.

ਭਗਤ ਬਾਲਮੀਕ ਤੇ ਮਹਾਂਰਿਸ਼ੀ ਵਾਲਮੀਕ ਦਾ ਬਹੁਪੱਖੀ ਅੰਤ੍ਰਿਕ ਵਿਸ਼ਲੇਸ਼ਨ (ਭਾਗ-੩)

(ਭਾਈ ਦ੍ਰਿਸ਼ਟੀਕੋਨ-ਭਾਗ ੩)

ਪ੍ਰਸਿੱਧ ਸਿੱਖ ਵਿਦਵਾਨ ਡਾ. ਤਾਰਨ ਸਿੰਘ ਜੀ ਦੀ ਦਾਰਸ਼ਨਿਕ ਰਚਨਾਵਲੀ ਵਿੱਚ ਇੱਕ ਸਿਰਮੌਰ ਪੁਸਤਕ ਹੈ ‘ਗੁਰਬਾਣੀ ਵਿਆਖਿਆ ਪ੍ਰਣਾਲੀਆਂ`। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਰੂਪ ‘ਪੋਥੀ` ਸਾਹਿਬ ਦੀ ਸੰਪਾਦਨਾ ਦੇ ਆਰੰਭਕ ਲਿਖਾਰੀ ਭਾਈ ਗੁਰਦਾਸ ਜੀ ਅਤੇ ਸੰਪੂਰਨਤਾ ਛੋਹਾਂ ਦੇਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਵਿਆਖਿਆਕਾਰੀ ਨੂੰ ‘ਭਾਈ ਪ੍ਰਣਾਲੀ` ਦਾ ਨਾਂ ਦਿੱਤਾ ਗਿਆ ਹੈ। ਇਸੇ ਲਈ ਹੀ ਭਗਤ ਬਾਲਮੀਕ ਤੇ ਮਹਾਂਰਿਸ਼ੀ ਵਾਲਮੀਕ (ਬਾਲਮੀਕ) ਬਾਰੇ ਭਾਈ ਗੁਰਦਾਸ ਜੀ ਦੇ ਵਿਚਾਰਧਾਰਕ ਕਾਵਿਕ ਪ੍ਰਗਟਾਵੇ ਨੂੰ ‘ਭਾਈ ਦ੍ਰਿਸ਼ਟੀਕੋਨ` ਵਜੋਂ ਵਿਚਾਰਿਆ ਜਾ ਰਿਹਾ ਇਸ ਲੇਖ ਵਿੱਚ। ਕਿਉਂਕਿ, ਉਨ੍ਹਾਂ ਨੇ ੪੦ ਵਾਰਾਂ ਦੇ ਰੂਪ ਵਿੱਚ ਗੁਰਬਾਣੀ ਦੀ ਕਾਵਿਮਈ ਵਿਆਖਿਆ ਕਰਦਿਆਂ ਵਖ ਵਖ ਜ਼ਿਕਰ ਕੀਤਾ ਹੈ ਉਪਰੋਕਤ ਦੋਵੇਂ ਸ਼ਖ਼ਸੀਅਤਾਂ ਦਾ। ਵਾਰ ੧੦ਵੀਂ ਤੇ ੨੩ਵੀਂ ਵਿੱਚ ਦੋ ਵਾਰ ਹਵਾਲਾ ਦਿੱਤਾ ਹੈ ਭਗਤ ਜੀ ਦਾ ਅਤੇ ੨੫ਵੀਂ ਵਾਰ ਵਿੱਚ ਇੱਕ ਵਾਰ ਮਹਾਂਰਿਸ਼ੀ ਦਾ।

ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਰਚਨਾ ਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭਕ ਰੂਪ ‘ਪੋਥੀ` ਸਾਹਿਬ ਦੀ ਸੰਪਾਦਨਾ ਉਪ੍ਰੰਤ ਸੰਨ ੧੬੦੪ ਤੋਂ ੧੬੨੮ ਦੇ ਵਿਚਕਾਰ ਮੰਨਿਆ ਜਾਂਦਾ ਹੈ। ਕਿਉਂਕਿ, ਪਹਿਲੀ ਵਾਰ ਦੀ "ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ। {ਵਾਰ ੧ ਪਉੜੀ ੪੮} ਤੁਕ ਗਵਾਹੀ ਭਰਦੀ ਹੈ ਕਿ ਇਹ ਰਚਨਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੁੱਧਾਂ ਤੋਂ ਪਿੱਛੋਂ ਦੀ ਹੈ। ਸਿੱਖ ਸਾਹਿਤ ਦੇ ਖੋਜੀ ਵਿਦਵਾਨ ਭਾਈ ਜੀ ਦੀ ਦਸਵੀਂ ਵਾਰ ਨੂੰ ‘ਭਗਤਾਂ ਦੀ ਵਾਰ` ਵੀ ਆਖਦੇ ਹਨ। ਇਸ ਵਾਰ ਦੀਆਂ ੨੩ ਪਉੜੀਆਂ ਵਿੱਚ ੨੩ ਪੌਰਾਣਿਕ ਤੇ ਇਤਿਹਾਸਕ ਭਗਤਾਂ ਦੇ ਪ੍ਰਚਲਿਤ ਪ੍ਰਸੰਗ ਵਰਨਣ ਕੀਤੇ ਹਨ। ਇਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੦ ਬਾਣੀਕਾਰ ਭਗਤਾਂ ਸ੍ਰੀ ਕਬੀਰ, ਰਵਿਦਾਸ, ਨਾਮਦੇਵ ਤੇ ਧੰਨਾ ਜੀ ਆਦਿਕ ਨਾਲ ਹੀ ਭਗਤ ਬਾਲਮੀਕ ਦਾ ਪ੍ਰਸੰਗ ਹੈ। ਇਹ ਸਾਰੇ ਪ੍ਰਸੰਗ ਲਗਭਗ ਉਹੀ ਹਨ, ਜੋ ਗਵਾਲੀਅਰ ਦੇ ਇੱਕ ਵੈਸ਼ਨਵ ਕਵੀ ਨਾਰਾਇਣ ਦਾਸ (ਉਰਫ਼, ਨਾਭਾਦਾਸ) ਦੀ ਛਪੈ-ਛੰਦ ਵਿੱਚ ਲਿਖੀ ‘ਨਾਭਾ ਜੀ ਭਗਤਮਾਲ` ਵਿੱਚ ਵੀ ਹਨ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਅਤੇ ਹਵਾਲਾ-ਜਨਕ ਭਗਤਾਂ ਦੀਆਂ ਕਈ ਕਥਾਵਾਂ ਲਿਖਣ ਵੇਲੇ ਭਾਈ ਸਾਹਿਬ ਜੀ ਨੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਕਹਾਣੀਆਂ ਦੇ ਕੁੱਝ ਮਨੋਕਲਪਤ ਭਾਗ ਛੱਡੇ ਵੀ ਹਨ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਸ ਦਾ ਰਚਨਾ ਕਾਲ ਸੰਨ ੧੫੮੫ ਤੋਂ ੧੬੨੩ ਤੱਕ ਲਗਭਗ ਓਹੀ ਹੈ, ਜੋ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਮੰਨਿਆ ਗਿਆ ਹੈ। ‘ਮਹਾਨਕੋਸ਼` ਮੁਤਾਬਿਕ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਇਹ ਕੋਈ ਮਹਤਵ ਪੂਰਨ ਪੁਸਤਕ ਨਹੀਂ ਹੈ। ‘ਭਗਤਮਾਲ` ਨਾਂ ਦੀਆਂ ਬਜ਼ਾਰ ਵਿੱਚ ਮਿਲਣ ਵਾਲੀਆਂ ਵੱਖ ਵੱਖ ਪੋਥੀਆਂ ਅਸਲ ਵਿੱਚ ਉਪਰੋਕਤ ਪੁਸਤਕ ਦੇ ਹੀ ਵਾਰਤਕ-ਟੀਕੇ ਹਨ। ਇਨ੍ਹਾਂ ਦੀ ਲਿਖਣ-ਸ਼ੈਲੀ ਤੋਂ ਸਪਸ਼ਟ ਹੈ ਕਿ ਪ੍ਰਿਯਾਦਾਸ, ਤੁਲਸੀ ਰਾਮ ਅਤੇ ਲਾਲਾ ਜੀ ਆਦਿਕ ਨਾਵਾਂ ਦੇ ਅਜਿਹੇ ਸਾਰੇ ਟੀਕਾਕਾਰ ਨਾਰਾਇਣ ਦਾਸ ਵੈਸ਼ਨਵ ਵਾਂਗ ਬਿਪਰਵਾਦੀ ਸੋਚ ਦੇ ਹੀ ਮਾਲਿਕ ਸਨ। ਅਜਿਹਾ ਮੰਨਣਾ ਤਾਂ ਅਸੰਭਵ ਹੈ ਕਿ ਭਾਈ ਗੁਰਦਾਸ ਜੀ ਕਿਸੇ ਵੈਸ਼ਨਵ ਕਵੀ ਤੋਂ ਪ੍ਰਭਾਵਿਤ ਹੋਏ ਹੋਣਗੇ। ਪ੍ਰੰਤੂ ਇੱਕ ਪੱਖ ਸਾਫ਼ ਹੈ ਕਿ ਉਸ ਵੇਲੇ ਭਗਤਾਂ ਨਾਲ ਸਬੰਧਤ ਅਵਤਾਰਵਾਦੀ ਕਥਾਵਾਂ ਲਗਭਗ ਸਾਰੇ ਦੇਸ਼ ਵਿੱਚ ਸੁਣੀਆਂ ਸੁਣਾਈਆਂ ਜਾਂਦੀਆਂ ਸਨ। ਇਹੀ ਕਾਰਣ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਵਿੱਚ ਸ੍ਰੀ ਨਾਮਦੇਵ, ਕਬੀਰ, ਰਵਿਦਾਸ, ਸੈਣ ਤੇ ਧੰਨਾ ਜੀ ਆਦਿਕ ਬਾਣੀਕਾਰ ਭਗਤਾਂ ਦੀ ਅਧਿਆਤਮਿਕ ਸਾਧਨਾ ਸਬੰਧੀ ਪ੍ਰਚਲਿਤ ਹੋਈਆਂ ਕੂੜ ਕਹਾਣੀਆਂ ਦਾ ਖੰਡਨ ਵੀ ਕੀਤਾ। ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ ਹੇਠ ਲਿਖਿਆ ਪ੍ਰਸਿੱਧ ਗੁਰਵਾਕ:

ਮਹਲਾ ੫।। ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ।।

ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ।। ੧।। ਰਹਾਉ।।

ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ।।

ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ।। ੧।।

ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ।।

ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ।। ੨।।

ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ।।

ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ।। ੩।।

ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ।।

ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ।। ੪।। {ਗੁ. ਗ੍ਰੰ. -ਪੰ. ੪੮੮}

 

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਤਿਕਾਰਯੋਗ ਨਾਨਾ ਜੀ ਸਨ ਗਿਆਨੀ ਹਜ਼ਾਰਾ ਸਿੰਘ ਜੀ। ਸ਼ਾਇਦ ਇਹੀ ਮੁੱਖ ਕਾਰਣ ਹੈ ਕਿ ਜਦੋਂ ਉਨ੍ਹਾਂ ਉਪਰੋਕਤ ੧੦ਵੀਂ ਵਾਰ ਦਾ ਟੀਕਾ ਲਿਖਿਆ ਤਾਂ ਤੀਜੀ ਪਉੜੀ ਪ੍ਰਤੀ ਇੱਕ ਵਿਸ਼ੇਸ਼ ਨੋਟ ਲਿਖਿਆ, ਜੋ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦਾ ਹੈ। ਗਿਆਨੀ ਜੀ ਦੀ ਲਿਖਤ ਹੈ: "ਇਸ ਵਾਰ ਵਿੱਚ ਭਾਈ ਸਾਹਿਬ ਜੀ ਪੁਰਾਤਨ ਭਗਤਾਂ ਦੇ ਜਗਤ ਪ੍ਰਸਿੱਧ ਪ੍ਰਸੰਗ ਕਹਿ ਰਹੇ ਹਨ, ਜਿਸ ਤੋਂ ਉਨ੍ਹਾਂ ਦਾ ਭਾਵ ਇਤਿਹਾਸਕ ਸਤ੍ਯਤਾ (ਸੱਚਾਈ) ਖੋਜ ਕੇ ਲਿਖਣ ਦਾ ਨਹੀਂ ਹੈ, ਪਰ ਉਪਦੇਸ਼ ਦੇਣ ਦਾ ਹੈ, ਕਿਉਂਕਿ ਆਪ ਪੁਸਤਕ ਉਪਦੇਸ਼ ਦਾ ਲਿਖ ਰਹੇ ਹਨ"। ਸਿੱਖ ਸਾਹਿਤ ਦੇ ਪ੍ਰਸਿੱਧ ਖੋਜੀ ਡਾ. ਰਤਨ ਸਿੰਘ ‘ਜੱਗੀ` ਜੀ ੧੦ਵੀਂ ਵਾਰ ਦੀ ਸਮੀਖਿਆ ਵਜੋਂ ਲਿਖਿਆ ਹੈ –" ਕਵੀ ਨੇ ਗੁਰਮਤਿ ਦੇ ਕਿਸੇ ਨਾ ਕਿਸੇ ਸਿਧਾਂਤ ਨੂੰ ਲੈ ਕੇ ਉਸ ਦੀ ਵਿਆਖਿਆ ਲਈ ਪ੍ਰਮਾਣ ਵਜੋਂ ਕਿਸੇ ਭਗਤ ਦੀ ਕਥਾ ਦਾ ਹਵਾਲਾ ਦਿੱਤਾ ਹੈ ਅਤੇ ਅੰਤ `ਤੇ ਆਪਣੇ ਦ੍ਰਿਸ਼ਟੀਕੋਨ ਨੂੰ ਦ੍ਰਿੜ੍ਹ ਕਰਾਇਆ ਹੈ"। {ਭਾਈ ਗੁਰਦਾਸ: ਜੀਵਨ ਤੇ ਰਚਨਾ-ਪੰ. ੩੧} ਉਪਰੋਕਤ ਵਿਦਵਾਨਾਂ ਦੇ ਕਥਨਾਂ ਤੋਂ ਸਪਸ਼ਟ ਹੈ ਕਿ ਵਾਰਾਂ ਵਿੱਚਲੇ ਪ੍ਰਚਲਿਤ ਪ੍ਰਸੰਗ ਭਾਈ ਗੁਰਦਾਸ ਜੀ ਦਾ ਸੱਚਾਈ ਭਰਪੂਰ ਇਤਿਹਾਸਕ ਦ੍ਰਿਸ਼ਟੀਕੋਨ ਨਹੀਂ, ਕੇਵਲ ਉਦਾਹਰਣੀ ਹਵਾਲੇ ਹਨ। ਅਜਿਹੇ ਦ੍ਰਿਸ਼ਟਾਂਤੀ ਹਵਾਲਿਆਂ ਦਾ ਸੱਚ ਵਿਚਾਰਧੀਨ ਸਿਰਲੇਖ ਦੇ ‘ਗੁਰਬਾਣੀ ਦ੍ਰਿਸ਼ਟੀਕੋਨ` ਵਿੱਚ ਪਹਿਲਾਂ ਵੀ ਵਿਸਥਾਰ ਪੂਰਵਕ ਪ੍ਰਗਟ ਕੀਤਾ ਜਾ ਚੁੱਕਾ ਹੈ।

ਇੰਟਰਨੈਟ `ਤੇ ਉਪਲਭਦ ਕਹਾਣੀਆਂ ਤੇ ਬਾਜ਼ਾਰੀ ਭਗਤਮਾਲਾਂ ਵਿੱਚ ਬਾਲਮੀਕ ਦਾ ਮੁੱਢਲਾ ਨਾਂ ਰਤਨਾਕਰ ‘ਪ੍ਰਚੇਤਾ` ਦਸਦੀਆਂ ਹਨ। ਨਾਰਦ ਮੁਨੀ ਦਾ ਚੇਲਾ ਬਣਾ ਕੇ ਉਸ ਨੂੰ ‘ਰਾਮ` ਨਾਮ ਦਾ ਗੁਰਮੰਤ੍ਰ ਵੀ ਦਵਾਉਂਦੀਆਂ ਹੈ। ਉਹ ਭੁੱਲ ਨਾਲ ਰਾਮ ਰਾਮ ਦੀ ਥਾਂ ‘ਮਰਾ` ‘ਮਰਾ` ਦਾ ਜਾਪ ਕਰਦਾ ਸਮਾਧੀ ਸਥਿਤ ਹੋ ਜਾਂਦਾ ਹੈ। ਸਿਉਂਕ ਉਸ ਦੁਆਲੇ ਮਿੱਟੀ ਦੀ ਵਰਮੀ (ਵਾਲਮਿਕਾ) ਬਣਾ ਲੈਂਦੀ ਹੈ। ਸਮਾਂ ਪਾ ਕੇ ਫਿਰ ਨਾਰਦ ਮੁਨੀ ਆਉਂਦੇ ਹਨ ਤੇ ਉਸ ਨੂੰ ਵਰਮੀ ਵਿੱਚੋਂ ਕਢਦੇ ਹਨ। ਉਸ ਦਿਨ ਤੋਂ ਰਤਨਾਕਰ ਡਾਕੂ ਦੀ ਥਾਂ ‘ਬਾਲਮੀਕ` ਸੱਦਿਆ ਜਾਣ ਲੱਗਾ। ਕਿਉਂਕਿ, ਨਾਰਦ ਮੁਨੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਅੱਜ ਤੂੰ ਵਾਲਮਿਕਾ (ਵਰਮੀ) ਵਿਚੋਂ ਜਨਮ ਲੈ ਕੇ ਦ੍ਵਿਜ ਬਣਿਆ ਹੈਂ, ਇਸ ਲਈ ਤ੍ਰੈਲੋਕੀ ਵਿੱਚ ਹੁਣ ਤੂੰ ‘ਵਾਲਮੀਕ` ਨਾਮ ਨਾਲ ਹੀ ਜਾਣਿਆ ਜਾਵੇਂਗਾ। ਪ੍ਰੰਤੂ ਭਾਈ ਗੁਰਦਾਸ ਜੀ ਨੇ ਬਾਲਮੀਕ ‘ਬਟਵਾੜੇ` ਨਾਲ ਸੰਬੰਧਿਤ ਹੇਠ ਲਿਖੀ ਪਉੜੀ ਵਿੱਚ ਉਪਰੋਕਤ ਕਿਸਮ ਦੀ ਕੋਈ ਗੱਲ ਨਹੀਂ ਲਿਖੀ।

ਕਿਉਂਕਿ, ਵੇਦਾਂਤ ਅਤੇ ਪੌਰਾਣਿਕ ਸਾਹਿਤ ਦੇ ਗਿਆਤਾ ਹੋਣ ਨਾਤੇ ਉਹ ਬ੍ਰਾਹਮਣੀ ਸਮਾਜਿਕ ਮਰਯਾਦਾ ਦੀ ਕਟੜਤਾ ਤੇ ਚਾਣਕੀਆ ਚਾਲਾਂ ਤੋਂ ਭਲ਼ੀਭਾਂਤ ਵਾਕਫ਼ ਸਨ। ਉਹ ਸਮਝਦੇ ਸਨ ਕਿ ‘ਬ੍ਰਹਮਦੇਵ` ਮੁਨੀ ਅਖਵਾਉਣ ਵਾਲਾ ਨਾਰਦ ਕਿਸੇ ਚੰਡਾਲ ਮੰਨੇ ਜਾਂਦੇ ਕਥਿਤ ਸ਼ੂਦਰ ਨੂੰ ਗੁਰੂ ਦੀਖਿਆ ਕਦਾਚਿੱਤ ਨਹੀਂ ਦੇ ਸਕਦਾ। ਅਜਿਹੇ ਬ੍ਰਾਹਮਣ ਰਿਸ਼ੀ ਤਾਂ ਉਨ੍ਹਾਂ ਦੇ ਪਰਛਾਵੇਂ ਤੋਂ ਵੀ ਡਰਦੇ ਸਨ। ਜੇ ਨਾਰਦੀ ਪ੍ਰਵਾਰ ਦਾ ਬਜ਼ੁਰਗ ਰਿਸ਼ੀ ਮਨੂੰ ਆਦੇਸ਼ ਦਿੰਦਾ ਹੋਵੇ ਕਿ "ਜੇ ਕੋਈ ਬ੍ਰਾਹਮਣ ਦਾ ਜਾਤ ਸਹਿਤ ਨਾਮ ਲੈ ਕੇ ਆਖੇ ‘ਹੇ ਯਗਦੱਤ ਤੁਮ ਨੀਚ ਬ੍ਰਾਹਮਣ ਹੋ` ਤਾਂ ਅਜਿਹੇ ਕਟੂ ਬਚਨ ਬੋਲਣ ਵਾਲੇ ਸ਼ੂਦਰ ਦੇ ਮੂੰਹ ਵਿੱਚ ਅੱਗ ਨਾਲ ਲਾਲ ਹੋਈ ਲੋਹੇ ਦੀ ੧੦ ਉਂਗਲ ਸੀਖ ਡਾਲਨੀ ਚਾਹੀਏ`। {ਮਨੂੰ ਸਿਮ੍ਰਤੀ-੮/੨੭੦} ਤਾਂ ਇੱਕ ਸੁਆਨਸ਼ਤ੍ਰ ਨੀਚ ਨੂੰ ਰਾਮ-ਨਾਮ ਦਾ ਗੁਰਮੰਤ੍ਰ ਕਿਵੇਂ ਦੇ ਸਕਦਾ ਹੈ ਨਾਰਦ। ਇਸ ਲਈ ਬਾਲਮੀਕ ਨਾਲ ਸਬੰਧਤ ਕਹਾਣੀ ਝੂਠੀ ਹੈ ਅਤੇ ਘੜੀ ਗਈ ਹੈ ਰੱਬੀ ਭਗਤ ਨੂੰ ਬਦਨਾਮ ਕਰਕੇ ਕੇਵਲ ਆਪਣੇ ਚਾਣਕੀ ਚਕ੍ਰਵਿਊ ਵਿੱਚ ਘੇਰਨ ਲਈ। ਕਿਉਂਕਿ, ਕ੍ਰਿਸ਼ਨ ਭਗਤ ਪਾਂਡਵਾਂ ਦੇ ਰਾਜਸੂਯ ਯੱਗ ਦੀ ਸਫਲਤਾ ਦਾ ਕਾਰਣ ਬਣੇ ਬਾਲਮੀਕ ਦਾ ਸਮਾਜਿਕ ਪ੍ਰਭਾਵ ਬਹੁਤ ਵਧ ਰਿਹਾ ਸੀ:

ਵਾਟੈ ਮਾਣਸ ਮਾਰਦਾ; ਬੈਠਾ ਬਾਲਮੀਕੁ ਬਟਵਾੜਾ।

ਪੂਰਾ ਸਤਿਗੁਰੁ ਭੇਟਿਆ; ਮਨ ਵਿਚਿ ਹੋਆ ਖਿੰਜੋਤਾੜਾ।

ਮਾਰਨ ਨੋ ਲੋਚੈ ਘਣਾ; ਕਢਿ ਨ ਹੰਘ ਹਥੁ ਉਘਾੜਾ।

ਸਤਿਗੁਰ ਮਨੂਆ ਰਾਖਿਆ; ਹੋਇ ਨ ਆਵੈ ਉਛੋਹਾੜਾ।

ਅਉਗੁਣੁ ਸਭ ਪਰਗਾਸਿਅਨੁ; ਰੋਜਗਾਰੁ ਹੈ ਏਹੁ ਅਸਾੜਾ।

ਘਰਿ ਵਿਚਿ ਪੁਛਣ ਘਲਿਆ; ਅੰਤਕਾਲ ਹੈ ਕੋਇ ਅਸਾੜਾ।

ਕੋੜਮੜਾ ਚਉਖੰਨੀਐ; ਕੋਇ ਨ ਬੇਲੀ ਕਰਦੇ ਝਾੜਾ।

ਸਚੁ ਦ੍ਰਿੜਾੑਇ ਉਧਾਰਿਅਨੁ; ਟਪਿ ਨਿਕਥਾ ਉਪਰ ਵਾੜਾ।

ਗੁਰਮੁਖਿ ਲੰਘੇ, ਪਾਪ ਪਹਾੜਾ।। {ਵਾਰ ੧੦ ਪਉੜੀ ੧੯}।

ਤੁਕ-ਅਰਥ ਵਾਰਤਾ: ਰਸਤੇ ਵਿੱਚ ਬੈਠਾ ਬਾਲਮੀਕ ਧਾੜਵੀ (ਆਉਂਦੇ ਜਾਂਦੇ) ਮਨੁੱਖਾਂ ਨੂੰ ਮਾਰ ਕੇ (ਧਨ ਪਦਾਰਥ ਖੋਹ ਲੈਂਦਾ ਸੀ)।

(ਇੱਕੇਰਾਂ) ਪੂਰੇ ਸਤਿਗੁਰੂ ਨਾਲ ਮੇਲ ਹੋ ਗਿਆ, (ਉਸ ਦੀ ਗਲਬਾਤ ਸੁਣ ਕੇ ਲੁੱਟਣ ਪੱਖੋਂ) ਮਨ ਵਿੱਚ ਖਿੱਚੋਤਾਣ ਸ਼ੁਰੂ ਹੋ ਗਈ। (ਭਾਵ, ਉਹ ਸੋਚੀਂ ਪੈ ਗਿਆ ਕਿ ਸਾਧੂ ਨੂੰ ਮਾਰਾਂ ਜਾਂ ਨਾ।)

(ਉਹ) ਮਾਰਨਾ ਬਹੁਤ ਚਾਹੇ, ਪਰ (ਫਿਰ ਵੀ) ਹੱਥ ਉਠਾਉਣ ਦੀ ਹਿੰਮਤ ਨਾ ਪਵੇ।

ਸਤਿਗੁਰੂ ਨੇ (ਗਲ਼ਬਾਤ ਰਾਹੀਂ ਬਾਲਮੀਕ ਦੇ) ਮਨ ਨੂੰ ਐਸਾ ਟਿਕਾਇਆ (ਕਿ ਸਹਿਜੇ ਸਹਿਜੇ ਉਹਦੇ ਅੰਦਰੋਂ ਹੁਣ ਮਰਾਨ ਦਾ ਉਤਸ਼ਾਹ ਜਨਕ ਫੁਰਨਾ ਵੀ ਨਾ ਉੱਠੇ।

(ਅਜਿਹਾ ਹੋਣ `ਤੇ ਉਸ ਨੇ ਸਾਧੂ ਸਾਹਮਣੇ ਆਪਣਾ ਸਾਰਾ) ਅਵਗੁਣ ਹੀ ਪ੍ਰਰਗਟ ਕਹਿ ਦਿੱਤਾ ਕਿ (ਮਹਾਰਾਜ! ਇਹ ਲੁੱਟਣਾ ਮਾਰਨਾ ਤਾਂ) ਸਾਡਾ ਰੋਜ਼ਗਾਰ ਹੈ। (ਭਾਵ, ਨਿੱਤ ਦਾ ਵਿਹਾਰ ਹੈ।

(ਸਾਧੂ ਨੇ) ਭੇਜਿਆ ਭਈ! ਘਰੋਂ ਪੁੱਛ ਕੇ ਆ (ਕਿ ਜਿਨ੍ਹਾਂ ਲਈ ਤੂੰ ਹਰ ਰੋਜ਼ ਇਤਨਾ ਜ਼ੁਲਮ ਕਰਦਾ ਹੈਂ, ਉਨ੍ਹਾਂ ਵਿੱਚੋਂ) ਅੰਤ ਨੂੰ ਤੇਰਾ ਕੋਈ (ਰਖਿਅਕ) ਵੀ ਹੋਊ। (ਜਦੋਂ ਤੈਨੂੰ ਆਪਣੇ ਮਾਲਕ ਪ੍ਰਭੂ ਅੱਗੇ ਜ਼ਿੰਦਗੀ ਦੇ ਕੰਮਾਂ ਦੇ ਲੇਖਾ ਦੇਣਾ ਪਊ)

(ਜਦ ਘਰ ਪੁੱਛਣ ਆਇਆ) ਸਾਰਾ ਕੋੜਮਾ ਵਾਰਨੇ ਜਾਣ ਵਾਲਾ ਸੀ (ਪ੍ਰੰਤੂ) ਅੰਤ ਨੂੰ ਬੇਲੀ ਹੋਣ ਦਾ ਕਿਸੇ ਨੇ ਜੁੰਮਾ ਨਾ ਲਿਆ।

(ਘਰਦਿਆਂ ਵੱਲੋਂ ਅਜਿਹੀ ਕੋਰੀ ਨਾਂਹ ਹੋਣ`ਤੇ ਜਦੋਂ ਮੁੜ ਸਤਿਗੁਰ ਸਾਧੂ) ਪਾਸ ਆਇਆ ਤਾਂ ਉਸਨੇ ਸੱਚੇ ਨਾਮ ਦਾ ਉਪਦੇਸ਼ ਦਿੱਤਾ, ਇਸੇ ਨਾਲ ਹੀ ਉਹ ‘ਟੱਪ ਨਿਕੱਥਾ, ਉਪਰ ਵਾੜਾ`। ਸੰਸਾਰਕ ਮੋਹ ਦੀ ਫਾਹੀ ਤੋਂ ਟੱਪ ਕੇ ਉੱਪਰ ਨੂੰ ਨਿਕਲ ਗਿਆ। (ਮਾਨੋ ਕਿ ਇੰਝ ਉਹ ਜੀਊਂਦਾ ਹੀ ਬੰਧਨ ਮੁਕਤ ਹੋ ਕੇ ਪਾਪਾਂ ਦਾ ਪਹਾੜ ਲੰਘ ਗਿਆ)।

(ਇਸ ਢੰਗ ਨਾਲ ਸਾਰੇ) ਗੁਰਮੁਖ ਵਿਅਕਤੀ ਪਾਪਾਂ ਦਾ ਪਹਾੜ ਲੰਘ ਗਏ। (ਭਾਵ, ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਵੀ ਗੁਰਮਤਿ ਅਨੁਸਾਰ ਜੀਊਣਾ ਸ਼ੁਰੂ ਕੀਤਾ, ਉਹੀ ਪਹਾੜ ਵਰਗੇ ਪਾਪਾਂ ਦੇ ਢੇਰ ਦੀ ਵੱਡੀ ਰੁਕਾਵਟ ਨੂੰ ਹਟਾ ਕੇ ਅਕਾਲਪੁਰਖ ਵਾਹਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਗਏ)।

ਸਤਿਕਾਰਯੋਗ ਗਿਆਨੀ ਹਜ਼ਾਰਾ ਸਿੰਘ ਜੀ ਨੇ ਉਪਰੋਕਤ ਕਿਸਮ ਦੇ ਅਰਥ ਕਰਨ ਉਪਰੰਤ ਸਾਰੀ ਵਾਰਤਾ ਦਾ ‘ਭਾਵ` ਇੰਝ ਲਿਖਿਆ ਹੈ: "ਏਸ ਕਥਾ ਵਿੱਚ ਗੁਰੂ ਦੀ ਵਡਿਆਈ ਹੈ। ਉਪਦੇਸ਼ ਹੈ ਕਿ ਪਾਪ ਕਰਨ ਵੇਲੇ ਜੀ (ਮਨ) ਸਦਾ ਸੋਚੇ ਕਿ ਜਿਨ੍ਹਾਂ ਦੀ ਖ਼ਾਤਰ ਮੈਂ ਪਾਪ ਕਰਦਾ ਹਾਂ, (ਉਨ੍ਹਾਂ ਚੋਂ) ਅੰਤਕਾਲ ਕੋਈ ਮੇਰਾ ਬੇਲੀ ਨਹੀਂ ਹੈ। ਤਾਂਤੇ ਪਾਪ ਦੀ ਉਪਜੀਵਕਾ ਕਦੇ ਨਾ ਕਰਾਂ। ਦੂਜੇ, ਸਤਿ ਮਾਰਗ ਤੇ ਪਾਉਣ ਵਾਲੇ (ਧਾਰਮਿਕ ਆਗੂ) ਜਗਿਆਸੂ ਨੂੰ ਸੱਚ ਸਿਖਾਲਣ, ਮੁਲਾਹਜ਼ਿਆਂ ਨਾਲ ਪਾਪ ਵਿੱਚ ਨਾ ਰਹਿਣ ਦੇਣ। " ਬਿਲਕੁਲ ਇਹੀ ਉਪਦੇਸ਼ ਮਿਲਦਾ ਹੈ ਭਗਤ ਕਬੀਰ ਸਾਹਿਬ ਜੀ ਦੇ ਗੁਰਬਾਣੀ ਵਿਚਲੇ ਹੇਠ ਲਿਖੇ ਸ਼ਬਦ ਵਿੱਚੋਂ। ਉਪਰੋਕਤ ਪਉੜੀ ਤਾਂ ਭਾਈ ਸਾਹਿਬ ਦੀ ਬਖਸ਼ੀ ਇੱਕ ਕੁੰਜੀ ਹੈ, ਬਾਣੀ ਦੇ ਸ਼ਾਬਦਿਕ ਰਹੱਸ ਨੂੰ ਖੋਲਣ ਦੀ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਵਿੱਚ ਭਾਵ-ਅਰਥਾਂ ਸਮੇਤ ਪੂਰਾ ਸ਼ਬਦ ਇਸ ਪ੍ਰਕਾਰ ਹੈ:

ਸੋਰਠਿ।। ਬਹੁ ਪਰਪੰਚ ਕਰਿ ਪਰ ਧਨੁ ਲਿਆਵੈ।। ਸੁਤ ਦਾਰਾ ਪਹਿ ਆਨਿ ਲੁਟਾਵੈ।। ੧।।

ਮਨ ਮੇਰੇ ਭੂਲੇ ਕਪਟੁ ਨ ਕੀਜੈ।। ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ।। ੧।। ਰਹਾਉ।।

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ।। ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ।। ੨।।

ਕਹਤੁ ਕਬੀਰੁ ਕੋਈ ਨਹੀ ਤੇਰਾ।। ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।। ੩।। {ਗੁ. ਗ੍ਰੰ. -ਪੰ. ੬੫੬}

ਅਰਥ : —ਹੇ ਮੇਰੇ ਭੁੱਲੇ ਹੋਏ ਮਨ ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ। ੧। ਰਹਾਉ।

ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ। ੧।

(ਵੇਖ, ਇਹਨਾਂ ਠੱਗੀਆਂ ਵਿੱਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿੱਚ ਪਾਣੀ ਵੀ ਨਹੀਂ ਪਾਣਾ। ੨।

(ਤੈਨੂੰ) ਕਬੀਰ ਆਖਦਾ ਹੈ— (ਹੇ ਜਿੰਦੇ !) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ। (ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿੱਚ ਨਹੀਂ ਸਿਮਰਦੀ ? । ੩। ੯।

ਸ਼ਬਦ ਦਾ ਭਾਵ : —ਵਿਹਾਰ-ਕਾਰ ਵਿੱਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿਕ ਲਈ ਮਨੁੱਖ ਠੱਗੀ-ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ। ੯।

ਭਾਈ ਗੁਰਦਾਸ ਜੀ ਦੀ ਰਚਿਤ ੨੩ਵੀਂ ਵਾਰ ੨੧ ਪਉੜੀਆਂ ਦੀ ਹੈ। ਇਹਦੇ ਵਿੱਚ ਵੀ ਪਹਿਲੀ ਵਾਰ ਵਾਂਗ ਹੀ ਇਤਿਹਾਸ, ਮਿਥਿਹਾਸ ਅਤੇ ਸ਼ਾਸ਼ਤਰਾਂ ਦੀ ਪਿੱਠਭੂਮੀ `ਤੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕੀਤੀ ਗਈ ਹੈ। ਛੇ ਸਿੱਖ ਗੁਰੂ ਸਾਹਿਬਾਨ ਨੂੰ ਇੱਕ-ਜੋਤਿ ਦਰਸਾਉਂਦਿਆਂ ਉਨ੍ਹਾਂ ਦੇ ਵਿਅਕਤਿਤਵ`ਤੇ ਵਿਸਥਾਰਤ ਚਾਨਣਾ ਪਾਇਆ ਹੈ। ਗੁਰਮੁਖ ਗੁਰਸਿੱਖ ਨੂੰ ਸਭ ਰਿਸ਼ੀਆਂ ਮੁਨੀਆਂ ਤੋਂ ਉੱਚਾ ਸਿੱਧ ਕੀਤਾ ਹੈ। ਸਮਝਾਇਆ ਹੈ ਕਿ ਧ੍ਰੂ, ਤੇ ਪ੍ਰਹਿਲਾਦ ਵਰਗੇ ਰਾਜਕੁਮਾਰ ਅਤੇ ਅੰਬਰੀਕ ਤੇ ਬਲਿ ਵਰਗੇ ਪ੍ਰਤਾਪੀ ਰਾਜੇ ਗੁਰੂ ਦੇ ਸਨਮੁਖ ਹੁੰਦਿਆਂ ਜੇ ਰਾਜ-ਮੱਦ ਤਿਆਗ ਦੇਣ, ਉਹ ਭਗਤਾਂ ਦੀ ਕੋਟੀ ਵਿੱਚ ਗਿਣੇ ਜਾਂਦੇ ਹਨ। ਜੈਦੇਉ (ਜੈਦੇਵ) ਵਰਗੇ ਰਾਜ-ਦਰਬਾਰੀ ਗਾਇਕ ਤੇ ਤ੍ਰਿਲੋਚਨ ਵਰਗੇ ਵਰਗੈ ਵੈਸ਼ ਉੱਚ-ਜਾਤੀ ਦੀ ਆਕੜ (ਹਉਮੈ) ਛੱਡ ਦੇਣ ਤਾਂ ਉਹ ਵੀ ਗੁਰੂ ਨਾਨਕ ਦੀ ਗਲਵਕੜੀ ਵਿੱਚ ਬਰਾਬਰ ਬੈਠ ਸਕਦੇ ਹਨ। ਇਸੇ ਤਰ੍ਹਾਂ ਬਾਲਮੀਕ, ਬੇਣੀ, ਨਾਮਦੇਉ, ਧੰਨਾ ਤੇ ਸਧਨਾ ਵਰਗੇ ਗ਼ਰੀਬ ਲੋਕ, ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦ ਸ਼ੂਦ ਕਹਿ ਕੇ ਦੁਰਕਾਰਦਾ ਰਿਹਾ ਹੈ, ਉਹ ਵੀ ਰੱਬੀ ਭਗਤੀ ਦੇ ਸਿਖਰਾਂ ਨੂੰ ਛੋਹ ਸਕਦੇ ਹਨ।

ਇਹ ਕੋਈ ਰੱਬੀ ਨੀਯਮ ਨਹੀਂ ਕਿ ਕੇਵਲ ਬ੍ਰਾਹਮਣ ਹੀ ਭਗਤੀ ਕਰ ਸਕਦਾ ਹੈ। ਕਿਉਂਕਿ, ਰੱਬ ਕਿਸੇ ਦੀ ਜੱਦੀ ਵਿਰਾਸਤ ਨਹੀਂ ਹੈ। ਉਸ ਵਿੱਚ ਤੇ ਮਨੁੱਖ ਵਿੱਚ ਦੀਵਾਰ ਕੇਵਲ ਅਗਿਆਨਤਾ ਭਰਪੂਰ ਹਉਮੈ ਦੀ ਹੈ, ਕਿਸੇ ਜਾਤ-ਪਾਤ ਦੀ ਨਹੀਂ। ਬੱਸ! ਸੂਰਜ ਵਾਂਗ ਸਿਰਮੌਰ ਤੇ ਸਾਂਝਾ ਇੱਕੋ ਰੱਬੀ ਨੀਯਮ ਹੈ- "ਹਉਮੈ ਮਾਰੀ, ਪ੍ਰਗਟੀ ਆਏ।। " ਸੰਬੰਧਿਤ ਪਉੜੀ ਦਾ ਪੂਰਾ ਪਾਠ ਇਸ ਪ੍ਰਕਾਰ ਹੈ:

ਗੁਰਮੁਖਿ ਸੁਖ ਫਲੁ ਪਾਇਆ; ਸਾਧਸੰਗਤਿ ਗੁਰਸਰਣੀ ਆਏ।

ਧ੍ਰੂ, ਪ੍ਰਹਿਲਾਦੁ, ਵਖਾਣੀਅਨਿ; ਅੰਬਰੀਕੁ ਬਲਿ ਭਗਤਿ ਸਬਾਏ।

ਸਨਕਾਦਿਕ, ਜੈਦੇਉ, ਜਗਿ; ਬਾਲਮੀਕੁ ਸਤਿਸੰਗ ਤਰਾਏ।

ਬੇਣੁ, ਤਿਲੋਚਨੁ, ਨਾਮਦੇਉ; ਧੰਨਾ, ਸਧਨਾ ਭਗਤ ਸਦਾਏ।

ਭਗਤੁ ਕਬੀਰ ਵਖਾਣੀਐ; ਜਨ ਰਵਿਦਾਸੁ, ਬਿਦਰ ਗੁਰੁ ਭਾਏ।

ਜਾਤਿ ਅਜਾਤਿ ਸਨਾਤਿ ਵਿਚਿ; ਗੁਰਮੁਖਿ ਚਰਣ ਕਵਲ ਚਿਤੁ ਲਾਏ।

ਹਉਮੈ ਮਾਰੀ, ਪ੍ਰਗਟੀ ਆਏ।। (ਵਾਰ ੨੩, ਪਉੜੀ ੧੫)

ਸਤਿਕਾਰਯੋਗ ਗਿਆਨੀ ਹਜ਼ਾਰਾ ਸਿੰਘ ਜੀ ਨੇ ਉਪਰੋਕਤ ਪਉੜੀ ਦਾ ਭਾਵ ਇੰਞ ਪਰਗਟ ਕੀਤਾ ਹੈ – "ਗ੍ਰੰਥਾਂ ਵਿੱਚ ਪਰਗਟ ਤੇ ਲੋਕ ਪ੍ਰਸਿਧ ਭਗਤਾਂ ਦੇ ਸੰਖੇਪ ਨਾਮ ਗਿਣੇ ਹਨ, ਜਿਨ੍ਹਾਂ ਨੇ ਹਉਮੈ ਰੋਗ ਤੋਂ ਛੁੱਟਕੇ ਸੁਖ ਪਾਯਾ। ਇਹ ਪ੍ਰਤੱਖ ਦ੍ਰਿਸ਼ਟਾਂਤ ਲਈ ਵਰਨਣ ਕੀਤੇ ਹਨ"। ‘ਹਉਮੈ ਮਾਰੀ, ਪ੍ਰਗਟੀ ਆਏ।। ` (ਹਉਮੈ ਮਾਰੀ, ਪਰਗਟ ਹੋਏ) ਦੀ ਸਿਧਾਂਤਕ ਤੁਕ ਵੀ ਬਿਲਕੁਲ ਟੀਕਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਸੂਤਰ-ਵੱਤ ਸਿਧਾਂਤਕ ਗੁਰਵਾਕਾਂ ਦਾ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਕੁੰਜੀ ਹਨ ਗੁਰਬਾਣੀ ਦੇ ਰੂਹਾਨੀ ਭੰਡਾਰ ਦੀ:

  1. ਹਉਮੈ ਮਾਰੇ ਤਾ ਦਰੁ ਸੂਝੈ।। {ਗੁ. ਗ੍ਰੰ. -ਪੰ. ੮੪੨}
  2. ਹਉਮੈ ਮਾਰੇ, ਗੁਰ ਸਬਦੇ ਪਾਏ।। {ਪੰਨਾ-੨੨੮}
  3. ਹਉਮੈ ਜਾਈ ਤਾ ਕੰਤ ਸਮਾਈ।। {ਪੰਨਾ-੭੫੦}
  4. ਹਉਮੈ ਬੂਝੈ ਤਾ ਦਰੁ ਸੂਝੈ।। {ਪੰਨਾ-੪੬੬}

ਭਾਈ ਸਾਹਿਬ ਜੀ ਦੇ ਦ੍ਰਿਸ਼ਟੀਕੋਨ ਤੋਂ ੨੩ਵੀਂ ਪਉੜੀ ਦੀ ਭਗਤ-ਰਤਨਾਵਲੀ ਵਿੱਚ ਹੇਠ ਲਿਖੇ ਤਿੰਨ ਮਹਤਵ ਪੂਰਨ ਨਤੀਜੇ ਬੜੇ ਉਘੜਵੇਂ ਤੌਰ `ਤੇ ਪ੍ਰਗਟ ਹੁੰਦੇ ਹਨ।

ਪਹਿਲਾ ਹੈ ਕਿ ਭਗਤ ਬਾਲਮੀਕ ਜੀ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਭਗਤਾਂ ਦੀ ਕੋਟੀ ਵਿੱਚ ਰੱਖ ਕੇ ਗਿਣਦੇ ਹਨ।

ਦੂਜਾ: ਜਦੋਂ ਉਹ ਕਥਿਤ ਨੀਵੀ ਜਾਤੀ ਦੇ ਭਗਤਾਂ ਦਾ ਵਰਨਣ ਸ਼ੁਰੂ ਕਰਦੇ ਹਨ, ਤਾਂ ‘ਬਾਲਮੀਕ` ਜੀ ਦਾ ਨਾਂ ਸਭ ਤੋਂ ਪਹਿਲਾਂ ਲਿਖਦੇ ਹਨ।

ਤੀਜਾ: ਭਗਤ ਬੇਣੀ (ਨਾਈ) ਤੇ ਬਾਲਮੀਕ (ਚੂੜ੍ਹਾ/ਚੰਡਾਲ) ਨੂੰ ਜੈਦੇਉ (ਬ੍ਰਾਹਮਣ) ਤੇ ਤ੍ਰਿਲੋਚਨ (ਵੈਸ਼) ਦੇ ਵਿਚਕਾਰ ਰੱਖ ਕੇ ਅਜਿਹਾ ਸੰਦੇਸ਼ ਦੇਣ ਦਾ ਵੀ ਯਤਨ ਕੀਤਾ ਹੈ ਕਿ ਗੁਰਮਤਿ ਦ੍ਰਿਸ਼ਟੀਕੋਨ ਤੋਂ ਉਹ ਵੀ ਕਥਿਤ ਬ੍ਰਾਹਮਣਾਂ ਤੇ ਵੈਸ਼ਾਂ ਵਾਂਗ ਹੀ ਉੱਚ-ਸ਼੍ਰੇਣੀ ਦੇ ਹਨ, ਘਟ ਨਹੀਂ। ਭਗਤ ਜੈਦੇਉ ਤੇ ਤ੍ਰਿਲੋਚਨ ਜੀ ਵਾਂਗ ਉਹੀ ਅਸਲੀ ਬ੍ਰਾਹਮਣ ਹਨ। ਨੀਚ ਤਾਂ ਕੇਵਲ ਉਹੀ ਹਨ, ਜੋ ਖ਼ਸਮ ਪ੍ਰਭੂ ਨੂੰ ਭੁੱਲੇ ਹੋਏ ਹਨ। ਇਸ ਪੱਖੋਂ "ਖਸਮੁ ਵਿਸਾਰਹਿ, ਤੇ ਕਮਜਾਤਿ।। ਨਾਨਕ! ਨਾਵੈ ਬਾਝੁ, ਸਨਾਤਿ।। {ਗੁ. ਗ੍ਰੰ. -ਪੰ. ੧੦} ਗੁਰੂ ਨਾਨਕ ਵਾਕ ਤਾਂ ਭਾਵੇਂ ਕੋਈ ਭੁਲੇਖਾ ਨਹੀਂ ਰਹਿਣ ਦਿੰਦਾ। ਪ੍ਰੰਤੂ ਭਾਈ ਸਾਹਿਬ ਜੀ ਨੇ ਉਹੀ ਸਿਧਾਂਤ ਸਮਾਜਿਕ ਦ੍ਰਿਸ਼ਟੀਕੋਨ ਤੋਂ ਪ੍ਰਗਟ ਕੀਤਾ ਹੈ। ਉਹ ਆਖਦੇ ਹਨ ਕਿ ਜਿਹੜਾ ਪੁੱਤ ਮਾਪਿਆਂ ਨੂੰ ਨਾ ਮੰਨੇ, ਉਸ ਨੂੰ ਕਥਿਤ ਨੀਵੀਆਂ ਜਾਤਾਂ ਦਾ ਹੀ ਗਿਣਿਆ ਜਾਣਾ ਚਾਹੀਦਾ ਹੈ। "ਪੁਤੁ ਨ ਮੰਨੈ ਮਾਪਿਆਂ, ਕਮਜਾਤੀਂ ਵੜੀਐ"। {ਵਾਰ ੩੪, ਪਉੜੀ ੨੧} ਕਿਉਂਕਿ, ਮੂਲ ਰੂਪ ਵਿੱਚ ਤਾਂ ਸਾਡਾ ਮਾਂ ਪਿਉ ਪ੍ਰਭੂ ਅਕਾਲਪੁਰਖ ਹੈ। "ਤੂੰ ਮੇਰਾ ਪਿਤਾ, ਤੂੰਹੈ ਮੇਰਾ ਮਾਤਾ।। " {ਪੰ. ੧੦੩} ਗੁਰਵਾਕ ਇਹੀ ਉਪਦੇਸ਼ ਦ੍ਰਿੜ ਕਰਵਾਉਂਦਾ ਹੈ।

੨੫ਵੀਂ ਵਾਰ ਦੀਆਂ ੨੦ ਪਉੜੀਆਂ ਹਨ। ਪਹਿਲੀ ਪਉੜੀ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੰਗਲ ਕਰਨ ਉਪਰੰਤ ਗੁਰਮੁਖ ਦੇ ਜੀਵਨ ਮਾਰਗ ਦੀ ਨਿਸ਼ਾਨਦੇਈ ਕੀਤੀ ਗਈ ਹੈ। ਇਹ ਵੀ ਦੱਸਿਆ ਹੈ ਕਿ ਸ੍ਰੀ ਕ੍ਰਿਸ਼ਨ ਨੂੰ ੧੨ ਸਾਲ ਪਾਲ਼ਿਆ ਨੰਦ ਗੋਪ ਦੀ ਗੁਆਲਣ ਜਸ਼ੋਧਾਂ ਨੇ, ਪਰ ਫਿਰ ਵੀ ਉਹ ਨੀਵੀਂ ਜਾਤਿ ਦਾ ਅਹੀਰ ਨਾ ਸਦਾਇਆ। ਵਾਸਦੇਵ ਦੀ ਕੁਲ ਦਾ ਕੰਵਲ ਹੀ ਮੰਨਿਆ ਗਿਆ। ਤੇਈਵੀਂ ਵਾਰ ਵਾਂਗ ਇਸ ਵਿੱਚ ਵੀ ਰਾਜਾ ਬਲਿ, ਸੁਕਦੇਵ ਆਦਿਕ ਦੇ ਟਾਕਰੇ `ਤੇ ਭਗਤ ਕਬੀਰ, ਨਾਮਦੇਵ, ਧੰਨਾ ਅਤੇ ਰਵਿਦਾਸ ਜੀ ਦੇ ਹਵਾਲੇ ਨਾਲ ਸਿੱਧ ਕੀਤਾ ਹੈ ਕਿ ਭਗਤੀ ਦੀ ਸਫਲਤਾ ਦਾ ਅਧਾਰ ਵਿਅਕਤੀ ਦੇ ਗੁਣ, ਕਰਮ ਤੇ ਸੁਭਾ ਬਣਦੇ ਹਨ; ਕੋਈ ਜਾਤ-ਪਾਤ ਨਹੀਂ। ਪਰ, ਕਮਾਲ ਦੀ ਕਾਵਿਕ ਦੂਰ-ਦ੍ਰਿਸ਼ਟੀ ਹੈ ਕਿ ਭਗਤ ਬਾਲਮੀਕ ਤੇ ਰਿਸ਼ੀ ਬਾਲਮੀਕ ਦੇ ਨਾਵਾਂ ਦੇ ਭੁਲੇਖੇ ਤੋਂ ਬਚਾਉਣ ਲਈ ਉਪਰੋਕਤ ਦਲਿਤ ਭਗਤਾਂ ਦੀ ਲਿਸ਼ਟ ਵਿੱਚ ਚੰਡਾਲ ਮੰਨੇ ਜਾਂਦੇ ਬਾਲਮੀਕ ‘ਬਟਵਾਰੇ` ਦਾ ਇਥੇ ਉਹ ਹਵਾਲਾ ਹੀ ਨਹੀਂ ਦਿੰਦੇ। ਕਿਉਂਕਿ, ਇਥੇ ਉਨ੍ਹਾਂ ਰਿਸ਼ੀ ਬਿਆਸ ਦੇ ਨਾਲ ਰਿਸ਼ੀ ਬਾਲਮੀਕ (ਵਾਲਮੀਕ) ਦੀ ਮਿਸਾਲ ਵੀ ਦੇਣੀ ਸੀ। ਸਮਝਾਉਣਾ ਸੀ ਕਿ ਆਤਮਕ-ਸ਼ਾਂਤੀ ਗੁਰੂ ਦੇ ਸਨਮੁਖ ਨਮਰ ਹੋਇਆਂ ਮਿਲਦੀ ਹੈ, ਬਹੁਤੀ ਵਿਦਿਆ ਪੜ੍ਹਣ ਨਾਲ ਨਹੀਂ। ਸੰਬੰਧਿਤ ਪਉੜੀ ਇਸ ਪ੍ਰਕਾਰ ਹੈ:

ਸੂਰਜ ਪਾਸਿ ਬਿਆਸੁ ਜਾਇ; ਹੋਇ ਭੁਣਹਣਾ ਕੰਨਿ ਸਮਾਣਾ।

ਪੜ੍ਹਿ ਵਿਦਿਆ ਘਰਿ ਆਇਆ; ਗੁਰਮੁਖਿ ਬਾਲਮੀਕ ਮਨਿ ਭਾਣਾ।

ਆਦਿ ਬਿਆਸ ਵਖਾਣੀਐ; ਕਥਿ ਕਥਿ ਸਾਸਤ੍ਰ ਵੇਦ ਪੁਰਾਣਾ।

ਨਾਰਦਿ ਮੁਨਿ ਉਪਦੇਸਿਆ; ਭਗਤਿ ਭਾਗਵਤੁ ਪੜ੍ਹਿ ਪਤੀਆਣਾ।

ਚਉਦਹ ਵਿਦਿਆ ਸੋਧਿਕੈ; ਪਰਉਪਕਾਰੁ ਅਚਾਰੁ ਸੁਖਾਣਾ।

ਪਰਉਪਕਾਰੀ ਸਾਧਸੰਗੁ; ਪਤਿਤ ਉਧਾਰਣੁ ਬਿਰਦੁ ਵਖਾਣਾ।

ਗੁਰਮੁਖਿ ਸੁਖ ਫਲੁ, ਪਤਿ ਪਰਵਾਣਾ।। ੯।।

ਭਾਈ ਗੁਰਦਾਸ ਜੀ {ਵਾਰ ੨੫ ਪਉੜੀ ੯}

ਇਥੇ ਵੀ ਵਿਚਾਰਨਯੋਗ ਨੁਕਤਾ ਹੈ ਕਿ ਭਾਈ ਸਾਹਿਬ ਜਦੋਂ ੧੦ਵੀਂ ਵਾਰ ਵਿੱਚ ਭਗਤ ਸ੍ਰੀ ਕਬੀਰ, ਸ੍ਰੀ ਨਾਮਦੇਵ, ਅਤੇ ਸ੍ਰੀ ਰਵਿਦਾਸ ਜੀ ਆਦਿਕ ਦਲਿਤ ਪਿਛੋਕੜ ਦੇ ਗੁਰਮੁਖ ਭਗਤ-ਜਨਾਂ ਦਾ ਲੜੀਵਾਰ ਵਰਨਣ ਕਰਦੇ ਹਨ ਤਾਂ ਉਥੇ ਉਹ "ਗੁਰਮੁਖਿ ਲੰਘੇ, ਪਾਪ ਪਹਾੜਾ।। " ਦੀ ਗੁਰਮਤੀ ਸੱਚਾਈ ਪ੍ਰਗਟਾਉਣ ਲਈ ਭਗਤ ਬਾਲਮੀਕ ‘ਬਟਵਾੜੇ` ਦੀ ਪ੍ਰਚਲਿਤ ਕਥਾ ਦਾ ਵਿਸਥਾਰਕ ਹਵਾਲਾ ਦਿੰਦੇ ਹਨ। ਪ੍ਰੰਤੂ, ਜਦ ਉਹ ੨੫ਵੀਂ ਵਾਰ ਵਿੱਚ "ਗੁਰਮੁਖਿ ਸੁਖ ਫਲੁ, ਪਤਿ ਪਰਵਾਣਾ।। " ਦਾ ਪੱਖ ਪ੍ਰਗਟਾਉਂਦੇ ਹਨ ਤਾਂ ਉਥੇ ਉਹ ਬ੍ਰਾਹਮਣ ਰਿਸ਼ੀਆਂ ਦੇ ਸੰਕੁਚਵੇਂ ਹਵਾਲੇ ਹੀ ਵਰਤਦੇ ਹਨ। ਦਸਦੇ ਹਨ ਕਿ ਆਤਮਿਕ ਸ਼ਾਂਤੀ ਗੁਰੂ ਦੇ ਮਨ ਨੂੰ ਭਾ ਕੇ ਹੀ ਮਿਲਦੀ ਹੈ, ਨਾ ਕਿ ਬਹੁਤੀ ਵਿਦਿਆ ਪੜ੍ਹਿਆਂ। ਇਨ੍ਹਾਂ ਵਿੱਚੋਂ ਇੱਕ ਵਿਦਵਾਨ ਹੈ ‘ਮਹਾਂਭਾਰਤ` ਦਾ ਕਰਤਾ ਤੇ ਵੇਦਾਂ ਦਾ ਵਿਆਖਿਆਕਾਰ ਰਿਸ਼ੀ ਬਿਆਸ (ਵਿਆਸ)। ਅਤੇ ਦੂਜਾ ਹੈ ‘ਸ਼੍ਰੀ ਮਦ ਰਾਮਾਇਣ` ਦਾ ਕਰਤਾ ਆਦਿ-ਕਵੀ ਰਿਸ਼ੀ ਬਾਲਮੀਕ (ਵਾਲਮੀਕ)। ਸੰਬੰਧਿਤ ਪਉੜੀ ਵਿੱਚ ਸਪਸ਼ਟ ਲਿਖਿਆ ਹੈ ਕਿ ਦੋਵੇਂ ਰਿਸ਼ੀ ਵੇਦ, ਸ਼ਾਸ਼ਤਰ ਤੇ ਭਾਗਵਤ ਪੁਰਾਣ ਆਦਿਕ ਚੌਦਾਂ (੧੪) ਪ੍ਰਕਾਰ ਦੀ ਵਿਦਿਆ ਪੜ੍ਹੇ ਹੋਏ ਸਨ।

‘ਪੜ੍ਹਿ ਵਿਦਿਆ ਘਰਿ ਆਇਆ; ਗੁਰਮੁਖਿ ਬਾਲਮੀਕ ਮਨਿ ਭਾਣਾ` ਤੁਕ ਦਾ ਭਾਵਾਰਥ ਇਹ ਨਹੀਂ ਕਿ ਭਾਈ ਸਾਹਿਬ ਜੀ ਨੇ ਰਿਸ਼ੀ ਬਾਲਮੀਕ ਨੂੰ ਕਬੀਰ ਤੇ ਜੈਦੇਉ ਵਰਗੇ ਗੁਰਮੁਖ ਭਗਤਾਂ ਦੀ ਪਦਵੀ ਬਖ਼ਸ਼ ਦਿੱਤੀ ਹੈ। ਨਹੀਂ! ਨਹੀਂ! ਇਸ ਦਾ ਅਰਥ ਕੇਵਲ ਇਤਨਾ ਹੈ ਕਿ ਉਹ ਆਪਣੇ ਵਿਦਿਆ ਗੁਰੂ (ਰਿਸ਼ੀ ਭਰਦ੍ਵਾਜ) ਦੇ ਮਨ ਨੂੰ ਭਾ ਗਿਆ; ਕਿਉਂਕਿ, ਵਿਦਿਆ ਪੜ੍ਹਣ ਵੇਲੇ ਅਤਿ ਨਿਮਰਤਾ ਵਿੱਚ ਰਿਹਾ। ਜਿਵੇਂ ਰਿਸ਼ੀ ਬਿਆਸ ਸੂਰਜ (ਮੁਨੀ) ਪਾਸੋਂ ਵਿਦਿਆ ਗ੍ਰਹਿਣ ਕਰਨ ਲਈ ਉਸ ਦੇ ਉੱਚਸ਼੍ਰਵ ਘੋੜੇ ਦੇ ਕੰਨ ਵਿੱਚ ਇੱਕ ਛੋਟਾ ਜਿਹਾ ਕੀੜਾ ਬਣ ਕੇ ਹੀ ਬੈਠਾ ਰਿਹਾ। ਕਹਿਣ ਤੋਂ ਭਾਵ ਹੈ ਕਿ ਉਹ ਆਪਣੇ ਗੁਰੂ ਦੇ ਸਨਮੁਖ ਆਪਾ ਭਾਵ ਗਵਾ ਕੇ ਪੜ੍ਹਿਆ। ਸੁਣਿਆ ਜਾਂਦਾ ਹੈ ਕਿ ਇਥੋਂ ਹੀ ਬਣੀ ਸੀ ਕਹਾਵਤ ਕਿ ਉਹ ਤਾਂ ਹੁਣ ‘ਕੰਨੇ ਪਾਇਆ ਨਹੀਂ ਰੜਕਦਾ`।

ਮੰਨਿਆ ਜਾਂਦਾ ਹੈ ਕਿ ਰਿਸ਼ੀ ਬਿਆਸ ਤੇ ਬਾਲਮੀਕ (ਵਾਲਮੀਕ) ਨੇ ਵਿਦਿਆ ਪ੍ਰਾਪਤੀ ਉਪਰੰਤ ਅਧਿਆਤਮਿਕ ਸਾਧਨਾ ਦਾ ਉਪਦੇਸ਼ (ਗੁਰਮੰਤ੍ਰ ਦੀ ਦੀਖਿਆ) ਨਾਰਦ ਮੁਨੀ ਪਾਸੋਂ ਹੀ ਲਿਆ ਸੀ। ਇਹੀ ਕਾਰਣ ਹੈ ਕਿ ਭਾਈ ਸਾਹਿਬ ਜੀ ਨੇ ਉਪਰੋਕਤ ਪਉੜੀ ਵਿੱਚ ਦੋਵਾਂ ਦੀ ਪੌਰਾਣਿਕ ਉਦਾਹਰਣ ਸਮਿੱਲਤ ਰੂਪ ਵਿੱਚ ਹੀ ਵਰਨਣ ਕੀਤੀ ਹੈ। ਭਾਵੇਂ ਕਿ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ‘ਨਾਰਦ` ਬੜਾ ਅਹੰਕਾਰੀ, ਧੀਰਜ-ਹੀਣ, ਚੁੱਗਲਖੋਰ, ਨਿਆਣਿਆਂ ਵਾਂਗ ਚੰਚਲ ਬਿਰਤੀ ਦਾ ਮਾਲਕ ਤੇ ਅਤਿ ਦਰਜੇ ਦਾ ਕ੍ਰੋਧੀ ਸੀ। ਕਿਉਂਕਿ, ਉਹ ਮੁਨੀ ਅਖਵਾਉਂਦਾ ਹੋਇਆ ਲੋਕਾਂ ਨੂੰ ਛੋਟੀਆਂ ਛੋਟੀਆਂ ਗੱਲਾਂ `ਤੇ ਗੁੱਸੇ ਹੋ ਕੇ ਸਰਾਪ ਦਿੰਦਾ ਰਿਹਾ। ਸਰਬ ਵਿਆਪਕ ਅਕਾਲਪੁਰਖ ਦਾ ਭਗਤ ਹੋਣ ਦੀ ਥਾਂ ਸ਼ਿਵ-ਸ਼ਕਤੀ ਦੇ ਤ੍ਰੈਗੁਣੀ ਚੱਕਰ ਵਿੱਚ ਹੀ ਫਸਿਆ ਰਿਹਾ। ਚੁਗਲ ਖੋਰੀ ਵਿੱਚ ਇਤਨਾ ਪ੍ਰਸਿੱਧ ਹੋਇਆ ਹੈ ਕਿ ਲੋਕਾਂ ਦੀ ਆਮ ਬੋਲ-ਚਾਲ ਵਿੱਚ ਵੀ ਚੁੱਗਲ ਲਈ ‘ਨਾਰਦ ਮੁਨੀ` ਨਾਂ, ਇੱਕ ਮੁਹਾਵਰੇ ਵਜੋਂ ਵਰਤਿਆ ਜਾਣ ਲੱਗਾ। ਭਾਈ ਜੀ ਨੇ ੧੨ਵੀਂ ਵਾਰ ਦੀ ੧੧ਵੀਂ ਪਉੜੀ ਵਿੱਚ ਨਾਰਦ ਮੁਨੀ ਦੇ ਸ਼ਖ਼ਸੀ ਦਰਸ਼ਨ ਇਉਂ ਕਰਵਾਏ ਹਨ:

ਨਾਰਦੁ ਮੁਨੀ ਅਖਾਇਦਾ; ਆਗਮੁ ਜਾਣਿ ਨ ਧੀਰਜੁ ਆਣੈ।

ਸੁਣਿ ਸੁਣਿ ਮਸਲਤਿ ਮਜਲਸੈ; ਕਰਿ ਕਰਿ ਚੁਗਲੀ ਆਖਿ ਵਖਾਣੈ।

ਬਾਲ ਬੁਧਿ ਸਨਕਾਦਿਕਾ; ਬਾਲ ਸੁਭਾਇ ਨਵਿਰਤੀ ਹਾਣੈ।

ਜਾਇ ਬੈਕੁੰਠਿ ਕਰੋਧੁ ਕਰਿ; ਦੇਇ ਸਰਾਪੁ ਜੈ ਬਿਜੈ ਧਿਙਾਣੈ।

ਅਹੰਮੇਉ ਸੁਕਦੇਉ ਕਰ; ਗਰਭ ਵਾਸਿ ਹਉਮੈ ਹੈਰਾਣੈ।

ਚੰਦੁ ਸੂਰਜੁ ਅਉਲੰਗ ਭਰੈ; ਉਦੈ ਅਸਤ ਵਿਚਿ ਆਵਣ ਜਾਣੈ।

ਸਿਵ ਸਕਤੀ ਵਿਚਿ ਗਰਬੁ ਗੁਮਾਣੈ।।

ਅਜਿਹੇ ਮੁਨੀ ਗੁਰੂ ਪਾਸੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਸ ਦੀ ਸਿਖਿਆ ਤੇ ਸੰਗਤ ਦੁਆਰਾ ਰਿਸ਼ੀ ਵਾਲਮੀਕ ਜਾਂ ਬਿਆਸ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋਈ ਹੋਵੇਗੀ। ਗੁਰਬਾਣੀ ਵਿੱਚ ਧੁਰ ਦਾ ਫੈਸਲਾ ਹੈ:

ਗੁਰੂ, ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ।।

ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ।।

ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ।।

ਓਇ ਆਪਿ ਡੁਬੇ ਪਰ ਨਿੰਦਕਾ; ਸਗਲੇ ਕੁਲ ਡੋਬੇਨਿ।।

ਨਾਨਕ! ਜਿਤੁ ਓਇ ਲਾਏ, ਤਿਤੁ ਲਗੇ; ਉਇ ਬਪੁੜੇ ਕਿਆ ਕਰੇਨਿ।। {ਗੁ. ਗ੍ਰੰ. -ਪੰ. ੯੫੧}

ਭਾਈ ਗੁਰਦਾਸ ਜੀ ਦੇ ਨਾਰਦ ਮੁਨੀ ਬਾਰੇ ਉਪਰੋਕਤ ਵਿਚਾਰ ਪੜ੍ਹ ਕੇ ਹੇਠ ਲਿਖੇ ਸੁਆਲ ਸੁਭਾਵਿਕ ਹੀ ਖੜ੍ਹੇ ਹੁੰਦੇ ਹਨ:

ਪਹਿਲਾ: ਕੀ ਅਜਿਹੇ ਕਿਸੇ ਵਿਅਕਤੀ ਨੂੰ ਭਾਈ ਸਾਹਿਬ ਜੀ ‘ਪੂਰਾ ਸਤਿਗੁਰੂ` ਦਾ ਦਰਜਾ ਦੇ ਸਕਦੇ ਹਨ? ਜਿਵੇਂ ਕਈ ਲੇਖਕ ਤੇ ਪ੍ਰਚਾਰਕ ਸੱਜਣ "ਵਾਟੈ ਮਾਣਸ ਮਾਰਦਾ; ਬੈਠਾ ਬਾਲਮੀਕੁ ਬਟਵਾੜਾ। ਪੂਰਾ ਸਤਿਗੁਰੁ ਭੇਟਿਆ; ਮਨ ਵਿਚਿ ਹੋਆ ਖਿੰਜੋਤਾੜਾ। ਤੁਕਾਂ ਨੂੰ ਅਧਾਰ ਬਣਾ ਕੇ ਪ੍ਰਚਾਰਦੇ ਹਨ ਕਿ ਬਾਲਮੀਕ ਬਟਵਾੜੇ ਨੂੰ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਤੇ ਉਹ ਡਾਕੂ ਸਮਾਧੀ ਸਥਿਤ ਹੋ ਕੇ ਬਾਲਮੀਕ (ਵਾਲਮੀਕ) ਬਣ ਗਿਆ।

ਦੂਜਾ: ਕੀ ਬ੍ਰਹਮਾ ਦਾ ਪੁੱਤ ਮੰਨਿਆ ਜਾਣ ਵਾਲਾ ਉਪਰੋਕਤ ਕਿਸਮ ਦਾ ਬ੍ਰਾਹਮਣ ਰਿਸ਼ੀ ਨਾਰਦ ਇਤਨਾ ਹਮਦਰਦ ਤੇ ਸਮਦ੍ਰਿਸ਼ਟ ਮੰਨਿਆ ਜਾ ਸਕਦਾ ਹੈ ਕਿ ਉਹ ਬਾਲਮੀਕ ਵਰਗੇ ਕਿਸੇ ਕਥਿਤ ਚੰਡਾਲ ਨੂੰ ਬ੍ਰਹਮ ਵਿਦਿਆ ਅਥਵਾ ਗੁਰੂ ਦੀਖਿਆ ਦੇ ਸਕੇ? ਹਾਂ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਨਾਰਦ ਵਰਗੇ ਆਰੀਅਨ ਲੋਕਾਂ ਦੇ ਸਤਾਏ ਕੌਡੇ ਭੀਲ ਦੇ, ਜਿਵੇਂ ਕਾਬੂ ਆ ਗਿਆ ਸੀ ਗੁਰੂ ਨਾਨਕ ਦਾ ਰਬਾਬੀ ਸਾਥੀ ਭਾਈ ਮਰਦਾਨਾ; ਤਿਵੇਂ ਕਿਤੇ ‘ਭੀਲ ਬਾਲਮੀਕ` ਦੇ ਅੜਿੱਕੇ ਚੜ੍ਹ ਗਿਆ ਹੋਵੇ ਨਾਰਦ ਮੁਨੀ। ਇਸ ਤੋਂ ਵੱਧ ਕੁੱਝ ਨਹੀਂ। ਬਾਕੀ ਸਾਰੀ ਕਹਾਣੀ ਤਾਂ ਕਮਾਲ ਹੈ ਬ੍ਰਾਹਮਣ ਦੀ ਲਿਖਣ ਕਲਾ ਦਾ; ਜਿਸ ਨੂੰ ਸਮਝਦਿਆਂ ਹੀ ਗੁਰੂ ਨਾਨਕ ਨੇ ਕਦੇ ਆਖਿਆ ਸੀ ਕਿ ਇਹ ਧੋਤੀਆਂ ਵਾਲੇ ਜਨੇਊ ਧਾਰੀ ਲੋਕ ਤਾਂ ਝੂਠ ਨੂੰ ਵੀ ਸੋਨੇ ਵਾਂਗ ਲਿਸ਼ਕਾ ਕੇ ਪੇਸ਼ ਕਰਨ ਦੀ ਮੁਹਾਰਤ ਰੱਖਦੇ ਹਨ। ਕੀ ਹੋਇਆ? ਜੇ ਇਹ ਪੱਥਰ ਦੇ ਭਗਵਾਨਾਂ ਸਾਹਮਣੇ ਬਗਲਿਆਂ ਵਾਂਗ ਸਮਾਧੀ ਲਾ ਕੇ ਦਿਹਾੜੀ ਵਿੱਚ ਤਿੰਨ ਵੇਲੇ ਗਾਇਤ੍ਰੀ ਮੰਤਰ ਦਾ ਜਾਪ ਕਰਦੇ ਹਨ:

ਪੜਿ ਪੁਸਤਕ ਸੰਧਿਆ ਬਾਦੰ।। ਸਿਲ ਪੂਜਸਿ ਬਗੁਲ ਸਮਾਧੰ।।

ਮੁਖਿ ਝੂਠ ਬਿਭੂਖਣ ਸਾਰੰ।। ਤ੍ਰੈਪਾਲ ਤਿਹਾਲ ਬਿਚਾਰੰ।। {ਗੁ. ਗ੍ਰੰ. -ਪੰ. ੪੭੦}

ਨਹੀਂ! ਨਹੀਂ! ਭਗਤ ਬਾਲਮੀਕ ਨਾ ਤਾਂ ਕੋਈ ਕਥਿਤ ਚੂੜ੍ਹਾ, ਚੰਮਾਰ ਤੇ ਸੁਪਚਾਰੋ ਚੰਡਾਲ ਸੀ ਅਤੇ ਨਾ ਹੀ ਉਹ ਕੋਈ ਸੁਪਚਾਰੋ ਬਟਵਾਰਾ ਜਾਂ ਬਟਵਾੜਾ (ਰਾਹ-ਮਾਰ ਲੁੱਟੇਰਾ)। ਸੱਚ ਤਾਂ ਇਹ ਹੈ ਕਿ ਉਹ ਮਾਨਵਤਾ ਦੇ ਹਮਦਰਦ ਗੁਰੂ ਨਾਨਕ ਦੇ ਨਿਵਾਜ਼ੇ ਭਾਈ ਕੌਡੇ (ਰਾਖਸ਼) ਵਾਂਗ ਹੀ ਭੀਲ ਜਾਤੀ ਦਾ ਸੀ। ਨਾਰਦ ਮੁਨੀ ਵਰਗੇ ਆਰੀਅਨ ਲੋਕ ਉਨ੍ਹਾਂ ਨੂੰ ਅਬਾਦੀਆਂ ਵਿੱਚ ਰਹਿਣ ਨਹੀਂ ਸਨ ਦਿੰਦੇ। ਇਸ ਲਈ ਉਹ ਗੁਜ਼ਾਰਾ ਕਰਦੇ ਸਨ ਸ਼ਿਵਾਲਕ ਤੇ ਮੱਧ ਪ੍ਰਦੇਸ਼ ਦੇ ਘਣੇ ਜੰਗਲਾਂ ਵਿੱਚ ਲੁਕ-ਛਿਪ ਕੇ। ਸ਼ਿਵਾਲਕ ਦੇ ਜੰਗਲ ਵਿੱਚ ਹੀ ਕਤਲ ਕੀਤਾ ਸੀ ਅਯੁਧਿਆ-ਪਤੀ ਰਾਜਾ ਰਾਮ ਨੇ ਵਿਚਾਰੇ ਸ਼ੰਬੂਕ ਭਗਤ ਦਾ। ਇਹੀ ਕਾਰਣ ਸੀ ਕਿ ਉਹ ਲੋਕ ਦੁਖੀ ਹੋਏ ਆਰੀਅਨ ਨੂੰ ਲੁੱਟਣ ਮਾਰਨ ਲੱਗ ਪਏ। ਇਸ ਕਰਕੇ ਬ੍ਰਾਹਮਣ ਲੋਕਾਂ ਨੇ ਰਾਖਸ਼, ਬਟਵਾੜੇ ਤੇ ਸੁਆਨਸ਼ਤ੍ਰ ਵਰਗੇ ਨਫ਼ਰਤ ਭਰੇ ਘ੍ਰਿਣਤ ਵਿਸ਼ੇਸ਼ਣਾਂ ਨਾਲ ਬਲਾਉਣਾਂ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਗ਼ਰੀਬਾਂ ਨੂੰ। ਹੋਰ ਕੋਈ ਉਹ ਸ਼ੌਕੀਆ ਡਾਕੂ ਨਹੀਂ ਸਨ ਬਣੇ।

ਡਾਕੂ ਰਤਨਾਕਰ ਸੇ ਵਾਲਮੀਕ ਬਣਨੇ ਕੀ ਮਿਥਿਆ ਕਹਾਣੀ` ਦੇ ਨਾਂ ਹੇਠ ‘ਰਜਤ ਕ੍ਰਿਸ਼ਨਾ ਦਾਸ` ਦੀ ਇੱਕ ਐਨੀਮੇਟਿਡ ਸਟੋਰੀ ‘ਯੂ-ਟਿਊਬ` `ਤੇ ੩੧ ਮਈ ੨੦੧੬ ਤੋਂ ਵੇਖੀ ਤੇ ਸੁਣੀ ਜਾ ਰਹੀ ਹੈ। ਉਸ ਰਾਹੀਂ ਅਜਿਹਾ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਵਾਲਮੀਕ (ਬਾਲਮੀਕ) ਨੂੰ ਡਾਕੂ ਬਣਾਇਆ ਸੀ ਰਾਜਨੀਤਕ ਤੇ ਸਮਾਜਿਕ ਧੱਕੇ ਅਤੇ ਭ੍ਰਿਸ਼ਟਾਚਾਰ ਨੇ, ਵੈਸੇ ਉਹ ਇੱਕ ਇਮਾਨਦਾਰ ਤੇ ਬਹਾਦਰ ਸੈਨਿਕ ਸੀ। ਕਿਉਂਕਿ, ਬਟਵਾੜੇ ਡਾਕੂ ਦੀ ਕਹਾਣੀ ਘੜੀ ਤਾਂ ਸੀ ਭਗਤ ਬਾਲਮੀਕ ਪ੍ਰਤੀ ਨਫ਼ਰਤ ਅਧੀਨ ਉਸ ਨੂੰ ਆਪਣੇ ਮਨੂੰਵਾਦੀ ਨਾਗਵਲ਼ ਵਿੱਚ ਲੈਣ ਲਈ; ਤਾਂ ਕਿ ਬਾਲਮੀਕੀ ਭਾਈਚਾਰੇ ਨੂੰ ਆਪਣੇ ਸੁਆਰਥਾਂ ਲਈ ਵਰਤਿਆ ਜਾ ਸਕੇ। ਪ੍ਰੰਤੂ, ਬਾਲਮੀਕ ਤੇ ਵਾਲਮੀਕ (ਬਾਲਮੀਕ) ਨਾਵਾਂ ਦੀ ਸਮਾਨਤਾ ਕਾਰਨ ਆਪ ਵੀ ਵਿੱਚ ਫਸ ਗਏ। ਹੁਣ ਨਿਲਕਣ ਦਾ ਕੋਈ ਚਾਰਾ ਨਾ ਵੇਖਦਿਆਂ ਉਪਰੋਕਤ ਕਿਸਮ ਦੀਆਂ ਪਰਦਾਪਾਸ਼ ਫ਼ਿਲਮੀ ਕਹਾਣੀਆਂ ਬਣਾ ਕੇ ਪ੍ਰਚਾਰੀਆਂ ਜਾ ਰਹੀਆਂ ਹਨ ਰਾਮਾਇਣ ਕਰਤਾ ਰਿਸ਼ੀ ਬਾਲਮੀਕ ਨੂੰ ਬਚਾਉਣ ਲਈ। ਉਪਰੋਕਤ ਫ਼ਿਲਮੀ ਸਟੋਰੀ ਨੂੰ ਸੁਣਿਆਂ ਸੁਭਾਵਿਕ ਹੀ ਹੇਠ ਲਿਖੇ ਤਿੰਨ ਮਹਤਵ ਪੂਰਨ ਸਿੱਟੇ ਨਿਕਲਦੇ ਹਨ:-

ਪਹਿਲਾ:- ਸ੍ਰੀ ਰਾਮ ਤੇ ਕ੍ਰਿਸ਼ਨ ਵਰਗੇ ਚਲਾਕ ਰਾਜੇ ਲੋੜ ਪੈਣ `ਤੇ ਜੰਗਲੀ ਹਨੂੰਮਾਨ ਤੇ ਸੁਪਚ ਬਾਲਮੀਕ ਵਰਗੇ ਲੋਕਾਂ ਨੂੰ ਵੀ ਸੈਨਿਕਾਂ ਦੇ ਰੂਪ ਵਿੱਚ ਵੀ ਵਰਤ ਲੈਂਦੇ ਰਹੇ ਹੋਣਗੇ। ਕਿਉਂਕਿ, ਅਨਪੜ੍ਹ ਹੋਣ ਕਰਕੇ ਉਹ ਵਿਚਾਰੇ ਸ਼ਿਕਾਰ ਹੋ ਜਾਂਦੇ ਸਨ ਇਨ੍ਹਾਂ ਦੀਆਂ ਚਾਣਕੀਆ ਕੁਟਿਲ ਚਾਲਾਂ ਦੇ। ਦੋਗਲਾਪਨ ਦੇਖੋ ਐਸੇ ਭਗਵਾਨਾਂ ਦਾ! ਇੱਕ ਪਾਸੇ ਤਾਂ ਸ਼੍ਰੀ ਰਾਮ ਮਰਯਾਦਾ ਸਥਾਪਤੀ ਦੇ ਬਹਾਨੇ ਬ੍ਰਾਹਮਣ ਰਿਸ਼ੀਆਂ ਦੀ ਖੁਸ਼ੀ ਲਈ ਕਤਲ ਕਰਦਾ ਹੈ ਸ਼ਿਵਾਲਕ ਦੇ ਜੰਗਲਾਂ ਵਿੱਚ ਲੁਕੇ ਬੈਠੇ ਸ਼ੂਦਰ ਭਗਤ ਸ਼ੰਬੂਕ ਦਾ; ਅਤੇ ਦੂਜੇ ਪਾਸੇ ਹਨੂੰਮਾਨ ਤੇ ਸੁਗਰੀਵ ਵਰਗੇ ਜਾਂਗਲੀ ਲੋਕਾਂ ਨੂੰ ਖੁਸ਼ ਕਰਕੇ ਆਪਣੇ ਹਿੱਤਾਂ ਲਈ ਵਰਤਨ ਵਾਸਤੇ ਉਹੀ ਰਾਮ ਆਪਣੇ ਏਜੰਟ ਰਿਸ਼ੀਆਂ ਪਾਸੋਂ ਪ੍ਰਚਾਰ ਕਰਵਾਉਂਦਾ ਹੈ ਕਿਸੇ ਭੀਲਣੀ ਦੇ ਜੂਠੇ ਬੇਰ ਖਾਣ ਦੀ ਕਹਾਣੀ ਦਾ। ਭਾਵੇਂ ਕਿ ਇਸ ਪਿੱਛੇ ਵੀ ਲੁਕੀ ਹੋਈ ਸੀ ਭਗਵਾਨ ਦੀ ਕੋਈ ਇੰਦ੍ਰਆਵੀ ਵਾਸ਼ਨਾ, ਜੋ ਇੱਕ ਵਖਰਾ ਵਿਸ਼ਾ ਹੈ। ਕਿਉਂਕਿ, ਕਿਸੇ ਤੋਂ ਭੁੱਲਿਆ ਨਹੀਂ ਕਿ ਇੱਕ ਦੂਜੇ ਦੀ ਜੂਠ ਕੌਣ ਖਾ ਸਕਦਾ ਹੈ?

ਹੋਰ ਵੇਖੋ! ਨੀਤੀਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਹਸਤਨਾਪੁਰ (ਦਿੱਲੀ) ਵਿੱਚ ਦੁਰਯੋਧਨ ਦੇ ਰਾਜ ਮਹਿਲਾਂ ਨੂੰ ਛੱਡ ਕੇ ਜਾ ਵੜਦੇ ਹਨ ਦਾਸੀ-ਸੁੱਤ ਬਿਦਰ ਦੇ ਘਰ; ਤਾਂ ਕਿ ਉਸ ਨੂੰ ਸੰਭਾਵੀ ਯੁੱਧ ਵਿੱਚ ਕੌਰਵਾਂ ਦੇ ਵਿਰੁਧ ਭਗਤਾਇਆ ਜਾ ਸਕੇ। ਪਰ, ਦੂਜੇ ਪਾਸੇ ਜੇ ਉਹ ਇਸ ਦੇ ਹੱਥ ਨਾ ਚੜ੍ਹਿਆ ਤੇ ਜਾ ਲੜਿਆ ਮਹਾਂਭਾਰਤ ਦੇ ਜੁੱਧ ਵਿੱਚ ਕੌਰਵਾਂ ਵੱਲੋਂ; ਤਾਂ ਫਿਰ ਉਸ ਨੂੰ ਮਾਰਨ ਵਾਲਾ ਵੀ ਭਗਵਾਨ ਆਪ ਹੀ ਸੀ, ਕੋਈ ਹੋਰ ਦੂਜਾ ਨਹੀਂ। ਇੰਟਰਨੈਟ ਦੇ ਅਜੋਕੇ ਦੌਰ ਵਿੱਚ ਹੁਣ ਅਜਿਹੇ ਸੁਆਲ ਖੜ੍ਹੇ ਹੋਣੇ ਸੁਭਾਵਿਕ ਹਨ ਕਿ ਕਿਥੇ ਗਈ ਵਿਸ਼ਨੂ ਭਗਵਾਨ ਦੀ ਗ਼ਰੀਬ ਨਿਵਾਜ਼ੀ? ਭਗਤ ਸ਼ੰਬੂਕ ਤੇ ਬਿਦਰ ਨੂੰ ਕਤਲ ਕਰਨ ਵੇਲੇ? ਸ਼ਾਇਦ ਇਸੇ ਲਈ ਰਾਮ-ਭਗਤ ਕਾਹਲੇ ਪਏ ਹੋਏ ਹਨ ਕਿ ਇੰਡੀਆ ਵਿੱਚ ਛੇਤੀ ਛੇਤੀ ਤ੍ਰੇਤਾ-ਯੁਗੀ ਰਾਮ ਰਾਜ (ਹਿੰਦੂ ਰਾਸ਼ਟਰ) ਕਾਇਮ ਕਰਕੇ ਉਪਰੋਕਤ ਝੂਠਾਂ ਨੂੰ ਨਸ਼ਰ ਹੋਣੋ ਬਚਾਉਣ ਲਈ। ਕਿਉਂਕਿ, ਮਨੋਕਲਪਤ ਪੌਰਾਣਿਕ ਕਿੱਸੇ ਹੁਣ ਬਹੁਤਾ ਚਿਰ ਚੱਲਣ ਵਾਲੇ ਨਹੀਂ।

ਅਵਤਾਰੀ ਰਾਜਨੀਤਕ ਕਿਰਦਾਰ ਦੇ ਉਪਰੋਕਤ ਝਲਕਾਰੇ ਤਾਂ ਅਜੋਕੇ ‘ਰਾਮ ਰਾਜ` ਵਿੱਚ ਆਮ ਹੀ ਸੁਣੇ ਤੇ ਵੇਖੇ ਜਾ ਸਕਦੇ ਹਨ। ਕਿਉਂਕਿ, ਕਿਧਰੇ ਰਾਜਕੁਮਾਰ ‘ਰਾਹੁਲ` ਵੋਟ-ਨੀਤੀ ਤਹਿਤ ਕਿਸੇ ਗ਼ਰੀਬ ਦੇ ਘਰ ਜਾ ਕੇ ਖਾਣਾ ਖਾਂਦਾ ਤੇ ਰਾਤ ਕੱਟਦਾ ਹੈ। ਇਸ `ਤੇ ਇੱਕ ਮਨੂੰਵਾਦੀ ਵਪਾਰੀ ਯੋਗੀ ਚੁਸਕੀ ਲੈਂਦਾ ਆਖ਼ਦਾ ਹੈ ਕਿ ਉਹ ਰਾਤ ਗੁਜ਼ਾਰਨ ਗਿਆ ਸੀ ਉਥੇ ਜਾਂ ਹਨੀਮੂਨ ਮਨਾਉਣ? ਕਿੱਡਾ ਨਿਰਾਦਰ ਹੈ ਦਲਿਤ ਵਰਗ ਦਾ, ਪਰ ਸੁਆਰਥ ਵਸ ਕੋਈ ਨਹੀਂ ਕੁਸਕਦਾ। ਕਿਧਰੇ ਗੁਜਰਾਤ ਦੀ ਵਪਾਰਕ ਬਿਰਾਦਰੀ ਦਾ ‘ਮੋਦੀ` ਆਪਣੇ ਆਪ ਨੂੰ `ਚਾਹ ਵੇਚਣ ਵਾਲੇ ਦਾ ਪੁੱਤ` ਪ੍ਰਚਾਰ ਕੇ ਗ਼ਰੀਬਾਂ ਲਈ ਮਗਰਮੱਛ ਵਾਲੇ ਹੰਝੂ ਵਹਾਉਂਦਾ ਹੈ। ਭਾਵੇਂ ਕਿ ਦੂਜੇ ਪਾਸੇ ਵਿਚਾਰੇ ਦਲਿਤ ਗ਼ਰੀਬ ਉਸ ਨੂੰ ਕੁੱਤੇ ਬਿੱਲੀਆਂ ਵਰਗੇ ਹੀ ਦਿਸਦੇ ਹਨ। ਇਹੀ ਕਾਰਣ ਹੈ ਕਿ ਕਿਸੇ ਦਲਿਤ ਦੇ ਮਾਰੇ ਜਾਣ ਕਾਰਣ ਪਏ ਵਕਤੀ ਰੌਲੇ ਸਬੰਧੀ ਟਿੱਪਣੀ ਕਰਦਿਆਂ ਮੋਦੀ ਬ੍ਰਗੇਡ ਦਾ ਇੱਕ ਮੰਤਰੀ ਟਿਪਣੀ ਕਰਦਾ ਹੈ ਕਿ ਜੇ ਕੋਈ ਰਸਤੇ ਵਿੱਚ ਜਾਂਦਾ ਇੱਟਾ ਰੋੜਾ ਵੀ ਮਾਰ ਦੇਵੇ ਕਿਸੇ ਕੁੱਤੇ ਨੂੰ, ਤਾਂ ਵਿਰੋਧੀ ਲੋਕ ਉਸ ਨੂੰ ਵੀ ਸਰਕਾਰ ਦੇ ਨਾਂ ਮੜ ਦਿੰਦੇ ਹਨ।

ਦੂਜਾ:- ਮਹਾਂਰਿਸ਼ੀ ‘ਵਾਲਮੀਕ` ਦਾ ਅਸਲੀ ਨਾਂ ਰਤਨਾਕਰ ‘ਪ੍ਰਚੇਤਾ` ਸੀ, ਜੋ ਇੱਕ ਸੰਸਕ੍ਰਿਤਕ ਵਿਸ਼ੇਸ਼ਣ ਹੈ ਅਤੇ ਉਸ ਦਾ ਪਦ ਅਰਥ ਹੈ- ‘ਰਤਨਾ ਦੀ ਖਾਣ` ਅਤੇ ਭਾਵਾਰਥ ਹੈ- ‘ਸਮੁੰਦਰ`। ‘ਵਾਲਮੀਕ` ਤਾਂ ਰਿਸ਼ੀ ਦਾ ਉਹ ਤਖ਼ਲਸ ਅਥਵਾ ਉਪਨਾਮ ਹੈ, ਜਿਹੜਾ ਬ੍ਰਹਮ ਵਿਦਿਆ ਪੜ੍ਹਣ ਤੇ ਅਧਿਆਤਮਕ ਸਾਧਨਾ ਕਰਨ ਉਪਰੰਤ ਉਸ ਨੂੰ ਗੁਰੂ ਨਾਰਦ ਨੇ ਬਖ਼ਸ਼ਿਆ। ‘ਹਿੰਦੂ ਮਿਥਿਹਾਸ ਕੋਸ਼` ਵਿੱਚ ਵੈਦਿਕ ਵਾਕੰਸ਼ ਅਨੁਸਾਰ ਇਸ ਦਾ ਅਰਥ ਹੈ ‘ਵੇਖਿਆ`। ਭਾਵ, ਆਤਮ ਦਰਸ਼ੀ। ਆਪਣੇ ਆਤਮਿਕ ਨਿਜ-ਸਰੂਪ ਨੂੰ ਵੇਖਣ ਵਾਲਾ। ਭਾਈ ਗੁਰਦਾਸ ਜੀ ਵੀ ਬਾਲਮੀਕ (ਵਾਲਮੀਕ) ਦੇ ਅਤਿਅੰਤ ਨਿਮਰਤਾ ਸਹਿਤ ਵਿਦਿਆ ਪੜ੍ਹਣ ਤੇ ਉਸ ਦੇ ਵਿਦਿਆ ਗੁਰੂ ਦੇ ਮਨ ਨੂੰ ਭਾਉਣ ਦੀ ਵਿਸ਼ੇਸ ਚਰਚਾ ਕੀਤੀ ਹੈ। ਜਿਵੇਂ ੨੫ਵੀਂ ਵਾਰ ਦੀ ਨੌਵੀਂ ਪਉੜੀ ਵਿੱਚ ਲਿਖਦੇ ਹਨ "ਪੜ੍ਹਿ ਵਿਦਿਆ ਘਰਿ ਆਇਆ, ਗੁਰਮੁਖਿ ‘ਬਾਲਮੀਕ` ਮਨਿ ਭਾਣਾ।

ਤੀਜਾ:- ‘ਰਤਨਾਕਰ` ਨਾਮ ਕੇਵਲ ਬ੍ਰਾਹਮਣ ਰਾਜਕੁਮਾਰ ਰਿਸ਼ੀ ਵਾਲਮੀਕ ਦਾ ਹੀ ਹੋ ਸਕਦਾ ਹੈ; ਨਾ ਕਿ ਦੁਆਪਰਯੁਗੀ ਦਲਿਤ ਭਗਤ ਬਾਲਮੀਕ ਵਰਗੇ ਚੰਡਾਲ ਮੰਨੇ ਜਾਣ ਵਾਲੇ ਅਨਪੜ੍ਹ ਗ਼ਰੀਬ ਦਾ, ਜਿਨ੍ਹਾਂ ਦਾ ਭਾਈਚਾਰਾ ਮਨੂੰਵਾਦੀ ਧੱਕੇ ਦਾ ਸ਼ਿਕਾਰ ਹੋ ਕੇ ਕੇਵਲ ਗਲੀਆਂ ਦੇ ਕੁੱਤੇ ਮਾਰਨ ਦਾ ਕੰਮ ਕਰਦਾ ਹੋਵੇ। ਸੰਸਕ੍ਰਿਤ ਵਰਗੀ ਦੇਵ-ਭਾਸ਼ਾ ਪੜ੍ਹਣੀ ਤਾਂ ਉਨ੍ਹਾਂ ਲੋਕਾਂ ਲਈ ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ ਸੀ ਬਿਪਰਵਾਦੀ ਦਿਸ਼੍ਰਟੀਕੋਨ ਤੋਂ।

ਚੌਥਾ: ਸਮਾਜਿਕ ਫਿਰਕਾਪ੍ਰਸਤੀ ਤੇ ਰਾਜਨੀਤਕ ਭ੍ਰਿਸ਼ਟਾਚਾਰ ਕਾਰਨ ਦੁਖੀ ਹੋਇਆ ਕੋਈ ਬਾਲਮੀਕ ਭੀਲ ਵਰਗਾ ਗ਼ਰੀਬ ਵਿਅਕਤੀ ਹੀ ਬਗਾਵਤੀ ਬਟਵਾੜਾ ਬਣ ਸਕਦਾ ਹੈ ਨਾਰਦ ਵਰਗੇ ਰਾਜ-ਰਿਖੀ ਲੋਕਾਂ ਵਿਰੁਧ। ਰਿਸ਼ੀ ਬਾਲਮੀਕ ਵਰਗੇ ਪ੍ਰਚੇਤੇ ਰਾਜਕੁਮਾਰ ਨੂੰ ਕੀ ਲੋੜ ਸੀ ਬਟਵਾੜਾ ਬਣਨ ਦੀ? ਜਿਸ ਦਾ ਭਰਾ ਵਿਸ਼ਿਸ਼ਠ ਵੀ ਬੈਠਾ ਹੋਵੇ ਰਾਜ-ਰਿਸ਼ੀ ਬਣ ਕੇ ਅਯੁਧਿਆ ਦੇ ਰਾਜ ਦਰਬਾਰ ਵਿੱਚ। ………ਚਲਦਾ

ਗੁਰੂ ਗ੍ਰੰਥ ਦੇ ਪੰਥ ਦਾ ਇੱਕ ਅਧਨਾ ਪੰਥੀ: ਜਗਤਾਰ ਸਿੰਘ ਜਾਚਕ, ਨਿਊਯਾਰਕ




.