ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
‘ਕਾਜ਼ੀ ਹੋਇ ਰਿਸ਼ਵਤੀਂ-`
ਸਿੱਖ ਦੀ ਜਾਤੀ ਤੌਰ`ਤੇ ਕਿਸੇ ਨਾਲ
ਕੋਈ ਦੁਸ਼ਮਣੀ ਨਹੀਂ ਹੈ। ਸਾਰੀ ਕਾਇਨਾਤ ਰੱਬ ਜੀ ਦੀ ਪੈਦਾ ਕੀਤੀ ਹੋਈ ਹੈ। ਸੰਸਾਰ `ਤੇ ਹਰੇਕ ਮਨੁੱਖ
ਨੂੰ ਆਪਣੇ ਆਪਣੇ ਢੰਗ ਜਾਂ ਧਰਮ ਅਨੁਸਾਰ ਜਿਉਣ ਦਾ ਕੁਦਰਤੀ ਅਧਿਕਾਰ ਹੈ। ਸਰਕਾਰਾਂ ਨੇ ਕਾਨੂੰਨ ਵੀ
ਅਜੇਹੇ ਬਣਾਏ ਹੋਏ ਹਨ ਕੋਈ ਕਿਸੇ ਦੇ ਜੀਵਨ ਜਾਂ ਨਿੱਜੀ ਧਰਮ ਵਿੱਚ ਦਖਲ ਨਹੀਂ ਦੇ ਸਕਦਾ। ਸਾਡਾ ਹੀ
ਇੱਕ ਅਜੇਹਾ ਮੁਲਕ ਹੈ ਜਿੱਥੇ ਰਾਜਨੀਤਿਕ ਲੋਕ ਆਪਣੀਆਂ ਵਜ਼ੀਰੀਆਂ ਪੱਕੀਆਂ ਕਰਨ ਲਈ ਧਰਮ ਦੇ ਨਾਂ `ਤੇ
ਲੋਕਾਂ ਦੇ ਜਜ਼ਬਾਤ ਭੜਕਾ ਭਰਾ ਮਾਰੂ ਜੰਗ ਕਰਾਉਂਦਿਆਂ ਹੋਇਆਂ ਆਪਣੀਆਂ ਰੋਟੀਆਂ ਸੇਕਦੇ ਹਨ। ਭਾਰਤੀ
ਨੇਤਾ ਜਨਾ ਨੇ ਹਮੇਸ਼ਾਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕੀਤੀਆਂ ਹਨ।
ਭਾਰਤ ਦੇ ਅਜ਼ਾਦ ਹੋਣ ਉਪਰੰਤ ਅਜੇਹੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਏਸੇ ਕੜੀ ਦੇ
ਤਹਿਤ ਸਿੱਖਾਂ ਨੂੰ ਚਿੜਾਉਂਦਿਆਂ ਹੋਇਆਂ ੨੦੦੭ ਵਿੱਚ ਸੋਦਾ ਸਾਧ ਨੇ ਸਿੱਖੀ ਦਾ ਮਜ਼ਾਕ ਉਡਾਇਆ। ਕੌਮ
ਦੇ ਹਿਰਦੇ ਵਲੂੰਦਰੇ ਗਏ। ਸਿੱਖ ਜੱਥੇਬੰਦੀਆਂ ਨੇ ਵਿਰੋਧ ਕੀਤਾ, ਅਕਾਲ ਤੱਖਤ ਹਰਕਤ ਆਇਆ ਤੇ ਹੁਕਮ
ਨਾਮਾ ਜਾਰੀ ਕੀਤਾ ਕੇ ਸੌਦਾ ਸਾਦ ਨਾਲ ਕੋਈ ਵੀ ਸਾਂਝ ਨਹੀਂ ਰੱਖਣੀ। ਥਾਂ ਥਾਂ ਆਪਸ ਵਿੱਚ ਲੜਾਈ
ਝਗੜੇ ਹੋਣੇ ਸ਼ੁਰੂ ਹੋਏ ਕੀਮਤੀ ਜਾਨਾਂ ਗਈਆਂ, ਮਾਲ ਅਸਬਾਬ ਦਾ ਨੁਕਸਾਨ ਹੋਇਆ ਤੇ ਅਖੀਰ ਸਰਕਾਰੀ ਦਬਾ
ਅਧੀਨ ਚੁੱਪ ਚਪੀਤੇ ਅਕਾਲ ਤੱਖਤ ਤੋਂ ਮੁਆਫੀ ਦੇ ਦਿੱਤੀ ਗਈ।
ਜਿਸ ਢੰਗ ਨਾਲ ਸੋਦਾ ਸਾਧ ਦੇ ਮੁਆਮਲੇ ਦਾ ਨਿਬੇੜਾ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਹੈ।
ਏਦਾਂ ਜੇ ਫੈਸਲਾ ਕਰਨਾ ਸੀ ਤਾਂ ਇਹ ਅੱਠ ਸਾਲ ਪਹਿਲਾਂ ਹੀ ਕਰਨ ਵਿੱਚ ਕੀ ਹਰਜ ਸੀ। ੨੦੦੭ ਵਿੱਚ
ਅਗਨੀਵੇਸ਼ ਅਤੇ ਡੇਰੇ ਦਾ ਬੁਲਾਰਾ ਅਦਿੱਤਿਆ ਅਰੋੜਾ ਚਾਰ ਵਾਰ ਡੇਰਾ ਮੁੱਖੀ ਦਾ ਸਪੱਸ਼ਟੀ ਕਰਨ ਲੈ ਕੇ
ਆਏ ਸਨ। ਇਹ ਠੀਕ ਹੈ ਸਿੱਖ ਸਿਧਾਂਤ ਅਨੁਸਾਰ ਗੁਰੂਆਂ ਦੀਆਂ ਮੂਰਤੀ ਜਾਂ ਤਸਵੀਰਾਂ ਬਣਾਉਣ ਦੀ ਆਗਿਆ
ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੋ ਕਪੜਿਆਂ ਦਾ ਪਹਿਰਾਵਾ ਸੀ ਉਸ ਨੂੰ ਅੱਜ ਵੀ ਨਿਹੰਗ
ਸਿੰਘਾ ਦੇ ਪਹਿਰਾਵੇ ਤੋਂ ਦੇਖਿਆ ਜਾ ਸਕਦਾ ਹੈ। ਇਸ ਦਾ ਅਰਥ ਹੈ ਏਸੇ ਤਰ੍ਹਾਂ ਦਾ ਪਹਿਰਾਵਾ ਗੁਰੂ
ਸਾਹਿਬ ਜੀ ਪਹਿਨਦੇ ਸਨ। ਸੌਦਾ ਸਾਧ ਡੇਰੇ ਵਾਲਿਆਂ ਨੇ ਆਪਣੀ ਮੋਟੀ ਬੁੱਧੀ ਦਾ ਪਰਗਾਟਵਾ ਕਰਦਿਆਂ
ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਵਰਗਾ ਪਹਿਰਾਵਾ ਪਾ ਕੇ ਅੰਮ੍ਰਿਤ ਵਰਗੀ ਪਵਿੱਤਰ ਦਾਤ ਨੂੰ
ਇਸਾਂ ਜਾਮ ਦਾ ਨਾਂ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨ ਦਾ ਕੋਜਾ ਯਤਨ ਕੀਤਾ ਸੀ।
ਸੌਦਾ ਸਾਧ ਨੇ ਗੁਰਦੇਵ ਪਿਤਾ ਜੀ ਦਾ ਸਵਾਂਗ ਰਚ ਕੇ ਪੰਜਾਬ ਨੂੰ ਲਾਬੂ ਲਗਾਉਣ, ਭਰਾ ਮਾਰੂ ਜੰਗ,
ਦੰਗੇ-ਫਸਾਦ ਵਰਗੇ ਹਾਲਾਤ ਵਰਗੀਆਂ ਦੁਖਦਾਈ ਵਾਪਰੀਆਂ ਘਟਨਾਵਾਂ, ਮੁਕਦਮਾ ੨੬੨ ਧਾਰਾ ੨੯੫ ਏ ੨੯੮
ਅਤੇ ੧੫੩ ਅਧੀਨ ਏ ਜਿਸ ਦੀ ਆਖਰੀ ਬਹਿਸ ੧੦-੧੨-੧੫ ਹੈ। ਭਾਈ ਕਮਲਜੀਤ ਸਿੰਘ, ਭਾਈ ਹਰਮਿੰਦਰ ਸਿੰਘ,
ਬੰਬਈ ਨਿਵਾਸੀ ਭਾਈ ਬਲਕਾਰ ਸਿੰਘ ਦੀ ਸ਼ਹਾਦਤ ਦਰ-ਕਿਨਾਰ ਕਰਕੇ ਸਿੱਖ ਵਿਦਵਾਨਾਂ, ਪੰਥਕ
ਜੱਥੇਬੰਦੀਆਂ, ਸਿੱਖ ਸੰਸਥਾਵਾਂ ਤੇ ਸੰਗਤ ਦੀ ਸਲਾਹ ਲਏ ਬਿਨਾ ਹੀ ਇਹਨਾਂ ਪੰਥ ਦਾ ਮੌਖਟਾ ਪਈ
ਜੱਥੇਦਾਰਾਂ ਨੇ ਜੱਗੋਂ ਤੇਰ੍ਹਵੀਂ ਕਰਦਿਆਂ ਅਖੇ ਦੀਰਗ ਸੋਚ ਵਿਚਾਰ ਕੇ ਅਸੀਂ ਸੌਦਾ ਸਾਧ ਨੂੰ ਮੁਆਫ
ਕਰਦੇ ਹਾਂ। ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਤੁਕਾਂ ਨੂੰ ਇਹਨਾਂ `ਤੇ ਪੂਰੀ ਤਰ੍ਹਾਂ
ਢੁੱਕਦੀਆਂ ਹਨ--
ਕਾਜ਼ੀ ਹੋਇ ਰਿਸ਼ਵਤੀਂ ਵੱਢੀ ਲੈ ਕੇ ਹੱਕ ਗਵਾਈ।।
ਯੋਗ ਥਾਵਾਂ `ਤੇ ਅਯੋਗ ਲੋਕ ਕਾਬਜ਼ ਹੋ ਗਏ ਹਨ। ਤਖਤ ਤੇ ਬੈਠਣ ਦਾ ਉਹ ਹੀ ਹੱਕਦਾਰ ਹੈ
ਜਿਹੜਾ ਤੱਖਤ ਦੇ ਲਾਈਕ ਹੋਵੇ—
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ।।
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ।।
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ।।
ਪੰਨਾ ੧੦੮੮
ਇਹ ਜੱਥੇਦਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਤੱਖਤ ਦੇ ਬੈਠਣ ਦੇ ਹੱਕਦਾਰ ਹੈਣ? ਕੀ ਇਹਨਾਂ ਨੇ
ਸੱਚ ਪਹਿਚਾਨਿਆ ਹੈ? ਜਿੰਨਾਂ ਰਾਜਨੀਤਿਕ ਲੋਕਾਂ ਦੀ ਦੁਬੇਲ ਬਣੇ ਹੋਏ ਹਨ ਉਹ ਤੇ ਕੇਵਲ ਚਾਰ ਦਿਨਾਂ
ਦੇ ਰਾਜ ਕਰਨ ਦੇ ਯੋਗ ਹੋ ਸਕਦੇ ਹਨ ਸਦਾ ਲਈ ਉਹ ਨਹੀਂ ਰਹਿ ਸਕਦੇ। ਸਤਾ ਦੇ ਲਾਲਚ ਵਿੱਚ ਕੌਮ ਦੇ
ਆਗੂਆਂ ਨੇ ਕੌਮ ਨੂੰ ਸੌਦਾ ਸਾਧ ਦੇ ਅੱਗੇ ਵੇਚ ਦਿੱਤਾ ਹੈ। ਸੌਦਾ ਸਾਧ ਨੇ ਕੌਮ ਦੀ ਅਣਖ਼ ਨੂੰ, ਕੌਮ
ਦੇ ਕੌਮੀ ਸਵੈਮਾਣ ਨੂੰ ਤੇ ਕੌਮ ਦੀ ਗੈਰਤ ਨੂੰ ਇੱਕ ਚਣੌਤੀ ਦਿੱਤੀ ਸੀ ਤੇ ਅੱਜ ਤੀਕ ਦੇ ਰਿਹਾ ਹੈ।
ਕਲਗੀਧਰ ਦੀ ਇਹ ਮਹਾਨ ਕੌਮ ਨੂੰ ਇੱਕ ਪਾਖੰਡੀ ਸਾਧ ਜਿਸ ਤੇ ਬਲਾਤਕਾਰ ਤੇ ਕਤਲ ਦੇ ਕੇਸ ਚਲਦੇ ਹੋਣ
ਉਸ ਦੇ ਸਾਹਮਣੇ ਇਹਨਾਂ ਗਦਾਰ ਜੱਥੇਦਾਰਾਂ ਨੇ ਨਿਤਾਣੀ ਤੇ ਨਿਮਾਣੀ ਬਣਾ ਕੇ ਰੱਖ ਦਿੱਤਾ ਹੈ।
ਰਾਜਨੀਤਿਕ ਲੋਕਾਂ ਦੇ ਇਖਲਾਕ ਵਿੱਚ ਐਨੀ ਗਿਰਾਵਟ ਆ ਗਈ ਹੈ ਕਿ ਚੰਦ ਵੋਟਾਂ ਦੀ ਖਾਤਰ ਸਿੱਖ ਸਿਧਾਂਤ
ਵੇਚ ਕੇ ਰੱਖ ਦਿੱਤਾ ਹੈ। ਕਦੇ ਵਡਭਾਗ ਸਿੰਘ ਦਾ ਜਨਮ ਦਿਹਾੜਾ ਇਤਿਹਾਸਕ ਅਸਥਾਨਾਂ ਤੇ ਮਨਾਉਣ ਦੀ
ਆਗਿਆ ਦੇਣੀ ਕਦੇ ਸ੍ਰਿੀ ਚੰਦ ਕੋਲੋਂ ਸੇਧ ਲੈਣੀ ਕਦੇ ਨੀਲ ਧਾਰੀਆਂ, ਨਾਨਕ ਸਰੀਆਂ, ਘੋਨ ਮੋਨ ਹਜ਼ਾਰਾ
ਸਿੰਘ ਦੀ ਬਰਸੀ ਤੇ ਜਾ ਕੇ ਕੌਮ ਦਾ ਬ੍ਰਹਮ ਗਿਆਨੀ ਦੱਸਣਾ ਕੌਮ ਦੇ ਜੱਥੇਦਾਰ ਨੇ ਜੱਥੇਦਾਰ ਦੇ ਨਾਂ
ਨੂੰ ਕਲੰਕ ਲਗਾ ਦਿੱਤਾ ਹੈ।
ਅਣਖ ਦਾ ਅਸਲੀ ਨਸ਼ਾਂ ਪਿਲਾਵਣ ਵਾਲਿਆਂ ਚਿੰਬੜੀਆਂ ਨੇ ਅੱਜ ਤੇਰੀ ਕੌਮ ਨੂੰ ਕਈ ਬਿਮਾਰੀਆਂ।
ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ, ਸੇਵਕਾਂ ਦੀ ਕੋਮ ਮੰਗਦੀ ਅੱਜ ਜੱਥੇਦਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਪਾਤਸ਼ਾਹਾਂ ਦੇ ਪਤਾਤਸਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ
ਸਰਦਾਰੀਆਂ।
ਸਿੱਖ ਕੌਮ ਦੀ ਇਹ ਮਹਾਨਤਾ ਹੈ ਕਿ ਦੁਸ਼ਮਣਾਂ ਨੂੰ ਮੁਆਫ ਕਰਦਾ ਆਇਆ ਹੈ ਸੌਦਾ ਸਾਧ ਨੂੰ ਮੁਆਫੀ ਦੇਣੀ
ਧਰਮ ਦੀ ਕੋਈ ਅਵੱਗਿਆ ਨਹੀਂ ਹੈ ਪਰ ਜਿਸ ਢੰਗ ਨਾਲ ਮੁਆਫੀ ਦਿੱਤੀ ਗਈ ਹੈ ਉਹ ਕਿਸੇ ਨੂੰ ਵੀ ਪ੍ਰਵਾਨ
ਨਹੀਂ ਹੈ। ਨਾਂ ਤਾਂ ਉਸ ਵਲੋਂ ਸਲੀਕੇ ਨਾਲ ਮੁਆਫੀ ਲਈ ਕੋਈ ਬਿਨੇ ਪੱਤਰ ਆਇਆ ਹੈ ਤੇ ਨਾਂ ਹੀ ਉਹ
ਖੁਦ ਅਕਾਲ ਤੱਖਤ ਤੇ ਪੇਸ਼ ਹੋਇਆ ਹੈ। ਨਾ ਹੀ ਉਸ ਦੇ ਡੇਰੇ ਦਾ ਕੋਈ ਲਿਖਤੀ ਪਰਚਾ ਸੀ ਜਿਸ ਤੇ ਉਸ ਨੇ
ਮੁਆਫੀ ਲਈ ਕੋਈ ਬੇਨਤੀ ਕੀਤੀ ਹੋਈ ਹੋਵੇ। ਉਹ ਤੇ ਇੰਜ ਲਗਦਾ ਹੈ ਜਿਵੇਂ ਚਾਹ ਪੀਂਦਿਆਂ ੨ ਕਿਸੇ ਨੇ
ਦੋ ਅੱਖਰ ਲਿਖ ਦਿੱਤੇ ਹੋਣ। ਏਦਾਂ ਦੇ ਪੇਪਰ ਨੂੰ ਪੰਜਾਬੀ ਵਿੱਚ ਗਿੱਦੜ ਪਰਚੀ ਕਹਿੰਦੇ ਹਨ। ਇਸ
ਗਿੱਦੜ ਪਰਚੀ ਨੂੰ ਦੇਖ ਕੇ ਸਾਡੇ ਜੱਥੇਦਾਰ ਕਹਿੰਦੇ ਹਨ ਕਿ ਅਸੀਂ ਬਹੁਤ ਲੰਮੀ ਸੋਚ ਵਿਚਾਰ ਤੋਂ
ਬਾਅਦ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸੌਦਾ ਸਾਧ ਨੂੰ ਮੁਆਫ ਕੀਤਾ ਹੈ। ਅਜੇਹਾ ਫੈਸਲਾ ਪੰਥਕ
ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਜੱਥੇਦਾਰਾਂ ਦੀ ਜੰਗਾਲ਼ੀ ਸੋਚ ਦਾ ਪ੍ਰਗਟਾਵਾ ਹੀ ਹੈ। ਇਹ ਫੈਸਲਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪ੍ਰਵਾਨ ਹੈ ਜਾਂ ਰਾਜਨੀਤਿਕ ਲੋਕਾਂ ਨੂੰ ਪ੍ਰਵਾਨ ਹੈ ਬਾਕੀ ਕਿਸੇ
ਸੰਸਥਾ ਨੂੰ ਪ੍ਰਵਾਨ ਨਹੀਂ ਹੈ। ਸਮੇਂ ਦੀ ਲੋੜ ਹੈ ਕਿ ਅਕਾਲ ਤੱਖਤ ਨੂੰ ਰਾਜਨੀਤਿਕ ਲੋਕਾਂ ਦੇ ਕਬਜ਼ੇ
ਵਿਚੋਂ ਮੁਕਤ ਕਰਾਇਆ ਜਾਏ। ਆਕਲ ਤੱਖਤ ਦੀ ਪ੍ਰਭੂ ਸਤਾ ਦਾ ਅਰਥ ਹੈ ਗੁਰੁ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਦੇ ਅਨੁਸਾਰੀ ਹੋ ਕੇ ਚੱਲਣਾ।