.

ਗੁਰੂ ਨਾਨਕ ਸਾਹਿਬ ਨੇ ਨੀਚਾਂ ਨੂੰ ਊਚ ਕਿਵੇਂ ਕੀਤਾ?

ਅਵਤਾਰ ਸਿੰਘ ਮਿਸ਼ਨਰੀ (5104325827)

ਇੱਕ ਓਅੰਕਾਰ ਦਾ ਉਪਦੇਸ਼ ਦੇ ਕੇ, ਬਾਬੇ ਨਾਨਕ ਨੇ ਮੰਨੂੰ ਵਰਗੇ ਮੁਤਸਬੀ ਬਾਮਣਾਂ ਅਤੇ ਮੁਲਾਣਿਆਂ ਵੱਲੋਂ ਦੁਰਕਾਰੇ, ਆਰਥਿਕ ਪੱਖੋਂ ਕਮਜੋਰ ਲੋਗਾਂ, ਜਿਨ੍ਹਾਂ ਨੂੰ ਇਹ ਨੀਚ ਬਣਾ ਜਲੀਲ ਕਰਦੇ, ਬਰਾਬਰ ਸਤਿਕਾਰਦੇ ਹੋਏ, ਫੁਰਮਾਨ ਜਾਰੀ ਕੀਤਾ-ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼॥(੧੫) ਪਹਿਲ ਕਦਮੀ ਕਰਦੇ ਨੀਚ ਜਾਤ ਮੰਨੇ ਗਏ ਭਾਈ ਮਰਦਾਨਾ ਜੀ ਨੂੰ ਆਪਣਾ ਭਾਈ ਬਣਾ ਨਿਵਾਜਿਆ। ਭਾਈ ਲਾਲੋ ਕਿਰਤੀ ਤਰਖਾਣ ਦੀ ਕੋਧਰੇ ਦੀ ਰੋਟੀ ਅੰਮ੍ਰਿਤ ਕਹਿ ਖਾਣੀ ਅਤੇ ਉੱਚਜਾਤੀ ਮਲਕ ਭਾਗੋ ਦੇ ਮਾਲ ਪੂੜੇ ਪਕਵਾਨ ਭਰੀ ਸਭਾ ਵਿੱਚ ਠੁਕਰਾਉਣੇ ਇਸੇ ਕੜੀ ਦਾ ਹਿੱਸਾ ਹਨ। ਧਾਰਮਿਕ ਕਠੜਵਾਦ ਤੋਂ ਉੱਪਰ ਉੱਠ, ਮੰਦਰਾਂ, ਮਸਜਦਾਂ ਅਤੇ ਜੋਗੀ ਮੱਠਾਂ, ਹਿੰਦੂ ਤੀਰਥਾਂ ਅਤੇ ਮੁਸਲਮਾਨਾਂ ਦੇ ਮੱਕੇ ਆਦਿਕ ਧਰਮ ਅਸਥਾਨਾਂ ‘ਤੇ ਜਾ ਕੇ ਦ੍ਰਿੜਤਾ ਨਾਲ ਕਹਿਣਾ ਹਿੰਦੂ-ਮੁਸਲਮਾਨ ਆਦਿਕ ਵਾਲੇ ਝਗੜੇ ਛੱਡੋ, ਅਸੀਂ ਸਾਰੇ ਇਨਸਾਨ ਹਾਂ। ਗੁਰੂ ਨਾਨਕ ਦੇ ਪੰਜਵੇਂ ਜਾਂਨਸ਼ੀਨ ਗੁਰੂ ਅਰਜਨ ਸਾਹਿਬ ਨੇ ਵੀ ਇਸ ਦੀ ਪ੍ਰੋੜਤਾ ਕਰਦੇ ਫੁਰਮਾਇਆ-ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡੁ ਪਰਾਨ॥ (1136) ਉਪ੍ਰੋਕਤ ਸਭ ਨੂੰ ਸਭ ਥਾਂਵਾਂ ਤੇ ਜਾ ਕੇ ਸਾਂਝਾ ਉਪਦੇਸ਼ ਦਿੱਤਾ ਕਿ-ਏਕੁ ਪਿਤਾ ਏਕਸ ਕੇ ਹਮ ਬਾਰਿਕ॥ (੬੧੧) ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥(੨੬੮) ਸਾਡਾ ਸਭ ਦਾ ਮਾਤਾ ਪਿਤਾ ਇੱਕ ਤੇ ਅਸੀਂ ਸਾਰੇ ਉਸੇ ਦੇ ਪੈਦਾ ਕੀਤੇ ਬੱਚੇ ਬੱਚੀਆਂ ਹਾਂ।

ਆਓ ਅਖੌਤੀ ਜਾਤ-ਪਾਤ ਊਚ ਨੀਚ ਬਾਰੇ ਗੁਰੂ ਬਾਬਾ ਨਾਨਕ ਦੇ ਜਾਂਨਸ਼ੀਨਾਂ ਅਤੇ ਰੱਬੀ ਭਗਤਾਂ ਦੇ ਉਪਦੇਸ਼ ਵੀ ਵੀਚਾਰੀਏ। ਇਸ ਜਾਤਿ-ਪਾਤਿ ਤੇ ਵਰਣ-ਵੰਡ ਦਾ ਭਰਵਾਂ ਖੰਡਣ ਭਾਵੇਂ ਭਗਤ ਰਵਿਦਾਸ ਅਤੇ ਭਗਤ ਕਬੀਰ ਜੀ ਵਰਗੇ ਕ੍ਰਾਂਤੀਕਾਰੀ ਭਗਤਾਂ ਅਤੇ ਸੂਫੀ ਫਕੀਰਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਬੜੀ ਤਨਦੇਹੀ ਨਾਲ ਕਰਦੇ ਹੋਏ ਕਿਹਾ ਕਿ-ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ॥ਏਕੁ ਨੂਰ ਤੇ ਸਭਿ ਜਗ ਉਪਜਿਆ ਕਉਣ ਭਲੇ ਕਉਣ ਮੰਦੇ॥(੧੩੪੯)ਜੌ ਤੂੰ ਬ੍ਰਾਹਮਣ ਭ੍ਰਾਹਮਣੀ ਜਾਇਆ॥ਤਉ ਆਨ ਬਾਟ ਕਾਹੇ ਨਹੀ ਆਇਆ॥ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ(੩੨੪) ਭਾਵ ਜੇ ਤੂੰ ਉਚ ਜਾਤੀ ਸੀ ਅਤੇ ਤੂੰ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਸੀ ਤਾਂ ਜਿਸ ਰਸਤੇ ਔਰਤ ਹੋਰਨਾਂ ਨੂੰ ਜਨਮ ਦਿੰਦੀ ਹੈ ਤੂੰ ਉਸ ਰਸਤੇ ਕਿਊਂ ਪੈਦਾ ਹੋਇਆ? ਤੇਰਾ ਪੈਦਾ ਹੋਣ ਦਾ ਰਸਤਾ ਵੀ ਹੋਰ ਹੋਣਾ ਚਾਹੀਦਾ ਸੀ।ਸਾਡੇ ਵਿੱਚ ਕਿਵੇਂ ਲਹੂ ਤੇ ਤੇਰੇ ਵਿੱਚ ਦੁੱਧ ਹੈ? ਭਾਵ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਅੰਦਰ ਖੂਨ ਲਾਲ ਰੰਗ ਦਾ ਹੀ ਹੈ ਜੋ ਤੇਰੇ ਵਿੱਚ ਤੇ ਸਾਡੇ ਵਿੱਚ ਵੀ ਲਾਲ ਹੈ ਫਿਰ ਤੂੰ ਬਾ੍ਰਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ? ਸਾਡੇ ਵਿੱਚ ਤਾਂ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੀ ਬ੍ਰਾਮਣ ਮੰਨਿਆਂ ਜਾਂਦਾ ਹੈ। ਇਉਂ ਭਗਤਾਂ ਨੇ ਜਾਤਿ-ਪਾਤਿ ਵਿਰੁੱਧ ਪ੍ਰਚਾਰ ਕੀਤਾ ਪਰ ਬੋਲ ਬਾਲਾ ਬਾ੍ਰਹਮਣ ਦਾ ਹੋਣ ਕਰਕੇ ਅਤੇ ਬਾ੍ਰਹਮਣ ਮੁਗਲੀਆ ਹਕੂਮਤ ਦਾ ਝੋਲੀ ਚੁੱਕ ਹੋਣ ਕਰਕੇ ਵਕਤੀਆ ਹਕੂਮਤ ਦੇ ਕੰਨ ਇਨ੍ਹਾਂ ਕ੍ਰਾਂਤੀਕਾਰੀ ਭਗਤਾਂ ਵਿਰੁੱਧ ਭਰੇ ਕਿ ਇਹ ਲੋਕ ਹਕੂਮਤ ਲਈ ਖਤਰਾ ਹਨ ਇਨ੍ਹਾਂ ਦੀ ਬੁਲੰਦ ਅਵਾਜ਼ ਨੂੰ ਇੱਥੇ ਹੀ ਦਬਾ ਦਿੱਤਾ ਜਾਵੇ। ਇਵੇਂ ਹਕੂਮਤ ਕੋਲੋਂ ਸੱਚ ਦੇ ਮੁਤਲਾਸ਼ੀਆਂ ਨੂੰ ਤਸੀਹੇ ਵੀ ਦਵਾਏ। ਇਨ੍ਹਾਂ ਦੇ ਇਤਿਹਾਸ ਵਿੱਚ ਵੀ ਰਲਾ ਪਾ ਦਿੱਤਾ ਗਿਆ ਅਗਰ ਗੁਰੂ ਨਾਨਕ ਸਾਹਿਬ ਇਨ੍ਹਾਂ ਭਗਤਾਂ ਦੀ ਰਚਨਾ ਨਾਂ ਸੰਭਾਲਦੇ ਤਾਂ ਉਹ ਵੀ ਇਨ੍ਹਾਂ ਜਾਤਿ ਅਭਿਮਾਨੀਆਂ ਨੇ ਰੱਦੂ-ਬੱਦੂ ਕਰ ਦੇਣੀ ਸੀ ਜੋ ਬਾਬੇ ਨਾਨਕ ਨੇ ਪੋਥੀ ਸਾਹਿਬ ਵਿੱਚ ਸੰਭਾਲ ਲਈ ਅਤੇ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ।

ਕੀ ਸਾਡੇ ਪ੍ਰਮਾਤਮਾਂ ਵੀ ਵੱਖਰੇ-ਵੱਖਰੇ ਹਨ? ਕੀ ਊਚ-ਨੀਚ, ਜਾਤਾਂ-ਪਾਤਾਂ ਨੂੰ ਮੰਨਣ ਵਾਲੇ ਪ੍ਰਮਾਤਮਾਂ ਦੀ ਜਾਤਿ ਦੱਸ ਸਕਦੇ ਹਨ? ਜੇ ਨਹੀਂ ਤਾਂ ਪ੍ਰਮਾਤਮਾਂ ਦੀ ਪੈਦਾ ਕੀਤੀ ਮਨੁੱਖਾ ਜਾਤਿ (ਇਨਸਾਨੀਅਤ) ਨੂੰ ਵਰਣ-ਵੰਡ ਵਿੱਚ ਵੰਡ ਕੇ ਕਿਉਂ ਮਨੁੱਖਤਾ ਦੀਆਂ ਵੰਡੀਆਂ ਪਾਈ ਜਾ ਰਹੇ ਹਨ? ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ-ਜਾਤਿ ਕਾ ਗਰਬੁ ਨ ਕਰਿ ਮੂਰਖ ਗਾਵਾਰਾ॥ਇਸੁ ਗਰਬ ਤੇ ਚਲਹਿ ਬਹੁਤਿ ਵਿਕਾਰਾ॥(੧੧੨੭) ਹੇ ਮੂਰਖ ਗਵਾਰ ਤੂੰ ਉੱਚੀ ਜਾਤਿ ਦਾ ਹੰਕਾਰ ਕਿਉਂ ਕਰਦਾ ਹੈਂ ਜੋ ਬਹੁਤੇ ਵਿਕਾਰਾਂ ਨੂੰ ਪੈਦਾ ਕਰਦਾ ਹੈ। ਜਾਤੀ ਦੈ ਕਿਆ ਹਥਿ ਸਚਿ ਪਰਖੀਐ॥ਮਹੁਰਾ ਹੋਵੈ ਹਥਿ ਮਰੀਐ ਚਖੀਐ॥(੧੪੨) ਗੁਰੂ ਜੀ ਦੋ ਟੁਕ ਫੈਸਲਾ ਕਰਦੇ ਹਨ ਕਿ ਉੱਚੀ ਜਾਤਿ ਵਾਲੇ ਦੇ ਹੱਥ ਵਿੱਚ ਜੇ ਜ਼ਹਿਰ ਹੈ ਤਾਂ ਚੱਖਣ ਤੇ ਉਹ ਮਰੇਗਾ ਹੀ ਇਹ ਨਹੀ ਕਿ ਉੱਚੀ ਜਾਤਿ ਉਸ ਨੂੰ ਬਚਾ ਲਵੇਗੀ।

ਸਾਰੀ ਮਨੁੱਖਤਾ ਵਿੱਚ ਰੱਬ ਦੀ ਹੀ ਜੋਤਿ ਹੈ ਜੋ ਇਨਸਾਨੀ ਏਕਤਾ ਦਾ ਅਕੱਟ ਸਬੂਤ ਦੇ ਰਹੀ ਹੈ-ਸਭ ਮਹਿ ਜੋਤਿ ਜੋਤਿ ਹੈ ਸੋਇ॥ਤਿਸਦੈ ਚਾਨਣਿ ਸਭਿ ਮਹਿ ਚਾਨਣੁ ਹੋਇ॥(੬੬੩) ਪ੍ਰਭੂ ਨੂੰ ਭੁਲਣ ਵਾਲਾ ਹੀ ਕਮਜਾਤਿ ਹੈ ਅਤੇ ਨਾਮ ਵਿਹੂਣਾ ਹੀ ਨੀਵੀਂ ਜਾਤਿ ਵਾਲਾ ਹੈ-ਖਸਮ ਵਿਸਾਰਹਿ ਤੇ ਕਮਜਾਤਿ॥ਨਾਨਕ ਨਾਵੈ ਬਾਝੁ ਸਨਾਤਿ॥(੩੪੯) ਗੁਰੂ ਰਾਮਦਾਸ ਜੀ ਨੇ ਉਨ੍ਹਾਂ ਭਗਤਾਂ ਦਾ ਜਿਕਰ ਕੀਤਾ ਜਿਨ੍ਹਾਂ ਨੂੰ ਜਾਤਿ ਅਭਿਮਾਨੀ ਬ੍ਰਾਹਮਣ ਆਦਿਕ ਨੀਚ ਜਾਤਿ ਕਹਿ ਕੇ ਦੁਰਕਾਰਦੇ ਅਤੇ ਉਨ੍ਹਾਂ ਦਾ ਪ੍ਰਛਾਵਾਂ ਤੱਕ ਲੈਣਾ ਮਾੜਾ ਸਮਝਦੇ ਸਨ। ਉਹ ਰੱਬ ਦਾ ਨਾਮ ਜਪ ਕੇ ਅਤੇ ਚੰਗੇ ਕਰਮ ਕਰਕੇ ਉੱਚੇ-ਸੁੱਚੇ ਹੋ ਗਏ, ਲੋਕ ਉਨ੍ਹਾਂ ਦੀ ਸੇਵਾ ਅਤੇ ਸੰਗਤਿ ਕਰਨ ਲੱਗ ਪਏ, ਰੱਬ ਨੇ ਉਨ੍ਹਾਂ ਦੀ ਕੋਈ ਨੀਵੀ ਜਾਤਿ ਨਾ ਦੇਖੀ ਸਗੋਂ ਉਨ੍ਹਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਪਿਆਰ ਕੀਤਾ-ਨੀਚ ਜਾਤਿ ਹਰਿ ਜਪਦਿਆ ਉਤਮ ਪਦਵੀ ਪਾਇ॥ਪੁਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥੧॥ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥ਪਤਿਤ ਜਾਤਿ ਉਤਮ ਭਇਆ ਚਾਰਿ ਵਰਨ ਪਏ ਪਗਿ ਆਇ॥੨॥ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥੩॥(੭੩੩) ਸੋ ਭਗਤਾਂ ਤੇ ਗੁਰੂ ਸਾਹਿਬਾਨਾਂ ਜਾਤਿ-ਪਾਤਿ ਤੇ ਵਰਣ-ਵੰਡ ਦੀ ਛੂਆ-ਛਾਤ ਨੂੰ ਉਕਾ ਹੀ ਕਬੂਲ ਨਾ ਕਰਦਿਆਂ ਹੋਇਆਂ ਸਾਂਝੀਆਂ ਸੰਗਤਾਂ ਤੇ ਪੰਗਤਾਂ ਕਾਇਮ ਕੀਤੀਆਂ, ਇੱਕ ਥਾਂ ਰਲ ਕੇ ਇਸ਼ਨਾਨ ਕਰਨ ਲਈ ਸਰੋਵਰ ਬਣਵਾਏ, ਸਰਬਸਾਂਝੇ ਧਰਮ ਅਸਥਾਂਨ ਬਣਾਏ ਤੇ ਕਿਹਾ-ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜਉਿ॥(੯੭)

ਅੱਜ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂ ਜਾਤਿ-ਪਾਤਿ ਦੇ ਜਾਲ ਵਿੱਚ ਫਸ ਕੇ ਬਾਕੀਆਂ ਨੂੰ ਵੀ ਗੁਮਰਾਹ ਕਰ ਰਹੇ ਹਨ ਜਿਵੇਂ ਬੇਦੀ-ਸੋਢੀ ਅਜੀ ਅਸੀਂ ਗੁਰੂ ਨਾਨਕ ਦੀ ਕੁਲ ਵਿੱਚੋਂ ਹਾਂ, ਅਸੀਂ ਸੋਢੀ ਕੁਲ ਦੇ ਹਾਂ, ਅਸੀਂ ਭੱਲੇ ਹਾਂ ਗੁਰੂ ਕੁਲਾਂ ਪੂਜਣਯੋਗ ਹਨ।ਜਿਸ ਗੁਰੂ ਨੇ ਕਿਸੇ ਜਾਤਿ ਕੁਲ ਨੂੰ ਕੋਈ ਮਾਨਤਾ ਹੀ ਨਾ ਦਿੱਤੀ ਹੋਵੇ, ਉਹ ਪੂਜਣਯੋਗ ਕਿਵੇਂ ਹੋ ਗਈ? ਜੋ ਗੁਰੂ ਦੀ ਜਾਤਿ ਉਹ ਹੀ ਗੁਰੂ ਦੇ ਸਿੱਖ ਦੀ ਜਾਤਿ। ਕੀ ਬੇਦੀ ਤੇ ਸੋਢੀ ਹੀ ਗੁਰੂ ਕੁਲ ਵਿੱਚੋਂ ਤੇ ਬਾਕੀ ਗੁਰੂ ਤੋਂ ਵੱਖਰੇ ਹਨ? ਨਹੀਂ ਅਸੀਂ ਸਾਰੇ ਹੀ ਗੁਰੂ ਦੇ ਸਿੱਖ ਹਾਂ ਨਾ ਕਿ ਬੇਦੀਆਂ ਸੋਢੀਆਂ ਦੇ। ਅੱਜ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ ਇਹ ਜੱਟ ਸਿੱਖ, ਇਹ ਮਜ਼ਬੀ ਸਿੱਖ, ਓਹ ਰਵਿਦਾਸੀਆ ਸਿੱਖ, ਇਹ ਛੀਂਬਾ, ਓਹ ਨਾਈ ਸਿੱਖ ਅਤੇ ਇਹ ਰਾਮਗੜੀਏ ਸਿੱਖ, ਅਸੀਂ ਨਾਮਧਾਰੀ  ਸਿੱਖ ਹਾਂ। ਜਿਵੇਂ ਬ੍ਰਾਹਮਣ ਸ਼ੂਦਰਾਂ ਤੋਂ ਨਫਰਤ ਕਰਦਾ ਸੀ ਇਵੇਂ ਹੀ ਅਸੀਂ ਅੱਜ ਇੱਕ ਦੂਜੇ ਤੋਂ ਕਰ ਰਹੇ ਹਾਂ ਇਸਦਾ ਪ੍ਰਤੱਖ ਸਬੂਤ ਅਸੀਂ ਧਰਮ ਅਸਥਾਨ ਵੀ ਵੱਖਰੀਆਂ-ਵੱਖਰੀਆਂ ਜਾਤਾਂ ਬਰਦਰੀਆਂ ਦੇ ਨਾਮ ਤੇ ਬਣਾਏ ਹੋਏ ਹਨ। ਲੜਕੇ ਲੜਕੀ ਦਾ ਰਿਸ਼ਤਾ ਕਰਨ ਵੇਲੇ ਸੌ ਜਾਤਿ ਬਰਾਦਰੀ ਪੁੱਛਦੇ ਹਾਂ ਇਥੋਂ ਤੱਕ ਕਿ ਸਿੱਖੀ ਧਾਰਨ ਕਰਕੇ ਵੀ, ਸਾਡੀ ਜਾਤਿ-ਪਾਤਿ ਵਾਲੀ ਨਫਰਤ ਨਹੀਂ ਜਾਂਦੀ, ਕਿਉਂ?

ਖਾਸ ਕਰਕੇ ਸਿੱਖਾਂ ਵਿੱਚ ਜੱਟ ਬਰਾਦਰੀ ਵਿੱਚ ਜਾਤਿ-ਪਾਤਿ ਸਿਖਰਾਂ ‘ਤੇ ਹੈ। ਪਹਿਲੀ ਤਾਂ ਗੱਲ ਜੱਟ ਕਹੀਆਂ ਜਾਂਦੀਆਂ ਨੀਵੀਆਂ ਜਾਂ ਦਲਿਤ ਜਾਤਾਂ ਵਿੱਚ ਰਿਸ਼ਤੇ-ਨਾਤੇ ਕਰਦੇ ਹੀ ਨਹੀਂ, ਜੇ ਕਿਸੇ ਅਤਿ ਮਜਬੂਰੀ ਕਾਰਨ ਕਰਨਾ ਹੀ ਪੈ ਜਾਵੇ ਤਾਂ ਲੜਕੀ ਦਾ ਕਦੇ ਨਹੀਂ ਕਰਗੇ, ਲੜਕਾ ਭਾਵੇਂ ਬਾਗੀ ਹੋ ਕੇ ਕਰ ਲਵੇ। ਜੱਟਾਂ ਦੇ ਪਿੰਡਾਂ ਵਿੱਚ ਵੀ ਦਲਿਤਾਂ ਭਾਵ ਮੰਨੀਆਂ ਗਈਆਂ ਨੀਵੀਆਂ ਜਾਤਾਂ ਦੀਆਂ ਬਸਤੀਆਂ ਵੱਖਰੀਆਂ ਰੱਖੀਆਂ ਜਾਂਦੀਆਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਕਮੀਨ-ਕਾਂਦੂ ਕਿਹਾ ਜਾਂਦਾ ਹੈ। ਨਿਹੰਗ ਸਿੰਘ ਜੋ ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਆਖਦੇ ਹਨ, ਖੰਡੇ ਦੀ ਪਹੁਲ ਦਲਿਤਾਂ ਨੂੰ ਚੌਥੇ ਪੌੜੀਏ ਕਹਿ, ਅਲੱਗ ਬਾਟੇ ਵਿੱਚ ਦਿੰਦੇ ਨੇ, ਬਾਣਾ ਸਿੰਘਾਂ ਦਾ ਕਰਮ-ਕਰਤੂਤ ਜਾਤਿ ਅਭਿਮਾਨੀ ਬ੍ਰਾਹਮਣਾਂ ਵਾਲੀ। ਉੱਤੋਂ-ਉੱਤੋਂ ਸਾਡੇ ਬਹੁਤੇ ਪ੍ਰਚਾਰਕ ਤੇ ਪ੍ਰਬੰਧਕ ਸਟੇਜਾਂ ‘ਤੇ ਜਰੂਰ-ਏਕੁ ਪਿਤਾ ਏਕਸ ਕੇ ਹਮ ਬਾਰਿਕ॥ (੬੧੧) ਦਾ ਹੋਕਾ ਦਿੰਦੇ ਹਾਨ ਪਰ ਪ੍ਰੈਕਟੀਕਲ ਰੂਪ ਵਿੱਚ ਗੁਰੂ ਦਾ ਹੁਕਮ ਮੰਨ, ਜਾਤਿ-ਪਾਤਿ ਦੇ ਕੋਹੜ ਨੂੰ ਛੱਡਦੇ ਨਹੀਂ। ਹਾਂ ਜੇ ਕਿਤੇ ਕੋਈ ਲੜਕੀ ਲੜਕਾ ਜਾਤਿ ਬਰਾਦਰੀ ਤੋਂ ਉੱਪਰ ਉੱਠ ਕੇ ਗੁਣਾਂ ਅਤੇ ਪ੍ਰੇਮ ਦੇ ਅਧਾਰ ਤੇ ਰਿਸ਼ਤਾ ਕਰ ਵੀ ਲੈਂਦਾ ਹੈ ਤਾਂ ਅਸੀਂ ਮਾਂ-ਬਾਪ ਉਸ ਨੂੰ ਕਬੂਲ ਹੀ ਨਹੀਂ ਕਰਦੇ ਸਗੋਂ ਲੜਕੇ ਲੜਕੀ ਨੂੰ ਕਤਲ ਕਰਨ ਤੱਕ ਚਲੇ ਜਾਂਦੇ ਹਾਂ ਕਿਉਂ? ਪ੍ਰਚੱਲਤ ਕਹਾਵਤ ਅਨੁਸਾਰ "ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਣ ਦੇ ਹੋਰ" ਭਾਵ ਕਹਿੰਦੇ ਕੁਛ ਤੇ ਕਰਦੇ ਕੁਛ ਹੋਰ ਹਾਂ। ਉੱਤੋਂ-ਉੱਤੋਂ ਗੁਰੂ ਨੂੰ ਮੱਥਾ ਵੀ ਟੇਕਦੇ, ਪੂਜਾ-ਪਾਠ ਵੀ ਕਰਦੇ, ਗੁਰੂ ਵਾਲੇ ਅੰਮ੍ਰਿਤਧਾਰੀ ਵੀ ਅਖਵਾਉਂਦੇ ਹਾਂ ਪਰ ਗੱਲ ਬਾਮਣ ਗੁਰੂ ਦੀ ਮੰਨਦੇ ਹਾਂ ਪਰ-ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ॥ ਅਰਝ ਉਰਝ ਕੇ ਪਚਿ ਮੂਆ ਚਾਰੋਂ ਬੇਦੋਂ ਮਾਹਿ॥(੧੩੭੭) ਜਾਤਾਂ ਪਾਤਾਂ ਨੂੰ ਮੰਨਣ ਤੇ ਧਾਰਨ ਵਾਲਿਓ ਦੱਸੋ ਅਸੀਂ ਬਾਮਣ ਦੇ ਸਿੱਖ ਹਾਂ ਜਾਂ ਗੁਰੂ ਦੇ? ਜੋ ਗੁਰੂ ਦਾ ਹੁਕਮ ਹੀ ਨਹੀਂ ਮੰਨਦਾ ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ ਹੈ? ਅੱਜ ਹੁਕਮ ਅਸੀਂ ਗੁਰੂ ਨੁਮਾਂ ਭੇਖੀ ਸਾਧਾਂ-ਸੰਤਾਂ, ਅਖਾਉਤੀ ਜਥੇਦਾਰਾਂ, ਆਪੋ ਆਪਣੀਆਂ ਜਾਤੀ ਪਾਰਟੀਆਂ ਦਾ ਮੰਨਦੇ ਹਾਂ, ਗੁਰੂ ਨੂੰ ਤਾਂ ਐਵੇਂ ਲੋਕ ਦਿਖਾਵੇ ਖਾਤਿਰ ਸੀਸ ਨਿਵਾਉਂਦੇ ਹਾਂ-ਸੀਸ ਨਿਵਾਇਐ ਕਿਆ ਥੀਏ ਜਾਂ ਰਿਦੈ ਕਸੁਧੇ ਜਾਹਿਂ॥(੪੭੦) ਗੁਰੂ ਹੁਕਮ ਨਾਂ ਮੰਨਣਾ ਲੋਕ ਦਿਖਾਵਾ ਨਹੀਂ ਤਾਂ ਹੋਰ ਕੀ ਹੈ? ਇਨ੍ਹਾਂ ਸਤਰਾਂ ਦਾ ਲਿਖਾਰੀ ਇਕੱਲਾ ਲਿਖ ਹੀ ਨਹੀਂ ਰਿਹਾ ਪ੍ਰੈਕਟੀਕਲ ਰੂਪ ਵਿੱਚ ਵੀ ਜਾਤਿ-ਪਾਤਿ ਦੇ ਕੋਹੜ ਨੂੰ ਛੱਡ ਚੁੱਕਾ ਅਤੇ ਕਰਤਾਰ ਪਾਸ ਅਰਦਾਸ ਕਰਦਾ ਹੈ ਕਿ ਉਹ ਜਾਤਿ ਅਭਿਮਾਨੀਆਂ ਨੂੰ ਵੀ ਸੁਮਤਿ ਬਖਸ਼ੇ! ਜੋ ਊਚ-ਨੀਚ ਦੇ ਕੋਹੜ ਨੂੰ ਸਦਾ ਲਈ ਗੁਰੂ ਦਾ ਹੁਕਮ ਮੰਨਦੇ ਹੋਏ ਤਿਆਗ ਦੇਣ।

ਇਉਂ ਬਾਬੇ ਨਾਨਕ, ਉਨ੍ਹਾਂ ਦੇ ਜਾਂਨੀਸ਼ਨਾਂ ਅਤੇ ਰੱਬੀ ਭਗਤਾਂ ਨੇ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇ, ਸਭ ਨੂੰ ਇੱਕ ਪਿਤਾ ਦੇ ਬੱਚੇ-ਬੱਚੀਆਂ ਦਰਸਾਉਂਦੇ ਹੋਏ, ਨੀਚਾਂ ਨੂੰ ਆਪਣਾ ਭਾਈ ਬਣਾ, ਊਚ ਕਰ ਦਿੱਤਾ। ਸਾਰੇ ਇੱਕ ਥਾਂ ਖਾ ਪੀ, ਸੰਗਤ ਵਿੱਚ ਬਾਣੀ ਪੜ੍ਹ ਵਿਚਾਰ ਅਤੇ ਕੰਮ ਕਰ ਸਕਦੇ ਹਨ। ਇਸ ਲਈ ਸੰਗਤ-ਪੰਗਤ-ਲੰਗਰ, ਸਰਬਸ਼ਾਂਝੀਆਂ ਧਰਮਸ਼ਾਲਾਵਾਂ ਅਤੇ ਸਰਾਵਾਂ ਬਣਵਾਈਆਂ, ਸਰੋਵਰ, ਬੌਲੀਆਂ, ਅਤੇ ਖੂਹ ਲਗਵਾਏ ਜਿੱਥੇ ਸਾਰੇ ਨਹਾ ਅਤੇ ਪਾਣੀ ਪੀ ਸਕਦੇ ਸਨ। ਅੱਜ ਗੁਰੂ ਬਾਬੇ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਹੀ ਮੁਬਾਰਕ ਹੈ ਜੇ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਨੂੰ, ਆਪਣੇ ਰੋਜ਼ਾਨਾਂ ਜੀਵਨ ਵਿੱਚ ਧਾਰਨ ਕਰੀਏ ਅਤੇ ਜਾਤ-ਪਾਤ, ਊਚ-ਨੀਚ ਵਾਲੇ ਨਫਰਤੀ ਕੋਹੜ ਨੂੰ ਆਪਣੀ ਮਾਨਸਿਕਤਾ ਤੋਂ ਗੁਰੂ ਗਿਆਨ ਦੇ ਨਸ਼ਤਰ ਨਾਲ ਕੱਟ ਕੇ ਲਾਹ ਸੁੱਟੀਏ।




.