮਾਨ ਨਿਰੰਕਾਰੀ ਜੋਤਿ
ਤੋਂ ਅਨਜਾਣ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਸ਼ਕਤੀ ਨੂੰ ਛੁਪਾ ਕੇ ਰੱਖਦੇ ਹੋਏ ਉਨ੍ਹਾਂ
ਦੇ ਵਿਚਾਰਾਂ ਨੂੰ ਸਿਰਫ ਹਵਾਲੇ ਵਜੋਂ ਵਰਤਦੇ ਹੋਏ ਉਨ੍ਹਾਂ ਦੇ ਗਲਤ ਵਿਉਹਾਰ ਨੂੰ ਭੰਡਦੇ ਵੀ ਸਨ,
ਤਾਕਿ ਉਹ ਆਪਣੇ ਆਪਣੇ ਧਰਮ ਦੀ ਠੀਕ ਪਾਲਣਾ ਕਰ ਸਕਣ। ਇਸ ਕਰਕੇ ਹੀ ਉਨ੍ਹਾਂ ਨੇ ‘ਨ ਕੋਈ ਹਿੰਦੂ ਨ
ਮੁਸਲਮਾਨ’ ਕਿਹਾ ਸੀ ਤੇ ਉਨ੍ਹਾਂ ਨੂੰ ਕਿੱਸ ਤਰ੍ਹਾਂ ਦਾ ਬ੍ਰਾਹਮਣ, ਕਿੱਸ ਤਰ੍ਹਾਂ ਦਾ ਮੁਸਲਮਾਨ,
ਕਿੱਸ ਤਰ੍ਹਾਂ ਦਾ ਸਿੱਧ ਜਤੀ ਜੋਗੀ ਹੋਣਾ ਦੱਸਿਆ ਸੀ। ਸੋ ਉਨ੍ਹਾਂ ਤੇ ਕਿਸੇ ਧਰਮ ਦਾ ਕੋਈ ਅਸਰ
ਨਹੀਂ। ਉਨ੍ਹਾਂ ਨੇ ਤਾਂ ਇੱਕ ਸੱਭ ਤੋਂ ਨਿਰਾਲੇ ਤੇ ਨਿਆਰੇ ਪੰਥ ਦੀ ਇੱਕ ਨਿਰਾਲੇ ਹੀ ਸਿਧਾਂਤ ਤੇ
ਆਧਾਰਤ ਸਿਰਜਨਾ ਕੀਤੀ, ਜੋ ਆਖਰ ਖਾਲਸਾ ਪੰਥ ਹੋ ਨਿਬੜਿਆ, ਜੋ ਸੱਭ ਤੋਂ ਨਿਰਾਲਾ ਤੇ ਸਦੀਵੀ ਹੈ।
3. ਕਈ ਵਿਦਵਾਨਾਂ ਦਾ ਖਿਆਲ ਹੈ ਕਿ ਭਗਤ ਸਾਹਿਬਾਨ, ਖਾਸ ਕਰਕੇ ਭਗਤ ਕਬੀਰ ਜੀ ਦਾ ਗੁਰੂ ਸਾਹਿਬ ਤੇ
ਅਸਰ ਹੋਇਆ। ਉਹ ਇਹ ਤੱਥ ਬਿਲਕੁੱਲ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਨੇ ਕੁੱਛ ਅਖੌਤੀ ਉੱਚ ਜਾਤੀ
ਭਗਤਾਂ ਦੇ ਨਾਲ ਉਨ੍ਹਾਂ ਅਖੌਤੀ ਨੀਵੀਂ ਜਾਤੀ ਭਗਤਾਂ ਦੀ ਬਾਣੀ ਭੀ ਖਾਸ ਕਰਕੇ ਇਸ ਲਈ ਇਕੱਤਰ ਕੀਤੀ
ਕਿ ਉਨ੍ਹਾਂ ਦੇ ਦੈਵੀ ਤੇ ਵੱਡਮੁੱਲੇ ਵਿਚਾਰ ਕਿਤੇ ਛੁਪੇ ਨਾ ਰਹਿ ਜਾਣ। ਦੂਸਰੇ ਉਨ੍ਹਾਂ ਸਾਰਿਆਂ ਦੀ
ਇੱਕ ਥਾਂ ਇਕੱਤਰਤਾ ਰਾਹੀਂ ਇੱਕ ਸਗਲ ਜਮਾਤੀ ਪੰਥ ਦੀ ਸਥਾਪਨਾ ਕਰਕੇ ਰੱਬੀ ਗਿਆਨ ਤੋਂ ਸੱਖਣੇ,
ਸਵਾਰਥੀ ਅਤੇ ਈਰਖਾਲੂ ਬਿੱਪਰ ਲਈ ਇੱਕ ਮਜ਼ਬੂਤ ਦੀਵਾਰ ਬਣ ਕੇ ਟਾਕਰਾ ਕੀਤਾ ਜਾਵੇ। ਤੀਸਰੇ ਸਮੁੱਚੀ
ਬਾਣੀ ਗਿਆਨ ਰੂਪ ਹੋ ਕੇ ਇਸ ਗਿਆਨ ਤੇ ਵਿਸ਼ਵਾਸ ਰੱਖਣ ਵਾਲਿਆਂ ਲਈ ਸਦੀਵੀ ਸਾਂਝਾ ਗੁਰੂ ਹੋ ਨਿਬੜੇ।
ਗੁਰੂ ਸਾਹਿਬ ਆਪਣਾ ਸਿਧਾਂਤ ਆਪਣੀ ਬਾਣੀ ਰਾਹੀਂ ਸੁਖਾਲਾ ਹੀ ਦੇ ਸਕਦੇ ਸਨ ਪਰ ਉਹ ਸੱਭ ਤੇ ਖਾਸ
ਕਰਕੇ ਕਿਰਤੀ ਵਰਗ ਦੇ ਭਗਤ ਸਾਹਿਬਾਨ ਰਾਹੀਂ ਇੱਕ ਸਾਂਝੇ ਸਮਾਜ ਦੀ ਸਿਰਜਨਾਂ ਕਰਨਾ ਚਾਹੁੰਦੇ ਸਨ,
ਤੇ ਆਖਰ ਕਰਨ ਵਿੱਚ ਸਫਲ ਹੋਏ।
4. ਬਿੱਪਰ ਨੇ, ਜੋ ਕਿਰਤੀਆਂ ਦੇ ਏਕੇ ਨੂੰ ਆਪਣੇ ਸਵਾਰਥ ਦੀ ਪੂਰਤੀ ਲਈ ਵੰਗਾਰ ਸਮਝਦਾ ਆ ਰਿਹਾ ਹੈ,
ਆਪਣੀ ਘੁਸਬੈਠ ਦੀ ਨੀਤੀ ਐਸੀ ਸਫਲਤਾ ਨਾਲ ਵਰਤੀ ਕਿ ਸਿੱਖ ਗੁਰਦੁਆਰਿਆਂ ਦੀ ਥਾਂ ਜਾਤਾਂ ਦੇ ਨਾਂ ਤੇ
ਗੁਰਦੁਆਰੇ, ਮੂਲ ਦੀ ਰਹਿਤ ਮਰਿਯਾਦਾ ਨਾਲੋਂ ਜੁਦੀ ਜੁਦੀ ਮਰਿਯਾਦਾ ਦੇ ਡੇਰੇ ਆਦਿ ਪੈਦਾ ਕਰਕੇ
ਸਿੱਖਾਂ ਨੂੰ ਐਸੀ ਉਲਝਣ ਵਿੱਚ ਪਾ ਦਿੱਤਾ ਹੈ ਕਿ ਗੁਰੂ ਨਾਨਕ ਦੇ ਨਿਰਾਲੇ ਸਿਧਾਂਤ ਤੇ ਪਹਿਰਾ ਦੇਣ
ਵਾਲੇ ਵਿਰਲੇ ਹੀ ਨਜ਼ਰ ਆਉਂਦੇ ਹਨ, ਤੇ ਉਲਝਣ ਵਿੱਚ ਫਸੇ ਉਨ੍ਹਾਂ ਵਿਰਲੇ ਜਨਾਂ ਨੂੰ ਕੱਟੜ ਪੰਥੀ
ਕਹਿਣ ਤੱਕ ਜਾਂਦੇ ਹਨ। ਇਹ ਨੌਬਤ ਇੱਥੇ ਤੱਕ ਇਸ ਲਈ ਪਹੁੰਚੀ ਹੈ ਕਿ ਸਿੱਖਾਂ ਦੀ ਵਰਤਮਾਨ ਅਖੌਤੀ
ਸਿਆਸੀ ਪਾਰਟੀ ਨਿਜੀ ਸਵਾਰਥ ਲਈ ਅਤੇ ਸਿੱਖ ਸ਼੍ਰੋਮਣੀ ਧਾਰਮਿਕ ਸੰਸਥਾ ਇਸ ਉਲਝਣ ਲਈ ਬਿੱਪਰ ਦਾ
ਹੱਥਠੋਕਾ ਬਣੇ ਹੋਏ ਹਨ। ਇਸ ਉਲਝਣ ਵਿੱਚੋਂ ਨਿਕਲਣ ਲਈ ਗੁਰੂ ਨਾਨਕ ਸਾਹਿਬ ਵਲੋਂ ਬਖਸ਼ੀ ਦਲੇਰੀ ਤੇ
ਜੁਰੱਅਤ ਨਾਲ ਜਿਵੇਂ ਉਨੀਂਵੀਂ ਸਦੀ ਤੇ ਵੀਹਵੀਂ ਸਦੀ ਦੇ ਅਰੰਭ ਵਿੱਚ ਸਿੰਘ ਸਭਾ ਨੇ ਕੀਤਾ, ਉਹ
ਕੁੱਛ ਕਰਨ ਦੀ ਲੋੜ ਹੈ।
5. ਗੁਰੂ ਨਾਨਕ ਨੇ ਸਦੀਆਂ ਤੋਂ ਲਿਤਾੜੇ ਜਾਂਦੇ ਅਖੌਤੀ ਸ਼ੂਦਰ ਵਰਗ, ਖਾਸ ਕਰਕੇ ਦਲਿਤ ਵਰਗ ਨੂੰ ਗਲ
ਲਾ ਕੇ ਬਰਾਬਰਤਾ ਦਾ ਦਰਜਾ ਦਿਵਾ ਕੇ ਆਖਰ ਰਾਜੇ ਤੱਕ ਬਣਾ ਦਿੱਤਾ ਸੀ। ਗੁਰੂ ਸਾਹਿਬ ਵਲੋਂ ਇਹ ਇੱਕ
ਦਲੇਰੀ ਭਰਿਆ ਕਦਮ ਸੀ। ਪਰ ਅਫਸੋਸ ਦੀ ਗੱਲ ਹੈ ਕਿ ਦਲਿਤਾਂ ਨਾਲ ਵਿਉਹਾਰ ਅੱਜ ਭੀ ਗੁਰੂ ਨਾਨਕ ਜੀ
ਦੇ ਸਮੇਂ ਵਾਲਾ ਹੈ ਤੇ ਕੋਈ ਭੀ ਸੁਧਾਰ ਨਜ਼ਰ ਨਹੀਂ ਆਉਂਦਾ। ਸੱਭ ਕੁੱਛ ਠੀਕ ਰਹਿ ਸਕਦਾ ਸੀ ਜੇ ਦਲਿਤ
ਵਰਗ ਵੀ ਹੋਰ ਰਾਹ ਚੁਣਨ ਦੀ ਥਾਂ ਬਾਕੀ ਦੇ ਅਖੌਤੀ ਸ਼ੂਦਰ ਵਰਗ ਵਾਂਗ ਸਿੱਖੀ ਮਾਰਗ ਤੇ ਚਲਦਾ
ਰਹਿੰਦਾ। ਮਿਸਾਲ ਵਜੋਂ ਜਿਵੇਂ ਚਮਕੌਰ ਦੀ ਗੜ੍ਹੀ ਵਿੱਚ ਹੋਰ ਸਿੰਘਾਂ ਨਾਲ ਭਾਈ (ਜੈਤਾ) ਜੀਵਨ ਸਿੰਘ
ਤੇ ਭਾਈ ਸੰਗਤ ਸਿੰਘ ਅਤੇ ਬਾਅਦ ਵਿੱਚ ਮਾਹਾਰਾਜਾ ਜੱਸਾ ਸਿੰਘ ਆਹਲੂਵਾਲੀਆ, ਮਾਹਾਰਾਜਾ ਜੱਸਾ ਸਿੰਘ
ਰਾਮਗਰਰੜ੍ਹੀਆ ਆਦਿ ਖਾਲਸਾ ਰੂਪ ਵਿੱਚ ਉਸ ਮਾਰਗ ਤੇ ਚੱਲ ਕੇ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਮਲਕ
ਭਾਗੋਆਂ (ਮੁਗਲਾਂ, ਨਾਦਰ ਸ਼ਾਹ, ਅਹਿਮਦ ਸ਼ਾਹ ਆਦਿ) ਨੂੰ ਚਨੇ ਚਬਾਉਂਦਾ ਅਤੇ ਦੇਸ ਦੀ ਲੁੱਟੀ ਜਾ ਰਹੀ
ਇੱਜ਼ਤ ਨੂੰ ਬਚਾਉਂਦਾ ਰਿਹਾ ਹੈ, ਉਸ ਹੀ ਤਰ੍ਹਾਂ ਇੱਕਮੁੱਠ ਤੇ ਨਿਧੜਕ ਹੋ ਕੇ, ਅੱਜ ਦੇ ਮਲਕ ਭਾਗੋਆਂ
ਰਾਹੀਂ, ਪੰਜਾਬ ਦਾ ਇਹ ਹਾਲ ਨਾ ਹੋਣ ਦਿੱਤਾ ਜਾਂਦਾ। ਹਾਲੇ ਭੀ ਸੱਭ ਕੁੱਛ ਸੁਧਰ ਸਕਦਾ ਹੈ ਜੇ ਸਾਰੇ
ਅਖੌਤੀ ਸ਼ੂਦਰ ਤੇ ਦਲਿਤ ਵਰਗ ਸਰਬ-ਸਾਂਝੇ ਗੁਰੂ, ਗੁਰੂ ਗ੍ਰੰਥ ਸਾਹਿਬ ਵਲੋਂ ਬਖਸ਼ੀ ਸਿੱਖਿਆ ਨੂੰ
ਮੁੱਖ ਰੱਖਕੇ ਇੱਕਜੁੱਟ ਹੋ ਜਾਣ।
6. ਜਿੱਸ ਗੁਰੂ ਸਾਹਿਬ ਨੇ ‘ਕੱਚ’ ਨੂੰ ਭੰਡ ਕੇ ‘ਸੱਚ’ ਨੂੰ ਪ੍ਰਗਟ ਕੀਤਾ, ਜਦ
‘ਰੰਨਾ ਹੋਈਆਂ ਬੋਧੀਆ ਪੁਰਸ ਹੋਏ ਸਈਆਦ॥ ਸੀਲ ਸੰਜਮ ਸਰਮੁ ਗਇਆ ਘਰਿ
ਆਪਣੈ ਪਤਿ ਉਠ ਚਲੀ ਨਾਲਿ॥’ (ਅੰਗ. 1242) ਵਰਗਾ ਸੰਸਾਰੀ ਹਾਲ ਦੇਖਿਆ ਤਾਂ ਦੋਹਾਂ ਮਰਦ ਤੇ
ਇਸਤਰੀ ਨੂੰ ਐਸੀ ਗਿਰਾਵਟ ਵਿੱਚੋਂ ਕੱਢ ਕੇ ਆਚਰਨ ਦੀਆਂ ਉਚਾਈਆਂ ਤੱਕ ਲਿਜਾਣ ਲਈ
‘ਸਚਹੁ ਓਰੈ ਸਭਿ ਕੋ ਉਪਰਿ ਸਚ ਆਚਾਰ’ ਰਾਹੀਂ ‘ਆਚਰਨ’ ਨੂੰ
‘ਸੱਚ’ ਨਾਲੋਂ ਉਚਾ ਦੱਸ ਕੇ ਤੇ ਇਸਤਰੀ ਨੂੰ ਬੜੇ ਬੜੇ ਰਾਜੇ, ਸੰਤ ਭਗਤਾਂ ਦੀ ਜਨਮ-ਦਾਤੀ ਕਹਿ ਕੇ
ਬੜੀ ਗੂੜ੍ਹੀ ਨੀਂਦ ਵਿੱਚੋਂ ਜਗਾ ਦਿੱਤਾ। ਫਿਰ ਕੀ ਸੀ? ਗੁਰੂ ਘਰ ਦੀਆਂ ਮਾਤਾਵਾਂ ਤਾਂ ਇੱਕ ਪਾਸੇ,
ਸਿੱਖ ਬੀਬੀਆਂ ਮਾਈ ਭਾਗੋ, ਬੀਬੀ ਦੀਪ ਕੌਰ, ਬੀਬੀ ਹਰਸ਼ਰਨ ਕੌਰ, ਬੀਬੀ ਸਤਵੰਤ ਕੌਰ, ਆਦਿ ਸਿੱਖ
ਇਤਿਹਾਸ ਦਾ ਖਾਸ ਅੰਗ ਬਣ ਗਈਆਂ। ਨਾਲ ਹੀ ਮਾਹਾਰਾਜਾ ਜੱਸਾ ਸਿੰਘ ਆਹਲੂਵਾਲੀਆ, ਮਾਹਾਰਾਜਾ ਜੱਸਾ
ਸਿੰਘ ਰਾਮਗੜ੍ਹੀਆ, ਮਾਹਾਰਾਜਾ ਬਘੇਲ ਸਿੰਘ ਆਦਿ ਨੇ ਦੁਰਾਨੀਆਂ ਆਦਿ ਤੋਂ, ਭਾਰਤ ਦੀਆਂ ਲੁੱਟੀਆਂ ਜਾ
ਰਹੀਆਂ ਬਹੂ ਬੇਟੀਆਂ ਛਡਾ ਕੇ ਤੇ ਸਤਿਕਾਰ ਸਹਿਤ ਘਰੋ ਘਰੀਂ ਪੁਜਾ ਕੇ ਆਚਰਨ ਦੀਆਂ ਐਸੀਆਂ ਮਿਸਾਲਾਂ
ਪੇਸ਼ ਕੀਤੀਆਂ ਕਿ ਜਿਨ੍ਹਾਂ ਦੀ ਦੁਸ਼ਮਣ ਭੀ ਸਿਫਤ ਕਰਨੋਂ ਨਾ ਰੁਕ ਸਕੇ। ਹਰੀ ਸਿੰਘ ਨਲੂਆ ਭੀ ਆਚਰਨ
ਦੀ ਸਿਖਰ ਸੀ। ਸਿੰਘ ਸਭਾ ਦੇ ਦੂਲਿਆਂ ਨੇ ਭੀ ਅੰਗ੍ਰੇਜ਼ਾਂ ਨੂੰ ਐਸੇ ਉਚੇ ਆਚਰਨ ਨਾਲ ਦੰਗ ਕੀਤਾ। ਇਸ
ਵਿੱਚੋਂ ਮਹਾਨ ਸਿੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋ. ਗੁ. ਪ੍ਰ. ਕਮੇਟੀ ਵਜੂਦ ਵਿੱਚ
ਆਈਆਂ, ਜਿਨ੍ਹਾਂ ਨੇ ਖਾਸ ਜੱਸ ਖੱਟਿਆ, ਜਿੱਸ ਦਾ ਇੱਥੇ ਜ਼ਿਕਰ ਕਰਨ ਦੀ ਲੋੜ ਨਹੀਂ, ਦੁਨੀਆਂ ਜਾਣਦੀ
ਹੈ। ਇਹ ਸੱਭ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੇ ਮਿਹਰ ਦਾ ਸਦਕਾ ਸੀ ਜੋ ਸਦਾ ਹੀ ਵਰਤ ਸਕਦੀ ਹੈ।
ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਬਾਬਾ ਫਰੀਦ ਜੀ ਦੇ ਕਥਨ ‘ਗੰਢੇਦਿਆਂ ਛਿਹ ਮਾਹ ਤੁੜੰਦਿਆਂ
ਹਿਕ ਖਿਨੋ’ ਵਾਂਗ ਗੁਰੂ ਸਾਹਿਬਾਨ ਤੇ ਖਾਲਸਾ ਪੰਥ ਵਲੋਂ ਸਦੀਆਂ ਦੀ ਕੀਤੀ ਘਾਲ ਕਮਾਈ ਤੇ ਆਸਮਾਨ ਤੇ
ਚੜ੍ਹੀ ਸ਼ੁਹਰਤ, ਸ਼ਾਨ ਤੇ ਸਤਿਕਾਰ ਨੂੰ ਵਰਤਮਾਨ ਦੀਆਂ ਇਨ੍ਹਾਂ ਸੰਸਥਾਵਾਂ ਨੇ ਜਿਵੇਂ ਪਟਕਾ ਕੇ ਧਰਤੀ
ਤੇ ਸੁੱਟਿਆ ਹੈ, ਦੱਸਣ ਦੀ ਲੋੜ ਨਹੀਂ। ਸਿੱਖੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਦੇਖਣ ਵਾਲਿਆਂ ਦਾ ਭੀ
ਸਿਰ ਨੀਵਾਂ ਕਰ ਛੱਡਿਆ ਹੈ। ਗੁਰੂ ਜੀ ਫਿਰ ਮਿਹਰ ਕਰਨ।